ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਨਵੰਬਰ ਸਫ਼ੇ 22-27
  • “ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈਂ”!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈਂ”!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਨੇ ਲੋਕਾਂ ਨੂੰ ਕਿਵੇਂ ਯਕੀਨ ਦਿਵਾਇਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ?
  • ਖ਼ੁਦ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਕਿਵੇਂ ਦੇਖੀਏ?
  • ਯਹੋਵਾਹ “ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਯਿਸੂ ਜਾਂਦਾ-ਜਾਂਦਾ ਬਹੁਤ ਕੁਝ ਸਿਖਾ ਗਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਨਵੰਬਰ ਸਫ਼ੇ 22-27

ਅਧਿਐਨ ਲੇਖ 47

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

“ ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈਂ”!

“ ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈਂ।”​—ਦਾਨੀ. 9:23.

ਕੀ ਸਿੱਖਾਂਗੇ?

ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਕੰਮ ਦੇ ਨਹੀਂ ਹਨ, ਉਨ੍ਹਾਂ ਨੂੰ ਇਸ ਲੇਖ ਰਾਹੀਂ ਯਕੀਨ ਦਿਵਾਇਆ ਗਿਆ ਹੈ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ।

1-2. ਅਸੀਂ ਖ਼ੁਦ ਨੂੰ ਕਿਵੇਂ ਯਕੀਨ ਦਿਵਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਾਂ?

ਯਹੋਵਾਹ ਦੇ ਸੇਵਕ ਉਸ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਹਨ, ਪਰ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਇੱਦਾਂ ਨਹੀਂ ਲੱਗਦਾ। ਕਿਉਂ? ਕਿਉਂਕਿ ਸ਼ਾਇਦ ਲੋਕਾਂ ਨੇ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਹੋਵੇ। ਕੀ ਤੁਹਾਨੂੰ ਵੀ ਲੱਗਦਾ ਹੈ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ? ਜੇ ਹਾਂ, ਤਾਂ ਤੁਸੀਂ ਖ਼ੁਦ ਨੂੰ ਕਿਵੇਂ ਯਕੀਨ ਦਿਵਾ ਸਕਦੇ ਹੋ ਕਿ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੋ?

2 ਯਹੋਵਾਹ ਨੇ ਬਾਈਬਲ ਵਿਚ ਅਜਿਹੇ ਬਿਰਤਾਂਤ ਦਰਜ ਕਰਵਾਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਲੋਕ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣ। ਇਸ ਲਈ ਉਹ ਬਿਰਤਾਂਤ ਪੜ੍ਹੋ ਅਤੇ ਉਨ੍ਹਾਂ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰੋ। ਪਰਮੇਸ਼ੁਰ ਦਾ ਪੁੱਤਰ ਯਿਸੂ ਹਮੇਸ਼ਾ ਲੋਕਾਂ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਇਆ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਜਿਹੜੇ ਲੋਕ ਖ਼ੁਦ ਨੂੰ ਨਿਕੰਮਾ ਸਮਝਦੇ ਹਨ, ਉਹ ਉਸ ਦੀਆਂ ਤੇ ਉਸ ਦੇ ਪਿਤਾ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਹਨ। (ਯੂਹੰ. 5:19; ਇਬ. 1:3) ਇਸ ਲੇਖ ਵਿਚ ਅਸੀਂ ਦੇਖਾਂਗੇ ਕਿ (1) ਯਿਸੂ ਨੇ ਲੋਕਾਂ ਨੂੰ ਕਿਵੇਂ ਯਕੀਨ ਦਿਵਾਇਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ ਅਤੇ (2) ਅਸੀਂ ਖ਼ੁਦ ਨੂੰ ਕਿਵੇਂ ਯਕੀਨ ਦਿਵਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਾਂ।​—ਹੱਜ. 2:7.

ਯਿਸੂ ਨੇ ਲੋਕਾਂ ਨੂੰ ਕਿਵੇਂ ਯਕੀਨ ਦਿਵਾਇਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ?

3. ਯਿਸੂ ਗਲੀਲ ਦੇ ਲੋਕਾਂ ਨਾਲ ਕਿਵੇਂ ਪੇਸ਼ ਆਇਆ?

3 ਜਦੋਂ ਯਿਸੂ ਤੀਜੀ ਵਾਰ ਗਲੀਲ ਵਿਚ ਪ੍ਰਚਾਰ ਕਰਨ ਗਿਆ, ਤਾਂ ਭੀੜਾਂ ਦੀਆਂ ਭੀੜਾਂ ਉਸ ਦੀਆਂ ਗੱਲਾਂ ਸੁਣਨ ਅਤੇ ਠੀਕ ਹੋਣ ਲਈ ਉਸ ਕੋਲ ਆਈਆਂ। ਯਿਸੂ ਨੇ ਉਨ੍ਹਾਂ ਲੋਕਾਂ ਬਾਰੇ ਕਿਹਾ ਕਿ “ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” (ਮੱਤੀ 9:36; ਹਿੰਦੀ ਦੀ ਅਧਿਐਨ ਬਾਈਬਲ ਵਿਚ ਇਸ ਆਇਤ ਨਾਲ ਦਿੱਤਾ ਸਟੱਡੀ ਨੋਟ ਦੇਖੋ।) ਉਸ ਜ਼ਮਾਨੇ ਦੇ ਧਾਰਮਿਕ ਆਗੂ ਉਨ੍ਹਾਂ ਨੂੰ ਬਹੁਤ ਘਟੀਆ ਸਮਝਦੇ ਸਨ ਅਤੇ ਉਨ੍ਹਾਂ ਨੂੰ “ਸਰਾਪੇ ਹੋਏ” ਲੋਕ ਕਹਿੰਦੇ ਸਨ। (ਯੂਹੰ. 7:47-49) ਪਰ ਯਿਸੂ ਉਨ੍ਹਾਂ ਲੋਕਾਂ ਦੀ ਬਹੁਤ ਇੱਜ਼ਤ ਕਰਦਾ ਸੀ। ਇਸ ਲਈ ਉਸ ਨੇ ਉਨ੍ਹਾਂ ਨੂੰ ਸਿਖਾਉਣ ਅਤੇ ਉਨ੍ਹਾਂ ਦੀਆਂ ਬੀਮਾਰੀਆਂ ਠੀਕ ਕਰਨ ਲਈ ਸਮਾਂ ਕੱਢਿਆ। (ਮੱਤੀ 9:35) ਇਸ ਤੋਂ ਇਲਾਵਾ, ਉਸ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨ ਲਈ ਆਪਣੇ ਰਸੂਲਾਂ ਨੂੰ ਪ੍ਰਚਾਰ ਕਰਨਾ ਸਿਖਾਇਆ ਅਤੇ “ਬੀਮਾਰਾਂ ਨੂੰ ਠੀਕ” ਕਰਨ ਦਾ ਅਧਿਕਾਰ ਦਿੱਤਾ।​—ਮੱਤੀ 10:5-8.

4. ਯਿਸੂ ਮਾਮੂਲੀ ਲੋਕਾਂ ਨਾਲ ਜਿੱਦਾਂ ਪੇਸ਼ ਆਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

4 ਯਿਸੂ ਆਪਣੇ ਸੁਣਨ ਵਾਲਿਆਂ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਉਂਦਾ ਸੀ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਉਹ ਤੇ ਉਸ ਦਾ ਪਿਤਾ ਉਨ੍ਹਾਂ ਲੋਕਾਂ ਨੂੰ ਕਿੰਨਾ ਅਨਮੋਲ ਸਮਝਦੇ ਹਨ ਜਿਨ੍ਹਾਂ ਨੂੰ ਸਮਾਜ ਵਿਚ ਘਟੀਆ ਸਮਝਿਆ ਜਾਂਦਾ ਹੈ। ਕੀ ਤੁਸੀਂ ਯਹੋਵਾਹ ਦੇ ਇਕ ਸੇਵਕ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੋਈ ਅਹਿਮੀਅਤ ਨਹੀਂ ਹੈ? ਜੇ ਹਾਂ, ਤਾਂ ਸੋਚੋ ਕਿ ਯਿਸੂ ਉਨ੍ਹਾਂ ਮਾਮੂਲੀ ਲੋਕਾਂ ਨਾਲ ਕਿਵੇਂ ਪੇਸ਼ ਆਇਆ ਜੋ ਉਸ ਕੋਲ ਆਉਂਦੇ ਸਨ। ਜੇ ਤੁਸੀਂ ਇਸ ʼਤੇ ਸੋਚ-ਵਿਚਾਰ ਕਰੋ, ਤਾਂ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਹੋ।

5. ਗਲੀਲ ਵਿਚ ਯਿਸੂ ਜਿਸ ਤੀਵੀਂ ਨੂੰ ਮਿਲਿਆ, ਉਸ ਬਾਰੇ ਅਸੀਂ ਕੀ ਜਾਣਦੇ ਹਾਂ?

5 ਯਿਸੂ ਨੇ ਨਾ ਸਿਰਫ਼ ਲੋਕਾਂ ਦੀਆਂ ਭੀੜਾਂ ਨੂੰ ਸਿਖਾਇਆ, ਸਗੋਂ ਹਰ ਇਨਸਾਨ ਦੀ ਪਰਵਾਹ ਵੀ ਕੀਤੀ। ਮਿਸਾਲ ਲਈ, ਗਲੀਲ ਵਿਚ ਪ੍ਰਚਾਰ ਕਰਦਿਆਂ ਯਿਸੂ ਇਕ ਤੀਵੀਂ ਨੂੰ ਮਿਲਿਆ ਜਿਸ ਦੇ 12 ਸਾਲਾਂ ਤੋਂ ਖ਼ੂਨ ਵਹਿ ਰਿਹਾ ਸੀ। (ਮਰ. 5:25) ਆਪਣੀ ਇਸ ਹਾਲਤ ਕਰਕੇ ਉਹ ਤੀਵੀਂ ਮੂਸਾ ਦੇ ਕਾਨੂੰਨ ਅਨੁਸਾਰ ਅਸ਼ੁੱਧ ਸੀ ਅਤੇ ਜੇ ਕੋਈ ਉਸ ਨੂੰ ਛੂੰਹਦਾ, ਤਾਂ ਉਹ ਵੀ ਅਸ਼ੁੱਧ ਹੋ ਜਾਂਦਾ ਸੀ। ਇਸ ਕਰਕੇ ਉਹ ਤੀਵੀਂ ਲੋਕਾਂ ਨਾਲ ਮਿਲ-ਜੁਲ ਨਹੀਂ ਸਕਦੀ ਸੀ ਅਤੇ ਜ਼ਿਆਦਾਤਰ ਸਮਾਂ ਜ਼ਰੂਰ ਇਕੱਲੀ ਹੀ ਰਹਿੰਦੀ ਹੋਣੀ। ਇੰਨਾ ਹੀ ਨਹੀਂ, ਉਹ ਭਗਤੀ ਲਈ ਸਭਾ ਘਰ ਵਿਚ ਵੀ ਨਹੀਂ ਜਾ ਸਕਦੀ ਸੀ ਅਤੇ ਨਾ ਹੀ ਲੋਕਾਂ ਨਾਲ ਮਿਲ ਕੇ ਤਿਉਹਾਰ ਮਨਾ ਸਕਦੀ ਸੀ। (ਲੇਵੀ. 15:19, 25) ਬਿਨਾਂ ਸ਼ੱਕ, ਉਹ ਤੀਵੀਂ ਆਪਣੀ ਬੀਮਾਰੀ ਕਰਕੇ ਜ਼ਰੂਰ ਦੁਖੀ ਹੋਣੀ ਅਤੇ ਅੰਦਰੋਂ ਵੀ ਪੂਰੀ ਤਰ੍ਹਾਂ ਟੁੱਟ ਗਈ ਹੋਣੀ।​—ਮਰ. 5:26.

6. ਤੀਵੀਂ ਨੇ ਠੀਕ ਹੋਣ ਲਈ ਕੀ ਕੀਤਾ?

6 ਉਹ ਦੁਖੀ ਤੀਵੀਂ ਚਾਹੁੰਦੀ ਸੀ ਕਿ ਯਿਸੂ ਉਸ ਨੂੰ ਠੀਕ ਕਰ ਦੇਵੇ, ਪਰ ਉਹ ਸਿੱਧਾ ਯਿਸੂ ਤੋਂ ਮਦਦ ਮੰਗਣ ਨਹੀਂ ਗਈ। ਕਿਉਂ? ਕਿਉਂਕਿ ਉਹ ਆਪਣੀ ਹਾਲਤ ਕਰਕੇ ਸ਼ਾਇਦ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੋਵੇ। ਜਾਂ ਉਸ ਨੂੰ ਸ਼ਾਇਦ ਇਸ ਗੱਲ ਦਾ ਡਰ ਹੋਵੇ ਕਿ ਜੇ ਉਹ ਅਸ਼ੁੱਧ ਹਾਲਤ ਵਿਚ ਭੀੜ ਵਿਚ ਗਈ, ਤਾਂ ਕਿਤੇ ਯਿਸੂ ਉਸ ਨੂੰ ਝਿੜਕਾਂ ਮਾਰ ਕੇ ਭਜਾ ਨਾ ਦੇਵੇ। ਇਸ ਲਈ ਉਸ ਨੇ ਬੱਸ ਉਸ ਦੇ ਕੱਪੜੇ ਦੀ ਝਾਲਰ ਨੂੰ ਛੋਹਿਆ। ਉਸ ਨੂੰ ਨਿਹਚਾ ਸੀ ਕਿ ਇੱਦਾਂ ਕਰਨ ਨਾਲ ਹੀ ਉਹ ਠੀਕ ਹੋ ਜਾਵੇਗੀ। (ਮਰ. 5:27, 28) ਇੱਦਾਂ ਹੀ ਹੋਇਆ, ਉਹ ਤੀਵੀਂ ਠੀਕ ਹੋ ਗਈ। ਫਿਰ ਜਦੋਂ ਯਿਸੂ ਨੇ ਪੁੱਛਿਆ ਕਿ ਉਸ ਨੂੰ ਕਿਸ ਨੇ ਛੋਹਿਆ, ਤਾਂ ਉਸ ਨੇ ਸਾਰਿਆਂ ਸਾਮ੍ਹਣੇ ਕਬੂਲ ਕੀਤਾ ਕਿ ਉਸ ਨੇ ਹੀ ਯਿਸੂ ਨੂੰ ਛੋਹਿਆ ਸੀ। ਉਸ ਵੇਲੇ ਯਿਸੂ ਉਸ ਨਾਲ ਕਿਵੇਂ ਪੇਸ਼ ਆਇਆ?

7. ਯਿਸੂ ਉਸ ਦੁਖੀ ਤੀਵੀਂ ਨਾਲ ਕਿਵੇਂ ਪੇਸ਼ ਆਇਆ? (ਮਰਕੁਸ 5:34)

7 ਯਿਸੂ ਉਸ ਤੀਵੀਂ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆਇਆ। ਉਸ ਨੇ ਦੇਖਿਆ ਕਿ ਉਹ ‘ਡਰੀ’ ਹੋਈ ਸੀ ਅਤੇ ‘ਕੰਬ’ ਰਹੀ ਸੀ। (ਮਰ. 5:33) ਇਸ ਲਈ ਉਸ ਨੇ ਬੜੇ ਪਿਆਰ ਨਾਲ ਉਸ ਨਾਲ ਗੱਲ ਕੀਤੀ ਅਤੇ ਉਸ ਦਾ ਹੌਸਲਾ ਵਧਾਇਆ। ਯਿਸੂ ਨੇ ਉਸ ਨੂੰ “ਧੀਏ” ਕਿਹਾ। ਇੱਦਾਂ ਕਹਿ ਕੇ ਯਿਸੂ ਨੇ ਦਿਖਾਇਆ ਕਿ ਉਹ ਨਾ ਸਿਰਫ਼ ਉਸ ਤੀਵੀਂ ਦੀ ਇੱਜ਼ਤ ਕਰਦਾ ਸੀ, ਸਗੋਂ ਉਸ ਦੀ ਪਰਵਾਹ ਵੀ ਕਰਦਾ ਸੀ। (ਮਰਕੁਸ 5:34 ਪੜ੍ਹੋ।) ਇਸ ਬਾਰੇ ਅਧਿਐਨ ਨੋਟ (ਹਿੰਦੀ) ਵਿਚ ਦੱਸਿਆ ਹੈ: “ਲਿਖਤੀ ਰੂਪ ਵਿਚ ਸਿਰਫ਼ ਇਹੀ ਇਕ ਘਟਨਾ ਹੈ ਜਿਸ ਵਿਚ ਯਿਸੂ ਨੇ ਸਿੱਧੇ-ਸਿੱਧੇ ਕਿਸੇ ਤੀਵੀਂ ਨੂੰ ‘ਧੀਏ’ ਕਿਹਾ ਸੀ ਕਿਉਂਕਿ ਸ਼ਾਇਦ ਉਸ ਦੇ ਹਾਲਾਤ ਬਹੁਤ ਨਾਜ਼ੁਕ ਸਨ ਅਤੇ ਉਹ ‘ਕੰਬ’ ਰਹੀ ਸੀ।” ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਯਿਸੂ ਦੀ ਗੱਲ ਸੁਣ ਕੇ ਉਸ ਤੀਵੀਂ ਨੂੰ ਕਿੰਨਾ ਸਕੂਨ ਮਿਲਿਆ ਹੋਣਾ। ਜੇ ਯਿਸੂ ਉਸ ਨਾਲ ਪਿਆਰ ਨਾਲ ਗੱਲ ਨਾ ਕਰਦਾ, ਤਾਂ ਉਹ ਸ਼ਾਇਦ ਠੀਕ ਤਾਂ ਹੋ ਜਾਂਦੀ, ਪਰ ਉਸ ਦੀ ਜ਼ਮੀਰ ਉਸ ਨੂੰ ਹਮੇਸ਼ਾ ਲਾਹਨਤਾਂ ਪਾਉਂਦੀ ਰਹਿੰਦੀ ਕਿ ਉਸ ਨੇ ਅਸ਼ੁੱਧ ਹਾਲਤ ਵਿਚ ਯਿਸੂ ਨੂੰ ਛੋਹਿਆ ਸੀ। ਇਸ ਲਈ ਉਸ ਤੀਵੀਂ ਦੇ ਠੀਕ ਹੋਣ ਤੋਂ ਬਾਅਦ ਯਿਸੂ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਯਹੋਵਾਹ ਦੀ ਪਿਆਰੀ ਧੀ ਹੈ।

8. ਬ੍ਰਾਜ਼ੀਲ ਵਿਚ ਰਹਿਣ ਵਾਲੀ ਭੈਣ ਮਾਰੀਆ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?

8 ਅੱਜ ਵੀ ਪਰਮੇਸ਼ੁਰ ਦੇ ਕੁਝ ਸੇਵਕਾਂ ਨੂੰ ਬੀਮਾਰੀਆਂ ਨਾਲ ਲੜਨਾ ਪੈਂਦਾ ਹੈ। ਇਸ ਲਈ ਉਹ ਦੁਖੀ ਹੋ ਜਾਂਦੇ ਹਨ ਅਤੇ ਆਪਣੇ ਆਪ ਨੂੰ ਕਿਸੇ ਕੰਮ ਦੇ ਨਹੀਂ ਸਮਝਦੇ। ਜ਼ਰਾ ਬ੍ਰਾਜ਼ੀਲ ਵਿਚ ਰਹਿਣ ਵਾਲੀ ਭੈਣ ਮਾਰੀਆa ਦੀ ਮਿਸਾਲ ʼਤੇ ਗੌਰ ਕਰੋ ਜੋ ਪਾਇਨੀਅਰਿੰਗ ਕਰ ਰਹੀ ਹੈ। ਜਨਮ ਵੇਲੇ ਉਸ ਦੇ ਦੋਵੇਂ ਪੈਰ ਤੇ ਖੱਬਾ ਹੱਥ ਨਹੀਂ ਸੀ। ਉਹ ਦੱਸਦੀ ਹੈ: “ਸਕੂਲ ਵਿਚ ਬੱਚੇ ਹਮੇਸ਼ਾ ਮੈਨੂੰ ਤੰਗ ਕਰਦੇ ਸਨ ਅਤੇ ਮੇਰਾ ਮਜ਼ਾਕ ਉਡਾਉਣ ਲਈ ਮੇਰੇ ਪੁੱਠੇ-ਸਿੱਧੇ ਨਾਂ ਲੈਂਦੇ ਸਨ। ਕਦੇ-ਕਦਾਈਂ ਤਾਂ ਮੇਰੇ ਘਰਦੇ ਵੀ ਮੈਨੂੰ ਨੀਵਾਂ ਸਮਝਦੇ ਸਨ।”

9. ਮਾਰੀਆ ਨੂੰ ਕਿਵੇਂ ਯਕੀਨ ਹੋਇਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੈ?

9 ਮਾਰੀਆ ਨੂੰ ਕਿਸ ਗੱਲ ਤੋਂ ਮਦਦ ਮਿਲੀ? ਜਦੋਂ ਉਹ ਯਹੋਵਾਹ ਦੀ ਗਵਾਹ ਬਣੀ, ਤਾਂ ਭੈਣਾਂ-ਭਰਾਵਾਂ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਉਸ ਦੀ ਮਦਦ ਕੀਤੀ ਤਾਂਕਿ ਉਹ ਖ਼ੁਦ ਨੂੰ ਯਹੋਵਾਹ ਦੀਆਂ ਨਜ਼ਰਾਂ ਨਾਲ ਦੇਖ ਸਕੇ। ਉਹ ਕਹਿੰਦੀ ਹੈ: “ਮੈਂ ਦੱਸ ਨਹੀਂ ਸਕਦੀ ਕਿ ਕਿੰਨੇ ਸਾਰੇ ਭੈਣਾਂ-ਭਰਾਵਾਂ ਨੇ ਮੇਰੀ ਮਦਦ ਕੀਤੀ। ਜੇ ਮੈਂ ਉਨ੍ਹਾਂ ਬਾਰੇ ਇਕ ਕਿਤਾਬ ਲਿਖਾਂ, ਤਾਂ ਉਹ ਕਿਤਾਬ ਛੋਟੀ ਪੈ ਜਾਵੇਗੀ। ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਇੰਨਾ ਵਧੀਆ ਪਰਿਵਾਰ ਦਿੱਤਾ ਹੈ।” ਉਨ੍ਹਾਂ ਭੈਣਾਂ-ਭਰਾਵਾਂ ਨੇ ਮਾਰੀਆ ਨੂੰ ਯਕੀਨ ਦਿਵਾਇਆ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈ।

10. ਮਰੀਅਮ ਮਗਦਲੀਨੀ ਕਿਸ ਤਕਲੀਫ਼ ਵਿੱਚੋਂ ਲੰਘ ਰਹੀ ਸੀ ਅਤੇ ਉਸ ਨੂੰ ਕਿਵੇਂ ਲੱਗਦਾ ਹੋਣਾ? (ਤਸਵੀਰਾਂ ਵੀ ਦੇਖੋ।)

10 ਹੁਣ ਆਓ ਆਪਾਂ ਇਕ ਹੋਰ ਔਰਤ ਦੀ ਮਿਸਾਲ ʼਤੇ ਗੌਰ ਕਰਦੇ ਹਾਂ ਜਿਸ ਨੂੰ ਯਿਸੂ ਨੇ ਠੀਕ ਕੀਤਾ ਸੀ। ਉਹ ਔਰਤ ਸੀ, ਮਰੀਅਮ ਮਗਦਲੀਨੀ। ਉਸ ਨੂੰ ਸੱਤ ਦੁਸ਼ਟ ਚਿੰਬੜੇ ਹੋਏ ਸਨ। (ਲੂਕਾ 8:2) ਇਸ ਕਰਕੇ ਉਹ ਸ਼ਾਇਦ ਪੁੱਠੀਆਂ-ਸਿੱਧੀਆਂ ਹਰਕਤਾਂ ਕਰਦੀ ਹੋਣੀ ਤੇ ਲੋਕ ਵੀ ਉਸ ਤੋਂ ਦੂਰ-ਦੂਰ ਰਹਿੰਦੇ ਹੋਣੇ। ਜ਼ਰਾ ਸੋਚੋ ਕਿ ਆਪਣੀ ਇਸ ਹਾਲਤ ਕਰਕੇ ਉਹ ਕਿੰਨੀ ਬੇਬੱਸ ਤੇ ਇਕੱਲੀ ਮਹਿਸੂਸ ਕਰਦੀ ਹੋਣੀ। ਉਸ ਨੂੰ ਕਿੰਨਾ ਬੁਰਾ ਲੱਗਦਾ ਹੋਣਾ ਕਿ ਉਸ ਨੂੰ ਕੋਈ ਪਿਆਰ ਨਹੀਂ ਕਰਦਾ ਤੇ ਕੋਈ ਵੀ ਉਸ ਨੂੰ ਠੀਕ ਨਹੀਂ ਕਰ ਸਕਦਾ। ਯਿਸੂ ਨੇ ਹੀ ਮਰੀਅਮ ਮਗਦਲੀਨੀ ਵਿੱਚੋਂ ਦੁਸ਼ਟ ਦੂਤ ਕੱਢੇ ਹੋਣੇ ਅਤੇ ਇਸ ਤੋਂ ਬਾਅਦ ਉਹ ਯਿਸੂ ਦੇ ਪਿੱਛੇ-ਪਿੱਛੇ ਚੱਲਣ ਲੱਗ ਪਈ। ਯਿਸੂ ਨੇ ਉਸ ਨੂੰ ਹੋਰ ਕਿਵੇਂ ਯਕੀਨ ਦਿਵਾਇਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਸੀ?

ਤਸਵੀਰਾਂ: 1. ਯਿਸੂ ਦੇਖਦਾ ਹੈ ਕਿ ਇਕ ਹਨੇਰੀ ਗਲੀ ਵਿਚ ਮਰੀਅਮ ਮਗਦਲੀਨੀ ਬਹੁਤ ਨਿਰਾਸ਼ ਹੈ ਤੇ ਗੋਡਿਆਂ ਭਾਰ ਬੈਠੀ ਹੋਈ ਹੈ। 2. ਮਰੀਅਮ ਮਗਦਲੀਨੀ ਖ਼ੁਸ਼ੀ-ਖ਼ੁਸ਼ੀ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਜਾ ਰਹੀ ਹੈ।

ਯਿਸੂ ਨੇ ਮਰੀਅਮ ਮਗਦਲੀਨੀ ਨੂੰ ਕਿਵੇਂ ਯਕੀਨ ਦਿਵਾਇਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਸੀ? (ਪੈਰੇ 10-11 ਦੇਖੋ)


11. ਯਿਸੂ ਨੇ ਮਰੀਅਮ ਮਗਦਲੀਨੀ ਨੂੰ ਕਿਵੇਂ ਯਕੀਨ ਦਿਵਾਇਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਸੀ? (ਤਸਵੀਰਾਂ ਵੀ ਦੇਖੋ।)

11 ਜਦੋਂ ਯਿਸੂ ਪ੍ਰਚਾਰ ਕਰਨ ਗਿਆ, ਤਾਂ ਉਸ ਨੇ ਮਰੀਅਮ ਮਗਦਲੀਨੀ ਨੂੰ ਵੀ ਆਪਣੇ ਨਾਲ ਆਉਣ ਨੂੰ ਕਿਹਾ।b ਇਸ ਕਰਕੇ ਉਹ ਯਿਸੂ ਤੋਂ ਹੋਰ ਵੀ ਗੱਲਾਂ ਸਿੱਖ ਸਕੀ। ਨਾਲੇ ਜਿਸ ਦਿਨ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ, ਉਸੇ ਦਿਨ ਉਹ ਮਰੀਅਮ ਮਗਦਲੀਨੀ ਨੂੰ ਮਿਲਿਆ। ਮਰੀਅਮ ਮਗਦਲੀਨੀ ਉਨ੍ਹਾਂ ਚੇਲਿਆਂ ਵਿੱਚੋਂ ਸਭ ਤੋਂ ਪਹਿਲੀ ਸੀ ਜਿਨ੍ਹਾਂ ਨਾਲ ਯਿਸੂ ਨੇ ਉਸ ਦਿਨ ਗੱਲ ਕੀਤੀ ਸੀ। ਯਿਸੂ ਨੇ ਉਸ ਨੂੰ ਇਕ ਕੰਮ ਵੀ ਦਿੱਤਾ। ਉਸ ਨੇ ਮਰੀਅਮ ਨੂੰ ਕਿਹਾ ਕਿ ਉਹ ਜਾ ਕੇ ਰਸੂਲਾਂ ਨੂੰ ਦੱਸੇ ਕਿ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ ਗਿਆ ਸੀ। ਯਿਸੂ ਮਰੀਅਮ ਮਗਦਲੀਨੀ ਨਾਲ ਜਿੱਦਾਂ ਪੇਸ਼ ਆਇਆ, ਉਸ ਤੋਂ ਉਸ ਨੇ ਦਿਖਾਇਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੰਨੀ ਅਨਮੋਲ ਸੀ।​—ਯੂਹੰ. 20:11-18.

12. ਲੀਡੀਆ ਨੂੰ ਕਿਉਂ ਲੱਗਦਾ ਸੀ ਕਿ ਉਹ ਕਿਸੇ ਦੇ ਪਿਆਰ ਦੇ ਲਾਇਕ ਨਹੀਂ ਸੀ?

12 ਮਰੀਅਮ ਮਗਦਲੀਨੀ ਵਾਂਗ ਅੱਜ ਵੀ ਅਜਿਹੇ ਕਈ ਭੈਣ-ਭਰਾ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਵੀ ਉਨ੍ਹਾਂ ਨੂੰ ਪਿਆਰ ਨਹੀਂ ਕਰਦਾ। ਜ਼ਰਾ ਸਪੇਨ ਵਿਚ ਰਹਿਣ ਵਾਲੀ ਭੈਣ ਲੀਡੀਆ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਹ ਆਪਣੀ ਮਾਂ ਦੇ ਗਰਭ ਵਿਚ ਸੀ, ਤਾਂ ਉਸ ਦੀ ਮਾਂ ਗਰਭਪਾਤ ਕਰਾਉਣਾ ਚਾਹੁੰਦੀ ਸੀ। ਨਾਲੇ ਲੀਡੀਆ ਨੂੰ ਯਾਦ ਹੈ ਕਿ ਜਦੋਂ ਉਹ ਛੋਟੀ ਸੀ, ਤਾਂ ਉਸ ਦੀ ਮਾਂ ਉਸ ਵੱਲ ਕੋਈ ਧਿਆਨ ਨਹੀਂ ਸੀ ਦਿੰਦੀ ਤੇ ਉਸ ਨੂੰ ਬੁਰਾ-ਭਲਾ ਕਹਿੰਦੀ ਸੀ। ਲੀਡੀਆ ਦੱਸਦੀ ਹੈ: “ਮੇਰੇ ਮੰਮੀ ਮੈਨੂੰ ਪਿਆਰ ਨਹੀਂ ਸੀ ਕਰਦੇ। ਇਸ ਲਈ ਮੈਂ ਹਮੇਸ਼ਾ ਇਹੀ ਚਾਹੁੰਦੀ ਸੀ ਕਿ ਲੋਕ ਮੈਨੂੰ ਪਿਆਰ ਕਰਨ ਅਤੇ ਮੇਰੇ ਦੋਸਤ ਬਣਨ। ਪਰ ਮੈਨੂੰ ਲੱਗਦਾ ਸੀ ਕਿ ਮੈਂ ਕਿਸੇ ਦੇ ਪਿਆਰ ਦੇ ਲਾਇਕ ਨਹੀਂ ਹਾਂ। ਮੰਮੀ ਦੀਆਂ ਗੱਲਾਂ ਕਰਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਮੈਂ ਬਹੁਤ ਬੁਰੀ ਹਾਂ।”

13. ਲੀਡੀਆ ਨੂੰ ਕਿਵੇਂ ਯਕੀਨ ਹੋਇਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੈ?

13 ਸੱਚਾਈ ਸਿੱਖਣ ਤੋਂ ਬਾਅਦ ਲੀਡੀਆ ਬਾਈਬਲ ਪੜ੍ਹਨ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗ ਪਈ। ਇੰਨਾ ਹੀ ਨਹੀਂ, ਉਹ ਭੈਣਾਂ-ਭਰਾਵਾਂ ਨਾਲ ਮਿਲਣ-ਜੁਲਣ ਲੱਗ ਪਈ ਜੋ ਹਮੇਸ਼ਾ ਉਸ ਨਾਲ ਪਿਆਰ ਨਾਲ ਪੇਸ਼ ਆਉਂਦੇ ਸਨ ਅਤੇ ਉਸ ਦਾ ਹੌਸਲਾ ਵਧਾਉਂਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਲੀਡੀਆ ਨੂੰ ਯਕੀਨ ਹੋ ਗਿਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੈ। ਉਹ ਦੱਸਦੀ ਹੈ: “ਮੇਰੇ ਪਤੀ ਅਕਸਰ ਕਹਿੰਦੇ ਹਨ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ। ਸਮੇਂ-ਸਮੇਂ ਤੇ ਉਹ ਮੈਨੂੰ ਦੱਸਦੇ ਹਨ ਕਿ ਮੇਰੇ ਵਿਚ ਕਿੰਨੇ ਚੰਗੇ ਗੁਣ ਹਨ। ਮੇਰੇ ਕਰੀਬੀ ਦੋਸਤ ਵੀ ਇੱਦਾਂ ਹੀ ਕਰਦੇ ਹਨ।” ਕੀ ਤੁਹਾਡੀ ਮੰਡਲੀ ਵਿਚ ਕੋਈ ਅਜਿਹਾ ਭੈਣ ਜਾਂ ਭਰਾ ਹੈ ਜਿਸ ਨੂੰ ਤੁਸੀਂ ਯਕੀਨ ਦਿਵਾ ਸਕਦੇ ਹੋ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਹੈ?

ਖ਼ੁਦ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਕਿਵੇਂ ਦੇਖੀਏ?

14. ਪਹਿਲਾ ਸਮੂਏਲ 16:7 ਤੋਂ ਸਾਡੀ ਖ਼ੁਦ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖਣ ਵਿਚ ਕਿਵੇਂ ਮਦਦ ਹੁੰਦੀ ਹੈ? (“ਯਹੋਵਾਹ ਆਪਣੇ ਲੋਕਾਂ ਨੂੰ ਅਨਮੋਲ ਕਿਉਂ ਸਮਝਦਾ ਹੈ?” ਨਾਂ ਦੀ ਡੱਬੀ ਦੇਖੋ।)

14 ਯਾਦ ਰੱਖੋ ਕਿ ਯਹੋਵਾਹ ਉੱਦਾਂ ਨਹੀਂ ਦੇਖਦਾ ਜਿੱਦਾਂ ਇਨਸਾਨ ਦੇਖਦੇ ਹਨ। (1 ਸਮੂਏਲ 16:7 ਪੜ੍ਹੋ।) ਦੁਨੀਆਂ ਵਿਚ ਲੋਕ ਦੇਖਦੇ ਹਨ ਕਿ ਤੁਹਾਡੀ ਸ਼ਕਲ-ਸੂਰਤ ਕਿੱਦਾਂ ਦੀ ਹੈ, ਤੁਸੀਂ ਅਮੀਰ ਹੋ ਜਾਂ ਗ਼ਰੀਬ ਅਤੇ ਪੜ੍ਹੇ-ਲਿਖੇ ਹੋ ਜਾਂ ਅਨਪੜ੍ਹ। ਇਨ੍ਹਾਂ ਗੱਲਾਂ ਦੇ ਆਧਾਰ ਤੇ ਹੀ ਉਹ ਤੁਹਾਡਾ ਮੁੱਲ ਪਾਉਂਦੇ ਹਨ। (ਯਸਾ. 55:8, 9) ਪਰ ਯਹੋਵਾਹ ਇੱਦਾਂ ਨਹੀਂ ਕਰਦਾ। ਇਸ ਲਈ ਖ਼ੁਦ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਨਹੀਂ, ਸਗੋਂ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖੋ। ਤੁਸੀਂ ਬਾਈਬਲ ਵਿਚ ਦਰਜ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਪੜ੍ਹ ਸਕਦੇ ਹੋ ਜਿਨ੍ਹਾਂ ਨੂੰ ਇਕ ਸਮੇਂ ਤੇ ਲੱਗਾ ਕਿ ਉਹ ਬਿਲਕੁਲ ਗਏ-ਗੁਜ਼ਰੇ ਹਨ। ਮਿਸਾਲ ਲਈ, ਤੁਸੀਂ ਏਲੀਯਾਹ, ਨਾਓਮੀ ਤੇ ਹੰਨਾਹ ਦੀ ਕਹਾਣੀ ਪੜ੍ਹ ਸਕਦੇ ਹੋ ਅਤੇ ਇਹ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਉਹ ਯਹੋਵਾਹ ਲਈ ਕਿੰਨੇ ਅਨਮੋਲ ਸਨ। ਤੁਸੀਂ ਆਪਣੀ ਜ਼ਿੰਦਗੀ ਵਿਚ ਹੋਏ ਉਹ ਤਜਰਬੇ ਲਿਖ ਸਕਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਯਕੀਨ ਹੋਇਆ ਕਿ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਤੇ ਤੁਹਾਨੂੰ ਅਨਮੋਲ ਸਮਝਦਾ ਹੈ। ਇਸ ਤੋਂ ਇਲਾਵਾ, ਸਾਡੇ ਪ੍ਰਕਾਸ਼ਨਾਂ ਵਿਚ ਆਪਣੇ ਆਪ ਨੂੰ ਨਿਕੰਮਾ ਨਾ ਸਮਝਣ ਬਾਰੇ ਜੋ ਲੇਖ ਤੇ ਵੀਡੀਓ ਆਏ ਹਨ, ਤੁਸੀਂ ਉਨ੍ਹਾਂ ਨੂੰ ਵੀ ਦੇਖ ਸਕਦੇ ਹੋ।c

ਯਹੋਵਾਹ ਆਪਣੇ ਲੋਕਾਂ ਨੂੰ ਅਨਮੋਲ ਕਿਉਂ ਸਮਝਦਾ ਹੈ?

ਇਨਸਾਨ ਜਾਨਵਰਾਂ ਨਾਲੋਂ ਬਹੁਤ ਵੱਖਰੇ ਹਨ। ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਅਸੀਂ ਉਸ ਨਾਲ ਰਿਸ਼ਤਾ ਕਾਇਮ ਕਰ ਸਕਦੇ ਹਾਂ ਅਤੇ ਉਸ ਦੇ ਦੋਸਤ ਬਣ ਸਕਦੇ ਹਾਂ। (ਉਤ. 1:27; ਜ਼ਬੂ. 8:5; 25:14; ਯਸਾ. 41:8) ਇਸ ਜ਼ਬਰਦਸਤ ਕਾਰਨ ਤੋਂ ਪਤਾ ਲੱਗਦਾ ਹੈ ਕਿ ਅਸੀਂ ਗਏ-ਗੁਜ਼ਰੇ ਨਹੀਂ ਹਾਂ। ਪਰ ਸਾਡੇ ਕੋਲ ਇਸ ਗੱਲ ʼਤੇ ਯਕੀਨ ਕਰਨ ਦਾ ਇਕ ਹੋਰ ਵੱਡਾ ਕਾਰਨ ਕਿਹੜਾ ਹੈ? ਜੇ ਅਸੀਂ ਯਹੋਵਾਹ ਦੇ ਨੇੜੇ ਆਉਂਦੇ ਹਾਂ, ਉਸ ਦਾ ਕਹਿਣਾ ਮੰਨਦੇ ਹਾਂ ਅਤੇ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਾਂ, ਤਾਂ ਅਸੀਂ ਆਪਣੇ ਪਰਮੇਸ਼ੁਰ ਅਤੇ ਸ੍ਰਿਸ਼ਟੀਕਰਤਾ ਦੀਆਂ ਨਜ਼ਰਾਂ ਵਿਚ ਹੋਰ ਵੀ ਜ਼ਿਆਦਾ ਅਨਮੋਲ ਬਣਦੇ ਹਾਂ।​—ਯਸਾ. 49:15.

15. ਦਾਨੀਏਲ “ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ” ਕਿਉਂ ਸੀ? (ਦਾਨੀਏਲ 9:23)

15 ਯਾਦ ਰੱਖੋ ਕਿ ਯਹੋਵਾਹ ਦੇ ਵਫ਼ਾਦਾਰ ਹੋਣ ਕਰਕੇ ਤੁਸੀਂ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹੋ। ਇਕ ਸਮੇਂ ਤੇ ਦਾਨੀਏਲ ਨਬੀ ਬਹੁਤ ਨਿਰਾਸ਼ ਤੇ ‘ਥੱਕ’ ਗਿਆ ਸੀ। ਉਸ ਸਮੇਂ ਉਹ ਸ਼ਾਇਦ 90 ਤੋਂ ਵੀ ਜ਼ਿਆਦਾ ਸਾਲਾਂ ਦਾ ਸੀ। (ਦਾਨੀ. 9:20, 21) ਉਸ ਵੇਲੇ ਯਹੋਵਾਹ ਨੇ ਉਸ ਨੂੰ ਕਿਵੇਂ ਹੌਸਲਾ ਦਿੱਤਾ? ਉਸ ਨੇ ਜਿਬਰਾਏਲ ਦੂਤ ਨੂੰ ਦਾਨੀਏਲ ਕੋਲ ਭੇਜਿਆ। ਜਿਬਰਾਏਲ ਨੇ ਦਾਨੀਏਲ ਨੂੰ ਕਿਹਾ ਕਿ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਸੁਣੀਆਂ ਹਨ ਅਤੇ ਉਹ “ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ” ਹੈ। (ਦਾਨੀਏਲ 9:23 ਪੜ੍ਹੋ।) ਪਰ ਦਾਨੀਏਲ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਕਿਉਂ ਸੀ? ਉਸ ਵਿਚ ਬਹੁਤ ਗੁਣ ਸਨ, ਪਰ ਸਭ ਤੋਂ ਵਧ ਕੇ ਉਹ ਧਰਮੀ ਤੇ ਵਫ਼ਾਦਾਰ ਸੀ। (ਹਿਜ਼. 14:14) ਯਹੋਵਾਹ ਨੇ ਦਾਨੀਏਲ ਦੀ ਕਹਾਣੀ ਆਪਣੇ ਬਚਨ ਵਿਚ ਦਰਜ ਕਰਵਾਈ ਤਾਂਕਿ ਸਾਨੂੰ ਉਸ ਤੋਂ ਦਿਲਾਸਾ ਮਿਲ ਸਕੇ। (ਰੋਮੀ. 15:4) ਯਹੋਵਾਹ ਅੱਜ ਤੁਹਾਡੀਆਂ ਵੀ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਤੁਹਾਨੂੰ ਵੀ ਅਨਮੋਲ ਸਮਝਦਾ ਹੈ ਕਿਉਂਕਿ ਤੁਸੀਂ ਯਹੋਵਾਹ ਦੇ ਧਰਮੀ ਮਿਆਰਾਂ ਨੂੰ ਮੰਨਦੇ ਹੋ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹੋ।​—ਮੀਕਾ. 6:8, ਫੁਟਨੋਟ; ਇਬ. 6:10.

16. ਤੁਸੀਂ ਖ਼ੁਦ ਨੂੰ ਕਿਵੇਂ ਯਕੀਨ ਦਿਵਾ ਸਕਦੇ ਹੋ ਕਿ ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ?

16 ਯਹੋਵਾਹ ਨੂੰ ਆਪਣਾ ਪਿਤਾ ਮੰਨੋ ਜੋ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਉਹ ਤੁਹਾਡੇ ਵਿਚ ਗ਼ਲਤੀਆਂ ਨਹੀਂ ਲੱਭਦਾ, ਸਗੋਂ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ। (ਜ਼ਬੂ. 130:3; ਮੱਤੀ 7:11; ਲੂਕਾ 12:6, 7) ਇਸ ਗੱਲ ʼਤੇ ਮਨਨ ਕਰਨ ਨਾਲ ਅਜਿਹੇ ਕਈ ਲੋਕਾਂ ਨੂੰ ਮਦਦ ਮਿਲੀ ਹੈ ਜੋ ਖ਼ੁਦ ਨੂੰ ਬੇਕਾਰ ਸਮਝਦੇ ਸਨ। ਜ਼ਰਾ ਸਪੇਨ ਵਿਚ ਰਹਿਣ ਵਾਲੀ ਭੈਣ ਮੀਸ਼ੈਲ ਦੇ ਤਜਰਬੇ ʼਤੇ ਗੌਰ ਕਰੋ। ਉਸ ਦਾ ਪਤੀ ਸਾਲਾਂ ਤਕ ਉਸ ਨੂੰ ਤਾਅਨੇ-ਮਿਹਣੇ ਮਾਰਦਾ ਰਿਹਾ ਅਤੇ ਬੁਰਾ-ਭਲਾ ਕਹਿੰਦਾ ਰਿਹਾ। ਉਹ ਦੱਸਦੀ ਹੈ: “ਜਦੋਂ ਵੀ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਕੰਮ ਦੀ ਨਹੀਂ ਹਾਂ, ਤਾਂ ਮੈਂ ਸੋਚਦੀ ਹਾਂ ਕਿ ਮੈਂ ਯਹੋਵਾਹ ਦੀ ਗੋਦ ਵਿਚ ਹਾਂ ਅਤੇ ਉਹ ਮੈਨੂੰ ਪਿਆਰ ਕਰਦਾ ਹੈ। ਇਹ ਸੋਚ ਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ।” (ਜ਼ਬੂ. 28:9) ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੀ ਭੈਣ ਲੋਰੇਨ ਦੱਸਦੀ ਹੈ ਕਿ ਜਦੋਂ ਉਹ ਨਿਰਾਸ਼ ਹੋ ਜਾਂਦੀ ਹੈ, ਤਾਂ ਉਹ ਕੀ ਸੋਚਦੀ ਹੈ: “ਜੇ ਯਹੋਵਾਹ ਨੇ ਮੈਨੂੰ ਪਿਆਰ ਦੀ ਡੋਰ ਨਾਲ ਆਪਣੇ ਵੱਲ ਖਿੱਚਿਆ ਹੈ, ਇੰਨੇ ਸਾਲਾਂ ਤੋਂ ਮੈਨੂੰ ਆਪਣੇ ਕੋਲ ਰੱਖਿਆ ਹੈ ਅਤੇ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਦੂਜਿਆਂ ਨੂੰ ਵੀ ਉਸ ਬਾਰੇ ਸਿਖਾਵਾਂ, ਤਾਂ ਮੈਂ ਜ਼ਰੂਰ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹਾਂ ਅਤੇ ਉਸ ਦੇ ਕੰਮ ਦੀ ਹਾਂ।”​—ਹੋਸ਼ੇ. 11:4.

17. ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੇ ʼਤੇ ਯਹੋਵਾਹ ਦੀ ਮਿਹਰ ਹੈ? (ਜ਼ਬੂਰ 5:12) (ਤਸਵੀਰ ਵੀ ਦੇਖੋ।)

17 ਯਕੀਨ ਰੱਖੋ, ਤੁਹਾਡੇ ʼਤੇ ਯਹੋਵਾਹ ਦੀ ਮਿਹਰ ਹੈ। (ਜ਼ਬੂਰ 5:12 ਪੜ੍ਹੋ।) ਦਾਊਦ ਨੇ ਕਿਹਾ ਕਿ ਯਹੋਵਾਹ ਦੀ ਮਿਹਰ “ਇਕ ਵੱਡੀ ਢਾਲ” ਵਾਂਗ ਹੈ ਯਾਨੀ ਉਹ ਧਰਮੀ ਲੋਕਾਂ ਤੋਂ ਖ਼ੁਸ਼ ਹੁੰਦਾ ਹੈ ਅਤੇ ਉਨ੍ਹਾਂ ਦੀ ਹਿਫਾਜ਼ਤ ਕਰਦਾ ਹੈ। ਜੇ ਤੁਸੀਂ ਆਪਣੇ ਬਾਰੇ ਇਹ ਸੋਚਦੇ ਹੋ ਕਿ ਤੁਸੀਂ ਕਿਸੇ ਲਾਇਕ ਨਹੀਂ ਹੋ, ਤਾਂ ਯਹੋਵਾਹ ਦੀ ਮਿਹਰ ਤੁਹਾਡੀ ਇਕ ਢਾਲ ਵਾਂਗ ਹਿਫਾਜ਼ਤ ਕਰੇਗੀ। ਪਰ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਯਹੋਵਾਹ ਦੀ ਮਿਹਰ ਤੁਹਾਡੇ ʼਤੇ ਹੈ? ਅਸੀਂ ਦੇਖਿਆ ਸੀ ਕਿ ਯਹੋਵਾਹ ਤੁਹਾਨੂੰ ਆਪਣੇ ਬਚਨ ਰਾਹੀਂ ਦੱਸਦਾ ਹੈ ਕਿ ਉਹ ਤੁਹਾਡੇ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਨਾਲੇ ਉਹ ਬਜ਼ੁਰਗਾਂ, ਚੰਗੇ ਦੋਸਤਾਂ ਅਤੇ ਹੋਰ ਭੈਣਾਂ-ਭਰਾਵਾਂ ਰਾਹੀਂ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਤੁਸੀਂ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹੋ। ਪਰ ਜਦੋਂ ਦੂਜੇ ਤੁਹਾਡਾ ਹੌਸਲਾ ਵਧਾਉਂਦੇ ਹਨ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਦੋ ਭੈਣਾਂ ਮੁਸਕਰਾਉਂਦੀਆਂ ਹੋਈਆਂ ਕਿੰਗਡਮ ਹਾਲ ਤੋਂ ਨਿਕਲ ਕੇ ਪ੍ਰਚਾਰ ʼਤੇ ਜਾ ਰਹੀਆਂ ਹਨ। ਇਕ ਭੈਣ ਨੇ ਦੂਜੀ ਭੈਣ ਦੇ ਮੋਢੇ ʼਤੇ ਆਪਣਾ ਹੱਥ ਰੱਖਿਆ ਹੋਇਆ ਹੈ।

ਜੇ ਅਸੀਂ ਯਾਦ ਰੱਖੀਏ ਕਿ ਸਾਡੇ ʼਤੇ ਯਹੋਵਾਹ ਦੀ ਮਿਹਰ ਹੈ, ਤਾਂ ਅਸੀਂ ਇਹ ਸੋਚ-ਸੋਚ ਕੇ ਪਰੇਸ਼ਾਨ ਨਹੀਂ ਹੋਵਾਂਗੇ ਕਿ ਅਸੀਂ ਕਿਸੇ ਲਾਇਕ ਨਹੀਂ ਹਾਂ (ਪੈਰਾ 17 ਦੇਖੋ)


18. ਜਦੋਂ ਕੋਈ ਤੁਹਾਡੀ ਤਾਰੀਫ਼ ਕਰਦਾ ਹੈ, ਤਾਂ ਤੁਹਾਨੂੰ ਉਸ ਨੂੰ ਕਬੂਲ ਕਿਉਂ ਕਰਨਾ ਚਾਹੀਦਾ ਹੈ?

18 ਜਦੋਂ ਉਹ ਲੋਕ ਤੁਹਾਡੀ ਤਾਰੀਫ਼ ਕਰਦੇ ਹਨ ਜੋ ਤੁਹਾਨੂੰ ਜਾਣਦੇ ਹਨ ਅਤੇ ਤੁਹਾਨੂੰ ਪਿਆਰ ਕਰਦੇ ਹਨ, ਤਾਂ ਉਸ ਨੂੰ ਕਬੂਲ ਕਰੋ। ਯਾਦ ਰੱਖੋ ਕਿ ਯਹੋਵਾਹ ਭੈਣਾਂ-ਭਰਾਵਾਂ ਰਾਹੀਂ ਤੁਹਾਨੂੰ ਯਕੀਨ ਦਿਵਾ ਰਿਹਾ ਹੈ ਕਿ ਤੁਹਾਡੇ ʼਤੇ ਉਸ ਦੀ ਮਿਹਰ ਹੈ। ਭੈਣ ਮੀਸ਼ੈਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਜਦੋਂ ਕੋਈ ਮੇਰੀ ਤਾਰੀਫ਼ ਕਰਦਾ ਹੈ, ਤਾਂ ਉਸ ਨੂੰ ਕਬੂਲ ਕਰਨਾ ਮੈਨੂੰ ਬਹੁਤ ਔਖਾ ਲੱਗਦਾ ਹੈ। ਮੇਰਾ ਦਿਲ ਕਹਿੰਦਾ ਹੈ ਕਿ ਮੈਂ ਉਸ ਤਾਰੀਫ਼ ਦੇ ਲਾਇਕ ਹੀ ਨਹੀਂ ਹਾਂ। ਪਰ ਯਹੋਵਾਹ ਚਾਹੁੰਦਾ ਹੈ ਕਿ ਮੈਂ ਉਸ ਤਾਰੀਫ਼ ਨੂੰ ਕਬੂਲ ਕਰਾਂ। ਇਸ ਲਈ ਮੈਂ ਇੱਦਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।” ਮੰਡਲੀ ਦੇ ਬਜ਼ੁਰਗਾਂ ਨੇ ਵੀ ਮੀਸ਼ੈਲ ਦੀ ਬਹੁਤ ਮਦਦ ਕੀਤੀ ਹੈ। ਅੱਜ ਉਹ ਪਾਇਨੀਅਰ ਹੈ ਤੇ ਬੈਥਲ ਲਈ ਵੀ ਕੰਮ ਕਰ ਰਹੀ ਹੈ।

19. ਤੁਸੀਂ ਕਿਉਂ ਯਕੀਨ ਰੱਖ ਸਕਦੇ ਹੋ ਕਿ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੋ?

19 ਯਿਸੂ ਨੇ ਸਾਨੂੰ ਯਾਦ ਦਿਵਾਇਆ ਕਿ ਅਸੀਂ ਆਪਣੇ ਸਵਰਗੀ ਪਿਤਾ ਲਈ ਬਹੁਤ ਮਾਅਨੇ ਰੱਖਦੇ ਹਾਂ। (ਲੂਕਾ 12:24) ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਅਨਮੋਲ ਸਮਝਦਾ ਹੈ। ਆਓ ਆਪਾਂ ਇਹ ਗੱਲ ਕਦੇ ਨਾ ਭੁੱਲੀਏ ਅਤੇ ਦੂਜਿਆਂ ਨੂੰ ਵੀ ਇਹ ਯਕੀਨ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰੀਏ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਿੰਨੇ ਅਨਮੋਲ ਹਨ!

ਤੁਸੀਂ ਕੀ ਜਵਾਬ ਦਿਓਗੇ?

  • ਯਿਸੂ ਨੇ ਲੋਕਾਂ ਨੂੰ ਕਿਵੇਂ ਯਕੀਨ ਦਿਵਾਇਆ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕਿੰਨੇ ਅਨਮੋਲ ਹਨ?

  • ਯਿਸੂ ਨੇ ਉਸ ਤੀਵੀਂ ਦੀ ਕਿਵੇਂ ਮਦਦ ਕੀਤੀ ਜਿਸ ਦੇ 12 ਸਾਲਾਂ ਤੋਂ ਖ਼ੂਨ ਵਹਿ ਰਿਹਾ ਸੀ?

  • ਅਸੀਂ ਖ਼ੁਦ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖਣ ਲਈ ਕੀ ਕਰ ਸਕਦੇ ਹਾਂ?

ਗੀਤ 139 ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ

a ਕੁਝ ਨਾਂ ਬਦਲੇ ਗਏ ਹਨ।

b ਇੱਦਾਂ ਲੱਗਦਾ ਹੈ ਕਿ ਮਰੀਅਮ ਮਗਦਲੀਨੀ ਉਨ੍ਹਾਂ ਔਰਤਾਂ ਵਿੱਚੋਂ ਸੀ ਜੋ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਸਫ਼ਰ ਕਰਦੀਆਂ ਸਨ। ਇਹ ਔਰਤਾਂ ਆਪਣੇ ਪੈਸਿਆਂ ਨਾਲ ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ।​—ਮੱਤੀ 27:55, 56; ਲੂਕਾ 8:1-3.

c ਮਿਸਾਲ ਲਈ, ਯਹੋਵਾਹ ਦੇ ਨੇੜੇ ਰਹੋ ਕਿਤਾਬ ਦਾ ਅਧਿਆਇ 24 ਅਤੇ ਮਸੀਹੀ ਜ਼ਿੰਦਗੀ ਲਈ ਬਾਈਬਲ ਦੇ ਅਸੂਲ ਕਿਤਾਬ ਵਿਚ “ਸ਼ੱਕ” ਵਿਸ਼ੇ ਹੇਠਾਂ ਦਿੱਤੀਆਂ ਆਇਤਾਂ ਅਤੇ ਬਾਈਬਲ ਵਿੱਚੋਂ ਮਿਸਾਲਾਂ ਪੜ੍ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ