ਅਧਿਐਨ ਲੇਖ 41
ਗੀਤ 108 ਰੱਬ ਦਾ ਅਟੱਲ ਪਿਆਰ
ਪਰਮੇਸ਼ੁਰ ਦਾ ਪਿਆਰ ਸਦਾ ਰਹਿੰਦਾ ਹੈ
“ ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਚੰਗਾ ਹੈ; ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”—ਜ਼ਬੂ. 136:1.
ਕੀ ਸਿੱਖਾਂਗੇ?
ਯਹੋਵਾਹ ਸਾਨੂੰ ਪਿਆਰ ਕਰਦਾ ਹੈ, ਇਹ ਬਾਈਬਲ ਦੀ ਇਕ ਬੁਨਿਆਦੀ ਸਿੱਖਿਆ ਹੈ। ਇਹ ਗੱਲ ਯਾਦ ਰੱਖਣ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਹਿੰਮਤ ਮਿਲ ਸਕਦੀ ਹੈ।
1-2. ਬਹੁਤ ਸਾਰੇ ਮਸੀਹੀ ਕਿਸ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਨ?
ਕਲਪਨਾ ਕਰੋ ਕਿ ਭਿਆਨਕ ਤੂਫ਼ਾਨ ਵਿਚ ਇਕ ਕਿਸ਼ਤੀ ਫਸੀ ਹੋਈ ਹੈ। ਸਮੁੰਦਰੀ ਲਹਿਰਾਂ ਨਾਲ ਕਿਸ਼ਤੀ ਇੱਧਰ-ਉੱਧਰ ਡੋਲ ਰਹੀ ਹੈ। ਜੇ ਕੋਈ ਸਮੁੰਦਰ ਵਿਚ ਲੰਗਰ ਨਹੀਂ ਸੁੱਟਦਾ, ਤਾਂ ਲਹਿਰਾਂ ਕਿਸ਼ਤੀ ਨੂੰ ਕਿਤੇ ਵੀ ਲੈ ਜਾਣਗੀਆਂ। ਲੰਗਰ ਕਿਸ਼ਤੀ ਨੂੰ ਸਥਿਰ ਰੱਖੇਗਾ ਅਤੇ ਲਹਿਰਾਂ ਨਾਲ ਇੱਧਰ-ਉੱਧਰ ਜਾਣ ਤੋਂ ਰੋਕੇਗਾ।
2 ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦਿਆਂ ਸ਼ਾਇਦ ਤੁਹਾਡਾ ਹਾਲ ਵੀ ਇਸ ਕਿਸ਼ਤੀ ਵਰਗਾ ਹੋਵੇ। ਸ਼ਾਇਦ ਤੁਹਾਡੇ ਅੰਦਰ ਉਥਲ-ਪੁਥਲ ਮਚੀ ਹੋਵੇ। ਇਕ ਦਿਨ ਤੁਹਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡਾ ਸਾਥ ਦਿੰਦਾ ਹੈ। ਪਰ ਅਗਲੇ ਹੀ ਦਿਨ ਤੁਹਾਨੂੰ ਸ਼ੱਕ ਹੁੰਦਾ ਹੈ ਕਿ ਯਹੋਵਾਹ ਦੇਖਦਾ ਵੀ ਹੈ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ। (ਜ਼ਬੂ. 10:1; 13:1) ਸ਼ਾਇਦ ਤੁਹਾਡਾ ਕੋਈ ਦੋਸਤ ਤੁਹਾਨੂੰ ਹੌਸਲਾ ਦੇਣ ਵਾਲੀਆਂ ਗੱਲਾਂ ਕਹੇ ਅਤੇ ਤੁਸੀਂ ਵਧੀਆ ਮਹਿਸੂਸ ਕਰੋ। (ਕਹਾ. 17:17; 25:11) ਪਰ ਫਿਰ ਤੁਹਾਡੇ ਮਨ ਵਿਚ ਦੁਬਾਰਾ ਉਹੀ ਸ਼ੱਕ ਆਵੇ। ਤੁਸੀਂ ਤਾਂ ਸ਼ਾਇਦ ਇੱਥੋਂ ਤਕ ਵੀ ਸੋਚੋ ਕਿ ਯਹੋਵਾਹ ਤੁਹਾਨੂੰ ਨਿਕੰਮਾ ਸਮਝਦਾ ਹੈ ਅਤੇ ਤੁਹਾਨੂੰ ਪਿਆਰ ਨਹੀਂ ਕਰਦਾ। ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਕਿਹੜਾ ਲੰਗਰ ਤੁਹਾਨੂੰ ਸਥਿਰ ਰੱਖੇਗਾ? ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਤੁਸੀਂ ਖ਼ੁਦ ਨੂੰ ਭਰੋਸਾ ਕਿਵੇਂ ਦਿਵਾ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡਾ ਸਾਥ ਦਿੰਦਾ ਹੈ? ਨਾਲੇ ਤੁਸੀਂ ਇਹ ਭਰੋਸਾ ਕਿਵੇਂ ਬਣਾਈ ਰੱਖ ਸਕਦੇ ਹੋ?
3. (ੳ) ਜ਼ਬੂਰ 31:7 ਅਤੇ 136:1 ਵਿਚ ਜ਼ਿਕਰ ਕੀਤੇ “ਅਟੱਲ ਪਿਆਰ” ਦਾ ਕੀ ਮਤਲਬ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਅਟੱਲ ਪਿਆਰ ਦੀ ਸਭ ਤੋਂ ਵਧੀਆ ਮਿਸਾਲ ਹੈ? (ਤਸਵੀਰ ਵੀ ਦੇਖੋ।)
3 ਜੇ ਤੁਸੀਂ ਯਹੋਵਾਹ ਦੇ ਅਟੱਲ ਪਿਆਰ ਨੂੰ ਯਾਦ ਰੱਖੋ, ਤਾਂ ਇਹ ਗੱਲ ਲੰਗਰ ਵਾਂਗ ਤੁਹਾਨੂੰ ਸਥਿਰ ਰੱਖੇਗੀ। (ਜ਼ਬੂਰ 31:7; 136:1 ਪੜ੍ਹੋ।) ਅਟੱਲ ਪਿਆਰ ਦਾ ਮਤਲਬ ਹੈ, ਇਕ ਵਿਅਕਤੀ ਕਿਸੇ ਨਾਲ ਗਹਿਰਾ ਲਗਾਅ ਰੱਖਦਾ ਹੈ ਅਤੇ ਹਮੇਸ਼ਾ ਉਸ ਦਾ ਸਾਥ ਨਿਭਾਉਂਦਾ ਹੈ। ਯਹੋਵਾਹ ਅਟੱਲ ਪਿਆਰ ਦੀ ਸਭ ਤੋਂ ਵਧੀਆ ਮਿਸਾਲ ਹੈ। ਦਰਅਸਲ, ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ ਕਿ ਉਹ “ਅਟੱਲ ਪਿਆਰ ਨਾਲ ਭਰਪੂਰ ਹੈ।” (ਕੂਚ 34:6, 7) ਬਾਈਬਲ ਯਹੋਵਾਹ ਬਾਰੇ ਇਹ ਵੀ ਕਹਿੰਦੀ ਹੈ: “ਜੋ ਤੈਨੂੰ ਪੁਕਾਰਦੇ ਹਨ, ਤੂੰ ਉਨ੍ਹਾਂ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।” (ਜ਼ਬੂ. 86:5) ਜ਼ਰਾ ਸੋਚੋ ਕਿ ਇਨ੍ਹਾਂ ਆਇਤਾਂ ਦਾ ਕੀ ਮਤਲਬ ਹੈ। ਇਨ੍ਹਾਂ ਦਾ ਮਤਲਬ ਹੈ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਵੀ ਨਹੀਂ ਛੱਡਦਾ! ਜਦੋਂ ਤੁਸੀਂ ਇਹ ਗੱਲ ਯਾਦ ਰੱਖਦੇ ਹੋ ਕਿ ਯਹੋਵਾਹ ਵਫ਼ਾਦਾਰ ਹੈ, ਤਾਂ ਤੁਸੀਂ ਕਿਸੇ ਵੀ ਮੁਸ਼ਕਲ ਦੌਰਾਨ ਡੋਲਣ ਦੀ ਬਜਾਇ ਸਥਿਰ ਰਹੋਗੇ।—ਜ਼ਬੂ. 23:4.
ਜਿਵੇਂ ਭਿਆਨਕ ਤੂਫ਼ਾਨ ਵਿਚ ਲੰਗਰ ਕਿਸ਼ਤੀ ਨੂੰ ਸਥਿਰ ਰੱਖਦਾ ਹੈ, ਉਸੇ ਤਰ੍ਹਾਂ ਯਹੋਵਾਹ ਦੇ ਪਿਆਰ ʼਤੇ ਸਾਡਾ ਭਰੋਸਾ ਮੁਸ਼ਕਲਾਂ ਦੌਰਾਨ ਸਾਨੂੰ ਸਥਿਰ ਰੱਖੇਗਾ (ਪੈਰਾ 3 ਦੇਖੋ)
ਯਾਦ ਰੱਖੋ ਕਿ ਯਹੋਵਾਹ ਦਾ ਪਿਆਰ ਇਕ ਬੁਨਿਆਦੀ ਸਿੱਖਿਆ ਹੈ
4. ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦੀਆਂ ਮਿਸਾਲਾਂ ਦਿਓ ਅਤੇ ਸਮਝਾਓ ਕਿ ਕਿਸੇ ਦੇ ਕਹਿਣ ਤੇ ਤੁਸੀਂ ਇਨ੍ਹਾਂ ਨੂੰ ਮੰਨਣਾ ਕਿਉਂ ਨਹੀਂ ਛੱਡੋਗੇ।
4 ਇਹ ਇਕ ਬੁਨਿਆਦੀ ਸਿੱਖਿਆ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਇਹ ਗੱਲ ਵੀ ਇਕ ਲੰਗਰ ਵਾਂਗ ਤੁਹਾਨੂੰ ਮੁਸ਼ਕਲਾਂ ਵਿਚ ਸਥਿਰ ਰੱਖੇਗੀ। “ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ” ਸੁਣ ਕੇ ਤੁਹਾਡੇ ਮਨ ਵਿਚ ਕਿਹੜੀਆਂ ਸੱਚਾਈਆਂ ਆਉਂਦੀਆਂ ਹਨ? ਸ਼ਾਇਦ ਇਹ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ, ਯਿਸੂ ਉਸ ਦਾ ਇਕਲੌਤਾ ਪੁੱਤਰ ਹੈ, ਮਰੇ ਹੋਏ ਕੁਝ ਨਹੀਂ ਜਾਣਦੇ ਅਤੇ ਧਰਤੀ ਨੂੰ ਬਾਗ਼ ਵਰਗਾ ਸੋਹਣਾ ਬਣਾਇਆ ਜਾਵੇਗਾ ਜਿੱਥੇ ਇਨਸਾਨ ਹਮੇਸ਼ਾ-ਹਮੇਸ਼ਾ ਲਈ ਰਹਿਣਗੇ। (ਜ਼ਬੂ. 83:18; ਉਪ. 9:5; ਯੂਹੰ. 3:16; ਪ੍ਰਕਾ. 21:3, 4) ਜਦੋਂ ਤੁਸੀਂ ਦਿਲੋਂ ਇਨ੍ਹਾਂ ਸਿੱਖਿਆਵਾਂ ਨੂੰ ਮੰਨਣ ਲੱਗ ਪਓਗੇ, ਤਾਂ ਕਿਸੇ ਦੇ ਕਹਿਣ ਤੇ ਤੁਸੀਂ ਇਨ੍ਹਾਂ ਨੂੰ ਮੰਨਣਾ ਨਹੀਂ ਛੱਡੋਗੇ। ਕਿਉਂ? ਕਿਉਂਕਿ ਤੁਹਾਨੂੰ ਯਕੀਨ ਹੈ ਕਿ ਇਹ ਸਿੱਖਿਆਵਾਂ ਸਬੂਤਾਂ ʼਤੇ ਆਧਾਰਿਤ ਹਨ। ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ, ਇਹ ਬੁਨਿਆਦੀ ਸਿੱਖਿਆ ਯਾਦ ਰੱਖਣ ਦਾ ਤੁਹਾਨੂੰ ਕੀ ਫ਼ਾਇਦਾ ਹੋਵੇਗਾ? ਜਦੋਂ ਤੁਸੀਂ ਮੁਸ਼ਕਲਾਂ ਵਿੱਚੋਂ ਲੰਘੋਗੇ ਅਤੇ ਤੁਹਾਡੇ ਮਨ ਵਿਚ ਸ਼ੱਕ ਆਵੇਗਾ ਕਿ ‘ਪਤਾ ਨਹੀਂ ਯਹੋਵਾਹ ਮੇਰੀ ਪਰਵਾਹ ਕਰਦਾ ਹੈ ਕਿ ਨਹੀਂ ਜਾਂ ਉਹ ਇਸ ਗੱਲ ʼਤੇ ਕੋਈ ਧਿਆਨ ਦਿੰਦਾ ਹੈ ਕਿ ਮੇਰੇ ʼਤੇ ਕੀ ਬੀਤ ਰਹੀ ਹੈ’, ਤਾਂ ਇਹ ਸੱਚਾਈ ਲੰਗਰ ਵਾਂਗ ਤੁਹਾਨੂੰ ਸਥਿਰ ਰੱਖੇਗੀ। ਕਿਵੇਂ? ਆਓ ਦੇਖੀਏ।
5. ਸਮਝਾਓ ਕਿ ਇਕ ਵਿਅਕਤੀ ਝੂਠੀਆਂ ਸਿੱਖਿਆਵਾਂ ਨੂੰ ਕਿਵੇਂ ਛੱਡ ਸਕਦਾ ਹੈ।
5 ਜਦੋਂ ਤੁਸੀਂ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਸੀ, ਤਾਂ ਕਿਹੜੀ ਗੱਲ ਕਰਕੇ ਤੁਸੀਂ ਝੂਠੀਆਂ ਸਿੱਖਿਆਵਾਂ ਨੂੰ ਛੱਡ ਸਕੇ। ਤੁਸੀਂ ਜ਼ਰੂਰ ਆਪਣੇ ਪੁਰਾਣੇ ਧਰਮ ਦੀਆਂ ਸਿੱਖਿਆਵਾਂ ਦੀ ਤੁਲਨਾ ਬਾਈਬਲ ਦੀਆਂ ਸਿੱਖਿਆਵਾਂ ਨਾਲ ਕੀਤੀ ਹੋਣੀ। ਜ਼ਰਾ ਇਕ ਮਿਸਾਲ ʼਤੇ ਗੌਰ ਕਰੋ। ਸ਼ਾਇਦ ਤੁਸੀਂ ਪਹਿਲਾਂ ਮੰਨਦੇ ਸੀ ਕਿ ਇਨਸਾਨ ਦੇ ਮਰਨ ਤੋਂ ਬਾਅਦ ਉਸ ਦੀ ਆਤਮਾ ਜੀਉਂਦੀ ਰਹਿੰਦੀ ਹੈ। ਪਰ ਬਾਈਬਲ ਸਟੱਡੀ ਕਰਨ ਤੋਂ ਬਾਅਦ ਸ਼ਾਇਦ ਤੁਸੀਂ ਆਪਣੇ ਆਪ ਤੋਂ ਪੁੱਛਿਆ ਹੋਣਾ, ‘ਕੀ ਇਹ ਵਾਕਈ ਸੱਚ ਹੈ?’ ਬਾਈਬਲ ਵਿਚ ਦਿੱਤੇ ਸਬੂਤਾਂ ਦੀ ਜਾਂਚ ਕਰਨ ਤੋਂ ਬਾਅਦ ਤੁਸੀਂ ਇਸ ਸਵਾਲ ਦਾ ਜਵਾਬ ਨਾਂਹ ਵਿਚ ਦੇ ਸਕੇ। ਫਿਰ ਤੁਸੀਂ ਇਸ ਝੂਠੀ ਸਿੱਖਿਆ ਨੂੰ ਮੰਨਣਾ ਛੱਡ ਕੇ ਬਾਈਬਲ ਦੀ ਇਸ ਸੱਚਾਈ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਕਿ “ਮਰੇ ਹੋਏ ਕੁਝ ਵੀ ਨਹੀਂ ਜਾਣਦੇ” ਅਤੇ ਇਕ ਸਮਾਂ ਆਵੇਗਾ ਜਦੋਂ ਮਰੇ ਹੋਏ ਲੋਕਾਂ ਨੂੰ “ਦੁਬਾਰਾ ਜੀਉਂਦਾ” ਕੀਤਾ ਜਾਵੇਗਾ। (ਉਪ. 9:5; ਰਸੂ. 24:15) ਬਿਨਾਂ ਸ਼ੱਕ, ਝੂਠੀਆਂ ਸਿੱਖਿਆਵਾਂ “ਕਿਲਿਆਂ” ਵਾਂਗ ਮਜ਼ਬੂਤ ਹੋ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਛੱਡਣਾ ਔਖਾ ਹੋ ਸਕਦਾ ਹੈ। (2 ਕੁਰਿੰ. 10:4, 5) ਪਰ ਜਦੋਂ ਤੁਸੀਂ ਇਕ ਵਾਰ ਇਨ੍ਹਾਂ ਨੂੰ ਮੰਨਣਾ ਛੱਡ ਦਿੰਦੇ ਹੋ, ਤਾਂ ਤੁਸੀਂ ਦੁਬਾਰਾ ਤੋਂ ਇਨ੍ਹਾਂ ਨੂੰ ਮੰਨਣਾ ਸ਼ੁਰੂ ਨਹੀਂ ਕਰਦੇ।—ਫ਼ਿਲਿ. 3:13.
6. ਤੁਸੀਂ ਕਿਉਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਦਾ “ਅਟੱਲ ਪਿਆਰ ਸਦਾ ਰਹਿੰਦਾ ਹੈ”?
6 ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦਿਆਂ ਜੇ ਤੁਹਾਡੇ ਮਨ ਵਿਚ ਸ਼ੱਕ ਆਉਂਦਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਜਾਂ ਨਹੀਂ, ਤਾਂ ਤੁਸੀਂ ਕੀ ਕਰ ਸਕਦੇ ਹੋ? ਉਹੀ ਕਰੋ ਜੋ ਤੁਸੀਂ ਸੱਚਾਈ ਸਿੱਖਦੇ ਵੇਲੇ ਕੀਤਾ ਸੀ। ਖ਼ੁਦ ਤੋਂ ਪੁੱਛੋ, ‘ਕੀ ਇੱਦਾਂ ਸੋਚਣਾ ਸਹੀ ਹੈ?’ ਫਿਰ ਬਾਈਬਲ ਵਿਚ ਦਰਜ ਸਬੂਤਾਂ ʼਤੇ ਗੌਰ ਕਰੋ। ਮਿਸਾਲ ਲਈ, ਜ਼ਬੂਰ 136:1 ʼਤੇ ਗੌਰ ਕਰੋ ਜੋ ਇਸ ਲੇਖ ਦਾ ਮੁੱਖ ਹਵਾਲਾ ਹੈ। ਸੋਚੋ ਕਿ ਯਹੋਵਾਹ ਨੇ ਇੱਥੇ ਇੱਦਾਂ ਕਿਉਂ ਕਿਹਾ ਹੈ ਕਿ ਉਸ ਦਾ ਪਿਆਰ “ਅਟੱਲ” ਹੈ? ਨਾਲੇ ਇਹ ਵੀ ਸੋਚੋ ਕਿ ਜ਼ਬੂਰ 136 ਵਿਚ 26 ਵਾਰ ਇਹ ਕਿਉਂ ਕਿਹਾ ਗਿਆ ਹੈ ਕਿ “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।” ਅਸੀਂ ਦੇਖਿਆ ਸੀ ਕਿ ਬਾਈਬਲ ਦੀਆਂ ਹੋਰ ਬੁਨਿਆਦੀ ਸਿੱਖਿਆਵਾਂ ਵਾਂਗ ਇਹ ਵੀ ਇਕ ਬੁਨਿਆਦੀ ਸਿੱਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਅਟੱਲ ਪਿਆਰ ਕਰਦਾ ਹੈ ਅਤੇ ਤੁਸੀਂ ਇਸ ਸਿੱਖਿਆ ਨੂੰ ਅਪਣਾਇਆ ਹੈ। ਇਸ ਲਈ ਜੇ ਤੁਹਾਡੇ ਮਨ ਵਿਚ ਕਦੇ ਖ਼ਿਆਲ ਆਉਂਦਾ ਹੈ ਕਿ ਯਹੋਵਾਹ ਤੁਹਾਨੂੰ ਨਿਕੰਮਾ ਸਮਝਦਾ ਹੈ ਜਾਂ ਤੁਹਾਨੂੰ ਪਿਆਰ ਨਹੀਂ ਕਰਦਾ, ਤਾਂ ਯਾਦ ਰੱਖੋ ਕਿ ਇਹ ਗੱਲਾਂ ਸਰਾਸਰ ਝੂਠ ਹਨ। ਦੂਜੀਆਂ ਝੂਠੀਆਂ ਸਿੱਖਿਆਵਾਂ ਵਾਂਗ ਇਸ ਝੂਠ ਨੂੰ ਵੀ ਪੂਰੀ ਤਰ੍ਹਾਂ ਠੁਕਰਾ ਦਿਓ।
7. ਕੁਝ ਆਇਤਾਂ ਦੱਸੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ।
7 ਬਾਈਬਲ ਵਿਚ ਬਹੁਤ ਸਾਰੇ ਸਬੂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਮਿਸਾਲ ਲਈ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ‘ਤੁਸੀਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।’ (ਮੱਤੀ 10:31) ਯਹੋਵਾਹ ਨੇ ਖ਼ੁਦ ਆਪਣੇ ਲੋਕਾਂ ਨੂੰ ਕਿਹਾ: ‘ਮੈਂ ਤੁਹਾਨੂੰ ਮਜ਼ਬੂਤ ਕਰਾਂਗਾ, ਹਾਂ, ਮੈਂ ਤੁਹਾਡੀ ਮਦਦ ਕਰਾਂਗਾ, ਮੈਂ ਇਨਸਾਫ਼ ਕਰਨ ਵਾਲੇ ਆਪਣੇ ਸੱਜੇ ਹੱਥ ਨਾਲ ਤੁਹਾਨੂੰ ਜ਼ਰੂਰ ਸੰਭਾਲਾਂਗਾ।’ (ਯਸਾ. 41:10) ਗੌਰ ਕਰੋ ਕਿ ਇਨ੍ਹਾਂ ਆਇਤਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਯਿਸੂ ਨੇ ਇਹ ਨਹੀਂ ਕਿਹਾ, ‘ਤੁਸੀਂ ਸ਼ਾਇਦ ਚਿੜੀਆਂ ਨਾਲੋਂ ਜ਼ਿਆਦਾ ਅਨਮੋਲ ਹੋ’ ਅਤੇ ਯਹੋਵਾਹ ਨੇ ਇਹ ਨਹੀਂ ਕਿਹਾ, ‘ਮੈਂ ਸ਼ਾਇਦ ਤੁਹਾਡੀ ਮਦਦ ਕਰਾਂਗਾ।’ ਇਸ ਦੀ ਬਜਾਇ, ਉਨ੍ਹਾਂ ਨੇ ਕਿਹਾ, ‘ਤੁਸੀਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ’ ਅਤੇ ‘ਮੈਂ ਤੁਹਾਡੀ ਮਦਦ ਕਰਾਂਗਾ।’ ਜੇ ਮੁਸ਼ਕਲਾਂ ਸਹਿੰਦਿਆਂ ਤੁਹਾਨੂੰ ਯਹੋਵਾਹ ਦੇ ਪਿਆਰ ʼਤੇ ਸ਼ੱਕ ਹੁੰਦਾ ਹੈ, ਤਾਂ ਇਸ ਤਰ੍ਹਾਂ ਦੀਆਂ ਆਇਤਾਂ ਨਾ ਸਿਰਫ਼ ਤੁਹਾਨੂੰ ਉਸ ਦੇ ਪਿਆਰ ਦਾ ਅਹਿਸਾਸ ਕਰਾਉਣਗੀਆਂ, ਸਗੋਂ ਤੁਹਾਨੂੰ ਪੂਰਾ ਯਕੀਨ ਦਿਲਾਉਣਗੀਆਂ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਇਨ੍ਹਾਂ ਆਇਤਾਂ ਵਿਚ ਸੱਚਾਈ ਦੱਸੀ ਗਈ ਹੈ। ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰਨ ਨਾਲ ਤੁਸੀਂ ਵੀ 1 ਯੂਹੰਨਾ 4:16 ਦੇ ਸ਼ਬਦ ਕਹੋਗੇ: “ਅਸੀਂ ਜਾਣ ਗਏ ਹਾਂ ਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਾਨੂੰ ਉਸ ਦੇ ਪਿਆਰ ਉੱਤੇ ਭਰੋਸਾ ਹੈ।”a
8. ਜੇ ਤੁਹਾਨੂੰ ਕਦੇ ਯਹੋਵਾਹ ਦੇ ਪਿਆਰ ʼਤੇ ਸ਼ੱਕ ਹੋਵੇ, ਤਾਂ ਤੁਸੀਂ ਕੀ ਕਰ ਸਕਦੇ ਹੋ?
8 ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਜੇ ਤੁਹਾਨੂੰ ਯਹੋਵਾਹ ਦੇ ਪਿਆਰ ʼਤੇ ਸ਼ੱਕ ਹੁੰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਯਹੋਵਾਹ ਬਾਰੇ ਜੋ ਜਾਣਦੇ ਹੋ, ਉਸ ਦੀ ਤੁਲਨਾ ਆਪਣੀਆਂ ਭਾਵਨਾਵਾਂ ਨਾਲ ਕਰੋ। ਭਾਵਨਾਵਾਂ ਬਦਲਦੀਆਂ ਰਹਿੰਦੀਆਂ ਹਨ, ਪਰ ਸੱਚਾਈ ਕਦੇ ਨਹੀਂ ਬਦਲਦੀ। ਬਾਈਬਲ ਇਹ ਸੱਚਾਈ ਦੱਸਦੀ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ। ਜੇ ਤੁਸੀਂ ਇਸ ਸੱਚਾਈ ʼਤੇ ਯਕੀਨ ਨਹੀਂ ਕਰੋਗੇ, ਤਾਂ ਤੁਸੀਂ ਯਹੋਵਾਹ ਦੇ ਪਿਆਰ ʼਤੇ ਸ਼ੱਕ ਕਰ ਰਹੇ ਹੋਵੋਗੇ ਜੋ ਉਸ ਦਾ ਮੁੱਖ ਗੁਣ ਹੈ।—1 ਯੂਹੰ. 4:8.
ਸੋਚੋ ਕਿ ਯਹੋਵਾਹ “ਤੁਹਾਡੇ ਨਾਲ ਪਿਆਰ ਕਰਦਾ ਹੈ”
9-10. ਯਿਸੂ ਕਿਸ ਚੀਜ਼ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਕਿਹਾ: “ਪਿਤਾ ਆਪ ਤੁਹਾਡੇ ਨਾਲ ਪਿਆਰ ਕਰਦਾ ਹੈ”? (ਯੂਹੰਨਾ 16:26, 27) (ਤਸਵੀਰ ਵੀ ਦੇਖੋ।)
9 ਅਸੀਂ ਯਿਸੂ ਦੇ ਸ਼ਬਦਾਂ ʼਤੇ ਗੌਰ ਕਰ ਕੇ ਯਹੋਵਾਹ ਦੇ ਪਿਆਰ ਬਾਰੇ ਹੋਰ ਸਿੱਖ ਸਕਦੇ ਹਾਂ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਪਿਤਾ ਆਪ ਤੁਹਾਡੇ ਨਾਲ ਪਿਆਰ ਕਰਦਾ ਹੈ।” (ਯੂਹੰਨਾ 16:26, 27 ਪੜ੍ਹੋ।) ਯਿਸੂ ਨੇ ਇਹ ਸ਼ਬਦ ਆਪਣੇ ਚੇਲਿਆਂ ਨੂੰ ਚੰਗਾ ਮਹਿਸੂਸ ਕਰਾਉਣ ਲਈ ਨਹੀਂ ਕਹੇ ਸਨ। ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਉਸ ਸਮੇਂ ਉਨ੍ਹਾਂ ਦੀਆਂ ਭਾਵਨਾਵਾਂ ਬਾਰੇ ਗੱਲ ਨਹੀਂ ਸੀ ਕਰ ਰਿਹਾ। ਇਸ ਦੀ ਬਜਾਇ, ਉਹ ਤਾਂ ਇਕ ਵੱਖਰੇ ਵਿਸ਼ੇ ʼਤੇ ਗੱਲ ਕਰ ਰਿਹਾ ਸੀ, ਉਹ ਸੀ, ਪ੍ਰਾਰਥਨਾ।
10 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਉਸ ਦੇ ਜ਼ਰੀਏ ਪ੍ਰਾਰਥਨਾ ਕਰਨੀ ਚਾਹੀਦੀ ਹੈ, ਨਾ ਕਿ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਯੂਹੰ. 16:23, 24) ਇਹ ਗੱਲ ਉਨ੍ਹਾਂ ਲਈ ਜਾਣਨੀ ਜ਼ਰੂਰੀ ਸੀ। ਯਿਸੂ ਦੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਚੇਲੇ ਸ਼ਾਇਦ ਉਸ ਨੂੰ ਪ੍ਰਾਰਥਨਾ ਕਰਨੀ ਚਾਹੁੰਦੇ ਹੋਣ। ਉਹ ਯਿਸੂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਉਹ ਉਨ੍ਹਾਂ ਦਾ ਦੋਸਤ ਸੀ। ਉਹ ਸ਼ਾਇਦ ਸੋਚਦੇ ਹੋਣੇ ਕਿ ਯਿਸੂ ਉਨ੍ਹਾਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਉਨ੍ਹਾਂ ਦੀਆਂ ਬੇਨਤੀਆਂ ਸੁਣੇਗਾ ਅਤੇ ਆਪਣੇ ਪਿਤਾ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਕਹੇਗਾ। ਪਰ ਯਿਸੂ ਨੇ ਕਿਹਾ ਕਿ ਉਨ੍ਹਾਂ ਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ। ਕਿਉਂ? ਕਿਉਂਕਿ ਉਸ ਨੇ ਉਨ੍ਹਾਂ ਨੂੰ ਕਿਹਾ: “ਪਿਤਾ ਆਪ ਤੁਹਾਡੇ ਨਾਲ ਪਿਆਰ ਕਰਦਾ ਹੈ।” ਇਹ ਕਹਿ ਕੇ ਯਿਸੂ ਆਪਣੇ ਚੇਲਿਆਂ ਨੂੰ ਇਕ ਅਹਿਮ ਸੱਚਾਈ ਸਿਖਾ ਰਿਹਾ ਸੀ ਕਿ ਉਨ੍ਹਾਂ ਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿਉਂਕਿ ਉਹ ਆਪਣੇ ਲੋਕਾਂ ਨਾਲ ਬਹੁਤ ਪਿਆਰ ਕਰਦਾ ਹੈ। ਹੁਣ ਜ਼ਰਾ ਸੋਚੋ ਕਿ ਇਸ ਦਾ ਕੀ ਮਤਲਬ ਹੈ। ਬਾਈਬਲ ਦਾ ਅਧਿਐਨ ਕਰ ਕੇ ਤੁਸੀਂ ਯਿਸੂ ਨੂੰ ਜਾਣਿਆ ਤੇ ਉਸ ਨੂੰ ਪਿਆਰ ਕਰਨ ਲੱਗੇ। (ਯੂਹੰ. 14:21) ਪਰ ਪਹਿਲੀ ਸਦੀ ਦੇ ਚੇਲਿਆਂ ਵਾਂਗ ਤੁਸੀਂ ਵੀ ਪਰਮੇਸ਼ੁਰ ਨੂੰ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ “ਆਪ ਤੁਹਾਡੇ ਨਾਲ ਪਿਆਰ ਕਰਦਾ ਹੈ।” ਹਰ ਵਾਰ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਤੁਸੀਂ ਇਨ੍ਹਾਂ ਸ਼ਬਦਾਂ ʼਤੇ ਆਪਣਾ ਭਰੋਸਾ ਜ਼ਾਹਰ ਕਰਦੇ ਹੋ।—1 ਯੂਹੰ. 5:14.
ਤੁਸੀਂ ਪਰਮੇਸ਼ੁਰ ਨੂੰ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ “ਆਪ ਤੁਹਾਡੇ ਨਾਲ ਪਿਆਰ ਕਰਦਾ ਹੈ” (ਪੈਰੇ 9-10 ਦੇਖੋ)b
ਜਾਣੋ ਕਿ ਤੁਹਾਡੇ ਮਨ ਵਿਚ ਸ਼ੱਕ ਕਿਉਂ ਆਉਂਦੇ ਹਨ
11. ਜੇ ਅਸੀਂ ਯਹੋਵਾਹ ਦੇ ਪਿਆਰ ʼਤੇ ਸ਼ੱਕ ਕਰਨ ਲੱਗ ਪਈਏ, ਤਾਂ ਸ਼ੈਤਾਨ ਖ਼ੁਸ਼ ਕਿਉਂ ਹੋਵੇਗਾ?
11 ਤੁਹਾਨੂੰ ਯਹੋਵਾਹ ਦੇ ਪਿਆਰ ʼਤੇ ਸ਼ੱਕ ਕਿਉਂ ਹੁੰਦਾ ਹੈ? ਤੁਸੀਂ ਸ਼ਾਇਦ ਜਵਾਬ ਦਿਓ ਕਿ ਇਸ ਪਿੱਛੇ ਸ਼ੈਤਾਨ ਦਾ ਹੱਥ ਹੈ ਅਤੇ ਕੁਝ ਹੱਦ ਤਕ ਇਹ ਗੱਲ ਸਹੀ ਵੀ ਹੈ। ਸ਼ੈਤਾਨ “ਇੱਧਰ-ਉੱਧਰ ਘੁੰਮ ਰਿਹਾ ਹੈ” ਕਿ ਉਹ ਸਾਨੂੰ “ਨਿਗਲ਼ ਜਾਵੇ।” ਇਸ ਕਰਕੇ ਜੇ ਅਸੀਂ ਯਹੋਵਾਹ ਦੇ ਪਿਆਰ ʼਤੇ ਸ਼ੱਕ ਕਰਨ ਲੱਗ ਪਈਏ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਵੇਗੀ। (1 ਪਤ. 5:8) ਯਹੋਵਾਹ ਨੇ ਪਿਆਰ ਕਰਕੇ ਹੀ ਰਿਹਾਈ ਦੀ ਕੀਮਤ ਦਿੱਤੀ, ਪਰ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਅਸੀਂ ਇੰਨੇ ਪਾਪੀ ਹਾਂ ਕਿ ਸਾਨੂੰ ਇਸ ਕੁਰਬਾਨੀ ਤੋਂ ਕੋਈ ਫ਼ਾਇਦਾ ਹੀ ਨਹੀਂ ਹੋ ਸਕਦਾ। (ਇਬ. 2:9) ਪਰ ਜੇ ਅਸੀਂ ਯਹੋਵਾਹ ਦੇ ਪਿਆਰ ʼਤੇ ਸ਼ੱਕ ਕਰਨ ਲੱਗ ਪਈਏ, ਤਾਂ ਇਸ ਤੋਂ ਕਿਸ ਨੂੰ ਫ਼ਾਇਦਾ ਹੋਵੇਗਾ? ਸ਼ੈਤਾਨ ਨੂੰ। ਨਾਲੇ ਜੇ ਅਸੀਂ ਮੁਸ਼ਕਲਾਂ ਦੌਰਾਨ ਹਾਰ ਮੰਨ ਲਈਏ, ਤਾਂ ਇਸ ਤੋਂ ਕੌਣ ਖ਼ੁਸ਼ ਹੋਵੇਗਾ? ਸ਼ੈਤਾਨ। ਸ਼ੈਤਾਨ ਸਾਡੇ ਮਨ ਵਿਚ ਇਹ ਗੱਲ ਪਾਉਣੀ ਚਾਹੁੰਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ, ਪਰ ਇਹ ਸਰਾਸਰ ਝੂਠ ਹੈ। ਸੱਚ ਤਾਂ ਇਹ ਹੈ ਕਿ ਯਹੋਵਾਹ ਪਰਮੇਸ਼ੁਰ ਸ਼ੈਤਾਨ ਨੂੰ ਪਿਆਰ ਨਹੀਂ ਕਰਦਾ। ਪਰ “ਸ਼ੈਤਾਨ ਦੀਆਂ ਚਾਲਾਂ” ਵਿੱਚੋਂ ਇਹ ਇਕ ਚਾਲ ਹੈ। ਇਸ ਰਾਹੀਂ ਉਹ ਸਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ ਅਤੇ ਉਸ ਨੇ ਸਾਨੂੰ ਠੁਕਰਾ ਦਿੱਤਾ ਹੈ। (ਅਫ਼. 6:11) “ਸ਼ੈਤਾਨ ਦਾ ਵਿਰੋਧ” ਕਰਨ ਦਾ ਸਾਡਾ ਇਰਾਦਾ ਉਦੋਂ ਹੋਰ ਵੀ ਪੱਕਾ ਹੋ ਸਕਦਾ ਹੈ ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡਾ ਦੁਸ਼ਮਣ ਸ਼ੈਤਾਨ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।—ਯਾਕੂ. 4:7.
12-13. ਪਾਪੀ ਹੋਣ ਕਰਕੇ ਸਾਨੂੰ ਯਹੋਵਾਹ ਦੇ ਪਿਆਰ ʼਤੇ ਸ਼ੱਕ ਕਿਉਂ ਹੋ ਸਕਦਾ ਹੈ?
12 ਇਕ ਹੋਰ ਕਾਰਨ ਕਰਕੇ ਸਾਨੂੰ ਯਹੋਵਾਹ ਦੇ ਪਿਆਰ ʼਤੇ ਸ਼ੱਕ ਹੋ ਸਕਦਾ ਹੈ। ਉਹ ਕੀ ਹੈ? ਵਿਰਾਸਤ ਵਿਚ ਮਿਲਿਆ ਪਾਪ। (ਜ਼ਬੂ. 51:5; ਰੋਮੀ. 5:12) ਪਾਪ ਕਰਕੇ ਇਨਸਾਨਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਟੁੱਟ ਗਿਆ ਹੈ। ਪਾਪ ਦਾ ਸਾਡੀ ਸਿਹਤ ਅਤੇ ਸੋਚ ʼਤੇ ਵੀ ਅਸਰ ਪਿਆ ਹੈ।
13 ਪਾਪ ਦਾ ਸਾਡੀਆਂ ਭਾਵਨਾਵਾਂ ʼਤੇ ਬੁਰਾ ਅਸਰ ਪੈਂਦਾ ਹੈ। ਇਸ ਕਰਕੇ ਅਸੀਂ ਦੋਸ਼ੀ ਮਹਿਸੂਸ ਕਰਦੇ ਹਾਂ, ਸਾਨੂੰ ਚਿੰਤਾ ਹੁੰਦੀ ਹੈ, ਅਸੀਂ ਡਰ ਜਾਂਦੇ ਹਾਂ ਅਤੇ ਅਸੀਂ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਸਾਡੇ ਵਿਚ ਇਸ ਤਰ੍ਹਾਂ ਦੀਆਂ ਭਾਵਨਾਵਾਂ ਆਮ ਤੌਰ ਤੇ ਉਦੋਂ ਵੀ ਆਉਂਦੀਆਂ ਹਨ ਜਦੋਂ ਅਸੀਂ ਕੋਈ ਪਾਪ ਕਰਦੇ ਹਾਂ। ਪਰ ਇਹ ਭਾਵਨਾਵਾਂ ਸਾਡੇ ਮਨ ਵਿਚ ਉੱਦਾਂ ਵੀ ਆ ਸਕਦੀਆਂ ਹਨ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਪਾਪੀ ਹਾਂ ਜਦ ਕਿ ਪਰਮੇਸ਼ੁਰ ਨੇ ਸਾਨੂੰ ਪਾਪੀ ਨਹੀਂ ਬਣਾਇਆ ਸੀ। (ਰੋਮੀ. 8:20, 21) ਜਿੱਦਾਂ ਗੱਡੀ ਦਾ ਟਾਇਰ ਪੈਂਚਰ ਹੋਣ ਕਰਕੇ ਉਹ ਸਹੀ ਤਰੀਕੇ ਨਾਲ ਨਹੀਂ ਚੱਲਦੀ, ਉਸੇ ਤਰ੍ਹਾਂ ਪਾਪੀ ਹੋਣ ਕਰਕੇ ਅਸੀਂ ਉਸ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ ਜਿੱਦਾਂ ਸਾਨੂੰ ਕੰਮ ਕਰਨ ਲਈ ਬਣਾਇਆ ਗਿਆ ਸੀ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਕਦੇ-ਕਦਾਈਂ ਸਾਨੂੰ ਯਹੋਵਾਹ ਦੇ ਪਿਆਰ ʼਤੇ ਸ਼ੱਕ ਹੁੰਦਾ ਹੈ। ਜੇ ਇੱਦਾਂ ਹੁੰਦਾ ਹੈ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ‘ਮਹਾਨ ਅਤੇ ਸ਼ਰਧਾ ਦੇ ਲਾਇਕ ਹੈ ਅਤੇ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮ ਮੰਨਦੇ ਹਨ, ਉਹ ਉਨ੍ਹਾਂ ਨੂੰ ਅਟੱਲ ਪਿਆਰ ਕਰਦਾ ਹੈ।’—ਨਹ. 1:5.
14. ਰਿਹਾਈ ਦੀ ਕੀਮਤ ʼਤੇ ਸੋਚ-ਵਿਚਾਰ ਕਰਨ ਨਾਲ ਅਸੀਂ ਆਪਣੇ ਮਨ ਵਿੱਚੋਂ ਇਹ ਸ਼ੱਕ ਕਿਵੇਂ ਕੱਢ ਸਕਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ? (ਰੋਮੀਆਂ 5:8) (“‘ਪਾਪ ਦੀ ਧੋਖਾ ਦੇਣ ਵਾਲੀ ਤਾਕਤ’ ਤੋਂ ਖ਼ਬਰਦਾਰ ਰਹੋ” ਨਾਂ ਦੀ ਡੱਬੀ ਦੇਖੋ।)
14 ਕਦੇ-ਕਦਾਈਂ ਸ਼ਾਇਦ ਸਾਨੂੰ ਲੱਗੇ ਕਿ ਅਸੀਂ ਯਹੋਵਾਹ ਦੇ ਪਿਆਰ ਦੇ ਲਾਇਕ ਹੀ ਨਹੀਂ ਹਾਂ। ਇਹ ਗੱਲ ਸੱਚ ਹੈ ਅਤੇ ਇਸੇ ਕਰਕੇ ਉਸ ਦਾ ਪਿਆਰ ਬਹੁਤ ਖ਼ਾਸ ਹੈ। ਚਾਹੇ ਅਸੀਂ ਜੋ ਮਰਜ਼ੀ ਕਰ ਲਈਏ, ਅਸੀਂ ਯਹੋਵਾਹ ਦੇ ਪਿਆਰ ਨੂੰ ਕਦੀ ਕਮਾ ਨਹੀਂ ਸਕਦੇ। ਪਰ ਸਾਡੇ ਨਾਲ ਪਿਆਰ ਹੋਣ ਕਰਕੇ ਯਹੋਵਾਹ ਨੇ ਸਾਡੇ ਪਾਪ ਢਕਣ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ ਹੈ। (1 ਯੂਹੰ. 4:10) ਨਾਲੇ ਯਾਦ ਰੱਖੋ ਕਿ ਯਿਸੂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਬਚਾਉਣ ਆਇਆ ਸੀ। (ਰੋਮੀਆਂ 5:8 ਪੜ੍ਹੋ।) ਪਾਪੀ ਹੋਣ ਕਰਕੇ ਸਾਡੇ ਸਾਰਿਆਂ ਤੋਂ ਗ਼ਲਤੀਆਂ ਹੁੰਦੀਆਂ ਹਨ, ਇਸ ਕਰਕੇ ਯਹੋਵਾਹ ਸਾਡੇ ਤੋਂ ਹੱਦੋਂ ਵੱਧ ਉਮੀਦ ਨਹੀਂ ਕਰਦਾ। ਸੋ ਜੇ ਸਾਡੇ ਮਨ ਵਿਚ ਯਹੋਵਾਹ ਦੇ ਪਿਆਰ ਲਈ ਸ਼ੱਕ ਆਉਂਦਾ ਹੈ, ਤਾਂ ਯਾਦ ਰੱਖੋ ਕਿ ਪਾਪੀ ਹੋਣ ਕਰਕੇ ਇੱਦਾਂ ਹੁੰਦਾ ਹੈ। ਇਸ ਲਈ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਅਜਿਹੀ ਸੋਚ ਨੂੰ ਆਪਣੇ ʼਤੇ ਹਾਵੀ ਨਹੀਂ ਹੋਣ ਦੇਵਾਂਗੇ।—ਰੋਮੀ. 7:24, 25.
ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣ ਦਾ ਫ਼ੈਸਲਾ ਕਰੋ
15-16. ਯਹੋਵਾਹ ਦੇ ਵਫ਼ਾਦਾਰ ਰਹਿਣ ਕਰਕੇ ਅਸੀਂ ਕਿਸ ਗੱਲ ਦਾ ਪੱਕਾ ਭਰੋਸਾ ਰੱਖ ਸਕਦੇ ਹਾਂ ਅਤੇ ਕਿਉਂ? (2 ਸਮੂਏਲ 22:26)
15 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨਾਲ “ਚਿੰਬੜੇ ਰਹਿ ਕੇ” ਸਹੀ ਫ਼ੈਸਲਾ ਕਰੀਏ। (ਬਿਵ. 30:19, 20) ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੇ ਨਾਲ ਵਫ਼ਾਦਾਰੀ ਨਿਭਾਵੇਗਾ। (2 ਸਮੂਏਲ 22:26 ਪੜ੍ਹੋ।) ਅਸੀਂ ਜਿੰਨਾ ਚਿਰ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਅਸੀਂ ਉੱਨਾ ਚਿਰ ਭਰੋਸਾ ਰੱਖ ਸਕਦੇ ਹਾਂ ਕਿ ਉਹ ਹਰ ਹਾਲਾਤ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗਾ।
16 ਅਸੀਂ ਹੁਣ ਤਕ ਚਰਚਾ ਕੀਤੀ ਹੈ ਕਿ ਸਾਡੇ ਕੋਲ ਮੁਸ਼ਕਲਾਂ ਦੌਰਾਨ ਸਥਿਰ ਰਹਿਣ ਦੇ ਬਹੁਤ ਸਾਰੇ ਕਾਰਨ ਹਨ। ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡਾ ਸਾਥ ਦੇਵੇਗਾ। ਬਾਈਬਲ ਸਾਨੂੰ ਇਹੀ ਸਿਖਾਉਂਦੀ ਹੈ। ਜੇ ਸਾਡੇ ਮਨ ਵਿਚ ਯਹੋਵਾਹ ਦੇ ਪਿਆਰ ਲਈ ਸ਼ੱਕ ਆਉਂਦਾ ਹੈ, ਤਾਂ ਸੋਚੋ ਕਿ ਅਸੀਂ ਉਸ ਦੇ ਪਿਆਰ ਬਾਰੇ ਕੀ ਜਾਣਦੇ ਹਾਂ, ਨਾ ਕਿ ਇਸ ਬਾਰੇ ਕਿ ਅਸੀਂ ਉਸ ਸਮੇਂ ਕੀ ਮਹਿਸੂਸ ਕਰ ਰਹੇ ਹਾਂ। ਆਓ ਆਪਾਂ ਬਾਈਬਲ ਦੀ ਇਸ ਸੱਚਾਈ ʼਤੇ ਪੂਰਾ ਭਰੋਸਾ ਕਰਦੇ ਰਹੀਏ ਕਿ ਯਹੋਵਾਹ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
ਗੀਤ 159 ਯਹੋਵਾਹ ਦੀ ਮਹਿਮਾ ਕਰੋ
a ਬਿਵਸਥਾ ਸਾਰ 31:8, ਜ਼ਬੂਰ 94:14 ਅਤੇ ਯਸਾਯਾਹ 49:15 ਵਰਗੀਆਂ ਹੋਰ ਆਇਤਾਂ ਤੋਂ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ।
b ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਪ੍ਰਾਰਥਨਾ ਕਰ ਰਿਹਾ ਹੈ ਕਿ ਉਹ ਆਪਣੀ ਬੀਮਾਰ ਪਤਨੀ ਦੀ ਦੇਖ-ਭਾਲ ਕਰ ਸਕੇ, ਸੋਚ-ਸਮਝ ਕੇ ਪੈਸੇ ਖ਼ਰਚ ਕਰ ਸਕੇ ਅਤੇ ਆਪਣੀ ਧੀ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾ ਸਕੇ।