ਕੀ ਤੁਸੀਂ ਮੌਕਾ ਮਿਲਣ ਤੇ ਗਵਾਹੀ ਦੇਣ ਲਈ ਤਿਆਰ ਹੋ?
1. ਕਿਹੜੀ ਮਿਸਾਲ ਤੋਂ ਪਤਾ ਚੱਲਦਾ ਹੈ ਕਿ ਮੌਕਾ ਮਿਲਣ ਤੇ ਗਵਾਹੀ ਦੇਣੀ ਬਹੁਤ ਅਸਰਕਾਰੀ ਹੋ ਸਕਦੀ ਹੈ?
1 ਮੌਕਾ ਮਿਲਣ ਤੇ ਗਵਾਹੀ ਦੇਣੀ ਬਹੁਤ ਅਸਰਕਾਰੀ ਹੋ ਸਕਦੀ ਹੈ। ਬਾਈਬਲ ਵਿਚ ਇਸ ਤਰ੍ਹਾਂ ਗਵਾਹੀ ਦੇਣ ਵਾਲਿਆਂ ਦੀਆਂ ਕਾਫ਼ੀ ਮਿਸਾਲਾਂ ਹਨ ਜਿਨ੍ਹਾਂ ਨੂੰ ਵਧੀਆ ਨਤੀਜੇ ਮਿਲੇ। (ਯੂਹੰ. 4:7-15) ਅਸੀਂ ਇਸ ਤਰ੍ਹਾਂ ਗਵਾਹੀ ਦੇਣ ਦੀ ਕਿੱਦਾਂ ਤਿਆਰੀ ਕਰ ਸਕਦੇ ਹਾਂ?
2. ਸਾਡਾ ਵਧੀਆ ਪਹਿਰਾਵਾ ਗਵਾਹੀ ਦੇਣ ਵਿਚ ਕਿੱਦਾਂ ਸਾਡੀ ਮਦਦ ਕਰ ਸਕਦਾ ਹੈ?
2 ਪਹਿਰਾਵਾ ਤੇ ਹਾਰ-ਸ਼ਿੰਗਾਰ: ਜੇ ਅਸੀਂ ਹਰ ਵੇਲੇ ਆਪਣੇ ਪਹਿਰਾਵੇ ਤੇ ਹਾਰ-ਸ਼ਿੰਗਾਰ ਵੱਲ ਧਿਆਨ ਦੇਵਾਂਗੇ, ਤਾਂ ਅਸੀਂ ਹੋਰਨਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਤੋਂ ਨਹੀਂ ਝਿਜਕਾਂਗੇ। (1 ਤਿਮੋ. 2:9, 10) ਜੇ ਸਾਡਾ ਪਹਿਰਾਵਾ ਢੁਕਵਾਂ ਨਹੀਂ ਹੈ, ਤਾਂ ਅਸੀਂ ਕਿਸੇ ਨੂੰ ਗਵਾਹੀ ਨਹੀਂ ਦੇ ਪਾਵਾਂਗੇ। ਇਸ ਦੇ ਉਲਟ, ਜੇ ਸਾਡਾ ਪਹਿਰਾਵਾ ਸਾਫ਼-ਸੁਥਰਾ ਹੈ, ਤਾਂ ਲੋਕ ਸ਼ਾਇਦ ਇਸ ਦਾ ਕਾਰਨ ਪੁੱਛਣ। ਮਿਸਾਲ ਲਈ, ਇਕ ਪਤੀ-ਪਤਨੀ, ਜੋ ਗਵਾਹ ਸਨ, ਨੇ ਚੰਗਾ ਪਹਿਰਾਵਾ ਪਾਇਆ ਹੋਇਆ ਸੀ ਅਤੇ ਸਫ਼ਰ ਕਰਦਿਆਂ ਇਕ ਮੁਸਲਮਾਨ ਬੰਦੇ ਦੇ ਲਾਗੇ ਬੈਠੇ ਸਨ। ਉਨ੍ਹਾਂ ਨੂੰ ਦੇਖ ਕੇ ਮੁਸਲਮਾਨ ਬੰਦੇ ਨੇ ਪੁੱਛਿਆ ਕਿ ਕੀ ਉਹ ਮਸੀਹੀ ਸਨ। ਇਸ ਤੋਂ ਬਾਅਦ ਉਹ ਇਸ ਆਦਮੀ ਨਾਲ ਤਿੰਨ ਘੰਟਿਆਂ ਤਾਈਂ ਬਾਈਬਲ ਬਾਰੇ ਗੱਲ ਕਰਦੇ ਰਹੇ।
3. ਯਿਸੂ ਦੀ ਮਿਸਾਲ ʼਤੇ ਚੱਲ ਕੇ ਤੁਸੀਂ ਕਿਵੇਂ ਗੱਲਬਾਤ ਸ਼ੁਰੂ ਕਰ ਸਕੇ ਹੋ?
3 ਗੱਲਬਾਤ ਸ਼ੁਰੂ ਕਰਨੀ: ਇਕ ਦਫ਼ਾ ਸਾਮਰਿਯਾ ਦੇਸ਼ ਦੀ ਇਕ ਤੀਵੀਂ ਯਾਕੂਬ ਦੇ ਖੂਹ ʼਤੇ ਪਾਣੀ ਭਰਨ ਆਈ ਜਿੱਥੇ ਯਿਸੂ ਨੇ ਉਸ ਤੋਂ ਪਾਣੀ ਮੰਗ ਕੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਅਸੀਂ ਵੀ ਕੋਈ ਛੋਟੀ-ਮੋਟੀ ਗੱਲ ਕਹਿ ਕੇ ਜਾਂ ਕੋਈ ਸਵਾਲ ਪੁੱਛ ਕੇ ਗੱਲਬਾਤ ਸ਼ੁਰੂ ਕਰ ਸਕਦੇ ਹਾਂ। ਇਹ ਕੁਦਰਤੀ ਹੈ ਕਿ ਅਸੀਂ ਕਦੇ-ਕਦੇ ਗੱਲ ਕਰਨ ਤੋਂ ਝਿਜਕਦੇ ਹਾਂ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ‘ਦਲੇਰ ਬਣ’ ਕੇ ਦੂਸਰਿਆਂ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਹਾਂ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣ ਕੇ ਸਾਨੂੰ ਪਤਾ ਲੱਗ ਜਾਵੇਗਾ ਕਿ ਉਹ ਸਾਡੀ ਗੱਲਬਾਤ ਵਿਚ ਰੁਚੀ ਰੱਖਦੇ ਹਨ ਜਾਂ ਨਹੀਂ ਅਤੇ ਸਾਨੂੰ ਅੱਗੋਂ ਗੱਲਬਾਤ ਕਰਨੀ ਚਾਹੀਦੀ ਹੈ ਜਾਂ ਨਹੀਂ।—1 ਥੱਸ. 2:2.
4. ਅਸੀਂ ਮੌਕਾ ਮਿਲਣ ਤੇ ਲੋਕਾਂ ਨੂੰ ਗਵਾਹੀ ਦੇਣ ਲਈ ਕਿੱਦਾਂ ਤਿਆਰ ਰਹਿ ਸਕਦੇ ਹਾਂ?
4 ਗਵਾਹੀ ਦੇਣ ਦੇ ਮੌਕੇ ਪੈਦਾ ਕਰੋ: ਕਈ ਪਬਲੀਸ਼ਰਾਂ ਨੇ ਗਵਾਹੀ ਦੇਣ ਦੇ ਕਈ ਤਰੀਕੇ ਲੱਭੇ ਹਨ। ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੂੰ ਤੁਸੀਂ ਦਿਨ-ਬ-ਦਿਨ ਮਿਲਦੇ ਹੋ। ਆਪਣੇ ਨਾਲ ਢੁਕਵੇਂ ਪ੍ਰਕਾਸ਼ਨ ਤੇ ਬਾਈਬਲ ਲੈ ਕੇ ਜਾਓ। ਧਿਆਨ ਨਾਲ ਦੇਖ ਕੇ ਲੋਕਾਂ ਵਿਚ ਦਿਲਚਸਪੀ ਲਵੋ। ਜੇ ਤੁਸੀਂ ਰੋਜ਼ ਮਿਲਣ ਵਾਲੇ ਮੌਕਿਆਂ ਬਾਰੇ ਪਹਿਲਾਂ ਹੀ ਸੋਚਿਆ ਹੋਵੇ, ਤਾਂ ਤੁਸੀਂ ਗਵਾਹੀ ਦੇਣ ਲਈ ਤਿਆਰ ਹੋਵੋਗੇ।—ਫ਼ਿਲਿ. 1:12-14; 1 ਪਤ. 3:15.
5. ਮੌਕਾ ਮਿਲਣ ਤੇ ਗਵਾਹੀ ਦੇਣ ਲਈ ਸਾਨੂੰ ਪਹਿਲਾਂ ਤੋਂ ਕਿਉਂ ਤਿਆਰੀ ਕਰਨੀ ਚਾਹੀਦੀ ਹੈ?
5 ਮੌਕਾ ਮਿਲਣ ਤੇ ਦੂਸਰਿਆਂ ਨੂੰ ਗਵਾਹੀ ਦੇਣ ਦੇ ਦੋ ਚੰਗੇ ਕਾਰਨ ਹਨ: ਪਰਮੇਸ਼ੁਰ ਤੇ ਗੁਆਂਢੀ ਲਈ ਪ੍ਰੇਮ। (ਮੱਤੀ 22:37-39) ਗਵਾਹੀ ਦੇਣ ਦੀ ਸਖ਼ਤ ਲੋੜ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਹਰ ਮੌਕੇ ਤੇ ਗਵਾਹੀ ਦੇਣ ਲਈ ਪਹਿਲਾਂ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ। ਇਸ ਲਈ ਜਦ ਤਕ ਸਾਡੇ ਕੋਲ ਸਮਾਂ ਹੈ, ਸਾਨੂੰ ਰਾਜ ਦੀ ਖ਼ੁਸ਼ ਖ਼ਬਰੀ ਦੂਸਰਿਆਂ ਨੂੰ ਦੱਸਣ ਦੇ ਹਰ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ।—ਰੋਮੀ. 10:13, 14; 2 ਤਿਮੋ. 4:2.