‘ਜਗਤ ਦੇ ਚਾਨਣ’ ਵੱਲ ਲੋਕਾਂ ਦਾ ਧਿਆਨ ਖਿੱਚੋ
1. ਪਰਮੇਸ਼ੁਰ ਦੇ ਬਚਨ ਵਿਚ ਕਿਸ ਵੱਡੇ ਚਾਨਣ ਦੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਕਿਹੜਾ ਮੌਕਾ ਇਸ ਚਾਨਣ ਵੱਲ ਲੋਕਾਂ ਦਾ ਖ਼ਾਸ ਧਿਆਨ ਖਿੱਚਦਾ ਹੈ?
1 ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਕਿਹਾ: “ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਓਹਨਾਂ ਉੱਤੇ ਚਾਨਣ ਚਮਕਿਆ।” (ਯਸਾ. 9:2) ਇਹ “ਵੱਡਾ ਚਾਨਣ” ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਨੇ ਆਪਣੇ ਕੰਮਾਂ ਰਾਹੀਂ ਚਮਕਾਇਆ ਸੀ। ਉਸ ਦੇ ਪ੍ਰਚਾਰ ਕਾਰਨ ਲੋਕਾਂ ਨੂੰ ਅਧਿਆਤਮਿਕ ਚਾਨਣ ਮਿਲਿਆ ਜੋ ਪਹਿਲਾਂ ਹਨੇਰੇ ਵਿਚ ਸਨ ਅਤੇ ਉਸ ਦੀ ਕੁਰਬਾਨੀ ਕਰਕੇ ਉਨ੍ਹਾਂ ਨੂੰ ਚੰਗੇ ਭਵਿੱਖ ਦੀ ਉਮੀਦ ਮਿਲੀ। ਅੱਜ ਹਨੇਰੇ ਭਰੇ ਸਮਿਆਂ ਵਿਚ ਲੋਕਾਂ ਨੂੰ ਇਸੇ ਚਾਨਣ ਦੀ ਲੋੜ ਹੈ। ‘ਜਗਤ ਦੇ ਚਾਨਣ’ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਵਧੀਆ ਮੌਕਾ ਹੈ। (ਯੂਹੰ. 8:12) ਪਿਛਲੇ ਸਾਲ ਲੱਖਾਂ ਲੋਕਾਂ ਨੇ ਸਾਡੇ ਨਾਲ ਯਿਸੂ ਦੇ ਇਸ ਹੁਕਮ ਨੂੰ ਮੰਨ ਕੇ ਨਿਹਚਾ ਦਿਖਾਈ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਜਿਉਂ-ਜਿਉਂ ਇਸ ਸਾਲ ਦਾ ਯਾਦਗਾਰੀ ਸਮਾਰੋਹ ਨੇੜੇ ਆਉਂਦਾ ਜਾਂਦਾ ਹੈ, ਅਸੀਂ ਯਹੋਵਾਹ ਦੁਆਰਾ ਚਮਕਾਏ ਵੱਡੇ ਚਾਨਣ ਵੱਲ ਲੋਕਾਂ ਦਾ ਧਿਆਨ ਖਿੱਚਣ ਵਿਚ ਕਿਵੇਂ ਹਿੱਸਾ ਪਾ ਸਕਦੇ ਹਾਂ?—ਫ਼ਿਲਿ. 2:15.
2. ਅਸੀਂ ਰਿਹਾਈ-ਕੀਮਤ ਲਈ ਕਦਰ ਕਿਵੇਂ ਵਧਾ ਸਕਦੇ ਹਾਂ ਅਤੇ ਇਸ ਦਾ ਸਾਡੇ ਤੇ ਕੀ ਅਸਰ ਪਵੇਗਾ?
2 ਕਦਰਦਾਨੀ ਪੈਦਾ ਕਰੋ: ਯਹੋਵਾਹ ਅਤੇ ਯਿਸੂ ਨੇ ਮਨੁੱਖਜਾਤੀ ਲਈ ਰਿਹਾਈ-ਕੀਮਤ ਦੇ ਕੇ ਆਪਣੇ ਗਹਿਰੇ ਪਿਆਰ ਦਾ ਸਬੂਤ ਦਿੱਤਾ। ਯਾਦਗਾਰੀ ਸਮਾਰੋਹ ਦੇ ਮਹੀਨਿਆਂ ਵਿਚ ਇਸ ਪਿਆਰ ਤੇ ਮਨਨ ਕਰਨਾ ਢੁਕਵਾਂ ਰਹੇਗਾ। (ਯੂਹੰ. 3:16; 2 ਕੁਰਿੰ. 5:14, 15) ਇਸ ਤਰ੍ਹਾਂ ਕਰਨ ਨਾਲ ਸਾਡੀ ਇਸ ਪਵਿੱਤਰ ਮੌਕੇ ਲਈ ਕਦਰ ਵਧੇਗੀ। ਪਰਮੇਸ਼ੁਰ ਦੇ ਸਾਰੇ ਲੋਕ ਸਮਾਂ ਕੱਢ ਕੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਵਿਚ ਯਾਦਗਾਰੀ ਸਮਾਰੋਹ ਦੇ ਹਫ਼ਤੇ ਲਈ ਦਿੱਤੀਆਂ ਬਾਈਬਲ ਦੀਆਂ ਆਇਤਾਂ ਨੂੰ ਪੜ੍ਹਨਾ ਅਤੇ ਉਨ੍ਹਾਂ ਉੱਤੇ ਮਨਨ ਕਰਨਾ ਚਾਹੁਣਗੇ। ਰਿਹਾਈ-ਕੀਮਤ ਰਾਹੀਂ ਜ਼ਾਹਰ ਹੋਏ ਯਹੋਵਾਹ ਦੇ ਬੇਜੋੜ ਗੁਣਾਂ ਤੇ ਸੋਚ-ਵਿਚਾਰ ਕਰਨ ਨਾਲ ਸਾਡਾ ਸਿਰ ਫ਼ਖ਼ਰ ਨਾਲ ਉੱਚਾ ਹੋ ਜਾਂਦਾ ਹੈ ਕਿ ਯਹੋਵਾਹ ਸਾਡਾ ਪਰਮੇਸ਼ੁਰ ਹੈ। ਰਿਹਾਈ-ਕੀਮਤ ਦੇ ਫ਼ਾਇਦਿਆਂ ਤੇ ਗੌਰ ਕਰਨ ਨਾਲ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਲਈ ਸਾਡਾ ਪਿਆਰ ਵਧਦਾ ਹੈ ਅਤੇ ਸਾਨੂੰ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦੀ ਪ੍ਰੇਰਣਾ ਮਿਲਦੀ ਹੈ।—ਗਲਾ. 2:20.
3. ਅਸੀਂ ਯਾਦਗਾਰੀ ਸਮਾਰੋਹ ਦੀ ਕਦਰ ਕਿਵੇਂ ਕਰ ਸਕਦੇ ਹਾਂ?
3 ਜੇ ਅਸੀਂ ਮੁਕਤੀ ਲਈ ਕੀਤੇ ਯਹੋਵਾਹ ਦੇ ਇੰਤਜ਼ਾਮ ਦੀ ਗਹਿਰੀ ਕਦਰ ਕਰਦੇ ਹਾਂ, ਤਾਂ ਯਾਦਗਾਰੀ ਸਮਾਰੋਹ ਲਈ ਸਾਡਾ ਜੋਸ਼ ਦੇਖ ਕੇ ਸਾਡੇ ਬਾਈਬਲ ਵਿਦਿਆਰਥੀ, ਹੋਰ ਜਾਣਨ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ, ਰਿਸ਼ਤੇਦਾਰ, ਗੁਆਂਢੀ, ਸਹਿਪਾਠੀ, ਸਹਿਕਰਮੀ ਅਤੇ ਹੋਰ ਲੋਕ ਵੀ ਇਸ ਖ਼ਾਸ ਸਮਾਰੋਹ ਵਿਚ ਆਉਣਾ ਚਾਹੁਣਗੇ। (ਲੂਕਾ 6:45) ਇਸ ਲਈ ਇਨ੍ਹਾਂ ਸਾਰਿਆਂ ਨੂੰ ਸਮਾਰੋਹ ਵਿਚ ਆਉਣ ਦਾ ਸੱਦਾ-ਪੱਤਰ ਦੇਣ ਦਾ ਖ਼ਾਸ ਜਤਨ ਕਰੋ ਤਾਂਕਿ ਉਨ੍ਹਾਂ ਨੂੰ ਯਾਦ ਰਹੇ। ਕਈਆਂ ਨੇ ਲੋਕਾਂ ਦੀ ਲਿਸਟ ਬਣਾਈ ਹੈ ਤੇ ਉਹ ਹਰ ਸਾਲ ਉਸ ਲਿਸਟ ਵਿਚ ਨਵੇਂ ਲੋਕਾਂ ਦੇ ਨਾਂ ਜੋੜਦੇ ਹਨ ਤਾਂਕਿ ਉਹ ਕਿਸੇ ਨੂੰ ਭੁਲਾ ਨਾ ਦੇਣ। ਵਧੀਆ ਢੰਗ ਨਾਲ ਇਸ ਤਰ੍ਹਾਂ ਲਿਸਟ ਬਣਾਉਣ ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਸੱਦਣ ਦੀ ਪੂਰੀ ਕੋਸ਼ਿਸ਼ ਕਰਨ ਦੁਆਰਾ ਅਸੀਂ “ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ” ਪਰਮੇਸ਼ੁਰ ਦਾ ਧੰਨਵਾਦ ਕਰ ਸਕਦੇ ਹਾਂ।—2 ਕੁਰਿੰ. 9:15.
4. ਮਾਰਚ ਅਤੇ ਅਪ੍ਰੈਲ ਦੌਰਾਨ ਅਸੀਂ ਸੇਵਕਾਈ ਵਿਚ ਜ਼ਿਆਦਾ ਹਿੱਸਾ ਕਿਵੇਂ ਪਾ ਸਕਦੇ ਹਾਂ?
4 ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈ ਕੇ: ਕੀ ਤੁਸੀਂ ਮਾਰਚ ਅਤੇ ਅਪ੍ਰੈਲ ਦੌਰਾਨ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈ ਸਕਦੇ ਹੋ? ਦੂਜਿਆਂ ਨਾਲ ‘ਮਸੀਹ ਦੀ ਖੁਸ਼ ਖਬਰੀ’ ਸਾਂਝੀ ਕਰਨ ਨਾਲ ਪਰਮੇਸ਼ੁਰ ਸਾਨੂੰ ਜ਼ਰੂਰ ਬਰਕਤਾਂ ਦੇਵੇਗਾ। ਅਧਿਆਤਮਿਕ ਚਾਨਣ ਦੇ ਸੋਮੇ ਯਹੋਵਾਹ ਨੇ ਹੁਕਮ ਦਿੱਤਾ ਹੈ ਕਿ “ਅਨ੍ਹੇਰਿਓਂ ਚਾਨਣ ਚਮਕੇ।” (2 ਕੁਰਿੰ. 4:4-6) ਲੋੜ ਪੈਣ ਤੇ ਕਲੀਸਿਯਾ ਦੇ ਬਜ਼ੁਰਗ ਵੱਖੋ-ਵੱਖਰੇ ਸਮਿਆਂ ਅਤੇ ਥਾਵਾਂ ਤੇ ਪ੍ਰਚਾਰ ਕਰਨ ਦਾ ਇੰਤਜ਼ਾਮ ਕਰਨਗੇ ਤੇ ਸੇਵਕਾਈ ਵਿਚ ਜ਼ਿਆਦਾ ਭਾਗ ਲੈਣ ਵਾਲੇ ਪ੍ਰਕਾਸ਼ਕਾਂ ਦੀ ਮਦਦ ਕਰਨਗੇ। ਇਸ ਵਿਚ ਸ਼ਾਇਦ ਸਵੇਰੇ-ਸਵੇਰੇ ਸੜਕਾਂ ਤੇ ਪ੍ਰਚਾਰ ਕਰਨਾ ਜਾਂ ਕਾਰੋਬਾਰੀ ਇਲਾਕਿਆਂ ਵਿਚ ਗਵਾਹੀ ਦੇਣੀ ਅਤੇ ਦੁਪਹਿਰ ਜਾਂ ਸ਼ਾਮ ਨੂੰ ਟੈਲੀਫ਼ੋਨ ਰਾਹੀਂ ਗਵਾਹੀ ਦੇਣੀ ਸ਼ਾਮਲ ਹੋ ਸਕਦੀ ਹੈ। ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਲਈ ਨਿਸ਼ਚਿਤ ਕਰੋ ਕਿ ਤੁਸੀਂ ਕਿੰਨੇ ਘੰਟੇ ਪ੍ਰਚਾਰ ਕਰੋਗੇ ਅਤੇ ਫਿਰ ਇਹ ਘੰਟੇ ਪੂਰੇ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਕਈ ਸਹਿਯੋਗੀ ਪਾਇਨੀਅਰੀ ਕਰ ਕੇ ਯਹੋਵਾਹ ਦੀ ਜੀ-ਜਾਨ ਨਾਲ ਸੇਵਾ ਕਰਦੇ ਹਨ।—ਕੁਲੁ. 3:23, 24.
5. ਸਹਿਯੋਗੀ ਪਾਇਨੀਅਰੀ ਦੇ ਘੰਟੇ ਘਟਾਉਣ ਨਾਲ ਕਈਆਂ ਨੂੰ ਕਿਵੇਂ ਫ਼ਾਇਦਾ ਹੋ ਰਿਹਾ ਹੈ?
5 ਕੀ ਤੁਸੀਂ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ? ਸਹਿਯੋਗੀ ਪਾਇਨੀਅਰੀ ਦੇ ਘੰਟੇ ਘਟਾਇਆਂ ਹੁਣ ਸੱਤ ਤੋਂ ਜ਼ਿਆਦਾ ਸਾਲ ਹੋ ਚੁੱਕੇ ਹਨ। ਇਸ ਨਾਲ ਕਈਆਂ ਨੂੰ ਸਹਿਯੋਗੀ ਪਾਇਨੀਅਰੀ ਕਰਨ ਦੀਆਂ ਖ਼ੁਸ਼ੀਆਂ ਤੇ ਬਰਕਤਾਂ ਦਾ ਆਨੰਦ ਮਾਣਨ ਦਾ ਮੌਕਾ ਮਿਲਿਆ ਹੈ। ਕੀ ਤੁਸੀਂ ਸਹਿਯੋਗੀ ਪਾਇਨੀਅਰੀ ਕੀਤੀ ਹੈ? ਕੁਝ ਕੁ ਨੇ ਹਰ ਸਾਲ ਪਾਇਨੀਅਰੀ ਕਰਨ ਦਾ ਮਨ ਬਣਾਇਆ ਹੈ। ਕਈ ਕਲੀਸਿਯਾਵਾਂ ਵਿਚ ਬਹੁਤ ਸਾਰੇ ਪ੍ਰਕਾਸ਼ਕ ਮਿਲ ਕੇ ਪਾਇਨੀਅਰੀ ਕਰਦੇ ਹਨ ਅਤੇ ਇਹ ਗੱਲ ਪੂਰੇ ਸਾਲ ਦੀ ਇਕ ਖ਼ਾਸੀਅਤ ਬਣ ਜਾਂਦੀ ਹੈ। ਕੀ ਤੁਸੀਂ ਮਾਰਚ ਤੇ ਅਪ੍ਰੈਲ ਮਹੀਨਿਆਂ ਵਿਚ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ? ਕੁਝ ਲਈ ਅਪ੍ਰੈਲ ਵਧੀਆ ਮਹੀਨਾ ਹੋਵੇਗਾ ਕਿਉਂਕਿ ਇਸ ਵਿਚ ਪੰਜ ਸ਼ਨੀਵਾਰ-ਐਤਵਾਰ ਹਨ।
6. ਸਾਡੇ ਅੱਗੇ ਕਿਹੜੇ ਦੋ ਵਧੀਆ ਮੌਕੇ ਹਨ?
6 ਕੀ ਮਾਰਚ ਜਾਂ ਅਪ੍ਰੈਲ ਵਿਚ ਤੁਹਾਡੀ ਕਲੀਸਿਯਾ ਵਿਚ ਸਰਕਟ ਨਿਗਾਹਬਾਨ ਦੌਰਾ ਕਰ ਰਿਹਾ ਹੈ? ਤਾਂ ਫਿਰ ਸਹਿਯੋਗੀ ਪਾਇਨੀਅਰੀ ਕਰਨ ਦਾ ਤੁਹਾਨੂੰ ਇਕ ਹੋਰ ਫ਼ਾਇਦਾ ਹੋ ਸਕਦਾ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਸੀ ਕਿ 2006 ਸੇਵਾ ਸਾਲ ਵਿਚ ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ ਉਸ ਮਹੀਨੇ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਸਾਰੇ ਪ੍ਰਕਾਸ਼ਕ ਨਿਯਮਿਤ ਪਾਇਨੀਅਰਾਂ ਨਾਲ ਕੀਤੀ ਜਾਂਦੀ ਸਭਾ ਦੇ ਪਹਿਲੇ ਭਾਗ ਵਿਚ ਹਾਜ਼ਰ ਹੋ ਸਕਦੇ ਹਨ। ਇਸ ਸਭਾ ਵਿਚ ਸਹਿਯੋਗੀ ਪਾਇਨੀਅਰਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਵਾਲੀ ਜਾਣਕਾਰੀ ਦਿੱਤੀ ਜਾਵੇਗੀ ਜਿਸ ਤੋਂ ਉਨ੍ਹਾਂ ਨੂੰ ਨਿਯਮਿਤ ਪਾਇਨੀਅਰ ਬਣਨ ਦੀ ਪ੍ਰੇਰਣਾ ਮਿਲੇਗੀ। ਇਸ ਤੋਂ ਇਲਾਵਾ, ਮਾਰਚ ਦੌਰਾਨ ਸਾਨੂੰ ਨਵੀਂ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਜ਼ਰੀਏ ਲੋਕਾਂ ਨੂੰ ਅਧਿਆਤਮਿਕ ਚਾਨਣ ਦੇਣ ਦਾ ਮੌਕਾ ਮਿਲੇਗਾ। ਕਿਉਂ ਨਾ ਤੁਸੀਂ ਇਸ ਨਵੀਂ ਕਿਤਾਬ ਵਿੱਚੋਂ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਟੀਚਾ ਰੱਖੋ?
7, 8. (ੳ) ਸਹਿਯੋਗੀ ਪਾਇਨੀਅਰੀ ਲਈ ਸਮਾਂ-ਸਾਰਣੀ ਬਣਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (ਅ) ਪੂਰੇ ਪਰਿਵਾਰ ਦਾ ਸਹਿਯੋਗ ਕਿਵੇਂ ਮਦਦਗਾਰ ਸਾਬਤ ਹੋ ਸਕਦਾ ਹੈ ਅਤੇ ਪੂਰੇ ਪਰਿਵਾਰ ਨੂੰ ਕੀ ਫ਼ਾਇਦਾ ਹੁੰਦਾ ਹੈ?
7 ਸਹਿਯੋਗੀ ਪਾਇਨੀਅਰੀ ਦੇ 50 ਘੰਟੇ ਪੂਰੇ ਕਰਨ ਲਈ ਸੋਚੋ ਕਿ ਕਿਹੜੀ ਸਮਾਂ-ਸਾਰਣੀ ਤੁਹਾਡੇ ਲਈ ਵਧੀਆ ਰਹੇਗੀ ਜਿਸ ਦੀ ਮਦਦ ਨਾਲ ਤੁਸੀਂ ਹਰ ਹਫ਼ਤੇ 12 ਘੰਟੇ ਸੱਚਾਈ ਦਾ ਚਾਨਣ ਫੈਲਾ ਸਕੋਗੇ। ਇਸ ਬਾਰੇ ਉਨ੍ਹਾਂ ਨਾਲ ਗੱਲ ਕਰੋ ਜੋ ਸਹਿਯੋਗੀ ਪਾਇਨੀਅਰੀ ਕਰਨ ਵਿਚ ਸਫ਼ਲ ਰਹੇ ਹਨ ਤੇ ਹੋਰਨਾਂ ਪ੍ਰਕਾਸ਼ਕਾਂ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ। ਇਸ ਨਾਲ ਉਨ੍ਹਾਂ ਨੂੰ ਤੁਹਾਡਾ ਸਾਥ ਦੇਣ ਦੀ ਹੱਲਾਸ਼ੇਰੀ ਮਿਲ ਸਕਦੀ ਹੈ। ਜਵਾਨ ਤੇ ਸਿਆਣੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਨੇ ਦੇਖਿਆ ਹੈ ਕਿ ਚੰਗੀ ਯੋਜਨਾ ਬਣਾ ਕੇ ਸਹਿਯੋਗੀ ਪਾਇਨੀਅਰੀ ਕਰਨੀ ਇੰਨੀ ਮੁਸ਼ਕਲ ਨਹੀਂ ਹੈ। ਇਸ ਬਾਰੇ ਪ੍ਰਾਰਥਨਾ ਕਰੋ। ਫਿਰ ਜੇ ਮੁਮਕਿਨ ਹੈ, ਤਾਂ ਯੋਜਨਾਵਾਂ ਬਣਾਓ ਤੇ ਸਹਿਯੋਗੀ ਪਾਇਨੀਅਰੀ ਦਾ ਆਨੰਦ ਮਾਣੋ।—ਮਲਾ. 3:10.
8 ਬਹੁਤ ਸਾਰੇ ਪਰਿਵਾਰਾਂ ਨੇ ਦੇਖਿਆ ਹੈ ਕਿ ਪੂਰੇ ਪਰਿਵਾਰ ਦੇ ਸਹਿਯੋਗ ਨਾਲ ਘੱਟੋ-ਘੱਟ ਇਕ ਮੈਂਬਰ ਸਹਿਯੋਗੀ ਪਾਇਨੀਅਰੀ ਕਰ ਸਕਦਾ ਹੈ। ਇਕ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਪੰਜੇ ਬਪਤਿਸਮਾ-ਪ੍ਰਾਪਤ ਮੈਂਬਰ ਸਹਿਯੋਗੀ ਪਾਇਨੀਅਰੀ ਕਰਨਗੇ। ਦੋ ਬਪਤਿਸਮਾ-ਰਹਿਤ ਬੱਚਿਆਂ ਨੇ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈਣ ਦਾ ਖ਼ਾਸ ਜਤਨ ਕੀਤਾ। ਪੂਰੇ ਪਰਿਵਾਰ ਨੂੰ ਆਪਣੇ ਜਤਨਾਂ ਦਾ ਕੀ ਫ਼ਾਇਦਾ ਹੋਇਆ? ਉਨ੍ਹਾਂ ਨੇ ਲਿਖਿਆ: “ਉਹ ਮਹੀਨਾ ਬਹੁਤ ਹੀ ਆਨੰਦਮਈ ਸੀ ਅਤੇ ਇਕੱਠਿਆਂ ਪਾਇਨੀਅਰੀ ਕਰਨ ਨਾਲ ਸਾਡਾ ਆਪਸੀ ਪਿਆਰ ਵੀ ਵਧਿਆ। ਇਸ ਸ਼ਾਨਦਾਰ ਬਰਕਤ ਲਈ ਅਸੀਂ ਯਹੋਵਾਹ ਦੇ ਬਹੁਤ ਧੰਨਵਾਦੀ ਹਾਂ!”
9. ਮਾਰਚ ਤੇ ਅਪ੍ਰੈਲ ਦੌਰਾਨ ਅਸੀਂ ਆਪਣਾ ਚਾਨਣ ਕਿਵੇਂ ਚਮਕਾ ਸਕਦੇ ਹਾਂ?
9 ਕੀ ਮਾਰਚ ਅਤੇ ਅਪ੍ਰੈਲ ਦੀ ਸਾਡੀ ਖ਼ਾਸ ਕਾਰਗੁਜ਼ਾਰੀ ਮਜ਼ੇਦਾਰ ਹੋਵੇਗੀ ਜਿਸ ਸਦਕਾ ਅਸੀਂ ਆਪਣੇ ਸਵਰਗੀ ਪਿਤਾ ਦੇ ਹੋਰ ਨੇੜੇ ਆਵਾਂਗੇ? ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਲਈ ਆਪਣਾ ਪਿਆਰ ਗੂੜ੍ਹਾ ਕਰਨ ਅਤੇ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਲਈ ਕਿੰਨਾ ਕੁ ਜਤਨ ਕਰਦੇ ਹਾਂ। ਆਓ ਆਪਾਂ ਇਸ ਜ਼ਬੂਰ ਦੇ ਲਿਖਾਰੀ ਵਾਂਗ ਇਰਾਦਾ ਕਰੀਏ: “ਮੈਂ ਆਪਣੇ ਮੂੰਹ ਨਾਲ ਯਹੋਵਾਹ ਦਾ ਬਹੁਤ ਧੰਨਵਾਦ ਕਰਾਂਗਾ, ਅਤੇ ਬਹੁਤਿਆਂ ਦੇ ਵਿੱਚ ਉਹ ਦੀ ਉਸਤਤ ਕਰਾਂਗਾ।” (ਜ਼ਬੂ. 109:30) ਯਹੋਵਾਹ ਮਾਰਚ ਤੇ ਅਪ੍ਰੈਲ ਮਹੀਨਿਆਂ ਦੌਰਾਨ ਸਾਡੀ ਮਿਹਨਤ ਤੇ ਬਰਕਤ ਪਾਵੇਗਾ। ਇਸ ਲਈ ਆਓ ਆਪਾਂ ਸੱਚਾਈ ਦਾ ਚਾਨਣ ਚਮਕਾਈਏ ਤਾਂਕਿ ਹੋਰ ਬਹੁਤ ਸਾਰੇ ਲੋਕ ਹਨੇਰੇ ਵਿੱਚੋਂ ਨਿਕਲ ਕੇ “ਜੀਉਣ ਦਾ ਚਾਨਣ” ਪਾਉਣ।—ਯੂਹੰ. 8:12.