ਅਧਿਐਨ ਲੇਖ 12
ਗੀਤ 119 ਨਿਹਚਾ ਨਾਲ ਚੱਲੋ
ਨਿਹਚਾ ਅਨੁਸਾਰ ਚੱਲਦੇ ਰਹੋ
“ਅਸੀਂ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ ਨਹੀਂ, ਸਗੋਂ ਨਿਹਚਾ ਅਨੁਸਾਰ ਚੱਲਦੇ ਹਾਂ।”—2 ਕੁਰਿੰ. 5:7.
ਕੀ ਸਿੱਖਾਂਗੇ?
ਅਸੀਂ ਸਿੱਖਾਂਗੇ ਕਿ ਜ਼ਰੂਰੀ ਫ਼ੈਸਲੇ ਲੈਂਦਿਆਂ ਅਸੀਂ ਨਿਹਚਾ ਅਨੁਸਾਰ ਕਿਵੇਂ ਚੱਲ ਸਕਦੇ ਹਾਂ।
1. ਆਪਣੀ ਜ਼ਿੰਦਗੀ ʼਤੇ ਝਾਤ ਮਾਰਦਿਆਂ ਪੌਲੁਸ ਸੰਤੁਸ਼ਟ ਕਿਉਂ ਸੀ?
ਪੌਲੁਸ ਰਸੂਲ ਜਾਣਦਾ ਸੀ ਕਿ ਬਹੁਤ ਜਲਦ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਪਰ ਜਦੋਂ ਉਸ ਨੇ ਸੋਚ-ਵਿਚਾਰ ਕੀਤਾ ਕਿ ਉਸ ਨੇ ਆਪਣੀ ਜ਼ਿੰਦਗੀ ਕਿੱਦਾਂ ਬਤੀਤ ਕੀਤੀ, ਤਾਂ ਉਹ ਸੰਤੁਸ਼ਟ ਸੀ। ਆਪਣੀ ਜ਼ਿੰਦਗੀ ʼਤੇ ਝਾਤ ਮਾਰਦਿਆਂ ਉਹ ਕਹਿ ਸਕਿਆ: “ਮੈਂ ਆਪਣੀ ਦੌੜ ਪੂਰੀ ਕਰ ਲਈ ਹੈ, ਮੈਂ ਮਸੀਹੀ ਸਿੱਖਿਆਵਾਂ ਉੱਤੇ ਪੂਰੀ ਤਰ੍ਹਾਂ ਚੱਲਿਆ ਹਾਂ।” (2 ਤਿਮੋ. 4:6-8) ਪੌਲੁਸ ਨੇ ਯਹੋਵਾਹ ਦੀ ਸੇਵਾ ਕਰਨ ਦਾ ਵਧੀਆ ਫ਼ੈਸਲਾ ਕੀਤਾ ਸੀ। ਉਸ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਉਸ ਤੋਂ ਖ਼ੁਸ਼ ਸੀ। ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਚੰਗੇ ਫ਼ੈਸਲੇ ਕਰੀਏ ਅਤੇ ਪਰਮੇਸ਼ੁਰ ਦੀ ਮਨਜ਼ੂਰੀ ਪਾਈਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
2. ਨਿਹਚਾ ਅਨੁਸਾਰ ਚੱਲਣ ਦਾ ਕੀ ਮਤਲਬ ਹੈ?
2 ਪੌਲੁਸ ਨੇ ਆਪਣੇ ਅਤੇ ਹੋਰ ਵਫ਼ਾਦਾਰ ਮਸੀਹੀਆਂ ਬਾਰੇ ਕਿਹਾ: “ਅਸੀਂ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ ਨਹੀਂ, ਸਗੋਂ ਨਿਹਚਾ ਅਨੁਸਾਰ ਚੱਲਦੇ ਹਾਂ।” (2 ਕੁਰਿੰ. 5:7) ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ? ਬਾਈਬਲ ਵਿਚ ਕਈ ਥਾਵਾਂ ʼਤੇ ਜਦੋਂ “ਚੱਲਣ” ਦੀ ਗੱਲ ਕੀਤੀ ਗਈ ਹੈ, ਤਾਂ ਉਸ ਦਾ ਮਤਲਬ ਹੈ ਕਿ ਇਕ ਇਨਸਾਨ ਕਿਹੋ ਜਿਹੀ ਜ਼ਿੰਦਗੀ ਜੀਉਂਦਾ ਹੈ। ਜਿਹੜਾ ਵਿਅਕਤੀ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ ਚੱਲਦਾ ਹੈ, ਉਹ ਸਿਰਫ਼ ਇਸ ਆਧਾਰ ਤੇ ਫ਼ੈਸਲੇ ਕਰਦਾ ਹੈ ਕਿ ਉਹ ਕੀ ਦੇਖਦਾ, ਸੁਣਦਾ ਅਤੇ ਉਸ ਨੂੰ ਕੀ ਸਹੀ ਲੱਗਦਾ ਹੈ। ਪਰ ਦੂਜੇ ਪਾਸੇ, ਨਿਹਚਾ ਅਨੁਸਾਰ ਚੱਲਣ ਵਾਲਾ ਵਿਅਕਤੀ ਇਸ ਆਧਾਰ ਤੇ ਫ਼ੈਸਲੇ ਕਰਦਾ ਹੈ ਕਿ ਯਹੋਵਾਹ ਕੀ ਚਾਹੁੰਦਾ ਹੈ। ਉਸ ਦੇ ਕੰਮਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਸ ਨੂੰ ਪੱਕਾ ਭਰੋਸਾ ਹੈ ਕਿ ਬਾਈਬਲ ਵਿਚ ਦਿੱਤੀਆਂ ਯਹੋਵਾਹ ਦੀਆਂ ਸਲਾਹਾਂ ਮੰਨ ਕੇ ਉਸ ਨੂੰ ਫ਼ਾਇਦਾ ਹੋਵੇਗਾ ਅਤੇ ਭਵਿੱਖ ਵਿਚ ਯਹੋਵਾਹ ਉਸ ਨੂੰ ਹੋਰ ਇਨਾਮ ਦੇਵੇਗਾ।—ਜ਼ਬੂ. 119:66; ਇਬ. 11:6.
3. ਨਿਹਚਾ ਅਨੁਸਾਰ ਚੱਲਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ? (2 ਕੁਰਿੰਥੀਆਂ 4:18)
3 ਇਹ ਸੱਚ ਹੈ ਕਿ ਅਸੀਂ ਸਾਰੇ ਕਦੇ-ਨਾ-ਕਦੇ ਇਸ ਆਧਾਰ ਤੇ ਫ਼ੈਸਲੇ ਕਰਦੇ ਹਾਂ ਕਿ ਅਸੀਂ ਕੀ ਦੇਖਦੇ ਤੇ ਕੀ ਸੁਣਦੇ ਹਾਂ ਅਤੇ ਸਾਨੂੰ ਕੀ ਸਹੀ ਲੱਗਦਾ ਹੈ। ਪਰ ਜੇ ਅਸੀਂ ਸਿਰਫ਼ ਇਨ੍ਹਾਂ ਗੱਲਾਂ ਦੇ ਆਧਾਰ ਤੇ ਜ਼ਰੂਰੀ ਫ਼ੈਸਲੇ ਲੈਂਦੇ ਹਾਂ, ਤਾਂ ਹੋ ਸਕਦਾ ਹੈ ਕਿ ਅਸੀਂ ਗ਼ਲਤ ਫ਼ੈਸਲੇ ਲੈ ਬੈਠੀਏ। ਕਿਉਂ? ਕਿਉਂਕਿ ਜੋ ਅਸੀਂ ਦੇਖਦੇ ਅਤੇ ਸੁਣਦੇ ਹਾਂ, ਜ਼ਰੂਰੀ ਨਹੀਂ ਕਿ ਉਹ ਹਮੇਸ਼ਾ ਸਹੀ ਹੀ ਹੋਵੇ। ਨਾਲੇ ਜੇ ਉਹ ਸਹੀ ਵੀ ਹੋਵੇ, ਤਾਂ ਵੀ ਸਾਨੂੰ ਸਿਰਫ਼ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ ਫ਼ੈਸਲੇ ਨਹੀਂ ਕਰਨੇ ਚਾਹੀਦੇ, ਨਹੀਂ ਤਾਂ ਅਸੀਂ ਕੁਝ ਅਜਿਹਾ ਕਰ ਬੈਠਾਂਗੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਨਹੀਂ ਹੈ। (ਉਪ. 11:9; ਮੱਤੀ 24:37-39) ਪਰ ਜੇ ਅਸੀਂ ਨਿਹਚਾ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਅਜਿਹੇ ਫ਼ੈਸਲੇ ਲੈ ਸਕਾਂਗੇ ਜੋ ‘ਪ੍ਰਭੂ ਨੂੰ ਮਨਜ਼ੂਰ ਹਨ।’ (ਅਫ਼. 5:10) ਪਰਮੇਸ਼ੁਰ ਦੀ ਸਲਾਹ ਲਾਗੂ ਕਰ ਕੇ ਸਾਨੂੰ ਸੱਚੀ ਖ਼ੁਸ਼ੀ ਅਤੇ ਸ਼ਾਂਤੀ ਮਿਲੇਗੀ। (ਜ਼ਬੂ. 16:8, 9; ਯਸਾ. 48:17, 18) ਨਾਲੇ ਜੇ ਅਸੀਂ ਨਿਹਚਾ ਅਨੁਸਾਰ ਚੱਲਦੇ ਰਹਿੰਦੇ ਹਾਂ, ਤਾਂ ਭਵਿੱਖ ਵਿਚ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।—2 ਕੁਰਿੰਥੀਆਂ 4:18 ਪੜ੍ਹੋ।
4. ਇਕ ਵਿਅਕਤੀ ਕਿੱਦਾਂ ਜਾਣ ਸਕਦਾ ਹੈ ਕਿ ਉਹ ਨਿਹਚਾ ਅਨੁਸਾਰ ਚੱਲਦਾ ਹੈ ਜਾਂ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ?
4 ਅਸੀਂ ਕਿੱਦਾਂ ਜਾਣ ਸਕਦੇ ਹਾਂ ਕਿ ਅਸੀਂ ਨਿਹਚਾ ਅਨੁਸਾਰ ਚੱਲਦੇ ਹਾਂ ਜਾਂ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ? ਇਹ ਜਾਣਨ ਲਈ ਖ਼ੁਦ ਤੋਂ ਪੁੱਛੋ: ‘ਮੈਂ ਕਿਸ ਆਧਾਰ ਤੇ ਫ਼ੈਸਲੇ ਲੈਂਦਾ ਹਾਂ? ਕੀ ਮੈਂ ਸਿਰਫ਼ ਦਿਸਣ ਵਾਲੀਆਂ ਚੀਜ਼ਾਂ ਦੇ ਆਧਾਰ ਤੇ ਫ਼ੈਸਲੇ ਲੈਂਦਾ ਹਾਂ? ਜਾਂ ਕੀ ਮੈਂ ਯਹੋਵਾਹ ʼਤੇ ਭਰੋਸਾ ਰੱਖਦਾ ਹਾਂ ਅਤੇ ਉਸ ਦੀ ਸਲਾਹ ਅਨੁਸਾਰ ਫ਼ੈਸਲੇ ਲੈਂਦਾ ਹਾਂ?’ ਅਸੀਂ ਦੇਖਾਂਗੇ ਕਿ ਅਸੀਂ ਇਨ੍ਹਾਂ ਤਿੰਨ ਮਾਮਲਿਆਂ ਵਿਚ ਨਿਹਚਾ ਅਨੁਸਾਰ ਕਿਵੇਂ ਚੱਲ ਸਕਦੇ ਹਾਂ: (1) ਜਦੋਂ ਅਸੀਂ ਨੌਕਰੀ ਚੁਣਨੀ ਹੋਵੇ, (2) ਜਦੋਂ ਜੀਵਨ ਸਾਥੀ ਚੁਣਨਾ ਹੋਵੇ ਅਤੇ (3) ਜਦੋਂ ਸੰਗਠਨ ਤੋਂ ਕੋਈ ਹਿਦਾਇਤ ਮਿਲੇ। ਹਰ ਮਾਮਲੇ ʼਤੇ ਚਰਚਾ ਕਰਦਿਆਂ ਅਸੀਂ ਦੇਖਾਂਗੇ ਕਿ ਸਹੀ ਫ਼ੈਸਲੇ ਲੈਣ ਲਈ ਸਾਨੂੰ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਜਦੋਂ ਕੋਈ ਨੌਕਰੀ ਚੁਣਨੀ ਹੋਵੇ
5. ਨੌਕਰੀ ਚੁਣਦਿਆਂ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?
5 ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਖ਼ੁਦ ਦੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕੀਏ। (ਉਪ. 7:12; 1 ਤਿਮੋ. 5:8) ਕੁਝ ਨੌਕਰੀਆਂ ਤੋਂ ਵਧੀਆ ਤਨਖ਼ਾਹ ਮਿਲਦੀ ਹੈ। ਇਸ ਕਰਕੇ ਸ਼ਾਇਦ ਇਕ ਵਿਅਕਤੀ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਕੁਝ ਪੈਸੇ ਜੋੜ ਵੀ ਪਾਉਂਦਾ ਹੈ। ਪਰ ਕੁਝ ਨੌਕਰੀਆਂ ਤੋਂ ਸਿਰਫ਼ ਇੰਨੀ ਕੁ ਤਨਖ਼ਾਹ ਮਿਲਦੀ ਹੈ ਕਿ ਇਕ ਵਿਅਕਤੀ ਆਪਣੇ ਪਰਿਵਾਰ ਦਾ ਸਿਰਫ਼ ਗੁਜ਼ਾਰਾ ਹੀ ਤੋਰ ਪਾਉਂਦਾ ਹੈ। ਜਦੋਂ ਅਸੀਂ ਇਹ ਫ਼ੈਸਲਾ ਕਰਦੇ ਹਾਂ ਕਿ ਅਸੀਂ ਕਿਹੜੀ ਨੌਕਰੀ ਕਰਾਂਗੇ, ਤਾਂ ਅਸੀਂ ਇਸ ਬਾਰੇ ਜ਼ਰੂਰ ਸੋਚਦੇ ਹਾਂ ਕਿ ਸਾਡੀ ਤਨਖ਼ਾਹ ਕਿੰਨੀ ਹੋਵੇਗੀ। ਪਰ ਜੇ ਇਕ ਵਿਅਕਤੀ ਇਹ ਫ਼ੈਸਲਾ ਕਰਦਿਆਂ ਸਿਰਫ਼ ਇਸੇ ਗੱਲ ਬਾਰੇ ਹੀ ਸੋਚਦਾ ਹੈ, ਤਾਂ ਉਹ ਦਰਅਸਲ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ ਚੱਲ ਰਿਹਾ ਹੋਵੇਗਾ।
6. ਨੌਕਰੀ ਚੁਣਦਿਆਂ ਅਸੀਂ ਨਿਹਚਾ ਅਨੁਸਾਰ ਕਿਵੇਂ ਚੱਲ ਸਕਦੇ ਹਾਂ? (ਇਬਰਾਨੀਆਂ 13:5)
6 ਜੇ ਅਸੀਂ ਨਿਹਚਾ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਇਸ ਬਾਰੇ ਵੀ ਸੋਚਾਂਗੇ ਕਿ ਇਸ ਨੌਕਰੀ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਕੀ ਅਸਰ ਪੈ ਸਕਦਾ ਹੈ। ਅਸੀਂ ਖ਼ੁਦ ਤੋਂ ਇਹ ਸਵਾਲ ਪੁੱਛ ਸਕਦੇ ਹਾਂ: ‘ਕੀ ਇਸ ਨੌਕਰੀ ਵਿਚ ਮੈਨੂੰ ਅਜਿਹਾ ਕੰਮ ਤਾਂ ਨਹੀਂ ਕਰਨਾ ਪਵੇਗਾ ਜਿਸ ਤੋਂ ਯਹੋਵਾਹ ਨਫ਼ਰਤ ਕਰਦਾ ਹੈ?’ (ਕਹਾ. 6:16-19) ‘ਕੀ ਇਸ ਨੌਕਰੀ ਕਰਕੇ ਮੇਰੇ ਲਈ ਬਾਈਬਲ ਪੜ੍ਹਨੀ, ਸਭਾਵਾਂ ਅਤੇ ਪ੍ਰਚਾਰ ʼਤੇ ਜਾਣਾ ਔਖਾ ਤਾਂ ਨਹੀਂ ਹੋ ਜਾਵੇਗਾ? ਕੀ ਇਸ ਨੌਕਰੀ ਕਰਕੇ ਮੈਂ ਆਪਣੇ ਪਰਿਵਾਰ ਨਾਲ ਸਮਾਂ ਨਹੀਂ ਬਿਤਾ ਸਕਾਂਗਾ ਜਾਂ ਮੈਨੂੰ ਆਪਣੇ ਪਰਿਵਾਰ ਤੋਂ ਲੰਬੇ ਸਮੇਂ ਤਕ ਦੂਰ ਤਾਂ ਨਹੀਂ ਰਹਿਣਾ ਪਵੇਗਾ?’ (ਫ਼ਿਲਿ. 1:10) ਜੇ ਇਨ੍ਹਾਂ ਸਵਾਲਾਂ ਦਾ ਜਵਾਬ ਹਾਂ ਹੈ, ਤਾਂ ਸਮਝਦਾਰੀ ਇਸੇ ਵਿਚ ਹੈ ਕਿ ਅਸੀਂ ਇਹ ਨੌਕਰੀ ਨਾ ਹੀ ਕਰੀਏ, ਫਿਰ ਚਾਹੇ ਸਾਡੇ ਲਈ ਹੋਰ ਨੌਕਰੀ ਲੱਭਣੀ ਔਖੀ ਹੀ ਕਿਉਂ ਨਾ ਹੋਵੇ। ਨਿਹਚਾ ਅਨੁਸਾਰ ਚੱਲਣ ਕਰਕੇ ਅਸੀਂ ਅਜਿਹੇ ਫ਼ੈਸਲੇ ਲੈਂਦੇ ਹਾਂ ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਕਿਸੇ-ਨਾ-ਕਿਸੇ ਤਰੀਕੇ ਨਾਲ ਸਾਡੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ।—ਮੱਤੀ 6:33; ਇਬਰਾਨੀਆਂ 13:5 ਪੜ੍ਹੋ।
7-8. ਭਰਾ ਹਾਵਿਅਰ ਨਿਹਚਾ ਅਨੁਸਾਰ ਕਿਵੇਂ ਚੱਲਿਆ? (ਤਸਵੀਰ ਵੀ ਦੇਖੋ।)
7 ਜ਼ਰਾ ਦੱਖਣੀ ਅਮਰੀਕਾ ਵਿਚ ਰਹਿਣ ਵਾਲੇ ਭਰਾ ਹਾਵਿਅਰa ਦੇ ਤਜਰਬੇ ʼਤੇ ਧਿਆਨ ਦਿਓ। ਭਰਾ ਜਾਣਦਾ ਸੀ ਕਿ ਨਿਹਚਾ ਅਨੁਸਾਰ ਚੱਲਣਾ ਕਿੰਨਾ ਜ਼ਰੂਰੀ ਹੈ। ਉਹ ਦੱਸਦਾ ਹੈ: “ਮੈਂ ਜਿਸ ਕੰਪਨੀ ਵਿਚ ਕੰਮ ਕਰਦਾ ਸੀ, ਮੈਂ ਉੱਥੇ ਹੀ ਇਕ ਅਜਿਹੀ ਨੌਕਰੀ ਲਈ ਅਰਜ਼ੀ ਭਰੀ ਜੋ ਮੈਨੂੰ ਪਸੰਦ ਸੀ ਅਤੇ ਜਿਸ ਦੀ ਤਨਖ਼ਾਹ ਪਹਿਲਾਂ ਨਾਲੋਂ ਦੁੱਗਣੀ ਹੋਣੀ ਸੀ।” ਪਰ ਭਰਾ ਦਾ ਪਾਇਨੀਅਰਿੰਗ ਕਰਨ ਦਾ ਵੀ ਬਹੁਤ ਮਨ ਸੀ। ਉਹ ਦੱਸਦਾ ਹੈ: “ਮੈਂ ਇਸ ਨੌਕਰੀ ਲਈ ਇੰਟਰਵਿਊ ਦੇਣੀ ਸੀ। ਪਰ ਇੰਟਰਵਿਊ ਦੇਣ ਤੋਂ ਪਹਿਲਾਂ ਮੈਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕੀਤੀ। ਮੈਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਹੀ ਜਾਣਦਾ ਹੈ ਕਿ ਮੇਰਾ ਭਲਾ ਕਿਸ ਵਿਚ ਹੈ। ਮੈਂ ਇਹ ਤਾਂ ਚਾਹੁੰਦਾ ਸੀ ਕਿ ਮੈਨੂੰ ਇਹ ਕੰਮ ਮਿਲੇ ਤੇ ਮੇਰੀ ਤਨਖ਼ਾਹ ਵੀ ਵਧੇ। ਪਰ ਮੈਂ ਇਹ ਬਿਲਕੁਲ ਨਹੀਂ ਸੀ ਚਾਹੁੰਦਾ ਕਿ ਇਸ ਨੌਕਰੀ ਕਰਕੇ ਮੈਂ ਯਹੋਵਾਹ ਦੀ ਵਧ-ਚੜ੍ਹ ਕੇ ਸੇਵਾ ਕਰਨ ਤੋਂ ਪਿੱਛੇ ਰਹਿ ਜਾਵਾਂ।”
8 ਭਰਾ ਹਾਵਿਅਰ ਦੱਸਦਾ ਹੈ: “ਇੰਟਰਵਿਊ ਦੌਰਾਨ ਮੈਨੇਜਰ ਨੇ ਮੈਨੂੰ ਦੱਸਿਆ ਕਿ ਮੈਨੂੰ ਜ਼ਿਆਦਾਤਰ ਓਵਰਟਾਈਮ ਕਰਨਾ ਪਵੇਗਾ। ਪਰ ਮੈਂ ਪਿਆਰ ਨਾਲ ਉਸ ਨੂੰ ਸਮਝਾਇਆ ਕਿ ਮੈਂ ਓਵਰਟਾਈਮ ਨਹੀਂ ਕਰ ਸਕਦਾ ਕਿਉਂਕਿ ਇਸ ਨਾਲ ਮੇਰੇ ਭਗਤੀ ਦੇ ਕੰਮਾਂ ਵਿਚ ਰੁਕਾਵਟ ਪਵੇਗੀ।” ਇਸ ਲਈ ਭਰਾ ਨੇ ਇਹ ਨੌਕਰੀ ਠੁਕਰਾ ਦਿੱਤੀ ਅਤੇ ਉਸ ਕੰਪਨੀ ਵਿਚ ਪਹਿਲਾਂ ਵਾਲੀ ਨੌਕਰੀ ਕਰਦਾ ਰਿਹਾ। ਦੋ ਹਫ਼ਤਿਆਂ ਬਾਅਦ ਭਰਾ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਕੁਝ ਮਹੀਨਿਆਂ ਬਾਅਦ ਉਸ ਨੂੰ ਇਕ ਪਾਰਟ-ਟਾਈਮ ਨੌਕਰੀ ਮਿਲ ਗਈ। ਉਹ ਦੱਸਦਾ ਹੈ: “ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣੀ ਅਤੇ ਇੱਦਾਂ ਦੀ ਨੌਕਰੀ ਲੱਭਣ ਵਿਚ ਮੇਰੀ ਮਦਦ ਕੀਤੀ ਜਿਸ ਨਾਲ ਮੈਂ ਪਾਇਨੀਅਰਿੰਗ ਵੀ ਕਰ ਸਕਾਂ। ਇਸ ਨੌਕਰੀ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਸ ਕਰਕੇ ਮੈਂ ਆਪਣਾ ਜ਼ਿਆਦਾਤਰ ਸਮਾਂ ਯਹੋਵਾਹ ਅਤੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਵਿਚ ਲਾ ਸਕਦਾ ਹਾਂ।”
ਜੇ ਤੁਹਾਨੂੰ ਆਪਣੇ ਕੰਮ ਦੀ ਥਾਂ ʼਤੇ ਤਰੱਕੀ ਕਰਨ ਦਾ ਮੌਕਾ ਮਿਲੇ, ਤਾਂ ਤੁਸੀਂ ਕੀ ਕਰੋਗੇ? ਕੀ ਤੁਹਾਡੇ ਫ਼ੈਸਲੇ ਤੋਂ ਪਤਾ ਲੱਗੇਗਾ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ? (ਪੈਰੇ 7-8 ਦੇਖੋ)
9. ਟ੍ਰੇਜ਼ੋਰ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?
9 ਪਰ ਉਦੋਂ ਕੀ ਜੇ ਤੁਹਾਨੂੰ ਅਹਿਸਾਸ ਹੋਵੇ ਕਿ ਤੁਹਾਡੀ ਨੌਕਰੀ ਕਰਕੇ ਨਿਹਚਾ ਅਨੁਸਾਰ ਚੱਲਣਾ ਤੁਹਾਡੇ ਲਈ ਔਖਾ ਹੋ ਰਿਹਾ ਹੈ? ਜ਼ਰਾ ਕਾਂਗੋ ਵਿਚ ਰਹਿਣ ਵਾਲੇ ਭਰਾ ਟ੍ਰੇਜ਼ੋਰ ਦੇ ਤਜਰਬੇ ʼਤੇ ਧਿਆਨ ਦਿਓ। ਉਹ ਦੱਸਦਾ ਹੈ: “ਮੈਂ ਇਕ ਅਜਿਹੀ ਨੌਕਰੀ ਕਰ ਰਿਹਾ ਸੀ ਜਿਸ ਨੂੰ ਪਾਉਣ ਲਈ ਲੋਕ ਤਰਸਦੇ ਹਨ। ਮੈਂ ਉੱਥੇ ਤਿੰਨ ਗੁਣਾ ਜ਼ਿਆਦਾ ਪੈਸੇ ਕਮਾ ਰਿਹਾ ਸੀ ਤੇ ਸਾਰੇ ਮੇਰੀ ਬਹੁਤ ਇੱਜ਼ਤ ਕਰਦੇ ਸੀ।” ਪਰ ਓਵਰਟਾਈਮ ਕਰਨ ਕਰਕੇ ਭਰਾ ਅਕਸਰ ਸਭਾਵਾਂ ਵਿਚ ਨਹੀਂ ਜਾ ਪਾਉਂਦਾ ਸੀ। ਨਾਲੇ ਕੰਮ ਦੀ ਥਾਂ ʼਤੇ ਜੋ ਹੇਰਾ-ਫੇਰੀ ਕੀਤੀ ਜਾ ਰਹੀ ਸੀ, ਉਸ ਨੂੰ ਲੁਕਾਉਣ ਲਈ ਉਸ ਦੇ ਨਾਲ ਕੰਮ ਕਰਨ ਵਾਲੇ ਲੋਕ ਉਸ ʼਤੇ ਝੂਠ ਬੋਲਣ ਦਾ ਦਬਾਅ ਪਾਉਂਦੇ ਸਨ। ਭਰਾ ਇਹ ਨੌਕਰੀ ਛੱਡਣੀ ਚਾਹੁੰਦਾ ਸੀ, ਪਰ ਉਸ ਨੂੰ ਡਰ ਸੀ ਕਿ ਕਿਤੇ ਉਹ ਬੇਰੋਜ਼ਗਾਰ ਨਾ ਹੋ ਜਾਵੇ। ਕਿਸ ਗੱਲ ਨੇ ਉਸ ਦੀ ਮਦਦ ਕੀਤੀ? ਉਹ ਦੱਸਦਾ ਹੈ: “ਹੱਬਕੂਕ 3:17-19 ਤੋਂ ਮੇਰੀ ਇਹ ਸਮਝਣ ਵਿਚ ਮਦਦ ਹੋਈ ਕਿ ਜੇ ਮੈਂ ਇਹ ਨੌਕਰੀ ਛੱਡ ਦੇਵਾਂ ਅਤੇ ਘੱਟ ਪੈਸੇ ਕਮਾਵਾਂ, ਤਾਂ ਵੀ ਯਹੋਵਾਹ ਕਿਸੇ-ਨਾ-ਕਿਸੇ ਤਰੀਕੇ ਨਾਲ ਮੇਰਾ ਖ਼ਿਆਲ ਜ਼ਰੂਰ ਰੱਖੇਗਾ। ਇਸ ਲਈ ਮੈਂ ਅਸਤੀਫ਼ਾ ਦੇ ਦਿੱਤਾ।” ਉਹ ਦੱਸਦਾ ਹੈ: “ਬਹੁਤ ਸਾਰੇ ਮਾਲਕ ਸੋਚਦੇ ਹਨ ਕਿ ਜੇ ਕਿਸੇ ਨੂੰ ਮੋਟੀ ਤਨਖ਼ਾਹ ਦਿੱਤੀ ਜਾਵੇ, ਤਾਂ ਉਹ ਕੁਝ ਵੀ ਦਾਅ ʼਤੇ ਲਾਉਣ ਲਈ ਤਿਆਰ ਹੋ ਜਾਵੇਗਾ। ਉਹ ਆਪਣੇ ਪਰਿਵਾਰ ਨੂੰ ਅਤੇ ਰੱਬ ਦੀ ਭਗਤੀ ਨੂੰ ਵੀ ਪਿੱਛੇ ਛੱਡ ਦੇਵੇਗਾ। ਪਰ ਮੈਂ ਖ਼ੁਸ਼ ਹਾਂ ਕਿ ਮੈਂ ਇੱਦਾਂ ਨਹੀਂ ਕੀਤਾ। ਮੈਂ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਹਿਫਾਜ਼ਤ ਕੀਤੀ। ਇਕ ਸਾਲ ਬਾਅਦ ਯਹੋਵਾਹ ਦੀ ਮਦਦ ਨਾਲ ਮੈਨੂੰ ਇਕ ਅਜਿਹੀ ਨੌਕਰੀ ਮਿਲੀ ਜਿਸ ਨਾਲ ਮੈਂ ਆਪਣੇ ਪਰਿਵਾਰ ਦੀਆਂ ਲੋੜਾਂ ਵੀ ਪੂਰੀਆਂ ਕਰ ਪਾ ਰਿਹਾ ਹਾਂ ਅਤੇ ਯਹੋਵਾਹ ਦੀ ਸੇਵਾ ਕਰਨ ਲਈ ਵੀ ਮੇਰੇ ਕੋਲ ਜ਼ਿਆਦਾ ਸਮਾਂ ਹੈ। ਯਹੋਵਾਹ ਨੂੰ ਪਹਿਲੀ ਥਾਂ ਦੇਣ ਕਰਕੇ ਸ਼ਾਇਦ ਕਦੇ-ਕਦਾਈਂ ਸਾਨੂੰ ਪੈਸਿਆਂ ਦੀ ਤੰਗੀ ਝੱਲਣੀ ਪਵੇ, ਪਰ ਯਹੋਵਾਹ ਸਾਡਾ ਖ਼ਿਆਲ ਜ਼ਰੂਰ ਰੱਖੇਗਾ।” ਜੀ ਹਾਂ, ਜੇ ਅਸੀਂ ਯਹੋਵਾਹ ਦੇ ਵਾਅਦਿਆਂ ਅਤੇ ਸਲਾਹਾਂ ʼਤੇ ਭਰੋਸਾ ਰੱਖੀਏ, ਤਾਂ ਅਸੀਂ ਨਿਹਚਾ ਅਨੁਸਾਰ ਚੱਲਦੇ ਰਹਿ ਸਕਾਂਗੇ ਅਤੇ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ।
ਜਦੋਂ ਜੀਵਨ ਸਾਥੀ ਚੁਣਨਾ ਹੋਵੇ
10. ਜੀਵਨ ਸਾਥੀ ਚੁਣਦਿਆਂ ਕਿਹੜੀਆਂ ਗੱਲਾਂ ਦੇਖਣੀਆਂ ਜ਼ਰੂਰੀ ਹਨ, ਪਰ ਸਾਨੂੰ ਕੀ ਨਹੀਂ ਕਰਨਾ ਚਾਹੀਦਾ?
10 ਵਿਆਹ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ ਅਤੇ ਇਹ ਕੁਦਰਤੀ ਹੈ ਕਿ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਹਾਂ। ਮੰਨ ਲਓ ਕਿ ਇਕ ਭੈਣ ਵਿਆਹ ਕਰਾਉਣ ਬਾਰੇ ਸੋਚਦੀ ਹੈ। ਉਹ ਸ਼ਾਇਦ ਧਿਆਨ ਦੇਵੇ ਕਿ ਮੁੰਡਾ ਦੇਖਣ ਨੂੰ ਕਿੱਦਾਂ ਦਾ ਲੱਗਦਾ ਹੈ, ਉਸ ਦਾ ਸੁਭਾਅ ਕਿੱਦਾਂ ਦਾ ਹੈ, ਦੂਜੇ ਉਸ ਬਾਰੇ ਕੀ ਸੋਚਦੇ ਹਨ, ਉਹ ਪੈਸਿਆਂ ਨੂੰ ਕਿੱਦਾਂ ਵਰਤਦਾ ਹੈ, ਉਸ ʼਤੇ ਪਰਿਵਾਰ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹਨ ਅਤੇ ਕੀ ਉਹ ਉਸ ਨੂੰ ਖ਼ੁਸ਼ ਰੱਖੇਗਾ।b ਇਨ੍ਹਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਪਰ ਜੇ ਉਹ ਸਿਰਫ਼ ਇਨ੍ਹਾਂ ਗੱਲਾਂ ʼਤੇ ਹੀ ਧਿਆਨ ਦਿੰਦੀ ਹੈ, ਤਾਂ ਉਹ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ ਚੱਲ ਰਹੀ ਹੋਵੇਗੀ।
11. ਜੀਵਨ ਸਾਥੀ ਦੀ ਚੋਣ ਕਰਦਿਆਂ ਅਸੀਂ ਨਿਹਚਾ ਅਨੁਸਾਰ ਕਿਵੇਂ ਚੱਲ ਸਕਦੇ ਹਾਂ? (1 ਕੁਰਿੰਥੀਆਂ 7:39)
11 ਪਰਮੇਸ਼ੁਰ ਦੇ ਜਿਹੜੇ ਸੇਵਕ ਨਿਹਚਾ ਅਨੁਸਾਰ ਚੱਲਦੇ ਹਨ, ਉਹ ਜੀਵਨ ਸਾਥੀ ਦੀ ਚੋਣ ਕਰਦਿਆਂ ਯਹੋਵਾਹ ਦੀ ਸਲਾਹ ਮੁਤਾਬਕ ਚੱਲਦੇ ਹਨ। ਮਿਸਾਲ ਲਈ, ਉਹ “ਜਵਾਨੀ ਦੀ ਕੱਚੀ ਉਮਰ” ਲੰਘ ਜਾਣ ਤੋਂ ਬਾਅਦ ਹੀ ਵਿਆਹ ਦੇ ਇਰਾਦੇ ਨਾਲ ਕਿਸੇ ਨਾਲ ਮੁਲਾਕਾਤ (ਡੇਟਿੰਗ) ਕਰਦੇ ਹਨ। (1 ਕੁਰਿੰ. 7:36) ਜੀਵਨ ਸਾਥੀ ਦੀ ਚੋਣ ਕਰਦਿਆਂ ਉਹ ਖ਼ਾਸ ਕਰਕੇ ਉਨ੍ਹਾਂ ਗੁਣਾਂ ਵੱਲ ਧਿਆਨ ਦਿੰਦੇ ਹਨ ਜੋ ਯਹੋਵਾਹ ਮੁਤਾਬਕ ਇਕ ਚੰਗੇ ਪਤੀ ਅਤੇ ਪਤਨੀ ਵਿਚ ਹੋਣੇ ਚਾਹੀਦੇ ਹਨ। (ਕਹਾ. 31:10-13, 26-28; ਅਫ਼. 5:33; 1 ਤਿਮੋ. 5:8) ਜੇ ਇਕ ਬਪਤਿਸਮਾ-ਰਹਿਤ ਵਿਅਕਤੀ ਉਨ੍ਹਾਂ ਵਿਚ ਦਿਲਚਸਪੀ ਦਿਖਾਉਂਦਾ ਹੈ, ਤਾਂ ਉਹ 1 ਕੁਰਿੰਥੀਆਂ 7:39 ਵਿਚ ਦੱਸੀ ਇਸ ਸਲਾਹ ਮੁਤਾਬਕ ਚੱਲਦੇ ਹਨ ਕਿ ਉਹ “ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਹੀ ਵਿਆਹ ਕਰਾਉਣ। (ਪੜ੍ਹੋ।) ਉਹ ਇੱਦਾਂ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਉਨ੍ਹਾਂ ਦੇ ਨਾਲ ਹੈ ਅਤੇ ਉਹ ਹਰ ਪਲ ਉਨ੍ਹਾਂ ਨੂੰ ਸੰਭਾਲੇਗਾ। ਸੋਚੋ ਕਿ ਜਦੋਂ ਯਹੋਵਾਹ ਆਪਣੇ ਇਨ੍ਹਾਂ ਸੇਵਕਾਂ ਨੂੰ ਦੇਖਦਾ ਹੋਣਾ, ਤਾਂ ਉਸ ਨੂੰ ਕਿੰਨਾ ਮਾਣ ਮਹਿਸੂਸ ਹੁੰਦਾ ਹੋਣਾ!—ਜ਼ਬੂ. 55:22.
12. ਤੁਸੀਂ ਰੋਜ਼ਾ ਦੇ ਤਜਰਬੇ ਤੋਂ ਕੀ ਸਿੱਖਿਆ?
12 ਕੋਲੰਬੀਆ ਦੀ ਰਹਿਣ ਵਾਲੀ ਇਕ ਪਾਇਨੀਅਰ ਭੈਣ ਰੋਜ਼ਾ ਦੇ ਤਜਰਬੇ ʼਤੇ ਗੌਰ ਕਰੋ। ਆਨ-ਲਾਈਨ ਕਲਾਸਾਂ ਲੈਂਦਿਆਂ ਉਸ ਦੀ ਮੁਲਾਕਾਤ ਇਕ ਮੁੰਡੇ ਨਾਲ ਹੋਈ। ਉਹ ਮੁੰਡਾ ਰੋਜ਼ਾ ਵਿਚ ਦਿਲਚਸਪੀ ਦਿਖਾਉਣ ਲੱਗ ਪਿਆ ਅਤੇ ਰੋਜ਼ਾ ਵੀ ਉਸ ਨੂੰ ਪਸੰਦ ਕਰਨ ਲੱਗ ਪਈ। ਉਹ ਕਹਿੰਦੀ ਹੈ: “ਉਹ ਇਕ ਚੰਗਾ ਮੁੰਡਾ ਸੀ। ਉਹ ਲੋਕਾਂ ਦੀ ਮਦਦ ਕਰਦਾ ਸੀ, ਉਸ ਨੂੰ ਕੋਈ ਮਾੜੀ ਆਦਤ ਨਹੀਂ ਸੀ ਤੇ ਉਹ ਮੇਰੇ ਨਾਲ ਵੀ ਚੰਗੇ ਤਰੀਕੇ ਨਾਲ ਪੇਸ਼ ਆਉਂਦਾ ਸੀ। ਮੈਂ ਇੱਦਾਂ ਦਾ ਹੀ ਪਤੀ ਚਾਹੁੰਦੀ ਸੀ। ਬੱਸ ਉਹ ਯਹੋਵਾਹ ਦਾ ਗਵਾਹ ਨਹੀਂ ਸੀ।” ਉਹ ਅੱਗੇ ਕਹਿੰਦੀ ਹੈ: “ਮੈਂ ਅੰਦਰੋਂ-ਅੰਦਰੀਂ ਉਸ ਨਾਲ ਡੇਟਿੰਗ ਕਰਨੀ ਚਾਹੁੰਦੀ ਸੀ, ਇਸ ਲਈ ਉਸ ਨੂੰ ਨਾਂਹ ਕਹਿਣੀ ਮੇਰੇ ਲਈ ਬਹੁਤ ਔਖੀ ਸੀ। ਉਸ ਵੇਲੇ ਮੈਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕੀਤਾ। ਮੈਂ ਵਿਆਹ ਕਰਾਉਣਾ ਚਾਹੁੰਦੀ ਸੀ, ਪਰ ਸੱਚਾਈ ਵਿਚ ਮੈਨੂੰ ਕੋਈ ਭਰਾ ਨਹੀਂ ਲੱਭ ਰਿਹਾ ਸੀ।” ਪਰ ਰੋਜ਼ਾ ਨੇ ਆਪਣਾ ਧਿਆਨ ਸਿਰਫ਼ ਦਿਸਣ ਵਾਲੀਆਂ ਚੀਜ਼ਾਂ ʼਤੇ ਨਹੀਂ ਲਾਇਆ। ਉਸ ਨੇ ਸੋਚਿਆ ਕਿ ਜੇ ਉਹ ਆਪਣੇ ਨਾਲ ਕੰਮ ਕਰਨ ਵਾਲੇ ਮੁੰਡੇ ਨਾਲ ਵਿਆਹ ਕਰਾਉਣ ਦਾ ਫ਼ੈਸਲਾ ਕਰਦੀ ਹੈ, ਤਾਂ ਇਸ ਦਾ ਯਹੋਵਾਹ ਨਾਲ ਉਸ ਦੇ ਰਿਸ਼ਤੇ ʼਤੇ ਕੀ ਅਸਰ ਪਵੇਗਾ। ਇਸ ਲਈ ਭੈਣ ਨੇ ਉਸ ਮੁੰਡੇ ਨਾਲ ਪੂਰੀ ਤਰ੍ਹਾਂ ਨਾਤਾ ਤੋੜ ਲਿਆ ਅਤੇ ਆਪਣਾ ਪੂਰਾ ਧਿਆਨ ਯਹੋਵਾਹ ਦੀ ਸੇਵਾ ਵਿਚ ਲਾਈ ਰੱਖਿਆ। ਥੋੜ੍ਹੇ ਹੀ ਸਮੇਂ ਬਾਅਦ ਉਸ ਨੂੰ ਰਾਜ ਦੇ ਪ੍ਰਚਾਰਕਾਂ ਦੇ ਸਕੂਲ ਵਿਚ ਜਾਣ ਦਾ ਸੱਦਾ ਮਿਲਿਆ। ਅੱਜ ਭੈਣ ਇਕ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਹੀ ਹੈ। ਉਹ ਅੱਗੇ ਕਹਿੰਦੀ ਹੈ: “ਯਹੋਵਾਹ ਨੇ ਮੇਰੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਦਿੱਤੀ ਹੈ। ਉਸ ਨੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਹਨ।” ਇਹ ਗੱਲ ਸੱਚ ਹੈ ਕਿ ਜਦੋਂ ਕਿਸੇ ਮਾਮਲੇ ਨਾਲ ਸਾਡੇ ਜਜ਼ਬਾਤ ਜੁੜੇ ਹੁੰਦੇ ਹਨ, ਉਦੋਂ ਨਿਹਚਾ ਅਨੁਸਾਰ ਚੱਲਣਾ ਇੰਨਾ ਸੌਖਾ ਨਹੀਂ ਹੁੰਦਾ। ਪਰ ਜੇ ਅਸੀਂ ਉਦੋਂ ਵੀ ਯਹੋਵਾਹ ਦੀ ਸੇਧ ਮੁਤਾਬਕ ਚੱਲਦੇ ਹਾਂ, ਤਾਂ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ।
ਜਦੋਂ ਸੰਗਠਨ ਤੋਂ ਕੋਈ ਹਿਦਾਇਤ ਮਿਲੇ
13. ਸੰਗਠਨ ਤੋਂ ਕੋਈ ਹਿਦਾਇਤ ਮਿਲਣ ਤੇ ਅਸੀਂ ਕਿਹੜੇ ਕੁਝ ਕਾਰਨਾਂ ਕਰਕੇ ਦਿਸਣ ਵਾਲੀਆਂ ਚੀਜ਼ਾਂ ਅਨੁਸਾਰ ਚੱਲਣ ਲੱਗ ਸਕਦੇ ਹਾਂ?
13 ਸਾਨੂੰ ਅਕਸਰ ਬਜ਼ੁਰਗਾਂ, ਸਰਕਟ ਓਵਰਸੀਅਰ, ਬ੍ਰਾਂਚ ਆਫ਼ਿਸ ਜਾਂ ਪ੍ਰਬੰਧਕ ਸਭਾ ਤੋਂ ਹਿਦਾਇਤਾਂ ਮਿਲਦੀਆਂ ਹਨ। ਇਨ੍ਹਾਂ ਨੂੰ ਮੰਨਣ ਨਾਲ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿ ਪਾਉਂਦੇ ਹਾਂ। ਪਰ ਕਦੀ-ਕਦਾਈਂ ਸ਼ਾਇਦ ਸਾਨੂੰ ਸਮਝ ਨਾ ਲੱਗੇ ਕਿ ਭਰਾਵਾਂ ਨੇ ਸਾਨੂੰ ਕੋਈ ਹਿਦਾਇਤ ਕਿਉਂ ਦਿੱਤੀ ਹੈ। ਜਾਂ ਫਿਰ ਸਾਡੇ ਮਨ ਵਿਚ ਸ਼ੱਕ ਆਵੇ ਕਿ ਪਤਾ ਨਹੀਂ ਇਸ ਹਿਦਾਇਤ ਦਾ ਕੋਈ ਫ਼ਾਇਦਾ ਹੋਵੇਗਾ ਜਾਂ ਨਹੀਂ। ਇੱਥੋਂ ਤਕ ਕਿ ਸ਼ਾਇਦ ਅਸੀਂ ਹਿਦਾਇਤ ਦੇਣ ਵਾਲੇ ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ʼਤੇ ਵੀ ਧਿਆਨ ਦੇਣ ਲੱਗ ਪਈਏ।
14. ਸੰਗਠਨ ਵੱਲੋਂ ਕੋਈ ਹਿਦਾਇਤ ਮਿਲਣ ʼਤੇ ਕਿਹੜੀ ਗੱਲ ਨਿਹਚਾ ਅਨੁਸਾਰ ਚੱਲਣ ਵਿਚ ਸਾਡੀ ਮਦਦ ਕਰੇਗੀ? (ਇਬਰਾਨੀਆਂ 13:17)
14 ਜਦੋਂ ਅਸੀਂ ਨਿਹਚਾ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਹੀ ਇਸ ਸੰਗਠਨ ਨੂੰ ਚਲਾ ਰਿਹਾ ਹੈ ਅਤੇ ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡੀ ਭਲਾਈ ਕਿਸ ਵਿਚ ਹੈ। ਨਤੀਜੇ ਵਜੋਂ, ਅਸੀਂ ਸਹੀ ਨਜ਼ਰੀਆ ਰੱਖਦਿਆਂ ਝੱਟ ਕਹਿਣਾ ਮੰਨਦੇ ਹਾਂ। (ਇਬਰਾਨੀਆਂ 13:17 ਪੜ੍ਹੋ।) ਅਸੀਂ ਜਾਣਦੇ ਹਾਂ ਕਿ ਸਾਡੇ ਇੱਦਾਂ ਕਰਨ ਨਾਲ ਮੰਡਲੀ ਦੀ ਏਕਤਾ ਬਣੀ ਰਹੇਗੀ। (ਅਫ਼. 4:2, 3) ਇਹ ਸੱਚ ਹੈ ਕਿ ਅਗਵਾਈ ਲੈਣ ਵਾਲੇ ਭਰਾ ਨਾਮੁਕੰਮਲ ਹਨ, ਪਰ ਫਿਰ ਵੀ ਜੇ ਅਸੀਂ ਉਨ੍ਹਾਂ ਦਾ ਕਹਿਣਾ ਮੰਨਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ। (1 ਸਮੂ. 15:22) ਨਾਲੇ ਜੇ ਕਿਸੇ ਮਾਮਲੇ ਵਿਚ ਸੱਚ-ਮੁੱਚ ਕੋਈ ਸੁਧਾਰ ਕਰਨ ਦੀ ਲੋੜ ਹੈ, ਤਾਂ ਸਹੀ ਸਮਾਂ ਆਉਣ ਤੇ ਯਹੋਵਾਹ ਜ਼ਰੂਰ ਉਸ ਵਿਚ ਸੁਧਾਰ ਕਰੇਗਾ।—ਮੀਕਾ. 7:7.
15-16. ਨਿਹਚਾ ਅਨੁਸਾਰ ਚੱਲਣ ਵਿਚ ਇਕ ਭਰਾ ਦੀ ਕਿਵੇਂ ਮਦਦ ਹੋਈ? (ਤਸਵੀਰ ਵੀ ਦੇਖੋ।)
15 ਜ਼ਰਾ ਇਸ ਤਜਰਬੇ ʼਤੇ ਗੌਰ ਕਰੋ ਅਤੇ ਦੇਖੋ ਕਿ ਨਿਹਚਾ ਅਨੁਸਾਰ ਚੱਲਣ ਦਾ ਕਿਹੜਾ ਇਕ ਫ਼ਾਇਦਾ ਹੁੰਦਾ ਹੈ। ਪੀਰੂ ਦੇਸ਼ ਵਿਚ ਸਪੇਨੀ ਭਾਸ਼ਾ ਬੋਲੀ ਜਾਂਦੀ ਹੈ। ਪਰ ਬਹੁਤ ਸਾਰੇ ਲੋਕ ਉੱਥੇ ਦੀਆਂ ਸਥਾਨਕ ਭਾਸ਼ਾਵਾਂ ਵੀ ਬੋਲਦੇ ਹਨ। ਇਨ੍ਹਾਂ ਵਿੱਚੋਂ ਇਕ ਹੈ, ਕੇਚੂਆ ਭਾਸ਼ਾ। ਸਾਲਾਂ ਤੋਂ ਕੇਚੂਆ ਭਾਸ਼ਾ ਬੋਲਣ ਵਾਲੇ ਭੈਣ-ਭਰਾ ਆਪਣੇ ਪ੍ਰਚਾਰ ਦੇ ਇਲਾਕੇ ਵਿਚ ਇਹ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਲੱਭ ਰਹੇ ਸਨ। ਪਰ ਸੰਗਠਨ ਨੇ ਸਰਕਾਰ ਦੇ ਕੁਝ ਨਵੇਂ ਕਾਨੂੰਨਾਂ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਲੱਭਣ ਦੇ ਤਰੀਕੇ ਵਿਚ ਫੇਰ-ਬਦਲ ਕੀਤਾ। (ਰੋਮੀ. 13:1) ਕੁਝ ਜਣਿਆਂ ਨੂੰ ਲੱਗਾ ਕਿ ਹੁਣ ਕੇਚੂਆ ਬੋਲਣ ਵਾਲੇ ਲੋਕਾਂ ਨੂੰ ਲੱਭਣਾ ਬਹੁਤ ਔਖਾ ਹੋ ਜਾਵੇਗਾ। ਪਰ ਭਰਾਵਾਂ ਨੇ ਇਸ ਨਵੀਂ ਹਿਦਾਇਤ ਨੂੰ ਮੰਨਿਆ, ਇਸ ਲਈ ਯਹੋਵਾਹ ਨੇ ਉਨ੍ਹਾਂ ਦੇ ਪ੍ਰਚਾਰ ਕੰਮ ʼਤੇ ਬਹੁਤ ਬਰਕਤ ਪਾਈ ਅਤੇ ਉਨ੍ਹਾਂ ਨੂੰ ਕੇਚੂਆ ਬੋਲਣ ਵਾਲੇ ਬਹੁਤ ਸਾਰੇ ਲੋਕ ਮਿਲੇ।
16 ਕੈਵਿਨ ਕੇਚੂਆ ਭਾਸ਼ਾ ਬੋਲਣ ਵਾਲੀ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਬਾਕੀ ਜਣਿਆਂ ਵਾਂਗ ਉਸ ਨੂੰ ਵੀ ਇਸ ਗੱਲ ਦੀ ਚਿੰਤਾ ਸੀ। ਉਹ ਦੱਸਦਾ ਹੈ: “ਮੈਂ ਸੋਚ ਰਿਹਾ ਸੀ ਕਿ ਹੁਣ ਅਸੀਂ ਉਨ੍ਹਾਂ ਲੋਕਾਂ ਨੂੰ ਕਿਵੇਂ ਲੱਭਾਂਗੇ ਜੋ ਕੇਚੂਆ ਭਾਸ਼ਾ ਬੋਲਦੇ ਹਨ।” ਭਰਾ ਨੇ ਕੀ ਕੀਤਾ? ਉਹ ਦੱਸਦਾ ਹੈ: “ਮੈਂ ਕਹਾਉਤਾਂ 3:5 ਦੇ ਹਵਾਲੇ ਬਾਰੇ ਸੋਚਿਆ। ਨਾਲੇ ਮੈਂ ਮੂਸਾ ਬਾਰੇ ਵੀ ਸੋਚਿਆ। ਯਹੋਵਾਹ ਨੇ ਮੂਸਾ ਨੂੰ ਕਿਹਾ ਸੀ ਕਿ ਉਹ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਾਲ ਸਮੁੰਦਰ ਵੱਲ ਲੈ ਕੇ ਜਾਵੇ। ਸੋ ਇਜ਼ਰਾਈਲੀਆਂ ਦੇ ਅੱਗੇ ਲਾਲ ਸਮੁੰਦਰ ਹੋਣਾ ਸੀ ਤੇ ਪਿੱਛੇ ਮਿਸਰੀ ਫ਼ੌਜ। ਮੂਸਾ ਨੂੰ ਲੱਗ ਸਕਦਾ ਸੀ ਕਿ ਇਸ ਹਿਦਾਇਤ ਦੀ ਕੋਈ ਤੁਕ ਨਹੀਂ ਬਣਦੀ, ਪਰ ਫਿਰ ਵੀ ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ। ਉਸ ਦੇ ਕਹਿਣਾ ਮੰਨਣ ਕਰਕੇ ਯਹੋਵਾਹ ਨੇ ਸ਼ਾਨਦਾਰ ਚਮਤਕਾਰ ਕਰ ਕੇ ਆਪਣੇ ਲੋਕਾਂ ਨੂੰ ਬਚਾਇਆ।” (ਕੂਚ 14:1, 2, 9-11, 21, 22) ਭਰਾ ਕੈਵਿਨ ਨੇ ਨਵੀਂ ਹਿਦਾਇਤ ਮੁਤਾਬਕ ਪ੍ਰਚਾਰ ਕੀਤਾ। ਇਸ ਦਾ ਨਤੀਜਾ ਕੀ ਨਿਕਲਿਆ? ਭਰਾ ਕਹਿੰਦਾ ਹੈ: “ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਯਹੋਵਾਹ ਨੇ ਕਿਵੇਂ ਸਾਡੇ ਕੰਮ ʼਤੇ ਬਰਕਤ ਪਾਈ। ਪਹਿਲਾਂ ਅਸੀਂ ਪ੍ਰਚਾਰ ਦੇ ਇਲਾਕੇ ਵਿਚ ਬਹੁਤ ਤੁਰਦੇ ਸੀ, ਫਿਰ ਵੀ ਸਾਨੂੰ ਕੇਚੂਆ ਬੋਲਣ ਵਾਲੇ ਸਿਰਫ਼ ਇਕ ਜਾਂ ਦੋ ਲੋਕ ਹੀ ਮਿਲਦੇ ਸਨ। ਪਰ ਹੁਣ ਅਸੀਂ ਉਨ੍ਹਾਂ ਇਲਾਕਿਆਂ ਵਿਚ ਜਾਂਦੇ ਹਾਂ ਜਿੱਥੇ ਜ਼ਿਆਦਾਤਰ ਲੋਕ ਕੇਚੂਆ ਭਾਸ਼ਾ ਬੋਲਦੇ ਹਨ। ਨਤੀਜੇ ਵਜੋਂ, ਅਸੀਂ ਜ਼ਿਆਦਾ ਲੋਕਾਂ ਨਾਲ ਗੱਲਬਾਤ ਕਰ ਪਾਉਂਦੇ ਹਾਂ, ਸਾਨੂੰ ਜ਼ਿਆਦਾ ਰਿਟਰਨ ਵਿਜ਼ਿਟਾਂ ਮਿਲਦੀਆਂ ਹਨ ਤੇ ਅਸੀਂ ਕਈ ਬਾਈਬਲ ਸਟੱਡੀਆਂ ਕਰਾ ਪਾਉਂਦੇ ਹਾਂ। ਨਾਲੇ ਹੁਣ ਸਭਾਵਾਂ ਵਿਚ ਵੀ ਜ਼ਿਆਦਾ ਲੋਕ ਆਉਂਦੇ ਹਨ।” ਜੀ ਹਾਂ, ਜਦੋਂ ਅਸੀਂ ਨਿਹਚਾ ਅਨੁਸਾਰ ਚੱਲਦੇ ਹਾਂ, ਤਾਂ ਯਹੋਵਾਹ ਸਾਨੂੰ ਹਮੇਸ਼ਾ ਬਰਕਤਾਂ ਦਿੰਦਾ ਹੈ।
ਕਈ ਲੋਕਾਂ ਨੇ ਭੈਣਾਂ-ਭਰਾਵਾਂ ਨੂੰ ਕੇਚੂਆ ਬੋਲਣ ਵਾਲੇ ਲੋਕਾਂ ਦਾ ਪਤਾ ਦੱਸਿਆ (ਪੈਰੇ 15-16 ਦੇਖੋ)
17. ਤੁਸੀਂ ਇਸ ਲੇਖ ਵਿੱਚੋਂ ਕੀ ਸਿੱਖਿਆ?
17 ਅਸੀਂ ਤਿੰਨ ਅਹਿਮ ਮਾਮਲਿਆਂ ʼਤੇ ਗੌਰ ਕੀਤਾ ਜਿਨ੍ਹਾਂ ਵਿਚ ਸਾਨੂੰ ਨਿਹਚਾ ਅਨੁਸਾਰ ਚੱਲਦੇ ਰਹਿਣ ਦੀ ਲੋੜ ਹੈ। ਪਰ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਮਾਮਲੇ ਵਿਚ ਨਿਹਚਾ ਅਨੁਸਾਰ ਚੱਲਣਾ ਚਾਹੀਦਾ ਹੈ। ਮਿਸਾਲ ਲਈ, ਜਦੋਂ ਅਸੀਂ ਮਨੋਰੰਜਨ ਦੀ ਚੋਣ ਕਰਦੇ ਹਾਂ, ਜਦੋਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਆਪਣਾ ਵਿਹਲਾ ਸਮਾਂ ਕਿਵੇਂ ਵਰਤਾਂਗੇ, ਜਦੋਂ ਅਸੀਂ ਇਹ ਫ਼ੈਸਲਾ ਕਰਦੇ ਹਾਂ ਕਿ ਅਸੀਂ ਕਿੰਨੀ ਪੜ੍ਹਾਈ ਕਰਾਂਗੇ ਜਾਂ ਆਪਣੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਾਂਗੇ। ਸਾਡੇ ਫ਼ੈਸਲੇ ਸਿਰਫ਼ ਦਿਸਣ ਵਾਲੀਆਂ ਚੀਜ਼ਾਂ ʼਤੇ ਆਧਾਰਿਤ ਨਹੀਂ ਹੋਣੇ ਚਾਹੀਦੇ, ਸਗੋਂ ਯਹੋਵਾਹ ਨਾਲ ਸਾਡੇ ਰਿਸ਼ਤੇ, ਉਸ ਦੀ ਸਲਾਹ ਤੇ ਉਸ ਦੇ ਵਾਅਦਿਆਂ ʼਤੇ ਆਧਾਰਿਤ ਹੋਣੇ ਚਾਹੀਦੇ ਹਨ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ‘ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਂ ਲੈ ਕੇ ਹਮੇਸ਼ਾ-ਹਮੇਸ਼ਾ ਲਈ ਚੱਲਦੇ ਰਹਿ ਸਕਾਂਗੇ।’—ਮੀਕਾ. 4:5.
ਗੀਤ 156 ਨਿਹਚਾ ਮੇਰੀ, ਨਾ ਡੋਲੇਗੀ ਕਦੀ
a ਕੁਝ ਨਾਂ ਬਦਲੇ ਗਏ ਹਨ।
b ਪੈਰੇ ਵਿਚ ਇਕ ਭੈਣ ਦੀ ਮਿਸਾਲ ਦਿੱਤੀ ਗਈ ਹੈ ਜੋ ਆਪਣਾ ਜੀਵਨ ਸਾਥੀ ਲੱਭ ਰਹੀ ਹੈ। ਪਰ ਇਹ ਸਲਾਹ ਭਰਾਵਾਂ ʼਤੇ ਵੀ ਲਾਗੂ ਹੁੰਦੀ ਹੈ।