ਸੇਵਕਾਈ ਵਿਚ ਵਧ-ਚੜ੍ਹ ਕੇ ਹਿੱਸਾ ਲਓ
1 ਪੌਲੁਸ ਰਸੂਲ ਨੇ ਮਸੀਹੀਆਂ ਨੂੰ ਪਰਮੇਸ਼ੁਰ ਦੇ ਰਾਹਾਂ ਉੱਤੇ ‘ਹੋਰ ਭੀ ਵਧ ਚੱਲਦੇ ਜਾਣ’ ਦੀ ਤਾਕੀਦ ਕੀਤੀ ਸੀ। (1 ਥੱਸ. 4:1) ਇਸ ਦਾ ਕੀ ਮਤਲਬ ਹੈ? ਇਹੋ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਜ਼ਿਆਦਾ ਮਿਹਨਤ ਕਰਨ ਦੇ ਤਰੀਕੇ ਲੱਭੀਏ ਅਤੇ ‘ਆਪਣੀ ਸੇਵਕਾਈ ਨੂੰ ਪੂਰਿਆਂ ਕਰੀਏ।’—2 ਤਿਮੋ. 4:5.
2 ਉਦੇਸ਼: ਅਸੀਂ ਸੇਵਕਾਈ ਵਿਚ ਜ਼ਿਆਦਾ ਮਿਹਨਤ ਕਿਉਂ ਕਰਨੀ ਚਾਹੁੰਦੇ ਹਾਂ? ਕਿਉਂਕਿ ਅਸੀਂ ਆਪਣੇ ਸਿਰਜਣਹਾਰ ਦੀ ਪੂਰੇ ਦਿਲ ਨਾਲ ਸੇਵਾ ਕਰਨ ਦੀ ਇੱਛਾ ਰੱਖਦੇ ਹਾਂ। ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਨਾ ਅਤੇ ਚੰਗੇ ਸੇਵਕ ਬਣਨਾ ਚਾਹੁੰਦੇ ਹਾਂ। ਜੇ ਅਸੀਂ ਸਹੀ ਉਦੇਸ਼ ਨਾਲ ਮਿਹਨਤ ਕਰਾਂਗੇ, ਤਾਂ ਅਸੀਂ ਪਰਮੇਸ਼ੁਰ ਦੀ ਸੇਵਾ ਸੰਬੰਧੀ ਆਪਣੇ ਟੀਚਿਆਂ ਤਕ ਜ਼ਰੂਰ ਪਹੁੰਚਾਂਗੇ।—ਜ਼ਬੂ. 1:1, 2; ਫ਼ਿਲਿ. 4:6; ਇਬ. 10:24, 25.
3 ਜ਼ਿਆਦਾ ਸੇਵਕਾਈ ਕਰਨ ਲਈ ਦੂਸਰਿਆਂ ਦੀ ਸੇਵਾ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਅਜਿਹੀ ਨਿਰਸੁਆਰਥ ਭਾਵਨਾ ਪੈਦਾ ਕਰਨ ਲਈ ਸਾਨੂੰ ਪ੍ਰਾਰਥਨਾ ਕਰਨ ਅਤੇ ਯਿਸੂ ਦੀ ਉੱਤਮ ਮਿਸਾਲ ਉੱਤੇ ਸੋਚ-ਵਿਚਾਰ ਕਰਨ ਦੀ ਲੋੜ ਹੈ। (ਮੱਤੀ 20:28) ਧਰਤੀ ਉੱਤੇ ਰਹਿੰਦਿਆਂ ਯਿਸੂ ਨੂੰ ਦੂਸਰਿਆਂ ਦੀ ਸੇਵਾ ਕਰ ਕੇ ਬਹੁਤ ਖ਼ੁਸ਼ੀ ਮਿਲੀ। (ਰਸੂ. 20:35) ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਲੋਕਾਂ ਵਿਚ ਦਿਲਚਸਪੀ ਲਓ ਅਤੇ ਦੂਸਰਿਆਂ ਦੀ ਸੇਵਾ ਕਰਨ ਦੇ ਮੌਕੇ ਭਾਲੋ।—ਯਸਾ. 6:8.
4 ਮਾਪਿਆਂ ਦੀ ਭੂਮਿਕਾ: ਮਾਪੇ ਆਪਣੇ ਬੱਚਿਆਂ ਵਿਚ ਬਚਪਨ ਤੋਂ ਹੀ ਦੂਸਰਿਆਂ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰ ਸਕਦੇ ਹਨ। ਮਾਪਿਆਂ ਨੂੰ ਸੇਵਕਾਈ ਵਿਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲੈਂਦੇ ਦੇਖ ਕੇ ਬੱਚੇ ਵੀ ਇੱਦਾਂ ਕਰਨਾ ਚਾਹੁਣਗੇ। ਮਿਸਾਲ ਲਈ, ਇਕ ਭਰਾ ਬਚਪਨ ਵਿਚ ਕਲੀਸਿਯਾ ਦੇ ਕੰਮਾਂ ਵਿਚ ਆਪਣੇ ਨਾਨਾ ਜੀ ਦਾ ਹੱਥ ਵਟਾਇਆ ਕਰਦਾ ਸੀ। ਨਾਨਾ ਜੀ ਦੀ ਮਿਹਨਤ ਅਤੇ ਖ਼ੁਸ਼ੀ ਦੇਖ ਕੇ ਭਰਾ ਵਿਚ ਵੀ ਦੂਸਰਿਆਂ ਦੀ ਸੇਵਾ ਕਰਨ ਦੀ ਇੱਛਾ ਜਾਗੀ। ਉਹ ਹੁਣ ਕਲੀਸਿਯਾ ਵਿਚ ਸਹਾਇਕ ਸੇਵਕ ਦੇ ਤੌਰ ਤੇ ਸੇਵਾ ਕਰਦਾ ਹੈ।
5 ਭਰਾਵਾਂ ਦੀ ਸਖ਼ਤ ਲੋੜ ਹੈ: “ਜੇ ਕੋਈ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ।” (1 ਤਿਮੋ. 3:1) ਇਹ ਆਇਤ ਭਰਾਵਾਂ ਨੂੰ ਪ੍ਰੇਰਦੀ ਹੈ ਕਿ ਉਹ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਲਈ ਅੱਗੇ ਆਉਣ। ਸੇਵਾ ਕਰਨ ਲਈ ਕਿਸੇ ਖ਼ਾਸ ਯੋਗਤਾ ਜਾਂ ਹੁਨਰ ਦੀ ਲੋੜ ਨਹੀਂ ਹੈ। ਜੇ ਕੋਈ ਭਰਾ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦਾ ਹੈ, ਪੂਰੇ ਜੋਸ਼ ਨਾਲ ਪ੍ਰਚਾਰ ਕਰਦਾ ਹੈ ਅਤੇ ਦੂਸਰਿਆਂ ਲਈ ਚੰਗੀ ਮਿਸਾਲ ਬਣਦਾ ਹੈ, ਤਾਂ ਉਹ ਕਲੀਸਿਯਾ ਵਿਚ ਸੇਵਾ ਕਰਨ ਦੇ ਯੋਗ ਹੈ।—ਮੱਤੀ 6:33; 2 ਤਿਮੋ. 4:5.
6 ਦੁਨੀਆਂ ਭਰ ਵਿਚ: ਯਹੋਵਾਹ ਛੇਤੀ-ਛੇਤੀ ਨੇਕਦਿਲ ਲੋਕਾਂ ਨੂੰ ਇਕੱਠਾ ਕਰ ਰਿਹਾ ਹੈ। (ਯਸਾ. 60:22) ਸੋ ਇਹ ਬਹੁਤ ਜ਼ਰੂਰੀ ਹੈ ਕਿ ਯਿਸੂ ਦੇ ਸਾਰੇ ਚੇਲੇ ਸੇਵਕਾਈ ਵਿਚ ਸਖ਼ਤ ਮਿਹਨਤ ਕਰਨ। 2006 ਦੇ ਸੇਵਾ ਸਾਲ ਦੀ ਵਿਸ਼ਵ ਭਰ ਦੀ ਰਿਪੋਰਟ ਦਿਖਾਉਂਦੀ ਹੈ ਕਿ ਉਸ ਸਾਲ 2,48,327 ਲੋਕਾਂ ਨੇ ਬਪਤਿਸਮਾ ਲਿਆ। ਇਸ ਦਾ ਮਤਲਬ ਹੈ ਕਿ ਹਰ ਦਿਨ ਔਸਤਨ 680 ਤੋਂ ਜ਼ਿਆਦਾ ਲੋਕ ਯਿਸੂ ਦੇ ਚੇਲੇ ਬਣ ਰਹੇ ਸਨ! ਤਾਂ ਫਿਰ ਆਓ ਆਪਾਂ ਸੇਵਕਾਈ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦੇਈਏ।