ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਅਗਸਤ ਸਫ਼ੇ 8-13
  • ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਨੂੰ ਕਿਉਂ ਭਰੋਸਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?
  • ਕਿਹੜੀਆਂ ਗੱਲਾਂ ਸਾਨੂੰ ਭਰੋਸਾ ਦਿਵਾ ਸਕਦੀਆਂ ਹਨ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?
  • ਯਿਸੂ ਨੇ ਸਾਨੂੰ ਕਿਵੇਂ ਭਰੋਸਾ ਦਿਵਾਇਆ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?
  • ਆਪਣਾ ਭਰੋਸਾ ਪੱਕਾ ਕਰਦੇ ਰਹੋ
  • ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਰਿਹਾਈ ਦੀ ਕੀਮਤ ਤੋਂ ਅਸੀਂ ਕੀ ਸਿੱਖਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਪਿਆਰ ਹੋਣ ਕਰਕੇ ਪ੍ਰਚਾਰ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਅਗਸਤ ਸਫ਼ੇ 8-13

ਅਧਿਐਨ ਲੇਖ 33

ਗੀਤ 4 “ਯਹੋਵਾਹ ਮੇਰਾ ਚਰਵਾਹਾ”

ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ

“ਮੈਂ ਤੈਨੂੰ ਅਟੱਲ ਪਿਆਰ ਨਾਲ ਆਪਣੇ ਵੱਲ ਖਿੱਚਿਆ ਹੈ।”​—ਯਿਰ. 31:3.

ਕੀ ਸਿੱਖਾਂਗੇ?

ਸਾਡੇ ਲਈ ਇਸ ਗੱਲ ʼਤੇ ਭਰੋਸਾ ਕਰਨਾ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਅਸੀਂ ਇਹ ਭਰੋਸਾ ਕਿਵੇਂ ਪੱਕਾ ਕਰ ਸਕਦੇ ਹਾਂ।

1. ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਕਿਉਂ ਸਮਰਪਿਤ ਕੀਤੀ ਸੀ? (ਤਸਵੀਰ ਵੀ ਦੇਖੋ।)

ਕੀ ਤੁਹਾਨੂੰ ਉਹ ਦਿਨ ਯਾਦ ਹੈ ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ? ਤੁਸੀਂ ਇਹ ਫ਼ੈਸਲਾ ਇਸ ਲਈ ਲਿਆ ਸੀ ਕਿਉਂਕਿ ਤੁਸੀਂ ਯਹੋਵਾਹ ਬਾਰੇ ਜਾਣਿਆ ਸੀ ਅਤੇ ਉਸ ਨੂੰ ਪਿਆਰ ਕਰਨ ਲੱਗ ਪਏ ਸੀ। ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿਓਗੇ ਅਤੇ ਉਸ ਨੂੰ ਆਪਣੇ ਪੂਰੇ ਦਿਲ, ਪੂਰੀ ਜਾਨ, ਪੂਰੀ ਸਮਝ ਅਤੇ ਪੂਰੀ ਤਾਕਤ ਨਾਲ ਪਿਆਰ ਕਰਦੇ ਰਹੋਗੇ। (ਮਰ. 12:30) ਉਸ ਸਮੇਂ ਤੋਂ ਲੈ ਕੇ ਹੁਣ ਤਕ ਉਸ ਲਈ ਤੁਹਾਡਾ ਪਿਆਰ ਹੋਰ ਵੀ ਗੂੜ੍ਹਾ ਹੁੰਦਾ ਗਿਆ। ਤਾਂ ਫਿਰ ਜੇ ਕੋਈ ਤੁਹਾਨੂੰ ਪੁੱਛੇ: “ਕੀ ਤੁਸੀਂ ਸੱਚੀਂ ਯਹੋਵਾਹ ਨੂੰ ਪਿਆਰ ਕਰਦੇ ਹੋ,” ਤਾਂ ਤੁਸੀਂ ਕੀ ਜਵਾਬ ਦਿਓਗੇ? ਤੁਸੀਂ ਬਿਨਾਂ ਝਿਜਕੇ ਕਹੋਗੇ: “ਮੈਂ ਯਹੋਵਾਹ ਨੂੰ ਕਿਸੇ ਵੀ ਵਿਅਕਤੀ ਜਾਂ ਚੀਜ਼ ਨਾਲੋਂ ਜ਼ਿਆਦਾ ਪਿਆਰ ਕਰਦਾ ਹਾਂ।”

ਤਸਵੀਰ: ਇਕ ਭੈਣ ਆਪਣੇ ਸਮਰਪਣ ਦੇ ਵਾਅਦੇ ਅਤੇ ਬਪਤਿਸਮੇ ਬਾਰੇ ਸੋਚ-ਵਿਚਾਰ ਕਰ ਰਹੀ ਹੈ। 1. ਉਹ ਬਾਹਰ ਬੈਠੀ ਹੈ ਅਤੇ ਪ੍ਰਾਰਥਨਾ ਕਰ ਰਹੀ ਹੈ। 2. ਉਹ ਇਕ ਨਦੀ ਵਿਚ ਬਪਤਿਸਮਾ ਲੈ ਰਹੀ ਹੈ।

ਕੀ ਤੁਹਾਨੂੰ ਉਹ ਦਿਨ ਯਾਦ ਹੈ ਜਦੋਂ ਯਹੋਵਾਹ ਲਈ ਪਿਆਰ ਹੋਣ ਕਰਕੇ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ ਤੇ ਬਪਤਿਸਮਾ ਲਿਆ ਸੀ? (ਪੈਰਾ 1 ਦੇਖੋ)


2-3. (ੳ) ਯਹੋਵਾਹ ਕੀ ਚਾਹੁੰਦਾ ਹੈ ਕਿ ਅਸੀਂ ਕਿਸ ਗੱਲ ʼਤੇ ਭਰੋਸਾ ਕਰੀਏ? (ਯਿਰਮਿਯਾਹ 31:3) (ਅ) ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

2 ਪਰ ਜੇ ਕੋਈ ਤੁਹਾਨੂੰ ਇਹ ਸਵਾਲ ਪੁੱਛੇ: “ਕੀ ਤੁਹਾਨੂੰ ਪੱਕਾ ਭਰੋਸਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ,” ਤਾਂ ਤੁਸੀਂ ਕੀ ਜਵਾਬ ਦਿਓਗੇ? ਕੀ ਤੁਸੀਂ ਝਿਜਕੋਗੇ ਤੇ ਸੋਚੋਗੇ ਕਿ ਤੁਸੀਂ ਯਹੋਵਾਹ ਦੇ ਪਿਆਰ ਦੇ ਲਾਇਕ ਨਹੀਂ ਹੋ? ਇਕ ਭੈਣ, ਜਿਸ ਨੂੰ ਬਚਪਨ ਵਿਚ ਪਿਆਰ ਨਹੀਂ ਮਿਲਿਆ, ਦੱਸਦੀ ਹੈ: “ਮੈਂ ਜਾਣਦੀ ਹਾਂ ਕਿ ਮੈਂ ਯਹੋਵਾਹ ਨੂੰ ਪਿਆਰ ਕਰਦੀ ਹਾਂ। ਮੈਨੂੰ ਇਸ ਗੱਲ ʼਤੇ ਕੋਈ ਸ਼ੱਕ ਨਹੀਂ ਹੈ। ਪਰ ਮੈਂ ਇਸ ਗੱਲ ʼਤੇ ਅਕਸਰ ਸ਼ੱਕ ਕਰਦੀ ਹਾਂ ਕਿ ਯਹੋਵਾਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ।” ਪਰ ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਯਹੋਵਾਹ ਤੁਹਾਡੇ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ?

3 ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਇਸ ਗੱਲ ʼਤੇ ਆਪਣਾ ਭਰੋਸਾ ਪੱਕਾ ਕਰੋ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ। (ਯਿਰਮਿਯਾਹ 31:3 ਪੜ੍ਹੋ।) ਸੱਚ ਤਾਂ ਇਹ ਹੈ ਕਿ ਯਹੋਵਾਹ ਨੇ ਤੁਹਾਨੂੰ ਆਪਣੇ ਵੱਲ ਖਿੱਚਿਆ ਹੈ। ਨਾਲੇ ਜਦੋਂ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ ਸੀ, ਤਾਂ ਉਸ ਨੇ ਤੁਹਾਨੂੰ ਇਕ ਅਨਮੋਲ ਤੋਹਫ਼ਾ ਦਿੱਤਾ ਸੀ। ਉਹ ਹੈ, ਉਸ ਦਾ ਅਟੱਲ ਪਿਆਰ। ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਨਾਲ ਗਹਿਰਾ ਲਗਾਅ ਰੱਖਦਾ ਹੈ ਅਤੇ ਉਹ ਹਮੇਸ਼ਾ ਤੁਹਾਡਾ ਸਾਥ ਦੇਵੇਗਾ। ਇਸ ਪਿਆਰ ਕਰਕੇ ਉਹ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਨੂੰ “ਆਪਣੀ ਕੀਮਤੀ ਜਾਇਦਾਦ” ਸਮਝਦਾ ਹੈ ਜਿਸ ਵਿਚ ਤੁਸੀਂ ਵੀ ਸ਼ਾਮਲ ਹੋ। (ਮਲਾ. 3:17, ਫੁਟਨੋਟ) ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਵੀ ਪੌਲੁਸ ਰਸੂਲ ਵਾਂਗ ਇਹ ਭਰੋਸਾ ਕਰੋ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ। ਪੌਲੁਸ ਨੇ ਪੂਰੇ ਯਕੀਨ ਨਾਲ ਲਿਖਿਆ: “ਮੈਨੂੰ ਪੱਕਾ ਭਰੋਸਾ ਹੈ ਕਿ ਨਾ ਮੌਤ, ਨਾ ਜ਼ਿੰਦਗੀ, ਨਾ ਦੂਤ, ਨਾ ਸਰਕਾਰਾਂ, ਨਾ ਹੁਣ ਦੀਆਂ ਚੀਜ਼ਾਂ, ਨਾ ਆਉਣ ਵਾਲੀਆਂ ਚੀਜ਼ਾਂ, ਨਾ ਤਾਕਤਾਂ, ਨਾ ਉਚਾਈ, ਨਾ ਡੂੰਘਾਈ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ ਜੋ ਪਿਆਰ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਕਰਦਾ ਹੈ।” (ਰੋਮੀ. 8:38, 39) ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਸਾਨੂੰ ਆਪਣੇ ਇਸ ਭਰੋਸੇ ਨੂੰ ਪੱਕਾ ਕਰਨ ਦੀ ਕਿਉਂ ਲੋੜ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਕਿਹੜੀਆਂ ਗੱਲਾਂ ਇੱਦਾਂ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ।

ਸਾਨੂੰ ਕਿਉਂ ਭਰੋਸਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

4. (ੳ) ਸ਼ੈਤਾਨ ਸਾਨੂੰ ਕਿਹੜੇ ਝੂਠ ʼਤੇ ਭਰੋਸਾ ਦਿਵਾਉਣਾ ਚਾਹੁੰਦਾ ਹੈ? (ਅ) ਅਸੀਂ ਸ਼ੈਤਾਨ ਦਾ ਡਟ ਕੇ ਮੁਕਾਬਲਾ ਕਿਵੇਂ ਕਰ ਸਕਦੇ ਹਾਂ?

4 ਇਸ ਭਰੋਸੇ ਕਰਕੇ ਅਸੀਂ “ਸ਼ੈਤਾਨ ਦੀਆਂ ਚਾਲਾਂ” ਦਾ ਡਟ ਕੇ ਮੁਕਾਬਲਾ ਕਰ ਸਕਾਂਗੇ। (ਅਫ਼. 6:11) ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ ਅਤੇ ਇੱਦਾਂ ਕਰਨ ਲਈ ਉਹ ਬਹੁਤ ਸਾਰੀਆਂ ਚਾਲਾਂ ਚੱਲਦਾ ਹੈ। ਉਸ ਦੀ ਇਕ ਚਾਲ ਇਹ ਹੈ ਕਿ ਉਹ ਸਾਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ। ਪਰ ਇਹ ਸਰਾਸਰ ਝੂਠ ਹੈ। ਬਾਈਬਲ ਵਿਚ ਸ਼ੈਤਾਨ ਦੀ ਤੁਲਨਾ ਸ਼ੇਰ ਨਾਲ ਕੀਤੀ ਗਈ ਹੈ। (1 ਪਤ. 5:8, 9) ਸ਼ੇਰ ਕਿਸੇ ਕਮਜ਼ੋਰ ਜਾਨਵਰ ਦਾ ਸ਼ਿਕਾਰ ਕਰਨ ਦਾ ਮੌਕਾ ਭਾਲਦਾ ਹੈ। ਉਸੇ ਤਰ੍ਹਾਂ ਸ਼ੈਤਾਨ ਵੀ ਸਾਡੇ ʼਤੇ ਅਕਸਰ ਉਦੋਂ ਹਮਲਾ ਕਰਦਾ ਹੈ ਜਦੋਂ ਅਸੀਂ ਬਹੁਤ ਕਮਜ਼ੋਰ ਹੁੰਦੇ ਹਾਂ। ਮਿਸਾਲ ਲਈ, ਹੋ ਸਕਦਾ ਹੈ ਕਿ ਸਾਨੂੰ ਬੀਤੇ ਸਮੇਂ ਦੀਆਂ ਕੌੜੀਆਂ ਯਾਦਾਂ ਸਤਾ ਰਹੀਆਂ ਹੋਣ, ਅਸੀਂ ਅੱਜ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹੋਈਏ ਜਾਂ ਫਿਰ ਸਾਨੂੰ ਇਹ ਚਿੰਤਾ ਸਤਾ ਰਹੀ ਹੋਵੇ ਕਿ ਪਤਾ ਨਹੀਂ ਕੱਲ੍ਹ ਨੂੰ ਕੀ ਹੋਵੇਗਾ। (ਕਹਾ. 24:10) ਸ਼ੈਤਾਨ ਇਨ੍ਹਾਂ ਹਾਲਾਤਾਂ ਦਾ ਫ਼ਾਇਦਾ ਚੁੱਕਦਾ ਹੈ ਤਾਂਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ। ਪਰ ਜੇ ਅਸੀਂ ਆਪਣੇ ਇਸ ਭਰੋਸੇ ਨੂੰ ਪੱਕਾ ਕਰਦੇ ਰਹਾਂਗੇ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ, ਤਾਂ ਅਸੀਂ “ਸ਼ੈਤਾਨ” ਅਤੇ ਉਸ ਦੇ ਹਮਲਿਆਂ ਦਾ “ਵਿਰੋਧ” ਕਰ ਸਕਾਂਗੇ।​—ਯਾਕੂ. 4:7.

5. ਸਾਡੇ ਲਈ ਇਸ ਗੱਲ ʼਤੇ ਭਰੋਸਾ ਕਰਨਾ ਕਿਉਂ ਜ਼ਰੂਰੀ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

5 ਇਸ ਕਰਕੇ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਆਵਾਂਗੇ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਯਹੋਵਾਹ ਨੇ ਸਾਨੂੰ ਇੱਦਾਂ ਬਣਾਇਆ ਹੈ ਕਿ ਅਸੀਂ ਦੂਸਰਿਆਂ ਨੂੰ ਪਿਆਰ ਕਰੀਏ ਅਤੇ ਦੂਸਰੇ ਸਾਨੂੰ ਪਿਆਰ ਕਰਨ। ਜਦੋਂ ਕੋਈ ਸਾਡੇ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ, ਤਾਂ ਅਸੀਂ ਵੀ ਉਸ ਨਾਲ ਪਿਆਰ ਨਾਲ ਪੇਸ਼ ਆਉਂਦੇ ਹਾਂ। ਇਸ ਲਈ ਸਾਨੂੰ ਯਹੋਵਾਹ ਦੇ ਪਿਆਰ ʼਤੇ ਜਿੰਨਾ ਜ਼ਿਆਦਾ ਭਰੋਸਾ ਹੋਵੇਗਾ, ਅਸੀਂ ਉਸ ਨੂੰ ਉੱਨਾ ਜ਼ਿਆਦਾ ਪਿਆਰ ਕਰਾਂਗੇ। (1 ਯੂਹੰ. 4:19) ਨਾਲੇ ਅਸੀਂ ਉਸ ਨੂੰ ਜਿੰਨਾ ਜ਼ਿਆਦਾ ਪਿਆਰ ਕਰਾਂਗੇ, ਉਹ ਸਾਨੂੰ ਉੱਨਾ ਜ਼ਿਆਦਾ ਪਿਆਰ ਕਰੇਗਾ। ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂ. 4:8) ਪਰ ਅਸੀਂ ਇਸ ਗੱਲ ʼਤੇ ਆਪਣਾ ਭਰੋਸਾ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

ਕਿਹੜੀਆਂ ਗੱਲਾਂ ਸਾਨੂੰ ਭਰੋਸਾ ਦਿਵਾ ਸਕਦੀਆਂ ਹਨ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

6. ਜੇ ਤੁਹਾਨੂੰ ਭਰੋਸਾ ਨਹੀਂ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?

6 ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰੋ ਅਤੇ ਕਹੋ ਕਿ ਉਹ ਤੁਹਾਨੂੰ ਆਪਣੇ ਪਿਆਰ ਦਾ ਭਰੋਸਾ ਦਿਵਾਏ। (ਲੂਕਾ 18:1; ਰੋਮੀ. 12:12) ਦਿਨ ਵਿਚ ਕਈ ਵਾਰ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਦੱਸੋ ਕਿ ਤੁਸੀਂ ਖ਼ੁਦ ਬਾਰੇ ਉਸ ਵਰਗਾ ਨਜ਼ਰੀਆ ਰੱਖਣਾ ਚਾਹੁੰਦੇ ਹੋ। ਜੇ ਤੁਹਾਡਾ ਦਿਲ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਤਾਂ ਸ਼ਾਇਦ ਤੁਹਾਡੇ ਲਈ ਭਰੋਸਾ ਕਰਨਾ ਔਖਾ ਹੋਵੇ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਪਰ ਯਾਦ ਰੱਖੋ ਕਿ ਯਹੋਵਾਹ ਤੁਹਾਡੇ ਦਿਲ ਨਾਲੋਂ ਵੱਡਾ ਹੈ। (1 ਯੂਹੰ. 3:19, 20) ਉਹ ਤੁਹਾਨੂੰ ਜਿੰਨੀ ਚੰਗੀ ਤਰ੍ਹਾਂ ਜਾਣਦਾ ਹੈ, ਉੱਨੀ ਚੰਗੀ ਤਰ੍ਹਾਂ ਤੁਸੀਂ ਖ਼ੁਦ ਨੂੰ ਵੀ ਨਹੀਂ ਜਾਣਦੇ। ਉਹ ਤੁਹਾਡੀਆਂ ਉਨ੍ਹਾਂ ਖੂਬੀਆਂ ਨੂੰ ਦੇਖਦਾ ਹੈ ਜਿਨ੍ਹਾਂ ਨੂੰ ਤੁਸੀਂ ਖ਼ੁਦ ਵੀ ਨਹੀਂ ਦੇਖ ਸਕਦੇ। (1 ਸਮੂ. 16:7; 2 ਇਤਿ. 6:30) ਇਸ ਲਈ ਉਸ ਅੱਗੇ “ਦਿਲ ਖੋਲ੍ਹ” ਦਿਓ ਅਤੇ ਕਹੋ ਕਿ ਉਹ ਤੁਹਾਨੂੰ ਆਪਣੇ ਪਿਆਰ ਦਾ ਭਰੋਸਾ ਦਿਵਾਏ। (ਜ਼ਬੂ. 62:8) ਫਿਰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਰੋ। ਆਓ ਦੇਖੀਏ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ।

7-8. ਜ਼ਬੂਰ ਦੀ ਕਿਤਾਬ ਤੋਂ ਸਾਨੂੰ ਕਿਵੇਂ ਭਰੋਸਾ ਹੁੰਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

7 ਯਹੋਵਾਹ ਦੀਆਂ ਕਹੀਆਂ ਗੱਲਾਂ ʼਤੇ ਭਰੋਸਾ ਕਰੋ। ਯਹੋਵਾਹ ਨੇ ਬਾਈਬਲ ਦੇ ਲਿਖਾਰੀਆਂ ਰਾਹੀਂ ਦੱਸਿਆ ਹੈ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਦਾਊਦ ਨੇ ਇਕ ਜ਼ਬੂਰ ਵਿਚ ਦੱਸਿਆ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਲਿਖਿਆ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ; ਉਹ ਨਿਰਾਸ਼ ਲੋਕਾਂ ਨੂੰ ਬਚਾਉਂਦਾ ਹੈ।” (ਜ਼ਬੂ. 34:18, ਫੁਟਨੋਟ।) ਬਹੁਤ ਨਿਰਾਸ਼ ਹੋਣ ਤੇ ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਬਿਲਕੁਲ ਇਕੱਲੇ ਹੋ। ਪਰ ਇੱਦਾਂ ਦੇ ਹਾਲਾਤਾਂ ਵਿਚ ਯਹੋਵਾਹ ਤੁਹਾਡੇ ਹੋਰ ਵੀ ਨੇੜੇ ਰਹਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਤੁਹਾਨੂੰ ਉਸ ਦੀ ਬਹੁਤ ਲੋੜ ਹੈ। ਇਕ ਹੋਰ ਜ਼ਬੂਰ ਵਿਚ ਦਾਊਦ ਨੇ ਲਿਖਿਆ: “ਮੇਰੇ ਹੰਝੂ ਆਪਣੀ ਮਸ਼ਕ ਵਿਚ ਸਾਂਭ ਕੇ ਰੱਖ ਲੈ।” (ਜ਼ਬੂ. 56:8) ਜਦੋਂ ਤੁਸੀਂ ਤਕਲੀਫ਼ ਵਿਚ ਹੁੰਦੇ ਹੋ, ਤਾਂ ਯਹੋਵਾਹ ਤੁਹਾਡਾ ਦਰਦ ਚੰਗੀ ਤਰ੍ਹਾਂ ਸਮਝਦਾ ਹੈ। ਉਹ ਤੁਹਾਡੇ ਇਕ-ਇਕ ਹੰਝੂ ਨੂੰ ਆਪਣੀ ਮਸ਼ਕ ਵਿਚ ਭਰ ਲੈਂਦਾ ਹੈ ਅਤੇ ਉਹ ਉਸ ਲਈ ਬਹੁਤ ਅਨਮੋਲ ਹਨ, ਠੀਕ ਜਿੱਦਾਂ ਪੁਰਾਣੇ ਜ਼ਮਾਨੇ ਦੇ ਮੁਸਾਫ਼ਰ ਲਈ ਮਸ਼ਕਾਂ ਵਿਚ ਪਾਣੀ ਦੀ ਇਕ-ਇਕ ਬੂੰਦ ਬਹੁਤ ਅਨਮੋਲ ਹੁੰਦੀ ਸੀ। ਜ਼ਬੂਰ 139:3 ਵਿਚ ਯਹੋਵਾਹ ਬਾਰੇ ਲਿਖਿਆ ਹੈ: “ਤੂੰ [ਯਹੋਵਾਹ] ਮੇਰੇ ਸਾਰੇ ਰਾਹਾਂ ਤੋਂ ਵਾਕਫ਼ ਹੈਂ।” ਯਹੋਵਾਹ ਤੁਹਾਡੇ ਹਰ ਕੰਮ ਨੂੰ ਦੇਖ ਸਕਦਾ ਹੈ, ਪਰ ਉਹ ਤੁਹਾਡੇ ਚੰਗੇ ਕੰਮਾਂ ʼਤੇ ਧਿਆਨ ਦਿੰਦਾ ਹੈ। (ਇਬ. 6:10) ਕਿਉਂ? ਕਿਉਂਕਿ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਜੋ ਵੀ ਮਿਹਨਤ ਕਰਦੇ ਹੋ, ਉਹ ਉਸ ਨੂੰ ਅਨਮੋਲ ਸਮਝਦਾ ਹੈ।a

8 ਬਾਈਬਲ ਦੀਆਂ ਅਜਿਹੀਆਂ ਆਇਤਾਂ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਇਨ੍ਹਾਂ ਰਾਹੀਂ ਯਹੋਵਾਹ ਇਕ ਤਰੀਕੇ ਨਾਲ ਤੁਹਾਨੂੰ ਕਹਿ ਰਿਹਾ ਹੈ: “ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਨੂੰ ਤੁਹਾਡੀ ਬਹੁਤ ਫ਼ਿਕਰ ਹੈ।” ਪਰ ਅਸੀਂ ਪਹਿਲਾਂ ਦੇਖਿਆ ਸੀ, ਸ਼ੈਤਾਨ ਸਾਨੂੰ ਇਸ ਝੂਠ ʼਤੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ। ਇਸ ਲਈ ਜੇ ਤੁਹਾਡੇ ਮਨ ਵਿਚ ਇਹ ਖ਼ਿਆਲ ਆਵੇ, ‘ਪਤਾ ਨਹੀਂ ਯਹੋਵਾਹ ਮੈਨੂੰ ਪਿਆਰ ਕਰਦਾ ਵੀ ਹੈ ਜਾਂ ਨਹੀਂ,’ ਤਾਂ ਰੁਕ ਕੇ ਸੋਚੋ, ‘ਮੈਂ ਕਿਸ ʼਤੇ ਭਰੋਸਾ ਕਰਾਂਗਾ?’ ‘ਝੂਠ ਦੇ ਪਿਉ’ ਉੱਤੇ ਜਾਂ “ਸੱਚਾਈ ਦੇ ਪਰਮੇਸ਼ੁਰ” ਉੱਤੇ?​—ਯੂਹੰ. 8:44; ਜ਼ਬੂ. 31:5.

9. ਜਿਹੜੇ ਯਹੋਵਾਹ ਨਾਲ ਪਿਆਰ ਕਰਦੇ ਹਨ, ਉਸ ਨੇ ਉਨ੍ਹਾਂ ਨਾਲ ਕਿਹੜਾ ਵਾਅਦਾ ਕੀਤਾ ਹੈ? (ਕੂਚ 20:5, 6)

9 ਸੋਚੋ ਕਿ ਸਾਡਾ ਪਿਆਰ ਦੇਖ ਕੇ ਯਹੋਵਾਹ ਕੀ ਕਰਦਾ ਹੈ। ਧਿਆਨ ਦਿਓ ਕਿ ਯਹੋਵਾਹ ਨੇ ਮੂਸਾ ਅਤੇ ਇਜ਼ਰਾਈਲੀਆਂ ਨੂੰ ਕੀ ਕਿਹਾ ਸੀ। (ਕੂਚ 20:5, 6 ਪੜ੍ਹੋ।) ਯਹੋਵਾਹ ਵਾਅਦਾ ਕਰਦਾ ਹੈ ਕਿ ਜਿਹੜੇ ਉਸ ਨੂੰ ਪਿਆਰ ਕਰਦੇ ਹਨ, ਉਹ ਉਨ੍ਹਾਂ ਨਾਲ ਅਟੱਲ ਪਿਆਰ ਕਰਦਾ ਰਹੇਗਾ। ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇੱਦਾਂ ਹੋ ਹੀ ਨਹੀਂ ਸਕਦਾ ਕਿ ਕੋਈ ਯਹੋਵਾਹ ਨੂੰ ਪਿਆਰ ਕਰੇ ਅਤੇ ਬਦਲੇ ਵਿਚ ਯਹੋਵਾਹ ਉਸ ਨੂੰ ਪਿਆਰ ਨਾ ਕਰੇ। (ਨਹ. 1:5) ਇਸ ਲਈ ਜੇ ਤੁਹਾਡੇ ਮਨ ਵਿਚ ਇਹ ਖ਼ਿਆਲ ਆਵੇ, ‘ਪਤਾ ਨਹੀਂ ਯਹੋਵਾਹ ਮੈਨੂੰ ਪਿਆਰ ਕਰਦਾ ਵੀ ਹੈ ਜਾਂ ਨਹੀਂ?’ ਤਾਂ ਰੁਕ ਕੇ ਸੋਚੋ, ‘ਕੀ ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ?’ ਜੇ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਤਾਂ ਪੂਰਾ ਭਰੋਸਾ ਰੱਖੋ ਕਿ ਉਹ ਵੀ ਤੁਹਾਨੂੰ ਬਹੁਤ ਪਿਆਰ ਕਰਦਾ ਹੈ। (ਦਾਨੀ. 9:4; 1 ਕੁਰਿੰ. 8:3) ਹੋਰ ਸ਼ਬਦਾਂ ਵਿਚ ਕਹੀਏ, ਤਾਂ ਜੇ ਤੁਹਾਨੂੰ ਇਹ ਸ਼ੱਕ ਨਹੀਂ ਹੈ ਕਿ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ, ਤਾਂ ਕੀ ਤੁਹਾਨੂੰ ਇਹ ਸ਼ੱਕ ਕਰਨਾ ਚਾਹੀਦਾ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਜਾਂ ਨਹੀਂ? ਯਾਦ ਰੱਖੋ ਕਿ ਯਹੋਵਾਹ ਦਾ ਪਿਆਰ ਅਟੱਲ ਹੈ ਅਤੇ ਉਹ ਤੁਹਾਨੂੰ ਕਦੇ ਨਹੀਂ ਛੱਡੇਗਾ।

10-11. ਯਹੋਵਾਹ ਕੀ ਚਾਹੁੰਦਾ ਹੈ ਕਿ ਤੁਸੀਂ ਰਿਹਾਈ ਦੀ ਕੀਮਤ ਬਾਰੇ ਕਿਹੜੀ ਗੱਲ ਯਾਦ ਰੱਖੋ? (ਗਲਾਤੀਆਂ 2:20)

10 ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰੋ। ਯਹੋਵਾਹ ਨੇ ਇਨਸਾਨਾਂ ਲਈ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਹੈ। ਇਹ ਸਾਡੇ ਲਈ ਯਹੋਵਾਹ ਵੱਲੋਂ ਸਭ ਤੋਂ ਵਧੀਆ ਤੋਹਫ਼ਾ ਹੈ। (ਯੂਹੰ. 3:16) ਪਰ ਕੀ ਉਸ ਨੇ ਇਹ ਤੋਹਫ਼ਾ ਤੁਹਾਨੂੰ ਵੀ ਦਿੱਤਾ ਹੈ? ਜੀ ਹਾਂ। ਜ਼ਰਾ ਗੌਰ ਕਰੋ। ਪੌਲੁਸ ਰਸੂਲ ਨੇ ਯਿਸੂ ਦਾ ਚੇਲਾ ਬਣਨ ਤੋਂ ਪਹਿਲਾਂ ਕੁਝ ਵੱਡੇ-ਵੱਡੇ ਪਾਪ ਕੀਤੇ ਸਨ। ਨਾਲੇ ਮਸੀਹੀ ਬਣਨ ਤੋਂ ਬਾਅਦ ਵੀ ਉਸ ਨੂੰ ਆਪਣੀਆਂ ਕੁਝ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪਿਆ ਸੀ। (ਰੋਮੀ. 7:24, 25; 1 ਤਿਮੋ. 1:12-14) ਫਿਰ ਵੀ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਨੇ ਉਸ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਸੀ। (ਗਲਾਤੀਆਂ 2:20 ਪੜ੍ਹੋ।) ਯਾਦ ਰੱਖੋ ਕਿ ਯਹੋਵਾਹ ਨੇ ਪੌਲੁਸ ਨੂੰ ਇਹ ਗੱਲ ਲਿਖਣ ਲਈ ਪ੍ਰੇਰਿਆ ਸੀ। ਨਾਲੇ ਬਾਈਬਲ ਵਿਚ ਲਿਖੀਆਂ ਗੱਲਾਂ ਸਾਨੂੰ ਸਿੱਖਿਆ ਦੇਣ ਲਈ ਹੀ ਲਿਖੀਆਂ ਗਈਆਂ ਹਨ। (ਰੋਮੀ. 15:4) ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਵੀ ਪੌਲੁਸ ਵਾਂਗ ਭਰੋਸਾ ਰੱਖੋ ਕਿ ਉਸ ਨੇ ਤੁਹਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਹੈ। ਜਦੋਂ ਤੁਸੀਂ ਇਹ ਸੋਚੋਗੇ ਕਿ ਯਹੋਵਾਹ ਨੇ ਤੁਹਾਨੂੰ ਕਿੰਨਾ ਵਧੀਆ ਤੋਹਫ਼ਾ ਦਿੱਤਾ ਹੈ, ਤਾਂ ਤੁਹਾਡਾ ਭਰੋਸਾ ਹੋਰ ਪੱਕਾ ਹੋਵੇਗਾ ਕਿ ਉਹ ਤੁਹਾਨੂੰ ਪਿਆਰ ਕਰਦਾ ਹੈ।

11 ਅਸੀਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ ਕਿ ਉਸ ਨੇ ਯਿਸੂ ਨੂੰ ਧਰਤੀ ʼਤੇ ਭੇਜਿਆ ਤਾਂਕਿ ਉਹ ਸਾਡੀ ਖ਼ਾਤਰ ਆਪਣੀ ਜਾਨ ਕੁਰਬਾਨ ਕਰੇ। ਪਰ ਯਿਸੂ ਮਸੀਹ ਪਰਮੇਸ਼ੁਰ ਬਾਰੇ ਸੱਚਾਈ ਦੱਸਣ ਲਈ ਵੀ ਧਰਤੀ ʼਤੇ ਆਇਆ ਸੀ। (ਯੂਹੰ. 18:37) ਉਸ ਨੇ ਇਹ ਵੀ ਸੱਚਾਈ ਦੱਸੀ ਕਿ ਯਹੋਵਾਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ।

ਯਿਸੂ ਨੇ ਸਾਨੂੰ ਕਿਵੇਂ ਭਰੋਸਾ ਦਿਵਾਇਆ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

12. ਯਿਸੂ ਨੇ ਯਹੋਵਾਹ ਬਾਰੇ ਜੋ ਕਿਹਾ, ਅਸੀਂ ਉਸ ʼਤੇ ਭਰੋਸਾ ਕਿਉਂ ਰੱਖ ਸਕਦੇ ਹਾਂ?

12 ਧਰਤੀ ʼਤੇ ਹੁੰਦਿਆਂ ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਲੋਕਾਂ ਨੂੰ ਦੱਸਿਆ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ। (ਲੂਕਾ 10:22) ਯਿਸੂ ਨੇ ਯਹੋਵਾਹ ਬਾਰੇ ਜੋ ਕਿਹਾ, ਅਸੀਂ ਉਸ ʼਤੇ ਪੂਰਾ ਭਰੋਸਾ ਕਰ ਸਕਦੇ ਹਾਂ। ਕਿਉਂ? ਕਿਉਂਕਿ ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਨੇ ਯਹੋਵਾਹ ਨਾਲ ਸਵਰਗ ਵਿਚ ਅਰਬਾਂ-ਖਰਬਾਂ ਸਾਲ ਬਿਤਾਏ ਸਨ। (ਕੁਲੁ. 1:15) ਉਸ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਯਹੋਵਾਹ ਆਪਣੇ ਵਫ਼ਾਦਾਰ ਧੀਆਂ-ਪੁੱਤਰਾਂ ਨਾਲ ਕਿੰਨਾ ਪਿਆਰ ਕਰਦਾ ਹੈ! ਯਿਸੂ ਨੇ ਇਨਸਾਨਾਂ ਨੂੰ ਕਿਵੇਂ ਭਰੋਸਾ ਦਿਵਾਇਆ ਕਿ ਯਹੋਵਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ?

13. ਯਿਸੂ ਯਹੋਵਾਹ ਬਾਰੇ ਕਿੱਦਾਂ ਮਹਿਸੂਸ ਕਰਦਾ ਸੀ ਅਤੇ ਸਾਨੂੰ ਕਿੱਦਾਂ ਮਹਿਸੂਸ ਕਰਨਾ ਚਾਹੀਦਾ ਹੈ?

13 ਯਿਸੂ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਬਾਰੇ ਉੱਦਾਂ ਹੀ ਮਹਿਸੂਸ ਕਰੀਏ, ਜਿੱਦਾਂ ਉਹ ਕਰਦਾ ਹੈ। ਇੰਜੀਲ ਦੀਆਂ ਕਿਤਾਬਾਂ ਵਿਚ ਉਸ ਨੇ ਯਹੋਵਾਹ ਨੂੰ 160 ਤੋਂ ਵੀ ਜ਼ਿਆਦਾ ਵਾਰ “ਪਿਤਾ” ਕਿਹਾ। ਨਾਲੇ ਆਪਣੇ ਚੇਲਿਆਂ ਨਾਲ ਯਹੋਵਾਹ ਬਾਰੇ ਗੱਲ ਕਰਦਿਆਂ ਉਸ ਨੇ ਅਕਸਰ ਕਿਹਾ ਕਿ ਯਹੋਵਾਹ ‘ਤੁਹਾਡਾ ਪਿਤਾ’ ਅਤੇ “ਤੁਹਾਡਾ ਸਵਰਗੀ ਪਿਤਾ” ਹੈ। (ਮੱਤੀ 5:16; 6:26) ਮੱਤੀ 5:16 ਦੇ ਸਟੱਡੀ ਨੋਟ (ਹਿੰਦੀ) ਵਿਚ ਲਿਖਿਆ ਹੈ: “ਪੁਰਾਣੇ ਸਮੇਂ ਵਿਚ ਯਹੋਵਾਹ ਦੇ ਸੇਵਕਾਂ ਨੇ ਉਸ ਲਈ ਕਈ ਵੱਡੇ-ਵੱਡੇ ਖ਼ਿਤਾਬ ਵਰਤੇ, ਜਿਵੇਂ ‘ਸਰਬਸ਼ਕਤੀਮਾਨ,’ ‘ਅੱਤ ਮਹਾਨ’ ਅਤੇ ‘ਮਹਾਨ ਸ੍ਰਿਸ਼ਟੀਕਰਤਾ।’ ਪਰ ਯਿਸੂ ਨੇ ਅਕਸਰ ਇਕ ਆਮ ਖ਼ਿਤਾਬ ‘ਪਿਤਾ’ ਵਰਤਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਅਤੇ ਉਸ ਦੇ ਸੇਵਕਾਂ ਦਾ ਆਪਸ ਵਿਚ ਕਰੀਬੀ ਰਿਸ਼ਤਾ ਹੈ।” ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਿਸੂ ਚਾਹੁੰਦਾ ਹੈ ਕਿ ਅਸੀਂ ਉਸ ਵਾਂਗ ਯਹੋਵਾਹ ਨੂੰ ਆਪਣਾ ਪਿਆਰਾ ਪਿਤਾ ਮੰਨੀਏ ਜੋ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ। ਆਓ ਆਪਾਂ ਦੋ ਮਿਸਾਲਾਂ ਦੇਖੀਏ ਜਿਨ੍ਹਾਂ ਵਿਚ ਯਿਸੂ ਨੇ ਯਹੋਵਾਹ ਨੂੰ “ਪਿਤਾ” ਕਿਹਾ।

14. ਯਿਸੂ ਨੇ ਕਿਵੇਂ ਸਮਝਾਇਆ ਕਿ ਯਹੋਵਾਹ ਦਾ ਹਰ ਸੇਵਕ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹੈ? (ਮੱਤੀ 10:29-31) (ਤਸਵੀਰ ਵੀ ਦੇਖੋ।)

14 ਸਭ ਤੋਂ ਪਹਿਲਾਂ ਮੱਤੀ 10:29-31 ਵਿਚ ਦਰਜ ਯਿਸੂ ਦੇ ਸ਼ਬਦਾਂ ʼਤੇ ਧਿਆਨ ਦਿਓ। (ਪੜ੍ਹੋ।) ਇੱਥੇ ਯਿਸੂ ਨੇ ਚਿੜੀਆਂ ਦੀ ਮਿਸਾਲ ਦਿੱਤੀ। ਚਿੜੀਆਂ ਨਾ ਤਾਂ ਯਹੋਵਾਹ ਨੂੰ ਪਿਆਰ ਕਰਦੀਆਂ ਹਨ ਅਤੇ ਨਾ ਹੀ ਉਸ ਦੀ ਭਗਤੀ, ਫਿਰ ਵੀ ਸਾਡਾ ਪਿਤਾ ਹਰ ਚਿੜੀ ਨੂੰ ਅਨਮੋਲ ਸਮਝਦਾ ਹੈ। ਨਾਲੇ ਜੇ ਇਕ ਵੀ ਚਿੜੀ ਜ਼ਮੀਨ ʼਤੇ ਡਿੱਗਦੀ ਹੈ, ਤਾਂ ਯਹੋਵਾਹ ਉਸ ʼਤੇ ਧਿਆਨ ਦਿੰਦਾ ਹੈ। ਜੇ ਯਹੋਵਾਹ ਚਿੜੀਆਂ ਨੂੰ ਇੰਨਾ ਅਨਮੋਲ ਸਮਝਦਾ ਹੈ, ਤਾਂ ਸੋਚੋ ਉਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਿੰਨਾ ਅਨਮੋਲ ਸਮਝਦਾ ਹੋਵੇਗਾ ਜੋ ਉਸ ਨੂੰ ਪਿਆਰ ਕਰਦੇ ਹਨ ਤੇ ਉਸ ਦੀ ਭਗਤੀ ਕਰਦੇ ਹਨ। ਆਇਤ 30 ਵਿਚ ਦੱਸਿਆ ਗਿਆ ਹੈ ਕਿ ‘ਤੁਹਾਡੇ ਤਾਂ ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ।’ ਇਸ ਆਇਤ ਦੇ ਸਟੱਡੀ ਨੋਟ (ਹਿੰਦੀ) ਵਿਚ ਲਿਖਿਆ ਹੈ: “ਯਹੋਵਾਹ ਦਾ ਇੰਨੀ ਬਾਰੀਕੀ ਨਾਲ ਜਾਣਕਾਰੀ ਰੱਖਣਾ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਸ ਨੂੰ ਮਸੀਹ ਦੇ ਹਰ ਚੇਲੇ ਵਿਚ ਗਹਿਰੀ ਦਿਲਚਸਪੀ ਹੈ।” ਇਨ੍ਹਾਂ ਆਇਤਾਂ ਵਿਚ ਯਿਸੂ ਨੇ ਜੋ ਗੱਲ ਕਹੀ, ਉਨ੍ਹਾਂ ਤੋਂ ਉਹ ਸਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਅਸੀਂ ਆਪਣੇ ਪਿਤਾ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੰਨੇ ਅਨਮੋਲ ਹਾਂ!

ਯਿਸੂ ਇਕ ਚਿੜੀ ਵੱਲ ਇਸ਼ਾਰਾ ਕਰ ਰਿਹਾ ਹੈ ਜੋ ਜ਼ਮੀਨ ਵੱਲ ਨੂੰ ਆ ਰਹੀ ਹੈ। ਉਸ ਦੇ ਚੇਲੇ ਬੜੇ ਧਿਆਨ ਨਾਲ ਉਸ ਦੀ ਗੱਲ ਸੁਣ ਰਹੇ ਹਨ।

ਜੇ ਇਕ ਵੀ ਚਿੜੀ ਜ਼ਮੀਨ ʼਤੇ ਡਿੱਗਦੀ ਹੈ, ਤਾਂ ਯਹੋਵਾਹ ਉਸ ʼਤੇ ਧਿਆਨ ਦਿੰਦਾ ਹੈ ਤੇ ਉਸ ਨੂੰ ਅਨਮੋਲ ਸਮਝਦਾ ਹੈ। ਫਿਰ ਜ਼ਰਾ ਸੋਚੋ ਕਿ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਅਤੇ ਵਫ਼ਾਦਾਰੀ ਨਾਲ ਉਸ ਦੀ ਭਗਤੀ ਕਰਨ ਵਾਲਿਆਂ ਨੂੰ ਉਹ ਕਿੰਨਾ ਅਨਮੋਲ ਸਮਝਦਾ ਹੋਣਾ! (ਪੈਰਾ 14 ਦੇਖੋ)


15. ਯੂਹੰਨਾ 6:44 ਵਿਚ ਲਿਖੇ ਯਿਸੂ ਦੇ ਸ਼ਬਦਾਂ ਤੋਂ ਤੁਹਾਨੂੰ ਆਪਣੇ ਸਵਰਗੀ ਪਿਤਾ ਬਾਰੇ ਕੀ ਪਤਾ ਲੱਗਦਾ ਹੈ?

15 ਆਓ ਆਪਾਂ ਇਕ ਹੋਰ ਮਿਸਾਲ ʼਤੇ ਗੌਰ ਕਰੀਏ ਜਦੋਂ ਯਿਸੂ ਨੇ ਯਹੋਵਾਹ ਨੂੰ “ਪਿਤਾ” ਕਿਹਾ। (ਯੂਹੰਨਾ 6:44 ਪੜ੍ਹੋ।) ਇਸ ਆਇਤ ਵਿਚ ਦੱਸਿਆ ਗਿਆ ਹੈ ਕਿ ਤੁਹਾਡੇ ਸਵਰਗੀ ਪਿਤਾ ਨੇ ਪਿਆਰ ਨਾਲ ਤੁਹਾਨੂੰ ਆਪਣੇ ਵੱਲ ਖਿੱਚਿਆ ਹੈ। ਉਸ ਨੇ ਇੱਦਾਂ ਕਿਉਂ ਕੀਤਾ? ਕਿਉਂਕਿ ਉਸ ਨੇ ਦੇਖਿਆ ਕਿ ਤੁਹਾਡਾ ਦਿਲ ਕਿੰਨਾ ਚੰਗਾ ਹੈ। (ਰਸੂ. 13:48) ਯੂਹੰਨਾ 6:44 ਦੇ ਸਟੱਡੀ ਨੋਟ (ਅੰਗ੍ਰੇਜ਼ੀ) ਵਿਚ ਦੱਸਿਆ ਹੈ ਕਿ ਇੱਥੇ ਯਿਸੂ ਸ਼ਾਇਦ ਯਿਰਮਿਯਾਹ ਦੇ ਇਨ੍ਹਾਂ ਸ਼ਬਦਾਂ ਦਾ ਹਵਾਲਾ ਦੇ ਰਿਹਾ ਸੀ ਜੋ ਇਸ ਲੇਖ ਦੀ ਮੁੱਖ ਆਇਤ ਵੀ ਹੈ: “ਮੈਂ ਤੈਨੂੰ ਅਟੱਲ ਪਿਆਰ ਨਾਲ ਆਪਣੇ ਵੱਲ ਖਿੱਚਿਆ ਹੈ [ਜਾਂ, ਤੈਨੂੰ ਅਟੱਲ ਪਿਆਰ ਦਿਖਾਉਂਦਾ ਰਿਹਾ]।” (ਯਿਰਮਿਯਾਹ 31:3; ਫੁਟਨੋਟ; ਹੋਸ਼ੇਆ 11:4 ਵਿਚ ਨੁਕਤਾ ਦੇਖੋ।) ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡਾ ਸਵਰਗੀ ਪਿਤਾ ਹਮੇਸ਼ਾ ਤੁਹਾਡੇ ਗੁਣ ਦੇਖਦਾ ਹੈ, ਫਿਰ ਚਾਹੇ ਉਹ ਤੁਹਾਨੂੰ ਖ਼ੁਦ ਨਜ਼ਰ ਨਾ ਆਉਣ।

16. (ੳ) ਯਿਸੂ ਨੇ ਆਪਣੇ ਪਿਤਾ ਬਾਰੇ ਕੀ ਕਿਹਾ ਅਤੇ ਸਾਨੂੰ ਉਸ ʼਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ? (ਅ) ਤੁਸੀਂ ਆਪਣਾ ਭਰੋਸਾ ਕਿਵੇਂ ਪੱਕਾ ਕਰ ਸਕਦੇ ਹੋ ਕਿ ਯਹੋਵਾਹ ਤੁਹਾਡਾ ਸਭ ਤੋਂ ਚੰਗਾ ਪਿਤਾ ਹੈ? (“ਉਸ ਨਾਲੋਂ ਹੋਰ ਵਧੀਆ ਪਿਤਾ ਹੋ ਹੀ ਨਹੀਂ ਸਕਦਾ” ਨਾਂ ਦੀ ਡੱਬੀ ਦੇਖੋ।)

16 ਜਦੋਂ ਯਿਸੂ ਨੇ ਕਿਹਾ ਕਿ ਯਹੋਵਾਹ ਸਾਡਾ ਪਿਤਾ ਹੈ, ਤਾਂ ਉਹ ਇਕ ਤਰ੍ਹਾਂ ਨਾਲ ਸਾਨੂੰ ਸਾਰਿਆਂ ਨੂੰ ਕਹਿ ਰਿਹਾ ਸੀ: “ਯਹੋਵਾਹ ਸਿਰਫ਼ ਮੇਰਾ ਪਿਤਾ ਹੀ ਨਹੀਂ, ਸਗੋਂ ਤੁਹਾਡਾ ਵੀ ਹੈ। ਨਾਲੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਤੁਹਾਡੀ ਬਹੁਤ ਪਰਵਾਹ ਕਰਦਾ ਹੈ।” ਇਸ ਲਈ ਜੇ ਕਦੇ ਤੁਹਾਨੂੰ ਲੱਗੇ, ‘ਪਤਾ ਨਹੀਂ ਯਹੋਵਾਹ ਮੈਨੂੰ ਪਿਆਰ ਕਰਦਾ ਵੀ ਹੈ ਜਾਂ ਨਹੀਂ,’ ਤਾਂ ਰੁਕ ਕੇ ਸੋਚੋ, ‘ਕੀ ਮੈਨੂੰ ਯਿਸੂ ਦੀ ਗੱਲ ʼਤੇ ਭਰੋਸਾ ਨਹੀਂ ਕਰਨਾ ਚਾਹੀਦਾ ਜੋ ਪਿਤਾ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਹਮੇਸ਼ਾ ਸੱਚ ਬੋਲਦਾ ਹੈ?’​—1 ਪਤ. 2:22.

“ਉਸ ਨਾਲੋਂ ਹੋਰ ਵਧੀਆ ਪਿਤਾ ਹੋ ਹੀ ਨਹੀਂ ਸਕਦਾ”

ਇਹ ਸ਼ਬਦ ਯਹੋਵਾਹ ਦੇ ਨੇੜੇ ਰਹੋ ਕਿਤਾਬ ਦੇ ਮੁਖਬੰਧ ਵਿਚ ਦਿੱਤੇ ਗਏ ਹਨ। ਇਹ ਕਿਤਾਬ ਕਿਉਂ ਤਿਆਰ ਕੀਤੀ ਗਈ ਹੈ, ਇਸ ਵਿਚ ਲਿਖਿਆ ਹੈ: “ਅਸੀਂ ਦੇਖਾਂਗੇ ਕਿ ਯਹੋਵਾਹ . . . ਨਾਲੋਂ ਹੋਰ ਵਧੀਆ ਪਿਤਾ ਹੋ ਹੀ ਨਹੀਂ ਸਕਦਾ। ਉਹ ਸ਼ਕਤੀਸ਼ਾਲੀ, ਨਿਆਂਕਾਰ, ਬੁੱਧੀਮਾਨ ਤੇ ਪ੍ਰੇਮ ਕਰਨ ਵਾਲਾ ਪਰਮੇਸ਼ੁਰ ਹੈ ਅਤੇ ਉਹ ਆਪਣੇ ਵਫ਼ਾਦਾਰ ਬੱਚਿਆਂ ਨੂੰ ਕਦੇ ਨਹੀਂ ਤਿਆਗਦਾ।”

ਇਕ ਕੁੜੀ, ਜਿਸ ਦਾ ਪਿਤਾ ਉਸ ਨਾਲ ਬਹੁਤ ਹੀ ਬੁਰਾ ਸਲੂਕ ਕਰਦਾ ਸੀ, ਦੱਸਦੀ ਹੈ ਕਿ ਇਹ ਕਿਤਾਬ ਪੜ੍ਹ ਕੇ ਉਸ ਨੂੰ ਕਿਵੇਂ ਲੱਗਾ। ਉਸ ਨੇ ਕਿਹਾ: “ਇਸ ਤੋਂ ਮੈਂ ਸਿੱਖਿਆ ਕਿ ‘ਪਿਤਾ’ ਸ਼ਬਦ ਸੁਣ ਕੇ ਮੈਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਯਹੋਵਾਹ ਕਿੰਨਾ ਚੰਗਾ ਪਿਤਾ ਹੈ। ਮੈਨੂੰ ਭਰੋਸਾ ਹੈ ਕਿ ਯਹੋਵਾਹ ਮੈਨੂੰ ਬਹੁਤ ਪਿਆਰ ਕਰਦਾ ਹੈ ਅਤੇ ਮੈਂ ਵੀ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਹਾਂ।” ਇਹ ਕਿਤਾਬ ਪੜ੍ਹਨ ਤੋਂ ਬਾਅਦ ਇਕ ਹੋਰ ਵਿਅਕਤੀ ਨੇ ਕਿਹਾ: “ਯਹੋਵਾਹ ਸਭ ਤੋਂ ਵਧੀਆ ਪਿਤਾ ਹੈ!”

ਜੇ ਤੁਸੀਂ ਇਸ ਗੱਲ ʼਤੇ ਆਪਣਾ ਭਰੋਸਾ ਪੱਕਾ ਕਰਨਾ ਚਾਹੁੰਦੇ ਹੋ ਕਿ ਯਹੋਵਾਹ ਸਭ ਤੋਂ ਵਧੀਆ ਪਿਤਾ ਹੈ, ਤਾਂ ਕਿਉਂ ਨਾ ਇਹ ਕਿਤਾਬ ਪੜ੍ਹੋ? ਜਾਂ ਜੇ ਤੁਸੀਂ ਇਸ ਨੂੰ ਪੜ੍ਹ ਚੁੱਕੇ ਹੋ, ਤਾਂ ਕਿਉਂ ਨਾ ਇਸ ਨੂੰ ਦੁਬਾਰਾ ਪੜ੍ਹੋ।

ਆਪਣਾ ਭਰੋਸਾ ਪੱਕਾ ਕਰਦੇ ਰਹੋ

17. ਸਾਨੂੰ ਆਪਣਾ ਭਰੋਸਾ ਪੱਕਾ ਕਿਉਂ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

17 ਸਾਨੂੰ ਆਪਣਾ ਭਰੋਸਾ ਪੱਕਾ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਅਸੀਂ ਇਸ ਲੇਖ ਵਿਚ ਦੇਖਿਆ ਕਿ ਸਾਡਾ ਦੁਸ਼ਮਣ ਸ਼ੈਤਾਨ ਬੜਾ ਚਲਾਕ ਹੈ ਅਤੇ ਉਹ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ। ਉਹ ਸਾਡਾ ਇਰਾਦਾ ਕਮਜ਼ੋਰ ਕਰਨਾ ਚਾਹੁੰਦਾ ਹੈ, ਇਸ ਲਈ ਉਹ ਹਮੇਸ਼ਾ ਕੋਸ਼ਿਸ਼ ਕਰੇਗਾ ਕਿ ਅਸੀਂ ਮੰਨ ਲਈਏ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ। ਪਰ ਸਾਨੂੰ ਸ਼ੈਤਾਨ ਨੂੰ ਕਦੇ ਵੀ ਜਿੱਤਣ ਨਹੀਂ ਦੇਣਾ ਚਾਹੀਦਾ!​—ਅੱਯੂ. 27:5.

18. ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ, ਇਸ ਗੱਲ ʼਤੇ ਆਪਣਾ ਭਰੋਸਾ ਪੱਕਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

18 ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਇਸ ਗੱਲ ʼਤੇ ਆਪਣਾ ਭਰੋਸਾ ਪੱਕਾ ਕਰਨ ਲਈ ਉਸ ਨੂੰ ਪ੍ਰਾਰਥਨਾ ਕਰਦੇ ਰਹੋ। ਉਸ ਨੂੰ ਕਹੋ ਕਿ ਉਹ ਤੁਹਾਡੀ ਮਦਦ ਕਰੇ ਤਾਂਕਿ ਤੁਸੀਂ ਖ਼ੁਦ ਬਾਰੇ ਉਸ ਵਰਗਾ ਨਜ਼ਰੀਆ ਰੱਖ ਸਕੋ। ਨਾਲੇ ਬਾਈਬਲ ਦੀਆਂ ਉਨ੍ਹਾਂ ਆਇਤਾਂ ʼਤੇ ਸੋਚ-ਵਿਚਾਰ ਕਰੋ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਕਿੰਨਾ ਪਿਆਰ ਕਰਦਾ ਹੈ। ਇਸ ਬਾਰੇ ਵੀ ਸੋਚੋ ਕਿ ਜੇ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ, ਤਾਂ ਬਦਲੇ ਵਿਚ ਉਹ ਵੀ ਤੁਹਾਨੂੰ ਪਿਆਰ ਕਰਦਾ ਹੈ। ਨਾਲੇ ਇਹ ਗੱਲ ਕਦੇ ਨਾ ਭੁੱਲੋ ਕਿ ਯਹੋਵਾਹ ਨੇ ਤੁਹਾਡੇ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਹੈ। ਇਸ ਤੋਂ ਇਲਾਵਾ, ਯਿਸੂ ਦੀ ਕਹੀ ਇਸ ਗੱਲ ʼਤੇ ਵੀ ਭਰੋਸਾ ਕਰੋ ਕਿ ਯਹੋਵਾਹ ਤੁਹਾਡਾ ਸਵਰਗੀ ਪਿਤਾ ਹੈ। ਇਨ੍ਹਾਂ ਸਾਰੀਆਂ ਗੱਲਾਂ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰਦੇ ਰਹੋ। ਫਿਰ ਜਦੋਂ ਤੁਹਾਨੂੰ ਕੋਈ ਪੁੱਛੇਗਾ: “ਕੀ ਤੁਹਾਨੂੰ ਭਰੋਸਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ?,” ਤਾਂ ਤੁਸੀਂ ਪੂਰੇ ਭਰੋਸੇ ਨਾਲ ਕਹਿ ਸਕੋਗੇ: “ਹਾਂ, ਮੈਨੂੰ ਪੂਰਾ ਭਰੋਸਾ ਹੈ! ਨਾਲੇ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਹਰ ਰੋਜ਼ ਯਹੋਵਾਹ ਨੂੰ ਦਿਖਾਵਾਂ ਕਿ ਮੈਂ ਉਸ ਨੂੰ ਕਿੰਨਾ ਪਿਆਰ ਕਰਦਾ ਹਾਂ!”

ਤੁਸੀਂ ਕੀ ਜਵਾਬ ਦਿਓਗੇ?

  • ਸਾਨੂੰ ਕਿਉਂ ਭਰੋਸਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

  • ਅਸੀਂ ਖ਼ੁਦ ਨੂੰ ਕਿਵੇਂ ਭਰੋਸਾ ਦਿਵਾ ਸਕਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

  • ਯਿਸੂ ਨੇ ਸਾਨੂੰ ਕਿਵੇਂ ਭਰੋਸਾ ਦਿਵਾਇਆ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ?

ਗੀਤ 154 ਪਿਆਰ ਕਦੇ ਮਿਟਦਾ ਨਹੀਂ

a ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ ਕਿਤਾਬ ਵਿਚ “ਸ਼ੱਕ” ਭਾਗ ਵਿਚ ਅਜਿਹੀਆਂ ਹੋਰ ਵੀ ਆਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਨੂੰ ਭਰੋਸਾ ਹੋ ਜਾਵੇਗਾ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ