ਰੀਟਾਇਰਮੈਂਟ—ਜ਼ਿਆਦਾ ਪ੍ਰਚਾਰ ਕਰਨ ਦਾ ਸੁਨਹਿਰਾ ਮੌਕਾ?
1 ਬਹੁਤ ਸਾਰੇ ਮਿਹਨਤੀ ਲੋਕ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਜਦੋਂ ਉਹ ਨੌਕਰੀ ਤੋਂ ਰੀਟਾਇਰ ਹੋ ਕੇ ਇਸ ਦੇ ਝੰਜਟਾਂ ਅਤੇ ਦਬਾਵਾਂ ਤੋਂ ਛੁੱਟ ਜਾਣਗੇ। ਪਰ ਰੀਟਾਇਰ ਹੋਣ ਤੇ ਕਈ ਲੋਕ ਅਕਸਰ ਨਿਰਾਸ਼ ਅਤੇ ਬੋਰ ਹੋ ਜਾਂਦੇ ਹਨ ਅਤੇ ਬੁਢਾਪਾ ਉਨ੍ਹਾਂ ਨੂੰ ਜਲਦੀ ਆ ਘੇਰਦਾ ਹੈ। ਜੇ ਅਜਿਹਾ ਵਿਅਕਤੀ ਕਿਸੇ ਕੰਮ ਵਿਚ ਰੁੱਝ ਨਹੀਂ ਜਾਂਦਾ, ਤਾਂ ਉਹ ਬਸ ਆਪਣੀਆਂ ਚਿੰਤਾਵਾਂ ਵਿਚ ਹੀ ਡੁੱਬਿਆ ਰਹਿੰਦਾ ਹੈ। ਬ੍ਰਾਜ਼ੀਲ ਦੀ ਇਕ ਅਖ਼ਬਾਰ ਨੇ ਦੱਸਿਆ ਕਿ ਰੀਟਾਇਰ ਹੋ ਚੁੱਕੇ ਸਰਕਾਰੀ ਕਰਮਚਾਰੀ ਸ਼ਿਕਾਇਤ ਕਰਦੇ ਹਨ ਕਿ ‘ਉਹ ਖ਼ੁਸ਼ ਨਹੀਂ ਰਹਿੰਦੇ, ਚਿੜਚਿੜੇ ਹੋ ਜਾਂਦੇ ਹਨ, ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ। ਇੰਨਾ ਹੀ ਨਹੀਂ ਉਹ ਮਾਯੂਸ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਦੁਨੀਆਂ ਉੱਜੜ ਚੁੱਕੀ ਹੈ।’
2 ਪਰ ਇਸ ਦੇ ਉਲਟ, ਬਹੁਤ ਸਾਰੇ ਮਸੀਹੀ ਆਪਣੀ ਜ਼ਿੰਦਗੀ ਦੇ ਇਸ ਨਵੇਂ ਅਧਿਆਇ ਨੂੰ ਅਧਿਆਤਮਿਕ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੁਨਹਿਰਾ ਮੌਕਾ ਸਮਝਦੇ ਹਨ। ਪੈਂਹਠ ਸਾਲਾਂ ਦਾ ਹੋਣ ਤੋਂ ਦੋ ਹਫ਼ਤਿਆਂ ਬਾਅਦ ਪਾਇਨੀਅਰੀ ਸ਼ੁਰੂ ਕਰਨ ਵਾਲੇ ਇਕ ਭਰਾ ਨੇ ਕਿਹਾ: “ਪਿਛਲੇ ਦਸ ਸਾਲਾਂ ਦੌਰਾਨ ਪਾਇਨੀਅਰੀ ਕਰਨ ਕਰਕੇ ਮੈਨੂੰ ਜਿੰਨੀਆਂ ਅਸੀਸਾਂ ਮਿਲੀਆਂ ਹਨ, ਉੱਨੀਆਂ ਅਸੀਸਾਂ ਮੈਨੂੰ ਆਪਣੀ ਜ਼ਿੰਦਗੀ ਵਿਚ ਪਹਿਲਾਂ ਕਦੀ ਨਹੀਂ ਮਿਲੀਆਂ।” ਇਕ ਪਤੀ-ਪਤਨੀ ਨੇ ਲਿਖਿਆ: “ਸਾਡੀ ਜ਼ਿੰਦਗੀ ਦੇ ਅਸਲੀ ਸੁਨਹਿਰੇ ਸਾਲ ਉਦੋਂ ਸ਼ੁਰੂ ਹੋਏ ਜਦੋਂ ਅਸੀਂ ਪਾਇਨੀਅਰੀ ਕਰਨੀ ਸ਼ੁਰੂ ਕੀਤੀ।” ਜੀ ਹਾਂ, ਰੀਟਾਇਰ ਹੋਣ ਨਾਲ ਬਹੁਤ ਸਾਰੇ ਭੈਣ-ਭਰਾਵਾਂ ਨੂੰ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੇ ਸੁਨਹਿਰੇ ਮੌਕੇ ਮਿਲਦੇ ਹਨ ਤੇ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ।
3 ਮਿਹਨਤ ਕਰਨ ਵਿਚ ਰੁੱਝੇ ਰਹੋ: ਰੀਟਾਇਰ ਹੋ ਚੁੱਕੇ ਬਹੁਤ ਸਾਰੇ ਲੋਕਾਂ ਦੇ ਜ਼ਮਾਨੇ ਵਿਚ ਅੱਜ ਵਾਂਗ ਜ਼ਿਆਦਾ ਸਹੂਲਤਾਂ ਨਹੀਂ ਸਨ ਜਿਸ ਕਰਕੇ ਬਚਪਨ ਤੋਂ ਹੀ ਉਨ੍ਹਾਂ ਨੇ ਸਖ਼ਤ ਮਿਹਨਤ ਕਰਨੀ ਸਿੱਖੀ ਹੈ। ਹਾਲਾਂਕਿ ਉਨ੍ਹਾਂ ਵਿਚ ਨੌਜਵਾਨਾਂ ਜਿੰਨੀ ਤਾਕਤ ਨਹੀਂ ਹੈ, ਫਿਰ ਵੀ ਉਹ ਸਖ਼ਤ ਮਿਹਨਤ ਕਰਨ ਵਿਚ ਹਾਰ ਨਹੀਂ ਮੰਨਦੇ। ਇਕ ਬ੍ਰਾਂਚ ਦੇ ਇਲਾਕੇ ਵਿਚ 22 ਪ੍ਰਤਿਸ਼ਤ ਪਾਇਨੀਅਰਾਂ—ਤਕਰੀਬਨ 20,000 ਭੈਣ-ਭਰਾਵਾਂ—ਦੀ ਉਮਰ ਲਗਭਗ 60 ਸਾਲ ਹੈ। ਇਹ ਬਜ਼ੁਰਗ ਭੈਣ-ਭਰਾ ਪ੍ਰਚਾਰ ਦੇ ਕੰਮ ਵਿਚ ਵੱਡਾ ਯੋਗਦਾਨ ਪਾਉਂਦੇ ਹਨ। ਇਨ੍ਹਾਂ ਦੀ ਕਲੀਸਿਯਾ ਨੂੰ ਇਨ੍ਹਾਂ ਦੇ ਤਜਰਬਿਆਂ ਅਤੇ ਪਰਮੇਸ਼ੁਰੀ ਗੁਣਾਂ ਤੋਂ ਬੜਾ ਫ਼ਾਇਦਾ ਹੁੰਦਾ ਹੈ।—ਯਾਕੂ. 3:17, 18.
4 ਪ੍ਰਚਾਰ ਵਿਚ ਰੁੱਝੇ ਰਹਿਣ ਨਾਲ ਸਿਹਤ ਠੀਕ ਰਹਿੰਦੀ ਹੈ ਅਤੇ ਬਹੁਤ ਸਾਰੀਆਂ ਖ਼ੁਸ਼ੀਆਂ ਮਿਲਦੀਆਂ ਹਨ। ਰੀਟਾਇਰ ਹੋਣ ਤੋਂ ਬਾਅਦ ਪਾਇਨੀਅਰੀ ਸ਼ੁਰੂ ਕਰਨ ਵਾਲੀ 84 ਸਾਲ ਦੀ ਇਕ ਭੈਣ ਨੇ ਕਿਹਾ: “ਮੈਂ ਕਈ ਲੋਕਾਂ ਨੂੰ ਬਾਈਬਲ ਬਾਰੇ ਸਿਖਾ ਰਹੀ ਹਾਂ ਜਿਸ ਕਰਕੇ ਮੇਰਾ ਦਿਮਾਗ਼ ਤੇਜ਼ ਰਹਿੰਦਾ ਹੈ। ਮੇਰੇ ਕੋਲ ਕਾਰ ਨਹੀਂ ਹੈ, ਇਸ ਲਈ ਮੈਨੂੰ ਪੈਦਲ ਚੱਲਣ ਦੀ ਆਦਤ ਪੈ ਗਈ ਹੈ। ਇਸ ਨਾਲ ਮੈਂ ਤੰਦਰੁਸਤ ਰਹਿੰਦੀ ਹਾਂ।” ਇਕ ਬਜ਼ੁਰਗ ਪਤੀ-ਪਤਨੀ ਨੇ ਕਿਹਾ: “ਪ੍ਰਚਾਰ ਸਾਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਰੱਖਦਾ ਹੈ। ਅਸੀਂ ਹਮੇਸ਼ਾ ਇਕੱਠੇ ਰਹਿੰਦੇ ਹਾਂ। ਅਸੀਂ ਕਾਫ਼ੀ ਹੱਸਦੇ ਹਾਂ ਅਤੇ ਜ਼ਿੰਦਗੀ ਦਾ ਲੁਤਫ਼ ਉਠਾਉਂਦੇ ਹਾਂ।”
5 ਜ਼ਿਆਦਾ ਲੋੜ ਵਾਲੀਆਂ ਥਾਵਾਂ ਤੇ ਸੇਵਾ ਕਰਨੀ: ਰੀਟਾਇਰ ਹੋਏ ਜਿਨ੍ਹਾਂ ਕੁਝ ਮਸੀਹੀਆਂ ਦੀ ਆਰਥਿਕ ਹਾਲਤ ਚੰਗੀ ਹੈ, ਉਹ ਉਨ੍ਹਾਂ ਥਾਵਾਂ ਤੇ ਪ੍ਰਚਾਰ ਕਰਨ ਚਲੇ ਗਏ ਹਨ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਲੋੜ ਹੈ। ਪੌਲੁਸ ਰਸੂਲ ਵਾਂਗ ਇਹ ਜੋਸ਼ੀਲੇ ਪ੍ਰਚਾਰਕ ‘ਸੱਭੋ ਕੁਝ ਇੰਜੀਲ ਦੇ ਨਮਿੱਤ ਕਰਦੇ ਹਨ ਭਈ ਉਹ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਣ।’—1 ਕੁਰਿੰ. 9:23.
6 ਆਪਣੇ ਦੋ ਪੁੱਤਰਾਂ ਨੂੰ ਪਾਲ-ਪੋਸ ਕੇ ਵੱਡਾ ਕਰਨ ਤੋਂ ਬਾਅਦ, ਇਕ ਪਤੀ-ਪਤਨੀ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਕਈ ਸਾਲਾਂ ਤਕ ਪਾਇਨੀਅਰੀ ਕਰਨ ਤੋਂ ਬਾਅਦ, ਉਹ ਚੀਨੀ ਭਾਸ਼ਾ ਸਿੱਖਣ ਲੱਗ ਪਏ। ਹੁਣ ਉਨ੍ਹਾਂ ਦੀ ਉਮਰ ਸੱਤਰਾਂ ਤੋਂ ਉੱਪਰ ਹੈ। ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਜਿਸ ਚੀਨੀ ਗਰੁੱਪ ਨਾਲ ਉਹ ਸੇਵਾ ਕਰ ਰਹੇ ਸਨ, ਉਹ ਹੁਣ ਕਲੀਸਿਯਾ ਬਣ ਗਈ ਹੈ। ਅਜਿਹੇ ਜੋੜੇ ਕਲੀਸਿਯਾ ਲਈ ਕਿੰਨੀ ਵੱਡੀ ਬਰਕਤ ਸਾਬਤ ਹੁੰਦੇ ਹਨ!
7 ਸੇਵਕਾਈ ਤੋਂ ਕੋਈ ਵੀ ਰੀਟਾਇਰ ਨਹੀਂ ਹੁੰਦਾ: ਜਦ ਕਿ ਜ਼ਿਆਦਾਤਰ ਲੋਕ ਆਪਣੀ ਨੌਕਰੀ ਤੋਂ ਰੀਟਾਇਰ ਹੋ ਜਾਂਦੇ ਹਨ, ਪਰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਕੋਈ ਵੀ ਮਸੀਹੀ ਰੀਟਾਇਰ ਨਹੀਂ ਹੁੰਦਾ। ਸਾਰਿਆਂ ਨੂੰ “ਅੰਤ ਤੋੜੀ” ਵਫ਼ਾਦਾਰ ਰਹਿਣਾ ਪੈਣਾ ਹੈ। (ਮੱਤੀ 24:13, 14) ਇਹ ਸੱਚ ਹੈ ਕਿ ਜ਼ਿਆਦਾ ਉਮਰ ਹੋਣ ਕਰਕੇ ਕੁਝ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਪਹਿਲਾਂ ਜਿੰਨਾ ਨਹੀਂ ਕਰ ਪਾਉਂਦੇ। ਪਰ ਇਹ ਦੇਖ ਕੇ ਕਿੰਨਾ ਉਤਸ਼ਾਹ ਮਿਲਦਾ ਹੈ ਕਿ ਉਹ ਜਿੰਨਾ ਕਰ ਸਕਦੇ ਹਨ, ਪੂਰੇ ਦਿਲ ਨਾਲ ਕਰਦੇ ਹਨ! ਪਰਮੇਸ਼ੁਰ ਦਾ ਬਚਨ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਯਹੋਵਾਹ ਉਨ੍ਹਾਂ ਦੇ ਉਸ ਪਿਆਰ ਅਤੇ ਕੰਮ ਨੂੰ ਨਹੀਂ ਭੁੱਲੇਗਾ ਜੋ ਉਹ ਉਸ ਦੇ ਨਾਂ ਦੀ ਖ਼ਾਤਰ ਕਰਦੇ ਹਾਂ।—ਲੂਕਾ 21:1-4; ਇਬ. 6:10.
8 ਜੇ ਤੁਸੀਂ ਰੀਟਾਇਰ ਹੋਣ ਵਾਲੇ ਹੋ, ਤਾਂ ਕਿਉਂ ਨਾ ਤੁਸੀਂ ਆਪਣੇ ਬਦਲ ਰਹੇ ਹਾਲਾਤਾਂ ਦੀ ਚੰਗੀ ਵਰਤੋਂ ਕਰਨ ਲਈ ਪ੍ਰਾਰਥਨਾਪੂਰਵਕ ਸੋਚ-ਵਿਚਾਰ ਕਰੋ? ਪਰਮੇਸ਼ੁਰ ਦੀ ਮਦਦ ਨਾਲ ਤੁਸੀਂ ਦੇਖੋਗੇ ਕਿ ਰੀਟਾਇਰ ਹੋਣ ਨਾਲ ਜ਼ਿਆਦਾ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਹੈ ਜਿਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਤੇ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ।—ਜ਼ਬੂ. 148:12, 13.