ਇਸ ਮਹੀਨੇ ਧਿਆਨ ਦਿਓ: ‘ਤੂੰ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਲੱਗਾ ਰਹਿ।’—2 ਤਿਮੋ. 4:2.
ਰਾਜ ਦਾ ਸੰਦੇਸ਼ ਫੈਲਾਉਣ ਲਈ ਹਰ ਮੌਕੇ ਦਾ ਫ਼ਾਇਦਾ ਉਠਾਓ!
1. ਅਸੀਂ ਦਾਊਦ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
1 ਰਾਜਾ ਦਾਊਦ ਇਕ ਅਜਿਹਾ ਇਨਸਾਨ ਸੀ ਜਿਸ ਨੇ ਆਪਣੇ ਹਾਲਾਤਾਂ ਅੱਗੇ ਕਦੀ ਹਿੰਮਤ ਨਹੀਂ ਹਾਰੀ। ਮਿਸਾਲ ਲਈ, ਉਹ ਯਹੋਵਾਹ ਲਈ ਇਕ ਭਵਨ ਬਣਾਉਣਾ ਚਾਹੁੰਦਾ ਸੀ। ਜਦ ਉਸ ਨੂੰ ਇਹ ਕੰਮ ਕਰਨ ਤੋਂ ਮਨ੍ਹਾ ਕੀਤਾ ਗਿਆ, ਤਾਂ ਦਾਊਦ ਨੇ ਆਪਣੇ ਟੀਚਿਆਂ ਵਿਚ ਫੇਰ-ਬਦਲ ਕੀਤੀ ਅਤੇ ਉਸ ਨੇ ਮੰਦਰ ਬਣਾਉਣ ਲਈ ਹਰ ਚੀਜ਼ ਦਾ ਇੰਤਜ਼ਾਮ ਕੀਤਾ ਤਾਂਕਿ ਉਸ ਦਾ ਬੇਟਾ ਸੁਲੇਮਾਨ ਇਹ ਕੰਮ ਪੂਰਾ ਕਰ ਸਕੇ। (1 ਰਾਜ. 8:17-19; 1 ਇਤ. 29:3-9) ਉਸ ਨੇ ਆਪਣਾ ਧਿਆਨ ਉਨ੍ਹਾਂ ਗੱਲਾਂ ʼਤੇ ਨਹੀਂ ਲਾਇਆ ਜੋ ਉਹ ਨਹੀਂ ਕਰ ਸਕਦਾ ਸੀ, ਸਗੋਂ ਉਨ੍ਹਾਂ ਗੱਲਾਂ ʼਤੇ ਲਾਈ ਰੱਖਿਆ ਜੋ ਉਹ ਕਰ ਸਕਦਾ ਸੀ। ਅਸੀਂ ਰਾਜ ਦਾ ਸੰਦੇਸ਼ ਫੈਲਾਉਣ ਲਈ ਕਿਨ੍ਹਾਂ ਤਰੀਕਿਆਂ ਨਾਲ ਦਾਊਦ ਦੀ ਮਿਸਾਲ ʼਤੇ ਚੱਲ ਸਕਦੇ ਹਾਂ?
2. ਅਸੀਂ ਆਪਣੀ ਕਿਹੜੀ ਜਾਂਚ ਕਰ ਸਕਦੇ ਹਾਂ?
2 ਆਪਣੀ ਪੂਰੀ ਵਾਹ ਲਾਓ: ਬਹੁਤ ਸਾਰਿਆਂ ਨੇ ਔਗਜ਼ੀਲਰੀ ਅਤੇ ਰੈਗੂਲਰ ਪਾਇਨੀਅਰਿੰਗ ਕਰਨ ਲਈ ਆਪਣੀ ਜ਼ਿੰਦਗੀ ਸਾਦੀ ਬਣਾਈ ਹੈ। (ਮੱਤੀ 6:22) ਕੀ ਤੁਸੀਂ ਇੱਦਾਂ ਕਰ ਸਕਦੇ ਹੋ? ਜੇ ਤੁਸੀਂ ਆਪਣੇ ਹਾਲਾਤਾਂ ਦੀ ਜਾਂਚ ਕਰੋ ਅਤੇ ਪ੍ਰਾਰਥਨਾ ਕਰੋ, ਤਾਂ ਤੁਸੀਂ ਸ਼ਾਇਦ ਦੇਖੋਗੇ ਕਿ ਤੁਹਾਡੇ ਲਈ “ਸੇਵਾ ਕਰਨ ਦਾ ਵੱਡਾ ਮੌਕਾ” ਖੁੱਲ੍ਹਾ ਹੈ!—1 ਕੁਰਿੰ. 16:8, 9.
3. ਜਦੋਂ ਅਸੀਂ ਆਪਣੇ ਹਾਲਾਤਾਂ ਕਰਕੇ ਪਾਇਨੀਅਰਿੰਗ ਨਹੀਂ ਕਰ ਸਕਦੇ, ਤਾਂ ਅਸੀਂ ਗਵਾਹੀ ਦੇਣ ਦੇ ਮੌਕਿਆਂ ਦਾ ਲਾਹਾ ਕਿਵੇਂ ਲੈ ਸਕਦੇ ਹਾਂ?
3 ਉਦੋਂ ਕੀ ਜਦੋਂ ਤੁਹਾਡੇ ਹਾਲਾਤ ਤੁਹਾਨੂੰ ਪਾਇਨੀਅਰਿੰਗ ਕਰਨ ਦੀ ਇਜਾਜ਼ਤ ਨਾ ਦੇਣ? ਤਾਂ ਵੀ ਗਵਾਹੀ ਦੇਣ ਦੇ ਮੌਕਿਆਂ ਦਾ ਫ਼ਾਇਦਾ ਉਠਾਓ। ਮਿਸਾਲ ਲਈ, ਜੇ ਨੌਕਰੀ ਦੀ ਥਾਂ ʼਤੇ ਤੁਹਾਡਾ ਵਾਹ ਲੋਕਾਂ ਨਾਲ ਪੈਂਦਾ ਹੈ, ਤਾਂ ਕਿਉਂ ਨਾ ਸਹੀ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਗਵਾਹੀ ਦਿਓ? ਜੇ ਮਾੜੀ ਸਿਹਤ ਕਾਰਨ ਤੁਸੀਂ ਅਕਸਰ ਹਸਪਤਾਲ ਜਾਂਦੇ ਹੋ, ਤਾਂ ਕੀ ਤੁਸੀਂ ਡਾਕਟਰਾਂ ਜਾਂ ਨਰਸਾਂ ਨੂੰ ਮੌਕਾ ਮਿਲਣ ਤੇ ਗਵਾਹੀ ਦੇ ਸਕਦੇ ਹੋ? ਯਾਦ ਰੱਖੋ ਜਿਹੜੇ ਭੈਣ-ਭਰਾ ਸਿਆਣੀ ਉਮਰ ਜਾਂ ਗੰਭੀਰ ਰੂਪ ਵਿਚ ਬੀਮਾਰ ਹੋਣ ਕਰਕੇ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਕੁਝ ਨਹੀਂ ਕਰ ਸਕਦੇ, ਉਨ੍ਹਾਂ ਨੂੰ ਮਹੀਨੇ ਵਿਚ 15 ਮਿੰਟ ਰਿਪੋਰਟ ਦੇਣ ਦੀ ਇਜਾਜ਼ਤ ਹੈ। ਅਜਿਹੇ ਮੌਕਿਆਂ ਤੇ ਤੁਸੀਂ ਜਿੰਨਾ ਸਮਾਂ ਗਵਾਹੀ ਦਿੰਦੇ ਹੋ, ਉਹ ਸਾਰਾ ਸਮਾਂ ਆਪਣੀ ਪ੍ਰੀਚਿੰਗ ਰਿਪੋਰਟ ਵਿਚ ਲਿਖੋ। ਨਾਲੇ ਤੁਸੀਂ ਜੋ ਵੀ ਮੈਗਜ਼ੀਨ-ਕਿਤਾਬਾਂ, ਟ੍ਰੈਕਟ, ਮੈਮੋਰੀਅਲ ਅਤੇ ਸੰਮੇਲਨ ਦੇ ਸੱਦਾ-ਪੱਤਰ ਦਿੱਤੇ ਸਨ, ਉਹ ਵੀ ਆਪਣੀ ਰਿਪੋਰਟ ਵਿਚ ਲਿਖੋ। ਇੱਦਾਂ ਕਰਨ ਨਾਲ ਤੁਹਾਨੂੰ ਸ਼ਾਇਦ ਹੈਰਾਨੀ ਹੋਵੇਗੀ ਕਿ ਤੁਸੀਂ ਪ੍ਰਚਾਰ ਵਿਚ ਕਿੰਨਾ ਸਮਾਂ ਲਾਇਆ ਹੈ!
4. ਤੁਸੀਂ ਕੀ ਕਰਨ ਦਾ ਠਾਣਿਆ ਹੈ?
4 ਭਾਵੇਂ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਆਓ ਆਪਾਂ ਖ਼ੁਸ਼ ਖ਼ਬਰੀ ਸੁਣਾਉਣ ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦੇਈਏ! ਜੇ ਅਸੀਂ ਇੱਦਾਂ ਕਰਾਂਗੇ, ਤਾਂ ਸਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅਸੀਂ ਰਾਜ ਦੇ ਕੰਮਾਂ ਵਿਚ ਆਪਣੀ ਪੂਰੀ ਵਾਹ ਲਾ ਰਹੇ ਹਾਂ।—ਮਰ. 14:8; ਲੂਕਾ 21:2-4.