ਯੁੱਧਾਂ ਦੇ ਭਿਆਨਕ ਅਸਰ
ਜਿੰਨਾ ਕੁਝ ਲੋਕਾਂ ਨੂੰ ਯੁੱਧਾਂ ਅਤੇ ਦੰਗੇ-ਫ਼ਸਾਦਾਂ ਕਰਕੇ ਸਹਿਣਾ ਪੈਂਦਾ ਹੈ, ਉੱਨਾ ਕਿਸੇ ਹੋਰ ਗੱਲ ਕਰਕੇ ਨਹੀਂ ਸਹਿਣਾ ਪੈਂਦਾ। ਦੁਨੀਆਂ ਭਰ ਵਿਚ ਜਿਨ੍ਹਾਂ ਫ਼ੌਜੀਆਂ ਅਤੇ ਲੋਕਾਂ ਨੇ ਯੁੱਧਾਂ ਦੀ ਮਾਰ ਝੱਲੀ ਹੈ, ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ।
ਫ਼ੌਜੀ
“ਅਸੀਂ ਹਰ ਰੋਜ਼ ਆਪਣੇ ਆਲੇ-ਦੁਆਲੇ ਲੋਕਾਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਹੁੰਦਿਆਂ ਅਤੇ ਮਰਦਿਆਂ ਦੇਖਦੇ ਹਾਂ। ਸਾਡੀ ਆਪਣੀ ਜਾਨ ਵੀ ਖ਼ਤਰੇ ਵਿਚ ਰਹਿੰਦੀ ਹੈ।”—ਗੈਰੀ, ਬ੍ਰਿਟੇਨ।
“ਮੇਰੇ ਚਿਹਰੇ ਅਤੇ ਪਿੱਠ ʼਤੇ ਗੋਲੀਆਂ ਵੱਜੀਆਂ ਸਨ। ਮੇਰੀਆਂ ਅੱਖਾਂ ਸਾਮ੍ਹਣੇ ਕਈ ਲੋਕਾਂ ਨੂੰ ਮਾਰ ਦਿੱਤਾ ਗਿਆ ਜਿਨ੍ਹਾਂ ਵਿਚ ਬੱਚੇ ਅਤੇ ਸਿਆਣੀ ਉਮਰ ਦੇ ਲੋਕ ਵੀ ਸਨ। ਯੁੱਧ ਵਿਚ ਇੰਨੇ ਲੋਕਾਂ ਨੂੰ ਮਰਦਿਆਂ ਅਤੇ ਤੜਫਦਿਆਂ ਦੇਖ ਕੇ ਤੁਹਾਡੇ ਦਿਲ ʼਤੇ ਕੋਈ ਅਸਰ ਨਹੀਂ ਪੈਂਦਾ, ਤੁਸੀਂ ਪੱਥਰ-ਦਿਲ ਬਣ ਜਾਂਦੇ ਹੋ।”—ਵੀਲਮਾਰ, ਕੋਲੰਬੀਆ।
“ਜਦੋਂ ਕਿਸੇ ਨੂੰ ਤੁਹਾਡੇ ਸਾਮ੍ਹਣੇ ਗੋਲੀ ਮਾਰ ਦਿੱਤੀ ਜਾਂਦੀ ਹੈ, ਤਾਂ ਉਹ ਸੀਨ ਤੁਹਾਡੇ ਦਿਮਾਗ਼ ਵਿਚ ਵਾਰ-ਵਾਰ ਘੁੰਮਦਾ ਰਹਿੰਦਾ ਹੈ। ਉਸ ਦੀਆਂ ਚੀਕਾਂ ਅਤੇ ਰੋਣਾ-ਕੁਰਲਾਉਣਾ ਤੁਹਾਡੇ ਕੰਨਾਂ ਵਿਚ ਗੂੰਜਦਾ ਰਹਿੰਦਾ ਹੈ। ਤੁਸੀਂ ਕਦੇ ਵੀ ਉਸ ਇਨਸਾਨ ਨੂੰ ਭੁਲਾ ਨਹੀਂ ਪਾਉਂਦੇ।”—ਜ਼ਾਫੀਰਾ, ਅਮਰੀਕਾ।
ਆਮ ਲੋਕ
“ਮੈਨੂੰ ਲੱਗਦਾ ਸੀ ਕਿ ਮੈਂ ਫਿਰ ਕਦੇ ਵੀ ਖ਼ੁਸ਼ ਨਹੀਂ ਹੋ ਸਕਦੀ। ਮੈਨੂੰ ਇਹੀ ਡਰ ਲੱਗਾ ਰਹਿੰਦਾ ਸੀ ਕਿ ਕਿਤੇ ਮੇਰੀ ਜਾਨ ਨਾ ਚਲੀ ਜਾਵੇ। ਪਰ ਇਸ ਤੋਂ ਵੀ ਜ਼ਿਆਦਾ ਮੈਨੂੰ ਇਹ ਡਰ ਸੀ ਕਿ ਕਿਤੇ ਮੇਰਾ ਪਰਿਵਾਰ ਅਤੇ ਦੋਸਤ ਨਾ ਮਾਰੇ ਜਾਣ।”—ਓਲੇਕਸਾਂਦਰਾ, ਯੂਕਰੇਨ।
“ਸਾਨੂੰ ਖਾਣਾ ਲੈਣ ਲਈ ਸਵੇਰ ਦੇ 2:00 ਵਜੇ ਤੋਂ ਲੈ ਕੇ ਰਾਤ ਦੇ 11:00 ਵਜੇ ਤਕ ਲਾਈਨਾਂ ਵਿਚ ਲੱਗਣਾ ਪੈਂਦਾ ਸੀ। ਅਸੀਂ ਬਹੁਤ ਘਬਰਾਏ ਹੁੰਦੇ ਸੀ ਕਿਉਂਕਿ ਸਾਡੇ ਕਦੇ ਵੀ ਕਿਤਿਓਂ ਵੀ ਆ ਕੇ ਗੋਲੀ ਲੱਗ ਸਕਦੀ ਸੀ।”—ਦੇਲਰ, ਤਜ਼ਾਕਿਸਤਾਨ।
“ਮੇਰੇ ਮੰਮੀ-ਡੈਡੀ ਯੁੱਧ ਵਿਚ ਮਾਰੇ ਗਏ। ਮੈਂ ਅਨਾਥ ਹੋ ਗਈ ਅਤੇ ਮੈਨੂੰ ਦਿਲਾਸਾ ਦੇਣ ਵਾਲਾ ਜਾਂ ਮੇਰੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਰਿਹਾ।”—ਮੈਰੀ, ਰਵਾਂਡਾ।
ਚਾਹੇ ਇਨ੍ਹਾਂ ਲੋਕਾਂ ਨੂੰ ਯੁੱਧਾਂ ਕਰਕੇ ਕਾਫ਼ੀ ਕੁਝ ਝੱਲਣਾ ਪਿਆ, ਪਰ ਹੁਣ ਉਨ੍ਹਾਂ ਨੂੰ ਦਿਲਾਸਾ ਅਤੇ ਮਨ ਦੀ ਸ਼ਾਂਤੀ ਮਿਲੀ ਹੈ। ਨਾਲੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਬਹੁਤ ਜਲਦ ਯੁੱਧ ਅਤੇ ਦੰਗੇ-ਫ਼ਸਾਦ ਖ਼ਤਮ ਹੋ ਜਾਣਗੇ। ਪਹਿਰਾਬੁਰਜ ਦੇ ਇਸ ਅੰਕ ਵਿਚ ਬਾਈਬਲ ਦੀ ਮਦਦ ਨਾਲ ਸਮਝਾਇਆ ਜਾਵੇਗਾ ਕਿ ਇਹ ਕਿਵੇਂ ਹੋਵੇਗਾ।