ਆਪਣੀਆਂ ਬਾਈਬਲ ਸਟੱਡੀਆਂ ਨੂੰ ਆਪਣਾ ਸਭ ਕੁਝ ਦੇਣਾ
1. ਬਾਈਬਲ ਸਟੱਡੀ ਦੀ ਮਦਦ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
1 ਜੇ ਅਸੀਂ ਸਮਰਪਣ ਦਾ ਕਦਮ ਚੁੱਕਣ ਲਈ ਕਿਸੇ ਦੀ ਮਦਦ ਕਰਨੀ ਹੈ, ਤਾਂ ਉਸ ਨਾਲ ਸਿਰਫ਼ ਸਟੱਡੀ ਕਰਨੀ ਬਥੇਰੀ ਨਹੀਂ ਹੈ। ਪੌਲੁਸ ਰਸੂਲ ਨਵੇਂ ਚੇਲਿਆਂ ਨਾਲ ਇੰਨਾ ਪਿਆਰ ਕਰਦਾ ਸੀ ਜਿੰਨਾ ਇਕ ਦੁੱਧ ਚੁੰਘਾਉਂਦੀ ਮਾਂ ਆਪਣੇ ਬੱਚੇ ਨਾਲ ਪਿਆਰ ਕਰਦੀ ਹੈ। ਅਸੀਂ ਵੀ ਆਪਣੀਆਂ ਸਟੱਡੀਆਂ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਅਸੀਂ ਉਨ੍ਹਾਂ ਦੀ ਖ਼ਾਤਰ ‘ਆਪਣੀਆਂ ਜਾਨਾਂ ਦੇਣ’ ਯਾਨੀ ਆਪਣਾ ਸਮਾਂ ਅਤੇ ਤਾਕਤ ਦੇਣ ਲਈ ਤਿਆਰ ਹੁੰਦੇ ਹਾਂ ਤਾਂਕਿ ਉਹ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਣ।—1 ਥੱਸ. 2:7-9.
2. ਸਾਨੂੰ ਆਪਣੇ ਸਟੂਡੈਂਟ ਵਿਚ ਨਿੱਜੀ ਦਿਲਚਸਪੀ ਕਿਉਂ ਅਤੇ ਕਿਵੇਂ ਦਿਖਾਉਣੀ ਚਾਹੀਦੀ ਹੈ?
2 ਉਨ੍ਹਾਂ ਵਿਚ ਦਿਲਚਸਪੀ ਲਓ: ਜਿਉਂ-ਜਿਉਂ ਨਵਾਂ ਚੇਲਾ ਸਿੱਖੀਆਂ ਗੱਲਾਂ ਨੂੰ ਲਾਗੂ ਕਰਦਾ ਹੈ, ਉਸ ਦੀ ਜ਼ਮੀਰ ਉਸ ਨੂੰ ਦੱਸੇਗੀ ਕਿ ਉਨ੍ਹਾਂ ਲੋਕਾਂ ਨਾਲ ਮੇਲ-ਜੋਲ ਰੱਖਣਾ ਠੀਕ ਨਹੀਂ ਹੋਵੇਗਾ ਜੋ ਬਾਈਬਲ ਦੇ ਅਸੂਲਾਂ ʼਤੇ ਨਹੀਂ ਚੱਲਦੇ। (1 ਪਤ. 4:4) ਹੋ ਸਕਦਾ ਹੈ ਕਿ ਉਸ ਦਾ ਪਰਿਵਾਰ ਵੀ ਉਸ ਤੋਂ ਮੂੰਹ ਫੇਰ ਲਵੇ। (ਮੱਤੀ 10:34-36) ਅਸੀਂ ਉਸ ਵਿਚ ਨਿੱਜੀ ਦਿਲਚਸਪੀ ਦਿਖਾ ਕੇ ਪਿਆਰ ਨਾਲ ਉਸ ਦਾ ਦੁੱਖ ਵਟਾ ਸਕਦੇ ਹਾਂ। ਇਕ ਤਜਰਬੇਕਾਰ ਮਿਸ਼ਨਰੀ ਭਰਾ ਨੇ ਕਿਹਾ: “ਸਟੱਡੀ ਖ਼ਤਮ ਕਰਨ ਤੋਂ ਬਾਅਦ ਛੇਤੀ-ਛੇਤੀ ਜਾਣ ਦੀ ਨਾ ਸੋਚੋ। ਜੇ ਠੀਕ ਲੱਗੇ ਤਾਂ ਥੋੜ੍ਹਾ ਚਿਰ ਰੁਕ ਕੇ ਗੱਲਾਂ-ਬਾਤਾਂ ਕਰੋ।” ਸ਼ਾਇਦ ਉਸ ਨੂੰ ਕਿਸੇ ਕੰਮ ਵਿਚ ਮਦਦ ਦੀ ਲੋੜ ਹੋਵੋ। ਮਿਸਾਲ ਲਈ, ਜੇ ਉਹ ਬੀਮਾਰ ਹੋਵੇ ਤਾਂ ਕੀ ਤੁਸੀਂ ਉਸ ਦੀ ਖ਼ਬਰ ਲੈਣ ਲਈ ਜਾ ਸਕਦੇ ਹੋ ਜਾਂ ਟੈਲੀਫ਼ੋਨ ਕਰ ਸਕਦੇ ਹੋ? ਕੀ ਤੁਸੀਂ ਮੀਟਿੰਗਾਂ ਵਿਚ ਆਪਣੇ ਸਟੂਡੈਂਟ ਨਾਲ ਬੈਠ ਕੇ ਬੱਚਿਆਂ ਦੀ ਦੇਖ-ਭਾਲ ਕਰ ਸਕਦੇ ਹੋ?
3. ਅਸੀਂ ਕੀ ਕੁਝ ਕਰ ਸਕਦੇ ਹਾਂ ਤਾਂਕਿ ਸਾਡੀ ਸਟੱਡੀ ਨੂੰ ਕਲੀਸਿਯਾ ਤੋਂ ਹੌਸਲਾ ਮਿਲੇ?
3 ਕਲੀਸਿਯਾ ਤੋਂ ਮਦਦ: ਜੇ ਤੁਸੀਂ ਆਪਣੀ ਬਾਈਬਲ ਸਟੱਡੀ ਦੇ ਘਰ ਲਾਗੇ ਪ੍ਰਚਾਰ ਕਰ ਰਹੇ ਹੋ, ਤਾਂ ਇਕ-ਦੋ ਮਿੰਟ ਕੱਢ ਕੇ ਕਿਉਂ ਨਾ ਦੂਸਰੇ ਭੈਣਾਂ-ਭਰਾਵਾਂ ਨੂੰ ਉਸ ਨਾਲ ਮਿਲਾ ਦਿਓ? ਜੇ ਹੋ ਸਕੇ, ਤਾਂ ਤੁਸੀਂ ਸਮੇਂ-ਸਮੇਂ ਤੇ ਵੱਖੋ-ਵੱਖਰੇ ਪਬਲੀਸ਼ਰਾਂ ਜਾਂ ਬਜ਼ੁਰਗਾਂ ਨੂੰ ਸਟੱਡੀ ਤੇ ਲੈ ਜਾ ਸਕਦੇ ਹੋ। ਸਟੱਡੀ ਸ਼ੁਰੂ ਕਰਨ ਤੋਂ ਜਲਦੀ ਹੀ ਬਾਅਦ ਆਪਣੇ ਬਾਈਬਲ ਸਟੂਡੈਂਟ ਨੂੰ ਕਿੰਗਡਮ ਹਾਲ ਤੇ ਮੀਟਿੰਗਾਂ ਵਿਚ ਬੁਲਾਓ। ਇਸ ਤਰ੍ਹਾਂ ਉਹ ਦੂਸਰਿਆਂ ਦੀ ਸੰਗਤ ਦਾ ਆਨੰਦ ਮਾਣ ਸਕਦਾ ਹੈ ਜੋ ਸ਼ਾਇਦ ਇਕ ਦਿਨ ਉਸ ਦੇ ਧਰਮ ਭਰਾ ਹੋਣਗੇ।—ਮਰ. 10:29, 30; ਇਬ. 10:24, 25.
4. ਸਾਨੂੰ ਆਪਣੀ ਮਿਹਨਤ ਦਾ ਫਲ ਕਿੱਦਾਂ ਮਿਲ ਸਕਦਾ ਹੈ?
4 ਜਦੋਂ ਮਾਪੇ ਮਿਹਨਤ ਕਰ-ਕਰ ਕੇ ਸੱਚਾਈ ਵਿਚ ਤਕੜੇ ਹੋਣ ਲਈ ਆਪਣੇ ਬੱਚਿਆਂ ਦੀ ਮਦਦ ਕਰਦੇ ਹਨ, ਤਾਂ ਉਹ ਕਿੰਨੇ ਖ਼ੁਸ਼ ਹੁੰਦੇ ਜਦੋਂ ਬੱਚੇ ਯਹੋਵਾਹ ਦਾ ਪੱਖ ਲੈ ਕੇ ਸੱਚਾਈ ʼਤੇ ਚੱਲਦੇ ਹਨ। (3 ਯੂਹੰਨਾ 4) ਅਸੀਂ ਵੀ ਅਜਿਹੀ ਖ਼ੁਸ਼ੀ ਪਾ ਸਕਦੇ ਹਾਂ ਜੇ ਅਸੀਂ ਆਪਣੇ ਬਾਈਬਲ ਸਟੂਡੈਂਟਸ ਦੇ ਨਿਮਿੱਤ ਆਪਣਾ ਸਭ ਕੁਝ ਦੇਣ ਲਈ ਤਿਆਰ ਰਹੀਏ।