ਅਧਿਐਨ ਲਈ ਸੁਝਾਅ
ਸੰਬੰਧਿਤ ਹੋਰ ਆਇਤਾਂ ਤੋਂ ਫ਼ਾਇਦਾ ਲਓ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਬਾਈਬਲ ਵਿਚ ਦਿੱਤੀਆਂ ਸੰਬੰਧਿਤ ਹੋਰ ਆਇਤਾਂ ਪੜ੍ਹਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਦਿੱਤੀਆਂ ਆਇਤਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ। ਇਕ ਆਇਤ ਨਾਲ ਸੰਬੰਧਿਤ ਹੋਰ ਆਇਤਾਂ ਪੜ੍ਹਨ ਨਾਲ ਸਾਨੂੰ ਜ਼ਿਆਦਾ ਜਾਣਕਾਰੀ ਮਿਲਦੀ ਹੈ। ਸੰਬੰਧਿਤ ਹੋਰ ਆਇਤਾਂ ਨੂੰ ਕਿਵੇਂ ਲੱਭੀਏ? ਸਭ ਤੋਂ ਪਹਿਲਾਂ ਦੇਖੋ ਕਿ ਇਕ ਆਇਤ ਵਿਚ ਕਿਸੇ ਸ਼ਬਦ ਜਾਂ ਵਾਕ ਤੋਂ ਬਾਅਦ ਕਿਹੜਾ ਨੰਬਰ ਦਿੱਤਾ ਹੈ। ਛਪੀ ਹੋਈ ਬਾਈਬਲ ਵਿਚ ਹਰ ਸਫ਼ੇ ਦੇ ਵਿਚਕਾਰ ਦਿੱਤੀਆਂ ਹੋਰ ਆਇਤਾਂ ਵਿਚ ਉਹ ਨੰਬਰ ਲੱਭੋ। ਉਸ ਨੰਬਰ ਅੱਗੇ ਦਿੱਤੀਆਂ ਆਇਤਾਂ ਸੰਬੰਧਿਤ ਆਇਤਾਂ ਹਨ। jw.org/pa ਜਾਂ JW Library ਐਪ ਵਿਚ ਸੰਬੰਧਿਤ ਆਇਤਾਂ ਦੇਖਣ ਲਈ ਉਸ ਨੰਬਰ ʼਤੇ ਕਲਿੱਕ ਕਰੋ।
ਸੰਬੰਧਿਤ ਹੋਰ ਆਇਤਾਂ ਵਿਚ ਕਿਹੜੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ? ਆਓ ਕੁਝ ਉਦਾਹਰਣਾਂ ਦੇਖੀਏ:
ਕੋਈ ਬਿਰਤਾਂਤ ਹੋਰ ਕਿੱਥੇ ਦਿੱਤਾ ਗਿਆ ਹੈ? ਕੁਝ ਸੰਬੰਧਿਤ ਹੋਰ ਆਇਤਾਂ ਸਾਨੂੰ ਬਾਈਬਲ ਦੀਆਂ ਉਨ੍ਹਾਂ ਆਇਤਾਂ ʼਤੇ ਲੈ ਜਾਂਦੀਆਂ ਹਨ ਜਿੱਥੇ ਇਸ ਨਾਲ ਮਿਲਦਾ-ਜੁਲਦਾ ਬਿਰਤਾਂਤ ਦਿੱਤਾ ਗਿਆ ਹੈ। ਮਿਸਾਲ ਲਈ, 2 ਸਮੂਏਲ 24:1 ਅਤੇ 1 ਇਤਿਹਾਸ 21:1 ਦੇਖੋ।
ਕੋਈ ਹਵਾਲਾ ਕਿੱਥੋਂ ਲਿਆ ਗਿਆ ਹੈ? ਕੁਝ ਸੰਬੰਧਿਤ ਹੋਰ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਕ ਆਇਤ ਵਿਚ ਲਿਖੀ ਗੱਲ ਕਿੱਥੋਂ ਲਈ ਗਈ ਹੈ। ਮਿਸਾਲ ਲਈ, ਮੱਤੀ 4:4 ਅਤੇ ਬਿਵਸਥਾ ਸਾਰ 8:3 ਦੇਖੋ।
ਭਵਿੱਖਬਾਣੀ ਕਿਵੇਂ ਪੂਰੀ ਹੋਈ? ਕੁਝ ਸੰਬੰਧਿਤ ਹੋਰ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਕੋਈ ਭਵਿੱਖਬਾਣੀ ਕਿਵੇਂ ਪੂਰੀ ਹੋਈ। ਮਿਸਾਲ ਲਈ, ਮੱਤੀ 21:5 ਅਤੇ ਜ਼ਕਰਯਾਹ 9:9 ਦੇਖੋ।