ਲੋਕਾਂ ਵਿਚ ਦਿਲਚਸਪੀ ਲਓ—ਬਿਨਾਂ ਪੱਖਪਾਤ ਕੀਤਿਆਂ ਪ੍ਰਚਾਰ ਕਰੋ
1 ਦਰਸ਼ਣ ਵਿਚ ਯੂਹੰਨਾ ਰਸੂਲ ਨੇ ਇਕ ਦੂਤ ਨੂੰ ਆਕਾਸ਼ ਵਿਚ ਉੱਡਦਿਆਂ ਦੇਖਿਆ ਜੋ “ਹਰੇਕ ਕੌਮ ਅਤੇ ਗੋਤ ਅਤੇ ਭਾਖਿਆ” ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਰਿਹਾ ਸੀ। (ਪਰ. 14:6) ਕੀ ਅਸੀਂ ਇਸ ਦੂਤ ਦੀ ਤਰ੍ਹਾਂ ਬਿਨਾਂ ਪੱਖਪਾਤ ਕੀਤਿਆਂ ਪ੍ਰਚਾਰ ਕਰਦੇ ਹਾਂ? ਹੋ ਸਕਦਾ ਅਸੀਂ ਅਣਜਾਣੇ ਵਿਚ ਲੋਕਾਂ ਨਾਲ ਪੱਖਪਾਤ ਕਰ ਰਹੇ ਹੋਈਏ। ਲੋਕਾਂ ਪ੍ਰਤੀ ਅਸੀਂ ਜੋ ਰਵੱਈਆ ਰੱਖਦੇ ਹਾਂ, ਉਸ ਦਾ ਸਾਡੇ ਖ਼ੁਸ਼ ਖ਼ਬਰੀ ਸੁਣਾਉਣ ਦੇ ਤਰੀਕੇ ਤੇ ਅਸਰ ਪੈਂਦਾ ਹੈ। ਇਸ ਲਈ ਸਾਨੂੰ ਵੱਖੋ-ਵੱਖਰੇ ਪਿਛੋਕੜ ਦੇ ਲੋਕਾਂ ਵਿਚ ਦਿਲੋਂ ਦਿਲਚਸਪੀ ਲੈ ਕੇ ਉਨ੍ਹਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ।
2 ਆਪਣੇ ਇਲਾਕੇ ਨੂੰ ਧਿਆਨ ਵਿਚ ਰੱਖੋ: ਕੀ ਤੁਹਾਡੇ ਇਲਾਕੇ ਵਿਚ ਦੂਜੇ ਪ੍ਰਾਂਤਾਂ ਦੇ ਲੋਕ ਜਾਂ ਹੋਰ ਭਾਸ਼ਾ ਬੋਲਣ ਵਾਲਿਆਂ ਦਾ ਪੂਰੇ ਦਾ ਪੂਰਾ ਤਬਕਾ ਇੱਕੋ ਥਾਂ ਤੇ ਆ ਕੇ ਵਸਿਆ ਹੋਇਆ ਹੈ? ਸਾਡੇ ਤੋਂ ਇਹ ਲੋਕ ਆਸਾਨੀ ਨਾਲ ਅਣਡਿੱਠ ਹੋ ਸਕਦੇ ਹਨ ਕਿਉਂਕਿ ਇਹ ਲੋਕ ਅਕਸਰ ਆਪਣੀ ਭਾਸ਼ਾ ਵਾਲੇ ਇਲਾਕਿਆਂ ਵਿਚ ਰਹਿੰਦੇ ਹਨ। ਇਨ੍ਹਾਂ ਲੋਕਾਂ ਨੂੰ ਮਿਲਣ ਤੇ ਹਾਲ-ਚਾਲ ਪੁੱਛਣ ਵਿਚ ਪਹਿਲ ਕਰੋ ਅਤੇ ਇਨ੍ਹਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਇਨ੍ਹਾਂ ਦੀਆਂ ਲੋੜਾਂ, ਰੁਚੀਆਂ, ਪਸੰਦ-ਨਾਪਸੰਦ, ਚਿੰਤਾਵਾਂ ਤੇ ਗ਼ਲਤ ਧਾਰਣਾਵਾਂ ਬਾਰੇ ਜਾਣਕਾਰੀ ਲਓ। ਫਿਰ ਗਵਾਹੀ ਦਿੰਦੇ ਵੇਲੇ ਤੁਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਸਕਦੇ ਹੋ। (1 ਕੁਰਿੰ. 9:19-23) ਪੌਲੁਸ ਰਸੂਲ ਵਾਂਗ ਅਸੀਂ ਆਪਣੇ ਇਲਾਕੇ ਦੇ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਆਪਣਾ ਫ਼ਰਜ਼ ਸਮਝਦੇ ਹਾਂ। ਇਨ੍ਹਾਂ ਲੋਕਾਂ ਵਿਚ ਦੂਸਰੀਆਂ ਥਾਵਾਂ ਤੋਂ ਆਏ ਲੋਕ, ਵੱਖਰੇ ਸਭਿਆਚਾਰ ਜਾਂ ਵੱਖਰੀ ਭਾਸ਼ਾ ਦੇ ਲੋਕ ਜਾਂ ਬਹੁਤ ਅਮੀਰ ਲੋਕ ਸ਼ਾਮਲ ਹਨ।—ਰੋਮੀ. 1:14.
3 ਪਰ ਤੁਸੀਂ ਦੂਸਰੀ ਭਾਸ਼ਾ ਦੇ ਵਿਅਕਤੀ ਨੂੰ ਗਵਾਹੀ ਕਿਵੇਂ ਦੇ ਸਕਦੇ ਹੋ? ਉਸ ਨੂੰ ਗਵਾਹੀ ਦੇਣ ਲਈ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਪੁਸਤਿਕਾ ਵਰਤੋ। ਤੁਸੀਂ ਆਪਣੇ ਇਲਾਕੇ ਵਿਚ ਆਮ ਬੋਲੀ ਜਾਂਦੀ ਭਾਸ਼ਾ ਦੇ ਟ੍ਰੈਕਟ ਜਾਂ ਬਰੋਸ਼ਰ ਵੀ ਨਾਲ ਰੱਖ ਸਕਦੇ ਹੋ। (ਜੁਲਾਈ 2003 ਸਾਡੀ ਰਾਜ ਸੇਵਕਾਈ, ਸਫ਼ਾ 8, ਪੈਰੇ 2-3 ਦੇਖੋ।) ਕੁਝ ਪ੍ਰਕਾਸ਼ਕਾਂ ਨੇ ਦੂਸਰੀ ਭਾਸ਼ਾ ਵਿਚ ਨਮਸਤੇ ਕਹਿਣਾ ਅਤੇ ਸਾਦੀ ਜਿਹੀ ਪੇਸ਼ਕਾਰੀ ਦੇਣੀ ਸਿੱਖੀ ਹੈ। ਲੋਕ ਜਦ ਕਿਸੇ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕਰਨ ਦੀ ਕੋਸ਼ਿਸ਼ ਕਰਦਿਆਂ ਸੁਣਦੇ ਹਨ, ਤਾਂ ਉਹ ਬਹੁਤ ਪ੍ਰਭਾਵਿਤ ਹੁੰਦੇ ਹਨ ਤੇ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹੋ ਜਾਂਦੇ ਹਨ।
4 ਯਹੋਵਾਹ ਦੀ ਨਕਲ ਕਰੋ: ਵੱਖੋ-ਵੱਖਰੇ ਪਿਛੋਕੜਾਂ ਦੇ ਲੋਕਾਂ ਨਾਲ ਗੱਲ ਕਰ ਕੇ ਅਸੀਂ ਆਪਣੇ ਨਿਰਪੱਖ ਪਰਮੇਸ਼ੁਰ ਯਹੋਵਾਹ ਦੀ ਨਕਲ ਕਰਦੇ ਹਾਂ ‘ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਸਤ ਦੇ ਗਿਆਨ ਤੀਕ ਪਹੁੰਚਣ।’—1 ਤਿਮੋ. 2:3, 4.