ਅਸੀਂ “ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ”
1 ਫ਼ਿਲਿੱਪੀਆਂ 1:28 ਵਿਚ ਇਹ ਸ਼ਬਦ ਲਿਖਦਿਆਂ ਪੌਲੁਸ ਨੂੰ ਸ਼ਾਇਦ ਉਹ ਵਿਰੋਧਤਾ ਯਾਦ ਆ ਰਹੀ ਸੀ ਜਿਸ ਦਾ ਉਸ ਨੇ ਫ਼ਿਲਿੱਪੈ ਸ਼ਹਿਰ ਵਿਚ ਸਾਮ੍ਹਣਾ ਕੀਤਾ ਸੀ। (ਰਸੂ. 16:19-24) ਪਰ ਵਿਰੋਧੀਆਂ ਦੇ ਡਰ ਨੇ ਉਸ ਨੂੰ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਤੋਂ ਰੋਕਿਆ ਨਹੀਂ। ਅਸੀਂ ਉਸ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
2 ਜੇ ਪ੍ਰਚਾਰ ਦੇ ਕੰਮ ਵਿਚ ਵਿਰੋਧ ਕਰਨ ਵਾਲੇ ਸਾਨੂੰ ਘੇਰ ਲੈਣ ਜਾਂ ਥਾਣੇ ਲੈ ਜਾਣ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਭਾਵੇਂ ਕਿ ਹਰ ਸਥਿਤੀ ਵੱਖਰੀ ਹੁੰਦੀ ਹੈ, ਫਿਰ ਵੀ ਆਓ ਆਪਾਂ ਕੁਝ ਅਸੂਲਾਂ ਉੱਤੇ ਗੌਰ ਕਰੀਏ ਜੋ ਸਾਡੀ ਮਦਦ ਕਰ ਸਕਦੇ ਹਨ।
3 ਜੇ ਵਿਰੋਧੀ ਸਾਨੂੰ ਘੇਰ ਲੈਣ: ਜੇ ਹੋ ਸਕੇ, ਤਾਂ ਭੀੜ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਲਾਂਭੇ-ਚਾਂਭੇ ਹੋ ਜਾਓ। (ਰਸੂ. 14:6) ਜੇ ਉਹ ਤੁਹਾਨੂੰ ਇਹ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨ, ਤਾਂ ਆਪਣੇ ਮੋਬਾਇਲ ਫ਼ੋਨ ਤੋਂ ਪੁਲਸ ਨੂੰ ਸੱਦੋ। ਨਹਮਯਾਹ ਦੀ ਤਰ੍ਹਾਂ ਯਹੋਵਾਹ ਅੱਗੇ ਉਸੇ ਵੇਲੇ ਬੇਨਤੀ ਕਰੋ। (ਨਹ. 2:4) ਰੱਬ ਦਾ ਵਾਸਤਾ ਪਾ ਕੇ ਭੀੜ ਜਾਂ ਉਸ ਦੇ ਲੀਡਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ। ਇਕ ਵਾਰ ਜਦੋਂ ਇਕ ਭੀੜ ਪੌਲੁਸ ਨੂੰ ਮਾਰ-ਮੁਕਾਉਣ ਤੇ ਤੁਲੀ ਹੋਈ ਸੀ, ਤਾਂ ਉਸ ਨੇ ਇਵੇਂ ਹੀ ਕੀਤਾ ਸੀ।—ਰਸੂ. 21:27 ਤੋਂ 22:30.
4 ਉਦੋਂ ਕੀ ਜੇ ਤੁਹਾਨੂੰ ਧਮਕੀ ਦਿੱਤੀ ਜਾਵੇ ਜਾਂ ਕੁੱਟਿਆ-ਮਾਰਿਆ ਜਾਵੇ? ਕੀ ਤੁਹਾਨੂੰ ਆਪਣੇ ਬਚਾਅ ਲਈ ਹੱਥ ਉਠਾਉਣਾ ਚਾਹੀਦਾ ਹੈ? ਇਹ ਨਿੱਜੀ ਮਾਮਲਾ ਹੈ। ਤੁਸੀਂ ਇਸ ਵਿਸ਼ੇ ਉੱਤੇ ਰਿਸਰਚ ਕਰ ਸਕਦੇ ਹੋ। ਮਿਸਾਲ ਲਈ, ਤੁਸੀਂ ਇਹ ਲੇਖ ਪੜ੍ਹ ਸਕਦੇ ਹੋ: “ਖ਼ਤਰਨਾਕ ਦੁਨੀਆਂ ਵਿਚ ਅਪਰਾਧ ਨਾਲ ਨਜਿੱਠਣਾ” (ਪਹਿਰਾਬੁਰਜ [ਅੰਗ੍ਰੇਜ਼ੀ] 1 ਮਈ 1991, ਸਫ਼ੇ 4-7) ਅਤੇ “ਕੀ ਮੈਨੂੰ ਸੈੱਲਫ-ਡਿਫੈਨਸ ਸਿੱਖਣਾ ਚਾਹੀਦਾ ਹੈ?” (ਜਾਗਰੂਕ ਬਣੋ! [ਅੰਗ੍ਰੇਜ਼ੀ] 22 ਸਤੰਬਰ 1995, ਸਫ਼ੇ 12-14)। ਕਿਉਂ ਨਾ ਪਹਿਲਾਂ ਹੀ ਇਨ੍ਹਾਂ ਲੇਖਾਂ ਨੂੰ ਪੜ੍ਹੋ?
5 ਜੇ ਥਾਣੇ ਲਿਜਾਇਆ ਜਾਵੇ: ਸ਼ਾਂਤੀ ਨਾਲ ਦੂਸਰਿਆਂ ਨੂੰ ਪ੍ਰਚਾਰ ਕਰ ਕੇ ਤੁਸੀਂ ਕਾਨੂੰਨ ਨਹੀਂ ਤੋੜ ਰਹੇ। ਇਵੇਂ ਕਰਨਾ ਹਰ ਵਿਅਕਤੀ ਦਾ ਕਾਨੂੰਨੀ ਹੱਕ ਹੈ। ਜੇ ਪੁਲਸ ਤੁਹਾਨੂੰ ਪ੍ਰਚਾਰ ਦੇ ਕੰਮ ਬਾਰੇ ਸਵਾਲ ਪੁੱਛੇ, ਤਾਂ ਤੁਸੀਂ ਆਦਰ ਨਾਲ ਇਹ ਗੱਲ ਸਮਝਾ ਸਕਦੇ ਹੋ। ਇਹ ਵੀ ਦੱਸੋ ਕਿ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣ ਲਈ ਤੁਹਾਨੂੰ ਨਾ ਤਨਖ਼ਾਹ ਮਿਲਦੀ ਹੈ ਤੇ ਨਾ ਹੀ ਤੁਸੀਂ ਕਿਸੇ ਨੂੰ ਧਰਮ ਬਦਲਣ ਲਈ ਕੋਈ ਲਾਲਚ ਪੇਸ਼ ਕਰਦੇ ਹੋ।
6 ਜੇ ਪੁਲਸ ਵਾਲੇ ਤੁਹਾਡੇ ਨਾਲ ਬੁਰਾ ਵਰਤਾਅ ਕਰਨ, ਤਾਂ ਉਨ੍ਹਾਂ ਨੂੰ ਆਦਰ ਨਾਲ ਯਾਦ ਕਰਾਓ ਕਿ ਤੁਹਾਡੀ ਰੱਖਿਆ ਕਰਨੀ ਉਨ੍ਹਾਂ ਦਾ ਫ਼ਰਜ਼ ਹੈ। ਜੇ ਲੋੜ ਪਵੇ, ਤਾਂ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰੋ। (ਰੋਮੀ. 13:3, 4; ਉਪ. 5:8) ਸ਼ਾਂਤ ਰਹੋ ਤੇ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਨਾਲ ਹੈ।—ਲੂਕਾ 12:11, 12.
7 ਜੇ ਪੁਲਸ ਤੁਹਾਨੂੰ ਕਿਸੇ ਕਾਗਜ਼-ਪੱਤਰ ਤੇ ਦਸਤਖਤ ਕਰਨ ਲਈ ਕਹੇ, ਤਾਂ ਪਹਿਲਾਂ ਸਭ ਕੁਝ ਧਿਆਨ ਨਾਲ ਪੜ੍ਹੋ ਅਤੇ ਜੇ ਸਾਰੀਆਂ ਗੱਲਾਂ ਤੁਹਾਨੂੰ ਸੱਚ ਲੱਗਣ ਫਿਰ ਹੀ ਦਸਤਖਤ ਕਰੋ। ਅਜਿਹੇ ਕਿਸੇ ਕਾਗਜ਼-ਪੱਤਰ ਤੇ ਦਸਤਖਤ ਨਾ ਕਰੋ ਜਿਸ ਉੱਤੇ ਲਿਖਿਆ ਹੋਵੇ ਕਿ ਤੁਸੀਂ ਅਗਾਹਾਂ ਤੋਂ ਦੂਸਰਿਆਂ ਨੂੰ ਪ੍ਰਚਾਰ ਨਹੀਂ ਕਰੋਗੇ। ਜੇ ਤੁਹਾਡੇ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ, ਤਾਂ ਪੁੱਛੋ ਕਿ ਕਿਸ ਧਾਰਾ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ। ਜੇ ਵਿਰੋਧੀਆਂ ਨੇ ਤੁਹਾਡੇ ਨਾਲ ਹੱਥੋ-ਪਾਈ ਕੀਤੀ ਹੈ, ਤਾਂ ਉਨ੍ਹਾਂ ਖ਼ਿਲਾਫ਼ ਕੇਸ ਲਿਆਉਣ ਦਾ ਆਪਣਾ ਹੱਕ ਜਤਾਓ। ਜੇ ਤੁਸੀਂ ਜ਼ਖ਼ਮੀ ਹੋਏ ਹੋ, ਤਾਂ ਪੁਲਸ ਉੱਤੇ ਜ਼ੋਰ ਪਾਓ ਕਿ ਉਹ ਤੁਹਾਨੂੰ ਡਾਕਟਰ ਕੋਲ ਜਾਂ ਹਸਪਤਾਲ ਲੈ ਕੇ ਜਾਣ।
8 ਯਹੋਵਾਹ ਉੱਤੇ ਭਰੋਸਾ ਰੱਖੋ: ਯਾਦ ਰੱਖੋ ਕਿ ਯਿਸੂ ਨੇ ਕਿਹਾ ਸੀ ਕਿ ਸਾਨੂੰ ਸ਼ਾਇਦ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇ ਜਾਂ ਕਚਹਿਰੀਆਂ ਵਿਚ ਲਿਜਾਇਆ ਜਾਵੇ। (ਮੱਤੀ 10:17, 18) ਜੇ ਤੁਹਾਡਾ ਵਿਰੋਧ ਕੀਤਾ ਜਾਵੇ, ਤਾਂ ਘਬਰਾਉਣ ਦੀ ਬਜਾਇ ਯਹੋਵਾਹ ਤੋਂ ਮਦਦ ਮੰਗੋ ਤੇ ਭਰੋਸਾ ਰੱਖੋ ਕਿ ਉਹ ਤੁਹਾਡੀ ਜ਼ਰੂਰ ਸੁਣੇਗਾ। ਇਸ ਤੋਂ ਇਲਾਵਾ ਇਹ ਵੀ ਪ੍ਰਾਰਥਨਾ ਕਰੋ ਕਿ ਅਧਿਕਾਰੀ ਸਾਨੂੰ ‘ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗਣ’ ਦੀ ਇਜਾਜ਼ਤ ਦੇਣ। (1 ਤਿਮੋ. 2:1, 2) ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਬਾਰੇ ਪ੍ਰਚਾਰ ਕਰਦਿਆਂ ਉਹ ਸਾਨੂੰ ਵਿਰੋਧਤਾ ਦਾ ਸਾਮ੍ਹਣਾ ਕਰਨ ਦੀ ਤਾਕਤ ਦੇਵੇਗਾ।