‘ਚੰਗੀ ਤਰ੍ਹਾਂ ਗਵਾਹੀ ਦਿਓ’
1. ਪੌਲੁਸ ਰਸੂਲ ਨੇ ਪ੍ਰਚਾਰ ਦੀ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ?
1 “ਸੇਵਾ ਦਾ ਆਪਣਾ ਕੰਮ ਪੂਰਾ ਕਰ।” (2 ਤਿਮੋ. 4:5) ਪੌਲੁਸ ਰਸੂਲ ਬੇਝਿਜਕ ਹੋ ਕੇ ਤਿਮੋਥਿਉਸ ਨੂੰ ਇਹ ਸਲਾਹ ਦੇ ਸਕਦਾ ਸੀ। ਪੌਲੁਸ ਨੇ 47 ਅਤੇ 56 ਈਸਵੀ ਦੇ ਵਿਚਕਾਰਲੇ ਸਮੇਂ ਵਿਚ ਤਿੰਨ ਮਿਸ਼ਨਰੀ ਦੌਰੇ ਕੀਤੇ ਸਨ। ਰਸੂਲਾਂ ਦੇ ਕੰਮ ਦੀ ਕਿਤਾਬ ਵਾਰ-ਵਾਰ ਜ਼ਿਕਰ ਕਰਦੀ ਹੈ ਕਿ ਪੌਲੁਸ “ਚੰਗੀ ਤਰ੍ਹਾਂ ਗਵਾਹੀ” ਦਿੰਦਾ ਰਿਹਾ। (ਰਸੂ. 23:11; 28:23) ਅਸੀਂ ਆਪਣੇ ਜ਼ਮਾਨੇ ਵਿਚ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?
2. ਘਰ-ਘਰ ਪ੍ਰਚਾਰ ਕਰਦਿਆਂ ਅਸੀਂ ਚੰਗੀ ਤਰ੍ਹਾਂ ਗਵਾਹੀ ਕਿਵੇਂ ਦੇ ਸਕਦੇ ਹਾਂ?
2 ਘਰ-ਘਰ: ਜਿਨ੍ਹਾਂ ਘਰ-ਮਾਲਕਾਂ ਨੇ ਕਦੇ ਖ਼ੁਸ਼-ਖ਼ਬਰੀ ਨਹੀਂ ਸੁਣੀ, ਉਨ੍ਹਾਂ ਨੂੰ ਮਿਲਣ ਲਈ ਸ਼ਾਇਦ ਸਾਨੂੰ ਦਿਨ ਦੌਰਾਨ ਕਿਸੇ ਹੋਰ ਸਮੇਂ ਜਾਣਾ ਪਵੇ। ਘਰ ਦਾ ਮੁਖੀ ਸ਼ਾਇਦ ਸ਼ਾਮ ਨੂੰ ਜਾਂ ਸ਼ਨੀਵਾਰ-ਐਤਵਾਰ ਨੂੰ ਹੀ ਘਰ ਹੋਵੇ। ਅਸੀਂ ਆਪਣੇ ਇਲਾਕੇ ਦੀਆਂ ਉਨ੍ਹਾਂ ਥਾਵਾਂ ʼਤੇ ਨਵੇਂ ਲੋਕਾਂ ਦੀ ਭਾਲ ਕਰ ਸਕਦੇ ਹਾਂ ਜਿੱਥੇ ਅਕਸਰ ਪ੍ਰਚਾਰ ਨਹੀਂ ਕੀਤਾ ਜਾਂਦਾ। ਸਾਨੂੰ ਹਰ ਘਰ ਵਿਚ ਕਿਸੇ-ਨਾ-ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਘਰਾਂ ਵਿਚ ਵਾਰ-ਵਾਰ ਜਾਣਾ ਚਾਹੀਦਾ ਹੈ ਜਿੱਥੇ ਪਹਿਲਾਂ ਕੋਈ ਮਿਲਿਆ ਨਹੀਂ। ਪਰ ਉਦੋਂ ਕੀ ਜੇ ਕੋਸ਼ਿਸ਼ ਕਰਨ ਤੇ ਵੀ ਤੁਹਾਨੂੰ ਕੋਈ ਘਰ ਨਾ ਮਿਲੇ? ਸ਼ਾਇਦ ਚਿੱਠੀ ਲਿਖ ਕੇ ਜਾਂ ਟੈਲੀਫ਼ੋਨ ਕਰਨ ਨਾਲ ਚੰਗੇ ਨਤੀਜੇ ਨਿਕਲ ਸਕਦੇ ਹਨ।
3. ਖੁੱਲ੍ਹੇ-ਆਮ ਅਤੇ ਮੌਕਾ ਮਿਲਣ ਤੇ ਗਵਾਹੀ ਦੇਣ ਦੇ ਤੁਹਾਡੇ ਕੋਲ ਕਿਹੜੇ ਮੌਕੇ ਹਨ?
3 ਖੁੱਲ੍ਹੇ-ਆਮ ਤੇ ਮੌਕਾ ਮਿਲਣ ਤੇ: ਯਹੋਵਾਹ ਦੇ ਸੇਵਕ ਅੱਜ ਸਾਰੇ ਸੁਣਨ ਵਾਲਿਆਂ ਨੂੰ ਸੱਚੀ “ਬੁੱਧ” ਤੋਂ ਜਾਣੂ ਕਰਾਉਂਦੇ ਹਨ। ਇਸ ਤਰ੍ਹਾਂ ਉਹ ਕਦੇ-ਕਦੇ “ਗਲੀਆਂ” ਜਾਂ “ਚੌਂਕਾਂ ਵਿਚ” ਕਰਦੇ ਹਨ। (ਕਹਾ. 1:20, 21) ਜਦ ਅਸੀਂ ਆਪਣੇ ਰੋਜ਼ਮੱਰਾ ਦੇ ਕੰਮ ਕਰਦੇ ਹਾਂ, ਤਾਂ ਕੀ ਅਸੀਂ ਗਵਾਹੀ ਦੇਣ ਬਾਰੇ ਸੋਚਦੇ ਹਾਂ? ਕੀ ਕਿਹਾ ਜਾ ਸਕਦਾ ਹੈ ਕਿ ਅਸੀਂ ‘ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ ਵਿਚ ਰੁੱਝੇ’ ਹੋਏ ਹਾਂ? (ਰਸੂ. 18:5) ਜੇ ਹਾਂ, ਤਾਂ ਅਸੀਂ ‘ਚੰਗੀ ਤਰ੍ਹਾਂ ਗਵਾਹੀ ਦੇਣ’ ਦੇ ਆਪਣੇ ਫ਼ਰਜ਼ ਨੂੰ ਪੂਰਾ ਕਰ ਰਹੇ ਹਾਂ।—ਰਸੂ. 10:42; 17:17; 20:20, 21, 24.
4. ਪੂਰੀ ਤਰ੍ਹਾਂ ਗਵਾਹੀ ਦੇਣ ਵਿਚ ਪ੍ਰਾਰਥਨਾ ਅਤੇ ਸੋਚ-ਵਿਚਾਰ ਕੀ ਯੋਗਦਾਨ ਪਾਉਂਦੇ ਹਨ?
4 ਪਰ ਕਦੇ-ਕਦੇ ਆਪਣੀਆਂ ਕਮੀਆਂ ਜਾਂ ਸ਼ਰਮੀਲੇ ਹੋਣ ਕਰਕੇ ਅਸੀਂ ਸ਼ਾਇਦ ਗਵਾਹੀ ਨਾ ਦੇਈਏ। ਯਹੋਵਾਹ ਸਾਡੀਆਂ ਇਨ੍ਹਾਂ ਕਮਜ਼ੋਰੀਆਂ ਨੂੰ ਜਾਣਦਾ ਹੈ। (ਜ਼ਬੂ. 103:14) ਪਰ ਜਦੋਂ ਅਜਿਹੇ ਮੌਕੇ ਆਉਂਦੇ ਹਨ, ਤਾਂ ਅਸੀਂ ਬੋਲਣ ਲਈ ਹਿੰਮਤ ਵਾਸਤੇ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ। (ਰਸੂ. 4:29, 31) ਨਾਲੇ ਜਦੋਂ ਅਸੀਂ ਨਿੱਜੀ ਅਧਿਐਨ ਤੇ ਪਰਮੇਸ਼ੁਰ ਦੇ ਬਚਨ ਉੱਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਅਨਮੋਲ ਖ਼ੁਸ਼ ਖ਼ਬਰੀ ਲਈ ਆਪਣੀ ਕਦਰ ਗਹਿਰੀ ਕਰਨ ਵੱਲ ਧਿਆਨ ਦੇ ਸਕਦੇ ਹਾਂ। (ਫ਼ਿਲਿ. 3:8) ਇਹ ਕਦਰ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਜੋਸ਼ ਨਾਲ ਕਰਨ ਲਈ ਪ੍ਰੇਰੇਗੀ।
5. ਯੋਏਲ ਦੀ ਭਵਿੱਖਬਾਣੀ ਪੂਰੀ ਕਰਨ ਵਿਚ ਅਸੀਂ ਕਿਵੇਂ ਹਿੱਸਾ ਲੈ ਸਕਦੇ ਹਾਂ?
5 ਯੋਏਲ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦਾ ਵੱਡਾ ਤੇ ਭਿਆਨਕ ਦਿਨ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਲੋਕ ਰੁਕਣਗੇ ਨਹੀਂ ਅਤੇ ਕਿਸੇ ਵੀ ਗੱਲ ਕਾਰਨ ਪ੍ਰਚਾਰ ਕਰਨ ਤੋਂ ਨਹੀਂ ਹਟਣਗੇ। (ਯੋਏ. 2:2, 7-9) ਆਓ ਆਪਾਂ ਪੂਰੀ ਤਰ੍ਹਾਂ ਗਵਾਹੀ ਦੇਣ ਦੇ ਕੰਮ ਵਿਚ ਲੱਗੇ ਰਹੀਏ ਜੋ ਫਿਰ ਕਦੇ ਨਹੀਂ ਕੀਤਾ ਜਾਵੇਗਾ!