ਸਿੱਖਿਆ ਦੇਣ ਦੇ ਤਰੀਕੇ ਨੂੰ ਸੁਧਾਰਨ ਦੇ ਤਿੰਨ ਸੁਝਾਅ
1. ਸਾਨੂੰ ਆਪਣੇ ਸਿੱਖਿਆ ਦੇਣ ਦੇ ਤਰੀਕੇ ਨੂੰ ਸੁਧਾਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
1 ਸਾਰੇ ਪਬਲੀਸ਼ਰ ਸਿੱਖਿਅਕ ਹਨ। ਭਾਵੇਂ ਅਸੀਂ ਲੋਕਾਂ ਨੂੰ ਪਹਿਲੀ ਵਾਰ ਮਿਲ ਰਹੇ ਹੋਈਏ, ਉਨ੍ਹਾਂ ਦੀ ਦਿਲਚਸਪੀ ਵਧਾਉਣ ਲਈ ਦੁਬਾਰਾ ਮਿਲ ਰਹੇ ਹੋਈਏ ਜਾਂ ਉਨ੍ਹਾਂ ਨਾਲ ਬਾਈਬਲ ਸਟੱਡੀ ਕਰ ਰਹੇ ਹੋਈਏ, ਅਸੀਂ ਉਨ੍ਹਾਂ ਨੂੰ ਸਿੱਖਿਆ ਦੇਣੀ ਚਾਹੁੰਦੇ ਹਾਂ। ਇਹ ਸਿੱਖਿਆ ਮਾਮੂਲੀ ਨਹੀਂ ਹੈ। ਅਸੀਂ “ਪਵਿੱਤਰ ਲਿਖਤਾਂ” ਸਮਝਾ ਰਹੇ ਹਾਂ ਜੋ ਲੋਕਾਂ ਨੂੰ “ਬੁੱਧੀਮਾਨ ਬਣਾ ਸਕਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਮੁਕਤੀ ਮਿਲ ਸਕਦੀ ਹੈ।” (2 ਤਿਮੋ. 3:15) ਇਹ ਕਿੰਨੇ ਸਨਮਾਨ ਦੀ ਗੱਲ ਹੈ! ਆਓ ਆਪਾਂ ਆਪਣੇ ਸਿੱਖਿਆ ਦੇਣ ਦੇ ਤਰੀਕੇ ਨੂੰ ਸੁਧਾਰਨ ਦੇ ਤਿੰਨ ਸੁਝਾਵਾਂ ʼਤੇ ਗੌਰ ਕਰੀਏ।
2. ਅਸੀਂ ਸੌਖੇ ਤਰੀਕੇ ਨਾਲ ਕਿਵੇਂ ਸਿੱਖਿਆ ਦੇ ਸਕਦੇ ਹਾਂ?
2 ਸੌਖੇ ਤਰੀਕੇ ਨਾਲ ਸਮਝਾਓ: ਜਦੋਂ ਅਸੀਂ ਖ਼ੁਦ ਕਿਸੇ ਵਿਸ਼ੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਤਾਂ ਅਸੀਂ ਕਦੇ-ਕਦੇ ਇਹ ਭੁੱਲ ਸਕਦੇ ਹਾਂ ਕਿ ਅਣਜਾਣ ਬੰਦੇ ਨੂੰ ਇਹ ਜਾਣਕਾਰੀ ਕਿੰਨੀ ਮੁਸ਼ਕਲ ਲੱਗ ਸਕਦੀ ਹੈ। ਇਸ ਲਈ ਕਿਸੇ ਨਾਲ ਬਾਈਬਲ ਸਟੱਡੀ ਕਰਦਿਆਂ, ਆਪਣੀ ਸਿੱਖਿਆ ਵਿਚ ਬੇਲੋੜੀਆਂ ਗੱਲਾਂ ਨਾ ਸ਼ਾਮਲ ਕਰੋ। ਇਸ ਦੀ ਬਜਾਇ, ਮੁੱਖ ਗੱਲਾਂ ʼਤੇ ਜ਼ੋਰ ਦਿਓ। ਯਾਦ ਰੱਖੋ ਕਿ ਜ਼ਿਆਦਾ ਜਾਣਕਾਰੀ ਦੇਣ ਨਾਲ ਸਾਡੀ ਸਿੱਖਿਆ ਬਿਹਤਰ ਨਹੀਂ ਬਣਦੀ। (ਕਹਾ. 10:19) ਆਮ ਤੌਰ ਤੇ ਵਧੀਆ ਇਹੀ ਹੁੰਦਾ ਹੈ ਕਿ ਅਸੀਂ ਮੁੱਖ ਆਇਤਾਂ ਹੀ ਪੜ੍ਹੀਏ। ਹਵਾਲਾ ਪੜ੍ਹਨ ਤੋਂ ਬਾਅਦ, ਸਿਰਫ਼ ਵਿਸ਼ੇ ਨਾਲ ਸੰਬੰਧ ਰੱਖਦੇ ਹਿੱਸੇ ʼਤੇ ਜ਼ੋਰ ਦਿਓ। ਮੱਤੀ 5 ਤੋਂ 7 ਅਧਿਆਵਾਂ ਵਿਚ ਦਰਜ ਪਹਾੜੀ ਉਪਦੇਸ਼ ਵਿਚ ਅਨਮੋਲ ਸੱਚਾਈਆਂ ਪਾਈਆਂ ਜਾਂਦੀਆਂ ਹਨ, ਫਿਰ ਵੀ ਯਿਸੂ ਨੇ ਥੋੜ੍ਹੇ ਸ਼ਬਦ ਵਰਤ ਕੇ ਸੌਖੇ ਤਰੀਕੇ ਨਾਲ ਸਿੱਖਿਆ ਦਿੱਤੀ।
3. ਉਦਾਹਰਣਾਂ ਵਰਤਣੀਆਂ ਕਿਉਂ ਫ਼ਾਇਦੇਮੰਦ ਹਨ ਅਤੇ ਕਿਸ ਤਰ੍ਹਾਂ ਦੀਆਂ ਸਭ ਤੋਂ ਜ਼ਿਆਦਾ ਅਸਰਦਾਰ ਹੁੰਦੀਆਂ ਹਨ?
3 ਉਦਾਹਰਣਾਂ ਵਰਤੋ: ਉਦਾਹਰਣਾਂ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ, ਸਾਡੇ ਵਿਚ ਭਾਵਨਾਵਾਂ ਜਗਾਉਂਦੀਆਂ ਹਨ ਅਤੇ ਗੱਲਾਂ ਯਾਦ ਰੱਖਣ ਵਿਚ ਸਾਡੀ ਮਦਦ ਕਰਦੀਆਂ ਹਨ। ਤੁਹਾਨੂੰ ਚੰਗੀਆਂ ਉਦਾਹਰਣਾਂ ਦੇਣ ਲਈ ਲੰਬੀਆਂ-ਚੌੜੀਆਂ ਕਹਾਣੀਆਂ ਦੱਸਣ ਦੀ ਲੋੜ ਨਹੀਂ। ਯਿਸੂ ਨੇ ਅਕਸਰ ਛੋਟੀਆਂ ਅਤੇ ਸਰਲ ਉਦਾਹਰਣਾਂ ਵਰਤੀਆਂ ਸਨ। (ਮੱਤੀ 7:3-5; 18:2-4) ਕਾਗਜ਼ ʼਤੇ ਆਸਾਨ ਜਿਹੀਆਂ ਤਸਵੀਰਾਂ ਬਣਾਉਣੀਆਂ ਵੀ ਕਾਫ਼ੀ ਮਦਦਗਾਰ ਹੋ ਸਕਦੀਆਂ ਹਨ। ਪਹਿਲਾਂ ਤੋਂ ਤਿਆਰੀ ਕਰਨ ਨਾਲ ਤੁਸੀਂ ਅਸਰਦਾਰ ਉਦਾਹਰਣਾਂ ਬਾਰੇ ਸੋਚ ਸਕਦੇ ਹੋ।
4. ਅਸੀਂ ਅਸਰਦਾਰ ਤਰੀਕੇ ਨਾਲ ਸਵਾਲ ਕਿਵੇਂ ਪੁੱਛ ਸਕਦੇ ਹਾਂ?
4 ਸਵਾਲ ਪੁੱਛੋ: ਸਵਾਲ ਪੁੱਛਣ ਨਾਲ ਸਟੂਡੈਂਟ ਸੋਚਣ ਲਈ ਮਜਬੂਰ ਹੁੰਦਾ ਹੈ। ਇਸ ਲਈ ਸਵਾਲ ਪੁੱਛਣ ਤੋਂ ਬਾਅਦ, ਧੀਰਜ ਰੱਖੋ। ਜੇ ਤੁਸੀਂ ਖ਼ੁਦ ਫਟਾਫਟ ਜਵਾਬ ਦੇ ਦਿਓਗੇ, ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਹਾਡੇ ਸਟੂਡੈਂਟ ਨੂੰ ਗੱਲ ਸਮਝ ਆਈ ਹੈ ਜਾਂ ਨਹੀਂ। ਜੇ ਉਹ ਗ਼ਲਤ ਜਵਾਬ ਦਿੰਦਾ ਹੈ, ਤਾਂ ਉਸ ਨੂੰ ਸੁਧਾਰਨ ਦੀ ਬਜਾਇ, ਉਸ ਨੂੰ ਹੋਰ ਸਵਾਲ ਪੁੱਛੋ ਤਾਂਕਿ ਉਹ ਸਹੀ ਸਿੱਟੇ ʼਤੇ ਪਹੁੰਚੇ। (ਮੱਤੀ 17:24-27) ਸਾਡੇ ਵਿੱਚੋਂ ਕੋਈ ਵੀ ਮਾਹਰ ਸਿੱਖਿਅਕ ਨਹੀਂ ਹੈ। ਇਸ ਲਈ ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਸਿੱਖਿਆ ਦੇਣ ਦੀ ਆਪਣੀ ਕਲਾ ਵੱਲ ਲਗਾਤਾਰ ਧਿਆਨ ਦੇਈਏ। ਇਸ ਤਰ੍ਹਾਂ ਕਰਨ ਨਾਲ ਅਸੀਂ ਨਾ ਸਿਰਫ਼ ਆਪਣੇ ਆਪ ਨੂੰ, ਸਗੋਂ ਆਪਣੇ ਸੁਣਨ ਵਾਲਿਆਂ ਨੂੰ ਵੀ ਬਚਾਵਾਂਗੇ।—1 ਤਿਮੋ. 4:16.