ਭਾਗ 12—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਬਾਈਬਲ ਸਟੱਡੀਆਂ ਸ਼ੁਰੂ ਕਰਨ ਤੇ ਜਾਰੀ ਰੱਖਣ ਵਿਚ ਵਿਦਿਆਰਥੀਆਂ ਦੀ ਮਦਦ ਕਰਨੀ
1 ਜਦੋਂ ਸਾਡੇ ਬਾਈਬਲ ਵਿਦਿਆਰਥੀ ਪ੍ਰਚਾਰ ਕਰਨ ਲੱਗਦੇ ਹਨ, ਤਾਂ ਉਹ ਸ਼ਾਇਦ ਬਾਈਬਲ ਸਟੱਡੀਆਂ ਸ਼ੁਰੂ ਕਰਨ ਤੇ ਜਾਰੀ ਰੱਖਣ ਦੇ ਵਿਚਾਰ ਤੋਂ ਹੀ ਘਬਰਾਉਣ। ਅਸੀਂ ਉਨ੍ਹਾਂ ਵਿਚ ਭਰੋਸਾ ਕਿਵੇਂ ਪੈਦਾ ਕਰ ਸਕਦੇ ਹਾਂ ਤਾਂਕਿ ਉਹ ਸੇਵਕਾਈ ਦਾ ਇਹ ਜ਼ਰੂਰੀ ਕੰਮ ਕਰਨ ਤੋਂ ਨਾ ਘਬਰਾਉਣ?—ਮੱਤੀ 24:14; 28:19, 20.
2 ਜਦੋਂ ਵਿਦਿਆਰਥੀ ਪ੍ਰਕਾਸ਼ਕ ਬਣਦਾ ਹੈ, ਤਾਂ ਸੰਭਵ ਹੈ ਕਿ ਉਹ ਦੈਵ-ਸ਼ਾਸਕੀ ਸੇਵਕਾਈ ਸਕੂਲ ਤੋਂ ਪੂਰਾ-ਪੂਰਾ ਫ਼ਾਇਦਾ ਲੈ ਰਿਹਾ ਹੈ। ਉਹ ਸਕੂਲ ਵਿਚ ਆਪਣੀ ਪੇਸ਼ਕਾਰੀ ਤਿਆਰ ਕਰਨੀ ਅਤੇ ਉਸ ਨੂੰ ਪੇਸ਼ ਕਰਨੀ ਸਿੱਖਦਾ ਹੈ। ਇਹ ਸਿਖਲਾਈ ਉਸ ਵਿਚ ਦੂਸਰਿਆਂ ਨੂੰ ਸਿਖਾਉਣ ਦਾ ਹੁਨਰ ਪੈਦਾ ਕਰਦੀ ਹੈ ਜੋ “ਅਜਿਹਾ ਕਾਰੀਗਰ” ਬਣਨ ਲਈ ਜ਼ਰੂਰੀ ਹੈ “ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।”—2 ਤਿਮੋ. 2:15.
3 ਆਪਣੀ ਮਿਸਾਲ ਦੁਆਰਾ ਸਿਖਾਓ: ਯਿਸੂ ਨੇ ਆਪਣੇ ਚੇਲਿਆਂ ਨੂੰ ਸਪੱਸ਼ਟ ਹਿਦਾਇਤਾਂ ਦੇ ਕੇ ਅਤੇ ਚੰਗੀ ਮਿਸਾਲ ਕਾਇਮ ਕਰ ਕੇ ਉਨ੍ਹਾਂ ਨੂੰ ਸਿਖਲਾਈ ਦਿੱਤੀ। ਉਸ ਨੇ ਕਿਹਾ: “ਸਿਖਿਆ ਲੈਣ ਪਿੱਛੋਂ [ਚੇਲਾ] ਗੁਰੂ ਵਰਗਾ ਹੋ ਜਾਂਦਾ ਹੈ।” (ਲੂਕਾ 6:40, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਿਸੂ ਦੀ ਰੀਸ ਕਰਦਿਆਂ ਸੇਵਕਾਈ ਵਿਚ ਚੰਗੀ ਮਿਸਾਲ ਕਾਇਮ ਕਰਨੀ ਬਹੁਤ ਜ਼ਰੂਰੀ ਹੈ। ਸੇਵਕਾਈ ਵਿਚ ਤੁਹਾਡੀ ਚੰਗੀ ਮਿਸਾਲ ਦੇਖ ਕੇ ਤੁਹਾਡਾ ਵਿਦਿਆਰਥੀ ਸਮਝ ਜਾਵੇਗਾ ਕਿ ਪੁਨਰ-ਮੁਲਾਕਾਤਾਂ ਬਾਈਬਲ ਸਟੱਡੀ ਸ਼ੁਰੂ ਕਰਨ ਦੇ ਮਕਸਦ ਨਾਲ ਕੀਤੀਆਂ ਜਾਂਦੀਆਂ ਹਨ।
4 ਵਿਦਿਆਰਥੀ ਨੂੰ ਦੱਸੋ ਕਿ ਸਟੱਡੀ ਪੇਸ਼ ਕਰਨ ਵੇਲੇ ਘਰ-ਸੁਆਮੀ ਨੂੰ ਸਟੱਡੀ ਬਾਰੇ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਹੈ। ਪ੍ਰਕਾਸ਼ਨ ਵਿੱਚੋਂ ਸਿਰਫ਼ ਇਕ ਜਾਂ ਦੋ ਪੈਰੇ ਵਰਤ ਕੇ ਦਿਖਾਇਆ ਜਾ ਸਕਦਾ ਹੈ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਇਸ ਦੇ ਲਈ ਤੁਸੀਂ ਇਸ ਅੰਕ ਦੇ ਸਫ਼ਾ 8 ਅਤੇ ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 6 ਉੱਤੇ ਦਿੱਤੇ ਗਏ ਸੁਝਾਅ ਦੇਖ ਸਕਦੇ ਹੋ।
5 ਜਦੋਂ ਵੀ ਢੁਕਵਾਂ ਹੋਵੇ, ਤੁਸੀਂ ਵਿਦਿਆਰਥੀ ਨੂੰ ਆਪਣੀਆਂ ਸਟੱਡੀਆਂ ਤੇ ਲੈ ਜਾ ਸਕਦੇ ਹੋ ਜਾਂ ਉਸ ਨੂੰ ਦੂਸਰੇ ਤਜਰਬੇਕਾਰ ਪ੍ਰਕਾਸ਼ਕ ਨਾਲ ਜਾਣ ਲਈ ਕਹੋ। ਸਟੱਡੀ ਦੌਰਾਨ ਉਹ ਕਿਸੇ ਪੈਰੇ ਤੇ ਜਾਂ ਮੁੱਖ ਆਇਤ ਤੇ ਟਿੱਪਣੀ ਕਰ ਸਕਦਾ ਹੈ। ਇਸ ਤਰ੍ਹਾਂ ਦੂਜਿਆਂ ਦੇ ਸਟੱਡੀ ਕਰਾਉਣ ਦੇ ਤਰੀਕੇ ਨੂੰ ਦੇਖ ਕੇ ਵਿਦਿਆਰਥੀ ਸਟੱਡੀਆਂ ਕਰਾਉਣੀਆਂ ਸਿੱਖ ਸਕੇਗਾ। (ਕਹਾ. 27:17; 2 ਤਿਮੋ. 2:2) ਉਸ ਦੀ ਤਾਰੀਫ਼ ਕਰੋ ਅਤੇ ਦੱਸੋ ਕਿ ਉਹ ਆਪਣੇ ਸਿਖਾਉਣ ਦੇ ਤਰੀਕੇ ਨੂੰ ਕਿਵੇਂ ਸੁਧਾਰ ਸਕਦਾ ਹੈ।
6 ਨਵੇਂ ਪ੍ਰਕਾਸ਼ਕਾਂ ਨੂੰ ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕ ਬਣਨ ਦੀ ਸਿਖਲਾਈ ਦੇਣ ਨਾਲ ਉਹ ਖ਼ੁਦ ਸਟੱਡੀਆਂ ਸ਼ੁਰੂ ਕਰ ਕੇ ਇਨ੍ਹਾਂ ਨੂੰ ਜਾਰੀ ਰੱਖ ਸਕਣਗੇ। (2 ਤਿਮੋ. 3:17) ਸਾਨੂੰ ਬਹੁਤ ਖ਼ੁਸ਼ੀ ਮਿਲੇਗੀ ਜਦੋਂ ਅਸੀਂ ਉਨ੍ਹਾਂ ਨਾਲ ਮਿਲ ਕੇ ਲੋਕਾਂ ਨੂੰ ਇਹ ਸੱਦਾ ਦੇਵਾਂਗੇ: “ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ”!—ਪਰ. 22:17.