ਅਸੀਂ ਚੌਵੀ ਘੰਟੇ ਯਹੋਵਾਹ ਦੇ ਗਵਾਹ ਹਾਂ
1. ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਕਿ ਯਿਸੂ ਨੇ ਖੂਹ ਤੇ ਬੈਠਿਆਂ ਇਕ ਤੀਵੀਂ ਨੂੰ ਗਵਾਹੀ ਦਿੱਤੀ?
1 ਯਿਸੂ ਘੰਟਿਆਂ-ਬੱਧੀ ਤੁਰਦਾ ਹੋਇਆ ਭੁੱਖਾ-ਤਿਹਾਇਆ ਸੀ। ਫਿਰ ਜਦ ਉਸ ਦੇ ਚੇਲੇ ਖਾਣ ਲਈ ਕੁਝ ਖ਼ਰੀਦਣ ਗਏ, ਤਾਂ ਉਹ ਆਰਾਮ ਕਰਨ ਲਈ ਇਕ ਸਾਮਰੀ ਪਿੰਡ ਦੇ ਬਾਹਰ ਖੂਹ ਤੇ ਬੈਠ ਗਿਆ। ਯਿਸੂ ਵੈਸੇ ਸਾਮਰਿਯਾ ਪ੍ਰਚਾਰ ਕਰਨ ਲਈ ਨਹੀਂ ਗਿਆ ਸੀ। ਉਹ ਅਸਲ ਵਿਚ ਪ੍ਰਚਾਰ ਕਰਨ ਲਈ ਗਲੀਲ ਜਾ ਰਿਹਾ ਸੀ ਪਰ ਇਹ ਪਿੰਡ ਰਾਹ ਵਿਚ ਪੈਂਦਾ ਸੀ। ਫਿਰ ਵੀ ਉਸ ਨੇ ਇਕ ਤੀਵੀਂ ਨੂੰ ਗਵਾਹੀ ਦੇਣ ਦਾ ਮੌਕਾ ਹੱਥੋਂ ਨਹੀਂ ਗੁਆਇਆ ਜੋ ਖੂਹ ਤੋਂ ਪਾਣੀ ਭਰਨ ਲਈ ਆਈ ਸੀ। (ਯੂਹੰ. 4:5-14) ਕਿਉਂ? ਯਿਸੂ ਕਦੇ ਨਹੀਂ ਭੁੱਲਿਆ ਕਿ ਉਹ ਯਹੋਵਾਹ ਦਾ “ਵਫ਼ਾਦਾਰ ਅਤੇ ਸੱਚਾ ਗਵਾਹ ਹੈ।” (ਪਰ. 3:14) ਯਿਸੂ ਵਾਂਗ ਅਸੀਂ ਹਰ ਪਲ ਯਹੋਵਾਹ ਦੇ ਗਵਾਹ ਹਾਂ।—1 ਪਤ. 2:21.
2. ਅਸੀਂ ਮੌਕਾ ਮਿਲਣ ਤੇ ਗਵਾਹੀ ਦੇਣ ਲਈ ਕਿਵੇਂ ਤਿਆਰ ਰਹਿ ਸਕਦੇ ਹਾਂ?
2 ਤਿਆਰ ਰਹੋ: ਅਸੀਂ ਆਪਣੇ ਨਾਲ ਸਾਹਿੱਤ ਰੱਖ ਕੇ ਮੌਕਾ ਮਿਲਣ ਤੇ ਗਵਾਹੀ ਦੇਣ ਲਈ ਤਿਆਰ ਰਹਿ ਸਕਦੇ ਹਾਂ। ਕਈ ਪਬਲੀਸ਼ਰ ਆਪਣੇ ਕੋਲ ਟ੍ਰੈਕਟ ਅਤੇ ਰਸਾਲੇ ਰੱਖਦੇ ਹਨ ਤਾਂਕਿ ਮੌਕਾ ਮਿਲਣ ਤੇ ਉਹ ਦੁਕਾਨਾਂ ਜਾਂ ਪਟਰੋਲ ਸਟੇਸ਼ਨਾਂ ਤੇ ਕੰਮ ਕਰਨ ਵਾਲਿਆਂ ਜਾਂ ਹੋਰਨਾਂ ਲੋਕਾਂ ਨੂੰ ਮਿਲਦਿਆਂ ਦੇ ਸਕਦੇ ਹਨ। (ਉਪ. 11:6) ਜੇ ਤੁਹਾਡੇ ਇਲਾਕੇ ਵਿਚ ਪ੍ਰਚਾਰ ਕਰਨ ਵਿਚ ਮੁਸ਼ਕਲਾਂ ਆਇਆਂ ਹਨ, ਤਾਂ ਧਿਆਨ ਰੱਖੋ ਕਿ ਪ੍ਰਕਾਸ਼ਨ ਸਿਰਫ਼ ਉਨ੍ਹਾਂ ਨੂੰ ਹੀ ਦਿੱਤੇ ਜਾਣ ਜੋ ਸੱਚ-ਮੁੱਚ ਦਿਲਚਸਪੀ ਰੱਖਦੇ ਹਨ।
3. ਅਸੀਂ ਕਿਸੇ ਨਾਲ ਗੱਲ ਕਿੱਦਾਂ ਸ਼ੁਰੂ ਕਰ ਸਕਦੇ ਹਾਂ?
3 ਗੱਲ ਸ਼ੁਰੂ ਕਰੋ: ਜਦ ਸਾਨੂੰ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ, ਤਾਂ ਜ਼ਰੂਰੀ ਨਹੀਂ ਕਿ ਅਸੀਂ ਸ਼ੁਰੂ-ਸ਼ੁਰੂ ਵਿਚ ਹੀ ਬਾਈਬਲ ਬਾਰੇ ਗੱਲਾਂ ਦੱਸਣ ਲੱਗ ਜਾਈਏ। ਖੂਹ ਤੇ ਬੈਠੀ ਤੀਵੀਂ ਨਾਲ ਯਿਸੂ ਨੇ ਇਹ ਕਹਿ ਕੇ ਗੱਲ ਨਹੀਂ ਸ਼ੁਰੂ ਕੀਤੀ ਕਿ ਉਹ ਮਸੀਹਾ ਹੈ। ਯਿਸੂ ਨੇ ਤਾਂ ਸਿਰਫ਼ ਉਸ ਤੋਂ ਪਾਣੀ ਮੰਗਿਆ ਸੀ। ਇਹ ਸੁਣ ਕੇ ਤੀਵੀਂ ਦਾ ਧਿਆਨ ਖਿੱਚਿਆ ਗਿਆ। (ਯੂਹੰ. 4:7-9) ਇਕ ਹੋਰ ਭੈਣ ਗੱਲ ਅਗਾਹਾਂ ਤੋਰਨ ਲਈ ਇਹੀ ਤਰੀਕਾ ਵਰਤਦੀ ਹੈ। ਮਿਸਾਲ ਲਈ, ਜੇ ਉਸ ਨੂੰ ਕਿਸੇ ਤਿਉਹਾਰ ਮਨਾਉਣ ਬਾਰੇ ਪੁੱਛਿਆ ਜਾਂਦਾ ਹੈ, ਤਾਂ ਇਹ ਕਹਿਣ ਦੀ ਬਜਾਇ ਕਿ ਉਹ ਇਹ ਤਿਉਹਾਰ ਨਹੀਂ ਮਨਾਉਂਦੀ ਕਿਉਂਕਿ ਉਹ ਯਹੋਵਾਹ ਦੀ ਇਕ ਗਵਾਹ ਹੈ, ਉਹ ਜਵਾਬ ਦਿੰਦੀ ਹੈ ਕਿ “ਮੈਂ ਇਹ ਤਿਉਹਾਰ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ।” ਸਵਾਲ ਪੁੱਛਣ ਵਾਲੇ ਤੋਂ ਇਸ ਦਾ ਕਾਰਨ ਪੁੱਛਣ ਤੋਂ ਰਹਿ ਨਹੀਂ ਹੁੰਦਾ ਜਿਸ ਕਰਕੇ ਸਾਡੀ ਭੈਣ ਨੂੰ ਗਵਾਹੀ ਦੇਣ ਦਾ ਵਧੀਆ ਮੌਕਾ ਮਿਲਦਾ ਹੈ।
4. ਤੁਹਾਨੂੰ ਮੱਤੀ 28:18-20 ਤੋਂ ਕਿਹੜੀ ਪ੍ਰੇਰਣਾ ਮਿਲਦੀ ਹੈ?
4 ਭਾਵੇਂ ਕਿ ਯਿਸੂ ਧਰਤੀ ਉੱਤੇ ਆਪਣੀ ਜੋਸ਼ੀਲੀ ਸੇਵਕਾਈ ਖ਼ਤਮ ਕਰ ਚੁੱਕਾ ਹੈ, ਪਰ ਉਹ ਹਾਲੇ ਵੀ ਸਾਡੇ ਪ੍ਰਚਾਰ ਦੇ ਕੰਮ ਵਿਚ ਬਹੁਤ ਦਿਲਚਸਪੀ ਰੱਖਦਾ ਹੈ। (ਮੱਤੀ 28:18-20) ਇਸ ਲਈ ਯਿਸੂ ਦੀ ਤਰ੍ਹਾਂ ਅਸੀਂ ਵੀ ਲੋਕਾਂ ਨੂੰ ਗਵਾਹੀ ਦੇਣ ਲਈ ਚੌਵੀ ਘੰਟੇ ਤਿਆਰ ਰਹਿੰਦੇ ਹਾਂ।—ਇਬ. 10:23.