ਲੋਕਾਂ ਦੀ ਖ਼ਾਸ ਦਿਲਚਸਪੀ ਨੂੰ ਜਗਾਉਣ ਲਈ ਲੇਖ ਚੁਣੋ
1 ਉਨ੍ਹਾਂ ਤੀਰਅੰਦਾਜ਼ਾਂ ਦੀ ਤਰ੍ਹਾਂ ਜੋ ਆਪਣੇ ਤੀਰਾਂ ਨਾਲ ਧਿਆਨਪੂਰਵਕ ਨਿਸ਼ਾਨਾ ਲਾਉਂਦੇ ਹਨ, ਕਲੀਸਿਯਾ ਦੇ ਬਹੁਤ ਸਾਰੇ ਪ੍ਰਕਾਸ਼ਕ ਅਤੇ ਪਾਇਨੀਅਰ ਆਪਣੇ ਖੇਤਰ ਦੇ ਲੋਕਾਂ ਦੀ ਖ਼ਾਸ ਦਿਲਚਸਪੀ ਨੂੰ ਜਗਾਉਣ ਲਈ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿੱਚੋਂ ਚੋਣਵੇਂ ਲੇਖ ਇਸਤੇਮਾਲ ਕਰਨ ਦੁਆਰਾ ਸ਼ਾਨਦਾਰ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ। ਉਹ ਨਿਸ਼ਚਿਤ ਕਰਦੇ ਹਨ ਕਿ ਕੌਣ ਕਿਹੜਾ ਲੇਖ ਪੜ੍ਹਨਾ ਪਸੰਦ ਕਰੇਗਾ ਅਤੇ ਫਿਰ ਉਹ ਅਜਿਹੇ ਲੇਖ ਦੀ ਵਰਤੋਂ ਕਰਦੇ ਹੋਏ ਖ਼ਾਸ ਵਿਅਕਤੀ ਨੂੰ ਸਾਡੇ ਰਸਾਲਿਆਂ ਦੀ ਸਬਸਕ੍ਰਿਪਸ਼ਨ ਲੈਣ ਲਈ ਉਤਸ਼ਾਹਿਤ ਕਰਦੇ ਹਨ। ਉਹ ਇਹ ਕਿਸ ਤਰ੍ਹਾਂ ਕਰਦੇ ਹਨ?
2 ਪਹਿਲਾਂ ਉਹ ਹਰ ਇਕ ਅੰਕ ਨੂੰ ਸ਼ੁਰੂ ਤੋਂ ਅੰਤ ਤਕ ਪੜ੍ਹਦੇ ਹਨ। ਫਿਰ ਉਹ ਆਪਣੇ ਆਪ ਤੋਂ ਪੁੱਛਦੇ ਹਨ, ਇਸ ਦਾ ਹਰ ਲੇਖ ਕਿਸ ਤਰ੍ਹਾਂ ਦੇ ਵਿਅਕਤੀ ਦੀ ਦਿਲਚਸਪੀ ਨੂੰ ਜਗਾਵੇਗਾ? ਇਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਨੂੰ ਮਿਲਣ ਦਾ ਜਤਨ ਕੀਤਾ ਜਾਂਦਾ ਹੈ ਜੋ ਸੰਭਵ ਤੌਰ ਤੇ ਉਸ ਲੇਖ ਨੂੰ ਪੜ੍ਹਨ ਵਿਚ ਦਿਲਚਸਪੀ ਰੱਖਣਗੇ। ਉਨ੍ਹਾਂ ਦੀ ਦਿਲਚਸਪੀ ਜਗਾਉਣ ਲਈ ਉਹ ਲੇਖ ਦਿਖਾਉਣ ਤੋਂ ਬਾਅਦ, ਸਬਸਕ੍ਰਿਪਸ਼ਨ ਪੇਸ਼ ਕੀਤੀ ਜਾਂਦੀ ਹੈ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਖੇਤਰ ਵਿਚ ਕੋਈ ਖ਼ਾਸ ਅੰਕ ਬਹੁਤ ਪਸੰਦ ਕੀਤਾ ਜਾਵੇਗਾ, ਤਾਂ ਉਹ ਆਮ ਨਾਲੋਂ ਜ਼ਿਆਦਾ ਰਸਾਲੇ ਆਰਡਰ ਕਰਦੇ ਹਨ।
3 ਸਾਡੇ ਰਸਾਲਿਆਂ ਦਾ ਆਦਰ ਕੀਤਾ ਜਾਂਦਾ ਹੈ: ਸਾਡੇ ਰਸਾਲੇ ਦੇ ਇਕ ਸਬਸਕ੍ਰਾਈਬਰ ਨੇ, ਜੋ ਨਾਈਜੀਰੀਆ ਦੇ ਸਭ ਤੋਂ ਲੋਕਪ੍ਰਿਯ ਅੰਤਰ-ਰਾਸ਼ਟਰੀ ਰਸਾਲੇ ਲਈ ਕੰਮ ਕਰਦਾ ਹੈ, ਜਾਗਰੂਕ ਬਣੋ! ਬਾਰੇ ਇਹ ਕਿਹਾ: “ਆਮ ਜਨਤਾ ਲਈ ਦੁਨੀਆਂ ਦੇ ਸਭ ਤੋਂ ਵਧੀਆ ਰਸਾਲੇ ਲਈ ਤੁਹਾਨੂੰ ਵਧਾਈਆਂ।” ਸਾਡੇ ਰਸਾਲੇ ਦੇ ਇਕ ਚਾਹਵਾਨ ਪਾਠਕ ਨੇ ਕਿਹਾ: “ਇਹ ਅਣਮੋਲ ਬੁੱਧੀ ਦੇ ਕਿੰਨੇ ਹੀ ਸ਼ਾਨਦਾਰ ਰਤਨ ਹਨ! ਮੈਨੂੰ ਆਪਣੀ ਦਿਲਚਸਪੀ ਦਾ ਹਰੇਕ ਵਿਸ਼ਾ ਇਨ੍ਹਾਂ [ਰਸਾਲਿਆਂ] ਦੇ ਸਫ਼ਿਆਂ ਵਿਚ ਕਿਤੇ ਨਾ ਕਿਤੇ ਜ਼ਰੂਰ ਮਿਲ ਜਾਂਦਾ ਹੈ।”
4 ਇਨ੍ਹਾਂ ਰਸਾਲਿਆਂ ਵਿਚ ਵੰਨਸੁਵੰਨੇ ਵਿਸ਼ਿਆਂ ਦੀ ਚਰਚਾ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਕੁਝ ਹਨ ਬਾਈਬਲ, ਵਿਸ਼ਵ ਘਟਨਾਵਾਂ, ਪਰਿਵਾਰਕ ਮਸਲੇ, ਸਮਾਜਕ ਸਮੱਸਿਆਵਾਂ, ਇਤਿਹਾਸ, ਵਿਗਿਆਨ, ਜੀਵ-ਜੰਤੂ ਅਤੇ ਪੇੜ-ਪੌਦੇ। ਯਕੀਨਨ ਇਕ ਵਿਅਕਤੀ ਉਨ੍ਹਾਂ ਵਿਸ਼ਿਆਂ ਨੂੰ ਪੜ੍ਹਨ ਦਾ ਜ਼ਿਆਦਾ ਝੁਕਾਅ ਰੱਖੇਗਾ ਜੋ ਉਸ ਦੀਆਂ ਲੋੜਾਂ, ਹਾਲਾਤ, ਜਾਂ ਪੇਸ਼ੇ ਨਾਲ ਸੰਬੰਧ ਰੱਖਦੇ ਹਨ। ਕਿਉਂ ਜੋ ਅਸੀਂ ਅਨੇਕ ਲੋਕਾਂ ਨਾਲ ਗੱਲ ਕਰਦੇ ਹਾਂ, ਜਿਨ੍ਹਾਂ ਦੀਆਂ ਆਪਣੀਆਂ-ਆਪਣੀਆਂ ਪਸੰਦਾਂ ਅਤੇ ਸਮੱਸਿਆਵਾਂ ਹੁੰਦੀਆਂ ਹਨ, ਇਸ ਲਈ ਉਨ੍ਹਾਂ ਦੀ ਦਿਲਚਸਪੀ ਜਗਾਉਣ ਲਈ ਖ਼ਾਸ ਲੇਖਾਂ ਦੀ ਚੋਣ ਕਰਨੀ ਬਹੁਤ ਹੀ ਪ੍ਰਭਾਵਕਾਰੀ ਹੈ।
5 ਜ਼ਰਾ ਗੌਰ ਕਰੋ ਕਿ ਉਦੋਂ ਕੀ ਹੋਇਆ ਜਦੋਂ ਦੋ ਗਵਾਹਾਂ ਨੇ ਇਕ ਅਖ਼ਬਾਰ ਦੇ ਕਾਲਮਨਵੀਸ ਨੂੰ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਤੰਬਰ 8, 1996, ਦਾ ਅੰਕ ਪੇਸ਼ ਕੀਤਾ। ਉਸ ਨੇ ਲਿਖਿਆ: “ਇਸ ਤੋਂ ਪਹਿਲਾਂ ਕਿ ਮੈਂ ਕਹਿੰਦਾ ਕਿ ਮੈਨੂੰ ਦਿਲਚਸਪੀ ਨਹੀਂ ਹੈ, ਉਨ੍ਹਾਂ ਵਿੱਚੋਂ ਇਕ ਨੇ ਕਿਹਾ: ‘ਇਸ ਵਿਚ ਅਮਰੀਕੀ ਆਦਿਵਾਸੀਆਂ ਉੱਤੇ ਇਕ ਲੇਖ ਹੈ। ਅਸੀਂ ਜਾਣਦੇ ਹਾਂ ਕਿ ਤੁਸੀਂ ਇਸ ਵਿਸ਼ੇ ਉੱਤੇ ਕਾਫ਼ੀ ਕੁਝ ਲਿਖਦੇ ਆਏ ਹੋ।’” ਉਸ ਨੇ ਰਸਾਲਾ ਕਬੂਲ ਕੀਤਾ ਅਤੇ ਨਾਸ਼ਤੇ ਦੌਰਾਨ ਅਮਰੀਕੀ ਆਦਿਵਾਸੀਆਂ ਬਾਰੇ ਉਹ ਲੇਖ ਪੜ੍ਹਿਆ। ਬਾਅਦ ਵਿਚ ਉਸ ਨੇ ਸਵੀਕਾਰ ਕੀਤਾ ਕਿ “ਇਹ ਬਹੁਤ ਹੀ ਵਧੀਆ ਸੀ” ਅਤੇ “ਬਿਲਕੁਲ ਸੱਚ ਸੀ।”
6 ਤੁਹਾਡੇ ਖੇਤਰ ਦੇ ਲੋਕਾਂ ਨੂੰ ਕਿਹੜੇ ਵਿਸ਼ੇ ਦਿਲਚਸਪ ਲੱਗਦੇ ਹਨ? ਹਾਲ ਹੀ ਦੇ ਮਹੀਨਿਆਂ ਵਿਚ ਤੁਸੀਂ ਇਨ੍ਹਾਂ ਰਸਾਲਿਆਂ ਵਿਚ ਕਿਹੜੇ ਵਿਸ਼ੇ ਦੇਖੇ ਹਨ ਜੋ ਸ਼ਾਇਦ ਤੁਹਾਡੇ ਖੇਤਰ ਦੇ ਦੁਕਾਨਦਾਰਾਂ ਅਤੇ ਪੇਸ਼ਾਵਰ ਲੋਕਾਂ ਨੂੰ ਜਾਂ ਤੁਹਾਡੇ ਗੁਆਂਢੀਆਂ, ਸਹਿਕਰਮੀਆਂ, ਅਤੇ ਸਹਿਪਾਠੀਆਂ ਨੂੰ ਦਿਲਚਸਪ ਲੱਗਣਗੇ? ਕਿਹੜੇ ਲੇਖ ਵਕੀਲਾਂ, ਅਧਿਆਪਕਾਂ, ਪ੍ਰੋਫ਼ੈਸਰਾਂ, ਪ੍ਰਿੰਸੀਪਲਾਂ, ਪਰਿਵਾਰ ਅਤੇ ਸਕੂਲ ਦੇ ਸਲਾਹਕਾਰਾਂ, ਨੌਜਵਾਨਾਂ ਦੇ ਸਲਾਹਕਾਰਾਂ, ਸਮਾਜ ਸੇਵਕਾਂ, ਅਤੇ ਡਾਕਟਰਾਂ ਤੇ ਨਰਸਾਂ ਨੂੰ ਖ਼ਾਸ ਕਰਕੇ ਦਿਲਚਸਪ ਲੱਗਣਗੇ? ਜਿਨ੍ਹਾਂ ਲੋਕਾਂ ਨੂੰ ਤੁਸੀਂ ਪ੍ਰਚਾਰ ਕਰਦੇ ਹੋ, ਉਨ੍ਹਾਂ ਨੂੰ ਮਨ ਵਿਚ ਰੱਖਦੇ ਹੋਏ ਜਿਉਂ-ਜਿਉਂ ਤੁਸੀਂ ਹਰੇਕ ਅੰਕ ਦੀ ਜਾਂਚ ਕਰਦੇ ਹੋ, ਤੁਹਾਨੂੰ ਸੱਚਾਈ ਦਾ ਬਚਨ ਫੈਲਾਉਣ ਦੇ ਸ਼ਾਨਦਾਰ ਤਰੀਕੇ ਸੁੱਝਣਗੇ।
7 ਜਦੋਂ ਤੁਹਾਨੂੰ ਅਜਿਹਾ ਇਕ ਵਿਅਕਤੀ ਮਿਲਦਾ ਹੈ ਜੋ ਪਹਿਰਾਬੁਰਜ ਜਾਂ ਜਾਗਰੂਕ ਬਣੋ! ਦੇ ਕਿਸੇ ਵਿਸ਼ੇਸ਼ ਲੇਖ ਵਿਚ ਖ਼ਾਸ ਦਿਲਚਸਪੀ ਦਿਖਾਉਂਦਾ ਹੈ ਅਤੇ ਰਸਾਲਾ ਕਬੂਲ ਕਰਦਾ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਜੇ ਨਵੇਂ ਅੰਕਾਂ ਵਿਚ ਅਜਿਹਾ ਕੋਈ ਲੇਖ ਹੋਇਆ ਜੋ ਮੇਰੇ ਖ਼ਿਆਲ ਵਿਚ ਤੁਹਾਨੂੰ ਚੰਗਾ ਲੱਗੇਗਾ, ਤਾਂ ਉਹ ਕਾਪੀ ਤੁਹਾਡੇ ਲਈ ਲਿਆਉਣ ਵਿਚ ਮੈਨੂੰ ਖ਼ੁਸ਼ੀ ਹੋਵੇਗੀ।” ਤੁਸੀਂ ਸ਼ਾਇਦ ਉਸ ਵਿਅਕਤੀ ਨੂੰ ਆਪਣੇ ਰਸਾਲਾ ਮਾਰਗ ਵਿਚ ਸ਼ਾਮਲ ਕਰ ਸਕੋ, ਅਤੇ ਸਮੇਂ-ਸਮੇਂ ਤੇ ਨਵੇਂ ਰਸਾਲੇ ਲੈ ਕੇ ਉਸ ਕੋਲ ਵਾਪਸ ਜਾ ਸਕੋ। ਸਾਡੇ ਰਸਾਲਿਆਂ ਵਿਚ ਛਪੇ ਵਿਸ਼ੇਸ਼ ਲੇਖਾਂ ਵਿਚ ਖ਼ਾਸ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨਾਲ ਪੁਨਰ-ਮੁਲਾਕਾਤ ਕਰਨ ਦੇ ਖੁੱਲ੍ਹੇ ਮੌਕੇ ਹਾਸਲ ਕਰਨ ਲਈ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਜਾਂਦਾ ਰਿਹਾ ਹੈ।
8 ਇਕ ਅਧਿਆਤਮਿਕ ਲਕਸ਼ ਰੱਖੋ: ਕੁਝ ਸਾਲ ਪਹਿਲਾਂ, ਇਕ ਪੇਸ਼ਾ-ਪੱਖੀ ਆਦਮੀ ਨੇ ਅਜਿਹੇ ਵਿਸ਼ੇ ਉੱਤੇ ਜਾਗਰੂਕ ਬਣੋ! ਰਸਾਲਾ ਲਿਆ ਜਿਸ ਵਿਚ ਉਸ ਨੂੰ ਦਿਲਚਸਪੀ ਸੀ। ਪਰੰਤੂ, ਇਸ ਧਾਰਮਿਕ ਆਦਮੀ ਨੇ ਜਾਗਰੂਕ ਬਣੋ! ਨਾਲ ਲਏ ਪਹਿਰਾਬੁਰਜ ਦੇ ਅੰਕ ਨੂੰ ਵੀ ਪੜ੍ਹਿਆ, ਜਿਸ ਦੇ ਇਕ ਲੇਖ ਨੇ ਉਸ ਨੂੰ ਪ੍ਰੇਰਿਤ ਕੀਤਾ ਕਿ ਉਹ ਤ੍ਰਿਏਕ ਵਿਚ ਆਪਣੇ ਵਿਸ਼ਵਾਸ ਦੀ ਜਾਂਚ ਕਰੇ ਜੋ ਉਹ ਬਚਪਨ ਤੋਂ ਰੱਖਦਾ ਆਇਆ ਸੀ। ਛੇ ਮਹੀਨਿਆਂ ਬਾਅਦ ਉਸ ਨੇ ਬਪਤਿਸਮਾ ਲਿਆ! ਇਸ ਲਈ, ਸਾਡੇ ਰਸਾਲਿਆਂ ਦੇ ਪਾਠਕਾਂ ਨਾਲ ਅਧਿਆਤਮਿਕ ਚਰਚਾ ਕਰਨ ਤੋਂ ਨਾ ਝਿਜਕੋ। ਤੁਸੀਂ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ ਦਿਖਾ ਕੇ ਇਹ ਪੇਸ਼ਕਸ਼ ਕਰ ਸਕਦੇ ਹੋ ਕਿ ਜਦੋਂ ਵੀ ਤੁਸੀਂ ਨਵੇਂ ਰਸਾਲੇ ਲਿਆਓਗੇ, ਉਦੋਂ ਤੁਸੀਂ ਕੇਵਲ ਕੁਝ ਮਿੰਟ ਲੈ ਕੇ ਇਕ ਪਾਠ ਦੀ ਚਰਚਾ ਕਰੋਗੇ।
9 ਧਿਆਨ ਨਾਲ ਵਿਚਾਰ ਕਰੋ ਕਿ ਤੁਹਾਡੀਆਂ ਪੁਨਰ-ਮੁਲਾਕਾਤਾਂ ਅਤੇ ਕਾਰੋਬਾਰੀ ਸੰਪਰਕਾਂ ਵਿੱਚੋਂ ਕੌਣ ਸੰਭਵ ਤੌਰ ਤੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਸਬਸਕ੍ਰਿਪਸ਼ਨਾਂ ਹਾਸਲ ਕਰਨਾ ਚਾਹੁਣਗੇ। ਫਿਰ ਉਨ੍ਹਾਂ ਨੂੰ ਮਿਲਣ ਦੀ ਪੂਰੀ ਕੋਸ਼ਿਸ਼ ਕਰੋ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਇਹ ਵਡਮੁੱਲੇ ਰਸਾਲੇ ਦਿਖਾਓ। ਜੇਕਰ ਉਹ ਦਿਲਚਸਪੀ ਦਿਖਾਉਂਦੇ ਹਨ ਪਰ ਸਬਸਕ੍ਰਿਪਸ਼ਨ ਨਹੀਂ ਲੈਂਦੇ ਹਨ, ਤਾਂ ਉਨ੍ਹਾਂ ਨੂੰ ਨਿਯਮਿਤ ਤੌਰ ਤੇ ਤਾਜ਼ੇ ਅੰਕ ਪੇਸ਼ ਕਰੋ, ਅਤੇ ਹਰ ਵਾਰ ਇਕ ਅਜਿਹੇ ਲੇਖ ਵੱਲ ਉਨ੍ਹਾਂ ਦਾ ਧਿਆਨ ਖਿੱਚੋ ਜੋ ਤੁਹਾਡੇ ਖ਼ਿਆਲ ਵਿਚ ਉਨ੍ਹਾਂ ਨੂੰ ਖ਼ਾਸ ਤੌਰ ਤੇ ਦਿਲਚਸਪ ਲੱਗੇਗਾ। ਅਤੇ ਕਦੇ ਨਾ ਭੁੱਲੋ ਕਿ ਜਿਉਂ-ਜਿਉਂ ਤੁਸੀਂ ਹੋਰ ਜ਼ਿਆਦਾ ਲੋਕਾਂ ਨੂੰ ਸਾਡੇ ਰਸਾਲਿਆਂ ਨੂੰ ਪੜ੍ਹਨ ਵਿਚ ਮਦਦ ਦੇਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ “ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ” ਰਹੇ ਹੋ। ਸਮੇਂ ਦੇ ਬੀਤਣ ਨਾਲ, ਤੁਸੀਂ ਸ਼ਾਇਦ ਭਾਵੀ ਸੰਗੀ ਚੇਲੇ ਭਾਲਣ ਵਿਚ ਸਫ਼ਲਤਾ ਹਾਸਲ ਕਰੋ।—ਉਪ. 11:1, 6.