ਕੀ ਤੁਸੀਂ ਰਸਾਲੇ ਪੜ੍ਹਦੇ ਹੋ?
1 ਅਫ਼ਰੀਕਾ ਵਿਚ ਇਕ ਮਿਸ਼ਨਰੀ ਜੋੜੇ ਨੇ ਸਾਡੇ ਰਸਾਲਿਆਂ ਬਾਰੇ ਇਹ ਕਿਹਾ: “ਪਹਿਰਾਬੁਰਜ ਸਾਨੂੰ ਆਪਣੇ ਖੇਤਰ ਵਿਚ ਅਧਿਆਤਮਿਕ ਤੌਰ ਤੇ ਚੌਕਸ ਰਹਿਣ ਵਿਚ ਮਦਦ ਦਿੰਦਾ ਹੈ। ਅਸੀਂ ਹਰੇਕ ਅੰਕ ਤੋਂ ਹੌਸਲਾ-ਅਫ਼ਜ਼ਾਈ ਅਤੇ ਬਲ ਪ੍ਰਾਪਤ ਕਰਦੇ ਹਾਂ।” ਕੀ ਤੁਸੀਂ ਵੀ ਇਨ੍ਹਾਂ ਰਸਾਲਿਆਂ ਦੀ ਇੰਨੀ ਗਹਿਰੀ ਕਦਰ ਕਰਦੇ ਹੋ? ਅਤੇ ਕੀ ਤੁਸੀਂ ਇਨ੍ਹਾਂ ਨੂੰ ਪੜ੍ਹਨ ਲਈ ਇੰਨੇ ਹੀ ਉਤਸੁਕ ਹੋ?
2 ਰਸਾਲਿਆਂ ਦੇ ਲੇਖ ਕੁਝ ਹੀ ਮਿੰਟਾਂ ਵਿਚ ਪੜ੍ਹੇ ਜਾ ਸਕਦੇ ਹਨ, ਪਰੰਤੂ ਇਨ੍ਹਾਂ ਨੂੰ ਤਿਆਰ ਕਰਨ ਵਿਚ ਕਾਫ਼ੀ ਸਮਾਂ ਲੱਗਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਕੀ ਤੁਸੀਂ ਕੇਵਲ ਲੇਖਾਂ ਉੱਤੇ ਸਰਸਰੀ ਨਜ਼ਰ ਮਾਰੋਗੇ, ਤਸਵੀਰਾਂ ਨੂੰ ਦੇਖੋਗੇ, ਜਾਂ ਕਦੀ-ਕਦਾਈਂ ਉਹ ਲੇਖ ਪੜ੍ਹੋਗੇ ਜੋ ਤੁਹਾਡਾ ਧਿਆਨ ਖਿੱਚਦਾ ਹੈ? ਜੇ ਅਸੀਂ ਇਸ ਨਾਲੋਂ ਜ਼ਿਆਦਾ ਕਰਦੇ ਹਾਂ ਤਾਂ ਅਸੀਂ ਬੁੱਧੀਮਾਨ ਹਾਂ। ਸਾਨੂੰ ਆਪਣੇ ਰਸਾਲਿਆਂ ਦੇ ਹਰੇਕ ਅੰਕ ਵਿਚ ਦਿੱਤੇ ਸਾਰੇ ਲੇਖਾਂ ਨੂੰ ਪੜ੍ਹਨ ਅਤੇ ਅਧਿਐਨ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। ਪਹਿਰਾਬੁਰਜ ਸਾਡਾ ਮੁੱਖ ਰਸਾਲਾ ਹੈ, ਜੋ ਸਾਨੂੰ ਸਮੇਂ ਸਿਰ ਅਧਿਆਤਮਿਕ ਭੋਜਨ ਮੁਹੱਈਆ ਕਰਦਾ ਹੈ। ਜਾਗਰੂਕ ਬਣੋ! ਵਿਚ ਵੱਖੋ-ਵੱਖਰੇ ਵਿਸ਼ਿਆਂ ਉੱਤੇ ਦਿਲਚਸਪ ਅਤੇ ਗਿਆਨਦਾਇਕ ਲੇਖ ਹੁੰਦੇ ਹਨ। ਅਸੀਂ ਇਨ੍ਹਾਂ ਰਸਾਲਿਆਂ ਨੂੰ ਪੜ੍ਹ ਕੇ ਜੋ ਕੁਝ ਸਿੱਖਦੇ ਹਾਂ, ਉਹ ਸਾਨੂੰ ਨਾ ਕੇਵਲ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਦਾ ਹੈ, ਬਲਕਿ ਸਾਨੂੰ ਸੇਵਕਾਈ ਵਿਚ ਹੋਰ ਅਸਰਦਾਰ ਤਰੀਕੇ ਨਾਲ ਭਾਗ ਲੈਣ ਲਈ ਵੀ ਤਿਆਰ ਕਰਦਾ ਹੈ। ਜਦੋਂ ਅਸੀਂ ਖ਼ੁਦ ਬਾਕਾਇਦਾ ਤੌਰ ਤੇ ਰਸਾਲਿਆਂ ਨੂੰ ਪੜ੍ਹਦੇ ਹਾਂ, ਤਾਂ ਅਸੀਂ ਇਨ੍ਹਾਂ ਨੂੰ ਦੂਜਿਆਂ ਅੱਗੇ ਪੇਸ਼ ਕਰਨ ਲਈ ਉਤਸੁਕ ਹੋਵਾਂਗੇ।
3 ਪੜ੍ਹਨ ਦੀ ਆਦਤ ਨੂੰ ਕਿਵੇਂ ਸੁਧਾਰੀਏ: ਕੀ ਤੁਸੀਂ ਰਸਾਲਿਆਂ ਦੇ ਹਰ ਨਵੇਂ ਅੰਕ ਨੂੰ ਪੜ੍ਹਨ ਦੇ ਮਾਮਲੇ ਵਿਚ ਸੁਧਾਰ ਕਰ ਸਕਦੇ ਹੋ? ਇਹ ਦੋ ਸੁਝਾਅ ਹਨ ਜੋ ਕਈਆਂ ਲਈ ਅਸਰਦਾਰ ਸਿੱਧ ਹੋਏ ਹਨ। (1) ਰਸਾਲੇ ਪੜ੍ਹਨ ਦੀ ਇਕ ਨਿਯਮਿਤ ਸਮਾਂ-ਸੂਚੀ ਤਿਆਰ ਕਰੋ। ਹਰ ਦਿਨ ਇਨ੍ਹਾਂ ਨੂੰ ਪੜ੍ਹਨ ਲਈ ਕੇਵਲ 10-15 ਮਿੰਟ ਕੱਢਣ ਨਾਲ ਤੁਹਾਨੂੰ ਇਹ ਦੇਖ ਕੇ ਹੈਰਾਨੀ ਹੋਵੇਗੀ ਕਿ ਤੁਸੀਂ ਹਫ਼ਤੇ ਵਿਚ ਕਿੰਨਾ ਕੁਝ ਪੜ੍ਹ ਸਕਦੇ ਹੋ। (2) ਅਜਿਹਾ ਕੋਈ ਤਰੀਕਾ ਲੱਭੋ, ਜਿਸ ਨਾਲ ਤੁਸੀਂ ਪੜ੍ਹ ਚੁੱਕੇ ਲੇਖਾਂ ਦਾ ਰਿਕਾਰਡ ਰੱਖ ਸਕੋ। ਸ਼ਾਇਦ ਤੁਸੀਂ ਹਰੇਕ ਲੇਖ ਨੂੰ ਪੜ੍ਹਨ ਮਗਰੋਂ ਉਸ ਲੇਖ ਦੇ ਸ਼ੁਰੂ ਵਿਚ ਠੀਕਾ ਮਾਰ ਸਕਦੇ ਹੋ। ਇਸ ਤਰ੍ਹਾਂ ਨਾ ਕਰਨ ਨਾਲ, ਹੋ ਸਕਦਾ ਹੈ ਕਿ ਕੁਝ ਲੇਖ ਜਾਂ ਪੂਰਾ ਰਸਾਲਾ ਹੀ ਛੁੱਟ ਜਾਵੇ। ਰਸਾਲੇ ਪੜ੍ਹਨ ਦੀ ਇਕ ਵਿਵਹਾਰਕ ਸਮਾਂ-ਸੂਚੀ ਤਿਆਰ ਕਰਨਾ ਅਤੇ ਇਸ ਦੇ ਅਨੁਸਾਰ ਚੱਲਣਾ ਮਹੱਤਵਪੂਰਣ ਹੈ।—ਫ਼ਿਲਿੱਪੀਆਂ 3:16 ਦੀ ਤੁਲਨਾ ਕਰੋ।
4 ਬਦਲਦੇ ਸਮੇਂ ਨੂੰ ਦੇਖਦੇ ਹੋਏ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਬੁੱਧੀਮਤਾ ਨਾਲ ਅਜਿਹੇ ਲੇਖ ਪ੍ਰਕਾਸ਼ਿਤ ਕੀਤੇ ਹਨ, ਜੋ ਲੋਕਾਂ ਦੀਆਂ ਅਸਲ ਲੋੜਾਂ ਦੀ ਚਰਚਾ ਕਰਦੇ ਹਨ। (ਮੱਤੀ 24:45) ਸੱਚ-ਮੁੱਚ, ਇਨ੍ਹਾਂ ਰਸਾਲਿਆਂ ਨੇ ਸਾਡੇ ਜੀਵਨਾਂ ਉੱਤੇ ਅਸਰ ਪਾਇਆ ਹੈ। ਅਸੀਂ ਕਿੰਨੀ ਅਧਿਆਤਮਿਕ ਤਰੱਕੀ ਕਰਦੇ ਹਾਂ, ਇਹ ਕਾਫ਼ੀ ਹੱਦ ਤਕ ਇਸ ਉੱਤੇ ਨਿਰਭਰ ਕਰਦਾ ਹੈ ਕਿ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਨ ਦੀ ਸਾਡੀ ਆਦਤ ਕਿਸ ਤਰ੍ਹਾਂ ਦੀ ਹੈ। ਹਰੇਕ ਰਸਾਲੇ ਨੂੰ ਪੜ੍ਹਨ ਲਈ ਸਮਾਂ ਕੱਢਣ ਵਾਲਿਆਂ ਨੂੰ ਵੱਡੀ ਅਧਿਆਤਮਿਕ ਬਰਕਤ ਮਿਲੇਗੀ।