ਲੋਕਾਂ ਵਿਚ ਦਿਲਚਸਪੀ ਲਓ—ਉਨ੍ਹਾਂ ਨਾਲ ਨਜ਼ਰ ਮਿਲਾ ਕੇ ਗੱਲ ਕਰੋ
1 ਜਦੋਂ ਅਸੀਂ ਜਨਤਕ ਥਾਵਾਂ ਤੇ ਅਤੇ ਘਰ-ਘਰ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਲੋਕਾਂ ਨਾਲ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਵੱਲ ਦੇਖਦੇ ਹਾਂ। ਕੁਝ ਹੀ ਪਲਾਂ ਵਿਚ ਅਸੀਂ ਸ਼ਾਇਦ ਉਨ੍ਹਾਂ ਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਜਾਣ ਜਾਈਏ ਕਿ ਉਹ ਸਾਡੇ ਬਾਰੇ ਕੀ ਸੋਚਦੇ ਹਨ ਤੇ ਉਹ ਕਿਸ ਮੂਡ ਵਿਚ ਹਨ। ਇਸੇ ਤਰ੍ਹਾਂ ਉਹ ਵੀ ਸਾਡੇ ਬਾਰੇ ਕਾਫ਼ੀ ਕੁਝ ਜਾਣ ਸਕਦੇ ਹਨ। ਇਕ ਤੀਵੀਂ ਨੇ ਇਕ ਗਵਾਹ ਨਾਲ ਹੋਈ ਪਹਿਲੀ ਮੁਲਾਕਾਤ ਬਾਰੇ ਕਿਹਾ: “ਮੈਨੂੰ ਬਸ ਇੰਨਾ ਯਾਦ ਹੈ ਕਿ ਉਸ ਦੇ ਮੁਸਕਰਾਉਂਦੇ ਚਿਹਰੇ ਉੱਤੇ ਬੜੀ ਸ਼ਾਂਤੀ ਸੀ। ਇਸ ਕਰਕੇ ਮੇਰੇ ਵਿਚ ਹੋਰ ਜਾਣਨ ਦੀ ਇੱਛਾ ਪੈਦਾ ਹੋਈ।” ਗਵਾਹ ਦੇ ਸ਼ਾਂਤ ਸੁਭਾਅ ਕਾਰਨ ਇਸ ਤੀਵੀਂ ਨੇ ਖ਼ੁਸ਼ ਖ਼ਬਰੀ ਨੂੰ ਸੁਣਨ ਦਾ ਫ਼ੈਸਲਾ ਕੀਤਾ।
2 ਸੜਕਾਂ ਤੇ ਜਾਂ ਹੋਰਨਾਂ ਜਨਤਕ ਥਾਵਾਂ ਤੇ ਗਵਾਹੀ ਦਿੰਦਿਆਂ ਦੂਜਿਆਂ ਨਾਲ ਨਜ਼ਰ ਮਿਲਾਉਣਾ ਉਨ੍ਹਾਂ ਨਾਲ ਗੱਲ ਸ਼ੁਰੂ ਕਰਨ ਦਾ ਪ੍ਰਭਾਵਕਾਰੀ ਤਰੀਕਾ ਹੈ। ਇਕ ਭਰਾ ਆਪਣੇ ਵੱਲ ਆਉਂਦੇ ਲੋਕਾਂ ਵੱਲ ਦੇਖਦਾ ਹੈ। ਜਦੋਂ ਉਹ ਉਸ ਵੱਲ ਦੇਖਦੇ ਹਨ, ਤਾਂ ਉਹ ਮੁਸਕਰਾ ਕੇ ਉਨ੍ਹਾਂ ਨੂੰ ਰਸਾਲੇ ਪੇਸ਼ ਕਰਦਾ ਹੈ। ਇਸ ਤਰੀਕੇ ਨਾਲ ਉਹ ਕਈ ਲੋਕਾਂ ਨਾਲ ਵਧੀਆ ਗੱਲਬਾਤ ਦਾ ਆਨੰਦ ਮਾਣਦਾ ਹੈ ਤੇ ਕਾਫ਼ੀ ਸਾਹਿੱਤ ਵੰਡਦਾ ਹੈ।
3 ਹੋਰਨਾਂ ਦੀਆਂ ਭਾਵਨਾਵਾਂ ਭਾਂਪੋ: ਨਜ਼ਰ ਮਿਲਾ ਕੇ ਗੱਲ ਕਰਨ ਨਾਲ ਸਾਨੂੰ ਹੋਰਨਾਂ ਦੀਆਂ ਭਾਵਨਾਵਾਂ ਨੂੰ ਭਾਂਪਣ ਵਿਚ ਮਦਦ ਮਿਲਦੀ ਹੈ। ਮਿਸਾਲ ਲਈ, ਜੇ ਕਿਸੇ ਨੂੰ ਸਾਡੀ ਗੱਲ ਸਮਝ ਨਹੀਂ ਆਉਂਦੀ ਜਾਂ ਉਹ ਸਾਡੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੈ, ਤਾਂ ਇਹ ਅਸੀਂ ਉਸ ਦੇ ਚਿਹਰੇ ਨੂੰ ਦੇਖ ਕੇ ਸਮਝ ਜਾਵਾਂਗੇ। ਜੇ ਉਹ ਕੰਮ ਵਿਚ ਰੁੱਝਿਆ ਹੈ ਜਾਂ ਸਾਡੀ ਗੱਲ ਜ਼ਿਆਦਾ ਦੇਰ ਨਹੀਂ ਸੁਣਨੀ ਚਾਹੁੰਦਾ, ਤਾਂ ਇਹ ਅਸੀਂ ਉਸ ਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਭਾਂਪ ਲਵਾਂਗੇ। ਫਿਰ ਇਸ ਅਨੁਸਾਰ ਅਸੀਂ ਆਪਣੀ ਗੱਲਬਾਤ ਵਿਚ ਫੇਰ-ਬਦਲ ਕਰ ਸਕਦੇ ਹਾਂ ਜਾਂ ਗੱਲਬਾਤ ਛੋਟੀ ਕਰ ਕੇ ਦੱਸ ਸਕਦੇ ਹਾਂ। ਜੀ ਹਾਂ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਉਨ੍ਹਾਂ ਵਿਚ ਨਿੱਜੀ ਦਿਲਚਸਪੀ ਦਿਖਾਉਣ ਦਾ ਵਧੀਆ ਤਰੀਕਾ ਹੈ।
4 ਆਪਣੀ ਗੱਲ ਨਿਸ਼ਕਪਟਤਾ ਤੇ ਪੂਰੇ ਯਕੀਨ ਨਾਲ ਕਹੋ: ਕਈ ਸਭਿਆਚਾਰਾਂ ਵਿਚ ਨਜ਼ਰ ਮਿਲਾ ਕੇ ਗੱਲ ਕਰਨ ਨੂੰ ਇਸ ਗੱਲ ਦਾ ਸਬੂਤ ਸਮਝਿਆ ਜਾਂਦਾ ਹੈ ਕਿ ਗੱਲ ਕਰਨ ਵਾਲਾ ਨਿਸ਼ਕਪਟ ਹੈ। ਧਿਆਨ ਦਿਓ ਕਿ ਯਿਸੂ ਨੇ ਕਿਵੇਂ ਜਵਾਬ ਦਿੱਤਾ ਸੀ ਜਦੋਂ ਉਸ ਦੇ ਚੇਲਿਆਂ ਨੇ ਪੁੱਛਿਆ: “ਫੇਰ ਕਿਹ ਦੀ ਮੁਕਤੀ ਹੋ ਸੱਕਦੀ?” ਬਾਈਬਲ ਦੱਸਦੀ ਹੈ: ‘ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਨੂੰ ਕਿਹਾ, ਇਹ ਮਨੁੱਖ ਤੋਂ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।’ (ਮੱਤੀ 19:25, 26) ਜੀ ਹਾਂ, ਯਿਸੂ ਦੀਆਂ ਅੱਖਾਂ ਵਿਚ ਝਲਕਦੇ ਯਕੀਨ ਨੇ ਉਸ ਦੀ ਗੱਲ ਨੂੰ ਹੋਰ ਯਕੀਨੀ ਬਣਾਇਆ। ਇਸੇ ਤਰ੍ਹਾਂ ਲੋਕਾਂ ਨਾਲ ਨਜ਼ਰ ਮਿਲਾ ਕੇ ਗੱਲ ਕਰਨ ਨਾਲ ਸਾਨੂੰ ਆਪਣੀ ਗੱਲ ਨਿਸ਼ਕਪਟਤਾ ਅਤੇ ਯਕੀਨ ਨਾਲ ਕਹਿਣ ਵਿਚ ਮਦਦ ਮਿਲੇਗੀ।—2 ਕੁਰਿੰ. 2:17; 1 ਥੱਸ. 1:5.