ਪ੍ਰਚਾਰ ਵਿਚ ਆਪਣੇ ਸਾਥੀ ਦੀ ਮਦਦ ਕਰੋ
1. ਦੂਜਿਆਂ ਨਾਲ ਪ੍ਰਚਾਰ ਕਰਦਿਆਂ ਅਸੀਂ ਪੌਲੁਸ ਦੀ ਗੱਲ ʼਤੇ ਕਿਵੇਂ ਚੱਲ ਸਕਦੇ ਹਾਂ?
1 ਪੌਲੁਸ ਰਸੂਲ ਨੇ ਕਿਹਾ ਕਿ ਭੈਣਾਂ-ਭਰਾਵਾਂ ਨਾਲ ਸਮਾਂ ਗੁਜ਼ਾਰਨਾ ਇਕ-ਦੂਜੇ ਨੂੰ “ਹੌਸਲਾ” ਦੇਣ ਦਾ ਮੌਕਾ ਹੁੰਦਾ ਹੈ। (ਰੋਮੀ. 1:12) ਜਦੋਂ ਤੁਸੀਂ ਕਿਸੇ ਭੈਣ ਜਾਂ ਭਰਾ ਨਾਲ ਪ੍ਰਚਾਰ ਕਰਦੇ ਹੋ, ਤਾਂ ਕੀ ਤੁਸੀਂ ਇਸ ਸਮੇਂ ਦੌਰਾਨ ਉਸ ਦਾ ਹੌਸਲਾ ਵਧਾਉਂਦੇ ਹੋ ਤੇ ਉਸ ਦੀ ਮਦਦ ਕਰਦੇ ਹੋ? ਪ੍ਰਚਾਰ ਦੌਰਾਨ ਕਿਉਂ ਨਾ ਤੁਸੀਂ ਉਸ ਨੂੰ ਦੱਸੋ ਕਿ ਚੰਗੇ ਪ੍ਰਚਾਰਕ ਬਣਨ ਵਿਚ ਕਿਸ ਗੱਲ ਨੇ ਤੁਹਾਡੀ ਮਦਦ ਕੀਤੀ?
2. ਪ੍ਰਚਾਰ ਵਿਚ ਆਪਣੇ ਸਾਥੀ ਦੀ ਹਿੰਮਤ ਵਧਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਅਤੇ ਇਹ ਜ਼ਰੂਰੀ ਕਿਉਂ ਹੈ?
2 ਹਿੰਮਤ ਵਧਾਓ: ਕੁਝ ਭੈਣ-ਭਰਾ ਪ੍ਰਚਾਰ ਕਰਨ ਵੇਲੇ ਘਬਰਾਉਂਦੇ ਹਨ। ਸ਼ਾਇਦ ਉਨ੍ਹਾਂ ਦੇ ਚਿਹਰਿਆਂ ʼਤੇ ਜਾਂ ਆਵਾਜ਼ ਵਿਚ ਘਬਰਾਹਟ ਹੋਵੇ। ਅਸੀਂ ਉਨ੍ਹਾਂ ਦੀ ਦਿਲੋਂ ਤਾਰੀਫ਼ ਕਰ ਕੇ ਉਨ੍ਹਾਂ ਦੀ ਹਿੰਮਤ ਵਧਾ ਸਕਦੇ ਹਾਂ। ਹੋਰ ਕਿਹੜੇ ਤਰੀਕਿਆਂ ਰਾਹੀਂ ਅਸੀਂ ਉਨ੍ਹਾਂ ਦੀ ਹਿੰਮਤ ਵਧਾ ਸਕਦੇ ਹਾਂ? ਇਕ ਸਫ਼ਰੀ ਨਿਗਾਹਬਾਨ ਬਿਨਾਂ ਝਿਜਕ ਆਪਣੇ ਸਾਥੀ ਨੂੰ ਦੱਸਦਾ ਹੈ ਕਿ ਉਸ ਨੂੰ ਕਿਨ੍ਹਾਂ ਗੱਲਾਂ ਤੋਂ ਡਰ ਲੱਗਦਾ ਹੈ ਤੇ ਇਸ ਡਰ ʼਤੇ ਕਾਬੂ ਪਾਉਣ ਲਈ ਉਹ ਅਕਸਰ ਪ੍ਰਾਰਥਨਾ ਕਰਦਾ ਹੈ। ਇਕ ਹੋਰ ਭਰਾ ਦੱਸਦਾ ਹੈ ਕਿ ਉਸ ਨੂੰ ਕਿਵੇਂ ਹਿੰਮਤ ਮਿਲਦੀ ਹੈ: “ਮੈਂ ਮੁਸਕਰਾ ਕੇ ਗੱਲ ਸ਼ੁਰੂ ਕਰਦਾ ਹਾਂ। ਕਈ ਵਾਰ ਮੈਨੂੰ ਇਸ ਤਰ੍ਹਾਂ ਕਰਨ ਲਈ ਵੀ ਪ੍ਰਾਰਥਨਾ ਕਰਨੀ ਪੈਂਦੀ ਹੈ।” ਕੀ ਕਿਸੇ ਗੱਲ ਨੇ ਹਿੰਮਤ ਨਾਲ ਪ੍ਰਚਾਰ ਕਰਨ ਵਿਚ ਤੁਹਾਡੀ ਮਦਦ ਕੀਤੀ ਹੈ? ਆਪਣੇ ਸਾਥੀ ਨਾਲ ਇਹ ਗੱਲ ਸਾਂਝੀ ਕਰੋ।
3. ਅਸੀਂ ਆਪਣੇ ਸਾਥੀ ਨਾਲ ਕਿਹੜੀਆਂ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਜਿਨ੍ਹਾਂ ਕਰਕੇ ਉਸ ਦੀ ਚੰਗਾ ਪ੍ਰਚਾਰਕ ਬਣਨ ਵਿਚ ਮਦਦ ਹੋ ਸਕੇ?
3 ਤਰੀਕੇ ਦੱਸੋ: ਕੀ ਤੁਸੀਂ ਪ੍ਰਚਾਰ ਵਿਚ ਗੱਲਬਾਤ ਸ਼ੁਰੂ ਕਰਨ ਦਾ ਵਧੀਆ ਤਰੀਕਾ ਲੱਭਿਆ ਹੈ? ਸ਼ਾਇਦ ਤੁਸੀਂ ਆਪਣੇ ਇਲਾਕੇ ਵਿਚ ਹੋਈ ਕਿਸੇ ਘਟਨਾ ਦਾ ਜ਼ਿਕਰ ਕਰਦੇ ਹੋ ਜਾਂ ਕੋਈ ਸਵਾਲ ਪੁੱਛਦੇ ਹੋ। ਜਾਂ ਫਿਰ ਕੀ ਤੁਸੀਂ ਸਾਡੀ ਰਾਜ ਸੇਵਕਾਈ ਵਿਚ ਦਿੱਤੇ ਗੱਲਬਾਤ ਸ਼ੁਰੂ ਕਰਨ ਦੇ ਕਿਸੇ ਸੁਝਾਅ ਨੂੰ ਆਪਣੇ ਸ਼ਬਦਾਂ ਵਿਚ ਵਰਤਿਆ ਹੈ ਜਿਸ ਦਾ ਵਧੀਆ ਨਤੀਜਾ ਨਿਕਲਿਆ ਹੈ? ਤੁਸੀਂ ਘਰ-ਮਾਲਕ ਦੇ ਹਾਲਾਤਾਂ ਨੂੰ ਦੇਖਦੇ ਹੋਏ ਸੁਝਾਅ ਵਿਚ ਕੀ ਫੇਰ-ਬਦਲ ਕੀਤਾ? ਇਸ ਬਾਰੇ ਆਪਣੇ ਸਾਥੀ ਨੂੰ ਦੱਸੋ। (ਕਹਾ. 27:17) ਰਿਟਰਨ ਵਿਜ਼ਿਟ ਜਾਂਦੇ ਹੋਏ ਰਾਹ ਵਿਚ ਆਪਣੇ ਸਾਥੀ ਨੂੰ ਦੱਸੋ ਕਿ ਤੁਸੀਂ ਕਿਸ ਮਕਸਦ ਨਾਲ ਰਿਟਰਨ ਵਿਜ਼ਿਟ ਕਰ ਰਹੇ ਹੋ ਤੇ ਤੁਸੀਂ ਘਰ-ਮਾਲਕ ਨਾਲ ਕਾਹਦੇ ਬਾਰੇ ਗੱਲ ਕਰੋਗੇ। ਕਿਸੇ ਨਾਲ ਬਾਈਬਲ ਸਟੱਡੀ ਕਰਨ ਤੋਂ ਬਾਅਦ ਆਪਣੇ ਸਾਥੀ ਨੂੰ ਦੱਸੋ ਕਿ ਵਿਦਿਆਰਥੀ ਦੀਆਂ ਲੋੜਾਂ ਮੁਤਾਬਕ ਤੁਸੀਂ ਕਿਸੇ ਇਕ ਖ਼ਾਸ ਨੁਕਤੇ ਜਾਂ ਹਵਾਲੇ ʼਤੇ ਗੱਲ ਕਿਉਂ ਕੀਤੀ ਜਾਂ ਸਿਖਾਉਣ ਦਾ ਕੋਈ ਖ਼ਾਸ ਢੰਗ ਕਿਉਂ ਵਰਤਿਆ।
4. ਸਾਨੂੰ ਪ੍ਰਚਾਰ ਵਿਚ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
4 ਪਹਿਲੀ ਸਦੀ ਦੇ ਮਸੀਹੀ ਸਿਰਫ਼ ਲੋਕਾਂ ਦੀ ਹੀ ਮਦਦ ਨਹੀਂ ਕਰਦੇ ਸਨ, ਸਗੋਂ ਉਹ ਇਕ-ਦੂਜੇ ਦਾ ਵੀ ਹੌਸਲਾ ਵਧਾਉਂਦੇ ਸਨ। (ਰਸੂ. 11:23; 15:32) ਪੌਲੁਸ ਰਸੂਲ ਨੇ ਨੌਜਵਾਨ ਤਿਮੋਥਿਉਸ ਨੂੰ ਸਿਖਲਾਈ ਦਿੱਤੀ ਤੇ ਫਿਰ ਉਸ ਨੂੰ ਸਿੱਖੀਆਂ ਗੱਲਾਂ ਦੂਜਿਆਂ ਨਾਲ ਵੀ ਸਾਂਝੀਆਂ ਕਰਨ ਦੀ ਹੱਲਾਸ਼ੇਰੀ ਦਿੱਤੀ। (2 ਤਿਮੋ. 2:2) ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਇਸ ਨਾਲ ਉਨ੍ਹਾਂ ਨੂੰ ਪ੍ਰਚਾਰ ਕਰਨ ਵਿਚ ਹੋਰ ਖ਼ੁਸ਼ੀ ਮਿਲਦੀ ਹੈ ਤੇ ਉਹ ਚੰਗੇ ਪ੍ਰਚਾਰਕ ਬਣਦੇ ਹਨ। ਨਾਲੇ ਸਾਡੇ ਸਵਰਗੀ ਪਿਤਾ ਨੂੰ ਵੀ ਖ਼ੁਸ਼ੀ ਹੁੰਦੀ ਹੈ।—ਇਬ. 13:15, 16.