ਚੰਗੀਆਂ ਆਦਤਾਂ ਪਾ ਕੇ ਲਾਭ ਹਾਸਲ ਕਰੋ
1. ਆਪਣੀਆਂ ਅਧਿਆਤਮਿਕ ਆਦਤਾਂ ਦੀ ਜਾਂਚ ਕਰਨੀ ਚੰਗੀ ਗੱਲ ਕਿਉਂ ਹੈ?
1 ਜਦ ਤੁਸੀਂ ਮਸੀਹੀ ਬਣੇ ਸੀ, ਤਾਂ ਤੁਸੀਂ ਕਈ ਚੰਗੀਆਂ ਅਧਿਆਤਮਿਕ ਆਦਤਾਂ ਪਾਈਆਂ ਸਨ। ਕੁਝ ਅਧਿਆਤਮਿਕ ਆਦਤਾਂ ਸਨ ਬਾਈਬਲ ਦਾ ਅਧਿਐਨ ਕਰਨਾ, ਮਸੀਹੀ ਸਭਾਵਾਂ ਵਿਚ ਜਾਣਾ, ਪ੍ਰਚਾਰ ਕਰਨਾ ਤੇ ਪ੍ਰਾਰਥਨਾ ਕਰਨੀ। ਤੁਹਾਡੇ ਜਤਨਾਂ ਉੱਤੇ ਯਹੋਵਾਹ ਦੀ ਮਿਹਰ ਹੋਣ ਕਰਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਗੂੜ੍ਹਾ ਹੁੰਦਾ ਗਿਆ। ਸ਼ਾਇਦ ਹੁਣ ਤੁਹਾਨੂੰ ਬਪਤਿਸਮਾ ਲਏ ਨੂੰ ਕਈ ਸਾਲ ਹੋ ਗਏ ਹਨ। ਕੀ ਤੁਹਾਡੀਆਂ ਅਜੇ ਵੀ ਉਹੀ ਚੰਗੀਆਂ ਆਦਤਾਂ ਹਨ ਜੋ ਮਸੀਹੀ ਬਣਨ ਵੇਲੇ ਸਨ?
2. ਹਰ ਰੋਜ਼ ਬਾਈਬਲ ਪੜ੍ਹਨ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
2 ਆਪਣੇ ਰੁਟੀਨ ਦੀ ਜਾਂਚ ਕਰੋ: ਕੀ ਤੁਹਾਨੂੰ ਹਰ ਰੋਜ਼ ਬਾਈਬਲ ਦਾ ਕੁਝ ਹਿੱਸਾ ਪੜ੍ਹਨ ਦੀ ਆਦਤ ਹੈ? ਇਸ ਤਰ੍ਹਾਂ ਕਰਨ ਦੇ ਬਹੁਤ ਸਾਰੇ ਫ਼ਾਇਦੇ ਹਨ! (ਯਹੋ. 1:8; ਜ਼ਬੂ. 1:2, 3) ਪ੍ਰਾਚੀਨ ਇਸਰਾਏਲ ਵਿਚ ਹਰ ਰਾਜੇ ਨੂੰ ਆਪਣੇ “ਜੀਵਨ ਦੇ ਸਾਰੇ ਦਿਨ” ਬਿਵਸਥਾ ਪੜ੍ਹਨ ਦੀ ਹਿਦਾਇਤ ਦਿੱਤੀ ਗਈ ਸੀ। ਇਸ ਦੇ ਉਸ ਨੂੰ ਕੀ ਫ਼ਾਇਦੇ ਹੁੰਦੇ ਸਨ? ਉਹ ਮਨ ਦਾ ਹਲੀਮ ਬਣਦਾ ਸੀ ਅਤੇ ਯਹੋਵਾਹ ਦਾ ਭੈ ਰੱਖਣਾ ਸਿੱਖਦਾ ਸੀ ਤਾਂਕਿ ਉਹ ਯਹੋਵਾਹ ਦੇ ਹੁਕਮਾਂ ਤੋਂ ਮੂੰਹ ਨਾ ਮੋੜੇ। (ਬਿਵ. 17:18-20) ਇਸੇ ਤਰ੍ਹਾਂ ਅੱਜ ਬਾਈਬਲ ਪੜ੍ਹਨ ਨਾਲ ਸਾਨੂੰ ਇਸ ਬੁਰੀ ਦੁਨੀਆ ਵਿਚ ਨਿਹਕਲੰਕ ਤੇ ਨਿਰਦੋਸ਼ ਰਹਿਣ ਵਿਚ ਮਦਦ ਮਿਲਦੀ ਹੈ। ਅਸੀਂ ਸੇਵਕਾਈ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰ ਹੁੰਦੇ ਹਾਂ।—ਫ਼ਿਲਿ. 2:15; 2 ਤਿਮੋ. 3:17.
3. ਬਾਕਾਇਦਾ ਸਭਾਵਾਂ ਵਿਚ ਜਾਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
3 ਯਿਸੂ ਆਪਣੀ ਆਦਤ ਅਨੁਸਾਰ ਯਹੂਦੀ ਸਭਾ-ਘਰ ਵਿਚ ਜਾਂਦਾ ਸੀ ਜਿੱਥੇ ਪਵਿੱਤਰ ਸ਼ਾਸਤਰ ਉੱਤੇ ਚਰਚਾ ਕੀਤੀ ਜਾਂਦੀ ਸੀ। (ਲੂਕਾ 4:16) ਇਸ ਨਾਲ ਯਿਸੂ ਨੂੰ ਅਜ਼ਮਾਇਸ਼ਾਂ ਸਹਿਣ ਦੀ ਤਾਕਤ ਮਿਲੀ। ਇਸੇ ਤਰ੍ਹਾਂ ਸਭਾਵਾਂ ਵਿਚ ਦਿੱਤੀ ਜਾਂਦੀ ਸਿੱਖਿਆ ਤੋਂ ਸਾਨੂੰ ਵੀ ਤਾਕਤ ਮਿਲਦੀ ਹੈ ਅਤੇ ਅਸੀਂ ਇਕ ਦੂਸਰੇ ਦੀ ਨਿਹਚਾ ਦੁਆਰਾ ‘ਉਤਸਾਹ ਪ੍ਰਾਪਤ ਕਰਦੇ ਹਾਂ।’ (ਰੋਮੀ. 1:12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਸਾਨੂੰ ਇਨ੍ਹਾਂ ਅੰਤਿਮ ਦਿਨਾਂ ਦੀਆਂ ਮੁਸ਼ਕਲਾਂ ਸਹਿਣ ਵਿਚ ਮਦਦ ਮਿਲਦੀ ਹੈ। (ਇਬ. 10:24, 25) ਕੀ ਸਾਰੀਆਂ ਸਭਾਵਾਂ ਵਿਚ ਜਾਣਾ ਅਜੇ ਵੀ ਤੁਹਾਡੀ ਆਦਤ ਹੈ?
4. ਹਰ ਹਫ਼ਤੇ ਸੇਵਕਾਈ ਵਿਚ ਜਾਣ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
4 ਬਾਈਬਲ ਦੱਸਦੀ ਹੈ ਕਿ ਰਸੂਲ “ਰੋਜ ਹੈਕਲ ਵਿੱਚ ਅਤੇ ਘਰੀਂ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਸਨ। (ਰਸੂ. 5:42) ਜੇ ਅਸੀਂ ਹਰ ਰੋਜ਼ ਪ੍ਰਚਾਰ ਨਹੀਂ ਕਰ ਸਕਦੇ, ਤਾਂ ਕੀ ਅਸੀਂ ਹਰ ਹਫ਼ਤੇ ਸੇਵਕਾਈ ਵਿਚ ਹਿੱਸਾ ਲੈਣ ਦੀ ਆਦਤ ਪਾ ਸਕਦੇ ਹਾਂ? ਬਾਕਾਇਦਾ ਪ੍ਰਚਾਰ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਵਰਤਣ ਵਿਚ ਮਾਹਰ ਬਣਾਂਗੇ ਅਤੇ ਦੂਜਿਆਂ ਨੂੰ ਬਾਈਬਲ ਵਿੱਚੋਂ ਸੱਚਾਈ ਦੱਸ ਕੇ ਵਧੀਆ ਤਜਰਬੇ ਹਾਸਲ ਕਰਾਂਗੇ।
5. ਯਹੋਵਾਹ ਨੂੰ ਬਾਕਾਇਦਾ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?
5 ਦਾਨੀਏਲ ਨਬੀ ਪੂਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਕਰਦਾ ਰਿਹਾ ਜਿਸ ਕਰਕੇ ਯਹੋਵਾਹ ਦੀ ਉਸ ਉੱਤੇ ਮਿਹਰ ਸੀ। ਉਹ ਆਪਣੀ ਆਦਤ ਅਨੁਸਾਰ ਬਾਕਾਇਦਾ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ। (ਦਾਨੀ. 6:10, 16, 20) ਇਸੇ ਤਰ੍ਹਾਂ ਜਦ ਅਸੀਂ ਯਹੋਵਾਹ ਨੂੰ ਸੱਚੇ ਦਿਲੋਂ ਬਾਕਾਇਦਾ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਨੂੰ ਆਪਣੀ ਪਵਿੱਤਰ ਆਤਮਾ ਦੇਵੇਗਾ। (ਲੂਕਾ 11:9-13) ਇਸ ਤੋਂ ਇਲਾਵਾ, ਯਹੋਵਾਹ ਸਾਡੇ ਨੇੜੇ ਆਵੇਗਾ ਤੇ ਸਾਡਾ ਉਸ ਨਾਲ ਗੂੜ੍ਹਾ ਰਿਸ਼ਤਾ ਬਣੇਗਾ। (ਯਾਕੂ. 4:8) ਇਹ ਸਾਡੇ ਲਈ ਬਹੁਤ ਵੱਡੀ ਬਰਕਤ ਹੋਵੇਗੀ। ਇਸ ਲਈ ਆਓ ਆਪਾਂ ਪਰਮੇਸ਼ੁਰ ਦੀ ਸੇਵਾ ਵਿਚ ਚੰਗੀਆਂ ਆਦਤਾਂ ਨੂੰ ਬਣਾਈ ਰੱਖਣ ਦੀ ਪੁਰਜ਼ੋਰ ਕੋਸ਼ਿਸ਼ ਕਰੀਏ ਅਤੇ ਯਹੋਵਾਹ ਤੋਂ ਬਰਕਤਾਂ ਪਾਈਏ।