ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਉਮੀਦ ਦਿੰਦੇ ਹਾਂ
1 ਇਨ੍ਹਾਂ ਅੰਤ ਦੇ ਦਿਨਾਂ ਵਿਚ ਬਹੁਤ ਸਾਰੇ ਲੋਕ ਦੁਨੀਆਂ ਦੇ ਹਾਲਾਤਾਂ ਦੇ ਸੁਧਰਨ ਦੀ ਆਸ ਛੱਡ ਚੁੱਕੇ ਹਨ। (ਅਫ਼. 2:12) ਦੂਜੇ ਪਾਸੇ, ਕਈ ਲੋਕ ਧਨ-ਦੌਲਤ, ਮਨੁੱਖੀ ਸਰਕਾਰਾਂ, ਵਿਗਿਆਨ ਆਦਿ ਉੱਤੇ ਭਰੋਸਾ ਲਾਈ ਬੈਠੇ ਹਨ। ਪਰ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਸੋਹਣੇ ਭਵਿੱਖ ਦੀ ਪੱਕੀ ਆਸ਼ਾ ਹੈ। ਇਹ ਆਸ਼ਾ “ਸਾਡੀ ਜਾਨ ਦਾ ਲੰਗਰ ਹੈ ਜਿਹੜਾ ਅਚੱਲ ਅਤੇ ਇਸਥਿਰ ਹੈ।”—ਇਬ. 6:19.
2 ਪਰਮੇਸ਼ੁਰ ਦੇ ਰਾਜ ਵਿਚ ਧਰਤੀ ਫਿਰਦੌਸ ਬਣ ਜਾਵੇਗੀ। ਮਰੇ ਹੋਏ ਲੋਕ ਫਿਰ ਤੋਂ ਜੀ ਉਠਾਏ ਜਾਣਗੇ। (ਰਸੂ. 24:15) ਗ਼ਰੀਬੀ, ਅਨਿਆਂ, ਬੀਮਾਰੀਆਂ, ਬੁਢਾਪਾ ਅਤੇ ਮੌਤ ਨਹੀਂ ਰਹੇਗੀ। (ਜ਼ਬੂ. 9:18; ਮੱਤੀ 12:20, 21; ਪਰ. 21:3, 4) ਯਹੋਵਾਹ ਜਲਦੀ ਹੀ ਆਪਣੇ ਸਭ ਵਾਅਦੇ ਪੂਰੇ ਕਰੇਗਾ। ਤੁਸੀਂ ਖ਼ਾਸ ਕਰਕੇ ਕਿਹੜਾ ਵਾਅਦਾ ਪੂਰਾ ਹੁੰਦਾ ਦੇਖਣਾ ਚਾਹੋਗੇ?
3 ਖ਼ੁਸ਼ ਖ਼ਬਰੀ ਸੁਣਾਓ: ਸਾਨੂੰ ਸੋਹਣੇ ਭਵਿੱਖ ਦੀ ਉਮੀਦ ਨੂੰ ਲੁਕੋ ਕੇ ਨਹੀਂ ਰੱਖਣਾ ਚਾਹੀਦਾ। ਜੇ ਅਸੀਂ ਪਰਮੇਸ਼ੁਰ ਨੂੰ ਅਤੇ ਲੋਕਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਵੀ ਯਿਸੂ ਦੀ ਰੀਸ ਕਰਦਿਆਂ ‘ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂਗੇ, ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂਗੇ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂਗੇ।’ (ਲੂਕਾ 4:18) ਪੌਲੁਸ ਰਸੂਲ ਬਾਜ਼ਾਰ ਵਿਚ ਅਤੇ ਜਿੱਥੇ ਕਿਤੇ ਵੀ ਲੋਕ ਮਿਲਦੇ ਸਨ, ਪ੍ਰਚਾਰ ਕਰਦਾ ਸੀ। ਉਹ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਰੁੱਝਿਆ ਰਹਿੰਦਾ ਸੀ। (ਰਸੂ. 18:5) ਜੇ ਅਸੀਂ ਉਸ ਦੀ ਨਕਲ ਕਰਦੇ ਹੋਏ ਜੋਸ਼ ਨਾਲ ਪ੍ਰਚਾਰ ਕਰੀਏ, ਤਾਂ “ਦੁਨੀਆ ਦੀ ਚਿੰਤਾ ਅਰ ਧਨ ਦਾ ਧੋਖਾ” ਸਾਡੀ ਆਸ ਨੂੰ ਧੁੰਦਲਾ ਨਹੀਂ ਕਰ ਸਕੇਗਾ।—ਮਰ. 4:19.
4 ਅਸੀਂ ਨਿਰਾਸ਼ ਨਹੀਂ ਹੁੰਦੇ ਜਦੋਂ ਲੋਕ ਸਾਡਾ ਸੰਦੇਸ਼ ਨਹੀਂ ਸੁਣਦੇ, ਸਾਡਾ ਮਜ਼ਾਕ ਉਡਾਉਂਦੇ ਹਨ ਜਾਂ ਸਾਡਾ ਵਿਰੋਧ ਕਰਦੇ ਹਨ। ਅਸੀਂ ‘ਕਦੇ ਵੀ ਆਪਣੀ ਉਮੀਦ ਬਾਰੇ ਲੋਕਾਂ ਨੂੰ ਦੱਸਣ ਤੋਂ ਨਹੀਂ ਖੁੰਝਾਂਗੇ।’ (ਇਬ. 10:23, ਈਜ਼ੀ ਟੂ ਰੀਡ ਵਰਯਨ) ਅਸੀਂ ‘ਇੰਜੀਲ ਤੋਂ ਸ਼ਰਮਾਉਂਦੇ ਨਹੀਂ।’ (ਰੋਮੀ. 1:16) ਹੋ ਸਕਦਾ ਹੈ ਕਿ ਕੁਝ ਲੋਕ ਸਾਨੂੰ ਪੂਰੇ ਵਿਸ਼ਵਾਸ ਨਾਲ ਬਾਕਾਇਦਾ ਪ੍ਰਚਾਰ ਕਰਦਿਆਂ ਦੇਖ ਕੇ ਸਾਡੀ ਗੱਲ ਸੁਣਨ ਲਈ ਪ੍ਰੇਰਿਤ ਹੋਣ।
5 ਇਹ ਸੱਚ ਹੈ ਕਿ ਅਸੀਂ ਦੁਨੀਆਂ ਦੇ ਵਿਗੜਦੇ ਹਾਲਾਤਾਂ ਵੱਲ ਲੋਕਾਂ ਦਾ ਧਿਆਨ ਖਿੱਚਦੇ ਹਾਂ ਜੋ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਹਨ। ਪਰ ਅਸੀਂ ਸਿਰਫ਼ ਭੈੜੇ ਹਾਲਾਤਾਂ ਬਾਰੇ ਗੱਲਾਂ ਕਰ ਕੇ ਲੋਕਾਂ ਨੂੰ ਨਿਰਾਸ਼ ਨਹੀਂ ਕਰਦੇ। ਇਸ ਦੀ ਬਜਾਇ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਆਓ ਆਪਾਂ ਪੂਰੇ ਵਿਸ਼ਵਾਸ ਤੇ ਜੋਸ਼ ਨਾਲ ਦੂਸਰਿਆਂ ਨੂੰ ਇਹ ਚੰਗੀ ਖ਼ਬਰ ਦੇਈਏ ਤਾਂਕਿ ਸਾਡੀ ਆਪਣੀ ‘ਆਸ ਅੰਤ ਤੋੜੀ’ ਮਜ਼ਬੂਤ ਬਣੀ ਰਹੇ।—ਇਬ. 6:11.