ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਮਈ ਸਫ਼ੇ 14-19
  • ਉਸ ਸ਼ਹਿਰ ਦੀ ਉਡੀਕ ਕਰੋ ਜੋ ਹਮੇਸ਼ਾ ਰਹੇਗਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਸ ਸ਼ਹਿਰ ਦੀ ਉਡੀਕ ਕਰੋ ਜੋ ਹਮੇਸ਼ਾ ਰਹੇਗਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ʼਤੇ ਭਰੋਸਾ ਰੱਖੋ ਜੋ ਤੁਹਾਨੂੰ ਕਦੇ ਨਹੀਂ ਤਿਆਗੇਗਾ
  • ਅਗਵਾਈ ਕਰਨ ਵਾਲੇ ਭਰਾਵਾਂ ਦੀ ਆਗਿਆਕਾਰੀ ਕਰੋ
  • ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰੋ ਅਤੇ ਪਰਾਹੁਣਚਾਰੀ ਕਰੋ
  • ਭਵਿੱਖ ਵਿਚ ਕੀ ਹੋਵੇਗਾ?
  • ਇਕ ਚਿੱਠੀ ਜੋ ਅੰਤ ਤਕ ਧੀਰਜ ਰੱਖਣ ਵਿਚ ਸਾਡੀ ਮਦਦ ਕਰ ਸਕਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਇਕ-ਦੂਜੇ ਦੇ ਨੇੜੇ ਆਉਣਾ ਸਾਡੇ ਲਈ ਚੰਗਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਮਈ ਸਫ਼ੇ 14-19

ਅਧਿਐਨ ਲੇਖ 21

ਗੀਤ 21 ਰਾਜ ਨੂੰ ਪਹਿਲੀ ਥਾਂ ਦੇਵੋ

ਉਸ ਸ਼ਹਿਰ ਦੀ ਉਡੀਕ ਕਰੋ ਜੋ ਹਮੇਸ਼ਾ ਰਹੇਗਾ

“ਅਸੀਂ ਉਸ ਸ਼ਹਿਰ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।”​—ਇਬ. 13:14.

ਕੀ ਸਿੱਖਾਂਗੇ?

ਇਬਰਾਨੀਆਂ ਅਧਿਆਇ 13 ਵਿਚ ਦਰਜ ਗੱਲਾਂ ਤੋਂ ਸਾਨੂੰ ਅੱਜ ਅਤੇ ਭਵਿੱਖ ਵਿਚ ਕਿਹੜੇ ਫ਼ਾਇਦੇ ਹੋ ਸਕਦੇ ਹਨ।

1. ਯਿਸੂ ਨੇ ਯਰੂਸ਼ਲਮ ਸ਼ਹਿਰ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?

ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਮਸੀਹ ਨੇ ਇਕ ਭਵਿੱਖਬਾਣੀ ਕੀਤੀ ਸੀ। ਇਹ ਭਵਿੱਖਬਾਣੀ ਕਰਦਿਆਂ ਉਸ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਇਕ ਦਿਨ ‘ਫ਼ੌਜਾਂ ਯਰੂਸ਼ਲਮ ਨੂੰ ਘੇਰ ਲੈਣਗੀਆਂ।’ (ਲੂਕਾ 21:20) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਦੋਂ ਇੱਦਾਂ ਹੋਵੇ, ਤਾਂ ਉਹ ਤੁਰੰਤ ਯਹੂਦਿਯਾ ਨੂੰ ਛੱਡ ਕੇ ਭੱਜ ਜਾਣ।​—ਲੂਕਾ 21:21, 22.

2. ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਯਹੂਦਿਯਾ ਅਤੇ ਯਰੂਸ਼ਲਮ ਬਾਰੇ ਕਿਹੜੀ ਸਲਾਹ ਦਿੱਤੀ?

2 ਰੋਮੀ ਫ਼ੌਜਾਂ ਦੁਆਰਾ ਯਰੂਸ਼ਲਮ ਦੀ ਘੇਰਾਬੰਦੀ ਕਰਨ ਤੋਂ ਕੁਝ ਸਮਾਂ ਪਹਿਲਾਂ ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਇਕ ਜ਼ਬਰਦਸਤ ਚਿੱਠੀ ਲਿਖੀ। ਅੱਜ ਇਸ ਚਿੱਠੀ ਨੂੰ ਇਬਰਾਨੀਆਂ ਦੀ ਕਿਤਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੌਲੁਸ ਨੇ ਇਸ ਚਿੱਠੀ ਵਿਚ ਯਹੂਦਿਯਾ ਅਤੇ ਯਰੂਸ਼ਲਮ ਦੇ ਮਸੀਹੀਆਂ ਨੂੰ ਜ਼ਰੂਰੀ ਸਲਾਹ ਦਿੱਤੀ। ਇਸ ਕਰਕੇ ਉਹ ਆਉਣ ਵਾਲੇ ਸਮੇਂ ਲਈ ਖ਼ੁਦ ਨੂੰ ਤਿਆਰ ਕਰ ਸਕਦੇ ਸਨ। ਅੱਗੇ ਕੀ ਹੋਣ ਵਾਲਾ ਸੀ? ਯਰੂਸ਼ਲਮ ਦਾ ਨਾਸ਼। ਯਰੂਸ਼ਲਮ ਦੇ ਨਾਸ਼ ਤੋਂ ਬਚਣ ਲਈ ਮਸੀਹੀਆਂ ਨੂੰ ਆਪਣੇ ਘਰ-ਬਾਰ ਅਤੇ ਕਾਰੋਬਾਰ ਛੱਡਣ ਲਈ ਤਿਆਰ ਰਹਿਣ ਦੀ ਲੋੜ ਸੀ। ਇਸ ਕਰਕੇ ਪੌਲੁਸ ਰਸੂਲ ਨੇ ਯਰੂਸ਼ਲਮ ਸ਼ਹਿਰ ਬਾਰੇ ਲਿਖਿਆ: “ਇੱਥੇ ਸਾਡੇ ਕੋਲ ਅਜਿਹਾ ਸ਼ਹਿਰ ਨਹੀਂ ਹੈ ਜੋ ਹਮੇਸ਼ਾ ਰਹੇਗਾ।” ਉਸ ਨੇ ਅੱਗੇ ਕਿਹਾ: “ਪਰ ਅਸੀਂ ਉਸ ਸ਼ਹਿਰ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।”​—ਇਬ. 13:14.

3. ਉਹ ਸ਼ਹਿਰ ਕਿਹੜਾ ਹੈ “ਜਿਸ ਦੀਆਂ ਨੀਂਹਾਂ ਪੱਕੀਆਂ” ਹਨ ਅਤੇ ਅਸੀਂ ਉਸ ਸ਼ਹਿਰ ਦੀ ਉਡੀਕ ਕਿਉਂ ਕਰਦੇ ਹਾਂ?

3 ਜਿਨ੍ਹਾਂ ਮਸੀਹੀਆਂ ਨੇ ਯਹੂਦਿਯਾ ਅਤੇ ਯਰੂਸ਼ਲਮ ਨੂੰ ਛੱਡਣ ਦਾ ਫ਼ੈਸਲਾ ਕੀਤਾ, ਉਨ੍ਹਾਂ ਦਾ ਸ਼ਾਇਦ ਬਹੁਤ ਸਾਰੇ ਲੋਕਾਂ ਨੇ ਮਖੌਲ ਉਡਾਇਆ ਹੋਣਾ ਅਤੇ ਉਨ੍ਹਾਂ ਨੂੰ ਮੂਰਖ ਕਿਹਾ ਹੋਣਾ। ਪਰ ਇਸ ਫ਼ੈਸਲੇ ਕਰਕੇ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ। ਅੱਜ ਲੋਕ ਸਾਡਾ ਵੀ ਮਖੌਲ ਉਡਾਉਂਦੇ ਹਨ ਕਿਉਂਕਿ ਦੁਨੀਆਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਲਈ ਅਸੀਂ ਨਾ ਤਾਂ ਪੈਸੇ ʼਤੇ ਅਤੇ ਨਾ ਹੀ ਇਨਸਾਨਾਂ ʼਤੇ ਭਰੋਸਾ ਕਰਦੇ ਹਾਂ। ਪਰ ਅਸੀਂ ਇਹ ਫ਼ੈਸਲਾ ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਪਤਾ ਹੈ ਕਿ ਇਸ ਦੁਸ਼ਟ ਦੁਨੀਆਂ ਦਾ ਨਾਸ਼ ਛੇਤੀ ਹੋ ਜਾਵੇਗਾ। ਅਸੀਂ “ਉਸ ਸ਼ਹਿਰ ਦੇ ਆਉਣ ਦੀ” ਉਡੀਕ ਕਰ ਰਹੇ ਹਾਂ “ਜਿਸ ਦੀਆਂ ਨੀਂਹਾਂ ਪੱਕੀਆਂ” ਹਨ ਯਾਨੀ ਪਰਮੇਸ਼ੁਰ ਦੇ ਰਾਜ ਦੀ ਜੋ ਜਲਦੀ ਆਉਣ ਵਾਲਾ ਹੈ। (ਇਬ. 11:10; ਮੱਤੀ 6:33) ਇਸ ਲੇਖ ਦੇ ਹਰ ਸਿਰਲੇਖ ਵਿਚ ਸਾਨੂੰ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਮਿਲਣਗੇ: (1) ਪਰਮੇਸ਼ੁਰ ਦੀ ਪ੍ਰੇਰਣਾ ਨਾਲ ਪੌਲੁਸ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਜੋ ਸਲਾਹ ਦਿੱਤੀ, ਉਸ ਕਰਕੇ ਉਹ ‘ਆਉਣ ਵਾਲੇ ਸ਼ਹਿਰ ਦੀ’ ਉਡੀਕ ਕਿਵੇਂ ਕਰ ਸਕੇ? (2) ਪੌਲੁਸ ਨੇ ਉਨ੍ਹਾਂ ਨੂੰ ਭਵਿੱਖ ਲਈ ਕਿਵੇਂ ਤਿਆਰ ਕੀਤਾ? (3) ਉਸ ਦੀ ਸਲਾਹ ਤੋਂ ਅੱਜ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

ਯਹੋਵਾਹ ʼਤੇ ਭਰੋਸਾ ਰੱਖੋ ਜੋ ਤੁਹਾਨੂੰ ਕਦੇ ਨਹੀਂ ਤਿਆਗੇਗਾ

4. ਯਰੂਸ਼ਲਮ ਸ਼ਹਿਰ ਮਸੀਹੀਆਂ ਲਈ ਇੰਨਾ ਖ਼ਾਸ ਕਿਉਂ ਸੀ?

4 ਪਹਿਲੀ ਸਦੀ ਦੇ ਮਸੀਹੀਆਂ ਲਈ ਯਰੂਸ਼ਲਮ ਸ਼ਹਿਰ ਬਹੁਤ ਖ਼ਾਸ ਸੀ। ਕਿਉਂ? ਕਿਉਂਕਿ 33 ਈਸਵੀ ਵਿਚ ਮਸੀਹੀ ਮੰਡਲੀ ਦੀ ਸ਼ੁਰੂਆਤ ਇੱਥੇ ਹੋਈ ਸੀ ਅਤੇ ਪ੍ਰਬੰਧਕ ਸਭਾ ਦੇ ਭਰਾ ਵੀ ਇੱਥੇ ਹੀ ਰਹਿੰਦੇ ਸਨ। ਇਸ ਤੋਂ ਇਲਾਵਾ, ਇਸ ਸ਼ਹਿਰ ਵਿਚ ਬਹੁਤ ਸਾਰੇ ਮਸੀਹੀਆਂ ਦੇ ਘਰ-ਬਾਰ ਸਨ ਅਤੇ ਉਨ੍ਹਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਸਨ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਨਾ ਸਿਰਫ਼ ਯਰੂਸ਼ਲਮ ਤੋਂ, ਸਗੋਂ ਯਹੂਦਿਯਾ ਦੇ ਪੂਰੇ ਇਲਾਕੇ ਤੋਂ ਭੱਜਣਾ ਪੈਣਾ ਸੀ।​—ਮੱਤੀ 24:16.

5. ਪੌਲੁਸ ਨੇ ਮਸੀਹੀਆਂ ਨੂੰ ਭਵਿੱਖ ਲਈ ਕਿਵੇਂ ਤਿਆਰ ਕੀਤਾ?

5 ਪੌਲੁਸ ਮਸੀਹੀਆਂ ਨੂੰ ਪਹਿਲਾਂ ਤੋਂ ਹੀ ਤਿਆਰ ਕਰਨਾ ਚਾਹੁੰਦਾ ਸੀ ਤਾਂਕਿ ਸਮਾਂ ਆਉਣ ਤੇ ਉਹ ਯਰੂਸ਼ਲਮ ਨੂੰ ਛੱਡ ਕੇ ਭੱਜ ਸਕਣ। ਇਸ ਲਈ ਉਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਯਰੂਸ਼ਲਮ ਬਾਰੇ ਯਹੋਵਾਹ ਦੀ ਕੀ ਸੋਚ ਹੈ। ਉਸ ਨੇ ਮਸੀਹੀਆਂ ਨੂੰ ਦੱਸਿਆ ਕਿ ਯਰੂਸ਼ਲਮ ਦਾ ਮੰਦਰ ਅਤੇ ਉੱਥੇ ਚੜ੍ਹਾਈਆਂ ਜਾਂਦੀਆਂ ਬਲ਼ੀਆਂ ਹੁਣ ਪਰਮੇਸ਼ੁਰ ਦੀ ਨਜ਼ਰ ਵਿਚ ਪਵਿੱਤਰ ਨਹੀਂ ਰਹੀਆਂ। ਨਾਲੇ ਉੱਥੇ ਸੇਵਾ ਕਰਨ ਵਾਲੇ ਪੁਜਾਰੀਆਂ ʼਤੇ ਵੀ ਉਸ ਦੀ ਮਨਜ਼ੂਰੀ ਨਹੀਂ ਰਹੀ। (ਇਬ. 8:13) ਉਸ ਸ਼ਹਿਰ ਦੇ ਜ਼ਿਆਦਾਤਰ ਲੋਕਾਂ ਨੇ ਮਸੀਹ ਨੂੰ ਠੁਕਰਾ ਦਿੱਤਾ ਸੀ। ਇਸ ਲਈ ਹੁਣ ਯਰੂਸ਼ਲਮ ਦਾ ਮੰਦਰ ਯਹੋਵਾਹ ਦੀ ਭਗਤੀ ਲਈ ਇਕ ਖ਼ਾਸ ਜਗ੍ਹਾ ਨਹੀਂ ਸੀ ਅਤੇ ਛੇਤੀ ਹੀ ਉਸ ਦਾ ਨਾਸ਼ ਹੋਣ ਵਾਲਾ ਸੀ।​—ਲੂਕਾ 13:34, 35.

6. ਇਬਰਾਨੀਆਂ 13:5, 6 ਵਿਚ ਦਰਜ ਪੌਲੁਸ ਦੀ ਸਲਾਹ ਉਸ ਸਮੇਂ ਦੇ ਮਸੀਹੀਆਂ ਲਈ ਕਿਉਂ ਜ਼ਰੂਰੀ ਸੀ?

6 ਜਦੋਂ ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਚਿੱਠੀ ਲਿਖੀ, ਉਦੋਂ ਯਰੂਸ਼ਲਮ ਇਕ ਵਧ-ਫੁੱਲ ਰਿਹਾ ਸ਼ਹਿਰ ਸੀ। ਉਸ ਜ਼ਮਾਨੇ ਦੇ ਇਕ ਰੋਮੀ ਲਿਖਾਰੀ ਨੇ ਕਿਹਾ ਕਿ ਯਰੂਸ਼ਲਮ “ਪੂਰਬੀ ਦੇਸ਼ਾਂ ਵਿਚ ਸਭ ਤੋਂ ਮਸ਼ਹੂਰ ਸ਼ਹਿਰ ਸੀ।” ਅਲੱਗ-ਅਲੱਗ ਦੇਸ਼ਾਂ ਵਿਚ ਰਹਿਣ ਵਾਲੇ ਯਹੂਦੀ ਹਰ ਸਾਲ ਯਰੂਸ਼ਲਮ ਵਿਚ ਤਿੰਨ ਵਾਰ ਤਿਉਹਾਰ ਮਨਾਉਣ ਆਉਂਦੇ ਸਨ। ਇਸ ਲਈ ਉਸ ਸ਼ਹਿਰ ਵਿਚ ਕਾਫ਼ੀ ਪੈਸਾ ਆ ਰਿਹਾ ਸੀ। ਇਸੇ ਕਰਕੇ ਉੱਥੇ ਦੇ ਕੁਝ ਮਸੀਹੀ ਵੀ ਜ਼ਰੂਰ ਬਹੁਤ ਸਾਰਾ ਪੈਸਾ ਕਮਾ ਰਹੇ ਹੋਣੇ। ਸ਼ਾਇਦ ਇਸੇ ਲਈ ਪੌਲੁਸ ਨੇ ਉੱਥੋਂ ਦੇ ਮਸੀਹੀਆਂ ਨੂੰ ਕਿਹਾ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ।” ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਯਹੋਵਾਹ ਦਾ ਇਹ ਵਾਅਦਾ ਯਾਦ ਕਰਾਇਆ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5, 6 ਪੜ੍ਹੋ; ਬਿਵ. 31:6; ਜ਼ਬੂ. 118:6) ਯਰੂਸ਼ਲਮ ਅਤੇ ਯਹੂਦਿਯਾ ਵਿਚ ਰਹਿਣ ਵਾਲੇ ਮਸੀਹੀਆਂ ਨੂੰ ਇਹ ਵਾਅਦਾ ਯਾਦ ਕਰਾਉਣ ਦੀ ਲੋੜ ਸੀ। ਕਿਉਂ? ਕਿਉਂਕਿ ਇਹ ਚਿੱਠੀ ਮਿਲਣ ਤੋਂ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਆਪਣਾ ਘਰ-ਬਾਰ, ਕਾਰੋਬਾਰ ਤੇ ਹੋਰ ਬਹੁਤ ਕੁਝ ਛੱਡ ਕੇ ਭੱਜਣਾ ਪੈਣਾ ਸੀ ਅਤੇ ਕਿਸੇ ਨਵੀਂ ਜਗ੍ਹਾ ਜਾ ਕੇ ਦੁਬਾਰਾ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਸੀ।

7. ਸਾਨੂੰ ਹੁਣ ਯਹੋਵਾਹ ʼਤੇ ਆਪਣਾ ਭਰੋਸਾ ਹੋਰ ਪੱਕਾ ਕਿਉਂ ਕਰਨਾ ਚਾਹੀਦਾ ਹੈ?

7 ਸਾਡੇ ਲਈ ਸਬਕ: ਭਵਿੱਖ ਵਿਚ ਕੀ ਹੋਵੇਗਾ? “ਮਹਾਂਕਸ਼ਟ” ਸ਼ੁਰੂ ਹੋਵੇਗਾ ਅਤੇ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕੀਤਾ ਜਾਵੇਗਾ। (ਮੱਤੀ 24:21) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਨੂੰ ਵੀ ਜਾਗਦੇ ਅਤੇ ਤਿਆਰ ਰਹਿਣ ਦੀ ਲੋੜ ਹੈ। (ਲੂਕਾ 21:34-36) ਸ਼ਾਇਦ ਮਹਾਂਕਸ਼ਟ ਦੌਰਾਨ ਸਾਨੂੰ ਆਪਣੀਆਂ ਕੁਝ ਚੀਜ਼ਾਂ ਜਾਂ ਆਪਣਾ ਸਾਰਾ ਕੁਝ ਛੱਡਣਾ ਪਵੇ। ਉਸ ਸਮੇਂ ਸਾਨੂੰ ਯਹੋਵਾਹ ʼਤੇ ਪੂਰਾ ਭਰੋਸਾ ਰੱਖਣਾ ਪੈਣਾ ਕਿ ਉਹ ਸਾਨੂੰ ਕਦੇ ਨਹੀਂ ਤਿਆਗੇਗਾ। ਪਰ ਮਹਾਂਕਸ਼ਟ ਸ਼ੁਰੂ ਹੋਣ ਤੋਂ ਪਹਿਲਾਂ ਵੀ ਸਾਡੇ ਕੋਲ ਇਹ ਦਿਖਾਉਣ ਦਾ ਮੌਕਾ ਹੈ ਕਿ ਅਸੀਂ ਯਹੋਵਾਹ ʼਤੇ ਕਿੰਨਾ ਭਰੋਸਾ ਕਰਦੇ ਹਾਂ! ਇਸ ਲਈ ਆਪਣੇ ਆਪ ਤੋਂ ਇਹ ਸਵਾਲ ਪੁੱਛੋ, ‘ਕੀ ਮੇਰੇ ਕੰਮਾਂ ਅਤੇ ਟੀਚਿਆਂ ਤੋਂ ਪਤਾ ਲੱਗਦਾ ਹੈ ਕਿ ਮੈਂ ਪੈਸੇ ʼਤੇ ਭਰੋਸਾ ਕਰਦਾ ਹਾਂ ਜਾਂ ਪਰਮੇਸ਼ੁਰ ʼਤੇ ਜੋ ਮੇਰੀ ਦੇਖ-ਭਾਲ ਕਰਨ ਦਾ ਵਾਅਦਾ ਕਰਦਾ ਹੈ?’ (1 ਤਿਮੋ. 6:17) ਬਿਨਾਂ ਸ਼ੱਕ, ਪਹਿਲੀ ਸਦੀ ਦੇ ਮਸੀਹੀਆਂ ਦੀ ਮਿਸਾਲ ʼਤੇ ਗੌਰ ਕਰ ਕੇ ਅਸੀਂ “ਮਹਾਂਕਸ਼ਟ” ਦੌਰਾਨ ਵਫ਼ਾਦਾਰ ਰਹਿ ਸਕਾਂਗੇ। ਪਰ ਇਹ ਅਜਿਹਾ ਔਖਾ ਸਮਾਂ ਹੋਵੇਗਾ ਜੋ ਹੁਣ ਤਕ ਕਦੇ ਨਹੀਂ ਆਇਆ। ਉਸ ਸਮੇਂ ਸਾਨੂੰ ਕਿੱਦਾਂ ਪਤਾ ਲੱਗੇਗਾ ਸਾਨੂੰ ਕੀ ਕਰਨ ਦੀ ਲੋੜ ਹੈ?

ਅਗਵਾਈ ਕਰਨ ਵਾਲੇ ਭਰਾਵਾਂ ਦੀ ਆਗਿਆਕਾਰੀ ਕਰੋ

8. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਹਿਦਾਇਤ ਦਿੱਤੀ ਸੀ?

8 ਜਦੋਂ ਇਬਰਾਨੀ ਮਸੀਹੀਆਂ ਨੂੰ ਪੌਲੁਸ ਦੀ ਚਿੱਠੀ ਮਿਲੀ, ਤਾਂ ਉਸ ਤੋਂ ਕੁਝ ਹੀ ਸਾਲਾਂ ਬਾਅਦ ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰ ਲਿਆ। ਇਹ ਦੇਖ ਕੇ ਹੀ ਮਸੀਹੀ ਸਮਝ ਗਏ ਕਿ ਉਨ੍ਹਾਂ ਦੇ ਭੱਜਣ ਦਾ ਸਮਾਂ ਆ ਗਿਆ ਸੀ ਤੇ ਯਰੂਸ਼ਲਮ ਦਾ ਨਾਸ਼ ਹੋਣ ਵਾਲਾ ਸੀ। (ਮੱਤੀ 24:3; ਲੂਕਾ 21:20, 24) ਪਰ ਉਨ੍ਹਾਂ ਨੇ ਭੱਜ ਕੇ ਕਿੱਥੇ ਜਾਣਾ ਸੀ? ਯਿਸੂ ਨੇ ਬੱਸ ਇਹੀ ਕਿਹਾ ਸੀ ਕਿ “ਜਿਹੜੇ ਯਹੂਦਿਯਾ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ।” (ਲੂਕਾ 21:21) ਉਸ ਇਲਾਕੇ ਵਿਚ ਬਹੁਤ ਸਾਰੇ ਪਹਾੜ ਸਨ। ਪਰ ਮਸੀਹੀਆਂ ਨੂੰ ਕਿੱਦਾਂ ਪਤਾ ਲੱਗਣਾ ਸੀ ਕਿ ਉਨ੍ਹਾਂ ਨੇ ਕਿਹੜੇ ਪਹਾੜਾਂ ਨੂੰ ਭੱਜਣਾ ਸੀ?

9. ਮਸੀਹੀ ਕਿਉਂ ਸੋਚਣ ਲੱਗ ਪਏ ਹੋਣੇ ਕਿ ਉਨ੍ਹਾਂ ਨੇ ਕਿਹੜੇ ਪਹਾੜਾਂ ਨੂੰ ਭੱਜਣਾ ਹੈ? (ਨਕਸ਼ਾ ਵੀ ਦੇਖੋ।)

9 ਜ਼ਰਾ ਗੌਰ ਕਰੋ ਕਿ ਮਸੀਹੀ ਕਿਹੜੇ ਕੁਝ ਪਹਾੜਾਂ ਨੂੰ ਭੱਜ ਕੇ ਜਾ ਸਕਦੇ ਸਨ: ਸਾਮਰਿਯਾ ਦੇ ਪਹਾੜ, ਗਲੀਲ ਦੇ ਪਹਾੜ, ਹਰਮੋਨ ਪਹਾੜ, ਲਬਾਨੋਨ ਦੇ ਪਹਾੜ ਅਤੇ ਯਰਦਨ ਦਰਿਆ ਦੇ ਪਾਰ ਦੇ ਪਹਾੜ। (ਨਕਸ਼ਾ ਦੇਖੋ।) ਕੁਝ ਲੋਕ ਸ਼ਾਇਦ ਸੋਚਦੇ ਹੋਣੇ ਕਿ ਇਨ੍ਹਾਂ ਪਹਾੜਾਂ ʼਤੇ ਵੱਸੇ ਕੁਝ ਸ਼ਹਿਰਾਂ ਵਿਚ ਜਾਣਾ ਸੁਰੱਖਿਅਤ ਹੋਵੇਗਾ। ਮਿਸਾਲ ਲਈ, ਗਾਮਲਾ ਸ਼ਹਿਰ ਬਹੁਤ ਉੱਚੇ ਪਹਾੜ ʼਤੇ ਵੱਸਿਆ ਹੋਇਆ ਸੀ ਤੇ ਉੱਥੇ ਪਹੁੰਚਣਾ ਬਹੁਤ ਜ਼ਿਆਦਾ ਔਖਾ ਸੀ। ਇਸ ਲਈ ਕੁਝ ਯਹੂਦੀਆਂ ਨੂੰ ਲੱਗਾ ਕਿ ਗਾਮਲਾ ਸ਼ਹਿਰ ਲੁਕਣ ਲਈ ਸਭ ਤੋਂ ਵਧੀਆ ਜਗ੍ਹਾ ਹੋਣੀ। ਪਰ ਅੱਗੇ ਚੱਲ ਕੇ ਗਾਮਲਾ ਸ਼ਹਿਰ ਵਿਚ ਯਹੂਦੀਆਂ ਅਤੇ ਰੋਮੀ ਫ਼ੌਜ ਵਿਚ ਭਿਆਨਕ ਯੁੱਧ ਹੋਇਆ ਅਤੇ ਉੱਥੇ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ ਗਿਆ।a

ਨਕਸ਼ੇ ਵਿਚ ਪਹਿਲੀ ਸਦੀ ਦੇ ਇਜ਼ਰਾਈਲ ਦੇ ਕੁਝ ਪਹਾੜ ਅਤੇ ਸ਼ਹਿਰ ਦਿਖਾਏ ਗਏ ਹਨ। ਯਰੂਸ਼ਲਮ ਦੇ ਉੱਤਰ ਵੱਲ ਇਹ ਪਹਾੜ ਹਨ: ਲੇਬਨਾਨ, ਗਲੀਲ, ਸਾਮਰਿਯਾ ਅਤੇ ਗਿਲਆਦ ਦੇ ਪਹਾੜ, ਹਰਮੋਨ ਪਹਾੜ ਤੇ ਤਾਬੋਰ ਪਹਾੜ। ਯਰੂਸ਼ਲਮ ਦੇ ਉੱਤਰ ਵੱਲ ਇਹ ਸ਼ਹਿਰ ਹਨ: ਗਾਮਲਾ, ਕੈਸਰੀਆ ਅਤੇ ਪੈਲਾ। ਯਰੂਸ਼ਲਮ ਦੇ ਦੱਖਣ ਵੱਲ ਯਹੂਦਿਯਾ ਅਤੇ ਅਬਾਰੀਮ ਦੇ ਪਹਾੜ ਹਨ ਅਤੇ ਮਸਾਡਾ ਸ਼ਹਿਰ ਹੈ। ਇਸ ਨਕਸ਼ੇ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਰੋਮੀ ਫ਼ੌਜਾਂ ਕਿੱਥੇ-ਕਿੱਥੇ ਗਈਆਂ ਅਤੇ ਉਨ੍ਹਾਂ ਨੇ 67 ਤੋਂ 73 ਈਸਵੀ ਤਕ ਕਿਨ੍ਹਾਂ ਇਲਾਕਿਆਂ ʼਤੇ ਕਬਜ਼ਾ ਕੀਤਾ

ਅਜਿਹੇ ਬਹੁਤ ਸਾਰੇ ਪਹਾੜ ਸਨ ਜਿੱਥੇ ਮਸੀਹੀ ਭੱਜ ਕੇ ਜਾ ਸਕਦੇ ਸਨ, ਪਰ ਸਾਰੇ ਪਹਾੜ ਸੁਰੱਖਿਅਤ ਨਹੀਂ ਸਨ (ਪੈਰਾ 9 ਦੇਖੋ)


10-11. (ੳ) ਯਹੋਵਾਹ ਨੇ ਸ਼ਾਇਦ ਕਿਨ੍ਹਾਂ ਰਾਹੀਂ ਮਸੀਹੀਆਂ ਨੂੰ ਸੇਧ ਦਿੱਤੀ? (ਇਬਰਾਨੀਆਂ 13:7, 17) (ਅ) ਅਗਵਾਈ ਕਰਨ ਵਾਲੇ ਭਰਾਵਾਂ ਦੀ ਆਗਿਆਕਾਰੀ ਕਰ ਕੇ ਮਸੀਹੀਆਂ ਨੂੰ ਕੀ ਫ਼ਾਇਦਾ ਹੋਇਆ? (ਤਸਵੀਰ ਵੀ ਦੇਖੋ।)

10 ਲੱਗਦਾ ਹੈ ਕਿ ਯਹੋਵਾਹ ਨੇ ਅਗਵਾਈ ਕਰਨ ਵਾਲੇ ਭਰਾਵਾਂ ਰਾਹੀਂ ਮਸੀਹੀਆਂ ਨੂੰ ਸੇਧ ਦਿੱਤੀ। ਇਤਿਹਾਸਕਾਰ ਯੂਸੀਬੀਅਸ ਨੇ ਬਾਅਦ ਵਿਚ ਲਿਖਿਆ: “ਯਰੂਸ਼ਲਮ ਦੀ ਮੰਡਲੀ ਦੇ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਸੇਧ ਮਿਲੀ। ਪਰਮੇਸ਼ੁਰ ਨੇ ਮੰਡਲੀ ਦੀ ਅਗਵਾਈ ਕਰਨ ਵਾਲੇ ਭਰਾਵਾਂ ਰਾਹੀਂ ਜ਼ਾਹਰ ਕੀਤਾ ਕਿ ਉਨ੍ਹਾਂ ਨੇ ਕੀ ਕਰਨਾ ਹੈ। ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਕਿ . . . ਉਹ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਛੱਡ ਕੇ ਚਲੇ ਜਾਣ ਅਤੇ ਪੀਰਿਆ ਦੇ ਪੈਲਾ ਸ਼ਹਿਰ ਵਿਚ ਜਾ ਕੇ ਵੱਸ ਜਾਣ।” ਲੱਗਦਾ ਹੈ ਕਿ ਪੈਲਾ ਇਕਦਮ ਸਹੀ ਜਗ੍ਹਾ ਸੀ। ਉਹ ਕਿਉਂ? ਕਿਉਂਕਿ ਇਹ ਸ਼ਹਿਰ ਯਰੂਸ਼ਲਮ ਤੋਂ ਜ਼ਿਆਦਾ ਦੂਰ ਨਹੀਂ ਸੀ ਅਤੇ ਉੱਥੇ ਪਹੁੰਚਣਾ ਸੌਖਾ ਸੀ। ਪੈਲਾ ਗ਼ੈਰ-ਯਹੂਦੀ ਲੋਕਾਂ ਦਾ ਸ਼ਹਿਰ ਸੀ ਤੇ ਉੱਥੇ ਬਹੁਤ ਹੀ ਘੱਟ ਯਹੂਦੀ ਰਹਿੰਦੇ ਸਨ। ਇਸ ਲਈ ਜਦੋਂ ਕੱਟੜ ਯਹੂਦੀਆਂ ਅਤੇ ਰੋਮੀਆਂ ਵਿਚ ਯੁੱਧ ਹੋਇਆ, ਤਾਂ ਇਸ ਦਾ ਪੈਲਾ ਸ਼ਹਿਰ ʼਤੇ ਜ਼ਿਆਦਾ ਅਸਰ ਨਹੀਂ ਪਿਆ।​—ਨਕਸ਼ਾ ਦੇਖੋ।

11 ਜਿਨ੍ਹਾਂ ਮਸੀਹੀਆਂ ਨੇ ਮੰਡਲੀ ਵਿਚ ‘ਅਗਵਾਈ ਕਰਨ ਵਾਲਿਆਂ ਦੀ ਆਗਿਆਕਾਰੀ ਕੀਤੀ,’ ਉਹ ਪੈਲਾ ਦੇ ਪਹਾੜਾਂ ਨੂੰ ਭੱਜ ਗਏ। (ਇਬਰਾਨੀਆਂ 13:7, 17 ਪੜ੍ਹੋ।) ਨਤੀਜੇ ਵਜੋਂ, ਉਨ੍ਹਾਂ ਦੀਆਂ ਜਾਨਾਂ ਬਚ ਗਈਆਂ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਕਦੇ ਨਹੀਂ ਛੱਡਿਆ ਜਿਹੜੇ ‘ਉਸ ਸ਼ਹਿਰ ਦੀ ਉਡੀਕ ਕਰ ਰਹੇ ਸਨ ਜਿਸ ਦੀਆਂ ਨੀਂਹਾਂ ਪੱਕੀਆਂ ਸਨ’ ਯਾਨੀ ਪਰਮੇਸ਼ੁਰ ਦੇ ਰਾਜ ਦੀ।​—ਇਬ. 11:10.

ਪਹਿਲੀ ਸਦੀ ਵਿਚ ਕੁਝ ਮਸੀਹੀ ਆਪਣਾ ਸਾਮਾਨ ਚੁੱਕ ਕੇ ਪਹਾੜੀ ਰਸਤੇ ਵਿੱਚੋਂ ਦੀ ਤੁਰ ਕੇ ਜਾ ਰਹੇ ਹਨ।

ਪੈਲਾ ਸ਼ਹਿਰ ਜ਼ਿਆਦਾ ਦੂਰ ਨਹੀਂ ਸੀ ਅਤੇ ਉੱਥੇ ਕੋਈ ਖ਼ਤਰਾ ਨਹੀਂ ਸੀ (ਪੈਰੇ 10-11 ਦੇਖੋ)


12-13. ਔਖੀਆਂ ਘੜੀਆਂ ਦੌਰਾਨ ਯਹੋਵਾਹ ਨੇ ਆਪਣੇ ਲੋਕਾਂ ਨੂੰ ਸੇਧ ਕਿਵੇਂ ਦਿੱਤੀ?

12 ਸਾਡੇ ਲਈ ਸਬਕ: ਯਹੋਵਾਹ ਅਗਵਾਈ ਕਰਨ ਵਾਲੇ ਭਰਾਵਾਂ ਰਾਹੀਂ ਆਪਣੇ ਲੋਕਾਂ ਨੂੰ ਖ਼ਾਸ ਹਿਦਾਇਤਾਂ ਦਿੰਦਾ ਹੈ। ਬਾਈਬਲ ਵਿਚ ਇੱਦਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਔਖੀਆਂ ਘੜੀਆਂ ਦੌਰਾਨ ਆਪਣੇ ਲੋਕਾਂ ਨੂੰ ਸੇਧ ਦੇਣ ਲਈ ਯਹੋਵਾਹ ਨੇ ਚਰਵਾਹਿਆਂ ਨੂੰ ਠਹਿਰਾਇਆ। (ਬਿਵ. 31:23; ਜ਼ਬੂ. 77:20) ਨਾਲੇ ਅੱਜ ਵੀ ਅਸੀਂ ਬਹੁਤ ਸਾਰੇ ਸਬੂਤ ਦੇਖ ਸਕਦੇ ਹਾਂ ਕਿ ਯਹੋਵਾਹ ਅਗਵਾਈ ਕਰਨ ਵਾਲੇ ਭਰਾਵਾਂ ਰਾਹੀਂ ਲਗਾਤਾਰ ਆਪਣੇ ਲੋਕਾਂ ਨੂੰ ਸੇਧ ਦੇ ਰਿਹਾ ਹੈ।

13 ਮਿਸਾਲ ਲਈ, ਜਦੋਂ ਕੋਵਿਡ-19 ਮਹਾਂਮਾਰੀ ਸ਼ੁਰੂ ਹੋਈ, ਤਾਂ ‘ਅਗਵਾਈ ਕਰਨ ਵਾਲੇ’ ਭਰਾਵਾਂ ਨੇ ਮੰਡਲੀ ਨੂੰ ਕੁਝ ਖ਼ਾਸ ਹਿਦਾਇਤਾਂ ਦਿੱਤੀਆਂ। ਬਜ਼ੁਰਗਾਂ ਨੂੰ ਹਿਦਾਇਤਾਂ ਮਿਲੀਆਂ ਕਿ ਉਹ ਕਿੱਦਾਂ ਸਭਾਵਾਂ ਚਲਾਉਣਗੇ ਅਤੇ ਭੈਣਾਂ-ਭਰਾਵਾਂ ਲਈ ਪ੍ਰਚਾਰ ਕਰਨ ਦਾ ਪ੍ਰਬੰਧ ਕਰਨਗੇ ਤਾਂਕਿ ਉਹ ਯਹੋਵਾਹ ਦੀ ਭਗਤੀ ਕਰਦੇ ਰਹਿਣ। ਮਹਾਂਮਾਰੀ ਫੈਲਣ ਤੋਂ ਕੁਝ ਹੀ ਸਮੇਂ ਬਾਅਦ 500 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਵੱਡਾ ਸੰਮੇਲਨ ਰੱਖਿਆ ਗਿਆ। ਭੈਣਾਂ-ਭਰਾਵਾਂ ਨੇ ਇਸ ਪ੍ਰੋਗ੍ਰਾਮ ਨੂੰ ਇੰਟਰਨੈੱਟ ਅਤੇ ਟੀ. ਵੀ. ਰਾਹੀਂ ਦੇਖਿਆ ਤੇ ਰੇਡੀਓ ਰਾਹੀਂ ਸੁਣਿਆ। ਇਹ ਸੰਮੇਲਨ ਬਹੁਤ ਹੀ ਅਨੋਖਾ ਸੀ ਕਿਉਂਕਿ ਇੱਦਾਂ ਪਹਿਲਾਂ ਕਦੇ ਨਹੀਂ ਸੀ ਹੋਇਆ। ਮਹਾਂਮਾਰੀ ਦੌਰਾਨ ਵੀ ਸਾਨੂੰ ਸਾਰਿਆਂ ਨੂੰ ਯਹੋਵਾਹ ਤੋਂ ਸਹੀ ਸਮੇਂ ʼਤੇ ਹਿਦਾਇਤਾਂ ਮਿਲਦੀਆਂ ਰਹੀਆਂ। ਨਤੀਜੇ ਵਜੋਂ, ਸਾਡੀ ਏਕਤਾ ਬਣੀ ਰਹੀ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਭਵਿੱਖ ਵਿਚ ਚਾਹੇ ਜਿਹੜੀ ਮਰਜ਼ੀ ਮੁਸ਼ਕਲ ਆਵੇ, ਯਹੋਵਾਹ ਅਗਵਾਈ ਕਰਨ ਵਾਲੇ ਭਰਾਵਾਂ ਰਾਹੀਂ ਸਾਨੂੰ ਸੇਧ ਦਿੰਦਾ ਰਹੇਗਾ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ। ਮਹਾਂਕਸ਼ਟ ਲਈ ਤਿਆਰ ਹੋਣ ਅਤੇ ਸਮਝਦਾਰੀ ਨਾਲ ਕਦਮ ਚੁੱਕਣ ਲਈ ਸਾਨੂੰ ਯਹੋਵਾਹ ʼਤੇ ਭਰੋਸਾ ਰੱਖਣ ਅਤੇ ਉਸ ਦਾ ਕਹਿਣਾ ਮੰਨਣ ਦੀ ਲੋੜ ਹੈ। ਪਰ ਦਿਲ ਦਹਿਲਾਉਣ ਵਾਲੀ ਉਸ ਔਖੀ ਘੜੀ ਦਾ ਸਾਮ੍ਹਣਾ ਕਰਨ ਲਈ ਸਾਨੂੰ ਆਪਣੇ ਅੰਦਰ ਹੋਰ ਕਿਹੜੇ ਗੁਣ ਪੈਦਾ ਕਰਨ ਦੀ ਲੋੜ ਹੈ?

ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰੋ ਅਤੇ ਪਰਾਹੁਣਚਾਰੀ ਕਰੋ

14. ਇਬਰਾਨੀਆਂ 13:1-3 ਅਨੁਸਾਰ ਯਰੂਸ਼ਲਮ ਦਾ ਨਾਸ਼ ਹੋਣ ਤੋਂ ਪਹਿਲਾਂ ਮਸੀਹੀਆਂ ਨੂੰ ਕਿਹੜੇ ਗੁਣ ਦਿਖਾਉਣ ਦੀ ਲੋੜ ਪਈ?

14 ਜਦੋਂ ਮਹਾਂਕਸ਼ਟ ਸ਼ੁਰੂ ਹੋਵੇਗਾ, ਤਾਂ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪਿਆਰ ਦਿਖਾਉਣ ਦੀ ਲੋੜ ਹੋਵੇਗੀ। ਇਸ ਮਾਮਲੇ ਵਿਚ ਅਸੀਂ ਯਰੂਸ਼ਲਮ ਅਤੇ ਯਹੂਦਿਯਾ ਵਿਚ ਰਹਿੰਦੇ ਮਸੀਹੀਆਂ ਦੀ ਰੀਸ ਕਰ ਸਕਦੇ ਹਾਂ। ਉਨ੍ਹਾਂ ਨੇ ਹਮੇਸ਼ਾ ਇਕ-ਦੂਜੇ ਲਈ ਪਿਆਰ ਦਿਖਾਇਆ। (ਇਬ. 10:32-34) ਪਰ ਯਰੂਸ਼ਲਮ ਦਾ ਨਾਸ਼ ਹੋਣ ਤੋਂ ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ “ਭਰਾਵਾਂ ਵਾਂਗ ਪਿਆਰ” ਕਰਨ ਅਤੇ “ਪਰਾਹੁਣਚਾਰੀ” ਕਰਨ ਦੀ ਲੋੜ ਪਈ।b (ਇਬਰਾਨੀਆਂ 13:1-3 ਪੜ੍ਹੋ।) ਮਹਾਂਕਸ਼ਟ ਦੌਰਾਨ ਸਾਨੂੰ ਵੀ ਇੱਦਾਂ ਕਰਨ ਦੀ ਲੋੜ ਹੋਵੇਗੀ।

15. ਪਹਾੜਾਂ ਨੂੰ ਭੱਜਣ ਤੋਂ ਬਾਅਦ ਇਬਰਾਨੀ ਮਸੀਹੀਆਂ ਨੂੰ ਭਰਾਵਾਂ ਵਾਂਗ ਪਿਆਰ ਦਿਖਾਉਣ ਅਤੇ ਪਰਾਹੁਣਚਾਰੀ ਕਰਨ ਦੀ ਕਿਉਂ ਲੋੜ ਸੀ?

15 ਰੋਮੀ ਫ਼ੌਜਾਂ ਨੇ ਯਰੂਸ਼ਲਮ ਨੂੰ ਘੇਰ ਲਿਆ ਅਤੇ ਫਿਰ ਉਹ ਅਚਾਨਕ ਸ਼ਹਿਰ ਛੱਡ ਕੇ ਚਲੀਆਂ ਗਈਆਂ। ਇਸ ਕਰਕੇ ਮਸੀਹੀ ਉੱਥੋਂ ਭੱਜ ਸਕੇ, ਪਰ ਉਹ ਆਪਣੇ ਨਾਲ ਸਿਰਫ਼ ਕੁਝ ਹੀ ਚੀਜ਼ਾਂ ਲਿਜਾ ਸਕੇ। (ਮੱਤੀ 24:17, 18) ਪਹਾੜਾਂ ਨੂੰ ਭੱਜਦਿਆਂ ਉਨ੍ਹਾਂ ਨੂੰ ਇਕ-ਦੂਜੇ ਨੂੰ ਸਹਾਰਾ ਦੇਣ ਦੀ ਲੋੜ ਪਈ। ਨਾਲੇ ਜਦੋਂ ਉਹ ਪੈਲਾ ਸ਼ਹਿਰ ਪਹੁੰਚੇ, ਤਾਂ ਉਨ੍ਹਾਂ ਨੂੰ ਉੱਥੇ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨ ਲਈ ਇਕ-ਦੂਜੇ ਦੀ ਮਦਦ ਦੀ ਲੋੜ ਪਈ। ਬਿਨਾਂ ਸ਼ੱਕ, ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਖਾਣ-ਪੀਣ, ਕੱਪੜੇ ਅਤੇ ਰਹਿਣ ਲਈ ਜਗ੍ਹਾ ਦੀ “ਲੋੜ” ਸੀ। ਇਸ ਵੇਲੇ ਮਸੀਹੀਆਂ ਕੋਲ ਮੌਕਾ ਸੀ ਕਿ ਉਹ ਇਕ-ਦੂਜੇ ਨੂੰ ਭਰਾਵਾਂ ਵਾਂਗ ਪਿਆਰ ਦਿਖਾਉਣ ਅਤੇ ਪਰਾਹੁਣਚਾਰੀ ਕਰਨ ਯਾਨੀ ਇਕ-ਦੂਜੇ ਦਾ ਸਾਥ ਦੇਣ ਅਤੇ ਉਨ੍ਹਾਂ ਕੋਲ ਜੋ ਕੁਝ ਹੈ, ਉਹ ਦੂਜਿਆਂ ਨਾਲ ਸਾਂਝਾ ਕਰਨ।​—ਤੀਤੁ. 3:14.

16. ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਅਸੀਂ ਪਿਆਰ ਕਿੱਦਾਂ ਦਿਖਾ ਸਕਦੇ ਹਾਂ? (ਤਸਵੀਰ ਵੀ ਦੇਖੋ।)

16 ਸਾਡੇ ਲਈ ਸਬਕ: ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਸੀਂ ਲੋੜ ਵੇਲੇ ਉਨ੍ਹਾਂ ਦੀ ਮਦਦ ਕਰਦੇ ਹਾਂ। ਬਹੁਤ ਸਾਰੇ ਮਸੀਹੀਆਂ ਨੇ ਉਨ੍ਹਾਂ ਭੈਣਾਂ-ਭਰਾਵਾਂ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕੀਤੀ ਜੋ ਯੁੱਧ ਅਤੇ ਕੁਦਰਤੀ ਆਫ਼ਤਾਂ ਕਰਕੇ ਸ਼ਰਨਾਰਥੀ ਬਣ ਗਏ ਸਨ। ਉਨ੍ਹਾਂ ਨੇ ਇਨ੍ਹਾਂ ਸ਼ਰਨਾਰਥੀ ਭੈਣਾਂ-ਭਰਾਵਾਂ ਦੀ ਮਦਦ ਕੀਤੀ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਮਿਸਾਲ ਲਈ, ਯੂਕਰੇਨ ਵਿਚ ਸਾਡੀ ਇਕ ਭੈਣ ਨੂੰ ਯੁੱਧ ਕਰਕੇ ਆਪਣਾ ਘਰ ਛੱਡਣਾ ਪਿਆ। ਉਹ ਦੱਸਦੀ ਹੈ: “ਮੈਂ ਦੇਖਿਆ ਕਿ ਕਿਵੇਂ ਯਹੋਵਾਹ ਨੇ ਭਰਾਵਾਂ ਰਾਹੀਂ ਸਾਡੀ ਅਗਵਾਈ ਤੇ ਦੇਖ-ਭਾਲ ਕੀਤੀ। ਭੈਣਾਂ-ਭਰਾਵਾਂ ਨੇ ਯੂਕਰੇਨ, ਹੰਗਰੀ ਅਤੇ ਹੁਣ ਜਰਮਨੀ ਵਿਚ ਆਪਣੇ ਘਰਾਂ ਵਿਚ ਸਾਡਾ ਸੁਆਗਤ ਕੀਤਾ ਤੇ ਸਾਡੀ ਮਦਦ ਕੀਤੀ।” ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਪਰਾਹੁਣਚਾਰੀ ਕਰਦੇ ਹਾਂ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ, ਤਾਂ ਅਸੀਂ ਯਹੋਵਾਹ ਨਾਲ ਮਿਲ ਕੇ ਕੰਮ ਕਰਦੇ ਹਾਂ।​—ਕਹਾ. 19:17; 2 ਕੁਰਿੰ. 1:3, 4.

ਇਕ ਸਿਆਣੀ ਉਮਰ ਦਾ ਜੋੜਾ ਇਕ ਸ਼ਰਨਾਰਥੀ ਪਰਿਵਾਰ ਦਾ ਆਪਣੇ ਘਰ ਵਿਚ ਪਿਆਰ ਨਾਲ ਸੁਆਗਤ ਕਰ ਰਿਹਾ ਹੈ। ਉਸ ਪਰਿਵਾਰ ਕੋਲ ਇਕ ਸੂਟਕੇਸ ਅਤੇ ਕੁਝ ਬੈਗ ਹਨ।

ਸ਼ਰਨਾਰਥੀ ਭੈਣਾਂ-ਭਰਾਵਾਂ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ (ਪੈਰਾ 16 ਦੇਖੋ)


17. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਅੱਜ ਹੀ ਇਕ-ਦੂਜੇ ਲਈ ਭਰਾਵਾਂ ਵਾਂਗ ਪਿਆਰ ਦਿਖਾਈਏ ਅਤੇ ਪਰਾਹੁਣਚਾਰੀ ਕਰੀਏ?

17 ਬਿਨਾਂ ਸ਼ੱਕ, ਮਹਾਂਕਸ਼ਟ ਦੌਰਾਨ ਸਾਨੂੰ ਅੱਜ ਨਾਲੋਂ ਕਿਤੇ ਜ਼ਿਆਦਾ ਇਕ-ਦੂਜੇ ਦੀ ਮਦਦ ਕਰਨ ਦੀ ਲੋੜ ਹੋਵੇਗੀ। (ਹੱਬ. 3:16-18) ਯਹੋਵਾਹ ਅੱਜ ਸਾਨੂੰ ਸਿਖਲਾਈ ਦੇ ਰਿਹਾ ਹੈ ਕਿ ਅਸੀਂ ਕਿਵੇਂ ਇਕ-ਦੂਜੇ ਲਈ ਭਰਾਵਾਂ ਵਾਂਗ ਪਿਆਰ ਦਿਖਾ ਸਕਦੇ ਹਾਂ ਅਤੇ ਪਰਾਹੁਣਚਾਰੀ ਕਰ ਸਕਦੇ ਹਾਂ। ਉਸ ਵੇਲੇ ਸਾਨੂੰ ਇਨ੍ਹਾਂ ਗੁਣਾਂ ਦੀ ਬਹੁਤ ਜ਼ਿਆਦਾ ਲੋੜ ਹੋਵੇਗੀ।

ਭਵਿੱਖ ਵਿਚ ਕੀ ਹੋਵੇਗਾ?

18. ਅਸੀਂ ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

18 ਜਿਹੜੇ ਮਸੀਹੀ ਕਹਿਣਾ ਮੰਨ ਕੇ ਪਹਾੜਾਂ ਨੂੰ ਭੱਜ ਗਏ ਸਨ, ਉਹ ਯਰੂਸ਼ਲਮ ʼਤੇ ਆਈ ਆਫ਼ਤ ਤੋਂ ਬਚ ਗਏ। ਭਾਵੇਂ ਕਿ ਉਨ੍ਹਾਂ ਨੂੰ ਆਪਣਾ ਸਾਰਾ ਕੁਝ ਛੱਡ ਕੇ ਭੱਜਣਾ ਪਿਆ, ਪਰ ਯਹੋਵਾਹ ਨੇ ਉਨ੍ਹਾਂ ਨੂੰ ਕਦੇ ਨਹੀਂ ਛੱਡਿਆ। ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਇਹ ਨਹੀਂ ਜਾਣਦੇ ਕਿ ਭਵਿੱਖ ਵਿਚ ਘਟਨਾਵਾਂ ਕਿਵੇਂ ਵਾਪਰਨਗੀਆਂ। ਪਰ ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ ਸੀ ਕਿ ਅਸੀਂ ਕਹਿਣਾ ਮੰਨਣ ਲਈ ਤਿਆਰ ਰਹੀਏ। (ਲੂਕਾ 12:40) ਨਾਲੇ ਪੌਲੁਸ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਆਪਣੀ ਚਿੱਠੀ ਵਿਚ ਜੋ ਸਲਾਹਾਂ ਦਿੱਤੀਆਂ ਸਨ, ਸਾਨੂੰ ਉਨ੍ਹਾਂ ਨੂੰ ਵੀ ਮੰਨਣਾ ਚਾਹੀਦਾ ਹੈ। ਨਾਲੇ ਸਾਨੂੰ ਯਹੋਵਾਹ ਦੇ ਇਸ ਵਾਅਦੇ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਾਨੂੰ ਕਦੀ ਵੀ ਨਹੀਂ ਛੱਡੇਗਾ ਅਤੇ ਨਾ ਹੀ ਕਦੀ ਤਿਆਗੇਗਾ। (ਇਬ. 13:5, 6) ਤਾਂ ਫਿਰ ਆਓ ਆਪਾਂ ਪਰਮੇਸ਼ੁਰ ਦੇ ਸ਼ਹਿਰ ਯਾਨੀ ਉਸ ਦੇ ਰਾਜ ਦੀ ਬੇਸਬਰੀ ਨਾਲ ਉਡੀਕ ਕਰੀਏ ਜਿਸ ਵਿਚ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ।​—ਮੱਤੀ 25:34.

ਤੁਸੀਂ ਕੀ ਜਵਾਬ ਦਿਓਗੇ?

  • ਸਾਨੂੰ ਹੁਣ ਤੋਂ ਹੀ ਯਹੋਵਾਹ ʼਤੇ ਆਪਣਾ ਭਰੋਸਾ ਹੋਰ ਵੀ ਪੱਕਾ ਕਰਨ ਦੀ ਕਿਉਂ ਲੋੜ ਹੈ?

  • ਸਾਡੇ ਲਈ “ਮਹਾਂਕਸ਼ਟ” ਦੌਰਾਨ ਕਹਿਣਾ ਮੰਨਣਾ ਕਿਉਂ ਜ਼ਰੂਰੀ ਹੋਵੇਗਾ?

  • ਸਾਨੂੰ ਅੱਜ ਤੋਂ ਹੀ ਭਰਾਵਾਂ ਵਰਗਾ ਪਿਆਰ ਕਰਨ ਅਤੇ ਪਰਾਹੁਣਚਾਰੀ ਕਰਨ ਦੀ ਕਿਉਂ ਲੋੜ ਹੈ?

ਗੀਤ 157 ਹਰ ਤਰਫ਼ ਅਮਨ ਬੇਇੰਤੇਹਾ

a ਇਹ ਯੁੱਧ 67 ਈਸਵੀ ਵਿਚ ਹੋਇਆ ਸੀ। ਇਸ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਮਸੀਹੀ ਯਹੂਦਿਯਾ ਅਤੇ ਯਰੂਸ਼ਲਮ ਤੋਂ ਭੱਜੇ ਸਨ।

b ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਭਰਾਵਾਂ ਵਾਂਗ ਪਿਆਰ” ਕੀਤਾ ਗਿਆ ਹੈ, ਉਹ ਸ਼ਬਦ ਉਸ ਪਿਆਰ ਲਈ ਵਰਤਿਆ ਜਾਂਦਾ ਸੀ ਜੋ ਨਜ਼ਦੀਕੀ ਰਿਸ਼ਤੇਦਾਰਾਂ ਵਿਚ ਹੁੰਦਾ ਹੈ। ਪੌਲੁਸ ਇੱਥੇ ਇਹੀ ਸ਼ਬਦ ਵਰਤਦਾ ਹੈ ਅਤੇ ਦੱਸਦਾ ਹੈ ਕਿ ਮਸੀਹੀ ਭੈਣਾਂ-ਭਰਾਵਾਂ ਵਿਚ ਕਿਹੋ ਜਿਹਾ ਪਿਆਰ ਹੋਣਾ ਚਾਹੀਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ