ਪ੍ਰਸ਼ਨ ਡੱਬੀ
◼ ਕੀ ਯਹੋਵਾਹ ਦੇ ਗਵਾਹਾਂ ਨੂੰ ਭਾਸ਼ਣ ਰਿਕਾਰਡ ਕਰ ਕੇ ਜਾਂ ਟਾਈਪ ਕਰ ਕੇ ਕਾਪੀਆਂ ਆਪਸ ਵਿਚ ਵੰਡਣੀਆਂ ਚਾਹੀਦੀਆਂ ਹਨ?
ਬਾਈਬਲ ਦੇ ਭਾਸ਼ਣ ਸੁਣ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਹੌਸਲਾ ਮਿਲਦਾ ਹੈ। (ਰਸੂ. 15:32) ਇਸ ਕਰਕੇ ਇਹ ਕੁਦਰਤੀ ਗੱਲ ਹੈ ਕਿ ਅਸੀਂ ਅਜਿਹੀ ਵਧੀਆ ਜਾਣਕਾਰੀ ਉਨ੍ਹਾਂ ਭੈਣਾਂ-ਭਰਾਵਾਂ ਨਾਲ ਵੀ ਸਾਂਝੀ ਕਰਨੀ ਚਾਹੁੰਦੇ ਹਾਂ ਜੋ ਮੀਟਿੰਗ ਵਿਚ ਹਾਜ਼ਰ ਨਹੀਂ ਹੋ ਸਕੇ। ਅੱਜ-ਕੱਲ੍ਹ ਨਵੀਂ-ਤੋਂ-ਨਵੀਂ ਤਕਨਾਲੋਜੀ ਸਦਕਾ ਇਕ ਭਾਸ਼ਣ ਝੱਟ ਰਿਕਾਰਡ ਕਰ ਕੇ ਦੂਸਰਿਆਂ ਨਾਲ ਵੰਡਿਆ ਜਾ ਸਕਦਾ ਹੈ। ਕਈ ਭੈਣ-ਭਰਾ ਕਾਫ਼ੀ ਰਿਕਾਰਡ ਕੀਤੇ ਭਾਸ਼ਣ ਜਮ੍ਹਾ ਰੱਖਦੇ ਹਨ ਜਿਨ੍ਹਾਂ ਵਿਚ ਕਈ ਸਾਲ ਪਹਿਲਾਂ ਦਿੱਤੇ ਭਾਸ਼ਣ ਵੀ ਹੁੰਦੇ ਹਨ। ਉਹ ਦੂਸਰਿਆਂ ਨੂੰ ਭਾਸ਼ਣਾਂ ਦੀਆਂ ਰਿਕਾਰਡਿੰਗਜ਼ ਸੁਣਨ ਲਈ ਦਿੰਦੇ ਹਨ ਜਾਂ ਆਪਣੇ ਦੋਸਤਾਂ ਨੂੰ ਇਨ੍ਹਾਂ ਦੀਆਂ ਕਾਪੀਆਂ ਬਣਾ ਕੇ ਵੰਡਦੇ ਹਨ। ਹੋਰਨਾਂ ਨੇ ਇੰਟਰਨੈੱਟ ʼਤੇ ਆਪਣੀਆਂ ਵੈੱਬ ਸਾਈਟਾਂ ਬਣਾ ਰੱਖੀਆਂ ਹਨ ਤੇ ਉਹ ਉੱਥੇ ਰਿਕਾਰਡਿੰਗਜ਼ ਲਾ ਦਿੰਦੇ ਹਨ ਜਿੱਥੋਂ ਕੋਈ ਵੀ ਉਨ੍ਹਾਂ ਨੂੰ ਉਤਾਰ ਸਕਦਾ ਹੈ।
ਆਪਣੇ ਲਈ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਭਾਸ਼ਣਾਂ ਨੂੰ ਰਿਕਾਰਡ ਕਰਨ ਵਿਚ ਕੋਈ ਹਰਜ਼ ਨਹੀਂ ਹੈ। ਇਸ ਤੋਂ ਇਲਾਵਾ ਬਜ਼ੁਰਗ ਕਲੀਸਿਯਾ ਦੇ ਉਨ੍ਹਾਂ ਬੀਮਾਰ ਭੈਣਾਂ-ਭਰਾਵਾਂ ਲਈ ਭਾਸ਼ਣ ਰਿਕਾਰਡ ਕਰਵਾ ਸਕਦੇ ਹਨ ਜੋ ਸਭਾਵਾਂ ਵਿਚ ਨਹੀਂ ਹਾਜ਼ਰ ਹੋ ਸਕਦੇ। ਪਰ ਸਾਨੂੰ ਦੂਜਿਆਂ ਨੂੰ ਭਾਸ਼ਣਾਂ ਦੀਆਂ ਰਿਕਾਰਡਿੰਗਜ਼ ਜਾਂ ਉਨ੍ਹਾਂ ਦੀਆਂ ਟਾਈਪ ਕਰ ਕੇ ਕਾਪੀਆਂ ਆਪਸ ਵਿਚ ਨਹੀਂ ਵੰਡਣੀਆਂ ਚਾਹੀਦੀਆਂ। ਕਿਉਂ?
ਭਾਸ਼ਣ ਅਕਸਰ ਸਥਾਨਕ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਦਿੱਤੇ ਜਾਂਦੇ ਹਨ। ਪਰ ਅਸੀਂ ਰਿਕਾਰਡ ਕੀਤਾ ਭਾਸ਼ਣ ਸੁਣ ਕੇ ਉਸ ਦਾ ਗ਼ਲਤ ਅਰਥ ਕੱਢ ਸਕਦੇ ਹਾਂ ਜੇ ਸਾਨੂੰ ਪਤਾ ਨਾ ਹੋਵੇ ਕਿ ਭਾਸ਼ਣ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅਸੀਂ ਪੂਰੇ ਵਿਸ਼ਵਾਸ ਨਾਲ ਇਹ ਵੀ ਨਹੀਂ ਕਹਿ ਸਕਦੇ ਹਾਂ ਭਾਸ਼ਣ ਕਦੋਂ ਤੇ ਕਿਸ ਨੇ ਦਿੱਤਾ ਸੀ। ਇਸ ਲਈ ਅਸੀਂ ਕਹਿ ਨਹੀਂ ਸਕਦੇ ਕਿ ਉਸ ਵਿਚ ਜਾਣਕਾਰੀ ਭਰੋਸੇਯੋਗ ਅਤੇ ਸਹੀ ਹੈ ਜਾਂ ਨਹੀਂ। (ਲੂਕਾ 1:1-4) ਨਾਲੇ ਭਾਸ਼ਣਾਂ ਦੀਆਂ ਰਿਕਾਰਡਿੰਗਜ਼ ਜਾਂ ਟਾਈਪ ਕਰ ਕੇ ਕਾਪੀਆਂ ਵੰਡਣ ਕਰਕੇ ਕੁਝ ਭਰਾ ਭਾਸ਼ਣਕਾਰਾਂ ਦੀ ਬੇਲੋੜ ਵਡਿਆਈ ਕਰਨ ਲੱਗ ਸਕਦੇ ਹਨ ਜਾਂ ਭਾਸ਼ਣਕਾਰ ਖ਼ੁਦ ਆਪਣੀ ਬੱਲੇ-ਬੱਲੇ ਸੁਣਨ ਦੇ ਪਰਤਾਵੇ ਵਿਚ ਪੈ ਸਕਦੇ ਹਨ।—1 ਕੁਰਿੰ. 3:5-7.
ਮਾਤਬਰ ਅਤੇ ਬੁੱਧਵਾਨ ਨੌਕਰ ਸਾਨੂੰ “ਵੇਲੇ ਸਿਰ” ਅਤੇ ਸਹੀ ਮਾਤਰਾ ਵਿਚ ਪਰਮੇਸ਼ੁਰ ਦੀ ਸਿੱਖਿਆ ਦੇਣ ਲਈ ਬਹੁਤ ਮਿਹਨਤ ਕਰਦਾ ਹੈ। (ਲੂਕਾ 12:42) ਇਸ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਦਿੱਤੇ ਜਾਣ ਵਾਲੇ ਭਾਸ਼ਣ ਅਤੇ ਸਾਡੀ ਆਪਣੀ jw.org ਵੈੱਬ ਸਾਈਟ ʼਤੇ ਆਡੀਓ ਰਿਕਾਰਡਿੰਗਜ਼ ਵੀ ਸ਼ਾਮਲ ਹਨ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਮਾਤਬਰ ਅਤੇ ਬੁੱਧਵਾਨ ਨੌਕਰ ਅਤੇ ਉਸ ਦੀ ਪ੍ਰਬੰਧਕ ਸਭਾ ਸਾਨੂੰ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਸਾਡੀਆਂ ਲੋੜਾਂ ਪੂਰੀਆਂ ਕਰਦੇ ਰਹਿਣਗੇ।—ਰਸੂ. 16:4, 5.