ਜੋਸ਼ ਨਾਲ ‘ਸਾਖੀ ਦਿਓ’
1, 2. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਸੰਬੰਧੀ ਪੌਲੁਸ ਦੀ ਕਿਹੜੀ ਗੱਲ ਤੁਹਾਨੂੰ ਪ੍ਰਭਾਵਿਤ ਕਰਦੀ ਹੈ ਅਤੇ ‘ਸਾਖੀ ਦੇਣ’ ਵਿਚ ਅਸੀਂ ਉਸ ਦੀ ਮਿਸਾਲ ਦੀ ਨਕਲ ਕਿਵੇਂ ਕਰ ਸਕਦੇ ਹਾਂ?
1 ਯਿਸੂ ਅਤੇ ਹੋਰ ਕਈ ਪੁਰਾਣੇ ਵਫ਼ਾਦਾਰ ਸੇਵਕਾਂ ਦੀ ਤਰ੍ਹਾਂ ਪੌਲੁਸ ਰਸੂਲ ਵੀ ਖ਼ੁਸ਼ ਖ਼ਬਰੀ ਦਾ ਜੋਸ਼ੀਲਾ ਪ੍ਰਚਾਰਕ ਸੀ ਤੇ ਹਰ ਹਾਲ ਵਿਚ “ਸਾਖੀ” ਦਿੰਦਾ ਸੀ। ਜਦੋਂ ਉਸ ਨੂੰ ਇਕ ਘਰ ਵਿਚ ਨਜ਼ਰਬੰਦ ਕੀਤਾ ਹੋਇਆ ਸੀ, ਤਾਂ ਉਦੋਂ ਵੀ ਉਹ ‘ਉਨ੍ਹਾਂ ਸਭਨਾਂ ਦਾ ਜੋ ਉਹ ਦੇ ਕੋਲ ਆਉਂਦੇ ਸਨ ਆਦਰ ਭਾਉ ਕਰਦਾ ਸੀ। ਅਰ ਬਿਨਾ ਰੋਕ ਟੋਕ ਅੱਤ ਦਿਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੁ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਸੀ।’—ਰਸੂ. 28:16-31.
2 ਅਸੀਂ ਵੀ ਹਰ ਮੌਕੇ ਤੇ ਜੋਸ਼ ਨਾਲ “ਸਾਖੀ” ਦੇ ਸਕਦੇ ਹਾਂ। ਅਸੀਂ ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਲਈ ਜਾਂਦੇ ਅਤੇ ਵਾਪਸ ਆਉਂਦੇ ਸਮੇਂ ਸਫ਼ਰ ਦੌਰਾਨ ਵੀ ਲੋਕਾਂ ਨੂੰ ਸਾਖੀ ਦੇ ਸਕਦੇ ਹਾਂ।—ਰਸੂ. 28:23; ਜ਼ਬੂ. 145:10-13.
3. ਗ਼ੈਰ-ਰਸਮੀ ਗਵਾਹੀ ਕੀ ਹੈ ਅਤੇ ਇਹ ਕੀ ਨਹੀਂ ਹੈ?
3 ਗ਼ੈਰ-ਰਸਮੀ ਗਵਾਹੀ ਕੀ ਹੈ? ਗ਼ੈਰ-ਰਸਮੀ ਗਵਾਹੀ ਕੋਈ ਅਜਿਹੀ ਗੱਲ ਨਹੀਂ ਹੈ ਜੋ ਅਚਾਨਕ ਜਾਂ ਬਿਨਾਂ ਕੋਈ ਉਦੇਸ਼ ਰੱਖੇ ਦਿੱਤੀ ਜਾਂਦੀ ਹੈ। ਇਹ ਬਿਨਾਂ ਕੋਈ ਯੋਜਨਾ ਬਣਾਏ ਨਹੀਂ ਦਿੱਤੀ ਜਾਂਦੀ ਹੈ ਜਾਂ ਇਸ ਤਰ੍ਹਾਂ ਨਹੀਂ ਹੈ ਕਿ ਇਸ ਦੀ ਕੋਈ ਅਹਿਮੀਅਤ ਨਹੀਂ ਹੈ। ਸਾਡੀ ਸੇਵਕਾਈ ਇਸ ਤਰ੍ਹਾਂ ਦੀ ਨਹੀਂ ਹੈ। ਪੌਲੁਸ ਵਾਂਗ ਸਾਖੀ ਦੇ ਕੇ ਪਰਮੇਸ਼ੁਰ ਦੀ ਮਹਿਮਾ ਕਰਨੀ ਸਾਡੇ ਲਈ ਬੜੀ ਅਹਿਮੀਅਤ ਰੱਖਦੀ ਹੈ। ਇਸ ਸਾਲ ਸਫ਼ਰ ਕਰਦੇ ਸਮੇਂ ਹਰ ਢੁਕਵੇਂ ਮੌਕੇ ਤੇ ਸਾਖੀ ਦੇਣੀ ਸਾਡਾ ਉਦੇਸ਼ ਹੋਣਾ ਚਾਹੀਦਾ ਹੈ। ਪਰ ਜਿਸ ਤਰੀਕੇ ਨਾਲ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ, ਉਸ ਨੂੰ ਉਚਿਤ ਤੌਰ ਤੇ ਗ਼ੈਰ-ਰਸਮੀ ਤਰੀਕਾ ਕਿਹਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਆਰਾਮ ਨਾਲ ਦੋਸਤਾਨਾ ਅਤੇ ਆਸਾਨ ਤਰੀਕੇ ਨਾਲ ਗੱਲ ਕਰਦੇ ਹਾਂ। ਇਸ ਤਰੀਕੇ ਨਾਲ ਗਵਾਹੀ ਦੇਣ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ।
4. ਰੋਮ ਵਿਚ ਰਹਿੰਦਿਆਂ ਕਿਹੜੀ ਗੱਲ ਨੇ ਪੌਲੁਸ ਨੂੰ ਸਾਖੀ ਦੇਣ ਦਾ ਮੌਕਾ ਦਿੱਤਾ?
4 ਸਾਖੀ ਦੇਣ ਲਈ ਤਿਆਰੀ ਕਰੋ: ਰੋਮ ਵਿਚ ਇਕ ਘਰ ਵਿਚ ਨਜ਼ਰਬੰਦੀ ਦੌਰਾਨ ਪੌਲੁਸ ਨੂੰ ਸਾਖੀ ਦੇਣ ਦੇ ਮੌਕੇ ਪੈਦਾ ਕਰਨ ਦੀ ਲੋੜ ਪਈ। ਉਸ ਨੇ ਆਪਣੇ ਘਰ ਉਸ ਸ਼ਹਿਰ ਦੇ ਯਹੂਦੀ ਆਗੂਆਂ ਨੂੰ ਬੁਲਾਉਣ ਵਿਚ ਪਹਿਲ ਕੀਤੀ। (ਰਸੂ. 28:17) ਹਾਲਾਂਕਿ ਰੋਮ ਵਿਚ ਮਸੀਹੀ ਕਲੀਸਿਯਾ ਸੀ, ਪਰ ਪੌਲੁਸ ਨੂੰ ਪਤਾ ਲੱਗਾ ਕਿ ਯਹੂਦੀ ਸਮਾਜ ਦੇ ਲੋਕਾਂ ਨੂੰ ਮਸੀਹੀ ਧਰਮ ਬਾਰੇ ਕੁਝ ਵੀ ਜਾਣਕਾਰੀ ਨਹੀਂ ਸੀ। (ਰਸੂ. 28:22; ਰੋਮੀ. 1:7) ਉਹ ਯਿਸੂ ਅਤੇ ਪਰਮੇਸ਼ੁਰ ਦੇ ਰਾਜ ਬਾਰੇ ‘ਸਾਖੀ ਦੇਣ’ ਤੋਂ ਪਿੱਛੇ ਨਹੀਂ ਹਟਿਆ।
5, 6. ਗ਼ੈਰ-ਰਸਮੀ ਗਵਾਹੀ ਦੇਣ ਦੇ ਸਾਨੂੰ ਕਿਹੜੇ ਮੌਕੇ ਮਿਲ ਸਕਦੇ ਹਨ ਅਤੇ ਅਸਰਦਾਰ ਤਰੀਕੇ ਨਾਲ ਗਵਾਹੀ ਦੇਣ ਲਈ ਅਸੀਂ ਕਿਹੜੀਆਂ ਤਿਆਰੀਆਂ ਕਰ ਸਕਦੇ ਹਾਂ?
5 ਉਨ੍ਹਾਂ ਲੋਕਾਂ ਬਾਰੇ ਪਹਿਲਾਂ ਤੋਂ ਹੀ ਸੋਚੋ ਜਿਹੜੇ ਤੁਹਾਨੂੰ ਸਫ਼ਰ ਦੌਰਾਨ ਮਿਲ ਸਕਦੇ ਹਨ। ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਸ਼ਾਇਦ ਬਹੁਤ ਘੱਟ ਜਾਣਕਾਰੀ ਹੋਵੇ। ਉਹ ਸ਼ਾਇਦ ਇਹ ਵੀ ਨਹੀਂ ਜਾਣਦੇ ਕਿ ਅਸੀਂ ਮੁਫ਼ਤ ਵਿਚ ਬਾਈਬਲ ਅਧਿਐਨ ਕਰਾਉਂਦੇ ਹਾਂ। ਇਸ ਲਈ ਜਦੋਂ ਤੁਸੀਂ ਕਿਸੇ ਥਾਂ ਤੇ ਰੁਕ ਕੇ ਥੋੜ੍ਹਾ ਆਰਾਮ ਕਰਦੇ ਹੋ, ਪਟਰੋਲ ਪੰਪਾਂ ਤੇ ਰੁਕਦੇ ਹੋ, ਖ਼ਰੀਦਾਰੀ ਕਰਦੇ ਅਤੇ ਹੋਟਲਾਂ ਵਿਚ ਠਹਿਰਦੇ ਹੋ, ਰੈਸਤੋਰਾਂ ਵਿਚ ਖਾਂਦੇ ਅਤੇ ਬੱਸਾਂ-ਗੱਡੀਆਂ ਵਿਚ ਸਫ਼ਰ ਕਰਦੇ ਹੋ, ਤਾਂ ਲੋਕਾਂ ਨੂੰ ਸਾਖੀ ਦੇਣ ਦੇ ਮੌਕਿਆਂ ਦੀ ਤਾਕ ਵਿਚ ਰਹੋ। ਪਹਿਲਾਂ ਤੋਂ ਹੀ ਸੋਚੋ ਕਿ ਤੁਸੀਂ ਗੱਲ ਸ਼ੁਰੂ ਕਰਨ ਅਤੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਸਾਖੀ ਦੇਣ ਲਈ ਕੀ ਕਹੋਗੇ। ਸ਼ਾਇਦ ਤੁਸੀਂ ਆਉਣ ਵਾਲੇ ਦਿਨਾਂ ਵਿਚ ਆਪਣੇ ਗੁਆਂਢੀਆਂ, ਰਿਸ਼ਤੇਦਾਰਾਂ, ਨਾਲ ਦੇ ਕੰਮ ਕਰਨ ਵਾਲਿਆਂ ਅਤੇ ਹੋਰ ਜਾਣ-ਪਛਾਣ ਵਾਲਿਆਂ ਨੂੰ ਗ਼ੈਰ-ਰਸਮੀ ਗਵਾਹੀ ਦੇਣ ਦੁਆਰਾ ਇਸ ਦਾ ਅਭਿਆਸ ਕਰ ਸਕਦੇ ਹੋ।
6 ਗ਼ੈਰ-ਰਸਮੀ ਗਵਾਹੀ ਦੇਣ ਲੱਗਿਆਂ ਤੁਹਾਨੂੰ ਪ੍ਰਕਾਸ਼ਨਾਂ ਦੀ ਲੋੜ ਪਵੇਗੀ। ਕਿਹੜੇ ਪ੍ਰਕਾਸ਼ਨ? ਤੁਸੀਂ ਟ੍ਰੈਕਟ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਇਸਤੇਮਾਲ ਕਰ ਸਕਦੇ ਹੋ। ਇਸ ਟ੍ਰੈਕਟ ਦੇ ਪਹਿਲੇ ਪੰਜ ਪੈਰਿਆਂ ਵਿੱਚੋਂ ਖ਼ਾਸ-ਖ਼ਾਸ ਗੱਲਾਂ ਦੱਸੋ ਜਿਨ੍ਹਾਂ ਵਿਚ ਬਾਈਬਲ ਪੜ੍ਹਨ ਦੇ ਵੱਖੋ-ਵੱਖਰੇ ਕਾਰਨ ਦਿੱਤੇ ਗਏ ਹਨ। ਮੁਫ਼ਤ ਬਾਈਬਲ ਅਧਿਐਨ ਬਾਰੇ ਟ੍ਰੈਕਟ ਦੇ ਪਿੱਛੇ ਦਿੱਤਾ ਕੂਪਨ ਦਿਖਾਓ। ਜੇ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਮੰਗ ਬਰੋਸ਼ਰ ਪੇਸ਼ ਕਰੋ। ਹੋਰ ਭਾਸ਼ਾ ਦੇ ਲੋਕਾਂ ਨਾਲ ਗੱਲ ਕਰਨ ਵਾਸਤੇ ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ (Good News for All Nations) ਨਾਮਕ ਪੁਸਤਿਕਾ ਲੈ ਕੇ ਜਾਓ। ਸਫ਼ਾ 2 ਸਮਝਾਉਂਦਾ ਹੈ ਕਿ ਇਸ ਪੁਸਤਿਕਾ ਨੂੰ ਸਾਖੀ ਦੇਣ ਲਈ ਕਿਵੇਂ ਵਰਤਣਾ ਹੈ। ਜੇ ਤੁਸੀਂ ਕਾਰ ਰਾਹੀਂ ਸਫ਼ਰ ਕਰਦੇ ਹੋ, ਤਾਂ ਤੁਸੀਂ ਕੁਝ ਦੂਸਰੇ ਪ੍ਰਕਾਸ਼ਨ ਅਜਿਹੇ ਲੋਕਾਂ ਨੂੰ ਦੇਣ ਲਈ ਲੈ ਜਾ ਸਕਦੇ ਹੋ ਜੋ ਰਾਜ ਦੇ ਸੰਦੇਸ਼ ਵਿਚ ਸੱਚੀ ਦਿਲਚਸਪੀ ਲੈਂਦੇ ਹਨ।
7, 8. ਸਫ਼ਰ ਕਰਦਿਆਂ ਅਤੇ ਸੰਮੇਲਨਾਂ ਦੇ ਪ੍ਰੋਗ੍ਰਾਮ ਤੋਂ ਬਾਅਦ ਸਾਡੇ ਕੱਪੜਿਆਂ ਅਤੇ ਚਾਲ-ਚਲਣ ਬਾਰੇ ਦਿੱਤੀ ਕਿਹੜੀ ਸਲਾਹ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ?
7 ਆਪਣੇ ਹਾਰ-ਸ਼ਿੰਗਾਰ ਤੇ ਚਾਲ-ਚਲਣ ਵੱਲ ਧਿਆਨ ਦਿਓ: ਸਾਨੂੰ ਦੇਖਣਾ ਚਾਹੀਦਾ ਹੈ ਕਿ ਸਾਡਾ ਚਾਲ-ਚਲਣ, ਹਾਰ-ਸ਼ਿੰਗਾਰ ਅਤੇ ਸਾਡੇ ਕੱਪੜੇ ਦੂਜਿਆਂ ਉੱਤੇ ਗ਼ਲਤ ਅਸਰ ਨਾ ਪਾਉਣ ਜਾਂ ਇਸ ਕਾਰਨ ਲੋਕ ਯਹੋਵਾਹ ਦੇ ਸੰਗਠਨ ਨੂੰ ਬੁਰਾ-ਭਲਾ ਨਾ ਕਹਿਣ। (ਰਸੂ. 28:22) ਇਹ ਗੱਲਾਂ ਸਿਰਫ਼ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਵਿਚ ਜਾਣ ਸਮੇਂ ਹੀ ਲਾਗੂ ਨਹੀਂ ਹੁੰਦੀਆਂ, ਸਗੋਂ ਸਫ਼ਰ ਕਰਦਿਆਂ ਅਤੇ ਪ੍ਰੋਗ੍ਰਾਮ ਤੋਂ ਬਾਅਦ ਵੀ ਲਾਗੂ ਹੁੰਦੀਆਂ ਹਨ। ਪਹਿਰਾਬੁਰਜ, 1 ਅਗਸਤ 2002, ਸਫ਼ਾ 18, ਪੈਰਾ 14 ਸਲਾਹ ਦਿੰਦਾ ਹੈ: “ਸਾਡਾ ਪਹਿਰਾਵਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਲੋਕ ਸਾਡੇ ਵੱਲ ਹੀ ਦੇਖਦੇ ਰਹਿਣ ਤੇ ਨਾ ਹੀ ਇਹ ਅਜੀਬ ਜਾਂ ਕਾਮੁਕ ਹੋਣਾ ਚਾਹੀਦਾ ਹੈ। ਸਾਨੂੰ ਆਪਣਾ ਸਰੀਰ ਚੰਗੀ ਤਰ੍ਹਾਂ ਢੱਕਣ ਦੀ ਲੋੜ ਹੈ ਅਤੇ ਨਵੇਂ-ਨਵੇਂ ਫ਼ੈਸ਼ਨਾਂ ਮਗਰ ਭੱਜਣ ਦੀ ਲੋੜ ਨਹੀਂ। ਇਸ ਤੋਂ ਇਲਾਵਾ, ਸਾਡਾ ਪਹਿਰਾਵਾ ਇੱਦਾਂ ਦਾ ਹੋਣਾ ਚਾਹੀਦਾ ਹੈ ਜਿਸ ਤੋਂ ਇਹ ਪਤਾ ਲੱਗੇ ਕਿ ਅਸੀਂ ‘ਪਰਮੇਸ਼ੁਰ ਦੀ ਭਗਤੀ’ ਕਰਦੇ ਹਾਂ। ਕਿੰਨਾ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਬਾਰੇ ਸੋਚੀਏ! ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਸਿਰਫ਼ ਕਲੀਸਿਯਾ ਸਭਾਵਾਂ [ਜਾਂ ਸੰਮੇਲਨ] ਵਿਚ ਹੀ ਢੁਕਵੇਂ ਕੱਪੜੇ ਪਾਉਣੇ ਚਾਹੀਦੇ ਹਨ ਤੇ ਦੂਜੇ ਮੌਕਿਆਂ ਉੱਤੇ ਇਸ ਸਲਾਹ ਨੂੰ ਛਿੱਕੇ ਉੱਤੇ ਟੰਗ ਦੇਣਾ ਚਾਹੀਦਾ ਹੈ। ਸਾਡੇ ਪਹਿਰਾਵੇ ਤੋਂ ਹਮੇਸ਼ਾ ਭਗਤੀ ਵਾਲਾ ਤੇ ਆਦਰਯੋਗ ਰਵੱਈਆ ਝਲਕਣਾ ਚਾਹੀਦਾ ਹੈ ਕਿਉਂਕਿ ਅਸੀਂ ਹਰ ਵੇਲੇ ਮਸੀਹੀ ਹਾਂ।”—1 ਤਿਮੋ. 2:9, 10.
8 ਸਾਨੂੰ ਸੋਹਣਾ ਤੇ ਆਦਰਯੋਗ ਪਹਿਰਾਵਾ ਪਾਉਣਾ ਚਾਹੀਦਾ ਹੈ। ਜੇ ਸਾਡਾ ਚਾਲ-ਚਲਣ ਤੇ ਕੱਪੜੇ ਹਮੇਸ਼ਾ ਦਿਖਾਉਂਦੇ ਹਨ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ, ਤਾਂ ਅਸੀਂ ਕਦੀ ਵੀ ਆਪਣੇ ਪਹਿਰਾਵੇ ਕਾਰਨ ਸ਼ਰਮਿੰਦੇ ਹੋ ਕੇ ਗਵਾਹੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਬੇਢੰਗਾ ਪਹਿਰਾਵਾ ਮਸੀਹੀਆਂ ਲਈ ਢੁਕਵਾਂ ਨਹੀਂ ਹੈ।—1 ਪਤ. 3:15.
9. ਰੋਮ ਵਿਚ ਸਾਖੀ ਦੇਣ ਨਾਲ ਪੌਲੁਸ ਨੂੰ ਕਿਹੜੀ ਸਫ਼ਲਤਾ ਮਿਲੀ?
9 ਗ਼ੈਰ-ਰਸਮੀ ਗਵਾਹੀ ਦੇ ਚੰਗੇ ਨਤੀਜੇ ਨਿਕਲਦੇ ਹਨ: ਰੋਮ ਵਿਚ ਦੋ ਸਾਲਾਂ ਤਕ ਨਜ਼ਰਬੰਦੀ ਦੌਰਾਨ ਪੌਲੁਸ ਦੁਆਰਾ ਸਾਖੀ ਦੇਣ ਦੇ ਚੰਗੇ ਨਤੀਜੇ ਨਿਕਲੇ। ਲੂਕਾ ਨੇ ਦੱਸਿਆ ਕਿ “ਕਈਆਂ ਨੇ ਓਹ ਗੱਲਾਂ ਮੰਨ ਲਈਆਂ।” (ਰਸੂ. 28:24) ਪੌਲੁਸ ਨੇ ਆਪਣੇ ਵੱਲੋਂ ਦਿੱਤੀ “ਸਾਖੀ” ਦੇ ਪਏ ਅਸਰ ਦੀ ਮਹੱਤਤਾ ਬਾਰੇ ਲਿਖਿਆ: “ਮੇਰੇ ਉੱਤੇ ਜੋ ਬੀਤਿਆ ਸੋ ਇੰਜੀਲ ਦੇ ਫੈਲਰ ਜਾਣ ਦਾ ਹੀ ਕਾਰਨ ਹੋਇਆ। ਐਥੋਂ ਤੋੜੀ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਮਿੱਤ ਹਨ। ਅਰ ਬਹੁਤੇ ਜੋ ਪ੍ਰਭੁ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਨਿਧੜਕ ਬਚਨ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।”—ਫ਼ਿਲਿ. 1:12-14.
10. ਪਿਛਲੇ ਸਾਲ ਗਵਾਹੀ ਦੇਣ ਨਾਲ ਇਕ ਪਤੀ-ਪਤਨੀ ਨੂੰ ਕਿਹੜੀ ਸਫ਼ਲਤਾ ਮਿਲੀ?
10 ਪਿਛਲੇ ਸਾਲ ਜ਼ਿਲ੍ਹਾ ਸੰਮੇਲਨ ਦੌਰਾਨ ਇਕ ਦਿਨ ਸ਼ਾਮ ਨੂੰ ਜਦੋਂ ਇਕ ਪਤੀ-ਪਤਨੀ ਤੋਂ ਇਕ ਵੇਟਰੈਸ ਨੇ ਸੰਮੇਲਨ ਦੇ ਬੈਜ ਕਾਰਡਾਂ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਉਸ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦਾ ਆਨੰਦ ਮਾਣਿਆ। ਉਨ੍ਹਾਂ ਨੇ ਉਸ ਨੂੰ ਸੰਮੇਲਨ ਬਾਰੇ ਅਤੇ ਬਾਈਬਲ ਵਿੱਚੋਂ ਮਨੁੱਖਜਾਤੀ ਦੇ ਭਵਿੱਖ ਦੀ ਉਮੀਦ ਬਾਰੇ ਦੱਸਿਆ। ਉਨ੍ਹਾਂ ਨੇ ਉਸ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦਿੱਤਾ ਅਤੇ ਮੁਫ਼ਤ ਬਾਈਬਲ ਅਧਿਐਨ ਦੇ ਪ੍ਰਬੰਧ ਬਾਰੇ ਦੱਸਿਆ। ਵੇਟਰੈਸ ਨੇ ਕਿਹਾ ਕਿ ਕੋਈ ਉਸ ਨੂੰ ਆ ਕੇ ਮਿਲੇ। ਉਸ ਨੇ ਟ੍ਰੈਕਟ ਦੇ ਪਿੱਛੇ ਦਿੱਤੇ ਕੂਪਨ ਵਿਚ ਆਪਣਾ ਨਾਂ ਅਤੇ ਪਤਾ ਲਿਖਿਆ ਅਤੇ ਉਸ ਪਤੀ-ਪਤਨੀ ਨੂੰ ਬਾਈਬਲ ਅਧਿਐਨ ਦਾ ਪ੍ਰਬੰਧ ਕਰਨ ਲਈ ਕਿਹਾ। ਤੁਸੀਂ ਜੋਸ਼ ਨਾਲ “ਸਾਖੀ” ਦੇ ਕੇ ਇਸ ਸਾਲ ਕਿਹੜੀ ਕਾਮਯਾਬੀ ਦਾ ਆਨੰਦ ਮਾਣ ਸਕਦੇ ਹੋ?
11. “ਸਾਖੀ” ਦੇ ਕੇ ਖ਼ੁਸ਼ ਖ਼ਬਰੀ ਫੈਲਾਉਣ ਲਈ ਸਾਨੂੰ ਆਪਣੇ ਵਿਚ ਕਿਹੜੇ ਗੁਣ ਪੈਦਾ ਕਰਨੇ ਚਾਹੀਦੇ ਹਨ?
11 ਖ਼ੁਸ਼ ਖ਼ਬਰੀ ਚੰਗੀ ਤਰ੍ਹਾਂ ਫੈਲਾਓ: ਕਲਪਨਾ ਕਰੋ ਕਿ ਪੌਲੁਸ ਉਦੋਂ ਕਿੰਨਾ ਖ਼ੁਸ਼ ਹੋਇਆ ਹੋਣਾ ਜਦੋਂ ਉਸ ਨੇ ਸੁਣਿਆ ਕਿ ਉਸ ਦੇ ਮਸੀਹੀ ਭਰਾ ਉਸ ਦੇ ਜੋਸ਼ ਦੀ ਰੀਸ ਕਰ ਰਹੇ ਸਨ! ਆਓ ਆਪਾਂ ਆਪਣੇ ਬਾਈਬਲ-ਆਧਾਰਿਤ ਵਿਸ਼ਵਾਸਾਂ ਬਾਰੇ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇ ਕੇ ਖ਼ੁਸ਼ ਖ਼ਬਰੀ ਫੈਲਾਉਣ ਦੀ ਹਰ ਕੋਸ਼ਿਸ਼ ਕਰੀਏ।
[ਸਫ਼ੇ 3 ਉੱਤੇ ਡੱਬੀ]
ਗ਼ੈਰ-ਰਸਮੀ ਗਵਾਹੀ ਦੇਣ ਲਈ ਪ੍ਰਕਾਸ਼ਨ
■ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? (ਟ੍ਰੈਕਟ)
■ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? (ਬਰੋਸ਼ਰ)
■ ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ (ਪੁਸਤਿਕਾ)
■ ਦੂਸਰੇ ਪ੍ਰਕਾਸ਼ਨ
[ਸਫ਼ੇ 4 ਉੱਤੇ ਡੱਬੀ]
ਉਨ੍ਹਾਂ ਨੂੰ ਭੁੱਲ ਨਾ ਜਾਇਓ!
ਕਿਨ੍ਹਾਂ ਨੂੰ? ਉਨ੍ਹਾਂ ਸਾਰਿਆਂ ਨੂੰ ਜਿਹੜੇ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਜਾਂ ਬਾਅਦ ਵਿਚ ਖ਼ਾਸ ਭਾਸ਼ਣ ਸੁਣਨ ਆਏ ਸਨ। ਕੀ ਅਸੀਂ ਉਨ੍ਹਾਂ ਨੂੰ ਇਸ ਸਾਲ ਦੀਆਂ ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਆਉਣ ਦਾ ਸੱਦਾ ਦਿੱਤਾ ਹੈ? ਹੱਲਾਸ਼ੇਰੀ ਮਿਲਣ ਤੇ ਸ਼ਾਇਦ ਉਨ੍ਹਾਂ ਵਿੱਚੋਂ ਕਈ ਸੰਮੇਲਨਾਂ ਵਿਚ ਹਾਜ਼ਰ ਹੋਣ। ਇਨ੍ਹਾਂ ਸੰਮੇਲਨਾਂ ਵਿਚ ਭੈਣ-ਭਰਾਵਾਂ ਤੋਂ ਮਿਲੇ ਹੌਸਲੇ ਅਤੇ ਸਭਾਵਾਂ ਵਿਚ ਉਤਸ਼ਾਹ ਦੇਣ ਵਾਲੀਆਂ ਅਧਿਆਤਮਿਕ ਗੱਲਾਂ ਸੁਣ ਕੇ ਉਹ ਯਹੋਵਾਹ ਅਤੇ ਉਸ ਦੇ ਸੰਗਠਨ ਦੇ ਨੇੜੇ ਜਾਣਗੇ। ਕਿਉਂ ਨਾ ਆਪਾਂ ਉਨ੍ਹਾਂ ਨੂੰ ਸੱਦਾ ਦੇਈਏ ਅਤੇ ਦੇਖੀਏ ਕਿ ਉਹ ਆਉਂਦੇ ਹਨ ਜਾਂ ਨਹੀਂ? ਉਨ੍ਹਾਂ ਨੂੰ ਅਸੈਂਬਲੀਆਂ ਅਤੇ ਸੰਮੇਲਨਾਂ ਦੀ ਤਾਰੀਖ਼, ਇਨ੍ਹਾਂ ਦੇ ਪਤੇ ਅਤੇ ਸਮੇਂ ਬਾਰੇ ਪੂਰੀ ਜਾਣਕਾਰੀ ਦਿਓ ਅਤੇ ਫਰਵਰੀ 2003 ਦੀ ਸਾਡੀ ਰਾਜ ਸੇਵਕਾਈ ਵਿਚ ਅਤੇ 8 ਜੂਨ 2003 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਪਿਛਲੇ ਸਫ਼ੇ ਉੱਤੇ ਦਿੱਤੇ ਪ੍ਰੋਗ੍ਰਾਮਾਂ ਬਾਰੇ ਵੀ ਦੱਸੋ।