ਹੋਰ ਵਧੀਆ ਪ੍ਰਚਾਰਕ ਬਣੋ—ਆਪਣੇ ਸਾਥੀ ਦੀ ਮਦਦ ਕਰੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਯਿਸੂ ਜਾਣਦਾ ਸੀ ਕਿ ਪ੍ਰਚਾਰ ਦੌਰਾਨ ਕਿਸੇ ਦੇ ਨਾਲ ਹੋਣਾ ਫ਼ਾਇਦੇਮੰਦ ਹੈ। ਇਸੇ ਕਰਕੇ ਜਦੋਂ ਯਿਸੂ ਨੇ 70 ਚੇਲਿਆਂ ਨੂੰ ਆਪਣੇ ਅੱਗੇ-ਅੱਗੇ ਪ੍ਰਚਾਰ ਕਰਨ ਲਈ ਭੇਜਿਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਦੋ-ਦੋ ਕਰ ਕੇ ਭੇਜਿਆ ਸੀ। (ਲੂਕਾ 10:1) ਪ੍ਰਚਾਰ ਦੌਰਾਨ ਤੁਹਾਡਾ ਸਾਥੀ ਤੁਹਾਡੀ ਮਦਦ ਕਰ ਸਕਦਾ ਹੈ ਜੇ ਕੋਈ ਮੁਸ਼ਕਲ ਖੜ੍ਹੀ ਹੋ ਜਾਵੇ ਜਾਂ ਤੁਹਾਨੂੰ ਪਤਾ ਨਾ ਲੱਗੇ ਕਿ ਘਰ-ਮਾਲਕ ਦੀ ਗੱਲ ਦਾ ਕਿਵੇਂ ਜਵਾਬ ਦੇਣਾ ਹੈ। (ਉਪ. 4:9, 10) ਤੁਸੀਂ ਉਸ ਦੇ ਤਜਰਬੇ ਤੋਂ ਸਿੱਖ ਸਕਦੇ ਹੋ ਅਤੇ ਉਹ ਕਦੇ-ਕਦੇ ਤੁਹਾਨੂੰ ਸੁਝਾਅ ਦੇ ਸਕਦਾ ਤਾਂਕਿ ਤੁਸੀਂ ਹੋਰ ਚੰਗੀ ਤਰ੍ਹਾਂ ਪ੍ਰਚਾਰ ਕਰ ਸਕੋ। (ਕਹਾ. 27:17) ਇਕ ਘਰ ਤੋਂ ਦੂਜੇ ਘਰ ਜਾਂਦੇ ਸਮੇਂ ਉਹ ਆਪਣੀਆਂ ਗੱਲਾਂ ਨਾਲ ਤੁਹਾਡਾ ਹੌਸਲਾ ਵਧਾ ਸਕਦਾ ਹੈ।—ਫ਼ਿਲਿ. 4:8.
ਇਸ ਤਰ੍ਹਾਂ ਕਿਵੇਂ ਕਰੀਏ:
• ਜਦੋਂ ਤੁਹਾਡਾ ਸਾਥੀ ਘਰ-ਮਾਲਕ ਨਾਲ ਗੱਲ ਕਰ ਰਿਹਾ ਹੁੰਦਾ ਹੈ, ਤਾਂ ਧਿਆਨ ਦਿਓ। (ਯਾਕੂ. 1:19) ਜਦ ਉਹ ਬਾਈਬਲ ਵਿੱਚੋਂ ਕੋਈ ਹਵਾਲਾ ਪੜ੍ਹ ਰਿਹਾ ਹੁੰਦਾ ਹੈ, ਤਾਂ ਆਪਣੀ ਬਾਈਬਲ ਵਿਚ ਨਾਲ-ਨਾਲ ਪੜ੍ਹੋ। ਇਸ ਤਰ੍ਹਾਂ ਲੋੜ ਪੈਣ ਤੇ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ। ਘਰ-ਘਰ ਪ੍ਰਚਾਰ ਕਰਦਿਆਂ ਜਦ ਤੁਹਾਡਾ ਸਾਥੀ ਘਰ-ਮਾਲਕ ਨਾਲ ਗੱਲ ਕਰ ਰਿਹਾ ਹੁੰਦਾ ਹੈ, ਤਾਂ ਤੁਸੀਂ ਧਿਆਨ ਰੱਖੋ ਕਿ ਆਲੇ-ਦੁਆਲੇ ਕੀ ਹੋ ਰਿਹਾ ਹੈ। (ਮੱਤੀ 10:16) ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੇ ਵੱਲ ਕੁਝ ਜ਼ਿਆਦਾ ਹੀ ਧਿਆਨ ਦੇ ਰਿਹਾ ਹੈ ਤੇ ਸ਼ਾਇਦ ਫ਼ੋਨ ʼਤੇ ਵੀ ਗੱਲ ਕਰ ਰਿਹਾ ਹੈ, ਤਾਂ ਆਪਣੇ ਸਾਥੀ ਨੂੰ ਗੱਲ ਖ਼ਤਮ ਕਰਨ ਦਾ ਇਸ਼ਾਰਾ ਕਰੋ ਤੇ ਚੁੱਪ-ਚਾਪ ਉੱਥੋਂ ਚਲੇ ਜਾਓ।—ਕਹਾ. 17:14.
• ਸਮਝਦਾਰੀ ਨਾਲ ਦੇਖੋ ਕਿ ਆਪਣੇ ਸਾਥੀ ਦੇ ਗੱਲ ਕਰਦਿਆਂ ਤੁਸੀਂ ਕਦੋਂ ਗੱਲ ਕਰ ਸਕਦੇ ਹੋ। (ਕਹਾ. 25:11) ਜੇ ਤੁਸੀਂ ਕਿਸੇ ਪਬਲੀਸ਼ਰ ਨਾਲ ਸਟੱਡੀ ʼਤੇ ਜਾਂਦੇ ਹੋ, ਤਾਂ ਤੁਸੀਂ ਥੋੜ੍ਹੀ-ਬਹੁਤੀ ਗੱਲ ਕਰ ਸਕਦੇ ਹੋ। ਪਰ ਘਰ-ਘਰ ਪ੍ਰਚਾਰ ਕਰਦਿਆਂ ਜਦੋਂ ਤੁਹਾਡੇ ਸਾਥੀ ਦੀ ਵਾਰੀ ਹੁੰਦੀ ਹੈ, ਤਾਂ ਉਸ ਨੂੰ ਬੋਲਣ ਦਿਓ। ਪਰ ਜੇ ਉਹ ਨਵਾਂ ਪਬਲੀਸ਼ਰ ਹੈ ਜਾਂ ਉਸ ਨੂੰ ਕਿਸੇ ਸਵਾਲ ਜਾਂ ਇਤਰਾਜ਼ ਦਾ ਜਵਾਬ ਨਹੀਂ ਦੇਣਾ ਆਉਂਦਾ, ਤਾਂ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ। ਭਾਵੇਂ ਤੁਸੀਂ ਘਰ-ਘਰ ਪ੍ਰਚਾਰ ਕਰਦੇ ਹੋ, ਰਿਟਰਨ ਵਿਜ਼ਿਟ ਜਾਂ ਸਟੱਡੀ ʼਤੇ ਜਾਂਦੇ ਹੋ, ਪਰ ਆਪਣੇ ਸਾਥੀ ਦੀ ਗੱਲ ਨੂੰ ਵਿਚ ਨਾ ਟੋਕੋ, ਨਾ ਹੀ ਤੁਸੀਂ ਸਾਰੀ ਗੱਲਬਾਤ ਕਰੋ ਜਾਂ ਕਿਸੇ ਹੋਰ ਵਿਸ਼ੇ ਬਾਰੇ ਗੱਲ ਛੇੜੋ।
• ਤੁਸੀਂ ਆਪਣੇ ਤਜਰਬੇ ਤੋਂ ਉਸ ਨੂੰ ਕੁਝ-ਨਾ-ਕੁਝ ਦੱਸ ਸਕਦੇ ਹੋ। ਚੰਗੀ ਤਰ੍ਹਾਂ ਪ੍ਰਚਾਰ ਕਰਨ ਵਿਚ ਉਸ ਦੀ ਮਦਦ ਕਰਨ ਲਈ ਜੇ ਤੁਸੀਂ ਕਦੇ-ਕਦੇ ਸੁਝਾਅ ਦੇ ਸਕਦੇ ਹੋ, ਤਾਂ ਇਸ ਤਰ੍ਹਾਂ ਕਰਨ ਤੋਂ ਪਿੱਛੇ ਨਾ ਹਟੋ। (ਕਹਾ. 3:27) ਢੁਕਵੇਂ ਸਮੇਂ ਤੇ ਤੁਸੀਂ ਕਹਿ ਸਕਦੇ ਹੋ: “ਤੇਰੇ ਖ਼ਿਆਲ ਵਿਚ ਹੋਰ ਚੰਗੀ ਤਰ੍ਹਾਂ ਗੱਲ ਕਿੱਦਾਂ ਕੀਤੀ ਜਾ ਸਕਦੀ ਸੀ?” ਜਾਂ “ਕੀ ਮੈਂ ਤੈਨੂੰ ਸਲਾਹ ਦੇ ਸਕਦਾ ਹਾਂ?” ਜਾਂ “ਮੈਂ ਇੱਦਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ।” ਯਾਦ ਰੱਖੋ ਕਿ ਕਦੇ-ਕਦੇ ਸੁਝਾਅ ਦੇਣੇ ਚੰਗੀ ਗੱਲ ਹੈ, ਪਰ ਹਰ ਵਾਰ ਗ਼ਲਤੀਆਂ ਕੱਢਣ ਨਾਲ ਤੁਹਾਡਾ ਸਾਥੀ ਨਿਰਾਸ਼ ਹੋ ਸਕਦਾ ਹੈ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
• ਕਿਸੇ ਭੈਣ-ਭਰਾ ਨਾਲ ਪ੍ਰਚਾਰ ਕਰਨ ਤੋਂ ਬਾਅਦ ਤੁਸੀਂ ਉਸ ਨੂੰ ਦੱਸੋ ਕਿ ਉਸ ਨੇ ਜੋ ਕਿਹਾ ਜਾਂ ਕੀਤਾ, ਉਸ ਕਰਕੇ ਤੁਹਾਡੀ ਮਦਦ ਕਿੱਦਾਂ ਹੋਈ।