ਯਿਸੂ ਦੀ ਮਿਸਾਲ ਤੇ ਚੱਲੋ
1. ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ?
1 ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਸਮੇਂ ਸਾਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਸਾਡੀ ਮਿਸਾਲ ਦਾ ਦੂਸਰਿਆਂ ਉੱਤੇ ਡੂੰਘਾ ਅਸਰ ਪੈਂਦਾ ਹੈ। ਯਿਸੂ ਲੋਕਾਂ ਨੂੰ ਸਿੱਖਿਆਵਾਂ ਦੇਣ ਦੇ ਨਾਲ-ਨਾਲ ਆਪਣੇ ਕੰਮਾਂ ਰਾਹੀਂ ਵੀ ਸਿਖਾਉਂਦਾ ਸੀ। ਦੂਸਰੇ ਸਾਫ਼ ਦੇਖ ਸਕਦੇ ਸਨ ਕਿ ਯਿਸੂ ਵਿਚ ਜੋਸ਼ ਅਤੇ ਲੋਕਾਂ ਲਈ ਪਿਆਰ ਸੀ। ਯਿਸੂ ਹਮੇਸ਼ਾ ਆਪਣੇ ਪਿਤਾ ਦੇ ਨਾਂ ਦੀ ਵਡਿਆਈ ਕਰਦਾ ਅਤੇ ਦ੍ਰਿੜ੍ਹ ਇਰਾਦੇ ਨਾਲ ਉਸ ਦੀ ਇੱਛਾ ਪੂਰੀ ਕਰਦਾ ਸੀ।—1 ਪਤ. 2:21.
2. ਸਾਡੇ ਨਾਲ ਪ੍ਰਚਾਰ ਕਰਨ ਵਾਲਿਆਂ ਉੱਤੇ ਸਾਡੀ ਮਿਸਾਲ ਦਾ ਕੀ ਅਸਰ ਪੈ ਸਕਦਾ ਹੈ?
2 ਘਰ-ਘਰ ਪ੍ਰਚਾਰ ਕਰਦਿਆਂ: ਸਾਡੇ ਨਾਲ ਪ੍ਰਚਾਰ ਕਰਨ ਵਾਲਿਆਂ ਉੱਤੇ ਵੀ ਸਾਡੀ ਮਿਸਾਲ ਦਾ ਅਸਰ ਪੈਂਦਾ ਹੈ। ਪ੍ਰਚਾਰ ਦੇ ਕੰਮ ਵਿਚ ਸਾਡਾ ਜੋਸ਼ ਦੇਖ ਕੇ ਨਵੇਂ ਅਤੇ ਘੱਟ ਤਜਰਬੇਕਾਰ ਪਬਲੀਸ਼ਰ ਆਪਣੀ ਜਾਂਚ ਕਰਨ ਲਈ ਪ੍ਰੇਰਿਤ ਹੋਣਗੇ ਕਿ ਉਹ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਦਾ ਕੰਮ ਕਿਵੇਂ ਕਰ ਸਕਦੇ ਹਨ। ਜਦੋਂ ਉਹ ਦੇਖਦੇ ਹਨ ਕਿ ਅਸੀਂ ਪ੍ਰਚਾਰ ਕਰ ਕੇ ਕਿੰਨੇ ਖ਼ੁਸ਼ ਹੁੰਦੇ ਹਾਂ ਅਤੇ ਦੂਸਰਿਆਂ ਵਿਚ ਗਹਿਰੀ ਦਿਲਚਸਪੀ ਲੈਂਦੇ ਹਾਂ, ਤਾਂ ਉਹ ਸਮਝ ਜਾਣਗੇ ਕਿ ਇਹ ਗੁਣ ਪੈਦਾ ਕਰਨੇ ਜ਼ਰੂਰੀ ਹਨ। ਇਸੇ ਤਰ੍ਹਾਂ, ਜਦੋਂ ਉਹ ਦੇਖਦੇ ਹਨ ਕਿ ਅਸੀਂ ਬਾਈਬਲ ਵਿੱਚੋਂ ਸਿਖਾਉਂਦੇ ਹਾਂ, ਰੁਚੀ ਰੱਖਣ ਵਾਲਿਆਂ ਨੂੰ ਦੁਬਾਰਾ ਮਿਲਣ ਜਾਂਦੇ ਹਾਂ ਅਤੇ ਬਾਈਬਲ ਸਟੱਡੀਆਂ ਕਰਾਉਂਦੇ ਹਾਂ, ਤਾਂ ਉਨ੍ਹਾਂ ਵਿਚ ਵੀ ਇਹੋ ਸਭ ਕਰਨ ਦੀ ਇੱਛਾ ਜਾਗੇਗੀ।
3. ਬਾਈਬਲ ਵਿਦਿਆਰਥੀਆਂ ਲਈ ਚੰਗੀ ਮਿਸਾਲ ਕਾਇਮ ਕਰਨੀ ਕਿਉਂ ਜ਼ਰੂਰੀ ਹੈ ਅਤੇ ਸਾਡੀ ਮਿਸਾਲ ਤੋਂ ਉਹ ਕੀ ਸਿੱਖ ਸਕਦੇ ਹਨ?
3 ਬਾਈਬਲ ਸਟੱਡੀ ਕਰਾਉਂਦੇ ਸਮੇਂ: ਸਾਡੇ ਬਾਈਬਲ ਵਿਦਿਆਰਥੀ ਸਾਡੀ ਮਿਸਾਲ ਵੱਲ ਖ਼ਾਸ ਧਿਆਨ ਦਿੰਦੇ ਹਨ। ਮਿਸਾਲ ਲਈ ਜਦੋਂ ਅਸੀਂ ਉਨ੍ਹਾਂ ਨੂੰ ਪਾਠ ਤਿਆਰ ਕਰਨ, ਬਾਈਬਲ ਵਿੱਚੋਂ ਆਇਤਾਂ ਪੜ੍ਹਨ ਅਤੇ ਖ਼ਾਸ ਨੁਕਤਿਆਂ ਤੇ ਨਿਸ਼ਾਨ ਲਗਾਉਣ ਦੀ ਲੋੜ ਬਾਰੇ ਦੱਸਦੇ ਹਾਂ, ਤਾਂ ਉਹ ਦੇਖਣਗੇ ਕਿ ਅਸੀਂ ਆਪ ਇਹ ਸਭ ਕੁਝ ਕਰਦੇ ਹਾਂ ਜਾਂ ਨਹੀਂ। (ਰੋਮੀ. 2:21) ਇਸੇ ਤਰ੍ਹਾਂ, ਜੇ ਅਸੀਂ ਸਟੱਡੀ ਕਰਾਉਣ ਲਈ ਸਮੇਂ ਸਿਰ ਉਨ੍ਹਾਂ ਦੇ ਘਰ ਜਾਂਦੇ ਹਾਂ, ਤਾਂ ਉਹ ਵੀ ਸ਼ਾਇਦ ਬਾਕੀ ਸਭ ਕੰਮ ਛੱਡ ਕੇ ਤੁਰੰਤ ਸਟੱਡੀ ਕਰਨ ਲਈ ਬੈਠ ਜਾਣਗੇ। ਉਹ ਇਹ ਵੀ ਗੌਰ ਕਰਨਗੇ ਕਿ ਅਸੀਂ ਆਪਣੇ ਆਰਾਮ ਦੀ ਪਰਵਾਹ ਨਾ ਕਰਦਿਆਂ ਬਾਕਾਇਦਾ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਸਿਖਾਉਂਦੇ ਹਾਂ। ਇਹ ਸਭ ਗੱਲਾਂ ਉਨ੍ਹਾਂ ਨੂੰ ਦਿਖਾਉਣਗੀਆਂ ਕਿ ਅਸੀਂ ਜੋ ਕੁਝ ਉਨ੍ਹਾਂ ਨੂੰ ਸਿਖਾਉਂਦੇ ਹਾਂ, ਉਸ ਵਿਚ ਆਪ ਪੱਕੀ ਨਿਹਚਾ ਰੱਖਦੇ ਹਾਂ। ਤਾਹੀਓਂ ਤਾਂ ਅਸੀਂ ਅਕਸਰ ਦੇਖਦੇ ਹਾਂ ਕਿ ਯਿਸੂ ਦੀ ਰੀਸ ਕਰਨ ਵਾਲੇ ਭੈਣ-ਭਰਾਵਾਂ ਦੇ ਬਾਈਬਲ ਵਿਦਿਆਰਥੀ ਅੱਗੇ ਜਾ ਕੇ ਜੋਸ਼ੀਲੇ ਪ੍ਰਚਾਰਕ ਬਣਦੇ ਹਨ।
4. ਸਭਾਵਾਂ ਵਿਚ ਸਾਡੀ ਮਿਸਾਲ ਤੋਂ ਦੂਸਰੇ ਕੀ ਸਿੱਖਦੇ ਹਨ?
4 ਸਭਾਵਾਂ ਵਿਚ: ਕਲੀਸਿਯਾ ਦੇ ਸਾਰੇ ਭੈਣ-ਭਰਾ ਸਭਾਵਾਂ ਵਿਚ ਆਪਣੀ ਮਿਸਾਲ ਦੁਆਰਾ ਦੂਸਰਿਆਂ ਨੂੰ ਕੁਝ-ਨ-ਕੁਝ ਸਿਖਾਉਂਦੇ ਹਨ। ਸਾਡੀ ਵਧੀਆ ਮਿਸਾਲ ਦਾ ਨਵੇਂ ਲੋਕਾਂ ਉੱਤੇ ਚੰਗਾ ਅਸਰ ਪੈਂਦਾ ਹੈ। ਉਹ ਸਾਡੇ ਵਿਚ ਭਰਾਵਾਂ ਵਰਗਾ ਪਿਆਰ ਅਤੇ ਏਕਤਾ ਦੇ ਨਾਲ-ਨਾਲ ਸਾਡਾ ਸੋਹਣਾ ਪਹਿਰਾਵਾ ਵੀ ਦੇਖਦੇ ਹਨ। (ਜ਼ਬੂ. 133:1) ਜਦੋਂ ਅਸੀਂ ਵਫ਼ਾਦਾਰੀ ਨਾਲ ਹਰ ਸਭਾ ਵਿਚ ਆਉਂਦੇ ਹਾਂ ਅਤੇ ਜਵਾਬ ਦਿੰਦੇ ਹਾਂ, ਤਾਂ ਇਹ ਵੀ ਦੂਸਰਿਆਂ ਦੀਆਂ ਨਜ਼ਰਾਂ ਤੋਂ ਲੁਕਿਆ ਨਹੀਂ ਰਹਿੰਦਾ। ਪਹਿਲੀ ਵਾਰ ਸਭਾ ਵਿਚ ਆਏ ਇਕ ਆਦਮੀ ਨੇ ਦੇਖਿਆ ਕਿ ਇਕ ਨਿੱਕੀ ਜਿਹੀ ਕੁੜੀ ਨੇ ਭਾਸ਼ਣਕਾਰ ਦੁਆਰਾ ਦੱਸੀ ਆਇਤ ਨੂੰ ਛੇਤੀ ਨਾਲ ਬਾਈਬਲ ਵਿੱਚੋਂ ਲੱਭ ਲਿਆ ਅਤੇ ਬੜੇ ਧਿਆਨ ਨਾਲ ਇਸ ਨੂੰ ਪੜ੍ਹਿਆ ਵੀ। ਕੁੜੀ ਦੀ ਮਿਸਾਲ ਦੇਖ ਕੇ ਇਸ ਆਦਮੀ ਨੇ ਵੀ ਬਾਈਬਲ ਸਟੱਡੀ ਕਰਨ ਦੀ ਇੱਛਾ ਜ਼ਾਹਰ ਕੀਤੀ।
5. ਸਾਨੂੰ ਚੰਗੀ ਮਿਸਾਲ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
5 ਬਾਈਬਲ ਸਾਨੂੰ ਇਕ-ਦੂਸਰੇ ਦੀ ਰੀਸ ਕਰਨ ਦੀ ਪ੍ਰੇਰਣਾ ਦਿੰਦੀ ਹੈ। (ਫ਼ਿਲਿ. 3:17; ਇਬ. 13:7) ਸੋ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਅਸੀਂ ਯਿਸੂ ਦੀ ਮਿਸਾਲ ਤੇ ਚੱਲਾਂਗੇ, ਤਾਂ ਸਾਨੂੰ ਦੇਖ ਕੇ ਦੂਸਰਿਆਂ ਤੇ ਚੰਗਾ ਪ੍ਰਭਾਵ ਪਵੇਗਾ। ਤਾਂ ਫਿਰ ਆਓ ਆਪਾਂ 1 ਤਿਮੋਥਿਉਸ 4:16 ਦੀ ਸਲਾਹ ਨੂੰ ਮੰਨੀਏ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ।”