ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਕਰਨ ਲਈ ਇਕ ਖ਼ਾਸ ਦਿਨ
1 ਜਨਵਰੀ ਤੋਂ ਲੈ ਕੇ ਸਾਰੀਆਂ ਕਲੀਸਿਯਾਵਾਂ ਹਰ ਮਹੀਨੇ ਇਕ ਵੀਕ-ਐਂਡ ʼਤੇ ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਕਰਨਗੀਆਂ। ਇਸ ਦੇ ਲਈ ਇਕ ਸ਼ਨੀਵਾਰ ਜਾਂ ਐਤਵਾਰ ਚੁਣਿਆ ਜਾ ਸਕਦਾ ਹੈ ਜੋ ਭੈਣਾਂ-ਭਰਾਵਾਂ ਲਈ ਸਭ ਤੋਂ ਢੁਕਵਾਂ ਹੋਵੇ। ਜੇ ਉਸ ਦਿਨ ਕੋਈ ਸਟੱਡੀ ਕਰਨ ਲਈ ਰਾਜ਼ੀ ਨਾ ਵੀ ਹੋਵੇ, ਫਿਰ ਵੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਜਾਂ ਨਵੇਂ ਰਸਾਲੇ ਪੇਸ਼ ਕੀਤੇ ਜਾ ਸਕਦੇ ਹਨ। ਸਾਰੇ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਇਸ ਕੰਮ ਵਿਚ ਪੂਰਾ ਹਿੱਸਾ ਲੈ ਕੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਿਚ ਪਬਲੀਸ਼ਰਾਂ ਦੀ ਮਦਦ ਕਰਨੀ ਚਾਹੀਦੀ ਹੈ।
2 ਕਲੀਸਿਯਾ ਦੀ ਸੇਵਾ ਕਮੇਟੀ ਇਹ ਫ਼ੈਸਲਾ ਕਰੇਗੀ ਕਿ ਕਿਹੜੇ ਵੀਕ-ਐਂਡ ਨੂੰ ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਸਮੇਂ-ਸਮੇਂ ਤੇ ਭੈਣਾਂ-ਭਰਾਵਾਂ ਨੂੰ ਇਸ ਪ੍ਰਬੰਧ ਬਾਰੇ ਯਾਦ ਕਰਾਓ ਤਾਂਕਿ ਉਹ ਘਰ-ਘਰ ਪ੍ਰਚਾਰ ਕਰਨ ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਜਾ ਕੇ ਮਿਲਣ ਤੋਂ ਪਹਿਲਾਂ ਪੂਰੀ ਤਿਆਰੀ ਕਰ ਸਕਣ ਤੇ ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਕਰ ਸਕਣ।
3 ਤਿਆਰੀ ਕਿਵੇਂ ਕਰੀਏ: ਅਸੀਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਜਨਵਰੀ 2006 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਅਤੇ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦੇ ਸਫ਼ਾ 2 ਉੱਤੇ ਦਿੱਤੇ ਸੁਝਾਅ ਵਰਤ ਸਕਦੇ ਹਾਂ। ਤੁਸੀਂ ਕੀ ਤੁਸੀਂ ਸੱਚਾਈ ਜਾਣਨਾ ਚਾਹੁੰਦੇ ਹੋ? ਨਾਮਕ ਟ੍ਰੈਕਟ ਵੀ ਵਰਤ ਸਕਦੇ ਹੋ। ਇਸ ਤੋਂ ਇਲਾਵਾ, ਅਗਸਤ 2007 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 3 ਉੱਤੇ ਰਸਾਲੇ ਲੈਣ ਵਾਲਿਆਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਸੁਝਾਅ ਦਿੱਤੇ ਗਏ ਹਨ। ਪ੍ਰਚਾਰ ਸੇਵਾ ਵਿਚ ਜਾਣ ਤੋਂ ਪਹਿਲਾਂ ਬਜ਼ੁਰਗ ਜਾਂ ਸਹਾਇਕ ਸੇਵਕ 10-15 ਮਿੰਟਾਂ ਦੀ ਛੋਟੀ ਜਿਹੀ ਮੀਟਿੰਗ ਕਰਨਗੇ ਜਿਸ ਵਿਚ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਇਕ-ਦੋ ਵਧੀਆ ਸੁਝਾਵਾਂ ਦੀ ਚਰਚਾ ਕੀਤੀ ਜਾਵੇਗੀ ਜਾਂ ਪ੍ਰਦਰਸ਼ਨ ਦਿਖਾਏ ਜਾਣਗੇ। ਇਹ ਵੀ ਚੰਗਾ ਹੋਵੇਗਾ ਕਿ ਅਸੀਂ ਸਾਡੀ ਰਾਜ ਸੇਵਕਾਈ ਦੇ ਹਾਲ ਹੀ ਦੇ ਅੰਕਾਂ ਵਿਚ ਦਿੱਤੇ ਸੁਝਾਵਾਂ ਨੂੰ ਧਿਆਨ ਵਿਚ ਰੱਖੀਏ ਅਤੇ ਸਮਝਦਾਰੀ ਤੋਂ ਕੰਮ ਲਈਏ ਜਦੋਂ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ।
4 ਅਸੀਂ ਜਾਣਦੇ ਹਾਂ ਕਿ ਸਾਰੇ ਜਣੇ ਬਾਈਬਲ ਸਟੱਡੀ ਨਹੀਂ ਕਰਨੀ ਚਾਹੁਣਗੇ ਤੇ ਕਈ ਲੋਕ ਸਟੱਡੀ ਜਾਰੀ ਨਹੀਂ ਰੱਖਣੀ ਚਾਹੁਣਗੇ। ਪਰ ਸਾਨੂੰ ਝਿਜਕਣਾ ਨਹੀਂ ਚਾਹੀਦਾ ਕਿਉਂਕਿ ਯਹੋਵਾਹ ਹੀ ਭੇਡਾਂ ਵਰਗੇ ਲੋਕਾਂ ਨੂੰ ਆਪਣੀ ਸੰਸਥਾ ਵੱਲ ਖਿੱਚ ਰਿਹਾ ਹੈ। (ਯੂਹੰ. 6:44) ਯਹੋਵਾਹ ਨੇ ਨਾ ਸਿਰਫ਼ ਸਾਨੂੰ ਸੱਚਾਈ ਦੇ ਬੀ ਬੀਜਣ ਦੀ ਜ਼ਿੰਮੇਵਾਰੀ ਦਿੱਤੀ ਹੈ, ਸਗੋਂ ਬੂਟਿਆਂ ਨੂੰ ਸਿੰਜਣ ਤੇ ਉਨ੍ਹਾਂ ਦੀ ਦੇਖ-ਭਾਲ ਕਰਨ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ। ਕਹਿਣ ਦਾ ਭਾਵ ਹੈ ਕਿ ਸਾਨੂੰ ਨੇਕਦਿਲ ਲੋਕਾਂ ਨੂੰ ਸਟੱਡੀਆਂ ਵੀ ਕਰਾਉਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕਰ ਕੇ ਸਾਨੂੰ ਪਰਮੇਸ਼ੁਰ ਨਾਲ ਕੰਮ ਕਰਨ ਦਾ ਸਨਮਾਨ ਮਿਲਦਾ ਹੈ।—1 ਕੁਰਿੰ. 3:9.