ਯੁੱਧਾਂ ਅਤੇ ਦੰਗੇ-ਫ਼ਸਾਦਾਂ ਦੇ ਬਾਵਜੂਦ ਸ਼ਾਂਤੀ ਕਿਵੇਂ ਪਾਈਏ?
ਗੈਰੀ, ਜੋ ਪਹਿਲਾਂ ਫ਼ੌਜ ਵਿਚ ਸੀ, ਕਹਿੰਦਾ ਹੈ, “ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਅਤੇ ਬੇਇਨਸਾਫ਼ੀ ਕਿਉਂ ਹੈ ਤੇ ਲੋਕ ਇੰਨੇ ਬੇਰਹਿਮ ਕਿਉਂ ਹਨ। ਪਰ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਸਭ ਕਿਉਂ ਹੁੰਦਾ ਹੈ। ਹੁਣ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ। ਮੈਂ ਜਾਣਦਾ ਹਾਂ ਕਿ ਯਹੋਵਾਹ ਪਰਮੇਸ਼ੁਰ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਅਤੇ ਫਿਰ ਸਾਨੂੰ ਕਿਸੇ ਚੀਜ਼ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ।”
ਗੈਰੀ ਵਾਂਗ ਹੋਰ ਵੀ ਲੋਕ ਹਨ ਜਿਨ੍ਹਾਂ ਨੂੰ ਬਾਈਬਲ ਤੋਂ ਮਦਦ ਮਿਲੀ ਹੈ। ਆਓ ਉਨ੍ਹਾਂ ਤੋਂ ਜਾਣੀਏ।
ਬਾਈਬਲ ਵਿਚ ਲਿਖਿਆ ਹੈ: “ਹੇ ਯਹੋਵਾਹ, ਤੂੰ ਭਲਾ ਹੈਂ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ।”—ਜ਼ਬੂਰ 86:5.
ਇਸ ਤੋਂ ਕਿੱਦਾਂ ਮਦਦ ਮਿਲੀ? “ਇਸ ਆਇਤ ਤੋਂ ਮੈਨੂੰ ਯਕੀਨ ਹੋ ਗਿਆ ਕਿ ਯਹੋਵਾਹ ਦਇਆਵਾਨ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਬੀਤੇ ਸਮੇਂ ਵਿਚ ਮੈਂ ਯੁੱਧ ਵਿਚ ਹਿੱਸਾ ਲੈ ਕੇ ਜੋ ਕੁਝ ਵੀ ਕੀਤਾ, ਉਸ ਲਈ ਉਹ ਮੈਨੂੰ ਮਾਫ਼ ਕਰ ਦੇਵੇਗਾ।”—ਵੀਲਮਾਰ, ਕੋਲੰਬੀਆ।
ਬਾਈਬਲ ਵਿਚ ਲਿਖਿਆ ਹੈ: “ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਸਿਰਜ ਰਿਹਾ ਹਾਂ; ਪਹਿਲੀਆਂ ਗੱਲਾਂ ਮਨ ਵਿਚ ਨਹੀਂ ਆਉਣਗੀਆਂ, ਨਾ ਹੀ ਉਹ ਦਿਲ ਵਿਚ ਆਉਣਗੀਆਂ।”—ਯਸਾਯਾਹ 65:17.
ਇਸ ਤੋਂ ਕਿੱਦਾਂ ਮਦਦ ਮਿਲੀ? “ਮੈਂ ਪਹਿਲਾਂ ਫ਼ੌਜ ਵਿਚ ਹੁੰਦੀ ਸੀ ਅਤੇ ਯੁੱਧਾਂ ਵਿਚ ਹਿੱਸਾ ਲੈਣ ਕਰਕੇ ਮੈਨੂੰ ਪੋਸਟ ਟ੍ਰਾਮੇਟਿਕ ਸਟ੍ਰੈਸ ਡਿਸਆਰਡਰ (PTSD) ਅਤੇ ਡਿਪਰੈਸ਼ਨ ਹੋ ਗਿਆ। ਅਕਸਰ ਮੈਨੂੰ ਬਹੁਤ ਘਬਰਾਹਟ ਅਤੇ ਚਿੰਤਾ ਹੋਣ ਲੱਗ ਪੈਂਦੀ ਹੈ ਤੇ ਰਾਤ ਨੂੰ ਬੁਰੇ-ਬੁਰੇ ਸੁਪਨੇ ਆਉਂਦੇ ਹਨ। ਪਰ ਇਹ ਆਇਤ ਮੈਨੂੰ ਯਾਦ ਕਰਾਉਂਦੀ ਹੈ ਕਿ ਯਹੋਵਾਹ ਮੇਰੀਆਂ ਇਹ ਸਾਰੀਆਂ ਬੁਰੀਆਂ ਯਾਦਾਂ ਮਿਟਾ ਦੇਵੇਗਾ। ਫਿਰ ਇਹ ਯਾਦਾਂ ਮੈਨੂੰ ਕਦੇ ਨਹੀਂ ਸਤਾਉਣਗੀਆਂ। ਮੈਂ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੀ ਹਾਂ।”—ਜ਼ਾਫੀਰਾ, ਅਮਰੀਕਾ।
ਬਾਈਬਲ ਵਿਚ ਲਿਖਿਆ ਹੈ: “ਉਸ ਦੇ ਰਾਜ ਵਿਚ ਧਰਮੀ ਵਧਣ-ਫੁੱਲਣਗੇ, ਜਦ ਤਕ ਚੰਦ ਰਹੇਗਾ, ਉਦੋਂ ਤਕ ਸਾਰੇ ਪਾਸੇ ਸ਼ਾਂਤੀ ਹੋਵੇਗੀ।”—ਜ਼ਬੂਰ 72:7.
ਇਸ ਤੋਂ ਕਿੱਦਾਂ ਮਦਦ ਮਿਲੀ? “ਮੈਂ ਅਕਸਰ ਇਨ੍ਹਾਂ ਸ਼ਬਦਾਂ ਬਾਰੇ ਸੋਚਦੀ ਹਾਂ। ਬਹੁਤ ਜਲਦੀ ਯੁੱਧ ਅਤੇ ਇਨ੍ਹਾਂ ਦੇ ਭਿਆਨਕ ਅੰਜਾਮ ਖ਼ਤਮ ਹੋ ਜਾਣਗੇ। ਉਦੋਂ ਸਾਨੂੰ ਆਪਣੇ ਅਜ਼ੀਜ਼ਾਂ ਦੀ ਚਿੰਤਾ ਨਹੀਂ ਕਰਨੀ ਪਵੇਗੀ।”—ਓਲੇਕਸਾਂਦਰਾ, ਯੂਕਰੇਨ।
ਬਾਈਬਲ ਵਿਚ ਲਿਖਿਆ ਹੈ: “ਤੇਰੇ ਮੁਰਦੇ ਜੀਉਂਦੇ ਹੋਣਗੇ। . . . ਹੇ ਖ਼ਾਕ ਦੇ ਵਾਸੀਓ! ਜਾਗੋ ਅਤੇ ਖ਼ੁਸ਼ੀ ਨਾਲ ਜੈਕਾਰੇ ਲਾਓ।”—ਯਸਾਯਾਹ 26:19.
ਇਸ ਤੋਂ ਕਿੱਦਾਂ ਮਦਦ ਮਿਲੀ? “ਜਦੋਂ ਦੂਜੇ ਕਬੀਲੇ ਦੇ ਲੋਕਾਂ ਨੇ ਟੂਟਸੀ ਕਬੀਲੇ ਦੇ ਸਾਰੇ ਲੋਕਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੇਰੇ ਪਰਿਵਾਰ ਦੇ ਲਗਭਗ ਸਾਰੇ ਹੀ ਮੈਂਬਰ ਮਾਰੇ ਗਏ। ਪਰ ਇਸ ਆਇਤ ਤੋਂ ਮੈਨੂੰ ਉਮੀਦ ਮਿਲੀ ਕਿ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਮੈਂ ਉਨ੍ਹਾਂ ਨੂੰ ਦੁਬਾਰਾ ਮਿਲਣ ਅਤੇ ਉਨ੍ਹਾਂ ਦੇ ਹਾਸਿਆਂ ਦੀ ਆਵਾਜ਼ ਸੁਣਨ ਲਈ ਬੇਤਾਬ ਹਾਂ।”—ਮੈਰੀ, ਰਵਾਂਡਾ।
ਬਾਈਬਲ ਵਿਚ ਲਿਖਿਆ ਹੈ: “ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ; . . . ਪਰ ਹਲੀਮ ਲੋਕ ਧਰਤੀ ਦੇ ਵਾਰਸ ਬਣਨਗੇ ਅਤੇ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।”—ਜ਼ਬੂਰ 37:10, 11.
ਇਸ ਤੋਂ ਕਿੱਦਾਂ ਮਦਦ ਮਿਲੀ? “ਚਾਹੇ ਯੁੱਧ ਖ਼ਤਮ ਹੋ ਗਿਆ ਹੈ, ਪਰ ਅਜੇ ਵੀ ਦੁਸ਼ਟ ਲੋਕ ਹਨ ਅਤੇ ਬੇਇਨਸਾਫ਼ੀ ਹੁੰਦੀ ਹੈ। ਇਨ੍ਹਾਂ ਆਇਤਾਂ ਤੋਂ ਮੈਨੂੰ ਬਹੁਤ ਹਿੰਮਤ ਮਿਲੀ ਹੈ। ਮੈਂ ਜਾਣ ਸਕਿਆ ਹਾਂ ਕਿ ਯਹੋਵਾਹ ਦੀਆਂ ਨਜ਼ਰਾਂ ਤੋਂ ਇਹ ਸਭ ਲੁਕਿਆ ਹੋਇਆ ਨਹੀਂ ਹੈ ਅਤੇ ਉਹ ਚੰਗੀ ਤਰ੍ਹਾਂ ਸਮਝਦਾ ਹੈ ਕਿ ਮੇਰੇ ʼਤੇ ਕੀ ਬੀਤ ਰਹੀ ਹੈ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਬਹੁਤ ਜਲਦ ਸਾਰੇ ਦੁੱਖਾਂ ਨੂੰ ਖ਼ਤਮ ਕਰ ਦੇਵੇਗਾ ਤੇ ਸਾਨੂੰ ਇਹ ਗੱਲਾਂ ਯਾਦ ਵੀ ਨਹੀਂ ਆਉਣਗੀਆਂ।”—ਦੇਲਰ, ਤਜ਼ਾਕਿਸਤਾਨ।
ਇਸ ਰਸਾਲੇ ਵਿਚ ਜ਼ਿਕਰ ਕੀਤੇ ਲੋਕ ਉਨ੍ਹਾਂ ਲੱਖਾਂ ਹੀ ਯਹੋਵਾਹ ਦੇ ਗਵਾਹਾਂ ਵਿੱਚੋਂ ਹਨ ਜਿਨ੍ਹਾਂ ਨੂੰ ਬਾਈਬਲ ਦੀ ਮਦਦ ਨਾਲ ਸ਼ਾਂਤੀ ਮਿਲੀ ਹੈ। ਇਹ ਲੋਕ ਪਹਿਲਾਂ ਜਾਤ, ਕੌਮ, ਕਬੀਲੇ ਜਾਂ ਕਿਸੇ ਹੋਰ ਕਾਰਨ ਕਰਕੇ ਦੂਜਿਆਂ ਨਾਲ ਨਫ਼ਰਤ ਕਰਦੇ ਸਨ। ਪਰ ਉਨ੍ਹਾਂ ਨੇ ਸਿੱਖਿਆ ਕਿ ਉਹ ਆਪਣੇ ਦਿਲ ਵਿੱਚੋਂ ਇਸ ਨਫ਼ਰਤ ਨੂੰ ਕਿਵੇਂ ਕੱਢ ਸਕਦੇ ਹਨ। (ਅਫ਼ਸੀਆਂ 4:31, 32) ਯਹੋਵਾਹ ਦੇ ਗਵਾਹ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿਚ ਸ਼ਾਮਲ ਨਹੀਂ ਹੁੰਦੇ।—ਯੂਹੰਨਾ 18:36.
ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਇਕ ਪਰਿਵਾਰ ਵਾਂਗ ਹਨ। ਉਹ ਇਕ-ਦੂਜੇ ਨਾਲ ਪਿਆਰ ਕਰਦੇ ਹਨ ਅਤੇ ਮੁਸ਼ਕਲ ਘੜੀ ਵਿਚ ਇਕ-ਦੂਜੇ ਦੀ ਮਦਦ ਕਰਦੇ ਹਨ। (ਯੂਹੰਨਾ 13:35) ਮਿਸਾਲ ਲਈ, ਯੂਕਰੇਨ ਵਿਚ ਰਹਿਣ ਵਾਲੀ ਓਲੇਕਸਾਂਦਰਾ ਨੂੰ ਯੁੱਧ ਕਰਕੇ ਆਪਣੀ ਭੈਣ ਨਾਲ ਦੂਜੇ ਦੇਸ਼ ਭੱਜਣਾ ਪਿਆ। ਉਹ ਕਹਿੰਦੀ ਹੈ: “ਜਿਉਂ ਹੀ ਅਸੀਂ ਬਾਰਡਰ ਪਾਰ ਕੀਤਾ, ਅਸੀਂ ਦੇਖਿਆ ਕਿ ਉੱਥੇ ਦੇ ਗਵਾਹ ਸਾਡਾ ਸੁਆਗਤ ਕਰਨ ਲਈ ਖੜ੍ਹੇ ਸਨ। ਭਾਵੇਂ ਅਸੀਂ ਸ਼ਰਨਾਰਥੀ ਸੀ ਅਤੇ ਉਹ ਦੇਸ਼ ਸਾਡੇ ਲਈ ਨਵਾਂ ਸੀ, ਪਰ ਉੱਥੇ ਦੇ ਰਹਿਣ-ਸਹਿਣ ਮੁਤਾਬਕ ਢਲ਼ਣ ਵਿਚ ਉਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ।”
ਅਸੀਂ ਯਹੋਵਾਹ ਦੇ ਗਵਾਹ ਤੁਹਾਨੂੰ ਆਪਣੀਆਂ ਸਭਾਵਾਂ ਵਿਚ ਆਉਣ ਦਾ ਸੱਦਾ ਦਿੰਦੇ ਹਾਂ। ਉੱਥੇ ਤੁਸੀਂ ਜਾਣ ਸਕੋਗੇ ਕਿ ਕਿਵੇਂ ਬਹੁਤ ਜਲਦ ਪੂਰੀ ਦੁਨੀਆਂ ਵਿਚ ਸ਼ਾਂਤੀ ਹੋਵੇਗੀ ਅਤੇ ਅੱਜ ਅਸੀਂ ਕਿਵੇਂ ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਅਸੀਂ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਵਰਤ ਕੇ ਮੁਫ਼ਤ ਵਿਚ ਬਾਈਬਲ ਤੋਂ ਸਿਖਾਉਂਦੇ ਹਾਂ। ਆਪਣੇ ਨੇੜੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਦੀ ਜਗ੍ਹਾ ਲੱਭਣ ਲਈ ਅਤੇ ਬਾਈਬਲ ਤੋਂ ਸਿੱਖਣ ਲਈ ਫ਼ਾਰਮ ਭਰਨ ਵਾਸਤੇ jw.org/pa ʼਤੇ ਜਾਓ।