ਤੁਹਾਨੂੰ ਦੇਖ ਕੇ ਦੂਸਰੇ ਕੀ ਸਿੱਖਦੇ ਹਨ?
1. ਯਿਸੂ ਨੂੰ ਪ੍ਰਚਾਰ ਕਰਦਿਆਂ ਦੇਖ ਕੇ ਚੇਲਿਆਂ ਨੇ ਕੀ ਸਿੱਖਿਆ?
1 ਯਿਸੂ ਨੇ ਕਿਹਾ: “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ।” (ਮੱਤੀ 11:29) ਯਿਸੂ ਨੇ ਸਿਰਫ਼ ਸ਼ਬਦਾਂ ਰਾਹੀਂ ਨਹੀਂ, ਸਗੋਂ ਇਕ ਚੰਗੀ ਮਿਸਾਲ ਬਣ ਕੇ ਦੂਸਰਿਆਂ ਨੂੰ ਸਿਖਾਇਆ ਸੀ। ਜ਼ਰਾ ਸੋਚੋ ਕਿ ਉਸ ਦੇ ਚੇਲਿਆਂ ਨੇ ਉਸ ਨੂੰ ਦੇਖ ਕੇ ਕਿੰਨਾ ਕੁਝ ਸਿੱਖਿਆ ਹੋਣਾ। ਉਹ ਬਹੁਤ ਕੋਮਲ-ਦਿਲ ਵਾਲਾ ਤੇ ਦਿਆਲੂ ਬੰਦਾ ਸੀ ਜੋ ਦੂਸਰਿਆਂ ਨਾਲ ਪਿਆਰ ਕਰਦਾ ਸੀ। (ਮੱਤੀ 8:1-3; ਮਰ. 6:30-34) ਉਹ ਬਹੁਤ ਹਲੀਮ ਵੀ ਸੀ। (ਯੂਹੰਨਾ 13:2-5) ਯਿਸੂ ਦੇ ਨਾਲ ਪ੍ਰਚਾਰ ਕਰਦੇ ਹੋਏ ਉਸ ਦੇ ਚੇਲਿਆਂ ਨੇ ਦੇਖਿਆ ਕਿ ਉਹ ਦੂਸਰਿਆਂ ਨੂੰ ਸੱਚਾਈ ਸਿਖਾਉਣ ਵਿਚ ਕਿੰਨਾ ਮਿਹਨਤੀ ਤੇ ਅਸਰਕਾਰੀ ਸੀ। (ਲੂਕਾ 8:1; 21:37, 38) ਸਾਨੂੰ ਪ੍ਰਚਾਰ ਕਰਦੇ ਦੇਖ ਕੇ ਦੂਸਰਿਆਂ ਤੇ ਕਿਹੋ ਜਿਹਾ ਅਸਰ ਪੈਂਦਾ ਹੈ?
2. ਸੇਵਕਾਈ ਵਿਚ ਸਾਡੀ ਚੰਗੀ ਮਿਸਾਲ ਦਾ ਲੋਕਾਂ ʼਤੇ ਕਿੱਦਾਂ ਵਧੀਆ ਅਸਰ ਪੈਂਦਾ ਹੈ?
2 ਘਰ-ਮਾਲਕ: ਜਦੋਂ ਲੋਕ ਦੇਖਦੇ ਹਨ ਕਿ ਸਾਡਾ ਪਹਿਰਾਵਾ ਚੰਗਾ ਹੈ, ਅਸੀਂ ਉਨ੍ਹਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਹਾਂ ਤੇ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਾਂ, ਤਾਂ ਉਨ੍ਹਾਂ ʼਤੇ ਇਸ ਦਾ ਵਧੀਆ ਅਸਰ ਪੈਂਦਾ ਹੈ। (2 ਕੁਰਿੰ. 6:3; ਫ਼ਿਲਿ. 1:27) ਉਹ ਦੇਖ ਸਕਦੇ ਹਨ ਕਿ ਅਸੀਂ ਹਮੇਸ਼ਾ ਬਾਈਬਲ ਤੋਂ ਹਵਾਲੇ ਪੜ੍ਹ ਕੇ ਸੁਣਾਉਂਦੇ ਹਾਂ। ਉਹ ਇਹ ਵੀ ਨੋਟ ਕਰਦੇ ਹਨ ਕਿ ਅਸੀਂ ਬੜੇ ਅਦਬ ਨਾਲ ਉਨ੍ਹਾਂ ਦੀ ਗੱਲਬਾਤ ਸੁਣਦੇ ਹਾਂ। ਇਸ ਲਈ ਇਹ ਕਦੇ ਨਾ ਭੁੱਲੋ ਕਿ ਇਨ੍ਹਾਂ ਗੱਲਾਂ ਵਿਚ ਸਾਡੀ ਚੰਗੀ ਮਿਸਾਲ ਉਨ੍ਹਾਂ ਨੂੰ ਬਾਈਬਲ ਦਾ ਸੰਦੇਸ਼ ਸੁਣਨ ਲਈ ਪ੍ਰੇਰਿਤ ਕਰ ਸਕਦੀ ਹੈ।
3. ਅਸੀਂ ਭੈਣਾਂ-ਭਰਾਵਾਂ ʼਤੇ ਚੰਗਾ ਪ੍ਰਭਾਵ ਕਿੱਦਾਂ ਪਾ ਸਕਦੇ ਹਾਂ?
3 ਸਾਡੇ ਭੈਣ-ਭਰਾ: ਇਹ ਵੀ ਯਾਦ ਰੱਖੋ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ʼਤੇ ਵੀ ਵਧੀਆ ਅਸਰ ਪਾ ਸਕਦੇ ਹਾਂ। ਪ੍ਰਚਾਰ ਵਿਚ ਸਾਡਾ ਜੋਸ਼ ਦੂਸਰਿਆਂ ਦੇ ਜੋਸ਼ ਨੂੰ ਵਧਾਉਂਦਾ ਹੈ। ਜਿੱਦਾਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਉਸੇ ਤਰ੍ਹਾਂ ਜੇ ਅਸੀਂ ਚੰਗੀ ਤਰ੍ਹਾਂ ਪੇਸ਼ਕਾਰੀ ਤਿਆਰ ਕਰੀਏ, ਤਾਂ ਅਸੀਂ ਦੂਸਰੇ ਭੈਣਾਂ-ਭਰਾਵਾਂ ਨੂੰ ਪ੍ਰਚਾਰ ਵਿਚ ਆਪਣੇ ਹੁਨਰ ਤਿੱਖੇ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ। (ਕਹਾ. 27:17) ਜਦੋਂ ਅਸੀਂ ਦਿਲਚਸਪੀ ਦਿਖਾਉਣ ਵਾਲੇ ਲੋਕਾਂ ਬਾਰੇ ਧਿਆਨ ਨਾਲ ਨੋਟ ਲਿਖ ਕੇ ਉਨ੍ਹਾਂ ਨੂੰ ਜਲਦੀ ਦੁਬਾਰਾ ਮਿਲਣ ਜਾਂਦੇ ਹਾਂ, ਤਾਂ ਦੂਸਰੇ ਭੈਣ-ਭਰਾ ਵੀ ਇਵੇਂ ਕਰਨ ਲਈ ਉਕਸਾਏ ਜਾਂਦੇ ਹਨ। ਜਦੋਂ ਭੈਣ-ਭਰਾ ਦੇਖਦੇ ਹਨ ਕਿ ਅਸੀਂ ਲੋਕਾਂ ਦੇ ਦਰਾਂ ਤੇ ਸਮਝਦਾਰੀ ਨਾਲ ਗੱਲ ਕਰਦੇ ਹਾਂ, ਤਾਂ ਉਹ ਵੀ ਸਾਡੀ ਰੀਸ ਕਰਨੀ ਚਾਹੁਣਗੇ। ਅਸੀਂ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਿਆਂ ਕਰ ਕੇ ਆਪਣੇ ਭੈਣਾਂ-ਭਰਾਵਾਂ ʼਤੇ ਵਧੀਆ ਪ੍ਰਭਾਵ ਪਾ ਸਕਦੇ ਹਾਂ।—2 ਤਿਮੋ. 4:5.
4. ਸਾਨੂੰ ਸਮੇਂ-ਸਮੇਂ ਤੇ ਆਪਣੀ ਮਿਸਾਲ ʼਤੇ ਕਿਉਂ ਗੌਰ ਕਰਨਾ ਚਾਹੀਦਾ ਹੈ?
4 ਕਿਉਂ ਨਾ ਸਮੇਂ-ਸਮੇਂ ਤੇ ਆਪਣੀ ਮਿਸਾਲ ʼਤੇ ਗੌਰ ਕਰੋ ਕਿ ਤੁਸੀਂ ਕੀ ਕਹਿੰਦੇ ਤੇ ਕਰਦੇ ਹੋ ਅਤੇ ਤੁਹਾਡੀ ਮਿਸਾਲ ਵੱਲ ਦੇਖ ਕੇ ਦੂਸਰਿਆਂ ʼਤੇ ਕੀ ਅਸਰ ਪੈਂਦਾ ਹੈ? ਸਾਡੀ ਚੰਗੀ ਮਿਸਾਲ ਦੇਖ ਕੇ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ ਅਤੇ ਅਸੀਂ ਵੀ ਪੌਲੁਸ ਰਸੂਲ ਵਾਂਗ ਇਹ ਕਹਿ ਸਕਾਂਗੇ: “ਮੇਰੀ ਮਿਸਾਲ ਉੱਤੇ ਚੱਲੋ ਜਿਵੇਂ ਕਿ ਮੈਂ ਮਸੀਹ ਦੀ ਮਿਸਾਲ ਉੱਪਰ ਚਲਦਾ ਹਾਂ।”—1 ਕੁਰਿੰ. 11:1, ERV.