ਹਰ ਮੌਕੇ ਤੇ ਗਵਾਹੀ ਦੇ ਕੇ ਯਹੋਵਾਹ ਦੀ ਮਹਿਮਾ ਕਰੋ
1 ਯਹੋਵਾਹ ਦੇ ਵਫ਼ਾਦਾਰ ਸੇਵਕ ਹਰ ਰੋਜ਼ ਉਸ ਦੀ ਮਹਿਮਾ ਕਰਨੀ ਚਾਹੁੰਦੇ ਹਨ। (ਜ਼ਬੂ. 96:2, 3; ਇਬ. 13:15) ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਇਹ ਹੈ ਕਿ ਉਹ ਹਰ ਮੌਕੇ ਤੇ ਗਵਾਹੀ ਦੇਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਯਹੋਵਾਹ ਦੇ ਕਈ ਸੇਵਕ ਇਸ ਕਰਕੇ ਸੱਚਾਈ ਵਿਚ ਹਨ ਕਿਉਂਕਿ ਕਿਸੇ ਨੇ ਉਨ੍ਹਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਦੇ ਮੌਕੇ ਦਾ ਲਾਭ ਉਠਾਇਆ ਸੀ।
2 ਜਦੋਂ ਅਸੀਂ ਕਿਸੇ ਵਿਅਕਤੀ ਨੂੰ ਗਵਾਹੀ ਦਿੰਦੇ ਹਾਂ, ਤਾਂ ਇਸ ਨਾਲ ਅਕਸਰ ਦੂਸਰਿਆਂ ਨੂੰ ਵੀ ਰਾਜ ਦਾ ਸੰਦੇਸ਼ ਸੁਣਨ ਦਾ ਮੌਕਾ ਮਿਲਦਾ ਹੈ। ਮਿਸਾਲ ਲਈ, ਜਦੋਂ ਯਿਸੂ ਨੇ ਯਾਕੂਬ ਦੇ ਖੂਹ ਨੇੜੇ ਇਕ ਸਾਮਰੀ ਤੀਵੀਂ ਨੂੰ ਗਵਾਹੀ ਦਿੱਤੀ, ਤਾਂ ਇਸ ਦੇ ਸਿੱਟੇ ਵਜੋਂ ਹੋਰ ਬਹੁਤ ਸਾਰੇ ਲੋਕਾਂ ਨੇ ਵੀ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਦਿਖਾਈ। (ਯੂਹੰ. 4:6-30, 39-42) ਜਦੋਂ ਪੌਲੁਸ ਅਤੇ ਸੀਲਾਸ ਫ਼ਿਲਿੱਪੈ ਸ਼ਹਿਰ ਦੀ ਜੇਲ੍ਹ ਵਿਚ ਸਨ, ਤਾਂ ਉਨ੍ਹਾਂ ਨੇ ਜੇਲ੍ਹ ਦੇ ਦਰੋਗੇ ਨੂੰ ਗਵਾਹੀ ਦਿੱਤੀ। ਸਿੱਟੇ ਵਜੋਂ ਉਸ ਦਰੋਗੇ ਦੇ ਪੂਰੇ ਪਰਿਵਾਰ ਨੇ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ।—ਰਸੂ. 16:25-34.
3 ਮੌਕੇ: ਤੁਹਾਡੇ ਕੋਲ ਹਰ ਰੋਜ਼ ਦੂਸਰਿਆਂ ਨੂੰ ਗਵਾਹੀ ਦੇਣ ਦੇ ਕਿਹੜੇ ਮੌਕੇ ਹੋ ਸਕਦੇ ਹਨ? ਕਈ ਸ਼ਾਪਿੰਗ ਕਰਦੇ, ਬੱਸਾਂ-ਗੱਡੀਆਂ ਵਿਚ ਸਫ਼ਰ ਕਰਦੇ ਜਾਂ ਡਾਕਟਰ ਦੀ ਕਲੀਨਿਕ ਵਿਚ ਇੰਤਜ਼ਾਰ ਕਰਦੇ ਸਮੇਂ ਦੂਸਰਿਆਂ ਨੂੰ ਗਵਾਹੀ ਦਿੰਦੇ ਹਨ। ਕੁਝ ਭੈਣ-ਭਰਾ ਕੰਮ ਤੇ ਜਾਂ ਸਕੂਲ ਵਿਚ ਅੱਧੀ ਛੁੱਟੀ ਵੇਲੇ ਪ੍ਰਚਾਰ ਕਰਦੇ ਹਨ। ਜਾਂ ਅਸੀਂ ਕੋਈ ਬਾਈਬਲ-ਆਧਾਰਿਤ ਕਿਤਾਬ ਨੂੰ ਅਜਿਹੀ ਥਾਂ ਤੇ ਰੱਖ ਸਕਦੇ ਹਾਂ ਜਿੱਥੇ ਦੂਸਰੇ ਇਸ ਨੂੰ ਦੇਖ ਸਕਣ। ਹੋ ਸਕਦਾ ਹੈ ਕਿ ਦੂਸਰਿਆਂ ਦੀ ਰੁਚੀ ਜਾਗ ਉੱਠੇ ਅਤੇ ਉਹ ਸਾਨੂੰ ਸਾਡੇ ਧਾਰਮਿਕ ਵਿਸ਼ਵਾਸਾਂ ਬਾਰੇ ਸਵਾਲ ਕਰਨ।—1 ਪਤ. 3:15.
4 ਕਿਵੇਂ ਸ਼ੁਰੂ ਕਰੀਏ: ਇਕ ਸੱਤਾਂ ਸਾਲਾਂ ਦੀ ਸ਼ਰਮਾਕਲ ਕੁੜੀ ਨੇ ਸਭਾਵਾਂ ਵਿਚ ਸੁਣਿਆ ਸੀ ਕਿ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ, ਆਪਣੀ ਮਾਂ ਨਾਲ ਸ਼ਾਪਿੰਗ ਜਾਣ ਵੇਲੇ ਉਸ ਨੇ ਆਪਣੇ ਬੈਗ ਵਿਚ ਦੋ ਬਰੋਸ਼ਰ ਰੱਖ ਲਏ। ਜਦੋਂ ਉਸ ਦੀ ਮਾਂ ਦੁਕਾਨਦਾਰ ਨਾਲ ਪੈਸਿਆਂ ਦਾ ਹਿਸਾਬ ਕਰਨ ਵਿਚ ਰੁੱਝੀ ਹੋਈ ਸੀ, ਤਾਂ ਕੁੜੀ ਨੇ ਇਕ ਤੀਵੀਂ ਨੂੰ ਬਰੋਸ਼ਰ ਪੇਸ਼ ਕੀਤਾ। ਤੀਵੀਂ ਨੇ ਇਸ ਨੂੰ ਸਵੀਕਾਰ ਕਰ ਲਿਆ। ਬਾਅਦ ਵਿਚ ਜਦੋਂ ਮਾਂ ਨੇ ਕੁੜੀ ਨੂੰ ਪੁੱਛਿਆ ਕਿ ਉਸ ਨੂੰ ਤੀਵੀਂ ਨਾਲ ਗੱਲ ਕਰਨ ਦੀ ਹਿੰਮਤ ਕਿੱਥੋਂ ਮਿਲੀ, ਤਾਂ ਕੁੜੀ ਨੇ ਜਵਾਬ ਦਿੱਤਾ: “ਮੈਂ ਕਿਹਾ, ਇਕ, ਦੋ, ਤਿੰਨ, ਚੱਲ! ਤੇ ਮੈਂ ਚੱਲ ਪਈ!”
5 ਜੇ ਅਸੀਂ ਵੀ ਹਰ ਮੌਕੇ ਤੇ ਲੋਕਾਂ ਨੂੰ ਗਵਾਹੀ ਦੇਣੀ ਚਾਹੁੰਦੇ ਹਾਂ, ਤਾਂ ਸਾਨੂੰ ਵੀ ਇਸ ਛੋਟੀ ਕੁੜੀ ਵਰਗਾ ਰਵੱਈਆ ਅਪਣਾਉਣਾ ਚਾਹੀਦਾ ਹੈ। ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਦੂਸਰਿਆਂ ਨਾਲ ਗੱਲ ਕਰਨ ਦੀ ਹਿੰਮਤ ਲਈ ਪ੍ਰਾਰਥਨਾ ਕਰੋ। (1 ਥੱਸ. 2:2) ਕਿਸੇ ਦਿਲਚਸਪ ਵਿਸ਼ੇ ਉੱਤੇ ਕੋਈ ਟਿੱਪਣੀ ਜਾਂ ਅਜਿਹਾ ਸਵਾਲ ਚੁਣੋ ਜਿਸ ਨਾਲ ਤੁਸੀਂ ਗੱਲਬਾਤ ਸ਼ੁਰੂ ਕਰ ਸਕੋ। ਫਿਰ ਯਹੋਵਾਹ ਉੱਤੇ ਭਰੋਸਾ ਰੱਖੋ ਕਿ ਉਹ ਤੁਹਾਡੇ ਜਤਨਾਂ ਨੂੰ ਜ਼ਰੂਰ ਸਫ਼ਲ ਕਰੇਗਾ।—ਲੂਕਾ 12:11, 12.
6 ਹਰ ਰੋਜ਼ ਅਸੀਂ ਵੱਖ-ਵੱਖ ਲੋਕਾਂ ਨੂੰ ਮਿਲਦੇ ਹਾਂ। ਉਨ੍ਹਾਂ ਨੂੰ ਗਵਾਹੀ ਦੇਣ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਅਤੇ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ। ਹੋ ਸਕਦਾ ਹੈ ਕਿ ਸਾਡੇ ਗਵਾਹੀ ਦੇਣ ਨਾਲ ਕਿਸੇ ਨੂੰ ਸਦੀਪਕ ਜ਼ਿੰਦਗੀ ਦਾ ਰਾਹ ਲੱਭ ਪਵੇ।