ਪੂਰਾ ਪਰਿਵਾਰ ਮਿਲ ਕੇ ਯਹੋਵਾਹ ਦੀ ਭਗਤੀ ਕਰੇ
1 ਪੁਰਾਣੇ ਸਮਿਆਂ ਵਿਚ ਪਰਿਵਾਰ ਦੇ ਸਾਰੇ ਜੀਅ ਮਿਲ ਕੇ ਸਭ ਕੰਮ ਕਰਦੇ ਸਨ। ਉਹ ਘਰ ਦੇ ਕੰਮਾਂ ਵਿਚ ਹੱਥ ਵਟਾਉਂਦੇ ਸਨ ਅਤੇ ਇਕੱਠੇ ਯਹੋਵਾਹ ਦੀ ਭਗਤੀ ਕਰਦੇ ਸਨ। (ਲੇਵੀ. 10:12-14; ਬਿਵ. 31:12) ਪਰ ਇਹ ਰੀਤ ਅੱਜ-ਕੱਲ੍ਹ ਖ਼ਤਮ ਹੁੰਦੀ ਜਾ ਰਹੀ ਹੈ। ਲੇਕਿਨ ਅਸੀਂ ਜਾਣਦੇ ਹਾਂ ਕਿ ਪਰਿਵਾਰ ਦਾ ਮਿਲ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਖ਼ਾਸਕਰ ਭਗਤੀ ਦੇ ਮਾਮਲੇ ਵਿਚ। ਯਹੋਵਾਹ ਪਰਮੇਸ਼ੁਰ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ ਸੀ। ਸੋ ਜਦੋਂ ਉਹ ਪੂਰੇ ਪਰਿਵਾਰ ਨੂੰ ਮਿਲ ਕੇ ਭਗਤੀ ਕਰਦਿਆਂ ਦੇਖਦਾ ਹੈ, ਤਾਂ ਉਸ ਦਾ ਜੀਅ ਖ਼ੁਸ਼ ਹੋ ਜਾਂਦਾ ਹੈ!
2 ਮਿਲ ਕੇ ਪ੍ਰਚਾਰ ਕਰੋ: ਇਕੱਠੇ ਪ੍ਰਚਾਰ ਕਰਨ ਨਾਲ ਆਪਸ ਵਿਚ ਪਿਆਰ ਵਧਦਾ ਹੈ। ਇਸ ਲਈ, ਕਲੀਸਿਯਾ ਦੇ ਬਜ਼ੁਰਗ ਹੋਰਨਾਂ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨ ਤੋਂ ਇਲਾਵਾ ਸਮੇਂ-ਸਮੇਂ ਤੇ ਆਪਣੀ ਪਤਨੀ ਤੇ ਬੱਚਿਆਂ ਨਾਲ ਵੀ ਕੰਮ ਕਰਦੇ ਹਨ। (1 ਤਿਮੋ. 3:4, 5) ਸਫ਼ਰੀ ਨਿਗਾਹਬਾਨ ਬਹੁਤ ਮਸਰੂਫ ਹੁੰਦੇ ਹਨ, ਪਰ ਫਿਰ ਵੀ ਉਹ ਆਪਣੀਆਂ ਪਤਨੀਆਂ ਨਾਲ ਮਿਲ ਕੇ ਪ੍ਰਚਾਰ ਕਰਨ ਲਈ ਸਮਾਂ ਕੱਢਦੇ ਹਨ।
3 ਮਾਪੇ ਆਪਣੇ ਬੱਚਿਆਂ ਨਾਲ ਪ੍ਰਚਾਰ ਕਰ ਕੇ ਬਿਹਤਰ ਤਰੀਕੇ ਨਾਲ ਪ੍ਰਚਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਬੱਚੇ ਨਾ ਕੇਵਲ ਆਪਣੇ ਮਾਤਾ-ਪਿਤਾ ਨੂੰ ਯਹੋਵਾਹ ਲਈ ਅਤੇ ਹੋਰਨਾਂ ਲੋਕਾਂ ਲਈ ਪਿਆਰ ਜ਼ਾਹਰ ਕਰਦਿਆਂ ਦੇਖਦੇ ਹਨ, ਸਗੋਂ ਉਹ ਇਹ ਵੀ ਦੇਖ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਪ੍ਰਚਾਰ ਕਰ ਕੇ ਕਿੰਨੇ ਖ਼ੁਸ਼ ਹਨ! (ਬਿਵ. 6:5-7) ਬੱਚਿਆਂ ਦੇ ਵੱਡੇ ਹੋ ਜਾਣ ਤੇ ਵੀ ਮਾਪਿਆਂ ਲਈ ਉਨ੍ਹਾਂ ਨਾਲ ਮਿਲ ਕੇ ਪ੍ਰਚਾਰ ਕਰਨਾ ਜ਼ਰੂਰੀ ਹੈ। ਇਕ ਮਾਤਾ-ਪਿਤਾ ਅਜੇ ਵੀ ਆਪਣੇ ਤਿੰਨ ਮੁੰਡਿਆਂ ਨਾਲ ਮਿਲ ਕੇ ਪ੍ਰਚਾਰ ਕਰਦੇ ਹਨ ਭਾਵੇਂ ਤਿੰਨਾਂ ਦੀ ਉਮਰ ਹੁਣ 15 ਤੋਂ 21 ਸਾਲਾਂ ਦੇ ਵਿਚਕਾਰ ਹੈ। ਪਿਤਾ ਕਹਿੰਦਾ ਹੈ: “ਇਕੱਠੇ ਪ੍ਰਚਾਰ ਕਰਨ ਤੇ ਅਸੀਂ ਹਰ ਵਾਰ ਮੁੰਡਿਆਂ ਨੂੰ ਕੁਝ-ਨ-ਕੁਝ ਸਿਖਾਉਂਦੇ ਹਾਂ। ਅਸੀਂ ਉਨ੍ਹਾਂ ਲਈ ਪ੍ਰਚਾਰ ਦੇ ਕੰਮ ਨੂੰ ਮਜ਼ੇਦਾਰ ਤੇ ਉਤਸ਼ਾਹਜਨਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।”
4 ਮਿਲ ਕੇ ਤਿਆਰੀ ਕਰੋ: ਕਈ ਪਰਿਵਾਰਾਂ ਦਾ ਤਜਰਬਾ ਰਿਹਾ ਹੈ ਕਿ ਪ੍ਰਚਾਰ ਦੇ ਕੰਮ ਲਈ ਇਕੱਠੇ ਤਿਆਰੀ ਕਰਨੀ ਫ਼ਾਇਦੇਮੰਦ ਹੈ। ਬੱਚਿਆਂ ਨੂੰ ਬਹੁਤ ਮਜ਼ਾ ਆਉਂਦਾ ਹੈ ਜਦੋਂ ਮਾਪੇ ਉਨ੍ਹਾਂ ਨਾਲ ਪ੍ਰਚਾਰ ਕਰਨ ਦੀ ਰੀਹਰਸਲ ਕਰਦੇ ਹਨ। ਕੁਝ ਮਾਪੇ ਪਰਿਵਾਰਕ ਅਧਿਐਨ ਖ਼ਤਮ ਕਰਨ ਤੋਂ ਬਾਅਦ ਰੀਹਰਸਲ ਕਰਦੇ ਹਨ।
5 ਜਦੋਂ ਅਸੀਂ ਆਪਣੇ ਘਰਦਿਆਂ ਨਾਲ ਮਿਲ ਕੇ ਜ਼ਰੂਰੀ ਤੇ ਮਜ਼ੇਦਾਰ ਕੰਮ ਕਰਦੇ ਹਾਂ, ਤਾਂ ਸਾਨੂੰ ਉਸ ਕੰਮ ਤੋਂ ਹੋਰ ਵੀ ਖ਼ੁਸ਼ੀ ਮਿਲਦੀ ਹੈ। ਜਦੋਂ ਪਰਿਵਾਰ ਮਿਲ ਕੇ ਘਰ-ਘਰ ਪ੍ਰਚਾਰ ਕਰਦਾ ਹੈ, ਪੁਨਰ-ਮੁਲਾਕਾਤਾਂ ਕਰਦਾ ਹੈ ਅਤੇ ਬਾਈਬਲ ਸਟੱਡੀਆਂ ਕਰਾਉਂਦਾ ਹੈ, ਤਾਂ ਇਸ ਨਾਲ ਸਾਰਿਆਂ ਨੂੰ ਖ਼ੁਸ਼ੀ ਮਿਲਦੀ ਹੈ। ਆਪਣੇ ਪਰਿਵਾਰ ਦੇ ਜੀਆਂ ਨਾਲ ਯਹੋਵਾਹ ਦੀ ਭਗਤੀ ਕਰ ਕੇ ਤੁਸੀਂ ਵੀ ਖ਼ੁਸ਼ੀ ਨਾਲ ਕਹਿ ਸਕੋਗੇ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।”—ਯਹੋ. 24:15.