ਅਕਤੂਬਰ ਵਿਚ ਜਾਗਰੂਕ ਬਣੋ! ਦਾ ਵਿਸ਼ੇਸ਼ ਅੰਕ ਵੰਡਿਆ ਜਾਵੇਗਾ
1 ਤਕਰੀਬਨ ਹਰ ਇਨਸਾਨ ਪੰਛੀਆਂ ਦੀ ਮਧੁਰ ਆਵਾਜ਼ ਸੁਣ ਕੇ ਅਤੇ ਡੁੱਬਦੇ ਸੂਰਜ ਦਾ ਨਜ਼ਾਰਾ ਦੇਖ ਕੇ ਖ਼ੁਸ਼ ਹੁੰਦਾ ਹੈ। ਪਰ ਕਈ ਇਹ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਇਨ੍ਹਾਂ ਚੀਜ਼ਾਂ ਨੂੰ ਸਾਡੇ ਸਵਰਗੀ ਪਿਤਾ ਨੇ ਰਚਿਆ ਹੈ। ਅਜਿਹੇ ਲੋਕਾਂ ਨੂੰ ਜਾਗਰੂਕ ਬਣੋ! ਦਾ ਵਿਸ਼ੇਸ਼ ਅੰਕ ਦੇ ਕੇ ਆਪਣੇ ਸਿਰਜਣਹਾਰ ਯਹੋਵਾਹ ਬਾਰੇ ਗਵਾਹੀ ਦੇਣ ਦਾ ਸਾਡੇ ਕੋਲ ਵਧੀਆ ਮੌਕਾ ਹੈ। (ਯਸਾ. 40:28; 43:10) ਅਕਤੂਬਰ-ਦਸੰਬਰ ਦੇ ਅੰਕ ਦਾ ਵਿਸ਼ਾ ਹੈ, “ਕੀ ਕੋਈ ਸਿਰਜਣਹਾਰ ਹੈ?”
2 ਆਪਣੇ ਇਲਾਕੇ ਵਿਚ: ਜੇ ਸੰਭਵ ਹੈ, ਤਾਂ ਹਰ ਸ਼ਨੀਵਾਰ ਕਲੀਸਿਯਾ ਨਾਲ ਘਰ-ਘਰ ਪ੍ਰਚਾਰ ਕਰਨ ਦਾ ਇੰਤਜ਼ਾਮ ਕਰੋ। ਹਫ਼ਤੇ ਦੇ ਦੂਜੇ ਦਿਨਾਂ ਤੇ ਵੀ ਤੁਸੀਂ ਲੋਕਾਂ ਨੂੰ ਇਹ ਖ਼ਾਸ ਅੰਕ ਦੇ ਸਕਦੇ ਹੋ। ਇਹ ਅੰਕ ਖ਼ਾਸ ਕਰਕੇ ਅਧਿਆਪਕਾਂ ਅਤੇ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੇ ਹੋਰ ਲੋਕਾਂ ਨੂੰ ਪਸੰਦ ਆਵੇਗਾ। ਇਸ ਲਈ ਆਪਣੇ ਇਲਾਕੇ ਵਿਚ ਰਹਿੰਦੇ ਅਜਿਹੇ ਲੋਕਾਂ ਨੂੰ ਮਿਲਣ ਦੇ ਖ਼ਾਸ ਪ੍ਰਬੰਧ ਕਰੋ।
3 ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਇਕ ਸਵਾਲ ਪੁੱਛੋ ਜਿਸ ਦਾ ਜਵਾਬ ਤੁਸੀਂ ਅਗਲੀ ਵਾਰ ਦਿਓਗੇ। ਮਿਸਾਲ ਲਈ, ਤੁਸੀਂ ਇਹ ਸਵਾਲ ਪੁੱਛ ਸਕਦੇ ਹੋ ਕਿ ਪਿਆਰ ਕਰਨ ਵਾਲਾ ਸਿਰਜਣਹਾਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ। ਅਗਲੀ ਵਾਰ ਤੁਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਪਹਿਲਾ ਜਾਂ ਗਿਆਰਵਾਂ ਅਧਿਆਇ ਦਿਖਾ ਸਕਦੇ ਹੋ। ਜਾਂ ਤੁਸੀਂ ਪੁੱਛ ਸਕਦੇ ਹੋ ਕਿ ਧਰਤੀ ਲਈ ਸਿਰਜਣਹਾਰ ਦਾ ਕੀ ਮਕਸਦ ਹੈ ਤੇ ਅਗਲੀ ਵਾਰ ਤੁਸੀਂ ਤੀਜੇ ਅਧਿਆਇ ਤੇ ਵਿਚਾਰ ਕਰ ਸਕਦੇ ਹੋ।
4 ਸਕੂਲ ਵਿਚ: ਜੇ ਤੁਸੀਂ ਸਕੂਲ ਜਾਂਦੇ ਹੋ, ਤਾਂ ਕਿਉਂ ਨਾ ਤੁਸੀਂ ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ ਨੂੰ ਇਹ ਖ਼ਾਸ ਜਾਗਰੂਕ ਬਣੋ! ਰਸਾਲਾ ਤੋਹਫ਼ੇ ਵਜੋਂ ਦਿਓ। ਇਹ ਰਸਾਲਾ ਆਪਣੇ ਡੈੱਸਕ ਤੇ ਰੱਖਣ ਨਾਲ ਦੂਜਿਆਂ ਨੂੰ ਸਾਡੇ ਵਿਸ਼ਵਾਸਾਂ ਬਾਰੇ ਸਵਾਲ ਪੁੱਛਣ ਦੀ ਪ੍ਰੇਰਣਾ ਮਿਲੇਗੀ। ਇਸ ਰਸਾਲੇ ਵਿਚ ਦਿੱਤੀ ਜਾਣਕਾਰੀ ਸ਼ਾਇਦ ਕਲਾਸ ਵਿਚ ਕਿਸੇ ਵਿਸ਼ੇ ਉੱਤੇ ਚਰਚਾ ਕਰਨ ਜਾਂ ਲੇਖ ਲਿਖਣ ਵਿਚ ਵੀ ਤੁਹਾਡੇ ਕੰਮ ਆ ਸਕਦੀ ਹੈ। ਤੁਹਾਡੀ ਮਦਦ ਵਾਸਤੇ ਇਸ ਅੰਕ ਵਿਚ ਲੇਖ “ਨੌਜਵਾਨ ਪੁੱਛਦੇ ਹਨ” ਦਿੱਤਾ ਗਿਆ ਹੈ ਜਿਸ ਦਾ ਵਿਸ਼ਾ ਹੈ, “ਮੈਂ ਸ੍ਰਿਸ਼ਟੀ ਵਿਚ ਆਪਣੇ ਵਿਸ਼ਵਾਸਾਂ ਬਾਰੇ ਕਿਵੇਂ ਸਮਝਾ ਸਕਦਾ ਹਾਂ?”
5 ਸਿਰਜਣਹਾਰ ਹੋਣ ਕਰਕੇ ਯਹੋਵਾਹ ਆਦਰ ਤੇ ਮਹਿਮਾ ਲੈਣ ਦੇ ਯੋਗ ਹੈ। (ਪਰ. 4:11) ਅਸੀਂ ਅਕਤੂਬਰ-ਦਸੰਬਰ ਦਾ ਜਾਗਰੂਕ ਬਣੋ! ਰਸਾਲਾ ਪੂਰੇ ਜੋਸ਼ ਨਾਲ ਵੰਡ ਕੇ ਆਪਣੇ ਸਿਰਜਣਹਾਰ ਦਾ ਆਦਰ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਕਰਨ ਵਿਚ ਦੂਜਿਆਂ ਦੀ ਵੀ ਮਦਦ ਕਰ ਸਕਦੇ ਹਾਂ।