-
‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’ਯਹੋਵਾਹ ਦੇ ਨੇੜੇ ਰਹੋ
-
-
ਸਤਾਰ੍ਹਵਾਂ ਅਧਿਆਇ
‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’
1, 2. ਸ੍ਰਿਸ਼ਟੀ ਦੇ ਸੱਤਵੇਂ ਦਿਨ ਲਈ ਯਹੋਵਾਹ ਦਾ ਕੀ ਮਕਸਦ ਸੀ ਅਤੇ ਇਸ ਦਿਨ ਦੇ ਸ਼ੁਰੂ ਹੋਣ ਤੇ ਪਰਮੇਸ਼ੁਰ ਦੀ ਬੁੱਧ ਦਾ ਇਮਤਿਹਾਨ ਕਿਸ ਤਰ੍ਹਾਂ ਲਿਆ ਗਿਆ ਸੀ?
“ਬਹੁਤ ਹੀ ਚੰਗਾ!” (ਉਤਪਤ 1:31) ਪਰਮੇਸ਼ੁਰ ਨੇ ਆਪਣੀ ਸ੍ਰਿਸ਼ਟੀ ਦੀ ਤਾਰੀਫ਼ ਕਰਦੇ ਹੋਏ ਛੇਵੇਂ ਦਿਨ ਤੇ ਇਸ ਤਰ੍ਹਾਂ ਕਿਹਾ ਸੀ। ਪਰ ਸ੍ਰਿਸ਼ਟੀ ਦੇ ਸੱਤਵੇਂ ਦਿਨ ਦੇ ਸ਼ੁਰੂ ਹੋਣ ਤੇ ਹੀ ਉਸ ਦੀ ਉੱਤਮ ਕਾਰੀਗਰੀ ਯਾਨੀ ਆਦਮ ਅਤੇ ਹੱਵਾਹ ਨੇ ਬਗਾਵਤ ਵਿਚ ਸ਼ਤਾਨ ਦਾ ਪੱਖ ਲੈਂਦੇ ਹੋਏ ਸਾਰਾ ਕੰਮ ਵਿਗਾੜ ਦਿੱਤਾ। ਨਤੀਜਾ ਇਹ ਨਿਕਲਿਆ ਕਿ ਉਹ ਪਾਪ, ਅਪੂਰਣਤਾ ਤੇ ਮੌਤ ਦੇ ਭਾਗੀ ਬਣ ਗਏ।
2 ਉਸ ਸਮੇਂ ਸ਼ਾਇਦ ਇਸ ਤਰ੍ਹਾਂ ਲੱਗਦਾ ਸੀ ਕਿ ਸ੍ਰਿਸ਼ਟੀ ਦੇ ਸੱਤਵੇਂ ਦਿਨ ਦਾ ਮਕਸਦ ਹੁਣ ਪੂਰਾ ਨਹੀਂ ਹੋਵੇਗਾ। ਪਹਿਲੇ ਛੇ ਦਿਨਾਂ ਵਾਂਗ ਉਸ ਦਿਨ ਨੇ ਵੀ ਹਜ਼ਾਰਾਂ ਸਾਲਾਂ ਦਾ ਹੋਣਾ ਸੀ। ਯਹੋਵਾਹ ਨੇ ਸੱਤਵੇਂ ਦਿਨ ਨੂੰ ਪਵਿੱਤਰ ਠਹਿਰਾਇਆ ਸੀ ਅਤੇ ਉਸ ਦਿਨ ਦੇ ਅੰਤ ਤਕ ਸਾਰੀ ਧਰਤੀ ਨੇ ਫਿਰਦੌਸ ਬਣ ਜਾਣਾ ਸੀ ਅਤੇ ਮੁਕੰਮਲ ਇਨਸਾਨਜਾਤ ਨਾਲ ਭਰੀ ਹੋਣਾ ਸੀ। (ਉਤਪਤ 1:28; 2:3) ਪਰ ਆਦਮ ਅਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਪਰਮੇਸ਼ੁਰ ਦਾ ਮਕਸਦ ਕਿਸ ਤਰ੍ਹਾਂ ਪੂਰਾ ਹੋ ਸਕਦਾ ਸੀ? ਪਰਮੇਸ਼ੁਰ ਨੇ ਇਸ ਬਾਰੇ ਕੀ ਕਰਨਾ ਸੀ? ਯਹੋਵਾਹ ਦੀ ਬੁੱਧ ਲਈ ਇਹ ਸ਼ਾਇਦ ਸਭ ਤੋਂ ਵੱਡਾ ਇਮਤਿਹਾਨ ਸੀ।
3, 4. (ੳ) ਅਦਨ ਦੇ ਬਾਗ਼ ਵਿਚ ਬਗਾਵਤ ਤੋਂ ਬਾਅਦ ਯਹੋਵਾਹ ਨੇ ਆਪਣੇ ਮਕਸਦ ਬਾਰੇ ਕੀ ਕੀਤਾ ਸੀ ਅਤੇ ਇਹ ਉਸ ਦੀ ਬੁੱਧ ਦੀ ਅਦਭੁਤ ਉਦਾਹਰਣ ਕਿਉਂ ਹੈ? (ਅ) ਯਹੋਵਾਹ ਦੀ ਬੁੱਧ ਦਾ ਅਧਿਐਨ ਕਰਦੇ ਹੋਏ ਨਿਮਰਤਾ ਨਾਲ ਸਾਨੂੰ ਕਿਹੜੀ ਸੱਚਾਈ ਯਾਦ ਰੱਖਣੀ ਚਾਹੀਦੀ ਹੈ?
3 ਯਹੋਵਾਹ ਨੇ ਵਕਤ ਬਰਬਾਦ ਨਹੀਂ ਕੀਤਾ। ਉਸ ਨੇ ਅਦਨ ਦੇ ਬਾਗ਼ ਵਿਚ ਹੀ ਵਿਰੋਧੀਆਂ ਨੂੰ ਸਜ਼ਾ ਸੁਣਾਈ। ਇਸ ਦੇ ਨਾਲ-ਨਾਲ ਉਸ ਨੇ ਭਵਿੱਖ ਲਈ ਆਪਣੇ ਸੁਹਾਵਣੇ ਮਕਸਦ ਦੀ ਇਕ ਝਲਕ ਵੀ ਦਿੱਤੀ ਜਦ ਉਹ ਉਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰੇਗਾ ਜੋ ਬਗਾਵਤ ਕਰਕੇ ਆਈਆਂ ਸਨ। (ਉਤਪਤ 3:15) ਯਹੋਵਾਹ ਨੇ ਆਪਣਾ ਇਹ ਮਕਸਦ ਬਹੁਤ ਸੋਚ-ਸਮਝ ਕੇ ਤਿਆਰ ਕੀਤਾ ਹੈ। ਇਸ ਮਕਸਦ ਦਾ ਅਸਰ ਅਦਨ ਦੇ ਬਾਗ਼ ਤੋਂ ਲੈ ਕੇ ਇਨਸਾਨਜਾਤ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਤੇ ਪਿਆ ਅਤੇ ਆਉਣ ਵਾਲੇ ਭਵਿੱਖ ਉੱਤੇ ਵੀ ਪਵੇਗਾ। ਇਹ ਮਕਸਦ ਸਾਦਾ ਹੋਣ ਦੇ ਨਾਲ-ਨਾਲ ਇੰਨਾ ਡੂੰਘਾ ਵੀ ਹੈ ਕਿ ਬਾਈਬਲ ਪੜ੍ਹਨ ਵਾਲਾ ਇਨਸਾਨ ਆਪਣੀ ਪੂਰੀ ਉਮਰ ਇਸ ਦੀ ਸਟੱਡੀ ਕਰਨ ਅਤੇ ਇਸ ਬਾਰੇ ਵਿਚਾਰ ਕਰਨ ਤੇ ਲਗਾ ਸਕਦਾ ਹੈ। ਯਹੋਵਾਹ ਦਾ ਮਕਸਦ ਹੈ ਸਾਰੀ ਦੁਸ਼ਟਤਾ, ਪਾਪ ਤੇ ਮੌਤ ਨੂੰ ਖ਼ਤਮ ਕਰਨਾ ਅਤੇ ਵਫ਼ਾਦਾਰ ਇਨਸਾਨਜਾਤ ਨੂੰ ਫਿਰ ਤੋਂ ਮੁਕੰਮਲ ਬਣਾਉਣਾ। ਇਹ ਸਭ ਕੁਝ ਸੱਤਵੇਂ ਦਿਨ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਹੋ ਜਾਵੇਗਾ, ਫਿਰ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਯਹੋਵਾਹ ਧਰਤੀ ਅਤੇ ਇਨਸਾਨਜਾਤ ਲਈ ਆਪਣਾ ਮਕਸਦ ਸਮੇਂ ਸਿਰ ਪੂਰਾ ਕਰ ਲਵੇਗਾ!
4 ਕੀ ਅਜਿਹੀ ਬੁੱਧ ਜਾਂ ਅਕਲ ਬਾਰੇ ਸੋਚ ਕੇ ਸਾਡੇ ਦਿਲ ਸ਼ਰਧਾ ਨਾਲ ਭਰ ਨਹੀਂ ਜਾਂਦੇ? ਪੌਲੁਸ ਰਸੂਲ ਇਸ ਬਾਰੇ ਲਿਖਣ ਲਈ ਪ੍ਰੇਰਿਤ ਹੋਇਆ ਸੀ: ‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’ (ਰੋਮੀਆਂ 11:33) ਅਸੀਂ ਹੁਣ ਅਗਲਿਆਂ ਅਧਿਆਵਾਂ ਵਿਚ ਪਰਮੇਸ਼ੁਰ ਦੇ ਇਸ ਗੁਣ ਦੇ ਵੱਖੋ-ਵੱਖਰੇ ਪਹਿਲੂਆਂ ਦਾ ਅਧਿਐਨ ਕਰਾਂਗੇ। ਇਸ ਦੌਰਾਨ ਸਾਨੂੰ ਨਿਮਰਤਾ ਨਾਲ ਇਹ ਸੱਚਾਈ ਯਾਦ ਰੱਖਣੀ ਚਾਹੀਦੀ ਹੈ ਕਿ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਯਹੋਵਾਹ ਦੀ ਵਿਸ਼ਾਲ ਬੁੱਧ ਬਾਰੇ ਥੋੜ੍ਹਾ-ਬਹੁਤਾ ਹੀ ਜਾਣ ਸਕਾਂਗੇ। (ਅੱਯੂਬ 26:14) ਸਭ ਤੋਂ ਪਹਿਲਾਂ ਆਓ ਆਪਾਂ ਇਸ ਅਦਭੁਤ ਗੁਣ ਦਾ ਅਰਥ ਸਪੱਸ਼ਟ ਕਰੀਏ।
ਪਰਮੇਸ਼ੁਰ ਦੀ ਬੁੱਧ ਕੀ ਹੈ?
5, 6. ਗਿਆਨ ਅਤੇ ਬੁੱਧ ਦਾ ਆਪਸ ਵਿਚ ਕੀ ਸੰਬੰਧ ਹੈ ਅਤੇ ਯਹੋਵਾਹ ਕੋਲ ਕਿੰਨਾ ਕੁ ਗਿਆਨ ਹੈ?
5 ਬੁੱਧ ਅਤੇ ਗਿਆਨ ਦਾ ਇੱਕੋ ਮਤਲਬ ਨਹੀਂ ਹੈ। ਕੰਪਿਊਟਰ ਬਹੁਤ ਸਾਰੇ ਗਿਆਨ ਦਾ ਭੰਡਾਰ ਹੈ, ਪਰ ਕੋਈ ਇਸ ਮਸ਼ੀਨ ਨੂੰ ਬੁੱਧੀਮਾਨ ਜਾਂ ਅਕਲਮੰਦ ਨਹੀਂ ਸੱਦੇਗਾ। ਪਰ ਫਿਰ ਵੀ ਗਿਆਨ ਅਤੇ ਬੁੱਧ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ। (ਕਹਾਉਤਾਂ 10:14) ਫ਼ਰਜ਼ ਕਰੋ ਕਿ ਤੁਹਾਨੂੰ ਕਿਸੇ ਗੰਭੀਰ ਬੀਮਾਰੀ ਦੇ ਇਲਾਜ ਲਈ ਸਲਾਹ-ਮਸ਼ਵਰੇ ਦੀ ਲੋੜ ਹੈ, ਕੀ ਤੁਸੀਂ ਕਿਸੇ ਨੀਮ-ਹਕੀਮ ਕੋਲ ਜਾਓਗੇ ਜਿਸ ਨੂੰ ਦਵਾ-ਦਾਰੂ ਅਤੇ ਬੀਮਾਰੀਆਂ ਦੀ ਕੋਈ ਸਮਝ ਨਹੀਂ? ਤੁਸੀਂ ਉਸ ਕੋਲ ਭੁੱਲ ਕੇ ਵੀ ਨਾ ਜਾਓਗੇ! ਇਸ ਲਈ ਬੁੱਧ ਪ੍ਰਾਪਤ ਕਰਨ ਵਾਸਤੇ ਸਹੀ ਗਿਆਨ ਦੀ ਲੋੜ ਹੈ।
6 ਯਹੋਵਾਹ ਤਾਂ ਅਸੀਮ ਗਿਆਨ ਦਾ ਭੰਡਾਰ ਹੈ। ਸਿਰਫ਼ ਉਹੀ ਹਮੇਸ਼ਾ ਤੋਂ ਜ਼ਿੰਦਾ ਹੈ, ਇਸ ਲਈ ਉਸ ਨੂੰ ‘ਜੁੱਗਾਂ ਦਾ ਮਹਾਰਾਜ’ ਕਿਹਾ ਗਿਆ ਹੈ। (1 ਤਿਮੋਥਿਉਸ 1:17) ਉਸ ਨੂੰ ਪਤਾ ਹੈ ਕਿ ਇਨ੍ਹਾਂ ਸਾਰੇ ਯੁਗਾਂ ਦੌਰਾਨ ਕੀ ਹੋਇਆ ਸੀ। ਬਾਈਬਲ ਦੱਸਦੀ ਹੈ: “ਸਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13; ਕਹਾਉਤਾਂ 15:3) ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਯਹੋਵਾਹ ਆਪਣੀ ਬਣੀ ਹੋਈ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਮੁੱਢ ਤੋਂ ਹੀ ਉਹ ਇਨਸਾਨਜਾਤ ਦੇ ਸਾਰੇ ਕੰਮਾਂ ਨੂੰ ਦੇਖਦਾ ਆਇਆ ਹੈ। ਉਹ ਹਰੇਕ ਇਨਸਾਨ ਦੇ ਦਿਲ ਅਤੇ ਉਸ ਦੇ ਵਿਚਾਰਾਂ ਦੀ ਜਾਂਚ-ਪੜਤਾਲ ਕਰਦਾ ਹੈ। (1 ਇਤਹਾਸ 28:9) ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਸ੍ਰਿਸ਼ਟ ਕੀਤਾ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਫ਼ੈਸਲੇ ਕਰ ਸਕਦੇ ਹਾਂ। ਉਹ ਸਾਨੂੰ ਜ਼ਿੰਦਗੀ ਵਿਚ ਚੰਗੇ ਫ਼ੈਸਲੇ ਕਰਦੇ ਦੇਖ ਕੇ ਖ਼ੁਸ਼ ਹੁੰਦਾ ਹੈ। “ਪ੍ਰਾਰਥਨਾ ਦੇ ਸੁਣਨ ਵਾਲੇ” ਵਜੋਂ ਉਹ ਇੱਕੋ ਸਮੇਂ ਤੇ ਕਈ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਸਾਰੀਆਂ ਪ੍ਰਾਰਥਨਾਵਾਂ ਯਾਦ ਵੀ ਰੱਖਦਾ ਹੈ।—ਜ਼ਬੂਰਾਂ ਦੀ ਪੋਥੀ 65:2.
7, 8. ਯਹੋਵਾਹ ਆਪਣੇ ਕੰਮਾਂ ਵਿਚ ਸਮਝ ਤੇ ਬੁੱਧ ਕਿਸ ਤਰ੍ਹਾਂ ਦਿਖਾਉਂਦਾ ਹੈ?
7 ਯਹੋਵਾਹ ਕੋਲ ਸਿਰਫ਼ ਗਿਆਨ ਹੀ ਨਹੀਂ ਹੈ। ਪਰ ਉਹ ਇਹ ਵੀ ਜਾਣ ਸਕਦਾ ਹੈ ਕਿ ਕਿਸੇ ਮਾਮਲੇ ਵਿਚ ਇਕ ਗੱਲ ਦੂਸਰੀ ਗੱਲ ਨਾਲ ਕਿਸ ਤਰ੍ਹਾਂ ਮੇਲ ਖਾਂਦੀ ਹੈ। ਇਸ ਦੇ ਨਾਲ-ਨਾਲ ਉਹ ਸਾਰੀਆਂ ਗੱਲਾਂ ਨੂੰ ਇੱਕੋ ਵਾਰ ਦੇਖ ਕੇ ਸਮਝ ਜਾਂਦਾ ਹੈ ਕਿ ਮਾਮਲਾ ਕੀ ਹੈ। ਉਹ ਹਰ ਗੱਲ ਨੂੰ ਜਾਂਚਦਾ ਹੈ, ਸਹੀ ਤੇ ਗ਼ਲਤ ਵਿਚ ਭੇਦ ਜਾਣਦਾ ਹੈ ਅਤੇ ਇਹ ਵੀ ਦੇਖਦਾ ਹੈ ਕਿ ਕੀ ਜ਼ਰੂਰੀ ਹੈ ਤੇ ਕੀ ਨਹੀਂ ਅਤੇ ਫਿਰ ਉਸ ਬਾਰੇ ਫ਼ੈਸਲਾ ਕਰਦਾ ਹੈ। ਇਸ ਤੋਂ ਇਲਾਵਾ ਯਹੋਵਾਹ ਗੱਲ ਨੂੰ ਸਿਰਫ਼ ਉਪਰੋਂ-ਉਪਰੋਂ ਹੀ ਨਹੀਂ ਦੇਖਦਾ, ਪਰ ਉਹ ਦੇਖਦਾ ਹੈ ਕਿ ਸਾਡੇ ਦਿਲਾਂ ਵਿਚ ਕੀ ਹੈ। (1 ਸਮੂਏਲ 16:7) ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਕੋਲ ਸਮਝ ਵੀ ਹੈ, ਜੋ ਗਿਆਨ ਨਾਲੋਂ ਉੱਤਮ ਹੈ। ਪਰ ਬੁੱਧ ਜਾਂ ਅਕਲ ਇਨ੍ਹਾਂ ਦੋਹਾਂ ਗੁਣਾਂ ਨਾਲੋਂ ਵੀ ਉੱਤਮ ਹੈ।
8 ਬੁੱਧ ਨਾਲ ਹੀ ਗਿਆਨ ਅਤੇ ਸਮਝ ਦੋਹਾਂ ਨੂੰ ਵਰਤਿਆ ਜਾ ਸਕਦਾ ਹੈ। ਦਰਅਸਲ ਬਾਈਬਲ ਦੇ ਜਿਨ੍ਹਾਂ ਕੁਝ ਸ਼ਬਦਾਂ ਦਾ ਤਰਜਮਾ “ਬੁੱਧ” ਕੀਤਾ ਗਿਆ ਸੀ, ਉਨ੍ਹਾਂ ਦਾ ਮਤਲਬ ਹੈ “ਅਕਲ ਜਾਂ ਬੁੱਧੀ ਵਰਤਣੀ।” ਸੋ ਯਹੋਵਾਹ ਸਿਰਫ਼ ਕਹਿਣ ਨੂੰ ਹੀ ਬੁੱਧੀਮਾਨ ਨਹੀਂ ਹੈ, ਸਗੋਂ ਉਸ ਦੇ ਕੰਮਾਂ ਤੋਂ ਉਸ ਦੀ ਬੁੱਧ ਦਾ ਸਬੂਤ ਮਿਲਦਾ ਹੈ। ਯਹੋਵਾਹ ਆਪਣੇ ਵਿਸ਼ਾਲ ਗਿਆਨ ਅਤੇ ਪੂਰੀ ਸਮਝ ਨਾਲ ਸਭ ਤੋਂ ਵਧੀਆ ਫ਼ੈਸਲੇ ਕਰਦਾ ਹੈ ਤੇ ਫਿਰ ਉਹ ਉਨ੍ਹਾਂ ਫ਼ੈਸਲਿਆਂ ਨੂੰ ਸਭ ਤੋਂ ਵਧੀਆ ਤਰੀਕਿਆਂ ਨਾਲ ਸਿਰੇ ਚਾੜ੍ਹਦਾ ਹੈ। ਇਸ ਨੂੰ ਅਸਲ ਵਿਚ ਬੁੱਧ ਕਿਹਾ ਜਾ ਸਕਦਾ ਹੈ। ਯਹੋਵਾਹ ਯਿਸੂ ਦੀ ਇਸ ਗੱਲ ਦੀ ਸੱਚਾਈ ਸਾਬਤ ਕਰਦਾ ਹੈ ਕਿ ‘ਬੁੱਧ ਆਪਣੇ ਕਰਮਾਂ ਤੋਂ ਸੱਚੀ ਠਹਿਰਦੀ ਹੈ।’ (ਮੱਤੀ 11:19, NW ) ਦੁਨੀਆਂ ਭਰ ਵਿਚ ਯਹੋਵਾਹ ਦੇ ਕੰਮ ਉਸ ਦੀ ਬੁੱਧ ਦੀ ਗਵਾਹੀ ਦਿੰਦੇ ਹਨ।
ਪਰਮੇਸ਼ੁਰ ਦੀ ਬੁੱਧ ਦੇ ਸਬੂਤ
9, 10. (ੳ) ਯਹੋਵਾਹ ਦੀ ਸ਼ਾਨਦਾਰ ਸ੍ਰਿਸ਼ਟੀ ਤੋਂ ਉਸ ਦੀ ਬੁੱਧ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ? (ਅ) ਇਕ ਸੈੱਲ ਤੋਂ ਯਹੋਵਾਹ ਦੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ?
9 ਜਦੋਂ ਤੁਸੀਂ ਕਿਸੇ ਕਾਰੀਗਰ ਦੀ ਬਣਾਈ ਹੋਈ ਸੋਹਣੀ ਚੀਜ਼ ਦੇਖਦੇ ਹੋ ਕਿ ਉਸ ਦੇ ਪੁਰਜੇ ਮਿਲ ਕੇ ਕਿੰਨੀ ਚੰਗੀ ਤਰ੍ਹਾਂ ਕੰਮ ਕਰਦੇ ਹਨ, ਤਾਂ ਕੀ ਤੁਸੀਂ ਉਸ ਕਾਰੀਗਰ ਦੀ ਬੁੱਧ ਦੀ ਤਾਰੀਫ਼ ਨਹੀਂ ਕਰਦੇ? ਇਸ ਤਰ੍ਹਾਂ ਦੀ ਬੁੱਧ ਇਨਸਾਨ ਨੂੰ ਬਹੁਤ ਹੀ ਕਾਬਲ ਬਣਾਉਂਦੀ ਹੈ। (ਕੂਚ 31:1-3) ਹੋਰ ਕਿਸੇ ਕੋਲ ਯਹੋਵਾਹ ਜਿੰਨੀ ਬੁੱਧ ਨਹੀਂ ਹੈ। ਦਾਊਦ ਬਾਦਸ਼ਾਹ ਨੇ ਯਹੋਵਾਹ ਬਾਰੇ ਕਿਹਾ ਸੀ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!” (ਜ਼ਬੂਰਾਂ ਦੀ ਪੋਥੀ 139:14) ਯਕੀਨਨ, ਅਸੀਂ ਇਨਸਾਨ ਦੇ ਸਰੀਰ ਬਾਰੇ ਜਿੰਨਾ ਜ਼ਿਆਦਾ ਜਾਣਦੇ ਹਾਂ, ਉੱਨਾ ਹੀ ਜ਼ਿਆਦਾ ਅਸੀਂ ਯਹੋਵਾਹ ਦੀ ਬੁੱਧ ਨੂੰ ਵਾਹ-ਵਾਹ ਕਹਿੰਦੇ ਹਾਂ।
10 ਮਿਸਾਲ ਲਈ: ਸ਼ੁਰੂ ਵਿਚ ਤੁਸੀਂ ਸਿਰਫ਼ ਇਕ ਸੈੱਲ ਹੀ ਸੀ। ਤੁਹਾਡੇ ਪਿਤਾ ਦਾ ਸ਼ੁਕਰਾਣੂ ਤੁਹਾਡੀ ਮਾਂ ਦੇ ਇਕ ਅੰਡਾਣੂ ਨਾਲ ਮਿਲਿਆ। ਕੁਝ ਹੀ ਸਮੇਂ ਵਿਚ ਉਸ ਪਹਿਲੇ ਸੈੱਲ ਤੋਂ ਦੋ ਸੈੱਲ ਬਣ ਗਏ, ਦੋ ਤੋਂ ਚਾਰ, ਚਾਰ ਤੋਂ ਅੱਠ ਅਤੇ ਇਹ ਅੱਗੇ ਤੋਂ ਅੱਗੇ ਵਧਦੇ ਗਏ। ਇਸ ਤਰ੍ਹਾਂ ਤੁਹਾਡਾ ਪੂਰਾ ਸਰੀਰ ਤਕਰੀਬਨ 1,000 ਖਰਬ ਸੈੱਲਾਂ ਦਾ ਬਣਿਆ ਹੋਇਆ ਹੈ। ਇਹ ਸੈੱਲ ਬਹੁਤ ਹੀ ਿਨੱਕੇ ਹੁੰਦੇ ਹਨ। ਸਾਧਾਰਣ ਸਾਈਜ਼ ਦੇ 10 ਹਜ਼ਾਰ ਸੈੱਲ ਰਾਈ ਦੇ ਇਕ ਦਾਣੇ ਤੇ ਬੈਠ ਸਕਦੇ ਹਨ। ਪਰ ਫਿਰ ਵੀ ਹਰੇਕ ਸੈੱਲ ਇੰਨਾ ਗੁੰਝਲਦਾਰ ਹੈ ਕਿ ਤੁਸੀਂ ਮੰਨ ਵੀ ਨਹੀਂ ਸਕਦੇ। ਇਹ ਇਨਸਾਨ ਦੀ ਕਿਸੇ ਵੀ ਬਣਾਈ ਗਈ ਮਸ਼ੀਨ ਨਾਲੋਂ ਜ਼ਿਆਦਾ ਗੁੰਝਲਦਾਰ ਹੁੰਦਾ ਹੈ। ਵਿਗਿਆਨੀ ਕਹਿੰਦੇ ਹਨ ਕਿ ਸੈੱਲ ਇਕ ਅਜਿਹੇ ਸ਼ਹਿਰ ਵਰਗਾ ਹੈ ਜਿਸ ਦੇ ਆਲੇ-ਦੁਆਲੇ ਕੰਧ ਖੜ੍ਹੀ ਕੀਤੀ ਹੋਵੇ। ਸ਼ਹਿਰ ਦੇ ਅੰਦਰ ਕੌਣ ਆਉਂਦਾ-ਜਾਂਦਾ ਹੈ, ਉਸ ਤੇ ਨਿਗਾਹ ਰੱਖੀ ਜਾਂਦੀ ਹੈ। ਉਸ ਵਿਚ ਆਵਾਜਾਈ, ਸੰਚਾਰ, ਪਾਵਰ ਹਾਊਸ, ਫੈਕਟਰੀਆਂ, ਫ਼ੌਜ ਅਤੇ ਸਫ਼ਾਈ ਦੇ ਪ੍ਰਬੰਧ ਹੁੰਦੇ ਹਨ। ਇਸ ਦੇ ਨਾਲ ਹੀ ਉਸ ਦੇ ਕੇਂਦਰ ਵਿਚ ਇਕ ਕਿਸਮ ਦੀ ਸਰਕਾਰ ਦਾ ਬੰਦੋਬਸਤ ਵੀ ਹੁੰਦਾ ਹੈ। ਇਕ ਸ਼ਹਿਰ ਵਰਗਾ ਹੋਣ ਤੋਂ ਇਲਾਵਾ, ਕੁਝ ਹੀ ਘੰਟਿਆਂ ਵਿਚ ਇਕ ਸੈੱਲ ਆਪਣੇ ਵਰਗਾ ਹੋਰ ਨਵਾਂ ਸੈੱਲ ਬਣਾ ਸਕਦਾ ਹੈ!
11, 12. (ੳ) ਕਿਹੜੀ ਚੀਜ਼ ਕਰਕੇ ਭਰੂਣ ਦੇ ਸੈੱਲ ਵੱਖੋ-ਵੱਖਰੇ ਕੰਮ ਕਰਦੇ ਹਨ ਅਤੇ ਇਹ ਗੱਲ ਜ਼ਬੂਰਾਂ ਦੀ ਪੋਥੀ 139:16 ਵਿਚ ਕਿਸ ਤਰ੍ਹਾਂ ਦੱਸੀ ਗਈ ਹੈ? (ਅ) ਇਨਸਾਨ ਦੇ ਦਿਮਾਗ਼ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਅਸੀਂ “ਅਚਰਜ” ਤਰ੍ਹਾਂ ਬਣਾਏ ਗਏ ਹਾਂ?
11 ਸਾਰੇ ਸੈੱਲ ਇੱਕੋ ਜਿਹੇ ਨਹੀਂ ਹੁੰਦੇ। ਭਰੂਣ ਜਾਂ ਅਣਜੰਮੇ ਬੱਚੇ ਦੇ ਸੈੱਲ ਜਿਉਂ-ਜਿਉਂ ਵਧਦੇ ਰਹਿੰਦੇ ਹਨ, ਉਹ ਵੱਖਰੇ-ਵੱਖਰੇ ਕੰਮ ਕਰਨ ਲੱਗ ਪੈਂਦੇ ਹਨ। ਕੁਝ ਨਸ ਦੇ ਸੈੱਲ ਬਣ ਜਾਂਦੇ ਹਨ, ਕੁਝ ਹੱਡੀਆਂ, ਮਾਸ, ਖ਼ੂਨ ਜਾਂ ਅੱਖ ਦੇ ਸੈੱਲ। ਇਨ੍ਹਾਂ ਵੱਖਰੇ-ਵੱਖਰੇ ਸੈੱਲਾਂ ਦੀ ਪੂਰੀ ਜਾਣਕਾਰੀ ਸੈੱਲ ਦੀ “ਲਾਇਬ੍ਰੇਰੀ” ਯਾਨੀ ਉਸ ਦੇ ਡੀ. ਐੱਨ. ਏ. ਵਿਚ ਲਿਖੀ ਹੁੰਦੀ ਹੈ। ਦਿਲਚਸਪੀ ਦੀ ਗੱਲ ਹੈ ਕਿ ਦਾਊਦ ਨੇ ਆਤਮਾ ਦੀ ਪ੍ਰੇਰਣਾ ਦੁਆਰਾ ਯਹੋਵਾਹ ਨੂੰ ਕਿਹਾ ਸੀ: “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ [ਜਾਂ ਭਰੂਣ] ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ।”—ਜ਼ਬੂਰਾਂ ਦੀ ਪੋਥੀ 139:16.
12 ਸਰੀਰ ਦੇ ਕੁਝ ਹਿੱਸੇ ਤਾਂ ਬਹੁਤ ਹੀ ਗੁੰਝਲਦਾਰ ਹਨ। ਮਿਸਾਲ ਲਈ ਇਨਸਾਨ ਦੇ ਦਿਮਾਗ਼ ਤੇ ਗੌਰ ਕਰੋ। ਕੁਝ ਲੋਕ ਕਹਿੰਦੇ ਹਨ ਕਿ ਦੁਨੀਆਂ ਵਿਚ ਇਸ ਤੋਂ ਗੁੰਝਲਦਾਰ ਹੋਰ ਕੋਈ ਚੀਜ਼ ਨਹੀਂ ਹੈ। ਇਸ ਵਿਚ ਤਕਰੀਬਨ ਇਕ ਖਰਬ ਨਸ ਸੈੱਲ ਹਨ ਯਾਨੀ ਸਾਡੀ ਗਲੈਕਸੀ ਵਿਚ ਜਿੰਨੇ ਤਾਰੇ ਹਨ ਉੱਨੇ ਸੈੱਲ। ਇਸ ਦੇ ਨਾਲ-ਨਾਲ ਦਿਮਾਗ਼ ਦਾ ਹਰੇਕ ਸੈੱਲ ਸਰੀਰ ਦੇ ਹਜ਼ਾਰਾਂ ਹੋਰਨਾਂ ਸੈੱਲਾਂ ਨਾਲ ਮਿਲ ਕੇ ਕੰਮ ਕਰਦਾ ਹੈ। ਵਿਗਿਆਨੀ ਕਹਿੰਦੇ ਹਨ ਕਿ ਇਨਸਾਨ ਦੇ ਦਿਮਾਗ਼ ਵਿਚ ਦੁਨੀਆਂ ਦੀਆਂ ਸਾਰੀਆਂ ਲਾਇਬ੍ਰੇਰੀਆਂ ਦੀ ਜਾਣਕਾਰੀ ਤੋਂ ਕਿਤੇ ਜ਼ਿਆਦਾ ਜਾਣਕਾਰੀ ਜਮ੍ਹਾ ਕੀਤੀ ਜਾ ਸਕਦੀ ਹੈ। ਅਸੀਂ ਤਾਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ! ਭਾਵੇਂ ਵਿਗਿਆਨੀਆਂ ਨੇ ਕਈਆਂ ਸਾਲਾਂ ਤੋਂ ਇਸ “ਅਚਰਜ” ਅੰਗ ਦਾ ਅਧਿਐਨ ਕੀਤਾ ਹੈ, ਫਿਰ ਵੀ ਉਹ ਸਵੀਕਾਰ ਕਰਦੇ ਹਨ ਕਿ ਸ਼ਾਇਦ ਉਹ ਕਦੇ ਵੀ ਇਸ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਣਗੇ।
13, 14. (ੳ) ਕੀੜੀਆਂ ਅਤੇ ਹੋਰ ਜੀਵ-ਜੰਤੂ ਕਿਸ ਤਰ੍ਹਾਂ ਦਿਖਾਉਂਦੇ ਹਨ ਕਿ ਉਹ ‘ਬੜੇ ਸਿਆਣੇ’ ਹਨ ਅਤੇ ਇਸ ਤੋਂ ਅਸੀਂ ਉਨ੍ਹਾਂ ਦੇ ਬਣਾਉਣ ਵਾਲੇ ਬਾਰੇ ਕੀ ਸਿੱਖਦੇ ਹਾਂ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੱਕੜੀ ਦੇ ਜਾਲ ਵਰਗੀਆਂ ਚੀਜ਼ਾਂ “ਬੁੱਧੀ ਨਾਲ” ਬਣਾਈਆਂ ਗਈਆਂ ਹਨ?
13 ਇਨਸਾਨ ਤਾਂ ਯਹੋਵਾਹ ਦੀ ਬੁੱਧ ਦੀ ਸਿਰਫ਼ ਇਕ ਮਿਸਾਲ ਹੈ। ਜ਼ਬੂਰਾਂ ਦੀ ਪੋਥੀ 104:24 ਵਿਚ ਲਿਖਿਆ ਹੈ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” ਯਹੋਵਾਹ ਦੀ ਬੁੱਧ ਉਸ ਦੀ ਹਰ ਸਰਿਸ਼ਟ ਕੀਤੀ ਹੋਈ ਚੀਜ਼ ਤੋਂ ਨਜ਼ਰ ਆਉਂਦੀ ਹੈ। ਮਿਸਾਲ ਲਈ ਕੀੜੀ ‘ਬੜੀ ਸਿਆਣੀ’ ਹੁੰਦੀ ਹੈ। (ਕਹਾਉਤਾਂ 30:24) ਅਸਲ ਵਿਚ ਕੀੜੀਆਂ ਮਿਲ ਕੇ ਆਪਣੇ ਕੰਮ ਬਹੁਤ ਹੀ ਚੰਗੀ ਤਰ੍ਹਾਂ ਕਰਦੀਆਂ ਹਨ। ਜਿਸ ਤਰ੍ਹਾਂ ਲੋਕ ਮੱਝਾਂ-ਗਾਂਵਾਂ ਪਾਲਦੇ ਹਨ, ਉਸੇ ਤਰ੍ਹਾਂ ਕੁਝ ਕੀੜੀਆਂ ਮਾਹੋਂ ਜੂੰਆਂ ਨਾਂ ਦੇ ਕੀੜਿਆਂ ਨੂੰ ਪਾਲਦੀਆਂ ਹਨ, ਕਿਉਂਕਿ ਉਨ੍ਹਾਂ ਤੋਂ ਉਨ੍ਹਾਂ ਨੂੰ ਮਿੱਠਾ ਕਣ ਮਿਲਦਾ ਹੈ। ਦੂਸਰੀਆਂ ਕੀੜੀਆਂ ਕਿਸਾਨਾਂ ਵਾਂਗ ਉੱਲੀ ਦੀ “ਖੇਤੀ” ਕਰਦੀਆਂ ਹਨ। ਇਸੇ ਤਰ੍ਹਾਂ ਹੋਰ ਕਈ ਜੀਵ-ਜੰਤੂ ਸੁਭਾਵਕ ਤੌਰ ਤੇ ਅਨੇਕ ਪ੍ਰਕਾਰ ਦੇ ਕੰਮ ਕਰਨ ਲਈ ਡੀਜ਼ਾਈਨ ਕੀਤੇ ਗਏ ਹਨ। ਆਮ ਮੱਖੀਆਂ ਵੀ ਅਜਿਹੀਆਂ ਕਮਾਲ ਦੀਆਂ ਕਲਾਬਾਜ਼ੀਆਂ ਲਾਉਂਦੀਆਂ ਹਨ ਕਿ ਇਨਸਾਨਾਂ ਦੇ ਵਧੀਆ ਤੋਂ ਵਧੀਆ ਹਵਾਈ ਜਹਾਜ਼ ਵੀ ਉਨ੍ਹਾਂ ਦੀ ਨਕਲ ਨਹੀਂ ਕਰ ਸਕਦੇ। ਇਕ ਥਾਂ ਤੋਂ ਦੂਜੀ ਥਾਂ ਜਾਣ ਵਾਲੇ ਪੰਛੀ ਆਪਣਾ ਰਾਹ ਕਿਸ ਤਰ੍ਹਾਂ ਲੱਭ ਲੈਂਦੇ ਹਨ? ਉਹ ਤਾਰੇ ਅਤੇ ਧਰਤੀ ਦੀ ਚੁੰਬਕ ਸ਼ਕਤੀ ਵਰਤਦੇ ਹਨ ਜਾਂ ਉਨ੍ਹਾਂ ਦੇ ਅੰਦਰ ਕਿਸੇ ਕਿਸਮ ਦਾ ਨਕਸ਼ਾ ਬਣਿਆ ਹੁੰਦਾ ਹੈ। ਇਨ੍ਹਾਂ ਜੀਵ-ਜੰਤੂਆਂ ਦੇ ਕੰਮ ਕਰਨ ਦੇ ਸੁਭਾਵਕ ਤਰੀਕਿਆਂ ਦੀ ਪੜ੍ਹਾਈ ਕਰਨ ਵਿਚ ਜੀਵ-ਵਿਗਿਆਨੀਆਂ ਨੇ ਕਈ-ਕਈ ਸਾਲ ਲਾ ਦਿੱਤੇ ਹਨ। ਤਾਂ ਫਿਰ ਜਿਸ ਨੇ ਇਨ੍ਹਾਂ ਨੂੰ ਸਿਆਣੇ ਬਣਾਇਆ ਹੈ, ਉਹ ਕਿੰਨਾ ਬੁੱਧੀਮਾਨ ਹੋਣਾ!
14 ਵਿਗਿਆਨੀਆਂ ਨੇ ਤਾਂ ਯਹੋਵਾਹ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਬਹੁਤ ਕੁਝ ਸਿੱਖਿਆ ਹੈ! ਉਹ ਉਨ੍ਹਾਂ ਚੀਜ਼ਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਦੀ ਇੰਜੀਨੀਅਰੀ ਨੂੰ ਬਾਇਓਮਿਮੈਟਿਕਸ ਸੱਦਿਆ ਜਾਂਦਾ ਹੈ। ਮਿਸਾਲ ਲਈ ਤੁਸੀਂ ਸ਼ਾਇਦ ਸੋਚੋ ਕਿ ਮੱਕੜੀ ਦਾ ਜਾਲ ਕਿੰਨਾ ਸੋਹਣਾ ਲੱਗਦਾ ਹੈ। ਪਰ ਇਕ ਇੰਜੀਨੀਅਰ ਉਸ ਦੇ ਸ਼ਾਨਦਾਰ ਡੀਜ਼ਾਈਨ ਨੂੰ ਦੇਖੇਗਾ। ਜਾਲ ਦੀਆਂ ਤਾਰਾਂ ਕਮਜ਼ੋਰ ਨਜ਼ਰ ਆਉਂਦੀਆਂ ਹਨ, ਪਰ ਜੇ ਉਹ ਮੋਟੀਆਂ ਕੀਤੀਆਂ ਜਾਣ, ਤਾਂ ਉਹ ਸਟੀਲ ਨਾਲੋਂ ਅਤੇ ਬੁਲਟ-ਪਰੂਫ ਵੈਸਟ ਦੇ ਧਾਗਿਆਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋਣਗੀਆਂ। ਉਹ ਕਿੰਨੀਆਂ ਕੁ ਮਜ਼ਬੂਤ ਹੋਣਗੀਆਂ? ਮੰਨ ਲਓ ਕਿ ਤੁਸੀਂ ਇਸ ਜਾਲ ਨੂੰ ਬਹੁਤ ਵੱਡਾ ਬਣਾ ਦਿੰਦੇ ਹੋ। ਇਹ ਜਾਲ ਇੰਨਾ ਮਜ਼ਬੂਤ ਹੋਵੇਗਾ ਕਿ ਇਹ ਉੱਡ ਰਹੇ ਹਵਾਈ ਜਹਾਜ਼ ਨੂੰ ਇੰਨੀ ਆਸਾਨੀ ਨਾਲ ਰੋਕ ਸਕੇਗਾ ਜਿਵੇਂ ਮੱਕੜੀ ਦਾ ਜਾਲ ਕਿਸੇ ਮੱਛਰ ਜਾਂ ਮੱਖੀ ਨੂੰ ਰੋਕ ਲੈਂਦਾ ਹੈ! ਯਹੋਵਾਹ ਨੇ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਆਪਣੀ “ਬੁੱਧੀ ਨਾਲ” ਬਣਾਈਆਂ ਹਨ।
ਧਰਤੀ ਦੇ ਜੀਵ-ਜੰਤੂਆਂ ਨੂੰ ‘ਬੜੇ ਸਿਆਣੇ’ ਕਿਸੇ ਨੇ ਡੀਜ਼ਾਈਨ ਕੀਤਾ ਹੈ?
ਬੁੱਧ ਸਿਰਫ਼ ਧਰਤੀ ਉੱਤੇ ਹੀ ਨਹੀਂ ਦੇਖੀ ਜਾਂਦੀ
15, 16. (ੳ) ਯਹੋਵਾਹ ਦੀ ਬੁੱਧ ਤਾਰਿਆਂ-ਭਰੇ ਆਕਾਸ਼ ਤੋਂ ਕਿਸ ਤਰ੍ਹਾਂ ਦੇਖੀ ਜਾਂਦੀ ਹੈ? (ਅ) ਦੂਤਾਂ ਦੇ ਸੰਬੰਧ ਵਿਚ ਯਹੋਵਾਹ ਦੀ ਬੁੱਧ ਕਿਸ ਤਰ੍ਹਾਂ ਦੇਖੀ ਜਾਂਦੀ ਹੈ?
15 ਯਹੋਵਾਹ ਦੀ ਬੁੱਧ ਧਰਤੀ ਤੋਂ ਪਾਰ ਸਾਰੇ ਬ੍ਰਹਿਮੰਡ ਵਿਚ ਵੀ ਦੇਖੀ ਜਾਂਦੀ ਹੈ। ਇਸ ਕਿਤਾਬ ਦੇ 5ਵੇਂ ਅਧਿਆਇ ਵਿਚ ਅਸੀਂ ਤਾਰਿਆਂ-ਭਰੇ ਆਕਾਸ਼ ਦੀ ਕਾਫ਼ੀ ਗੱਲ ਕੀਤੀ ਸੀ। ਉਨ੍ਹਾਂ ਨੂੰ ਪੁਲਾੜ ਵਿਚ ਐਵੇਂ ਹੀ ਨਹੀਂ ਖਿਲਾਰਿਆ ਗਿਆ ਹੈ। ਯਹੋਵਾਹ ਦੀਆਂ “ਅਕਾਸ਼ ਦੀਆਂ ਬਿਧੀਆਂ” ਸਦਕਾ ਆਸਮਾਨ ਵਿਚ ਗਲੈਕਸੀਆਂ ਬੜੀ ਸੋਹਣੀ ਤਰ੍ਹਾਂ ਆਪੋ-ਆਪਣੀ ਥਾਂ ਤੇ ਹਨ। ਇਹ ਗਲੈਕਸੀਆਂ ਵੱਡੇ-ਵੱਡੇ ਗੁੱਛਿਆਂ ਵਿਚ ਇਕੱਠੀਆਂ ਕੀਤੀਆਂ ਗਈਆਂ ਹਨ ਤੇ ਇਹ ਗੁੱਛੇ ਅੱਗੇ ਹੋਰ ਵੱਡੇ ਗੁੱਛਿਆਂ ਵਿਚ ਇਕੱਠੇ ਕੀਤੇ ਗਏ ਹਨ। (ਅੱਯੂਬ 38:33) ਇਸੇ ਕਰਕੇ ਯਹੋਵਾਹ ਇਨ੍ਹਾਂ ਆਕਾਸ਼ੀ ਪਿੰਡਾਂ ਨੂੰ “ਸੈਨਾ” ਸੱਦਦਾ ਹੈ! (ਯਸਾਯਾਹ 40:26) ਪਰ ਇਕ ਹੋਰ ਸੈਨਾ ਵੀ ਹੈ ਜੋ ਇਸ ਤੋਂ ਵੀ ਵੱਧ ਕੇ ਯਹੋਵਾਹ ਦੀ ਬੁੱਧ ਦਾ ਸਬੂਤ ਦਿੰਦੀ ਹੈ।
16 ਜਿਵੇਂ ਅਸੀਂ ਇਸ ਕਿਤਾਬ ਦੇ ਚੌਥੇ ਅਧਿਆਇ ਵਿਚ ਦੇਖਿਆ ਸੀ, ਪਰਮੇਸ਼ੁਰ ਨੂੰ “ਸੈਨਾਂ ਦਾ ਯਹੋਵਾਹ” ਸੱਦਿਆ ਗਿਆ ਹੈ। ਇਸ ਖ਼ਿਤਾਬ ਤੋਂ ਪਤਾ ਲੱਗਦਾ ਹੈ ਕਿ ਉਹ ਦੂਤਾਂ ਦੀ ਵੱਡੀ ਜਥੇਬੰਦ ਸੈਨਾ ਦਾ ਮਹਾਨ ਕਮਾਂਡਰ ਹੈ। ਇਸ ਤੋਂ ਯਹੋਵਾਹ ਦੀ ਸ਼ਕਤੀ ਬਾਰੇ ਪਤਾ ਲੱਗਦਾ ਹੈ। ਪਰ ਇਸ ਤੋਂ ਉਸ ਦੀ ਬੁੱਧ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ? ਜ਼ਰਾ ਸੋਚੋ: ਯਹੋਵਾਹ ਅਤੇ ਯਿਸੂ ਕਦੇ ਵਿਹਲੇ ਨਹੀਂ ਬੈਠਦੇ। (ਯੂਹੰਨਾ 5:17) ਤਾਂ ਫਿਰ ਅਸੀਂ ਮੰਨ ਸਕਦੇ ਹਾਂ ਕਿ ਦੂਤ ਜੋ ਅੱਤ ਮਹਾਨ ਦੇ ਸੇਵਕ ਹਨ, ਇਸੇ ਤਰ੍ਹਾਂ ਕੰਮ ਕਰਦੇ ਰਹਿੰਦੇ ਹਨ। ਇਹ ਗੱਲ ਵੀ ਯਾਦ ਰੱਖੋ ਕਿ ਉਹ ਇਨਸਾਨ ਨਾਲੋਂ ਮਹਾਨ ਹੋਣ ਦੇ ਨਾਤੇ ਬਹੁਤ ਹੀ ਅਕਲਮੰਦ ਤੇ ਬਹੁਤ ਹੀ ਸ਼ਕਤੀਸ਼ਾਲੀ ਹਨ। (ਇਬਰਾਨੀਆਂ 1:7; 2:7) ਪਰ ਇਨ੍ਹਾਂ ਅਰਬਾਂ ਖਰਬਾਂ ਸਾਲਾਂ ਦੌਰਾਨ ਯਹੋਵਾਹ ਨੇ ਇਨ੍ਹਾਂ ਦੂਤਾਂ ਨੂੰ ਕੰਮ ਵਿਚ ਮਗਨ ਰੱਖਿਆ ਹੈ। ਨਾਲੇ ਦੂਤਾਂ ਨੂੰ ‘ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਨ’ ਅਤੇ ‘ਉਹ ਦੀ ਮਰਜ਼ੀ ਨੂੰ ਪੂਰਿਆਂ ਕਰਨ’ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 103:20, 21) ਤਾਂ ਫਿਰ ਉਨ੍ਹਾਂ ਦੇ ਕਮਾਂਡਰ ਯਾਨੀ ਯਹੋਵਾਹ ਦੀ ਬੁੱਧ ਕਿੰਨੀ ਡੂੰਘੀ ਹੈ!
ਸਿਰਫ਼ ਯਹੋਵਾਹ ਹੀ “ਬੁੱਧੀਵਾਨ” ਹੈ
17, 18. ਬਾਈਬਲ ਕਿਉਂ ਕਹਿੰਦੀ ਹੈ ਕਿ ਸਿਰਫ਼ ਯਹੋਵਾਹ ਹੀ “ਬੁੱਧੀਵਾਨ” ਹੈ ਅਤੇ ਉਸ ਦੀ ਬੁੱਧ ਬਾਰੇ ਸੋਚ ਕੇ ਸਾਡੇ ਸਿਰ ਨਿਮਰਤਾ ਨਾਲ ਝੁੱਕ ਕਿਉਂ ਜਾਣੇ ਚਾਹੀਦੇ ਹਨ?
17 ਇਹ ਸਾਰੇ ਸਬੂਤ ਦੇਖਣ ਤੋਂ ਬਾਅਦ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਵਿਚ ਕਿਉਂ ਕਿਹਾ ਗਿਆ ਹੈ ਕਿ ਯਹੋਵਾਹ ਦੀ ਬੁੱਧ ਇੰਨੀ ਡੂੰਘੀ ਹੈ। ਮਿਸਾਲ ਲਈ, ਉਸ ਵਿਚ ਲਿਖਿਆ ਹੈ ਕਿ ਸਿਰਫ਼ ਯਹੋਵਾਹ ਹੀ “ਬੁੱਧੀਵਾਨ” ਹੈ। (ਰੋਮੀਆਂ 16:27) ਯਹੋਵਾਹ ਜਿੰਨਾ ਬੁੱਧੀਮਾਨ ਹੋਰ ਕੋਈ ਨਹੀਂ ਹੈ; ਸਿਰਫ਼ ਉਹੀ ਬੁੱਧ ਦਾ ਖ਼ਜ਼ਾਨਾ ਹੈ। (ਕਹਾਉਤਾਂ 2:6) ਇਸੇ ਕਰਕੇ ਭਾਵੇਂ ਯਿਸੂ ਯਹੋਵਾਹ ਦੀ ਸਾਰੀ ਸ੍ਰਿਸ਼ਟੀ ਵਿੱਚੋਂ ਸਭ ਤੋਂ ਬੁੱਧੀਮਾਨ ਸੀ, ਫਿਰ ਵੀ ਉਸ ਨੇ ਆਪਣੀ ਬੁੱਧ ਤੇ ਭਰੋਸਾ ਰੱਖਣ ਦੀ ਬਜਾਇ ਆਪਣੇ ਪਿਤਾ ਦੀ ਸਿੱਖਿਆ ਦਿੱਤੀ ਸੀ।—ਯੂਹੰਨਾ 12:48-50.
18 ਧਿਆਨ ਦਿਓ ਕਿ ਪੌਲੁਸ ਰਸੂਲ ਨੇ ਯਹੋਵਾਹ ਦੀ ਨਿਰਾਲੀ ਬੁੱਧ ਬਾਰੇ ਕੀ ਕਿਹਾ ਸੀ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!” (ਰੋਮੀਆਂ 11:33) “ਵਾਹ” ਸ਼ਬਦ ਨਾਲ ਆਪਣੀ ਗੱਲ ਸ਼ੁਰੂ ਕਰ ਕੇ ਪੌਲੁਸ ਨੇ ਆਪਣੀ ਸ਼ਰਧਾ ਪ੍ਰਗਟ ਕੀਤੀ ਸੀ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਡੂੰਘਾ” ਕੀਤਾ ਗਿਆ ਹੈ, ਉਹ “ਡੂੰਘੀ ਖਾਈ” ਨਾਲ ਸੰਬੰਧ ਰੱਖਦਾ ਹੈ। ਇਸ ਤਰ੍ਹਾਂ ਪੌਲੁਸ ਦੇ ਸ਼ਬਦ ਸਾਡੇ ਮਨ ਵਿਚ ਇਕ ਤਸਵੀਰ ਖਿੱਚਦੇ ਹਨ। ਜਦੋਂ ਅਸੀਂ ਯਹੋਵਾਹ ਦੀ ਬੁੱਧ ਬਾਰੇ ਸੋਚਦੇ ਹਾਂ, ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਕਿਸੇ ਇੰਨੀ ਡੂੰਘੀ ਖਾਈ ਵਿਚ ਦੇਖ ਰਹੇ ਹੁੰਦੇ ਹਾਂ ਜਿਸ ਦਾ ਥੱਲਾ ਨਜ਼ਰ ਨਹੀਂ ਆਉਂਦਾ, ਜੋ ਇੰਨੀ ਵਿਸ਼ਾਲ ਹੈ ਕਿ ਅਸੀਂ ਉਸ ਦਾ ਨਕਸ਼ਾ ਨਹੀਂ ਬਣਾ ਸਕਦੇ ਅਤੇ ਨਾ ਹੀ ਉਸ ਬਾਰੇ ਸਭ ਕੁਝ ਜਾਣ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 92:5) ਕੀ ਇਹ ਸੋਚ ਕੇ ਯਹੋਵਾਹ ਅੱਗੇ ਨਿਮਰਤਾ ਨਾਲ ਸਾਡਾ ਸਿਰ ਝੁੱਕ ਨਹੀਂ ਜਾਂਦਾ?
19, 20. (ੳ) ਇਕ ਉਕਾਬ ਪਰਮੇਸ਼ੁਰ ਦੀ ਬੁੱਧ ਦਾ ਸਹੀ ਪ੍ਰਤੀਕ ਕਿਉਂ ਹੈ? (ਅ) ਯਹੋਵਾਹ ਨੇ ਕਿਸ ਤਰ੍ਹਾਂ ਦਿਖਾਇਆ ਹੈ ਕਿ ਸਿਰਫ਼ ਉਹੀ ਭਵਿੱਖ ਵਿਚ ਦੇਖ ਸਕਦਾ ਹੈ?
19 ਅਸੀਂ ਇਸ ਗੱਲ ਤੋਂ ਵੀ ਦੇਖ ਸਕਦੇ ਹਾਂ ਕਿ ਯਹੋਵਾਹ “ਬੁੱਧੀਵਾਨ” ਹੈ ਕਿ ਸਿਰਫ਼ ਉਹੀ ਭਵਿੱਖ ਵਿਚ ਦੇਖ ਸਕਦਾ ਹੈ। ਯਾਦ ਰੱਖੋ ਕਿ ਯਹੋਵਾਹ ਆਪਣੀ ਬੁੱਧ ਦੇ ਪ੍ਰਤੀਕ ਵਜੋਂ ਇਕ ਉਕਾਬ ਨੂੰ ਵਰਤਦਾ ਹੈ ਜੋ ਦੂਰ ਤਕ ਦੇਖ ਸਕਦਾ ਹੈ। ਸੁਨਹਿਰੇ ਉਕਾਬ ਦਾ ਵਜ਼ਨ ਸਿਰਫ਼ ਪੰਜ ਕਿਲੋ ਹੁੰਦਾ ਹੈ ਪਰ ਉਸ ਦੀਆਂ ਅੱਖਾਂ ਇਕ ਆਦਮੀ ਦੀਆਂ ਅੱਖਾਂ ਨਾਲੋਂ ਵੱਡੀਆਂ ਹੁੰਦੀਆਂ ਹਨ। ਉਕਾਬ ਆਪਣੀ ਤੇਜ਼ ਨਜ਼ਰ ਲਈ ਮੰਨੇ ਜਾਂਦੇ ਹਨ ਕਿਉਂਕਿ ਉਹ ਮੀਲਾਂ ਦੂਰ ਪਏ ਛੋਟੇ ਜਿਹੇ ਸ਼ਿਕਾਰ ਨੂੰ ਦੇਖ ਸਕਦੇ ਹਨ! ਯਹੋਵਾਹ ਨੇ ਖ਼ੁਦ ਇਕ ਵਾਰ ਉਕਾਬ ਬਾਰੇ ਕਿਹਾ ਸੀ: “ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ।” (ਅੱਯੂਬ 39:29) ਕੁਝ ਇਸੇ ਤਰ੍ਹਾਂ ਯਹੋਵਾਹ ਵੀ ਦੂਰ ਭਵਿੱਖ ਵਿਚ ਦੇਖ ਸਕਦਾ ਹੈ।
20 ਬਾਈਬਲ ਵਿਚ ਇਸ ਗੱਲ ਦਾ ਪੂਰਾ ਸਬੂਤ ਹੈ। ਉਸ ਵਿਚ ਸੈਂਕੜਿਆਂ ਭਵਿੱਖਬਾਣੀਆਂ ਹਨ। ਉਸ ਵਿਚ ਕਈ ਘਟਨਾਵਾਂ ਬਾਰੇ ਇਸ ਤਰ੍ਹਾਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ ਜਿਵੇਂ ਕਿ ਉਹ ਵਾਪਰ ਚੁੱਕੀਆਂ ਹਨ। ਜੰਗਾਂ ਦੇ ਨਤੀਜੇ, ਵਿਸ਼ਵ ਸ਼ਕਤੀਆਂ ਦੇ ਉਤਾਰ-ਚੜ੍ਹਾਅ ਅਤੇ ਮਿਲਟਰੀ ਕਮਾਂਡਰਾਂ ਦੀਆਂ ਕੁਝ ਜੁਗਤਾਂ ਵੀ ਬਾਈਬਲ ਵਿਚ ਪਹਿਲਾਂ ਹੀ ਦੱਸੀਆਂ ਗਈਆਂ ਸਨ—ਕੁਝ ਤਾਂ ਸੈਂਕੜੇ ਸਾਲ ਪਹਿਲਾਂ ਦੱਸੀਆਂ ਗਈਆਂ ਸਨ।—ਯਸਾਯਾਹ 44:25–45:4; ਦਾਨੀਏਲ 8:2-8, 20-22.
21, 22. (ੳ) ਇਸ ਗੱਲ ਦਾ ਕੋਈ ਆਧਾਰ ਕਿਉਂ ਨਹੀਂ ਹੈ ਕਿ ਯਹੋਵਾਹ ਨੇ ਪਹਿਲਾਂ ਹੀ ਦੇਖ ਲਿਆ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਫ਼ੈਸਲੇ ਕਰੋਗੇ? ਇਸ ਦੀ ਉਦਾਹਰਣ ਦਿਓ। (ਅ) ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਇਨਸਾਨਾਂ ਨਾਲ ਹਮਦਰਦੀ ਤੇ ਪਿਆਰ ਕਰਦਾ ਹੈ?
21 ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਨੇ ਪਹਿਲਾਂ ਹੀ ਦੇਖ ਲਿਆ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਫ਼ੈਸਲੇ ਕਰੋਗੇ? ਜੋ ਲੋਕ ਕਿਸਮਤ ਵਿਚ ਵਿਸ਼ਵਾਸ ਕਰਦੇ ਹਨ, ਉਹ ਤਾਂ ਜ਼ਰੂਰ ਇਸ ਤਰ੍ਹਾਂ ਸੋਚਣਗੇ ਕਿ ‘ਹਾਂ ਰੱਬ ਨੇ ਪਹਿਲਾਂ ਹੀ ਸਭ ਕੁਝ ਦੇਖ ਲਿਆ ਹੈ।’ ਪਰ ਇਹ ਖ਼ਿਆਲ ਯਹੋਵਾਹ ਦੀ ਬੁੱਧ ਬਾਰੇ ਸਹੀ ਨਹੀਂ ਹੈ ਕਿਉਂਕਿ ਇਸ ਤੋਂ ਲੱਗਦਾ ਹੈ ਕਿ ਯਹੋਵਾਹ ਆਪਣੇ ਆਪ ਨੂੰ ਭਵਿੱਖ ਵਿਚ ਦੇਖਣ ਤੋਂ ਰੋਕ ਨਹੀਂ ਸਕਦਾ। ਉਦਾਹਰਣ ਵਜੋਂ: ਜੇ ਤੁਹਾਡੀ ਆਵਾਜ਼ ਬਹੁਤ ਸੁਰੀਲੀ ਹੋਵੇ, ਤਾਂ ਕੀ ਇਸ ਦਾ ਇਹ ਮਤਲਬ ਹੋਵੇਗਾ ਕਿ ਤੁਹਾਨੂੰ ਹਰ ਵਕਤ ਗਾਉਣਾ ਹੀ ਪਵੇਗਾ, ਕਿ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ ਸਕੋਗੇ? ਇਸ ਤਰ੍ਹਾਂ ਸੋਚਣਾ ਵੀ ਅਜੀਬ ਹੈ, ਹੈ ਨਾ? ਇਸੇ ਤਰ੍ਹਾਂ ਯਹੋਵਾਹ ਕੋਲ ਭਵਿੱਖ ਵਿਚ ਦੇਖਣ ਦੀ ਯੋਗਤਾ ਹੈ, ਪਰ ਉਹ ਇਸ ਯੋਗਤਾ ਨੂੰ ਹਰ ਵਕਤ ਵਰਤਦਾ ਨਹੀਂ ਰਹਿੰਦਾ। ਜੇ ਉਹ ਇਸ ਤਰ੍ਹਾਂ ਕਰਦਾ, ਤਾਂ ਉਸ ਨੇ ਸਾਨੂੰ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਨਹੀਂ ਦੇਣੀ ਸੀ। ਇਹ ਆਜ਼ਾਦੀ ਯਹੋਵਾਹ ਵੱਲੋਂ ਸਾਨੂੰ ਇਕ ਤੋਹਫ਼ਾ ਹੈ ਅਤੇ ਉਹ ਇਸ ਆਜ਼ਾਦੀ ਨੂੰ ਕਦੇ ਭੰਗ ਨਹੀਂ ਕਰੇਗਾ।—ਬਿਵਸਥਾ ਸਾਰ 30:19, 20.
22 ਕਿਸਮਤ ਉੱਤੇ ਭਰੋਸਾ ਰੱਖਣ ਵਾਲੇ ਲੋਕ ਅਸਲ ਵਿਚ ਯਹੋਵਾਹ ਤੇ ਇਹ ਦੋਸ਼ ਲਾਉਂਦੇ ਹਨ ਕਿ ਉਹ ਇਨਸਾਨਾਂ ਨਾਲ ਹਮਦਰਦੀ ਨਹੀਂ ਰੱਖਦਾ, ਪਿਆਰ ਨਹੀਂ ਕਰਦਾ ਅਤੇ ਕਿਸੇ ਦੀ ਪਰਵਾਹ ਨਹੀਂ ਕਰਦਾ। ਪਰ ਇਹ ਸੱਚ ਨਹੀਂ ਹੈ! ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਆਪਣੇ “ਦਿਲੋਂ ਬੁੱਧੀਮਾਨ” ਹੈ। (ਅੱਯੂਬ 9:4) ਇਸ ਦਾ ਇਹ ਮਤਲਬ ਨਹੀਂ ਕਿ ਉਸ ਵਿਚ ਸੱਚ-ਮੁੱਚ ਇਕ ਦਿਲ ਹੈ, ਪਰ ਬਾਈਬਲ ਵਿਚ ਜਦ ਦਿਲ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਹ ਕਿਸੇ ਦੇ ਅੰਦਰਲੇ ਜਜ਼ਬਾਤਾਂ ਦੀ ਗੱਲ ਹੁੰਦੀ ਹੈ ਜਿਵੇਂ ਕਿ ਪਿਆਰ ਦੀ ਗੱਲ। ਸੋ ਯਹੋਵਾਹ ਦੀ ਬੁੱਧ ਉਸ ਦੇ ਦੂਜੇ ਗੁਣਾਂ ਵਾਂਗ ਪਿਆਰ ਨਾਲ ਵਰਤੀ ਜਾਂਦੀ ਹੈ।—1 ਯੂਹੰਨਾ 4:8.
23. ਯਹੋਵਾਹ ਦੀ ਬੁੱਧ ਦੀ ਉੱਤਮਤਾ ਕਰਕੇ ਸਾਨੂੰ ਕੀ ਕਰਨਾ ਚਾਹੀਦਾ ਹੈ?
23 ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਯਹੋਵਾਹ ਦੀ ਬੁੱਧ ਉੱਤੇ ਭਰੋਸਾ ਰੱਖ ਸਕਦੇ ਹਾਂ। ਉਹ ਸਾਡੇ ਨਾਲੋਂ ਇੰਨਾ ਬੁੱਧੀਮਾਨ ਹੈ ਕਿ ਬਾਈਬਲ ਵਿਚ ਸਾਨੂੰ ਕਿਹਾ ਗਿਆ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਆਓ ਆਪਾਂ ਹੁਣ ਯਹੋਵਾਹ ਦੀ ਬੁੱਧ ਬਾਰੇ ਹੋਰ ਸਿੱਖੀਏ ਜਿਸ ਨਾਲ ਅਸੀਂ ਆਪਣੇ ਬੁੱਧੀਮਾਨ ਪਰਮੇਸ਼ੁਰ ਦੇ ਹੋਰ ਨੇੜੇ ਰਹਿਣਾ ਚਾਹਾਂਗੇ।
-
-
‘ਪਰਮੇਸ਼ੁਰ ਦੇ ਬਚਨ’ ਵਿਚਲੀ ਬੁੱਧਯਹੋਵਾਹ ਦੇ ਨੇੜੇ ਰਹੋ
-
-
ਅਠਾਰ੍ਹਵਾਂ ਅਧਿਆਇ
‘ਪਰਮੇਸ਼ੁਰ ਦੇ ਬਚਨ’ ਵਿਚਲੀ ਬੁੱਧ
1, 2. ਯਹੋਵਾਹ ਨੇ ਸਾਨੂੰ ਕਿਹੜੀ “ਚਿੱਠੀ” ਲਿਖੀ ਹੈ ਅਤੇ ਕਿਉਂ?
ਕੀ ਤੁਹਾਨੂੰ ਯਾਦ ਹੈ ਜਦੋਂ ਤੁਹਾਨੂੰ ਦੂਰ ਰਹਿੰਦੇ ਕਿਸੇ ਸਾਕ-ਸੰਬੰਧੀ ਦੀ ਚਿੱਠੀ ਆਈ ਸੀ? ਕਿਸੇ ਅਜ਼ੀਜ਼ ਦੀ ਚਿੱਠੀ ਪੜ੍ਹਨ ਨਾਲ ਅਸੀਂ ਬਹੁਤ ਖ਼ੁਸ਼ ਹੁੰਦੇ ਹਾਂ। ਉਸ ਦੀ ਰਾਜ਼ੀ-ਖ਼ੁਸ਼ੀ ਬਾਰੇ ਪੜ੍ਹ ਕੇ ਸਾਡਾ ਦਿਲ ਮੁਸਕਰਾਉਂਦਾ ਹੈ ਅਤੇ ਅਸੀਂ ਉਸ ਦੇ ਕੰਮਾਂ-ਕਾਰਾਂ ਬਾਰੇ ਜਾਣਨਾ ਚਾਹੁੰਦੇ ਹਾਂ। ਇਸ ਤਰ੍ਹਾਂ ਭਾਵੇਂ ਤੁਸੀਂ ਕਿਸੇ ਤੋਂ ਕਿੰਨੀ ਵੀ ਦੂਰ ਕਿਉਂ ਨਾ ਹੋਵੋ, ਫਿਰ ਵੀ ਤੁਸੀਂ ਚਿੱਠੀਆਂ ਰਾਹੀਂ ਇਕ-ਦੂਜੇ ਦੇ ਨਜ਼ਦੀਕ ਮਹਿਸੂਸ ਕਰ ਸਕਦੇ ਹੋ।
2 ਸਾਡੇ ਪਿਆਰੇ ਪਿਤਾ ਯਹੋਵਾਹ ਨੇ ਵੀ ਸਾਨੂੰ ਇਕ “ਚਿੱਠੀ” ਲਿਖੀ ਹੈ ਯਾਨੀ ਉਸ ਦਾ ਬਚਨ ਬਾਈਬਲ। ਉਸ ਵਿਚ ਉਹ ਸਾਨੂੰ ਦੱਸਦਾ ਹੈ ਕਿ ਉਹ ਕੌਣ ਹੈ, ਉਸ ਨੇ ਕੀ ਕੀਤਾ ਹੈ, ਭਵਿੱਖ ਵਿਚ ਉਹ ਕੀ ਕਰੇਗਾ ਅਤੇ ਹੋਰ ਵੀ ਕਈ ਗੱਲਾਂ। ਯਹੋਵਾਹ ਨੇ ਸਾਨੂੰ ਆਪਣਾ ਬਚਨ ਦਿੱਤਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨਜ਼ਦੀਕ ਹੋਈਏ। ਤਾਂ ਫਿਰ ਹੋਰ ਕਿਹੜੀ ਚੀਜ਼ ਤੋਂ ਸਾਨੂੰ ਇੰਨੀ ਖ਼ੁਸ਼ੀ ਮਿਲ ਸਕਦੀ ਹੈ ਜਿੰਨੀ ਆਪਣੇ ਪਿਆਰੇ ਪਰਮੇਸ਼ੁਰ ਤੋਂ ਮਿਲੇ ਸੰਦੇਸ਼ ਨੂੰ ਪੜ੍ਹਨ ਨਾਲ ਸਾਨੂੰ ਮਿਲਦੀ ਹੈ? ਸਾਡੇ ਬੁੱਧੀਮਾਨ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਵਰਤਿਆ ਹੈ। ਬਾਈਬਲ ਜਿਸ ਤਰ੍ਹਾਂ ਲਿਖੀ ਗਈ ਹੈ ਅਤੇ ਜੋ ਕੁਝ ਉਸ ਵਿਚ ਲਿਖਿਆ ਗਿਆ ਹੈ, ਉਸ ਤੋਂ ਪਰਮੇਸ਼ੁਰ ਦੀ ਬੁੱਧ ਜ਼ਾਹਰ ਹੁੰਦੀ ਹੈ।
ਸੰਦੇਸ਼ ਲਿਖਵਾਇਆ ਕਿਉਂ ਸੀ?
3. ਯਹੋਵਾਹ ਨੇ ਮੂਸਾ ਤੋਂ ਬਿਵਸਥਾ ਕਿਸ ਤਰ੍ਹਾਂ ਲਿਖਵਾਈ ਸੀ?
3 ਕੁਝ ਲੋਕ ਸ਼ਾਇਦ ਸੋਚਣ ਕਿ ‘ਯਹੋਵਾਹ ਨੇ ਸਵਰਗੋਂ ਉੱਚੀ ਆਵਾਜ਼ ਵਿਚ ਇਨਸਾਨਾਂ ਨਾਲ ਗੱਲ ਕਿਉਂ ਨਹੀਂ ਕੀਤੀ?’ ਦਰਅਸਲ ਇਕ ਸਮਾਂ ਸੀ ਜਦੋਂ ਯਹੋਵਾਹ ਨੇ ਆਪਣੇ ਫਰਿਸ਼ਤਿਆਂ ਰਾਹੀਂ ਸਵਰਗੋਂ ਇਸ ਤਰ੍ਹਾਂ ਹੀ ਗੱਲ ਕੀਤੀ ਸੀ। ਮਿਸਾਲ ਲਈ ਉਸ ਨੇ ਦੂਤਾਂ ਰਾਹੀਂ ਇਸਰਾਏਲ ਨੂੰ ਬਿਵਸਥਾ ਦਿੱਤੀ ਸੀ। (ਗਲਾਤੀਆਂ 3:19) ਸਵਰਗੋਂ ਪਰਮੇਸ਼ੁਰ ਦੀ ਆਵਾਜ਼ ਦੀ ਗਰਜ ਸੁਣ ਕੇ ਲੋਕ ਇੰਨਾ ਡਰ ਗਏ ਸਨ ਕਿ ਉਨ੍ਹਾਂ ਨੇ ਯਹੋਵਾਹ ਨੂੰ ਕਿਹਾ ਕਿ ਉਹ ਆਪ ਉਨ੍ਹਾਂ ਨਾਲ ਨਾ ਗੱਲ ਕਰੇ ਪਰ ਮੂਸਾ ਦੇ ਰਾਹੀਂ ਗੱਲ ਕਰੇ। (ਕੂਚ 20:18-20) ਇਸ ਲਈ ਮੂਸਾ ਨੇ 600 ਕਾਨੂੰਨਾਂ ਵਾਲੀ ਮੂੰਹ-ਜ਼ਬਾਨੀ ਦਿੱਤੀ ਗਈ ਬਿਵਸਥਾ ਲਿਖੀ ਸੀ।
4. ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਕਾਨੂੰਨਾਂ ਬਾਰੇ ਮੂੰਹ-ਜ਼ਬਾਨੀ ਦੱਸਣਾ ਵਧੀਆ ਤਰੀਕਾ ਕਿਉਂ ਨਹੀਂ ਹੋਣਾ ਸੀ?
4 ਪਰ ਜੇ ਉਹ ਬਿਵਸਥਾ ਲਿਖੀ ਨਾ ਗਈ ਹੁੰਦੀ, ਤਾਂ ਕੀ ਹੁੰਦਾ? ਕੀ ਮੂਸਾ ਉਸ ਨੂੰ ਪੂਰੀ ਤਰ੍ਹਾਂ ਯਾਦ ਰੱਖ ਸਕਦਾ ਸੀ ਅਤੇ ਉਸ ਦੀਆਂ ਸਾਰੀਆਂ ਗੱਲਾਂ ਬਾਕੀ ਲੋਕਾਂ ਨੂੰ ਦੱਸ ਸਕਦਾ ਸੀ? ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ ਕਿਸ ਤਰ੍ਹਾਂ ਸੁਣਨਾ ਸੀ? ਕੀ ਉਨ੍ਹਾਂ ਨੂੰ ਹੋਰਨਾਂ ਤੋਂ ਸੁਣੀ-ਸੁਣਾਈ ਬਿਵਸਥਾ ਤੇ ਵਿਸ਼ਵਾਸ ਕਰਨਾ ਪੈਣਾ ਸੀ? ਪਰਮੇਸ਼ੁਰ ਦੇ ਕਾਨੂੰਨਾਂ ਨੂੰ ਸੰਭਾਲਣ ਦਾ ਇਹ ਕੋਈ ਵਧੀਆ ਤਰੀਕਾ ਨਹੀਂ ਹੋਣਾ ਸੀ। ਸੋਚੋ ਕਿ ਕੀ ਹੋਵੇਗਾ ਜੇ ਤੁਸੀਂ ਕੁਝ ਲੋਕਾਂ ਨੂੰ ਲਾਈਨ ਵਿਚ ਖੜ੍ਹੇ ਕਰ ਕੇ ਪਹਿਲੇ ਆਦਮੀ ਨੂੰ ਹੌਲੀ ਦੇਣੀ ਇਕ ਗੱਲ ਦੱਸਦੇ ਹੋ। ਤੇ ਉਹ ਅਗਲੇ ਨੂੰ ਤੁਹਾਡੀ ਗੱਲ ਦੱਸੇ ਅਤੇ ਅਗਲਾ ਤੀਸਰੇ ਨੂੰ ਦੱਸੇ। ਇਸ ਤਰ੍ਹਾਂ ਆਖ਼ਰੀ ਆਦਮੀ ਜੋ ਗੱਲ ਸੁਣੇਗਾ, ਉਹ ਤੁਹਾਡੀ ਅਸਲੀ ਗੱਲ ਨਾਲੋਂ ਕਾਫ਼ੀ ਅਲੱਗ ਹੋਵੇਗੀ। ਇਸ ਲਈ ਅਸੀਂ ਸ਼ੁਕਰ ਕਰ ਸਕਦੇ ਹਾਂ ਕਿ ਪਰਮੇਸ਼ੁਰ ਦੀ ਬਿਵਸਥਾ ਲਿਖੀ ਗਈ ਸੀ ਅਤੇ ਉਸ ਨੂੰ ਅਜਿਹਾ ਕੋਈ ਖ਼ਤਰਾ ਨਹੀਂ ਸੀ।
5, 6. ਯਹੋਵਾਹ ਨੇ ਮੂਸਾ ਨੂੰ ਉਸ ਦੇ ਬਚਨਾਂ ਨਾਲ ਕੀ ਕਰਨ ਲਈ ਕਿਹਾ ਸੀ ਅਤੇ ਯਹੋਵਾਹ ਦੇ ਬੋਲ ਲਿਖਤੀ ਰੂਪ ਵਿਚ ਸਾਡੇ ਲਈ ਫ਼ਾਇਦੇਮੰਦ ਕਿਉਂ ਹਨ?
5 ਯਹੋਵਾਹ ਨੇ ਅਕਲਮੰਦੀ ਨਾਲ ਆਪਣੇ ਬਚਨ ਲਿਖਵਾਏ ਸਨ। ਉਸ ਨੇ ਮੂਸਾ ਨੂੰ ਕਿਹਾ: “ਤੂੰ ਇਨ੍ਹਾਂ ਗੱਲਾਂ ਨੂੰ ਲਿਖ ਕਿਉਂ ਜੋ ਇਨ੍ਹਾਂ ਗੱਲਾਂ ਦੇ ਅਨੁਸਾਰ ਮੈਂ ਤੇਰੇ ਅਤੇ ਇਸਰਾਏਲ ਦੇ ਨਾਲ ਨੇਮ ਕੀਤਾ ਹੈ।” (ਕੂਚ 34:27) ਇਸ ਤਰ੍ਹਾਂ ਬਾਈਬਲ ਲਿਖਣ ਦਾ ਸਮਾਂ 1513 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ। ਅਗਲੇ 1,610 ਸਾਲਾਂ ਦੌਰਾਨ ਯਹੋਵਾਹ ਨੇ ਲਗਭਗ 40 ਆਦਮੀਆਂ ਨਾਲ ‘ਕਈ ਵਾਰ ਅਤੇ ਕਈ ਤਰਾਂ ਗੱਲ ਕੀਤੀ ਸੀ,’ ਫਿਰ ਉਨ੍ਹਾਂ ਨੇ ਇਹ ਸਭ ਕੁਝ ਬਾਈਬਲ ਵਿਚ ਲਿਖਿਆ ਸੀ। (ਇਬਰਾਨੀਆਂ 1:1) ਇਸ ਸਮੇਂ ਦੌਰਾਨ ਲਿਖਾਰੀਆਂ ਨੇ ਇਨ੍ਹਾਂ ਲਿਖਤਾਂ ਨੂੰ ਸੰਭਾਲਣ ਲਈ ਬੜੀ ਸਾਵਧਾਨੀ ਨਾਲ ਇਨ੍ਹਾਂ ਦੀ ਨਕਲ ਕੀਤੀ ਸੀ।—ਨਹਮਯਾਹ 8:4; ਜ਼ਬੂਰਾਂ ਦੀ ਪੋਥੀ 45:1.
6 ਯਹੋਵਾਹ ਦਾ ਲਿਖਤੀ ਬਚਨ ਸਾਡੇ ਲਈ ਇਕ ਬਰਕਤ ਹੈ। ਕੀ ਕਦੇ ਤੁਹਾਨੂੰ ਅਜਿਹੀ ਚਿੱਠੀ ਮਿਲੀ ਹੈ ਜਿਸ ਤੋਂ ਤੁਹਾਨੂੰ ਇੰਨੀ ਤਸੱਲੀ ਮਿਲੀ ਹੈ ਕਿ ਤੁਸੀਂ ਉਸ ਨੂੰ ਵਾਰ-ਵਾਰ ਪੜ੍ਹਨ ਲਈ ਸਾਂਭ ਕੇ ਰੱਖਦੇ ਹੋ? ਜੋ “ਚਿੱਠੀ” ਸਾਨੂੰ ਯਹੋਵਾਹ ਤੋਂ ਆਈ ਹੈ, ਉਹ ਕੁਝ ਇਸੇ ਤਰ੍ਹਾਂ ਦੀ ਹੈ। ਯਹੋਵਾਹ ਨੇ ਆਪਣੇ ਬੋਲ ਲਿਖਵਾਏ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਬਾਕਾਇਦਾ ਪੜ੍ਹ ਸਕਦੇ ਹਾਂ ਅਤੇ ਉਸ ਦੇ ਮਤਲਬ ਬਾਰੇ ਸੋਚ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 1:2) ਜੀ ਹਾਂ, ਜਦ ਵੀ ਸਾਨੂੰ ਜ਼ਰੂਰਤ ਪਵੇ, ਅਸੀਂ ਇਸ ‘ਧਰਮ ਪੁਸਤਕ ਤੋਂ ਦਿਲਾਸਾ’ ਹਾਸਲ ਕਰ ਸਕਦੇ ਹਾਂ।—ਰੋਮੀਆਂ 15:4.
ਇਨਸਾਨਾਂ ਤੋਂ ਕਿਉਂ ਲਿਖਵਾਈ?
7. ਇਨਸਾਨਾਂ ਰਾਹੀਂ ਆਪਣਾ ਬਚਨ ਲਿਖਵਾ ਕੇ ਯਹੋਵਾਹ ਨੇ ਆਪਣੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਦਿੱਤਾ?
7 ਯਹੋਵਾਹ ਨੇ ਆਪਣਾ ਬਚਨ ਇਨਸਾਨਾਂ ਰਾਹੀਂ ਲਿਖਵਾ ਕੇ ਆਪਣੀ ਬੁੱਧ ਦਾ ਸਬੂਤ ਦਿੱਤਾ ਹੈ। ਜ਼ਰਾ ਸੋਚੋ: ਇਸ ਦੇ ਥਾਂ ਜੇ ਉਸ ਨੇ ਫਰਿਸ਼ਤਿਆਂ ਨੂੰ ਇਸਤੇਮਾਲ ਕੀਤਾ ਹੁੰਦਾ, ਤਾਂ ਕੀ ਬਾਈਬਲ ਸਾਨੂੰ ਇਸੇ ਤਰ੍ਹਾਂ ਪਸੰਦ ਹੁੰਦੀ? ਜੇਕਰ ਫਰਿਸ਼ਤੇ ਆਪਣੇ ਨਜ਼ਰੀਏ ਤੋਂ ਯਹੋਵਾਹ ਬਾਰੇ ਬਹੁਤ ਵੱਡੀਆਂ-ਵੱਡੀਆਂ ਤੇ ਅਨੋਖੀਆਂ ਗੱਲਾਂ ਦੱਸਦੇ ਅਤੇ ਆਪਣੇ ਭਗਤੀ ਕਰਨ ਦੇ ਤਰੀਕੇ ਬਾਰੇ ਦੱਸਦੇ ਅਤੇ ਉਹ ਵਫ਼ਾਦਾਰ ਮਨੁੱਖਾਂ ਦੀਆਂ ਜ਼ਿੰਦਗੀਆਂ ਬਾਰੇ ਲਿਖਦੇ, ਤਾਂ ਕੀ ਫਰਿਸ਼ਤਿਆਂ ਦੀਆਂ ਗੱਲਾਂ ਸਾਨੂੰ ਸਮਝ ਆਉਂਦੀਆਂ ਅਤੇ ਸਾਡੇ ਦਿਲ ਨੂੰ ਛੁੰਹਦੀਆਂ? ਨਹੀਂ, ਕਿਉਂਕਿ ਉਹ ਮੁਕੰਮਲ ਤੇ ਸਾਡੇ ਨਾਲੋਂ ਮਹਾਨ ਹਨ ਅਤੇ ਉਨ੍ਹਾਂ ਦਾ ਤਜਰਬਾ, ਗਿਆਨ ਤੇ ਸ਼ਕਤੀ ਸਾਡੇ ਨਾਲੋਂ ਬਹੁਤ ਜ਼ਿਆਦਾ ਹੈ।—ਇਬਰਾਨੀਆਂ 2:6, 7.
“ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ”
8. ਬਾਈਬਲ ਦੇ ਲਿਖਾਰੀਆਂ ਨੇ ਆਪਣੇ ਹੀ ਢੰਗ ਨਾਲ ਕਿਸ ਤਰ੍ਹਾਂ ਲਿਖਿਆ ਸੀ? (ਫੁਟਨੋਟ ਦੇਖੋ।)
8 ਯਹੋਵਾਹ ਨੇ ਇਨਸਾਨਾਂ ਰਾਹੀਂ ਬਾਈਬਲ ਲਿਖਵਾ ਕੇ ਸਾਡੇ ਲਈ ਅਜਿਹੀ ਪੁਸਤਕ ਤਿਆਰ ਕੀਤੀ ਜੋ “ਪਰਮੇਸ਼ੁਰ ਦੇ ਆਤਮਾ ਤੋਂ” ਹੋਣ ਦੇ ਨਾਲ-ਨਾਲ ਇਨਸਾਨੀ ਨਜ਼ਰੀਏ ਤੋਂ ਲਿਖੀ ਗਈ ਹੈ। ਇਸ ਲਈ ਇਹ ਬਹੁਤ ਫ਼ਾਇਦੇਮੰਦ ਹੈ। (2 ਤਿਮੋਥਿਉਸ 3:16) ਇਹ ਉਸ ਨੇ ਕਿਸ ਤਰ੍ਹਾਂ ਕੀਤਾ? ਇਸ ਤਰ੍ਹਾਂ ਜਾਪਦਾ ਹੈ ਕਿ ਕਈ ਵਾਰ ਉਸ ਨੇ ਲਿਖਾਰੀਆਂ ਨੂੰ ਆਪਣੇ-ਆਪਣੇ ਢੰਗ ਨਾਲ ਲਿਖਣ ਦਿੱਤਾ ਤਾਂਕਿ ਉਹ ‘ਮਨ ਭਾਉਂਦੀਆਂ ਗੱਲਾਂ ਦੀ ਭਾਲ ਕਰ ਸਕਣ ਅਤੇ ਜੋ ਕੁਝ ਲਿੱਖਣ ਉਹ ਸਿੱਧੀਆਂ ਅਰ ਸਚਿਆਈ ਦੀਆਂ ਗੱਲਾਂ ਹੋਣ।’ (ਉਪਦੇਸ਼ਕ ਦੀ ਪੋਥੀ 12:10, 11) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਦੇ ਲਿਖਾਰੀਆਂ ਦੇ ਲਿਖਣ ਵਿਚ ਇੰਨੀ ਵੰਨ-ਸੁਵੰਨਤਾ ਕਿਉਂ ਹੈ। ਉਸ ਦੀਆਂ ਲਿਖਤਾਂ ਵਿਚ ਵੱਖੋ-ਵੱਖਰੇ ਲਿਖਾਰੀਆਂ ਦੀਆਂ ਸ਼ਖ਼ਸੀਅਤਾਂ ਅਤੇ ਉਨ੍ਹਾਂ ਦੇ ਪਿਛੋਕੜ ਨਜ਼ਰ ਆਉਂਦੇ ਹਨ।a ਫਿਰ ਵੀ ਇਹ “ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।” (2 ਪਤਰਸ 1:21) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਰੀ ਲਿਖਤ “ਪਰਮੇਸ਼ੁਰ ਦਾ ਬਚਨ” ਹੈ।—1 ਥੱਸਲੁਨੀਕੀਆਂ 2:13.
9, 10. ਇਨਸਾਨਾਂ ਵੱਲੋਂ ਲਿਖੀ ਹੋਣ ਕਰਕੇ ਸਾਨੂੰ ਬਾਈਬਲ ਸੌਖਿਆਂ ਹੀ ਸਮਝ ਕਿਉਂ ਆ ਜਾਂਦੀ ਹੈ ਅਤੇ ਇਹ ਸਾਡੇ ਦਿਲ ਨੂੰ ਕਿਵੇਂ ਛੁੰਹਦੀ ਹੈ?
9 ਇਨਸਾਨੀ ਲਿਖਾਰੀਆਂ ਨੂੰ ਇਸਤੇਮਾਲ ਕਰਨ ਨਾਲ ਬਾਈਬਲ ਸੌਖਿਆਂ ਹੀ ਸਾਨੂੰ ਸਮਝ ਪੈਂਦੀ ਹੈ ਅਤੇ ਸਾਡੇ ਦਿਲ ਨੂੰ ਛੁੰਹਦੀ ਹੈ। ਇਸ ਨੂੰ ਲਿਖਣ ਵਾਲੇ ਆਦਮੀਆਂ ਦੇ ਜਜ਼ਬਾਤ ਬਿਲਕੁਲ ਸਾਡੇ ਵਰਗੇ ਸਨ। ਅਪੂਰਣ ਹੋਣ ਦੇ ਕਾਰਨ ਉਹ ਸਾਡੇ ਵਰਗੀਆਂ ਗ਼ਲਤੀਆਂ ਕਰਦੇ ਸਨ ਅਤੇ ਸਾਡੇ ਵਰਗੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਸਨ। ਕਦੇ-ਕਦੇ ਯਹੋਵਾਹ ਨੇ ਇਨ੍ਹਾਂ ਵਿਅਕਤੀਆਂ ਨੂੰ ਆਪਣਿਆਂ ਤਜਰਬਿਆਂ ਅਤੇ ਮੁਸ਼ਕਲਾਂ ਬਾਰੇ ਲਿਖਣ ਲਈ ਪ੍ਰੇਰਿਤ ਕੀਤਾ ਸੀ। (2 ਕੁਰਿੰਥੀਆਂ 12:7-10) ਫਰਿਸ਼ਤਿਆਂ ਨੇ ਇਹ ਸਭ ਕੁਝ ਅਨੁਭਵ ਨਹੀਂ ਕੀਤਾ ਸੀ ਇਸ ਲਈ ਉਹ ਇਸ ਤਰ੍ਹਾਂ ਨਹੀਂ ਲਿਖ ਸਕਦੇ ਸਨ।
10 ਮਿਸਾਲ ਦੇ ਤੌਰ ਤੇ ਦਾਊਦ ਬਾਦਸ਼ਾਹ ਦੇ ਲਫ਼ਜ਼ਾਂ ਵੱਲ ਧਿਆਨ ਦਿਓ। ਦਾਊਦ ਨੇ ਬੜੇ ਗੰਭੀਰ ਪਾਪ ਕਰਨ ਤੋਂ ਬਾਅਦ ਇਕ ਜ਼ਬੂਰ ਲਿਖਿਆ ਜਿਸ ਵਿਚ ਉਸ ਨੇ ਮਾਫ਼ੀ ਲਈ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਬੇਨਤੀ ਕੀਤੀ ਸੀ। ਉਸ ਨੇ ਲਿਖਿਆ: “ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ। ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ! ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।” (ਜ਼ਬੂਰਾਂ ਦੀ ਪੋਥੀ 51:2, 3, 5, 11, 17) ਕੀ ਤੁਸੀਂ ਲੇਖਕ ਦੀ ਪੀੜ ਮਹਿਸੂਸ ਕਰ ਸਕਦੇ ਹੋ? ਸਿਰਫ਼ ਇਕ ਅਪੂਰਣ ਇਨਸਾਨ ਹੀ ਆਪਣੇ ਦਿਲ ਦੀ ਗੱਲ ਇਸ ਤਰ੍ਹਾਂ ਕਹਿ ਸਕਦਾ ਸੀ।
ਇਨਸਾਨਾਂ ਬਾਰੇ ਕਿਉਂ ਲਿਖੀ ਗਈ?
11. ਬਾਈਬਲ ਵਿਚ “ਸਾਡੀ ਸਿੱਖਿਆ” ਵਾਸਤੇ ਕਿਹੜੀਆਂ ਅਸਲੀ ਮਿਸਾਲਾਂ ਦਿੱਤੀਆਂ ਗਈਆਂ ਹਨ?
11 ਇਕ ਹੋਰ ਕਾਰਨ ਵੀ ਹੈ ਜਿਸ ਕਰਕੇ ਇਨਸਾਨਾਂ ਨੂੰ ਬਾਈਬਲ ਪਸੰਦ ਆਉਂਦੀ ਹੈ। ਇਸ ਵਿਚ ਅਸਲੀ ਇਨਸਾਨਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ, ਭਾਵੇਂ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕੀਤੀ ਜਾਂ ਨਹੀਂ। ਅਸੀਂ ਉਨ੍ਹਾਂ ਦੇ ਤਜਰਬੇ ਅਤੇ ਦੁੱਖ-ਸੁੱਖ ਪੜ੍ਹ ਸਕਦੇ ਹਾਂ। ਅਸੀਂ ਉਨ੍ਹਾਂ ਦੇ ਫ਼ੈਸਲਿਆਂ ਦੇ ਨਤੀਜਿਆਂ ਬਾਰੇ ਵੀ ਪੜ੍ਹ ਸਕਦੇ ਹਾਂ। ਇਹ ਸਭ ਕੁਝ “ਸਾਡੀ ਸਿੱਖਿਆ” ਵਾਸਤੇ ਲਿਖਿਆ ਗਿਆ ਸੀ। (ਰੋਮੀਆਂ 15:4) ਇਨ੍ਹਾਂ ਜੀਉਂਦੀਆਂ-ਜਾਗਦੀਆਂ ਮਿਸਾਲਾਂ ਰਾਹੀਂ ਯਹੋਵਾਹ ਸਾਨੂੰ ਇਸ ਤਰ੍ਹਾਂ ਸਿਖਾਉਂਦਾ ਹੈ ਕਿ ਸਾਡੇ ਦਿਲ ਤੇ ਅਸਰ ਪੈਂਦਾ ਹੈ। ਕੁਝ ਉਦਾਹਰਣਾਂ ਉੱਤੇ ਗੌਰ ਕਰੋ।
12. ਬਾਈਬਲ ਵਿਚ ਬੇਵਫ਼ਾ ਅਤੇ ਦੁਸ਼ਟ ਇਨਸਾਨਾਂ ਦੀਆਂ ਉਦਾਹਰਣਾਂ ਤੋਂ ਅਸੀਂ ਕੀ ਸਿੱਖਦੇ ਹਾਂ?
12 ਬਾਈਬਲ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਬੇਵਫ਼ਾ ਅਤੇ ਦੁਸ਼ਟ ਇਨਸਾਨਾਂ ਨਾਲ ਕੀ ਹੋਇਆ ਸੀ। ਇਨ੍ਹਾਂ ਬਿਰਤਾਂਤਾਂ ਵਿਚ ਦਿਖਾਇਆ ਗਿਆ ਹੈ ਕਿ ਔਗੁਣਾਂ ਦੇ ਬੁਰੇ ਨਤੀਜੇ ਨਿਕਲਦੇ ਹਨ ਅਤੇ ਇਸ ਤਰ੍ਹਾਂ ਔਗੁਣ ਸਾਡੇ ਵਾਸਤੇ ਸਮਝਣੇ ਸੌਖੇ ਹੋ ਜਾਂਦੇ ਹਨ। ਉਦਾਹਰਣ ਲਈ ਯਿਸੂ ਦੇ ਚੇਲੇ ਯਹੂਦਾ ਦੀ ਬੇਵਫ਼ਾਈ ਉੱਤੇ ਗੌਰ ਕਰੋ। ਉਸ ਨੇ ਯਿਸੂ ਨਾਲ ਵਿਸ਼ਵਾਸਘਾਤ ਕੀਤਾ ਅਤੇ ਉਸ ਨੂੰ ਮਰਵਾਉਣ ਦੀ ਸਾਜ਼ਸ਼ ਘੜੀ। ਕੀ ਯਹੂਦਾ ਦੀ ਬੇਵਫ਼ਾਈ ਤੋਂ ਸਾਨੂੰ ਇਹ ਪਤਾ ਨਹੀਂ ਚੱਲਦਾ ਕਿ ਬੇਵਫ਼ਾਈ ਕਿੰਨੀ ਬੁਰੀ ਗੱਲ ਹੈ? (ਮੱਤੀ 26:14-16, 46-50; 27:3-10) ਅਜਿਹੇ ਬਿਰਤਾਂਤਾਂ ਦਾ ਸਾਡੇ ਦਿਲ ਤੇ ਅਸਰ ਪੈਂਦਾ ਹੈ ਅਤੇ ਅਸੀਂ ਔਗੁਣਾਂ ਨੂੰ ਪਛਾਣ ਕੇ ਇਨ੍ਹਾਂ ਨਾਲ ਨਫ਼ਰਤ ਕਰਨੀ ਸਿੱਖਦੇ ਹਾਂ।
13. ਬਾਈਬਲ ਸਾਨੂੰ ਚੰਗੇ ਗੁਣਾਂ ਬਾਰੇ ਕਿਸ ਤਰ੍ਹਾਂ ਸਿਖਾਉਂਦੀ ਹੈ?
13 ਬਾਈਬਲ ਵਿਚ ਪਰਮੇਸ਼ੁਰ ਦੇ ਕਈ ਵਫ਼ਾਦਾਰ ਸੇਵਕਾਂ ਬਾਰੇ ਵੀ ਦੱਸਿਆ ਗਿਆ ਹੈ। ਅਸੀਂ ਉਨ੍ਹਾਂ ਦੀ ਭਗਤੀ ਅਤੇ ਵਫ਼ਾਦਾਰੀ ਬਾਰੇ ਪੜ੍ਹਦੇ ਹਾਂ। ਯਹੋਵਾਹ ਦੇ ਨੇੜੇ ਰਹਿਣ ਵਾਸਤੇ ਅਸੀਂ ਉਨ੍ਹਾਂ ਲੋਕਾਂ ਦੇ ਗੁਣਾਂ ਦੀ ਨਕਲ ਕਰ ਸਕਦੇ ਹਾਂ। ਨਿਹਚਾ ਦੀ ਮਿਸਾਲ ਉੱਤੇ ਗੌਰ ਕਰੋ। ਬਾਈਬਲ ਸਾਨੂੰ ਦੱਸਦੀ ਹੈ ਕਿ ਨਿਹਚਾ ਕੀ ਹੈ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਸਤੇ ਇਹ ਗੁਣ ਕਿੰਨਾ ਜ਼ਰੂਰੀ ਹੈ। (ਇਬਰਾਨੀਆਂ 11:1, 6) ਪਰ ਬਾਈਬਲ ਵਿਚ ਇਸ ਦੀਆਂ ਜੀਉਂਦੀਆਂ-ਜਾਗਦੀਆਂ ਉਦਾਹਰਣਾਂ ਵੀ ਦਿੱਤੀਆਂ ਗਈਆਂ ਹਨ। ਅਬਰਾਹਾਮ ਦੀ ਨਿਹਚਾ ਬਾਰੇ ਸੋਚੋ ਜਿਸ ਕਰਕੇ ਉਹ ਇਸਹਾਕ ਦਾ ਬਲੀਦਾਨ ਚੜ੍ਹਾਉਣ ਲਈ ਵੀ ਤਿਆਰ ਹੋ ਗਿਆ ਸੀ। (ਉਤਪਤ ਦਾ 22ਵਾਂ ਅਧਿਆਇ; ਇਬਰਾਨੀਆਂ 11:17-19) ਇਨ੍ਹਾਂ ਬਿਰਤਾਂਤਾਂ ਦੇ ਜ਼ਰੀਏ “ਨਿਹਚਾ” ਸ਼ਬਦ ਇਕ ਸ਼ਬਦ ਹੀ ਨਹੀਂ ਰਹਿ ਜਾਂਦਾ, ਸਗੋਂ ਇਹ ਗੁਣ ਇਕ ਮਿਸਾਲ ਦੇ ਰੂਪ ਵਿਚ ਸਾਡੇ ਸਾਮ੍ਹਣੇ ਆ ਖੜ੍ਹਾ ਹੁੰਦਾ ਹੈ। ਯਹੋਵਾਹ ਕਿੰਨਾ ਬੁੱਧੀਮਾਨ ਹੈ ਕਿ ਉਹ ਸਿਰਫ਼ ਕਹਿੰਦਾ ਹੀ ਨਹੀਂ ਕਿ ਸਾਨੂੰ ਆਪਣੇ ਵਿਚ ਚੰਗੇ ਗੁਣ ਪੈਦਾ ਕਰਨੇ ਚਾਹੀਦੇ ਹਨ, ਪਰ ਉਹ ਇਨ੍ਹਾਂ ਦੀਆਂ ਜੀਉਂਦੀਆਂ-ਜਾਗਦੀਆਂ ਉਦਾਹਰਣਾਂ ਵੀ ਦਿੰਦਾ ਹੈ!
14, 15. ਬਾਈਬਲ ਸਾਨੂੰ ਇਕ ਔਰਤ ਬਾਰੇ ਕੀ ਦੱਸਦੀ ਹੈ ਜੋ ਹੈਕਲ ਵਿਚ ਆਈ ਸੀ ਅਤੇ ਇਸ ਘਟਨਾ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
14 ਬਾਈਬਲ ਦੇ ਬਿਰਤਾਂਤ ਸਾਨੂੰ ਯਹੋਵਾਹ ਬਾਰੇ ਵੀ ਬਹੁਤ ਕੁਝ ਸਿਖਾਉਂਦੇ ਹਨ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ। ਗੌਰ ਕਰੋ ਕਿ ਉਸ ਘਟਨਾ ਬਾਰੇ ਕੀ ਲਿਖਿਆ ਗਿਆ ਹੈ ਜਦੋਂ ਯਿਸੂ ਨੇ ਇਕ ਔਰਤ ਨੂੰ ਹੈਕਲ ਵਿਚ ਦੇਖਿਆ ਸੀ। ਯਿਸੂ ਖ਼ਜ਼ਾਨੇ ਦੇ ਸਾਮ੍ਹਣੇ ਬੈਠ ਕੇ ਲੋਕਾਂ ਨੂੰ ਖ਼ਜ਼ਾਨੇ ਵਿਚ ਪੈਸੇ ਪਾਉਂਦੇ ਦੇਖ ਰਿਹਾ ਸੀ। ਅਮੀਰ ਲੋਕ “ਆਪਣੇ ਵਾਫ਼ਰ ਮਾਲ” ਯਾਨੀ ਆਪਣੇ ਬਹੁਤੇ ਮਾਲ-ਧਨ ਵਿੱਚੋਂ ਦੇ ਰਹੇ ਸਨ। ਫਿਰ ਯਿਸੂ ਨੇ ਇਕ ਕੰਗਾਲ ਵਿਧਵਾ ਵੱਲ ਦੇਖਿਆ। ਉਸ ਵਿਧਵਾ ਨੇ “ਦੋ ਦਮੜੀਆਂ ਅਰਥਾਤ ਧੇਲਾ ਪਾ ਦਿੱਤਾ।”b ਇਸ ਤੋਂ ਬਾਅਦ ਉਸ ਕੋਲ ਹੋਰ ਕੋਈ ਪੈਸਾ ਨਹੀਂ ਰਿਹਾ ਸੀ। ਯਿਸੂ ਦਾ ਦ੍ਰਿਸ਼ਟੀਕੋਣ ਬਿਲਕੁਲ ਯਹੋਵਾਹ ਵਰਗਾ ਹੀ ਸੀ, ਉਸ ਨੇ ਕਿਹਾ: “ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ ਕੰਗਾਲ ਵਿਧਵਾ ਨੇ ਬਹੁਤਾ ਪਾਇਆ।” ਇਸ ਗੱਲ ਦੇ ਮੁਤਾਬਕ ਉਸ ਵਿਧਵਾ ਨੇ ਬਾਕੀ ਸਾਰਿਆਂ ਦੇ ਇਕੱਠੇ ਪੈਸਿਆਂ ਨਾਲੋਂ ਜ਼ਿਆਦਾ ਪਾਇਆ ਸੀ।—ਮਰਕੁਸ 12:41-44; ਲੂਕਾ 21:1-4; ਯੂਹੰਨਾ 8:28.
15 ਦਿਲਚਸਪੀ ਦੀ ਗੱਲ ਹੈ ਕਿ ਉਸ ਦਿਨ ਕਈ ਲੋਕ ਹੈਕਲ ਵਿਚ ਆਏ ਸਨ, ਪਰ ਬਾਈਬਲ ਵਿਚ ਸਿਰਫ਼ ਇਸ ਵਿਧਵਾ ਦੀ ਹੀ ਗੱਲ ਕੀਤੀ ਗਈ ਹੈ। ਕਿਉਂ? ਇਸ ਉਦਾਹਰਣ ਦੇ ਰਾਹੀਂ ਯਹੋਵਾਹ ਸਾਨੂੰ ਸਿਖਾਉਂਦਾ ਹੈ ਕਿ ਉਹ ਕਿੰਨਾ ਕਦਰਦਾਨ ਪਰਮੇਸ਼ੁਰ ਹੈ। ਅਸੀਂ ਦਿਲੋਂ ਜੋ ਕੁਝ ਵੀ ਯਹੋਵਾਹ ਨੂੰ ਦਿੰਦੇ ਹਾਂ, ਉਹ ਉਸ ਨੂੰ ਕਬੂਲ ਕਰ ਕੇ ਖ਼ੁਸ਼ ਹੁੰਦਾ ਹੈ, ਭਾਵੇਂ ਅਸੀਂ ਦੂਸਰਿਆਂ ਨਾਲੋਂ ਬਹੁਤ ਘੱਟ ਦੇਈਏ। ਯਹੋਵਾਹ ਨੇ ਸਾਨੂੰ ਇਹ ਗੱਲ ਸਿਖਾਉਣ ਦਾ ਕਿੰਨਾ ਵਧੀਆ ਤਰੀਕਾ ਵਰਤਿਆ!
ਬਾਈਬਲ ਵਿਚ ਕੀ ਨਹੀਂ ਲਿਖਿਆ ਗਿਆ
16, 17. ਬਾਈਬਲ ਵਿਚ ਜੋ ਗੱਲ ਨਹੀਂ ਵੀ ਲਿਖੀ ਗਈ, ਉਸ ਤੋਂ ਯਹੋਵਾਹ ਦੀ ਬੁੱਧ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ?
16 ਜਦ ਤੁਸੀਂ ਕਿਸੇ ਨੂੰ ਚਿੱਠੀ ਲਿਖਦੇ ਹੋ, ਤਾਂ ਤੁਸੀਂ ਸਾਰਾ ਕੁਝ ਤਾਂ ਨਹੀਂ ਲਿਖ ਸਕਦੇ, ਹੈ ਨਾ? ਤੁਸੀਂ ਸੋਚ-ਸਮਝ ਕੇ ਕਈ ਗੱਲਾਂ ਲਿਖਦੇ ਹੋ ਤੇ ਕਈ ਨਹੀਂ ਲਿਖਦੇ। ਇਸੇ ਤਰ੍ਹਾਂ ਯਹੋਵਾਹ ਨੇ ਬਾਈਬਲ ਵਿਚ ਕੁਝ ਹੀ ਇਨਸਾਨਾਂ ਅਤੇ ਕੁਝ ਹੀ ਘਟਨਾਵਾਂ ਦੀਆਂ ਗੱਲਾਂ ਕੀਤੀਆਂ ਹਨ। ਪਰ ਬਾਈਬਲ ਇਨ੍ਹਾਂ ਬਿਰਤਾਂਤਾਂ ਦੇ ਸਾਰੇ ਵੇਰਵੇ ਨਹੀਂ ਦਿੰਦੀ। (ਯੂਹੰਨਾ 21:25) ਮਿਸਾਲ ਲਈ ਜਦ ਬਾਈਬਲ ਪਰਮੇਸ਼ੁਰ ਦੁਆਰਾ ਕਿਸੇ ਨੂੰ ਸਜ਼ਾ ਦੇਣ ਬਾਰੇ ਗੱਲ ਕਰਦੀ ਹੈ, ਤਾਂ ਸ਼ਾਇਦ ਸਾਡੇ ਸਾਰੇ ਸਵਾਲਾਂ ਦਾ ਜਵਾਬ ਸਾਨੂੰ ਨਾ ਮਿਲੇ। ਜੋ ਗੱਲ ਯਹੋਵਾਹ ਨੇ ਬਾਈਬਲ ਵਿਚ ਨਹੀਂ ਵੀ ਲਿਖਵਾਈ, ਉਸ ਤੋਂ ਵੀ ਉਸ ਦੀ ਬੁੱਧ ਨਜ਼ਰ ਆਉਂਦੀ ਹੈ। ਕਿਸ ਤਰ੍ਹਾਂ?
17 ਬਾਈਬਲ ਜਿਸ ਤਰ੍ਹਾਂ ਲਿਖੀ ਗਈ ਹੈ ਉਸ ਤੋਂ ਸਾਡੇ ਦਿਲ ਦੀ ਗੱਲ ਜ਼ਾਹਰ ਹੁੰਦੀ ਹੈ। ਇਬਰਾਨੀਆਂ 4:12 ਵਿਚ ਲਿਖਿਆ ਹੈ: “ਕਿਉਂ ਜੋ ਪਰਮੇਸ਼ੁਰ ਦਾ ਬਚਨ [ਜਾਂ ਸੰਦੇਸ਼] ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ . . . ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” ਬਾਈਬਲ ਦਾ ਸੰਦੇਸ਼ ਪੜ੍ਹ ਕੇ ਸਾਡੇ ਖ਼ਿਆਲ ਅਤੇ ਇਰਾਦੇ ਜ਼ਾਹਰ ਹੋ ਜਾਂਦੇ ਹਨ। ਜੋ ਲੋਕ ਉਸ ਨੂੰ ਪੜ੍ਹ ਕੇ ਨੁਕਸ ਛਾਂਟਦੇ ਹਨ, ਉਹ ਅਕਸਰ ਉਨ੍ਹਾਂ ਬਿਰਤਾਂਤਾਂ ਤੋਂ ਠੋਕਰ ਖਾ ਬੈਠਦੇ ਹਨ ਜਿਨ੍ਹਾਂ ਵਿਚ ਸਾਰੇ ਵੇਰਵੇ ਨਹੀਂ ਦਿੱਤੇ ਜਾਂਦੇ ਅਤੇ ਉਨ੍ਹਾਂ ਨੂੰ ਤਸੱਲੀ ਨਹੀਂ ਮਿਲਦੀ। ਅਜਿਹੇ ਲੋਕ ਸ਼ਾਇਦ ਕਹਿਣ ਕਿ ਯਹੋਵਾਹ ਸੱਚ-ਮੁੱਚ ਬੁੱਧੀਮਾਨ ਨਹੀਂ ਹੈ ਅਤੇ ਉਹ ਨਾ ਤਾਂ ਪਿਆਰ ਕਰਦਾ ਹੈ ਅਤੇ ਨਾ ਹੀ ਨਿਰਪੱਖ ਹੈ।
18, 19. (ੳ) ਜਦ ਬਾਈਬਲ ਦਾ ਇਕ ਬਿਰਤਾਂਤ ਪੜ੍ਹਨ ਤੋਂ ਬਾਅਦ ਸਾਡੇ ਮਨ ਵਿਚ ਕੋਈ ਸਵਾਲ ਪੈਦਾ ਹੁੰਦਾ ਹੈ ਜਿਸ ਦਾ ਸਾਨੂੰ ਇਕਦਮ ਜਵਾਬ ਨਹੀਂ ਮਿਲਦਾ, ਤਾਂ ਸਾਨੂੰ ਨਾਰਾਜ਼ ਕਿਉਂ ਨਹੀਂ ਹੋ ਜਾਣਾ ਚਾਹੀਦਾ? (ਅ) ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੀ ਜ਼ਰੂਰੀ ਹੈ ਅਤੇ ਇਹ ਯਹੋਵਾਹ ਦੀ ਡੂੰਘੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਦਿੰਦੀ ਹੈ?
18 ਇਸ ਤੋਂ ਉਲਟ ਜਦ ਅਸੀਂ ਖਰੇ ਦਿਲ ਨਾਲ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਅਸੀਂ ਯਹੋਵਾਹ ਬਾਰੇ ਸਹੀ-ਸਹੀ ਗੱਲਾਂ ਸਿੱਖਦੇ ਹਾਂ। ਅਸੀਂ ਸਿਰਫ਼ ਇਕ ਹਵਾਲਾ ਪੜ੍ਹ ਕੇ ਹੀ ਉਸ ਬਾਰੇ ਆਪਣੀ ਰਾਇ ਕਾਇਮ ਨਹੀਂ ਕਰਾਂਗੇ, ਸਗੋਂ ਉਸ ਨੂੰ ਜਾਣਨ ਲਈ ਪੂਰੀ ਬਾਈਬਲ ਪੜ੍ਹਾਂਗੇ। ਇਸ ਲਈ ਜਦ ਇਕ ਬਿਰਤਾਂਤ ਪੜ੍ਹਨ ਤੋਂ ਬਾਅਦ ਸਾਡੇ ਮਨ ਵਿਚ ਕੋਈ ਸਵਾਲ ਪੈਦਾ ਹੁੰਦਾ ਹੈ, ਤਾਂ ਅਸੀਂ ਇਕਦਮ ਇਸ ਦਾ ਜਵਾਬ ਨਾ ਮਿਲਣ ਤੇ ਨਾਰਾਜ਼ ਨਹੀਂ ਹੋਵਾਂਗੇ ਸਗੋਂ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਬਾਈਬਲ ਦੀ ਸਟੱਡੀ ਕਰਦੇ ਹਾਂ, ਤਾਂ ਹੌਲੀ-ਹੌਲੀ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਸਾਡੇ ਮਨ ਵਿਚ ਉਸ ਦੀ ਤਸਵੀਰ ਬਣਨ ਲੱਗ ਪੈਂਦੀ ਹੈ। ਭਾਵੇਂ ਇਕ ਬਿਰਤਾਂਤ ਪੜ੍ਹਨ ਤੋਂ ਬਾਅਦ ਅਸੀਂ ਉਸ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਜਾਂ ਇਹ ਨਹੀਂ ਦੇਖ ਸਕਦੇ ਕਿ ਇਹ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਸਾਨੂੰ ਕੀ ਦੱਸਦਾ ਹੈ, ਪਰ ਅਸੀਂ ਪਹਿਲਾਂ ਹੀ ਆਪਣੀ ਬਾਈਬਲ ਸਟੱਡੀ ਤੋਂ ਯਹੋਵਾਹ ਬਾਰੇ ਜੋ ਸਿੱਖ ਚੁੱਕੇ ਹਾਂ, ਉਸ ਤੋਂ ਜਾਣਦੇ ਹਾਂ ਕਿ ਉਹ ਹਮੇਸ਼ਾ ਪਿਆਰ ਕਰਦਾ ਅਤੇ ਨਿਰਪੱਖ ਹੈ।
19 ਇਸ ਲਈ ਪਰਮੇਸ਼ੁਰ ਦੇ ਬਚਨ ਨੂੰ ਸਮਝਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਖਰੇ ਦਿਲ ਅਤੇ ਨਿਰਪੱਖ ਮਨ ਨਾਲ ਪੜ੍ਹੀਏ। ਪੜ੍ਹੇ-ਲਿਖੇ ਇਨਸਾਨ ਅਜਿਹੀਆਂ ਪੁਸਤਕਾਂ ਲਿਖ ਸਕਦੇ ਹਨ ਜੋ ਸਿਰਫ਼ ‘ਗਿਆਨੀ ਅਤੇ ਬੁੱਧਵਾਨ’ ਲੋਕ ਹੀ ਸਮਝ ਸਕਦੇ ਹਨ। ਪਰ ਅਜਿਹੀ ਪੁਸਤਕ ਲਿਖਣ ਲਈ, ਜਿਸ ਨੂੰ ਸਿਰਫ਼ ਸਹੀ ਮਨੋਬਿਰਤੀ ਵਾਲੇ ਲੋਕ ਹੀ ਸਮਝ ਸਕਦੇ ਹਨ, ਸੱਚ-ਮੁੱਚ ਪਰਮੇਸ਼ੁਰ ਦੀ ਡੂੰਘੀ ਬੁੱਧ ਦਾ ਸਬੂਤ ਹੈ!—ਮੱਤੀ 11:25.
ਇਕ ਪੁਸਤਕ ਜੋ ਬੁੱਧੀਮਾਨ ਬਣਾਉਂਦੀ ਹੈ
20. ਸਿਰਫ਼ ਯਹੋਵਾਹ ਹੀ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਰਾਹ ਕਿਉਂ ਦਿਖਾ ਸਕਦਾ ਹੈ ਅਤੇ ਸਾਡੀ ਸਹਾਇਤਾ ਵਾਸਤੇ ਬਾਈਬਲ ਵਿਚ ਕੀ ਹੈ?
20 ਆਪਣੇ ਬਚਨ ਵਿਚ ਯਹੋਵਾਹ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਰਾਹ ਦਿਖਾਉਂਦਾ ਹੈ। ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਉਹ ਹੋਰ ਕਿਸੇ ਨਾਲੋਂ ਵੱਧ ਸਾਡੀਆਂ ਜ਼ਰੂਰਤਾਂ ਜਾਣਦਾ ਹੈ। ਲੋਕਾਂ ਦੀਆਂ ਪਹਿਲੀਆਂ ਜ਼ਰੂਰਤਾਂ ਕੀ ਹਨ? ਇਹੋ ਕਿ ਕੋਈ ਉਨ੍ਹਾਂ ਨਾਲ ਪਿਆਰ ਕਰੇ, ਉਹ ਖ਼ੁਸ਼ ਰਹਿਣ ਅਤੇ ਆਪਣੇ ਪਰਿਵਾਰਾਂ ਵਿਚ ਸੁੱਖ ਪਾਉਣ। ਇਹ ਜ਼ਰੂਰਤਾਂ ਕਦੀ ਬਦਲੀਆਂ ਨਹੀਂ ਹਨ। ਬਾਈਬਲ ਵਿਚ ਅਜਿਹੀ ਬੁੱਧ ਹੈ ਜਿਸ ਦੀ ਮਦਦ ਨਾਲ ਅਸੀਂ ਚੰਗੀ ਤਰ੍ਹਾਂ ਜੀ ਸਕਦੇ ਹਾਂ। (ਕਹਾਉਤਾਂ 2:7) ਇਸ ਕਿਤਾਬ ਦੇ ਹਰ ਹਿੱਸੇ ਵਿਚ ਇਕ ਅਧਿਆਇ ਹੈ ਜੋ ਸਾਨੂੰ ਬਾਈਬਲ ਦੀ ਸਲਾਹ ਲਾਗੂ ਕਰਨ ਵਿਚ ਮਦਦ ਦਿੰਦਾ ਹੈ, ਪਰ ਇੱਥੇ ਹੁਣ ਅਸੀਂ ਇਕ ਮਿਸਾਲ ਉੱਤੇ ਗੌਰ ਕਰਾਂਗੇ।
21-23. ਕਿਹੜੀ ਵਧੀਆ ਸਲਾਹ ਸਾਡੀ ਮਦਦ ਕਰ ਸਕਦੀ ਹੈ ਕਿ ਅਸੀਂ ਨਾਰਾਜ਼ ਨਾ ਹੋਈਏ ਅਤੇ ਚਿੜਚਿੜੇ ਨਾ ਬਣੀਏ?
21 ਕੀ ਤੁਸੀਂ ਕਦੇ ਦੇਖਿਆ ਹੈ ਕਿ ਜੋ ਲੋਕ ਦੂਸਰਿਆਂ ਨਾਲ ਹਮੇਸ਼ਾ ਨਾਰਾਜ਼ ਰਹਿ ਕੇ ਚਿੜਚਿੜੇ ਬਣ ਜਾਂਦੇ ਹਨ, ਉਹ ਅਕਸਰ ਆਪਣਾ ਹੀ ਨੁਕਸਾਨ ਕਰਦੇ ਹਨ? ਜ਼ਿੰਦਗੀ ਵਿਚ ਨਾਰਾਜ਼ਗੀ ਇਕ ਭਾਰਾ ਬੋਝ ਹੈ। ਜਦ ਅਸੀਂ ਗੁੱਸੇ ਵਿਚ ਰਹਿੰਦੇ ਹਾਂ, ਤਾਂ ਸਾਡਾ ਮਨ ਕਿਤੇ ਨਹੀਂ ਲੱਗਦਾ ਅਤੇ ਨਾ ਸਾਨੂੰ ਸ਼ਾਂਤੀ ਮਿਲਦੀ ਹੈ ਤੇ ਨਾ ਹੀ ਅਸੀਂ ਖ਼ੁਸ਼ ਹੋ ਸਕਦੇ ਹਾਂ। ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਹਮੇਸ਼ਾ ਨਾਰਾਜ਼ ਰਹਿਣ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦਾ ਅਤੇ ਹੋਰ ਕਈ ਬੀਮਾਰੀਆਂ ਲੱਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਨ੍ਹਾਂ ਵਿਗਿਆਨੀਆਂ ਦੇ ਅਧਿਐਨ ਤੋਂ ਸਦੀਆਂ ਪਹਿਲਾਂ ਬਾਈਬਲ ਵਿਚ ਲਿਖਿਆ ਗਿਆ ਸੀ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ।” (ਜ਼ਬੂਰਾਂ ਦੀ ਪੋਥੀ 37:8) ਪਰ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?
22 ਪਰਮੇਸ਼ੁਰ ਦੇ ਬਚਨ ਵਿਚ ਇਹ ਵਧੀਆ ਸਲਾਹ ਦਿੱਤੀ ਗਈ ਹੈ: “ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।” (ਕਹਾਉਤਾਂ 19:11) ਬਿਬੇਕ ਜਾਂ ਸਮਝ ਨਾਲ ਇਨਸਾਨ ਅੰਦਰਲੀ ਗੱਲ ਜਾਣ ਸਕਦਾ ਹੈ ਅਤੇ ਸਿਰਫ਼ ਉੱਪਰੋਂ-ਉੱਪਰੋਂ ਹੀ ਨਹੀਂ ਦੇਖਦਾ। ਸਮਝਦਾਰ ਬੰਦਾ ਦੇਖ ਸਕਦਾ ਹੈ ਕਿ ਕਿਸੇ ਨੇ ਇੱਦਾਂ ਕਿਉਂ ਕਿਹਾ ਸੀ ਜਾਂ ਇੱਦਾਂ ਕਿਉਂ ਕੀਤਾ ਸੀ। ਦੂਸਰੇ ਦੇ ਜਜ਼ਬਾਤ, ਹਾਲਾਤ ਅਤੇ ਇਰਾਦੇ ਸਮਝਣ ਨਾਲ ਅਸੀਂ ਆਪਣੇ ਮਨ ਵਿੱਚੋਂ ਉਸ ਲਈ ਭੈੜੇ ਖ਼ਿਆਲ ਕੱਢ ਸਕਾਂਗੇ
23 ਬਾਈਬਲ ਵਿਚ ਅੱਗੇ ਇਹ ਸਲਾਹ ਵੀ ਦਿੱਤੀ ਗਈ ਹੈ: ‘ਇੱਕ ਦੂਏ ਦੀ ਸਹਿ ਲਵੋ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੋ।’ (ਕੁਲੁੱਸੀਆਂ 3:13) ‘ਇੱਕ ਦੂਏ ਦੀ ਸਹਿ ਲੈਣ’ ਦਾ ਮਤਲਬ ਹੈ ਕਿ ਅਸੀਂ ਦੂਸਰਿਆਂ ਨਾਲ ਧੀਰਜ ਰੱਖੀਏ ਅਤੇ ਉਨ੍ਹਾਂ ਦੀਆਂ ਜਿਨ੍ਹਾਂ ਗੱਲਾਂ ਤੋਂ ਸਾਨੂੰ ਚਿੜ ਆਉਂਦੀ ਹੈ ਉਨ੍ਹਾਂ ਨੂੰ ਸਹਿਣਾ ਸਿੱਖੀਏ। ਇਸ ਤਰ੍ਹਾਂ ਗੱਲ ਜਰਨ ਨਾਲ ਅਸੀਂ ਐਵੇਂ ਹੀ ਮਾੜੀਆਂ-ਮਾੜੀਆਂ ਗੱਲਾਂ ਤੇ ਨਾਰਾਜ਼ ਨਹੀਂ ਹੋਵਾਂਗੇ। ‘ਮਾਫ਼ ਕਰੋ’ ਦਾ ਮਤਲਬ ਹੈ ਕਿ ਅਸੀਂ ਆਪਣੇ ਗੁੱਸੇ ਨੂੰ ਪੀ ਜਾਈਏ। ਸਾਡਾ ਬੁੱਧੀਮਾਨ ਪਰਮੇਸ਼ੁਰ ਜਾਣਦਾ ਹੈ ਕਿ ਜਦ ਵੀ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨ ਦਾ ਕਾਰਨ ਮਿਲਦਾ ਹੈ, ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਮਾਫ਼ ਕਰ ਦੇਈਏ। ਇਹ ਸਿਰਫ਼ ਦੂਸਰੇ ਦੀ ਭਲਾਈ ਲਈ ਹੀ ਨਹੀਂ ਹੈ, ਪਰ ਇਸ ਨਾਲ ਸਾਡੇ ਮਨ ਨੂੰ ਵੀ ਚੈਨ ਮਿਲੇਗਾ। (ਲੂਕਾ 17:3, 4) ਵਾਹ, ਪਰਮੇਸ਼ੁਰ ਦੇ ਬਚਨ ਵਿਚ ਕਿੰਨੀ ਬੁੱਧ ਹੈ!
24. ਜਦ ਅਸੀਂ ਆਪਣੀ ਜ਼ਿੰਦਗੀ ਨੂੰ ਯਹੋਵਾਹ ਦੀ ਬੁੱਧ ਮੁਤਾਬਕ ਢਾਲ਼ਦੇ ਹਾਂ, ਤਾਂ ਕੀ ਨਤੀਜਾ ਨਿਕਲਦਾ ਹੈ?
24 ਯਹੋਵਾਹ ਸਾਡੇ ਨਾਲ ਬਹੁਤ ਹੀ ਪਿਆਰ ਕਰਦਾ ਹੈ, ਇਸ ਲਈ ਉਹ ਸਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ। ਇਸ ਤਰ੍ਹਾਂ ਕਰਨ ਲਈ ਉਸ ਨੇ ਸਭ ਤੋਂ ਵਧੀਆ ਤਰੀਕਾ ਵਰਤਿਆ। ਉਸ ਨੇ ਸਾਨੂੰ ਪਵਿੱਤਰ ਆਤਮਾ ਦੀ ਮਦਦ ਨਾਲ ਇਨਸਾਨਾਂ ਰਾਹੀਂ ਇਕ “ਚਿੱਠੀ” ਲਿਖੀ ਹੈ। ਉਸ ਦੇ ਪੰਨਿਆਂ ਵਿਚ ਅਸੀਂ ਯਹੋਵਾਹ ਦੀ ਬੁੱਧ ਬਾਰੇ ਪੜ੍ਹਦੇ ਹਾਂ ਜਿਸ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 93:5) ਜਦ ਅਸੀਂ ਆਪਣੀ ਜ਼ਿੰਦਗੀ ਨੂੰ ਇਸ ਦੇ ਮੁਤਾਬਕ ਢਾਲ਼ਦੇ ਹਾਂ ਅਤੇ ਦੂਸਰਿਆਂ ਨੂੰ ਇਸ ਬਾਰੇ ਦੱਸਦੇ ਹਾਂ, ਤਾਂ ਅਸੀਂ ਆਪਣੇ ਅੱਤ ਬੁੱਧੀਮਾਨ ਪਰਮੇਸ਼ੁਰ ਵੱਲ ਕੁਦਰਤੀ ਤੌਰ ਤੇ ਖਿੱਚੇ ਜਾਂਦੇ ਹਾਂ। ਅਗਲੇ ਅਧਿਆਇ ਵਿਚ ਅਸੀਂ ਯਹੋਵਾਹ ਦੀ ਬੁੱਧ ਦੇ ਇਕ ਹੋਰ ਵਿਸ਼ੇਸ਼ ਪਹਿਲੂ ਦੀ ਚਰਚਾ ਕਰਾਂਗੇ: ਭਵਿੱਖ ਬਾਰੇ ਦੱਸਣ ਅਤੇ ਆਪਣਾ ਮਕਸਦ ਪੂਰਾ ਕਰਨ ਦੀ ਉਸ ਦੀ ਯੋਗਤਾ।
a ਮਿਸਾਲ ਲਈ ਦਾਊਦ ਇਕ ਚਰਵਾਹਾ ਸੀ ਅਤੇ ਉਸ ਨੇ ਲਿਖਦੇ ਹੋਏ ਆਪਣੇ ਕੰਮ ਨਾਲ ਸੰਬੰਧ ਰੱਖਣ ਵਾਲੀਆਂ ਕਈ ਉਦਾਹਰਣਾਂ ਦਿੱਤੀਆਂ ਸਨ। (ਜ਼ਬੂਰਾਂ ਦੀ ਪੋਥੀ 23) ਮੱਤੀ ਇਕ ਮਸੂਲੀਆ ਸੀ ਅਤੇ ਉਸ ਨੇ ਕਈ ਵਾਰ ਗਿਣਤੀ ਅਤੇ ਕੀਮਤਾਂ ਬਾਰੇ ਲਿਖਿਆ ਸੀ। (ਮੱਤੀ 17:27; 26:15; 27:3) ਇਕ ਡਾਕਟਰ ਹੋਣ ਦੇ ਨਾਤੇ ਲੂਕਾ ਨੇ ਅਜਿਹੇ ਸ਼ਬਦ ਵਰਤੇ ਸਨ ਜਿਨ੍ਹਾਂ ਤੋਂ ਉਸ ਦੇ ਪੇਸ਼ੇ ਬਾਰੇ ਪਤਾ ਲੱਗਦਾ ਹੈ।—ਲੂਕਾ 4:38; 14:2; 16:20.
b ਪਹਿਲੀ ਸਦੀ ਵਿਚ ਦੋ ਦਮੜੀਆਂ ਇਕ ਦਿਨ ਦੀ ਤਨਖ਼ਾਹ ਦੇ ਚੌਂਹਠਵੇਂ ਹਿੱਸੇ ਦੇ ਬਰਾਬਰ ਸਨ। ਇਨ੍ਹਾਂ ਨਾਲ ਗ਼ਰੀਬ ਲੋਕ ਖਾਣ ਲਈ ਇਕ ਚਿੜੀ ਵੀ ਨਹੀਂ ਖ਼ਰੀਦ ਸਕਦੇ ਸਨ ਭਾਵੇਂ ਕਿ ਇਹ ਸਭ ਤੋਂ ਸਸਤੇ ਪੰਛੀਆਂ ਵਿੱਚੋਂ ਸੀ।
-
-
ਪਰਮੇਸ਼ੁਰ ਦੇ ਭੇਤ ਵਿਚ ਉਸ ਦੀ ਬੁੱਧਯਹੋਵਾਹ ਦੇ ਨੇੜੇ ਰਹੋ
-
-
ਉੱਨੀਵਾਂ ਅਧਿਆਇ
ਪਰਮੇਸ਼ੁਰ ਦੇ ਭੇਤ ਵਿਚ ਉਸ ਦੀ ਬੁੱਧ
1, 2. ਕਿਸ “ਭੇਤ” ਵਿਚ ਸਾਨੂੰ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਕਿਉਂ?
ਇਨਸਾਨਾਂ ਵਾਸਤੇ ਢਿੱਡ ਵਿਚ ਕੋਈ ਗੱਲ ਰੱਖਣੀ ਬਹੁਤ ਹੀ ਔਖੀ ਹੁੰਦੀ ਹੈ। ਕਿਸੇ ਗੱਲ ਦਾ ਭੇਤ ਸੁਣ ਕੇ ਲੋਕ ਝੱਟ ਉਸ ਨੂੰ ਅੱਗੇ ਦੱਸਣ ਲਈ ਤਿਆਰ ਹੋ ਜਾਂਦੇ ਹਨ। ਪਰ ਬਾਈਬਲ ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ।” (ਕਹਾਉਤਾਂ 25:2) ਜੀ ਹਾਂ, ਅੱਤ ਮਹਾਨ ਹਾਕਮ ਅਤੇ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਯਹੋਵਾਹ ਕੋਲ ਕੁਝ ਗੱਲਾਂ ਉਸ ਸਮੇਂ ਤਕ ਗੁਪਤ ਰੱਖਣ ਦਾ ਹੱਕ ਹੈ ਜਦ ਤਕ ਉਨ੍ਹਾਂ ਦੇ ਪ੍ਰਗਟ ਕਰਨ ਦਾ ਸਮਾਂ ਨਾ ਆਵੇ।
2 ਯਹੋਵਾਹ ਨੇ ਆਪਣੇ ਬਚਨ ਵਿਚ ਇਕ ਭੇਤ ਖੋਲ੍ਹਿਆ ਹੈ ਜਿਸ ਨੂੰ ਜਾਣਨ ਲਈ ਸਾਡੇ ਵਿਚ ਪਿਆਸ ਪੈਦਾ ਹੁੰਦੀ ਹੈ। ਬਾਈਬਲ ਵਿਚ ਇਸ ਨੂੰ ਪਰਮੇਸ਼ੁਰ ਦੀ ‘ਇੱਛਿਆ ਦਾ ਭੇਤ’ ਸੱਦਿਆ ਗਿਆ ਹੈ। (ਅਫ਼ਸੀਆਂ 1:9) ਇਸ ਬਾਰੇ ਸਿੱਖਣ ਨਾਲ ਸਿਰਫ਼ ਤੁਹਾਡੀ ਪਿਆਸ ਹੀ ਨਹੀਂ ਬੁਝੇਗੀ ਪਰ ਇਸ ਭੇਤ ਦਾ ਗਿਆਨ ਤੁਹਾਨੂੰ ਮੁਕਤੀ ਅਤੇ ਯਹੋਵਾਹ ਦੀ ਬੁੱਧ ਦੀ ਗਹਿਰਾਈ ਦੀ ਝਲਕ ਵੀ ਦੇ ਸਕਦਾ ਹੈ।
ਭੇਤ ਹੌਲੀ-ਹੌਲੀ ਖੋਲ੍ਹਿਆ ਗਿਆ
3, 4. ਉਤਪਤ 3:15 ਦੀ ਭਵਿੱਖਬਾਣੀ ਨੇ ਕੀ ਉਮੀਦ ਦਿੱਤੀ ਸੀ ਅਤੇ ਉਸ ਵਿਚ ਕਿਹੜਾ “ਭੇਤ” ਸ਼ਾਮਲ ਸੀ?
3 ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਇਸ ਤਰ੍ਹਾਂ ਲੱਗਾ ਹੋਣਾ ਕਿ ਯਹੋਵਾਹ ਹੁਣ ਧਰਤੀ ਨੂੰ ਨਾ ਤਾਂ ਫਿਰਦੌਸ ਬਣਾ ਸਕੇਗਾ ਤੇ ਨਾ ਹੀ ਇਸ ਨੂੰ ਮੁਕੰਮਲ ਇਨਸਾਨਾਂ ਨਾਲ ਭਰ ਸਕੇਗਾ। ਪਰ ਪਰਮੇਸ਼ੁਰ ਨੇ ਇਸ ਮਸਲੇ ਦਾ ਫ਼ੌਰਨ ਹੱਲ ਕੱਢਿਆ। ਉਸ ਨੇ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।”—ਉਤਪਤ 3:15.
4 ਇਹ ਸ਼ਬਦ ਕਈ ਸਦੀਆਂ ਤਕ ਇਕ ਬੁਝਾਰਤ ਬਣੇ ਰਹੇ। ਤੀਵੀਂ ਕੌਣ ਸੀ? ਸੱਪ ਕੌਣ ਸੀ? ਉਹ “ਸੰਤਾਨ” ਕੌਣ ਸੀ ਜਿਸ ਨੇ ਸੱਪ ਦਾ ਸਿਰ ਫੇਹਣਾ ਸੀ? ਆਦਮ ਅਤੇ ਹੱਵਾਹ ਸਿਰਫ਼ ਅਨੁਮਾਨ ਹੀ ਲਾ ਸਕਦੇ ਸਨ। ਖ਼ੈਰ, ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਨੇ ਉਨ੍ਹਾਂ ਦੀ ਵਫ਼ਾਦਾਰ ਔਲਾਦ ਨੂੰ ਭਵਿੱਖ ਲਈ ਉਮੀਦ ਦਿੱਤੀ। ਜਿੱਤ ਤਾਂ ਸੱਚਾਈ ਦੀ ਹੀ ਹੋਣੀ ਸੀ। ਯਹੋਵਾਹ ਦਾ ਮਕਸਦ ਪੂਰਾ ਹੋਣਾ ਹੀ ਸੀ। ਪਰ ਕਿਸ ਤਰ੍ਹਾਂ? ਇਹ ਹੀ ਤਾਂ ਰਾਜ਼ ਦੀ ਗੱਲ ਸੀ! ਬਾਈਬਲ ਵਿਚ ਇਸ ਨੂੰ ‘ਪਰਮੇਸ਼ੁਰ ਦਾ ਭੇਤ ਵਾਲਾ ਗੁਪਤ ਗਿਆਨ’ ਸੱਦਿਆ ਗਿਆ ਹੈ।—1 ਕੁਰਿੰਥੀਆਂ 2:7.
5. ਉਦਾਹਰਣ ਦੇ ਕੇ ਸਮਝਾਓ ਕਿ ਯਹੋਵਾਹ ਨੇ ਆਪਣਾ ਭੇਤ ਹੌਲੀ-ਹੌਲੀ ਕਿਉਂ ਪ੍ਰਗਟ ਕੀਤਾ ਸੀ।
5 ਯਹੋਵਾਹ “ਭੇਤਾਂ ਦੀਆਂ ਗੱਲਾਂ ਪਰਗਟ” ਕਰਨ ਵਾਲਾ ਹੈ ਅਤੇ ਉਹ ਆਪਣੇ ਸਮੇਂ ਤੇ ਇਸ ਭੇਤ ਦੀਆਂ ਸਾਰੀਆਂ ਗੱਲਾਂ ਹੌਲੀ-ਹੌਲੀ ਖੋਲ੍ਹ ਦੇਵੇਗਾ। (ਦਾਨੀਏਲ 2:28) ਮਿਸਾਲ ਲਈ, ਅਸੀਂ ਅਜਿਹੇ ਪਿਤਾ ਬਾਰੇ ਸੋਚ ਸਕਦੇ ਹਾਂ ਜਿਸ ਦਾ ਬੇਟਾ ਆਪਣੇ ਨਿਆਣਪੁਣੇ ਵਿਚ ਉਸ ਨੂੰ ਪੁੱਛਦਾ ਹੈ, ‘ਪਿਤਾ ਜੀ ਮੇਰੀ ਛੋਟੀ ਭੈਣ ਕਿੱਥੋਂ ਆਈ?’ ਉਹ ਪਿਤਾ ਜਾਣਦਾ ਹੈ ਕਿ ਇਸ ਛੋਟੀ ਉਮਰ ਦਾ ਬੱਚਾ ਸਭ ਕੁਝ ਤਾਂ ਨਹੀਂ ਸਮਝੇਗਾ, ਇਸ ਲਈ ਉਹ ਉਸ ਨੂੰ ਉੱਨੀ ਹੀ ਗੱਲ ਦੱਸਦਾ ਹੈ ਜਿੰਨੀ ਉਹ ਸਮਝ ਸਕਦਾ ਹੈ। ਪਰ ਜਿਉਂ-ਜਿਉਂ ਮੁੰਡਾ ਵੱਡਾ ਹੁੰਦਾ ਜਾਂਦਾ ਹੈ, ਉਸ ਦਾ ਪਿਤਾ ਉਸ ਨੂੰ ਹੌਲੀ-ਹੌਲੀ ਹੋਰ ਗੱਲਾਂ ਸਮਝਾਉਂਦਾ ਰਹਿੰਦਾ ਹੈ। ਇਸੇ ਤਰ੍ਹਾਂ ਸਾਡਾ ਪਿਆਰਾ ਪਰਮੇਸ਼ੁਰ ਯਹੋਵਾਹ ਜਾਣਦਾ ਹੈ ਕਿ ਉਸ ਦੇ ਲੋਕ ਉਸ ਦੀ ਮਰਜ਼ੀ ਅਤੇ ਮਕਸਦ ਦੀਆਂ ਗੱਲਾਂ ਸਮਝਣ ਲਈ ਕਿਸ ਸਮੇਂ ਤੇ ਤਿਆਰ ਹੋਣਗੇ।—ਕਹਾਉਤਾਂ 4:18; ਦਾਨੀਏਲ 12:4.
6. (ੳ) ਇਕ ਨੇਮ ਜਾਂ ਇਕਰਾਰਨਾਮੇ ਦਾ ਕੀ ਫ਼ਾਇਦਾ ਹੈ? (ਅ) ਇਹ ਮਾਅਰਕੇ ਦੀ ਗੱਲ ਕਿਉਂ ਹੈ ਕਿ ਯਹੋਵਾਹ ਨੇ ਇਨਸਾਨਾਂ ਦੇ ਨਾਲ ਇਕਰਾਰਨਾਮੇ ਕੀਤੇ ਹਨ?
6 ਯਹੋਵਾਹ ਨੇ ਇਹ ਭੇਤ ਕਿਸ ਤਰ੍ਹਾਂ ਖੋਲ੍ਹਣੇ ਸ਼ੁਰੂ ਕੀਤੇ ਸਨ? ਕਾਫ਼ੀ ਹੱਦ ਤਕ ਉਸ ਨੇ ਨੇਮਾਂ ਯਾਨੀ ਇਕਰਾਰਨਾਮਿਆਂ ਰਾਹੀਂ ਗੱਲਾਂ ਜ਼ਾਹਰ ਕੀਤੀਆਂ ਸਨ। ਤੁਸੀਂ ਸ਼ਾਇਦ ਕਦੇ ਕਿਸੇ ਕਿਸਮ ਦਾ ਇਕਰਾਰਨਾਮਾ ਕੀਤਾ ਹੋਵੇ, ਸ਼ਾਇਦ ਕਿਸ਼ਤਾਂ ਤੇ ਕੋਈ ਚੀਜ਼ ਖ਼ਰੀਦੀ ਹੋਵੇ ਜਾਂ ਪੈਸੇ ਉਧਾਰ ਲਏ ਹੋਣ। ਇਸ ਤਰ੍ਹਾਂ ਦੇ ਇਕਰਾਰਨਾਮੇ ਵਿਚ ਕਾਨੂੰਨੀ ਸ਼ਰਤਾਂ ਲਿਖੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ। ਪਰ ਯਹੋਵਾਹ ਨੂੰ ਇਨਸਾਨਾਂ ਨਾਲ ਇਸ ਤਰ੍ਹਾਂ ਦੇ ਨੇਮ ਜਾਂ ਇਕਰਾਰਨਾਮੇ ਕਰਨ ਦੀ ਕੀ ਜ਼ਰੂਰਤ ਸੀ? ਕੀ ਉਸ ਦਾ ਕਹਿਣਾ ਹੀ ਕਾਫ਼ੀ ਨਹੀਂ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰੇਗਾ? ਇਹ ਤਾਂ ਹੈ, ਪਰ ਫਿਰ ਵੀ ਕਈ ਵਾਰ ਪਰਮੇਸ਼ੁਰ ਨੇ ਪਿਆਰ ਨਾਲ ਆਪਣੀਆਂ ਕਹੀਆਂ ਗੱਲਾਂ ਤੇ ਕਾਨੂੰਨੀ ਇਕਰਾਰਨਾਮਿਆਂ ਦੀ ਮੋਹਰ ਵੀ ਲਾਈ ਹੈ। ਇਨ੍ਹਾਂ ਪੱਕੇ ਇਕਰਾਰਨਾਮਿਆਂ ਦੀ ਮਦਦ ਨਾਲ ਸਾਨੂੰ ਅਪੂਰਣ ਇਨਸਾਨਾਂ ਨੂੰ ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਰੱਖਣ ਦੇ ਹੋਰ ਵੀ ਕਾਰਨ ਮਿਲਦੇ ਹਨ।—ਇਬਰਾਨੀਆਂ 6:16-18.
ਅਬਰਾਹਾਮ ਨਾਲ ਨੇਮ
7, 8. (ੳ) ਯਹੋਵਾਹ ਨੇ ਅਬਰਾਹਾਮ ਨਾਲ ਕਿਹੜਾ ਨੇਮ ਬੰਨ੍ਹਿਆ ਸੀ ਅਤੇ ਉਸ ਤੋਂ ਪਰਮੇਸ਼ੁਰ ਦੇ ਭੇਤ ਬਾਰੇ ਕੀ ਪਤਾ ਲੱਗਾ? (ਅ) ਯਹੋਵਾਹ ਨੇ ਵਾਅਦਾ ਕੀਤੀ ਹੋਈ ਅੰਸ ਬਾਰੇ ਹੌਲੀ-ਹੌਲੀ ਕੀ ਪ੍ਰਗਟ ਕੀਤਾ ਸੀ?
7 ਆਦਮ ਅਤੇ ਹੱਵਾਹ ਦੇ ਫਿਰਦੌਸ ਵਿੱਚੋਂ ਕੱਢੇ ਜਾਣ ਤੋਂ ਲਗਭਗ ਦੋ ਹਜ਼ਾਰ ਸਾਲ ਬਾਅਦ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕ ਅਬਰਾਹਾਮ ਨੂੰ ਕਿਹਾ: ‘ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀ ਵਧਾਵਾਂਗਾ। ਅਤੇ ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।’ (ਉਤਪਤ 22:17, 18) ਇਹ ਸਿਰਫ਼ ਇਕ ਵਾਅਦਾ ਹੀ ਨਹੀਂ ਸੀ। ਯਹੋਵਾਹ ਨੇ ਅਬਰਾਹਾਮ ਨਾਲ ਸੌਂਹ ਖਾ ਕੇ ਕਾਨੂੰਨੀ ਤੌਰ ਤੇ ਇਕ ਪੱਕਾ ਇਕਰਾਰਨਾਮਾ ਵੀ ਕੀਤਾ ਸੀ। (ਉਤਪਤ 17:1, 2; ਇਬਰਾਨੀਆਂ 6:13-15) ਇਹ ਕਿੰਨੇ ਮਾਅਰਕੇ ਦੀ ਗੱਲ ਹੈ ਕਿ ਅੱਤ ਮਹਾਨ ਪਰਮੇਸ਼ੁਰ ਨੇ ਇਨਸਾਨਜਾਤ ਨੂੰ ਬਰਕਤਾਂ ਦੇਣ ਦਾ ਇਕਰਾਰ ਕੀਤਾ ਹੈ!
“ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਜਿੰਨੀਂ ਵਧਾਵਾਂਗਾ”
8 ਅਬਰਾਹਾਮ ਨਾਲ ਬੰਨ੍ਹੇ ਗਏ ਨੇਮ ਨੇ ਪ੍ਰਗਟ ਕੀਤਾ ਕਿ ਵਾਅਦਾ ਕੀਤੀ ਗਈ ਅੰਸ ਇਨਸਾਨ ਦਾ ਰੂਪ ਲਵੇਗੀ ਅਤੇ ਉਹ ਅਬਰਾਹਾਮ ਦੀ ਔਲਾਦ ਵਿੱਚੋਂ ਹੋਵੇਗੀ। ਪਰ ਉਹ ਹੋਵੇਗਾ ਕੌਣ? ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਪ੍ਰਗਟ ਕੀਤਾ ਕਿ ਅੰਸ ਅਬਰਾਹਾਮ ਦੇ ਬੇਟੇ ਇਸਹਾਕ ਰਾਹੀਂ ਆਵੇਗੀ। ਅੱਗੇ ਇਹ ਦੱਸਿਆ ਗਿਆ ਸੀ ਕਿ ਅੰਸ ਇਸਹਾਕ ਦੇ ਦੋ ਲੜਕਿਆਂ ਵਿੱਚੋਂ ਯਾਕੂਬ ਦੇ ਰਾਹੀਂ ਆਵੇਗੀ। (ਉਤਪਤ 21:12; 28:13, 14) ਬਾਅਦ ਵਿਚ ਯਾਕੂਬ ਨੇ ਆਪਣੇ ਬਾਰਾਂ ਲੜਕਿਆਂ ਵਿੱਚੋਂ ਇਕ ਬਾਰੇ ਕਿਹਾ: “ਯਹੂਦਾਹ ਤੋਂ ਰਾਜ ਡੰਡਾ ਚਲਿਆ ਨਾ ਜਾਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੀਕ ਸ਼ੀਲੋਹ [ਯਾਨੀ ਵਾਰਸ] ਨਾ ਆਵੇ। ਅਤੇ ਲੋਕਾਂ ਦੀ ਆਗਿਆਕਾਰੀ ਉਸੇ ਦੀ ਹੋਵੇਗੀ।” (ਉਤਪਤ 49:10, ਫੁਟਨੋਟ) ਇਸ ਸਮੇਂ ਪਤਾ ਲੱਗਾ ਕਿ ਅੰਸ ਨੇ ਰਾਜ ਕਰਨਾ ਸੀ ਅਤੇ ਯਹੂਦਾਹ ਦੇ ਗੋਤ ਵਿੱਚੋਂ ਆਉਣਾ ਸੀ!
ਇਸਰਾਏਲ ਨਾਲ ਨੇਮ
9, 10. (ੳ) ਯਹੋਵਾਹ ਨੇ ਇਸਰਾਏਲ ਕੌਮ ਨਾਲ ਕਿਹੜਾ ਨੇਮ ਬੰਨ੍ਹਿਆ ਸੀ ਅਤੇ ਉਸ ਨੇਮ ਨੇ ਉਨ੍ਹਾਂ ਦੀ ਰਾਖੀ ਕਿਸ ਤਰ੍ਹਾਂ ਕੀਤੀ ਸੀ? (ਅ) ਬਿਵਸਥਾ ਨੇ ਕਿਸ ਤਰ੍ਹਾਂ ਸਾਬਤ ਕੀਤਾ ਸੀ ਕਿ ਇਨਸਾਨਜਾਤ ਨੂੰ ਪਾਪ ਤੋਂ ਰਿਹਾ ਕੀਤੇ ਜਾਣ ਦੀ ਜ਼ਰੂਰਤ ਹੈ?
9 ਅਬਰਾਹਾਮ ਨਾਲ ਨੇਮ ਬੰਨ੍ਹਣ ਤੋਂ ਤਕਰੀਬਨ 400 ਸਾਲ ਬਾਅਦ (1513 ਸਾ.ਯੁ.ਪੂ.) ਯਹੋਵਾਹ ਨੇ ਇਸ ਭੇਤ ਦੀਆਂ ਹੋਰ ਗੱਲਾਂ ਪ੍ਰਗਟ ਕਰਨ ਦਾ ਇਕ ਬੰਦੋਬਸਤ ਕੀਤਾ। ਉਸ ਨੇ ਅਬਰਾਹਾਮ ਦੀ ਆਲ-ਔਲਾਦ ਯਾਨੀ ਇਸਰਾਏਲ ਕੌਮ ਨਾਲ ਨੇਮ ਬੰਨ੍ਹਿਆ। ਭਾਵੇਂ ਮੂਸਾ ਦੀ ਬਿਵਸਥਾ ਦਾ ਇਹ ਨੇਮ ਅੱਜ ਲਾਗੂ ਨਹੀਂ ਹੁੰਦਾ, ਫਿਰ ਵੀ ਇਹ ਪਰਮੇਸ਼ੁਰ ਦੇ ਮਕਸਦ ਮੁਤਾਬਕ ਵਾਅਦਾ ਕੀਤੀ ਗਈ ਅੰਸ ਦੇ ਪ੍ਰਗਟ ਹੋਣ ਲਈ ਜ਼ਰੂਰੀ ਸੀ। ਕਿਸ ਤਰ੍ਹਾਂ? ਤਿੰਨ ਗੱਲਾਂ ਉੱਤੇ ਗੌਰ ਕਰੋ। ਪਹਿਲੀ ਗੱਲ, ਇਹ ਨੇਮ ਰੱਖਿਆ ਕਰਨ ਵਾਲੀ ਇਕ ਕੰਧ ਵਾਂਗ ਸੀ। (ਅਫ਼ਸੀਆਂ 2:14) ਇਸ ਦੇ ਧਰਮੀ ਕਾਨੂੰਨ ਯਹੂਦੀਆਂ ਨੂੰ ਗ਼ੈਰ-ਯਹੂਦੀਆਂ ਤੋਂ ਅਲੱਗ ਰੱਖਦੇ ਸਨ। ਇਸ ਤਰ੍ਹਾਂ ਬਿਵਸਥਾ ਰਾਹੀਂ ਵਾਅਦਾ ਕੀਤੀ ਹੋਈ ਅੰਸ ਦੀ ਵੰਸ਼ਾਵਲੀ ਦੀ ਰੱਖਿਆ ਹੋਈ। ਇਸ ਰੱਖਿਆ ਸਦਕਾ ਉਹ ਕੌਮ ਉਸ ਸਮੇਂ ਤਕ ਬਚੀ ਰਹੀ ਜਦੋਂ ਯਹੂਦਾਹ ਦੇ ਗੋਤ ਵਿੱਚੋਂ ਮਸੀਹਾ ਦੇ ਆਉਣ ਦਾ ਵੇਲਾ ਆਇਆ।
10 ਦੂਜੀ ਗੱਲ, ਬਿਵਸਥਾ ਨੇ ਚੰਗੀ ਤਰ੍ਹਾਂ ਸਾਬਤ ਕੀਤਾ ਕਿ ਇਨਸਾਨਜਾਤ ਨੂੰ ਪਾਪ ਤੋਂ ਰਿਹਾ ਕੀਤੇ ਜਾਣ ਦੀ ਜ਼ਰੂਰਤ ਹੈ। ਬਿਵਸਥਾ ਬਿਲਕੁਲ ਮੁਕੰਮਲ ਸੀ ਅਤੇ ਪਾਪੀ ਇਨਸਾਨ ਉਸ ਵਿਚ ਦਿੱਤੇ ਕਾਨੂੰਨਾਂ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ ਸਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਬਿਵਸਥਾ ‘ਅਪਰਾਧਾਂ ਨੂੰ ਪ੍ਰਗਟ ਕਰਨ ਵਾਸਤੇ ਸੀ ਕਿ ਜਿੰਨਾ ਚਿਰ ਉਹ ਅੰਸ ਜਿਹ ਨੂੰ ਬਚਨ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ।’ (ਗਲਾਤੀਆਂ 3:19) ਬਿਵਸਥਾ ਵਿਚ ਇਹ ਪ੍ਰਬੰਧ ਕੀਤਾ ਗਿਆ ਸੀ ਜਿਸ ਰਾਹੀਂ ਇਸਰਾਏਲੀ ਜਾਨਵਰਾਂ ਦੀਆਂ ਬਲੀਆਂ ਦੇ ਕੇ ਕੁਝ ਹੱਦ ਤਕ ਆਪਣੇ ਪਾਪਾਂ ਦਾ ਪ੍ਰਾਸਚਿਤ ਕਰ ਸਕਦੇ ਸਨ। ਪੌਲੁਸ ਰਸੂਲ ਨੇ ਲਿਖਿਆ ਸੀ ਕਿ ਇਹ “ਅਣਹੋਣਾ ਹੈ ਭਈ ਵਹਿੜਕਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ,” ਇਸ ਲਈ ਇਹ ਬਲੀਦਾਨ ਤਾਂ ਯਿਸੂ ਦੇ ਬਲੀਦਾਨ ਦਾ ਪਰਛਾਵਾਂ ਹੀ ਸਨ। (ਇਬਰਾਨੀਆਂ 10:1-4) ਵਫ਼ਾਦਾਰ ਯਹੂਦੀਆਂ ਵਾਸਤੇ ਉਹ ਸ਼ਰਾ ਜਾਂ ਬਿਵਸਥਾ ‘ਮਸੀਹ ਦੇ ਆਉਣ ਤੀਕੁਰ ਨਿਗਾਹਬਾਨ ਬਣੀ।’—ਗਲਾਤੀਆਂ 3:24.
11. ਬਿਵਸਥਾ ਨੇਮ ਨੇ ਇਸਰਾਏਲ ਕੌਮ ਮੋਹਰੇ ਕਿਹੜਾ ਸੁਨਹਿਰਾ ਭਵਿੱਖ ਰੱਖਿਆ ਸੀ, ਪਰ ਇਕ ਕੌਮ ਵਜੋਂ ਉਨ੍ਹਾਂ ਨੇ ਇਸ ਵਿਚ ਹਿੱਸਾ ਲੈਣ ਦਾ ਮੌਕਾ ਕਿਸ ਤਰ੍ਹਾਂ ਗੁਆਇਆ ਸੀ?
11 ਤੀਜੀ ਗੱਲ, ਉਸ ਨੇਮ ਨੇ ਇਸਰਾਏਲ ਕੌਮ ਮੋਹਰੇ ਇਕ ਸੁਨਹਿਰਾ ਭਵਿੱਖ ਰੱਖਿਆ ਸੀ। ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਹ ਨੇਮ ਪ੍ਰਤੀ ਵਫ਼ਾਦਾਰ ਰਹੇ, ਤਾਂ ਉਹ “ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ” ਬਣਨਗੇ। (ਕੂਚ 19:5, 6) ਜਾਜਕਾਂ ਦੀ ਇਸ ਸਵਰਗੀ ਬਾਦਸ਼ਾਹੀ ਦੇ ਪਹਿਲੇ ਮੈਂਬਰ ਇਸਰਾਏਲ ਕੌਮ ਵਿੱਚੋਂ ਸਨ। ਪਰ ਇਕ ਕੌਮ ਵਜੋਂ ਇਸਰਾਏਲੀਆਂ ਨੇ ਉਸ ਨੇਮ ਨੂੰ ਤੋੜਿਆ ਤੇ ਵਾਅਦਾ ਕੀਤੀ ਹੋਈ ਅੰਸ ਨੂੰ ਰੱਦ ਕੀਤਾ ਜਿਸ ਕਰਕੇ ਉਹ ਸਵਰਗੀ ਰਾਜ ਵਿਚ ਹਿੱਸਾ ਲੈਣ ਦਾ ਮੌਕਾ ਗੁਆ ਬੈਠੇ। ਫਿਰ ਰਾਜ ਕਰਨ ਵਾਲੇ ਜਾਜਕਾਂ ਦੀ ਗਿਣਤੀ ਕਿਸ ਤਰ੍ਹਾਂ ਪੂਰੀ ਹੋਣੀ ਸੀ? ਉਸ ਪਵਿੱਤਰ ਕੌਮ ਦਾ ਵਾਅਦਾ ਕੀਤੀ ਹੋਈ ਅੰਸ ਨਾਲ ਕੀ ਸੰਬੰਧ ਹੋਣਾ ਸੀ? ਪਰਮੇਸ਼ੁਰ ਨੇ ਵੇਲੇ ਸਿਰ ਭੇਤ ਦੀਆਂ ਇਹ ਸਾਰੀਆਂ ਗੱਲਾਂ ਵੀ ਪ੍ਰਗਟ ਕਰਨੀਆਂ ਸਨ।
ਦਾਊਦ ਨਾਲ ਰਾਜ ਦਾ ਨੇਮ
12. ਯਹੋਵਾਹ ਨੇ ਦਾਊਦ ਨਾਲ ਕਿਹੜਾ ਨੇਮ ਬੰਨ੍ਹਿਆ ਸੀ ਅਤੇ ਉਸ ਨੇਮ ਤੋਂ ਭੇਤ ਬਾਰੇ ਹੋਰ ਕਿਹੜੀ ਜਾਣਕਾਰੀ ਮਿਲੀ ਸੀ?
12 ਇਸਰਾਏਲ ਨਾਲ ਨੇਮ ਬੰਨ੍ਹਣ ਤੋਂ ਕੁਝ 500 ਸਾਲ ਬਾਅਦ ਯਹੋਵਾਹ ਨੇ ਇਕ ਹੋਰ ਨੇਮ ਬੰਨ੍ਹਿਆ ਸੀ ਜਿਸ ਰਾਹੀਂ ਭੇਤ ਬਾਰੇ ਹੋਰ ਜਾਣਕਾਰੀ ਮਿਲੀ। ਉਸ ਨੇ ਵਫ਼ਾਦਾਰ ਰਾਜੇ ਦਾਊਦ ਨਾਲ ਵਾਅਦਾ ਕੀਤਾ: “ਤੇਰੇ ਪਿੱਛੋਂ ਤੇਰੀ ਸੰਤਾਨ ਨੂੰ . . . ਖਲ੍ਹਿਆਰਾਂਗਾ ਅਤੇ ਉਹ ਦੇ ਰਾਜ ਨੂੰ ਪੱਕਾ ਕਰਾਂਗਾ। . . . ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦੀਪਕ ਤੋੜੀ ਟਿਕਾਈ ਰੱਖਾਂਗਾ।” (2 ਸਮੂਏਲ 7:12, 13; ਜ਼ਬੂਰਾਂ ਦੀ ਪੋਥੀ 89:3) ਇਸ ਸਮੇਂ ਤੇ ਦੱਸਿਆ ਗਿਆ ਸੀ ਕਿ ਵਾਅਦਾ ਕੀਤੀ ਗਈ ਅੰਸ ਦਾਊਦ ਦੇ ਖ਼ਾਨਦਾਨ ਵਿੱਚੋਂ ਆਵੇਗੀ। ਪਰ ਕੀ ਇੱਥੇ ਕਿਸੇ ਮਾਮੂਲੀ ਇਨਸਾਨ ਬਾਰੇ ਗੱਲ ਕੀਤੀ ਗਈ ਸੀ ਜਿਸ ਨੇ “ਅੰਤਕਾਲ ਤੀਕ” ਰਾਜ ਕਰਨਾ ਸੀ? (ਜ਼ਬੂਰਾਂ ਦੀ ਪੋਥੀ 89:20, 29, 34-36) ਕੀ ਕੋਈ ਮਾਨਵੀ ਰਾਜਾ ਇਨਸਾਨਜਾਤ ਨੂੰ ਪਾਪ ਅਤੇ ਮੌਤ ਤੋਂ ਛੁਡਾ ਸਕਦਾ ਸੀ?
13, 14. (ੳ) ਜ਼ਬੂਰਾਂ ਦੀ ਪੋਥੀ 110 ਵਿਚ ਯਹੋਵਾਹ ਨੇ ਆਪਣੇ ਨਿਯੁਕਤ ਕੀਤੇ ਗਏ ਰਾਜੇ ਨਾਲ ਕਿਹੜਾ ਵਾਅਦਾ ਕੀਤਾ ਸੀ? (ਅ) ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਵਾਅਦਾ ਕੀਤੀ ਗਈ ਅੰਸ ਬਾਰੇ ਹੋਰ ਕਿਹੜੇ ਰਾਜ਼ ਪ੍ਰਗਟ ਕੀਤੇ ਸਨ?
13 ਪਵਿੱਤਰ ਆਤਮਾ ਦੇ ਅਧੀਨ ਦਾਊਦ ਨੇ ਲਿਖਿਆ: “ਯਹੋਵਾਹ ਦਾ ਮੇਰੇ ਪ੍ਰਭੁ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ। ਯਹੋਵਾਹ ਨੇ ਸੌਂਹ ਖਾਧੀ ਅਤੇ ਉਹ ਨਹੀਂ ਮੁਕਰੇਗਾ, ਤੂੰ ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਾਜਕ ਹੈਂ।” (ਜ਼ਬੂਰਾਂ ਦੀ ਪੋਥੀ 110:1, 4) ਦਾਊਦ ਦੀ ਇਹ ਗੱਲ ਵਾਅਦਾ ਕੀਤੀ ਗਈ ਅੰਸ ਯਾਨੀ ਮਸੀਹਾ ਉੱਤੇ ਐਨ ਲਾਗੂ ਹੁੰਦੀ ਹੈ। (ਰਸੂਲਾਂ ਦੇ ਕਰਤੱਬ 2:35, 36) ਰਾਜੇ ਨੇ ਯਰੂਸ਼ਲਮ ਤੋਂ ਨਹੀਂ ਸਗੋਂ ਯਹੋਵਾਹ ਦੇ “ਸੱਜੇ ਪਾਸੇ” ਬੈਠ ਕੇ ਸਵਰਗੋਂ ਰਾਜ ਕਰਨਾ ਸੀ। ਇਸ ਤਰ੍ਹਾਂ ਉਸ ਕੋਲ ਸਿਰਫ਼ ਇਸਰਾਏਲ ਉੱਤੇ ਹੀ ਨਹੀਂ, ਸਗੋਂ ਪੂਰੀ ਧਰਤੀ ਉੱਤੇ ਅਧਿਕਾਰ ਹੋਣਾ ਸੀ। (ਜ਼ਬੂਰਾਂ ਦੀ ਪੋਥੀ 2:6-8) ਇੱਥੇ ਇਕ ਹੋਰ ਵੀ ਗੱਲ ਪ੍ਰਗਟ ਕੀਤੀ ਗਈ ਸੀ। ਨੋਟ ਕਰੋ ਕਿ ਯਹੋਵਾਹ ਨੇ ਸਹੁੰ ਖਾਧੀ ਸੀ ਕਿ ਮਸੀਹਾ ‘ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ ਜਾਜਕ’ ਹੋਵੇਗਾ। ਅਬਰਾਹਾਮ ਦੇ ਜ਼ਮਾਨੇ ਵਿਚ ਮਲਕਿ-ਸਿਦਕ ਰਾਜਾ ਤੇ ਜਾਜਕ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਇਸ ਵਾਅਦਾ ਕੀਤੀ ਹੋਈ ਅੰਸ ਨੂੰ ਉਸੇ ਵਾਂਗ ਇਕ ਰਾਜੇ ਅਤੇ ਇਕ ਜਾਜਕ ਵਜੋਂ ਸੇਵਾ ਕਰਨ ਲਈ ਨਿਯੁਕਤ ਕਰਨਾ ਸੀ।—ਉਤਪਤ 14:17-20.
14 ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਆਪਣੇ ਭੇਤ ਬਾਰੇ ਹੋਰ ਗੱਲਾਂ ਪ੍ਰਗਟ ਕੀਤੀਆਂ ਸਨ। ਮਿਸਾਲ ਲਈ, ਯਸਾਯਾਹ ਨੇ ਦੱਸਿਆ ਸੀ ਕਿ ਅੰਸ ਆਪਣੀ ਜਾਨ ਦੀ ਕੁਰਬਾਨੀ ਦੇਵੇਗੀ। (ਯਸਾਯਾਹ 53:3-12) ਮੀਕਾਹ ਨੇ ਉਸ ਦੇ ਜਨਮ ਦੀ ਜਗ੍ਹਾ ਦੱਸੀ ਸੀ। (ਮੀਕਾਹ 5:2) ਦਾਨੀਏਲ ਨੇ ਅੰਸ ਦੇ ਆਉਣ ਦਾ ਅਤੇ ਉਸ ਦੀ ਮੌਤ ਦਾ ਸਮਾਂ ਦੱਸਿਆ ਸੀ।—ਦਾਨੀਏਲ 9:24-27.
ਭੇਤ ਖੁੱਲ੍ਹ ਗਿਆ!
15, 16. (ੳ) ਯਹੋਵਾਹ ਦਾ ਪੁੱਤਰ ਤੀਵੀਂ ਤੋਂ ਕਿਵੇਂ ਜੰਮਿਆ ਸੀ? (ਅ) ਯਿਸੂ ਨੇ ਆਪਣੇ ਇਨਸਾਨੀ ਮਾਪਿਆਂ ਤੋਂ ਵਿਰਸੇ ਵਿਚ ਕੀ ਪਾਇਆ ਸੀ ਅਤੇ ਵਾਅਦਾ ਕੀਤੀ ਗਈ ਅੰਸ ਵਜੋਂ ਉਹ ਕਦੋਂ ਆਇਆ ਸੀ?
15 ਅੰਸ ਦੇ ਆਉਣ ਤਕ ਇਹ ਨਹੀਂ ਪਤਾ ਸੀ ਕਿ ਇਹ ਭਵਿੱਖਬਾਣੀਆਂ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ। ਗਲਾਤੀਆਂ 4:4 ਵਿਚ ਦੱਸਿਆ ਗਿਆ ਹੈ ਕਿ “ਜਾਂ ਸਮਾ ਪੂਰਾ ਹੋਇਆ ਤਾਂ ਪਰਮੇਸ਼ੁਰ ਨੇ ਆਪਣੇ ਪੁੱਤ੍ਰ ਨੂੰ ਘੱਲਿਆ ਜਿਹੜਾ ਤੀਵੀਂ ਤੋਂ ਜੰਮਿਆ।” ਸੰਨ 2 ਸਾ.ਯੁ.ਪੂ. ਵਿਚ ਇਕ ਦੂਤ ਨੇ ਮਰਿਯਮ ਨਾਂ ਦੀ ਕੁਆਰੀ ਯਹੂਦਣ ਨੂੰ ਕਿਹਾ: “ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਅਤੇ ਅੱਤ ਮਹਾਨ ਦਾ ਪੁੱਤ੍ਰ ਸਦਾਵੇਗਾ, ਅਤੇ ਪ੍ਰਭੁ ਪਰਮੇਸ਼ੁਰ ਉਹ ਦੇ ਪਿਤਾ ਦਾਊਦ ਦਾ ਤਖ਼ਤ ਉਹ ਨੂੰ ਦੇਵੇਗਾ। . . . ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।”—ਲੂਕਾ 1:31, 32, 35.
16 ਇਸ ਤੋਂ ਬਾਅਦ ਯਹੋਵਾਹ ਨੇ ਸਵਰਗ ਵਿਚ ਰਹਿੰਦੇ ਆਪਣੇ ਪੁੱਤਰ ਦੀ ਜਾਨ ਮਰਿਯਮ ਦੀ ਕੁੱਖ ਵਿਚ ਪਾ ਦਿੱਤੀ ਅਤੇ ਇਸ ਤਰ੍ਹਾਂ ਉਹ ਤੀਵੀਂ ਤੋਂ ਜੰਮਿਆ। ਅਪੂਰਣ ਮਰਿਯਮ ਦੀ ਕੁੱਖੋਂ ਪੈਦਾ ਹੋਣ ਦੇ ਬਾਵਜੂਦ ਵੀ ਯਿਸੂ ਸੰਪੂਰਣ ਪੈਦਾ ਹੋਇਆ ਸੀ ਕਿਉਂਕਿ ਉਹ “ਪਰਮੇਸ਼ੁਰ ਦਾ ਪੁੱਤ੍ਰ” ਸੀ। ਇਸ ਦੇ ਨਾਲ-ਨਾਲ ਯਿਸੂ ਦੇ ਇਨਸਾਨੀ ਮਾਪੇ ਦਾਊਦ ਦੇ ਖ਼ਾਨਦਾਨ ਵਿੱਚੋਂ ਸਨ ਜਿਸ ਕਰਕੇ ਯਿਸੂ ਕੋਲ ਦਾਊਦ ਦਾ ਵਾਰਸ ਬਣਨ ਦੇ ਕਾਨੂੰਨੀ ਅਤੇ ਕੁਦਰਤੀ ਹੱਕ ਸਨ। (ਰਸੂਲਾਂ ਦੇ ਕਰਤੱਬ 13:22, 23) ਸੰਨ 29 ਵਿਚ ਯਿਸੂ ਦੇ ਬਪਤਿਸਮੇ ਦੇ ਸਮੇਂ ਯਹੋਵਾਹ ਨੇ ਉਸ ਨੂੰ ਪਵਿੱਤਰ ਆਤਮਾ ਨਾਲ ਮਸਹ ਕਰ ਕੇ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ।” (ਮੱਤੀ 3:16, 17) ਆਖ਼ਰ, ਅੰਸ ਦੇ ਆਉਣ ਦਾ ਸਮਾਂ ਆ ਹੀ ਗਿਆ ਸੀ! (ਗਲਾਤੀਆਂ 3:16) ਹੁਣ ਪਰਮੇਸ਼ੁਰ ਦੇ ਭੇਤ ਬਾਰੇ ਹੋਰ ਗੱਲਾਂ ਪ੍ਰਗਟ ਕਰਨ ਦਾ ਸਮਾਂ ਸੀ।—2 ਤਿਮੋਥਿਉਸ 1:10.
17. ਉਤਪਤ 3:15 ਦੀ ਬੁਝਾਰਤ ਤੇ ਰੌਸ਼ਨੀ ਕਿਸ ਤਰ੍ਹਾਂ ਪਾਈ ਗਈ ਸੀ?
17 ਯਿਸੂ ਨੇ ਆਪਣੀ ਸੇਵਕਾਈ ਦੌਰਾਨ ਪ੍ਰਗਟ ਕੀਤਾ ਕਿ ਉਤਪਤ 3:15 ਦਾ ਸੱਪ ਸ਼ਤਾਨ ਹੈ ਅਤੇ ਸੱਪ ਦੀ ਸੰਤਾਨ ਸ਼ਤਾਨ ਦੇ ਚੇਲੇ ਹਨ। (ਮੱਤੀ 23:33; ਯੂਹੰਨਾ 8:44) ਇਸ ਤੋਂ ਬਾਅਦ ਪ੍ਰਗਟ ਕੀਤਾ ਗਿਆ ਸੀ ਕਿ ਇਨ੍ਹਾਂ ਸਾਰਿਆਂ ਨੂੰ ਹਮੇਸ਼ਾ ਵਾਸਤੇ ਕੁਚਲਿਆ ਜਾਵੇਗਾ। (ਪਰਕਾਸ਼ ਦੀ ਪੋਥੀ 20:1-3, 10, 15) ਇਹ ਵੀ ਦੱਸਿਆ ਗਿਆ ਸੀ ਕਿ ਤੀਵੀਂ ‘ਉਤਾਹਾਂ ਦਾ ਯਰੂਸ਼ਲਮ’ ਹੈ ਯਾਨੀ ਦੂਤਾਂ ਦੀ ਬਣੀ ਹੋਈ ਯਹੋਵਾਹ ਦੀ ਸਵਰਗੀ ਸੰਸਥਾ। ਬਾਈਬਲ ਵਿਚ ਇਸ ਸੰਸਥਾ ਨੂੰ ਯਹੋਵਾਹ ਦੀ ਪਤਨੀ ਕਿਹਾ ਗਿਆ ਹੈ।a—ਗਲਾਤੀਆਂ 4:26; ਪਰਕਾਸ਼ ਦੀ ਪੋਥੀ 12:1-6.
ਨਵਾਂ ਨੇਮ
18. ‘ਨਵੇਂ ਨੇਮ’ ਦਾ ਮਕਸਦ ਕੀ ਹੈ?
18 ਭੇਤ ਦੀ ਸਭ ਤੋਂ ਵੱਡੀ ਗੱਲ ਯਿਸੂ ਦੀ ਧਰਤੀ ਉੱਤੇ ਆਖ਼ਰੀ ਰਾਤ ਨੂੰ ਪ੍ਰਗਟ ਹੋਈ ਸੀ ਜਦ ਉਸ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ‘ਨਵੇਂ ਨੇਮ’ ਬਾਰੇ ਦੱਸਿਆ ਸੀ। (ਲੂਕਾ 22:20) ਪਹਿਲੇ ਨੇਮ ਯਾਨੀ ਮੂਸਾ ਦੀ ਬਿਵਸਥਾ ਦੇ ਨੇਮ ਵਾਂਗ ਇਸ ਨਵੇਂ ਨੇਮ ਨੇ ਵੀ “ਜਾਜਕਾਂ ਦੀ ਬਾਦਸ਼ਾਹੀ” ਪੈਦਾ ਕਰਨੀ ਸੀ। (ਕੂਚ 19:6; 1 ਪਤਰਸ 2:9) ਪਰ ਇਸ ਨਵੇਂ ਨੇਮ ਨੇ ਜ਼ਮੀਨੀ ਕੌਮ ਸਥਾਪਿਤ ਕਰਨ ਦੀ ਬਜਾਇ ਰੂਹਾਨੀ ਕੌਮ ਸਥਾਪਿਤ ਕਰਨੀ ਸੀ। ਇਹ ਕੌਮ ‘ਪਰਮੇਸ਼ੁਰ ਦਾ ਇਸਰਾਏਲ’ ਹੈ ਜੋ ਯਿਸੂ ਦੇ ਮਸਹ ਕੀਤੇ ਹੋਏ ਵਫ਼ਾਦਾਰ ਚੇਲਿਆਂ ਦੀ ਬਣੀ ਹੋਈ ਹੈ। (ਗਲਾਤੀਆਂ 6:16) ਯਿਸੂ ਨੇ ਨਵੇਂ ਨੇਮ ਦੇ ਇਨ੍ਹਾਂ ਮੈਂਬਰਾਂ ਨਾਲ ਮਿਲ ਕੇ ਸਾਰੀ ਇਨਸਾਨਜਾਤ ਨੂੰ ਬਰਕਤਾਂ ਦੇਣੀਆਂ ਹਨ।
19. (ੳ) ਨਵਾਂ ਨੇਮ “ਜਾਜਕਾਂ ਦੀ ਬਾਦਸ਼ਾਹੀ” ਪੈਦਾ ਕਰਨ ਵਿਚ ਕਾਮਯਾਬ ਕਿਉਂ ਹੋ ਰਿਹਾ ਹੈ? (ਅ) ਆਤਮਾ ਤੋਂ ਜੰਮੇ ਮਸੀਹੀਆਂ ਨੂੰ “ਨਵੀਂ ਸਰਿਸ਼ਟ” ਕਿਉਂ ਸੱਦਿਆ ਗਿਆ ਹੈ ਅਤੇ ਮਸੀਹ ਨਾਲ ਸਵਰਗ ਵਿਚ ਕਿੰਨੇ ਜਣੇ ਰਾਜ ਕਰਨਗੇ?
19 ਪਰ ਨਵਾਂ ਨੇਮ “ਜਾਜਕਾਂ ਦੀ ਬਾਦਸ਼ਾਹੀ” ਪੈਦਾ ਕਰਨ ਵਿਚ ਕਾਮਯਾਬ ਕਿਉਂ ਹੋ ਰਿਹਾ ਹੈ? ਕਿਉਂਕਿ ਇਹ ਮਸੀਹ ਦੇ ਚੇਲਿਆਂ ਨੂੰ ਪਾਪੀਆਂ ਵਜੋਂ ਦੋਸ਼ੀ ਨਹੀਂ ਠਹਿਰਾਉਂਦਾ। ਇਸ ਦੀ ਬਜਾਇ ਇਹ ਨੇਮ ਮਸੀਹ ਦੇ ਬਲੀਦਾਨ ਦੇ ਜ਼ਰੀਏ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਦਾ ਇੰਤਜ਼ਾਮ ਕਰਦਾ ਹੈ। (ਯਿਰਮਿਯਾਹ 31:31-34) ਯਹੋਵਾਹ ਮੋਹਰੇ ਸ਼ੁੱਧ ਖੜ੍ਹੇ ਹੋਣ ਤੋਂ ਬਾਅਦ ਉਹ ਉਨ੍ਹਾਂ ਨੂੰ ਪਵਿੱਤਰ ਆਤਮਾ ਦੇ ਜ਼ਰੀਏ ਲੇਪਾਲਕ ਪੁੱਤਰਾਂ ਵਜੋਂ ਆਪਣੇ ਸਵਰਗੀ ਪਰਿਵਾਰ ਦੇ ਮੈਂਬਰ ਬਣਾਉਂਦਾ ਹੈ। (ਰੋਮੀਆਂ 8:15-17; 2 ਕੁਰਿੰਥੀਆਂ 1:21) ਇਸ ਤਰ੍ਹਾਂ ਉਹ “ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ” ਲੈਂਦੇ ਹਨ ਜੋ ‘ਸੁਰਗ ਵਿੱਚ ਉਨ੍ਹਾਂ ਲਈ ਧਰਿਆ ਹੋਇਆ ਹੈ।’ (1 ਪਤਰਸ 1:3, 4) ਇਨਸਾਨਾਂ ਵਾਸਤੇ ਇਹ ਉੱਚੀ ਪਦਵੀ ਬਿਲਕੁਲ ਨਵੀਂ ਗੱਲ ਹੈ, ਇਸ ਲਈ ਆਤਮਾ ਤੋਂ ਜੰਮੇ ਇਨ੍ਹਾਂ ਮਸੀਹੀਆਂ ਨੂੰ “ਨਵੀਂ ਸਰਿਸ਼ਟ” ਸੱਦਿਆ ਗਿਆ ਹੈ। (2 ਕੁਰਿੰਥੀਆਂ 5:17) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰਿਹਾ ਕੀਤੇ ਗਏ ਬਾਕੀ ਇਨਸਾਨਾਂ ਉੱਤੇ 1,44,000 ਜਣੇ ਸਵਰਗ ਤੋਂ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 5:9, 10; 14:1-4.
20. (ੳ) ਸੰਨ 36 ਸਾ.ਯੁ. ਵਿਚ ਭੇਤ ਦੀ ਹੋਰ ਕਿਹੜੀ ਗੱਲ ਪ੍ਰਗਟ ਕੀਤੀ ਗਈ ਸੀ? (ਅ) ਅਬਰਾਹਾਮ ਨਾਲ ਵਾਅਦਾ ਕੀਤੀਆਂ ਗਈਆਂ ਬਰਕਤਾਂ ਕਿਨ੍ਹਾਂ-ਕਿਨ੍ਹਾਂ ਨੂੰ ਮਿਲਣਗੀਆਂ?
20 ਯਿਸੂ ਦੇ ਨਾਲ ਇਹ ਮਸੀਹੀ ਵੀ “ਅਬਰਾਹਾਮ ਦੀ ਅੰਸ” ਬਣਦੇ ਹਨ।b (ਗਲਾਤੀਆਂ 3:29) ਸਭ ਤੋਂ ਪਹਿਲਾਂ ਇਸ ਅੰਸ ਦਾ ਹਿੱਸਾ ਬਣਨ ਲਈ ਪੈਦਾਇਸ਼ੀ ਯਹੂਦੀ ਚੁਣੇ ਗਏ ਸਨ। ਫਿਰ 36 ਸਾ.ਯੁ. ਵਿਚ ਭੇਤ ਦੀ ਇਕ ਹੋਰ ਗੱਲ ਪ੍ਰਗਟ ਕੀਤੀ ਗਈ ਸੀ: ਗ਼ੈਰ-ਯਹੂਦੀ ਵੀ ਸਵਰਗ ਵਿਚ ਜਾਣਗੇ। (ਰੋਮੀਆਂ 9:6-8; 11:25, 26; ਅਫ਼ਸੀਆਂ 3:5, 6) ਪਰ ਕੀ ਸਿਰਫ਼ ਇਨ੍ਹਾਂ ਮਸੀਹੀਆਂ ਨੂੰ ਹੀ ਅਬਰਾਹਾਮ ਨਾਲ ਵਾਅਦਾ ਕੀਤੀਆਂ ਗਈਆਂ ਬਰਕਤਾਂ ਮਿਲਣੀਆਂ ਸਨ? ਨਹੀਂ, ਕਿਉਂਕਿ ਯਿਸੂ ਦਾ ਬਲੀਦਾਨ ਸਾਰੇ ਸੰਸਾਰ ਦੇ ਵਾਸੀਆਂ ਦੇ ਫ਼ਾਇਦੇ ਲਈ ਸੀ। (1 ਯੂਹੰਨਾ 2:2) ਕੁਝ ਸਮੇਂ ਬਾਅਦ ਯਹੋਵਾਹ ਨੇ ਪ੍ਰਗਟ ਕੀਤਾ ਕਿ ਇਕ ਅਣਗਿਣਤ “ਵੱਡੀ ਭੀੜ” ਸ਼ਤਾਨ ਦੀ ਦੁਸ਼ਟ ਦੁਨੀਆਂ ਦੇ ਅੰਤ ਤੋਂ ਬਚ ਜਾਵੇਗੀ। (ਪਰਕਾਸ਼ ਦੀ ਪੋਥੀ 7:9, 14) ਇਸ ਦੇ ਨਾਲ-ਨਾਲ ਕਈ ਹੋਰ ਅਣਗਿਣਤ ਲੋਕ ਮੁਰਦਿਆਂ ਵਿੱਚੋਂ ਵੀ ਜ਼ਿੰਦਾ ਕੀਤੇ ਜਾਣਗੇ ਤਾਂਕਿ ਉਹ ਫਿਰਦੌਸ ਵਿਚ ਹਮੇਸ਼ਾ ਲਈ ਜੀ ਸਕਣ!—ਲੂਕਾ 23:43; ਯੂਹੰਨਾ 5:28, 29; ਪਰਕਾਸ਼ ਦੀ ਪੋਥੀ 20:11-15; 21:3, 4.
ਪਰਮੇਸ਼ੁਰ ਦੀ ਬੁੱਧ ਅਤੇ ਉਸ ਦਾ ਭੇਤ
21, 22. ਪਰਮੇਸ਼ੁਰ ਦੇ ਭੇਤ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਉਸ ਨੇ ਕਈ ਤਰੀਕਿਆਂ ਨਾਲ ਆਪਣੀ ਗਹਿਰੀ ਬੁੱਧ ਇਸਤੇਮਾਲ ਕੀਤੀ ਹੈ?
21 ਪਰਮੇਸ਼ੁਰ ਦੇ ਭੇਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਨੇ ਕਈ ਤਰੀਕਿਆਂ ਨਾਲ ਆਪਣੀ ਗਹਿਰੀ ਬੁੱਧ ਇਸਤੇਮਾਲ ਕੀਤੀ ਹੈ। (ਅਫ਼ਸੀਆਂ 3:8-10) ਯਹੋਵਾਹ ਨੇ ਇਸ ਭੇਤ ਨੂੰ ਤਿਆਰ ਕਰਨ ਅਤੇ ਹੌਲੀ-ਹੌਲੀ ਪ੍ਰਗਟ ਕਰਨ ਵਿਚ ਕਿੰਨੀ ਬੁੱਧ ਦਿਖਾਈ ਹੈ! ਇਹ ਪਰਮੇਸ਼ੁਰ ਦੀ ਸਮਝਦਾਰੀ ਹੈ ਕਿ ਇਨਸਾਨਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਜਾਣਨ ਦੇ ਬਾਵਜੂਦ ਉਹ ਉਨ੍ਹਾਂ ਨੂੰ ਮੌਕਾ ਦਿੰਦਾ ਹੈ ਕਿ ਉਹ ਆਪਣੇ ਦਿਲ ਦੀ ਅਸਲੀਅਤ ਪ੍ਰਗਟ ਕਰਨ।—ਜ਼ਬੂਰਾਂ ਦੀ ਪੋਥੀ 103:14.
22 ਯਹੋਵਾਹ ਨੇ ਯਿਸੂ ਨੂੰ ਰਾਜਾ ਚੁਣ ਕੇ ਬਹੁਤ ਅਕਲਮੰਦੀ ਦਿਖਾਈ ਹੈ। ਸ੍ਰਿਸ਼ਟੀ ਵਿੱਚੋਂ ਹੋਰ ਕੋਈ ਵੀ ਯਹੋਵਾਹ ਦੇ ਪੁੱਤਰ ਜਿੰਨਾ ਭਰੋਸੇ ਦੇ ਲਾਇਕ ਨਹੀਂ ਹੈ। ਇਕ ਇਨਸਾਨ ਵਜੋਂ ਯਿਸੂ ਨੇ ਕਈ ਤਰ੍ਹਾਂ ਦੀਆਂ ਤੰਗੀਆਂ ਤੇ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ। ਉਹ ਇਨਸਾਨਾਂ ਦੀਆਂ ਮੁਸੀਬਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। (ਇਬਰਾਨੀਆਂ 5:7-9) ਉਸ ਦੇ ਨਾਲ ਰਾਜ ਕਰਨ ਵਾਲਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਸਦੀਆਂ ਦੌਰਾਨ ਹਰ ਜਾਤ, ਭਾਸ਼ਾ ਤੇ ਪਿਛੋਕੜ ਦੇ ਆਦਮੀ ਅਤੇ ਤੀਵੀਆਂ ਨੂੰ ਰਾਜ ਕਰਨ ਲਈ ਚੁਣਿਆ ਗਿਆ ਹੈ। ਦੁਨੀਆਂ ਵਿਚ ਅਜਿਹਾ ਕੋਈ ਮਸਲਾ ਨਹੀਂ ਹੈ ਜਿਸ ਦਾ ਇਨ੍ਹਾਂ ਵਿੱਚੋਂ ਕਿਸੇ ਨੂੰ ਤਜਰਬਾ ਨਾ ਹੋਵੇ। (ਅਫ਼ਸੀਆਂ 4:22-24) ਇਨ੍ਹਾਂ ਦਇਆਵਾਨ ਜਾਜਕਾਂ ਤੇ ਰਾਜਿਆਂ ਅਧੀਨ ਰਹਿਣਾ ਕਿੰਨਾ ਚੰਗਾ ਹੋਵੇਗਾ!
23. ਯਹੋਵਾਹ ਦੇ ਭੇਤ ਦੇ ਸੰਬੰਧ ਵਿਚ ਮਸੀਹੀਆਂ ਕੋਲ ਕਿਹੜਾ ਸਨਮਾਨ ਹੈ?
23 ਪੌਲੁਸ ਰਸੂਲ ਨੇ ਲਿਖਿਆ ਸੀ ਕਿ ‘ਉਹ ਭੇਤ ਜਿਹੜਾ ਸਾਰਿਆਂ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਸੰਤਾਂ ਉੱਤੇ ਪਰਗਟ ਹੋਇਆ।’ (ਕੁਲੁੱਸੀਆਂ 1:26) ਜੀ ਹਾਂ, ਯਹੋਵਾਹ ਦੇ ਮਸਹ ਕੀਤੇ ਹੋਇਆਂ ਨੂੰ ਪਰਮੇਸ਼ੁਰ ਦੇ ਭੇਤ ਬਾਰੇ ਬਹੁਤ ਕੁਝ ਪਤਾ ਲੱਗਾ ਹੈ ਅਤੇ ਉਨ੍ਹਾਂ ਨੇ ਇਹ ਜਾਣਕਾਰੀ ਹੋਰ ਲੱਖਾਂ ਲੋਕਾਂ ਨਾਲ ਸਾਂਝੀ ਕੀਤੀ ਹੈ। ਯਹੋਵਾਹ ਨੇ “ਆਪਣੀ ਇੱਛਿਆ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ।” (ਅਫ਼ਸੀਆਂ 1:9) ਆਓ ਆਪਾਂ ਹੋਰਨਾਂ ਨੂੰ ਵੀ ਇਸ ਭੇਤ ਬਾਰੇ ਦੱਸੀਏ ਤਾਂਕਿ ਉਹ ਯਹੋਵਾਹ ਪਰਮੇਸ਼ੁਰ ਦੀ ਡੂੰਘੀ ਬੁੱਧ ਦੇਖ ਸਕਣ। ਸਾਡੇ ਸਾਰਿਆਂ ਕੋਲ ਇਹ ਭੇਤ ਜਾਣਨ ਅਤੇ ਦੂਸਰਿਆਂ ਨੂੰ ਦੱਸਣ ਦਾ ਕਿੰਨਾ ਵੱਡਾ ਸਨਮਾਨ ਹੈ!
a ਯਿਸੂ ਨੇ “ਭਗਤੀ ਦਾ ਭੇਤ” ਵੀ ਪ੍ਰਗਟ ਕੀਤਾ ਸੀ। (1 ਤਿਮੋਥਿਉਸ 3:16) ਇਹ ਭੇਤ ਲੰਮੇ ਸਮੇਂ ਤੋਂ ਲੁਕਿਆ ਰਿਹਾ ਸੀ ਕਿ ਕੋਈ ਯਹੋਵਾਹ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਰਹਿ ਸਕਦਾ ਸੀ ਕਿ ਨਹੀਂ। ਯਿਸੂ ਨੇ ਵਫ਼ਾਦਾਰ ਰਹਿ ਕੇ ਦਿਖਾਇਆ। ਉਸ ਨੇ ਸ਼ਤਾਨ ਦੇ ਹਰ ਪਰਤਾਵੇ ਸਾਮ੍ਹਣੇ ਆਪਣੀ ਵਫ਼ਾਦਾਰੀ ਬਣਾਈ ਰੱਖੀ।—ਮੱਤੀ 4:1-11; 27:26-50.
b ਯਿਸੂ ਨੇ ਇਸ ਸਮੂਹ ਨਾਲ ਵੀ ਇਕ ਨੇਮ ਬੰਨ੍ਹਿਆ ਸੀ ਯਾਨੀ ਉਨ੍ਹਾਂ ਲਈ ‘ਰਾਜ ਠਹਿਰਾਇਆ ਸੀ।’ (ਲੂਕਾ 22:29, 30) ਦਰਅਸਲ ਯਿਸੂ ਨੇ ਇਸ “ਛੋਟੇ ਝੁੰਡ” ਨਾਲ ਇਕਰਾਰਨਾਮਾ ਕੀਤਾ ਸੀ ਕਿ ਉਹ ਵੀ ਅਬਰਾਹਾਮ ਦੀ ਅੰਸ ਦਾ ਹਿੱਸਾ ਬਣ ਕੇ ਉਸ ਨਾਲ ਸਵਰਗ ਵਿਚ ਰਾਜ ਕਰਨਗੇ।—ਲੂਕਾ 12:32.
-
-
“ਉਹ ਦਿਲੋਂ ਬੁੱਧੀਮਾਨ” ਹੈ ਪਰ ਹੰਕਾਰੀ ਨਹੀਂਯਹੋਵਾਹ ਦੇ ਨੇੜੇ ਰਹੋ
-
-
ਵੀਹਵਾਂ ਅਧਿਆਇ
“ਉਹ ਦਿਲੋਂ ਬੁੱਧੀਮਾਨ” ਹੈ ਪਰ ਹੰਕਾਰੀ ਨਹੀਂ
1-3. ਅਸੀਂ ਯਕੀਨ ਕਿਉਂ ਕਰ ਸਕਦੇ ਹਾਂ ਕਿ ਯਹੋਵਾਹ ਨਿਮਰ ਹੈ?
ਇਕ ਪਿਤਾ ਜੇਕਰ ਆਪਣੇ ਬੇਟੇ ਨੂੰ ਕੋਈ ਜ਼ਰੂਰੀ ਸਬਕ ਸਿਖਾਉਣਾ ਚਾਹੇ ਅਤੇ ਇਹ ਵੀ ਚਾਹੇ ਕਿ ਇਹ ਗੱਲ ਉਸ ਦੇ ਦਿਲ ਵਿਚ ਬੈਠ ਜਾਵੇ, ਤਾਂ ਉਹ ਉਸ ਨਾਲ ਕਿਸ ਤਰ੍ਹਾਂ ਗੱਲ ਕਰੇਗਾ? ਕੀ ਉਹ ਬੱਚੇ ਤੇ ਰੋਹਬ ਪਾ ਕੇ ਉਸ ਨਾਲ ਗੱਲ ਕਰੇਗਾ? ਜਾਂ ਕੀ ਉਹ ਗੋਡਿਆਂ ਭਾਰ ਬਹਿ ਕੇ ਅਤੇ ਬੱਚੇ ਨਾਲ ਨਜ਼ਰ ਮਿਲਾ ਕੇ ਪਿਆਰ ਨਾਲ ਉਸ ਨਾਲ ਗੱਲ ਕਰੇਗਾ? ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਕ ਅਕਲਮੰਦ ਅਤੇ ਹਲੀਮ ਪਿਤਾ ਬੱਚੇ ਨੂੰ ਧਮਕਾਉਣ ਦੀ ਬਜਾਇ ਉਸ ਨਾਲ ਪਿਆਰ ਨਾਲ ਗੱਲ ਕਰੇਗਾ।
2 ਯਹੋਵਾਹ ਕਿਹੋ ਜਿਹਾ ਪਿਤਾ ਹੈ? ਕੀ ਉਹ ਹੰਕਾਰੀ ਹੈ ਜਾਂ ਹਲੀਮ? ਕੀ ਉਹ ਨਿਰਦਈ ਹੈ ਜਾਂ ਨਰਮ ਦਿਲ ਵਾਲਾ? ਯਹੋਵਾਹ ਸਭ ਕੁਝ ਜਾਣਦਾ ਹੈ ਅਤੇ ਉਹ ਸਭ ਤੋਂ ਬੁੱਧੀਮਾਨ ਹੈ। ਪਰ ਸ਼ਾਇਦ ਤੁਸੀਂ ਦੇਖਿਆ ਹੋਵੇ ਕਿ ਜਦੋਂ ਲੋਕ ਗਿਆਨ ਤੇ ਅਕਲ ਹਾਸਲ ਕਰਦੇ ਹਨ, ਤਾਂ ਉਨ੍ਹਾਂ ਦਾ ਸਿਰ ਵੱਡਾ ਹੋ ਜਾਂਦਾ ਹੈ। ਬਾਈਬਲ ਵਿਚ ਲਿਖਿਆ ਹੈ ਕਿ “‘ਗਿਆਨ’ ਆਦਮੀ ਨੂੰ ਹੰਕਾਰੀ ਬਣਾ ਦਿੰਦਾ ਹੈ।” (1 ਕੁਰਿੰਥੀਆਂ 3:19; 8:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਯਹੋਵਾਹ “ਦਿਲੋਂ ਬੁੱਧੀਮਾਨ” ਹੋਣ ਦੇ ਨਾਲ-ਨਾਲ ਨਿਮਰ ਵੀ ਹੈ। (ਅੱਯੂਬ 9:4) ਇਸ ਦਾ ਕੀ ਮਤਲਬ ਹੈ? ਭਾਵੇਂ ਯਹੋਵਾਹ ਸਰਬਸ਼ਕਤੀਮਾਨ ਹੈ ਤੇ ਉਸ ਦੀ ਵੱਡੀ ਸ਼ਾਨ ਹੈ, ਪਰ ਉਸ ਵਿਚ ਹੰਕਾਰ ਨਹੀਂ ਹੈ। ਕਿਉਂ ਨਹੀਂ?
3 ਪਵਿੱਤਰ ਹੋਣ ਦੇ ਨਾਤੇ ਯਹੋਵਾਹ ਵਿਚ ਇਹ ਭ੍ਰਿਸ਼ਟ ਕਰਨ ਵਾਲਾ ਔਗੁਣ ਯਾਨੀ ਹੰਕਾਰ ਹੋ ਹੀ ਨਹੀਂ ਸਕਦਾ। (ਮਰਕੁਸ 7:20-22) ਇਸ ਤੋਂ ਇਲਾਵਾ ਨੋਟ ਕਰੋ ਕਿ ਯਿਰਮਿਯਾਹ ਨਬੀ ਨੇ ਯਹੋਵਾਹ ਨੂੰ ਕੀ ਕਿਹਾ ਸੀ: “ਤੂੰ ਮੈਨੂੰ ਚੇਤੇ ਕਰਦੇ ਹੋਏ ਮੇਰੇ ਉੱਤੇ ਝੁੱਕ ਜਾਵੇਂਗਾ।”a (ਵਿਰਲਾਪ 3:20, NW) ਜ਼ਰਾ ਸੋਚੋ, ਸਾਰੀ ਦੁਨੀਆਂ ਦਾ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਅਪੂਰਣ ਇਨਸਾਨ ਯਿਰਮਿਯਾਹ ਨਾਲ ਪਿਆਰ ਨਾਲ ਗੱਲ ਕਰਨ ਵਾਸਤੇ “ਝੁੱਕ” ਜਾਣ ਲਈ ਤਿਆਰ ਸੀ। (ਜ਼ਬੂਰਾਂ ਦੀ ਪੋਥੀ 113:7) ਜੀ ਹਾਂ, ਯਹੋਵਾਹ ਨਿਮਰ ਹੈ। ਪਰ ਯਹੋਵਾਹ ਦੇ ਨਿਮਰ ਹੋਣ ਦਾ ਕੀ ਮਤਲਬ ਹੈ? ਨਿਮਰਤਾ ਦਾ ਬੁੱਧ ਨਾਲ ਕੀ ਸੰਬੰਧ ਹੈ? ਸਾਨੂੰ ਨਿਮਰ ਬਣਨ ਦੀ ਕਿਉਂ ਲੋੜ ਹੈ?
ਯਹੋਵਾਹ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਉਹ ਨਿਮਰ ਹੈ
4, 5. (ੳ) ਨਿਮਰਤਾ ਕੀ ਹੈ ਅਤੇ ਇਹ ਗੁਣ ਕਿਸ ਤਰ੍ਹਾਂ ਨਜ਼ਰ ਆਉਂਦਾ ਹੈ ਅਤੇ ਇਸ ਨੂੰ ਕਦੇ ਵੀ ਕਮਜ਼ੋਰੀ ਜਾਂ ਸ਼ਰਮਿੰਦਗੀ ਦੀ ਗੱਲ ਕਿਉਂ ਨਹੀਂ ਸਮਝਣਾ ਚਾਹੀਦਾ? (ਅ) ਯਹੋਵਾਹ ਨੇ ਨਿਮਰਤਾ ਨਾਲ ਦਾਊਦ ਦੀ ਮਦਦ ਕਿਸ ਤਰ੍ਹਾਂ ਕੀਤੀ ਸੀ ਅਤੇ ਸਾਡੇ ਵਾਸਤੇ ਯਹੋਵਾਹ ਦੀ ਨਿਮਰਤਾ ਕਿੰਨੀ ਕੁ ਜ਼ਰੂਰੀ ਹੈ?
4 ਨਿਮਰਤਾ ਮਨ ਦੀ ਹਲੀਮੀ ਹੁੰਦੀ ਹੈ। ਨਿਮਰ ਲੋਕਾਂ ਵਿਚ ਘਮੰਡ ਜਾਂ ਹੰਕਾਰ ਨਹੀਂ ਹੁੰਦਾ। ਇਹ ਗੁਣ ਦਿਲ ਵਿਚ ਪੈਦਾ ਹੁੰਦਾ ਹੈ। ਇਕ ਨਿਮਰ ਇਨਸਾਨ ਨਰਮ, ਧੀਰਜਵਾਨ ਤੇ ਸ਼ਾਂਤ ਸੁਭਾਅ ਵਾਲਾ ਹੁੰਦਾ ਹੈ। (ਗਲਾਤੀਆਂ 5:22, 23) ਇਨ੍ਹਾਂ ਸਦਗੁਣਾਂ ਤੋਂ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ ਅਤੇ ਸਾਨੂੰ ਇਨ੍ਹਾਂ ਨੂੰ ਕਦੇ ਵੀ ਕਮਜ਼ੋਰੀ ਜਾਂ ਸ਼ਰਮਿੰਦਗੀ ਦੀ ਗੱਲ ਨਹੀਂ ਸਮਝਣਾ ਚਾਹੀਦਾ। ਭਾਵੇਂ ਕਿ ਯਹੋਵਾਹ ਕਦੇ-ਕਦੇ ਗੁੱਸਾ ਕਰਦਾ ਹੈ ਅਤੇ ਉਸ ਕੋਲ ਨਾਸ਼ ਕਰਨ ਦੀ ਸ਼ਕਤੀ ਹੈ, ਫਿਰ ਵੀ ਉਹ ਨਿਮਰਤਾ ਅਤੇ ਨਰਮਾਈ ਨਾਲ ਪੇਸ਼ ਆਉਂਦਾ ਹੈ। ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਉਹ ਬਹੁਤ ਤਾਕਤਵਰ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖ ਸਕਦਾ ਹੈ। (ਯਸਾਯਾਹ 42:14) ਨਿਮਰਤਾ ਦਾ ਬੁੱਧ ਨਾਲ ਕੀ ਸੰਬੰਧ ਹੈ? ਬਾਈਬਲ ਬਾਰੇ ਇਕ ਕਿਤਾਬ ਕਹਿੰਦੀ ਹੈ: ‘ਨਿਮਰਤਾ ਦਾ ਸਹੀ ਮਤਲਬ ਹੈ ਨਿਰਸੁਆਰਥ ਹੋਣਾ ਅਤੇ ਬੁੱਧੀਮਾਨ ਬਣਨ ਲਈ ਨਿਮਰ ਹੋਣਾ ਬਹੁਤ ਜ਼ਰੂਰੀ ਹੈ।’ ਤਾਂ ਫਿਰ ਨਿਮਰ ਹੋਣ ਤੋਂ ਬਿਨਾਂ ਕੋਈ ਵੀ ਬੁੱਧੀਮਾਨ ਨਹੀਂ ਬਣ ਸਕਦਾ। ਯਹੋਵਾਹ ਦੀ ਨਿਮਰਤਾ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ?
ਇਕ ਬੁੱਧੀਮਾਨ ਪਿਤਾ ਕੋਮਲਤਾ ਤੇ ਪਿਆਰ ਨਾਲ ਆਪਣੇ ਬੱਚਿਆਂ ਨਾਲ ਪੇਸ਼ ਆਉਂਦਾ ਹੈ
5 ਰਾਜਾ ਦਾਊਦ ਨੇ ਇਕ ਗੀਤ ਗਾਉਂਦੇ ਹੋਏ ਯਹੋਵਾਹ ਨੂੰ ਕਿਹਾ: “ਤੈਂ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ, ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ, ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ।” (ਜ਼ਬੂਰਾਂ ਦੀ ਪੋਥੀ 18:35) ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਨੇ ਇਸ ਅਪੂਰਣ ਬੰਦੇ ਨੂੰ ਦਿਨ-ਰਾਤ ਸਹਾਰਾ ਦੇਣ ਵਾਸਤੇ ਅਤੇ ਉਸ ਦੀ ਮਦਦ ਕਰਨ ਵਾਸਤੇ ਆਪਣੇ ਆਪ ਨੂੰ ਨੀਂਵਾ ਕੀਤਾ। ਦਾਊਦ ਜਾਣਦਾ ਸੀ ਕਿ ਜੇ ਉਸ ਨੇ ਦੁਸ਼ਮਣਾਂ ਤੋਂ ਆਪਣੀ ਜਾਨ ਬਚਾਉਣੀ ਸੀ ਅਤੇ ਜੇ ਉਸ ਨੇ ਰਾਜੇ ਵਜੋਂ ਕਿਸੇ ਹੱਦ ਤਕ ਕਾਮਯਾਬ ਹੋਣਾ ਸੀ, ਤਾਂ ਇਹ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਹੋਣਾ ਸੀ। ਪਰ ਜੇ ਯਹੋਵਾਹ ਆਪਣੇ ਆਪ ਨੂੰ ਨੀਵਾਂ ਨਾ ਕਰਦਾ, ਤਾਂ ਦਾਊਦ ਨੂੰ ਸਹਾਇਤਾ ਨਹੀਂ ਮਿਲਣੀ ਸੀ। ਸੱਚ ਕਿਹਾ ਜਾਏ, ਜੇ ਯਹੋਵਾਹ ਨਿਮਰ ਨਾ ਹੁੰਦਾ ਅਤੇ ਜੇ ਉਹ ਕੋਮਲਤਾ ਤੇ ਪਿਆਰ ਨਾਲ ਸਾਡੀ ਦੇਖ-ਭਾਲ ਨਾ ਕਰਦਾ, ਤਾਂ ਸਾਡੇ ਵਿੱਚੋਂ ਕਿਸੇ ਕੋਲ ਮੁਕਤੀ ਦੀ ਆਸ ਨਹੀਂ ਹੋਣੀ ਸੀ।
6, 7. (ੳ) ਯਹੋਵਾਹ ਕਿਸ ਤਰੀਕੇ ਨਾਲ ਨਿਮਰ ਹੈ? (ਅ) ਬੁੱਧ ਅਤੇ ਨਰਮਾਈ ਦਾ ਆਪਸ ਵਿਚ ਕੀ ਸੰਬੰਧ ਹੈ ਅਤੇ ਇਸ ਦੀ ਵਧੀਆ ਮਿਸਾਲ ਕਿਸ ਨੇ ਕਾਇਮ ਕੀਤੀ ਹੈ?
6 ਨਿਮਰਤਾ ਜਾਂ ਦੀਨਤਾ ਇਕ ਬਹੁਤ ਹੀ ਸੋਹਣਾ ਗੁਣ ਹੈ ਜੋ ਇਨਸਾਨਾਂ ਨੂੰ ਪੈਦਾ ਕਰਨਾ ਚਾਹੀਦਾ ਹੈ। ਇਸ ਦਾ ਬੁੱਧ ਨਾਲ ਸੰਬੰਧ ਹੈ। ਮਿਸਾਲ ਲਈ ਕਹਾਉਤਾਂ 11:2 ਵਿਚ ਲਿਖਿਆ ਹੈ: “ਦੀਨਾਂ ਦੇ ਨਾਲ ਬੁੱਧ ਹੈ।” ਬਾਈਬਲ ਵਿਚ ਜਦੋਂ ਇਨਸਾਨਾਂ ਦੇ ਨਿਮਰ ਹੋਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਪਛਾਣਦੇ ਹਨ ਅਤੇ ਆਪਣੀਆਂ ਹੱਦਾਂ ਵਿਚ ਰਹਿਣਾ ਜਾਣਦੇ ਹਨ। ਯਹੋਵਾਹ ਨੂੰ ਵੀ ਦੀਨ ਜਾਂ ਨਿਮਰ ਕਿਹਾ ਗਿਆ ਹੈ। ਪਰ ਉਹ ਇਨਸਾਨਾਂ ਵਰਗਾ ਨਹੀਂ ਹੈ ਕਿਉਂਕਿ ਸਰਬਸ਼ਕਤੀਮਾਨ ਪਰਮੇਸ਼ੁਰ ਦੀਆਂ ਤਾਂ ਹੱਦਾਂ ਹੀ ਨਹੀਂ ਹਨ, ਸਿਰਫ਼ ਉਹੀ ਜੋ ਉਹ ਆਪਣੇ ਧਰਮੀ ਮਿਆਰਾਂ ਕਾਰਨ ਆਪਣੇ ਆਪ ਉੱਤੇ ਲਾਉਂਦਾ ਹੈ। (ਮਰਕੁਸ 10:27; ਤੀਤੁਸ 1:2) ਇਸ ਤੋਂ ਇਲਾਵਾ ਅੱਤ ਮਹਾਨ ਪਰਮੇਸ਼ੁਰ ਕਿਸੇ ਦੇ ਅਧੀਨ ਨਹੀਂ ਹੈ। ਇਸ ਲਈ ਉਸ ਨੂੰ ਇਨਸਾਨਾਂ ਵਾਂਗ ਨਿਮਰ ਹੋਣ ਦੀ ਲੋੜ ਨਹੀਂ ਹੈ!
7 ਪਰ ਯਹੋਵਾਹ ਇਸ ਤਰੀਕੇ ਨਾਲ ਨਿਮਰ ਹੈ ਕਿ ਉਹ ਮਾਮੂਲੀ ਇਨਸਾਨਾਂ ਦੀ ਮਦਦ ਕਰਨ ਲਈ ਤਿਆਰ ਹੈ। ਯਹੋਵਾਹ ਨਰਮ ਸੁਭਾਅ ਵਾਲਾ ਵੀ ਹੈ। ਉਹ ਆਪਣੇ ਸੇਵਕਾਂ ਨੂੰ ਸਿਖਾਉਂਦਾ ਹੈ ਕਿ ਬੁੱਧ ਹਾਸਲ ਕਰਨ ਵਾਸਤੇ ਨਰਮਾਈ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਬਾਈਬਲ ਵਿਚ “ਬੁੱਧ ਦੀ ਨਰਮਾਈ” ਦੀ ਗੱਲ ਕੀਤੀ ਗਈ ਹੈ।b (ਯਾਕੂਬ 3:13) ਇਸ ਮਾਮਲੇ ਵਿਚ ਯਹੋਵਾਹ ਨੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਆਓ ਆਪਾਂ ਦੇਖੀਏ ਕਿਸ ਤਰ੍ਹਾਂ।
ਯਹੋਵਾਹ ਨਿਮਰਤਾ ਨਾਲ ਜ਼ਿੰਮੇਵਾਰੀ ਦਿੰਦਾ ਅਤੇ ਗੱਲ ਸੁਣਦਾ ਹੈ
8-10. (ੳ) ਇਹ ਮਾਅਰਕੇ ਦੀ ਗੱਲ ਕਿਉਂ ਹੈ ਕਿ ਯਹੋਵਾਹ ਹੋਰਨਾਂ ਨੂੰ ਜ਼ਿੰਮੇਵਾਰੀ ਦੇਣ ਅਤੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੈ? (ਅ) ਸਰਬਸ਼ਕਤੀਮਾਨ ਪਰਮੇਸ਼ੁਰ ਨੇ ਫਰਿਸ਼ਤਿਆਂ ਨਾਲ ਨਿਮਰਤਾ ਕਿਸ ਤਰ੍ਹਾਂ ਵਰਤੀ ਹੈ?
8 ਯਹੋਵਾਹ ਦੀ ਨਿਮਰਤਾ ਦਾ ਬਹੁਤ ਹੀ ਸੋਹਣਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਹ ਹੋਰਨਾਂ ਨੂੰ ਜ਼ਿੰਮੇਵਾਰੀ ਦਿੰਦਾ ਹੈ ਅਤੇ ਉਨ੍ਹਾਂ ਦੀ ਗੱਲ ਸੁਣਦਾ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਯਹੋਵਾਹ ਨੂੰ ਨਾ ਤਾਂ ਕਿਸੇ ਦੀ ਸਹਾਇਤਾ ਦੀ ਲੋੜ ਹੈ ਤੇ ਨਾ ਕਿਸੇ ਤੋਂ ਸਲਾਹ ਲੈਣ ਦੀ। (ਯਸਾਯਾਹ 40:13, 14; ਰੋਮੀਆਂ 11:34, 35) ਪਰ ਫਿਰ ਵੀ ਬਾਈਬਲ ਵਾਰ-ਵਾਰ ਦਿਖਾਉਂਦੀ ਹੈ ਕਿ ਯਹੋਵਾਹ ਨੀਵਾਂ ਹੋ ਕੇ ਇਸ ਤਰ੍ਹਾਂ ਕਰਦਾ ਹੈ।
9 ਮਿਸਾਲ ਲਈ ਆਓ ਆਪਾਂ ਅਬਰਾਹਾਮ ਦੀ ਜ਼ਿੰਦਗੀ ਦੀ ਇਕ ਘਟਨਾ ਉੱਤੇ ਗੌਰ ਕਰੀਏ। ਇਕ ਵਾਰ ਅਬਰਾਹਾਮ ਦੇ ਘਰ ਤਿੰਨ ਮਹਿਮਾਨ ਆਏ ਸਨ, ਜਿਨ੍ਹਾਂ ਵਿੱਚੋਂ ਇਕ ਨੂੰ ਉਸ ਨੇ “ਯਹੋਵਾਹ” ਸੱਦਿਆ ਸੀ। ਇਹ ਮਹਿਮਾਨ ਫਰਿਸ਼ਤੇ ਸਨ, ਪਰ ਉਨ੍ਹਾਂ ਵਿੱਚੋਂ ਇਕ ਯਹੋਵਾਹ ਦੇ ਨਾਂ ਤੇ ਉਸ ਦਾ ਕੰਮ ਕਰਨ ਲਈ ਆਇਆ ਸੀ। ਜਦ ਉਹ ਫਰਿਸ਼ਤਾ ਬੋਲਦਾ ਸੀ ਜਾਂ ਕੁਝ ਕਰਦਾ ਸੀ, ਤਾਂ ਮਾਨੋ ਯਹੋਵਾਹ ਇਹ ਕਰ ਰਿਹਾ ਸੀ। ਇਸ ਫਰਿਸ਼ਤੇ ਦੇ ਜ਼ਰੀਏ ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ ਕਿ ਉਸ ਨੇ “ਸਦੂਮ ਅਰ ਅਮੂਰਾਹ ਦਾ ਰੌਲਾ” ਯਾਨੀ ਉਸ ਦੇ ਵਿਰੁੱਧ ਪੁਕਾਰ ਸੁਣ ਲਈ ਸੀ। ਯਹੋਵਾਹ ਨੇ ਅੱਗੇ ਕਿਹਾ: “ਤਾਂ ਮੈਂ ਉੱਤਰਕੇ ਵੇਖਾਂਗਾ ਕਿ ਉਨ੍ਹਾਂ ਨੇ ਉਸ ਰੌਲੇ ਅਨੁਸਾਰ ਜੋ ਮੇਰੇ ਕੋਲ ਆਇਆ ਹੈ ਸਭ ਕੁਝ ਕੀਤਾ ਹੈ ਅਰ ਜੇ ਨਹੀਂ ਤਾਂ ਮੈਂ ਜਾਣਾਂਗਾ।” (ਉਤਪਤ 18:3, 20, 21) ਇਸ ਦਾ ਮਤਲਬ ਇਹ ਨਹੀਂ ਸੀ ਕਿ ਯਹੋਵਾਹ ਸੱਚ-ਮੁੱਚ ਸਵਰਗੋਂ “ਉੱਤਰਕੇ” ਦੇਖੇਗਾ। ਇਸ ਦੀ ਬਜਾਇ ਉਸ ਨੇ ਫਿਰ ਤੋਂ ਆਪਣੀ ਥਾਂ ਦੂਤ ਘੱਲੇ ਸਨ। (ਉਤਪਤ 19:1) ਕਿਉਂ? ਕੀ ਸਭ ਕੁਝ ਜਾਣਨ ਤੇ ਦੇਖਣ ਵਾਲਾ ਪਰਮੇਸ਼ੁਰ ਯਹੋਵਾਹ ਉਸ ਇਲਾਕੇ ਦੀ ਅਸਲੀ ਹਾਲਤ ਆਪੇ ਹੀ ਨਹੀਂ ਜਾਣ ਸਕਦਾ ਸੀ? ਯਕੀਨਨ। ਪਰ ਯਹੋਵਾਹ ਨੇ ਨਿਮਰਤਾ ਨਾਲ ਫਰਿਸ਼ਤਿਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਉਹ ਜਾ ਕੇ ਸਦੂਮ ਵਿਚ ਲੂਤ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਅਤੇ ਦੇਖਣ ਕਿ ਰੌਲਾ ਕਿਉਂ ਪੈ ਰਿਹਾ ਸੀ।
10 ਇਸ ਤੋਂ ਇਲਾਵਾ ਯਹੋਵਾਹ ਆਪਣੇ ਸੇਵਕਾਂ ਦੀ ਗੱਲ ਵੀ ਸੁਣਦਾ ਹੈ। ਇਕ ਵਾਰ ਉਸ ਨੇ ਆਪਣੇ ਦੂਤਾਂ ਤੋਂ ਸਲਾਹ ਮੰਗੀ ਕਿ ਦੁਸ਼ਟ ਰਾਜੇ ਅਹਾਬ ਦਾ ਅੰਤ ਕਿਸ ਤਰ੍ਹਾਂ ਕੀਤਾ ਜਾਵੇ। ਯਹੋਵਾਹ ਨੂੰ ਇਹ ਕੰਮ ਕਰਨ ਲਈ ਮਦਦ ਦੀ ਲੋੜ ਨਹੀਂ ਸੀ। ਪਰ ਫਿਰ ਵੀ ਉਸ ਨੇ ਇਕ ਦੂਤ ਦੀ ਸਲਾਹ ਸਵੀਕਾਰ ਕੀਤੀ ਅਤੇ ਉਸ ਦੂਤ ਨੂੰ ਇਹ ਕੰਮ ਪੂਰਾ ਕਰਨ ਦੀ ਜ਼ਿੰਮੇਵਾਰੀ ਦਿੱਤੀ। (1 ਰਾਜਿਆਂ 22:19-22) ਕੀ ਇਸ ਤੋਂ ਯਹੋਵਾਹ ਦੀ ਨਿਮਰਤਾ ਜ਼ਾਹਰ ਨਹੀਂ ਹੁੰਦੀ?
11, 12. ਅਬਰਾਹਾਮ ਨੇ ਯਹੋਵਾਹ ਦੀ ਨਿਮਰਤਾ ਦਾ ਸਬੂਤ ਕਿਸ ਤਰ੍ਹਾਂ ਦੇਖਿਆ ਸੀ?
11 ਯਹੋਵਾਹ ਤਾਂ ਅਪੂਰਣ ਇਨਸਾਨਾਂ ਦੀਆਂ ਚਿੰਤਾਵਾਂ ਸੁਣਨ ਲਈ ਵੀ ਤਿਆਰ ਹੈ। ਮਿਸਾਲ ਲਈ ਜਦ ਯਹੋਵਾਹ ਨੇ ਪਹਿਲਾਂ ਅਬਰਾਹਾਮ ਨੂੰ ਦੱਸਿਆ ਸੀ ਕਿ ਉਸ ਨੇ ਸਦੂਮ ਤੇ ਅਮੂਰਾਹ ਨੂੰ ਨਾਸ਼ ਕਰ ਦੇਣਾ ਸੀ, ਤਾਂ ਉਹ ਧਰਮੀ ਬੰਦਾ ਘਬਰਾ ਗਿਆ। ਉਸ ਨੇ ਯਹੋਵਾਹ ਨੂੰ ਕਿਹਾ: “ਇਹ ਤੈਥੋਂ ਦੂਰ ਹੋਵੇ। ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” ਉਸ ਨੇ ਯਹੋਵਾਹ ਨੂੰ ਪੁੱਛਿਆ ਕਿ ਜੇਕਰ ਉੱਥੇ 50 ਭਲੇ ਲੋਕ ਹੋਣ, ਤਾਂ ਕੀ ਯਹੋਵਾਹ ਉਨ੍ਹਾਂ ਦੀ ਖ਼ਾਤਰ ਉਨ੍ਹਾਂ ਸ਼ਹਿਰਾਂ ਨੂੰ ਬਚਾਵੇਗਾ ਨਹੀਂ? ਯਹੋਵਾਹ ਨੇ ਉਸ ਨੂੰ ਤਸੱਲੀ ਦਿੱਤੀ ਕਿ ਉਹ ਜ਼ਰੂਰ ਬਚਾਵੇਗਾ। ਪਰ ਅਬਰਾਹਾਮ ਵਾਰ-ਵਾਰ ਪੁੱਛਦਾ ਰਿਹਾ ਕਿ ਜੇ ਉੱਥੇ 45 ਭਲੇ ਬੰਦੇ, 40 ਭਲੇ ਬੰਦੇ ਜਾਂ 35 ਭਲੇ ਬੰਦੇ ਹੋਏ, ਤਾਂ ਕੀ ਉਹ ਫਿਰ ਵੀ ਸ਼ਹਿਰਾਂ ਦਾ ਨਾਸ਼ ਕਰੇਗਾ? ਯਹੋਵਾਹ ਦੁਆਰਾ ਉਸ ਨੂੰ ਵਾਰ-ਵਾਰ ਤਸੱਲੀ ਦੇਣ ਦੇ ਬਾਵਜੂਦ ਅਬਰਾਹਾਮ ਨੇ ਪੁੱਛਦੇ-ਪੁੱਛਦੇ ਗਿਣਤੀ 10 ਤਕ ਲਿਆ ਦਿੱਤੀ। ਸ਼ਾਇਦ ਅਬਰਾਹਾਮ ਅਜੇ ਤਕ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ ਕਿ ਯਹੋਵਾਹ ਕਿੰਨਾ ਦਿਆਲੂ ਹੈ। ਅਬਰਾਹਾਮ ਭਾਵੇਂ ਯਹੋਵਾਹ ਦੀ ਦਇਆ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ ਸੀ, ਫਿਰ ਵੀ ਯਹੋਵਾਹ ਨੇ ਧੀਰਜ ਅਤੇ ਨਿਮਰਤਾ ਨਾਲ ਆਪਣੇ ਦੋਸਤ ਤੇ ਭਗਤ ਨੂੰ ਇਸ ਤਰ੍ਹਾਂ ਆਪਣੀਆਂ ਚਿੰਤਾਵਾਂ ਪ੍ਰਗਟ ਕਰ ਲੈਣ ਦਿੱਤੀਆਂ।—ਉਤਪਤ 18:23-33.
12 ਪੜ੍ਹੇ-ਲਿਖੇ ਤੇ ਅਕਲਮੰਦ ਲੋਕਾਂ ਵਿੱਚੋਂ ਕਿੰਨੇ ਕੁ ਲੋਕ ਇੰਨੇ ਧੀਰਜ ਨਾਲ ਆਪਣੇ ਤੋਂ ਛੋਟੇ ਤੇ ਘੱਟ ਅਕਲ ਵਾਲੇ ਇਨਸਾਨ ਦੀ ਗੱਲ ਸੁਣਨ ਲਈ ਤਿਆਰ ਹੋਣਗੇ?c ਇਹ ਹੈ ਸਾਡੇ ਪਰਮੇਸ਼ੁਰ ਦੀ ਨਿਮਰਤਾ ਦਾ ਸਬੂਤ। ਯਹੋਵਾਹ ਨਾਲ ਇਸੇ ਗੱਲਬਾਤ ਦੌਰਾਨ ਅਬਰਾਹਾਮ ਨੇ ਉਸ ਬਾਰੇ ਇਹ ਵੀ ਜਾਣਿਆ ਕਿ ਉਹ “ਕਰੋਧ ਵਿੱਚ ਧੀਰਜੀ” ਹੈ। (ਕੂਚ 34:6) ਸ਼ਾਇਦ ਅਬਰਾਹਾਮ ਨੂੰ ਪਤਾ ਸੀ ਕਿ ਉਸ ਕੋਲ ਅੱਤ ਮਹਾਨ ਨੂੰ ਇਸ ਤਰ੍ਹਾਂ ਸਵਾਲ ਪੁੱਛਣ ਦਾ ਕੋਈ ਹੱਕ ਨਹੀਂ ਸੀ, ਇਸ ਲਈ ਉਸ ਨੇ ਦੋ ਵਾਰ ਬੇਨਤੀ ਕੀਤੀ: “ਪ੍ਰਭੁ ਕਰੋਧਵਾਨ ਨਾ ਹੋਵੇ।” (ਉਤਪਤ 18:30, 32) ਪਰ ਯਹੋਵਾਹ ਨੇ ਗੁੱਸਾ ਨਹੀਂ ਕੀਤਾ ਸੀ। ਉਸ ਕੋਲ ਸੱਚ-ਮੁੱਚ “ਬੁੱਧ ਦੀ ਨਰਮਾਈ” ਹੈ।
ਯਹੋਵਾਹ ਬਦਲਣ ਲਈ ਤਿਆਰ ਹੈ
13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਸੁਭਾਅ ਸ਼ੀਲ ਹੈ?
13 ਯਹੋਵਾਹ ਦੀ ਨਿਮਰਤਾ ਇਕ ਹੋਰ ਵਧੀਆ ਤਰੀਕੇ ਨਾਲ ਵੀ ਜ਼ਾਹਰ ਹੁੰਦੀ ਹੈ: ਉਹ ਆਪਣੀ ਗੱਲ ਤੇ ਅੜਿਆ ਨਹੀਂ ਰਹਿੰਦਾ ਪਰ ਬਦਲਣ ਲਈ ਤਿਆਰ ਹੋ ਜਾਂਦਾ ਹੈ। ਇਹ ਖੂਬੀ ਅਸੀਂ ਇਨਸਾਨਾਂ ਵਿਚ ਘੱਟ ਹੀ ਦੇਖਦੇ ਹਾਂ। ਯਹੋਵਾਹ ਸਿਰਫ਼ ਇਨਸਾਨਾਂ ਤੇ ਫਰਿਸ਼ਤਿਆਂ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹੁੰਦਾ ਪਰ ਜੇ ਉਨ੍ਹਾਂ ਦੀ ਸਲਾਹ ਉਸ ਦੇ ਧਰਮੀ ਅਸੂਲਾਂ ਦੇ ਖ਼ਿਲਾਫ਼ ਨਾ ਹੋਵੇ, ਤਾਂ ਉਹ ਉਸ ਅਨੁਸਾਰ ਚੱਲਣ ਲਈ ਵੀ ਤਿਆਰ ਹੋ ਜਾਂਦਾ ਹੈ। ਝੁੱਕਣਾ, ਈਨ ਮੰਨਣਾ ਤੇ ਅਧੀਨ ਹੋਣਾ ਵੀ ਪਰਮੇਸ਼ੁਰ ਦੀ ਬੁੱਧ ਦੀਆਂ ਖੂਬੀਆਂ ਹਨ। ਯਾਕੂਬ 3:17 ਵਿਚ ਲਿਖਿਆ ਹੈ: ‘ਉੱਪਰਲੀ ਬੁੱਧ ਸ਼ੀਲ ਸੁਭਾਉ ਹੈ।’ ਯਹੋਵਾਹ ਦਾ ਸੁਭਾਅ ਸ਼ੀਲ ਕਿਸ ਤਰ੍ਹਾਂ ਹੈ? ਇਕ ਗੱਲ ਤਾਂ ਇਹ ਹੈ ਕਿ ਉਹ ਆਪਣੀ ਗੱਲ ਤੇ ਅੜਿਆ ਨਹੀਂ ਰਹਿੰਦਾ। ਯਾਦ ਰੱਖੋ ਕਿ ਉਸ ਦੇ ਨਾਂ ਦੇ ਮਤਲਬ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਆਪਣੇ ਮਕਸਦ ਪੂਰੇ ਕਰਨ ਵਾਸਤੇ ਉਹ ਚੀਜ਼ ਬਣ ਜਾਂਦਾ ਹੈ ਜਿਸ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹਾਲਾਤ ਅਨੁਸਾਰ ਬਦਲਣ ਲਈ ਤਿਆਰ ਰਹਿੰਦਾ ਹੈ।
14, 15. ਹਿਜ਼ਕੀਏਲ ਨਬੀ ਨੂੰ ਮਿਲਿਆ ਦਰਸ਼ਣ ਸਾਨੂੰ ਯਹੋਵਾਹ ਦੇ ਸਵਰਗੀ ਸੰਗਠਨ ਬਾਰੇ ਕੀ ਸਿਖਾਉਂਦਾ ਹੈ ਅਤੇ ਇਹ ਇਨਸਾਨਾਂ ਦੀਆਂ ਬਣਾਈਆਂ ਸੰਸਥਾਵਾਂ ਤੋਂ ਵੱਖਰਾ ਕਿਸ ਤਰ੍ਹਾਂ ਹੈ?
14 ਬਾਈਬਲ ਵਿਚ ਇਕ ਮਾਅਰਕੇ ਦਾ ਹਵਾਲਾ ਹੈ ਜਿਸ ਦੀ ਮਦਦ ਨਾਲ ਅਸੀਂ ਯਹੋਵਾਹ ਦੀ ਹਾਲਾਤ ਮੁਤਾਬਕ ਬਦਲਣ ਦੀ ਯੋਗਤਾ ਸਮਝ ਸਕਦੇ ਹਾਂ। ਹਿਜ਼ਕੀਏਲ ਨਬੀ ਨੂੰ ਯਹੋਵਾਹ ਦੇ ਸਵਰਗੀ ਦੂਤਾਂ ਦੇ ਸੰਗਠਨ ਦਾ ਦਰਸ਼ਣ ਦਿੱਤਾ ਗਿਆ ਸੀ। ਉਸ ਨੇ ਇਕ ਬਹੁਤ ਹੀ ਵੱਡਾ ਰੱਥ ਦੇਖਿਆ ਜੋ ਹਮੇਸ਼ਾ ਯਹੋਵਾਹ ਦੇ ਕੰਟ੍ਰੋਲ ਵਿਚ ਰਹਿੰਦਾ ਸੀ। ਉਸ ਰੱਥ ਦੇ ਚੱਲਣ ਦਾ ਤਰੀਕਾ ਬਹੁਤ ਹੀ ਦਿਲਚਸਪ ਸੀ। ਉਸ ਦੇ ਵੱਡੇ ਪਹੀਏ ਚੌਪਾਸੇ ਸਨ ਅਤੇ ਉਨ੍ਹਾਂ ਵਿਚ ਅੱਖਾਂ ਹੀ ਅੱਖਾਂ ਸਨ ਤਾਂਕਿ ਉਹ ਬਿਨਾਂ ਰੁਕੇ ਆਸਾਨੀ ਨਾਲ ਹਰ ਪਾਸੇ ਜਾ ਸਕਣ ਅਤੇ ਹਰ ਪਾਸੇ ਦੇਖ ਸਕਣ। ਇਹ ਵੱਡਾ ਸਾਰਾ ਰੱਥ ਇਨਸਾਨਾਂ ਦੀਆਂ ਬਣੀਆਂ ਭਾਰੀਆਂ ਗੱਡੀਆਂ ਦੀ ਤਰ੍ਹਾਂ ਹੌਲੀ-ਹੌਲੀ ਨਹੀਂ ਚੱਲਦਾ ਸੀ। ਇਹ ਬਿਜਲੀ ਦੀ ਤੇਜ਼ੀ ਨਾਲ ਚੱਲ ਸਕਦਾ ਸੀ ਅਤੇ ਆਸਾਨੀ ਨਾਲ ਸੱਜੇ-ਖੱਬੇ ਜਾ ਸਕਦਾ ਸੀ! (ਹਿਜ਼ਕੀਏਲ 1:1, 14-28) ਜੀ ਹਾਂ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦਾ ਸੰਗਠਨ ਹਮੇਸ਼ਾ ਉਸ ਦੇ ਕੰਟ੍ਰੋਲ ਵਿਚ ਰਹਿੰਦਾ ਹੈ ਅਤੇ ਉਸ ਵਾਂਗ ਉਸ ਦਾ ਸੰਗਠਨ ਵੀ ਜ਼ਰੂਰਤ ਪੈਣ ਤੇ ਹਾਲਾਤ ਅਨੁਸਾਰ ਬਦਲਣ ਲਈ ਤਿਆਰ ਰਹਿੰਦਾ ਹੈ।
15 ਇਨਸਾਨ ਤਾਂ ਹਾਲਾਤ ਅਨੁਸਾਰ ਇਸ ਤਰ੍ਹਾਂ ਬਦਲਣ ਦੀ ਸਿਰਫ਼ ਕੋਸ਼ਿਸ਼ ਹੀ ਕਰ ਸਕਦੇ ਹਨ। ਪਰ ਆਮ ਕਰਕੇ ਇਨਸਾਨ ਅਤੇ ਉਨ੍ਹਾਂ ਦੇ ਸੰਗਠਨ ਝੁਕਣ, ਈਨ ਮੰਨਣ ਤੇ ਅਧੀਨ ਹੋਣ ਦੀ ਬਜਾਇ ਕੱਟੜ ਬਣ ਕੇ ਆਪਣੀ ਗੱਲ ਤੇ ਅੜੇ ਰਹਿੰਦੇ ਹਨ। ਉਦਾਹਰਣ ਲਈ: ਮਾਲ ਗੱਡੀਆਂ ਜਾਂ ਤੇਲ ਢੋਣ ਵਾਲੇ ਸਮੁੰਦਰੀ ਜਹਾਜ਼ ਬਹੁਤ ਜ਼ੋਰਦਾਰ ਤੇ ਵੱਡੇ ਹੁੰਦੇ ਹਨ। ਪਰ ਕੀ ਇਹ ਹਾਲਾਤ ਮੁਤਾਬਕ ਇਕਦਮ ਮੁੜ ਸਕਦੇ ਹਨ? ਜੇ ਰੇਲਵੇ ਲਾਈਨ ਉੱਤੇ ਕਿਸੇ ਤਰ੍ਹਾਂ ਦੀ ਰੁਕਾਵਟ ਆ ਜਾਵੇ, ਤਾਂ ਗੱਡੀ ਇਕਦਮ ਦੂਜੇ ਪਾਸੇ ਨਹੀਂ ਮੁੜ ਸਕਦੀ। ਇਸ ਨੂੰ ਉਸੇ ਵੇਲੇ ਰੋਕਣਾ ਵੀ ਸੌਖਾ ਨਹੀਂ ਹੁੰਦਾ। ਬ੍ਰੇਕਾਂ ਲਾਉਣ ਤੋਂ ਬਾਅਦ ਵੀ ਗੱਡੀ ਤਕਰੀਬਨ ਦੋ ਕਿਲੋਮੀਟਰ ਤਕ ਚੱਲਦੀ ਰਹਿ ਸਕਦੀ ਹੈ! ਇਸੇ ਤਰ੍ਹਾਂ ਸਮੁੰਦਰੀ ਜਹਾਜ਼ ਦੇ ਇੰਜਣ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਵੀ ਇਹ ਅੱਠ ਕਿਲੋਮੀਟਰ ਤਕ ਅੱਗੇ ਵਧਦਾ ਰਹਿੰਦਾ ਹੈ। ਜਹਾਜ਼ ਦੇ ਇੰਜਣਾਂ ਨੂੰ ਰੀਵਰਸ ਗੇਅਰ ਵਿਚ ਪਾਉਣ ਤੇ ਵੀ ਜਹਾਜ਼ ਸ਼ਾਇਦ ਤਿੰਨ ਕਿਲੋਮੀਟਰ ਤਕ ਅੱਗੇ ਵਧਦਾ ਰਹੇ! ਇਨਸਾਨਾਂ ਦੀਆਂ ਬਣਾਈਆਂ ਸੰਸਥਾਵਾਂ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ। ਲੋਕ ਹਮੇਸ਼ਾ ਸਖ਼ਤੀ ਤੋਂ ਕੰਮ ਲੈਂਦੇ ਹਨ ਅਤੇ ਅੜੇ ਰਹਿੰਦੇ ਹਨ। ਘਮੰਡ ਕਰਕੇ ਲੋਕ ਬਦਲਦੀਆਂ ਲੋੜਾਂ ਤੇ ਹਾਲਾਤ ਮੁਤਾਬਕ ਆਪਣੇ ਆਪ ਨੂੰ ਬਦਲਣ ਲਈ ਰਾਜ਼ੀ ਨਹੀਂ ਹਨ। ਇਸੇ ਨਾਸਮਝੀ ਨੇ ਵੱਡੇ-ਵੱਡੇ ਕਾਰੋਬਾਰਾਂ ਦਾ ਦਿਵਾਲਾ ਕੱਢ ਦਿੱਤਾ ਹੈ ਤੇ ਸਰਕਾਰਾਂ ਨੂੰ ਤਬਾਹ ਕਰ ਦਿੱਤਾ ਹੈ। (ਕਹਾਉਤਾਂ 16:18) ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਤੇ ਉਸ ਦਾ ਸੰਗਠਨ ਅਜਿਹੀ ਨਾਸਮਝੀ ਨਹੀਂ ਵਰਤਦੇ!
ਯਹੋਵਾਹ ਦਿਖਾਉਂਦਾ ਹੈ ਕਿ ਉਹ ਬਦਲਣ ਲਈ ਤਿਆਰ ਹੈ
16. ਸਦੂਮ ਅਤੇ ਅਮੂਰਾਹ ਦੇ ਨਾਸ਼ ਤੋਂ ਪਹਿਲਾਂ ਯਹੋਵਾਹ ਨੇ ਲੂਤ ਦੇ ਮਾਮਲੇ ਵਿਚ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਬਦਲਣ ਲਈ ਤਿਆਰ ਹੈ?
16 ਆਓ ਆਪਾਂ ਫਿਰ ਤੋਂ ਸਦੂਮ ਅਤੇ ਅਮੂਰਾਹ ਦੇ ਨਾਸ਼ ਉੱਤੇ ਗੌਰ ਕਰੀਏ। ਲੂਤ ਅਤੇ ਉਸ ਦੇ ਪਰਿਵਾਰ ਨੂੰ ਯਹੋਵਾਹ ਦੇ ਦੂਤ ਨੇ ਇਹ ਸਾਫ਼-ਸਾਫ਼ ਹੁਕਮ ਦਿੱਤਾ ਸੀ: ‘ਪਹਾੜ ਨੂੰ ਭੱਜ ਜਾਓ।’ ਪਰ ਲੂਤ ਨੂੰ ਇਹ ਗੱਲ ਪਸੰਦ ਨਹੀਂ ਆਈ। ਉਸ ਨੇ ਬੇਨਤੀ ਕੀਤੀ: ‘ਹੇ ਮੇਰੇ ਪ੍ਰਭੁ ਅਜੇਹਾ ਨਹੀਂ।’ ਲੂਤ ਨੂੰ ਯਕੀਨ ਸੀ ਕਿ ਜੇ ਉਸ ਨੂੰ ਪਹਾੜ ਵੱਲ ਭੱਜਣਾ ਪਿਆ, ਤਾਂ ਉਸ ਨੇ ਉੱਥੇ ਮਰ ਜਾਣਾ ਸੀ। ਉਸ ਨੇ ਤਰਲੇ ਕੀਤੇ ਕਿ ਉਸ ਨੂੰ ਆਪਣੇ ਪਰਿਵਾਰ ਨਾਲ ਲਾਗੇ ਦੇ ਸੋਆਰ ਨਾਂ ਦੇ ਸ਼ਹਿਰ ਵਿਚ ਜਾਣ ਦਿੱਤਾ ਜਾਵੇ। ਪਰ ਯਹੋਵਾਹ ਦਾ ਤਾਂ ਸੋਆਰ ਸ਼ਹਿਰ ਨੂੰ ਨਾਸ਼ ਕਰਨ ਦਾ ਇਰਾਦਾ ਸੀ। ਇਸ ਤੋਂ ਇਲਾਵਾ ਲੂਤ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਯਹੋਵਾਹ ਨੇ ਲੂਤ ਨੂੰ ਪਹਾੜਾਂ ਵਿਚ ਵੀ ਜ਼ਰੂਰ ਬਚਾ ਕੇ ਰੱਖਣਾ ਸੀ। ਫਿਰ ਵੀ ਯਹੋਵਾਹ ਨੇ ਅੜੇ ਰਹਿਣ ਦੀ ਬਜਾਇ ਲੂਤ ਦੀ ਬੇਨਤੀ ਸੁਣ ਲਈ ਅਤੇ ਸੋਆਰ ਸ਼ਹਿਰ ਨੂੰ ਤਬਾਹ ਨਹੀਂ ਕੀਤਾ। ਦੂਤ ਨੇ ਲੂਤ ਨੂੰ ਕਿਹਾ: “ਵੇਖ ਮੈਂ ਤੈਨੂੰ ਏਸ ਗੱਲ ਵਿੱਚ ਵੀ ਮੰਨ ਲਿਆ ਹੈ।” (ਉਤਪਤ 19:17-22) ਕੀ ਯਹੋਵਾਹ ਨੇ ਇੱਥੇ ਆਪਣੇ ਸ਼ੀਲ ਸੁਭਾਅ ਤੇ ਹਾਲਾਤ ਅਨੁਸਾਰ ਬਦਲਣ ਦਾ ਸਬੂਤ ਨਹੀਂ ਦਿੱਤਾ?
17, 18. ਨੀਨਵਾਹ ਦੇ ਵਾਸੀਆਂ ਦੇ ਮਾਮਲੇ ਵਿਚ ਯਹੋਵਾਹ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਬਦਲਣ ਲਈ ਤਿਆਰ ਹੈ?
17 ਯਹੋਵਾਹ ਦਿਲੋਂ ਕੀਤੇ ਗਏ ਪਛਤਾਵੇ ਦੀ ਵੀ ਕਦਰ ਕਰਦਾ ਹੈ ਅਤੇ ਅਜਿਹੇ ਲੋਕਾਂ ਉੱਤੇ ਦਇਆ ਕਰਦੇ ਹੋਏ ਹਮੇਸ਼ਾ ਸਹੀ ਕੰਮ ਕਰਦਾ ਹੈ। ਮਿਸਾਲ ਲਈ, ਉਸ ਘਟਨਾ ਉੱਤੇ ਗੌਰ ਕਰੋ ਜਦੋਂ ਯੂਨਾਹ ਨਬੀ ਨੂੰ ਨੀਨਵਾਹ ਸ਼ਹਿਰ ਦੇ ਹਿੰਸਕ ਅਤੇ ਦੁਸ਼ਟ ਲੋਕਾਂ ਕੋਲ ਭੇਜਿਆ ਗਿਆ ਸੀ। ਯੂਨਾਹ ਨੇ ਨੀਨਵਾਹ ਦੀਆਂ ਸੜਕਾਂ ਵਿੱਚੋਂ ਲੰਘਦੇ ਹੋਏ ਇਹ ਸਾਦਾ ਜਿਹਾ ਸੰਦੇਸ਼ ਦਿੱਤਾ ਸੀ: 40 ਦਿਨਾਂ ਵਿਚ ਇਹ ਸ਼ਹਿਰ ਨਾਸ਼ ਹੋ ਜਾਵੇਗਾ। ਪਰ ਹਾਲਾਤ ਬਿਲਕੁਲ ਬਦਲ ਗਏ। ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ!—ਯੂਨਾਹ ਦਾ ਤੀਜਾ ਅਧਿਆਇ।
18 ਬਦਲਦੇ ਹਾਲਾਤ ਅਨੁਸਾਰ ਯਹੋਵਾਹ ਨੇ ਜੋ ਕੀਤਾ ਅਤੇ ਯੂਨਾਹ ਨੇ ਜੋ ਕੀਤਾ ਬਹੁਤ ਹੀ ਅਲੱਗ ਸੀ। ਜੇ ਅਸੀਂ ਇਨ੍ਹਾਂ ਦੋਹਾਂ ਦੀ ਤੁਲਨਾ ਕਰੀਏ, ਤਾਂ ਅਸੀਂ ਬਹੁਤ ਕੁਝ ਸਿੱਖਾਂਗੇ। ਇਸ ਮਾਮਲੇ ਵਿਚ ਯਹੋਵਾਹ ਨੇ ਆਪਣੇ ਆਪ ਨੂੰ ਬਦਲਿਆ ਅਤੇ ਉਸ ਨੇ “ਜੋਧਾ ਪੁਰਸ਼” ਬਣਨ ਦੀ ਬਜਾਇ ਲੋਕਾਂ ਦੇ ਪਾਪ ਮਾਫ਼ ਕੀਤੇ।d (ਕੂਚ 15:3) ਪਰ ਦੂਜੇ ਪਾਸੇ ਯੂਨਾਹ ਅੜਿਆ ਰਿਹਾ ਅਤੇ ਉਸ ਨੇ ਹਮਦਰਦੀ ਨਹੀਂ ਕੀਤੀ। ਯਹੋਵਾਹ ਵਾਂਗ ਸਮਝਦਾਰੀ ਵਰਤਣ ਦੀ ਬਜਾਇ ਉਹ ਪਹਿਲਾਂ ਜ਼ਿਕਰ ਕੀਤੀ ਗਈ ਮਾਲ ਗੱਡੀ ਜਾਂ ਸਮੁੰਦਰੀ ਜਹਾਜ਼ ਵਰਗਾ ਬਣਿਆ। ਉਸ ਨੇ ਲੋਕਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਨਾਸ਼ ਹੋਵੇਗਾ, ਤਾਂ ਫਿਰ ਹੁਣ ਨਾਸ਼ ਹੋਣਾ ਹੀ ਚਾਹੀਦਾ ਸੀ! ਪਰ ਯਹੋਵਾਹ ਨੇ ਧੀਰਜ ਨਾਲ ਇਸ ਨਬੀ ਨੂੰ ਦਇਆ ਦਾ ਇਕ ਸੋਹਣਾ ਸਬਕ ਸਿਖਾਇਆ।—ਯੂਨਾਹ ਦਾ ਚੌਥਾ ਅਧਿਆਇ।
ਯਹੋਵਾਹ ਅੜਿਆ ਨਹੀਂ ਰਹਿੰਦਾ ਅਤੇ ਉਹ ਸਾਡੀਆਂ ਕਮੀਆਂ ਅਤੇ ਕਮਜ਼ੋਰੀਆਂ ਸਮਝਦਾ ਹੈ
19. (ੳ) ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਧਿਆਨ ਰੱਖਦਾ ਹੈ ਕਿ ਉਹ ਸਾਡੇ ਤੋਂ ਹੱਦੋਂ ਵੱਧ ਆਸ ਨਾ ਰੱਖੇ? (ਅ) ਕਹਾਉਤਾਂ 19:17 ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਭਲਾ ਅਤੇ ਸ਼ੀਲ ਸੁਭਾਅ ਵਾਲਾ ਮਾਲਕ ਹੈ ਅਤੇ ਉਹ ਪੂਰੀ ਤਰ੍ਹਾਂ ਨਿਮਰ ਹੈ?
19 ਅਖ਼ੀਰ ਵਿਚ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਧਿਆਨ ਰੱਖਦਾ ਹੈ ਕਿ ਉਹ ਸਾਡੇ ਤੋਂ ਹੱਦੋਂ ਵੱਧ ਆਸ ਨਾ ਰੱਖੇ। ਰਾਜਾ ਦਾਊਦ ਨੇ ਕਿਹਾ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:14) ਯਹੋਵਾਹ ਸਾਡੀਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਚੰਗੀ ਤਰ੍ਹਾਂ ਸਮਝਦਾ ਹੈ। ਜੋ ਅਸੀਂ ਨਹੀਂ ਕਰ ਸਕਦੇ, ਉਹ ਉਸ ਦੀ ਆਸ ਨਹੀਂ ਰੱਖਦਾ। ਬਾਈਬਲ ਵਿਚ ‘ਭਲੇ ਅਤੇ ਅਸੀਲ’ ਇਨਸਾਨੀ ਮਾਲਕਾਂ ਦੀ ਤੁਲਨਾ ਉਨ੍ਹਾਂ ਮਾਲਕਾਂ ਨਾਲ ਕੀਤੀ ਗਈ ਹੈ ਜੋ ‘ਕਰੜੇ ਸੁਭਾਉ ਵਾਲੇ’ ਹਨ। (1 ਪਤਰਸ 2:18) ਯਹੋਵਾਹ ਕਿਹੋ ਜਿਹਾ ਮਾਲਕ ਹੈ? ਨੋਟ ਕਰੋ ਕਿ ਕਹਾਉਤਾਂ 19:17 ਵਿਚ ਕੀ ਲਿਖਿਆ ਹੈ: “ਜਿਹੜਾ ਗਰੀਬਾਂ ਉੱਤੇ ਦਯਾ ਕਰਦਾ ਹੈ ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ।” ਇਸ ਤੋਂ ਸਾਫ਼-ਸਾਫ਼ ਜ਼ਾਹਰ ਹੁੰਦਾ ਹੈ ਕਿ ਸਿਰਫ਼ ਇਕ ਭਲਾ ਅਤੇ ਸ਼ੀਲ ਸੁਭਾਅ ਵਾਲਾ ਮਾਲਕ ਹੀ ਹਰੇਕ ਚੰਗੇ ਕੰਮ ਵੱਲ ਧਿਆਨ ਦੇਵੇਗਾ ਅਤੇ ਦੇਖੇਗਾ ਕਿ ਗ਼ਰੀਬਾਂ ਲਈ ਕੀ ਕੀਤਾ ਜਾ ਰਿਹਾ ਹੈ। ਇਸ ਤੋਂ ਵੀ ਜ਼ਿਆਦਾ ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਸਾਰੀ ਦੁਨੀਆਂ ਦਾ ਸਿਰਜਣਹਾਰ ਮਾਮੂਲੀ ਇਨਸਾਨਾਂ ਦੇ ਚੰਗੇ ਕੰਮ ਦੇਖ ਕੇ ਆਪਣੇ ਆਪ ਨੂੰ ਉਨ੍ਹਾਂ ਦਾ ਕਰਜ਼ਾਈ ਸਮਝਦਾ ਹੈ! ਇਹ ਹੈ ਉਸ ਦੀ ਨਿਮਰਤਾ ਦਾ ਵਧੀਆ ਸਬੂਤ!
20. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ?
20 ਯਹੋਵਾਹ ਅੱਜ ਵੀ ਆਪਣੇ ਭਗਤਾਂ ਨਾਲ ਇਸੇ ਤਰ੍ਹਾਂ ਨਰਮਾਈ ਤੇ ਸਮਝਦਾਰੀ ਵਰਤਦਾ ਹੈ। ਜਦ ਅਸੀਂ ਨਿਹਚਾ ਨਾਲ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। ਭਾਵੇਂ ਉਹ ਦੂਤਾਂ ਰਾਹੀਂ ਸਾਨੂੰ ਸੁਨੇਹਾ ਨਹੀਂ ਘੱਲਦਾ, ਫਿਰ ਵੀ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸਾਡੀਆਂ ਦੁਆਵਾਂ ਦਾ ਜਵਾਬ ਨਹੀਂ ਦਿੰਦਾ। ਯਾਦ ਕਰੋ ਕਿ ਇਕ ਵਾਰ ਪੌਲੁਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਉਸ ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ ਕਿ ਉਹ ਕੈਦ ਵਿੱਚੋਂ ਰਿਹਾ ਕੀਤਾ ਜਾਵੇ। ਇਸ ਦੇ ਨਾਲ ਹੀ ਉਸ ਨੇ ਕਿਹਾ ਸੀ: “ਤਾਂ ਜੋ ਮੈਂ ਤੁਹਾਡੇ ਕੋਲ ਮੁੜ ਛੇਤੀ ਪੁਚਾਇਆ ਜਾਵਾਂ।” (ਇਬਰਾਨੀਆਂ 13:18, 19) ਹੋ ਸਕਦਾ ਹੈ ਕਿ ਸਾਡੀਆਂ ਦੁਆਵਾਂ ਕਰਕੇ ਯਹੋਵਾਹ ਸ਼ਾਇਦ ਉਹ ਕੰਮ ਕਰ ਦੇਵੇ ਜੋ ਵੈਸੇ ਉਸ ਨੇ ਨਹੀਂ ਕਰਨਾ ਸੀ!—ਯਾਕੂਬ 5:16.
21. ਯਹੋਵਾਹ ਦੀ ਨਿਮਰਤਾ ਬਾਰੇ ਸਾਨੂੰ ਕਦੇ ਕੀ ਨਹੀਂ ਸੋਚਣਾ ਚਾਹੀਦਾ, ਪਰ ਸਾਨੂੰ ਉਸ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ?
21 ਯਹੋਵਾਹ ਨੇ ਕਈ ਤਰੀਕਿਆਂ ਨਾਲ ਨਿਮਰਤਾ ਦਿਖਾਈ ਹੈ: ਉਹ ਨਰਮ ਸੁਭਾਅ ਵਾਲਾ ਅਤੇ ਧੀਰਜਵਾਨ ਹੈ, ਨਾਲੇ ਉਹ ਗੱਲ ਸੁਣਨ ਲਈ ਅਤੇ ਬਦਲਣ ਲਈ ਤਿਆਰ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਆਪਣੇ ਧਰਮੀ ਅਸੂਲਾਂ ਦਾ ਸਮਝੌਤਾ ਕਰਦਾ ਹੈ। ਈਸਾਈ-ਜਗਤ ਦੇ ਪਾਦਰੀ ਸ਼ਾਇਦ ਸੋਚਣ ਕਿ ਉਹ ਲੋਕਾਂ ਦੇ ਮਨਪਸੰਦ ਦੀਆਂ ਗੱਲਾਂ ਕਰ ਕੇ ਅਤੇ ਯਹੋਵਾਹ ਦੇ ਉੱਚੇ ਨੈਤਿਕ ਮਿਆਰਾਂ ਨੂੰ ਛੱਡ ਕੇ ਸਮਝ ਵਰਤ ਰਹੇ ਹਨ। (2 ਤਿਮੋਥਿਉਸ 4:3) ਆਪਣੇ ਮਤਲਬ ਲਈ ਅਸੂਲਾਂ ਦਾ ਜਲਦੀ ਦੇਣੀ ਸਮਝੌਤਾ ਕਰਨਾ ਇਨਸਾਨਾਂ ਦਾ ਕੰਮ ਹੈ, ਪਰ ਪਰਮੇਸ਼ੁਰ ਇਸ ਨੂੰ ਸਮਝਦਾਰੀ ਨਹੀਂ ਸਮਝਦਾ। ਯਹੋਵਾਹ ਇਸ ਤਰ੍ਹਾਂ ਸਮਝੌਤਾ ਕਿਉਂ ਨਹੀਂ ਕਰਦਾ? ਕਿਉਂਕਿ ਉਹ ਪਵਿੱਤਰ ਹੈ ਅਤੇ ਉਹ ਆਪਣੇ ਪਵਿੱਤਰ ਮਿਆਰਾਂ ਨੂੰ ਕਦੇ ਵੀ ਮਲੀਨ ਨਹੀਂ ਹੋਣ ਦੇਵੇਗਾ। (ਲੇਵੀਆਂ 11:44) ਇਸ ਲਈ ਆਓ ਆਪਾਂ ਯਹੋਵਾਹ ਨਾਲ ਪਿਆਰ ਕਰੀਏ ਕਿਉਂਕਿ ਉਸ ਦੀ ਬਦਲਣ ਦੀ ਯੋਗਤਾ ਉਸ ਦੀ ਨਿਮਰਤਾ ਦਾ ਸਬੂਤ ਹੈ। ਕੀ ਤੁਸੀਂ ਇਹ ਜਾਣ ਕੇ ਬਹੁਤ ਖ਼ੁਸ਼ ਨਹੀਂ ਹੋ ਕਿ ਸਭ ਤੋਂ ਬੁੱਧੀਮਾਨ ਸ਼ਖ਼ਸ ਯਹੋਵਾਹ ਪਰਮੇਸ਼ੁਰ ਇੰਨਾ ਨਿਮਰ ਹੈ? ਇਸ ਨਰਮ-ਦਿਲ, ਧੀਰਜਵਾਨ ਅਤੇ ਸਮਝ ਵਾਲੇ ਪਰਮੇਸ਼ੁਰ ਦੇ ਨੇੜੇ ਰਹਿਣਾ ਕਿੰਨੀ ਵਧੀਆ ਗੱਲ ਹੈ!
a ਪੁਰਾਣੇ ਸਮੇਂ ਵਿਚ ਪਵਿੱਤਰ ਸ਼ਾਸਤਰ ਦੀਆਂ ਨਕਲਾਂ ਬਣਾਉਣ ਵਾਲਿਆਂ ਨੇ ਇਸ ਆਇਤ ਨੂੰ ਬਦਲ ਦਿੱਤਾ ਸੀ ਤਾਂਕਿ ਉਹ ਇਸ ਤਰ੍ਹਾਂ ਪੜ੍ਹੀ ਜਾਵੇ ਕਿ ਯਹੋਵਾਹ ਦੀ ਬਜਾਇ ਯਿਰਮਿਯਾਹ ਝੁੱਕ ਰਿਹਾ ਸੀ। ਉਨ੍ਹਾਂ ਦੇ ਭਾਣੇ ਪਰਮੇਸ਼ੁਰ ਦੇ ਝੁਕਣ ਬਾਰੇ ਲਿਖਣਾ ਠੀਕ ਨਹੀਂ ਸੀ। ਇਸ ਦੇ ਨਤੀਜੇ ਵਜੋਂ ਕਈਆਂ ਤਰਜਮਿਆਂ ਵਿਚ ਇਸ ਆਇਤ ਤੋਂ ਜੋ ਵਧੀਆ ਸਿੱਖਿਆ ਮਿਲਣੀ ਚਾਹੀਦੀ ਹੈ, ਉਹ ਨਹੀਂ ਮਿਲਦੀ। ਪਰ ਨਿਊ ਇੰਗਲਿਸ਼ ਬਾਈਬਲ ਇਸ ਆਇਤ ਦਾ ਸਹੀ ਅਨੁਵਾਦ ਕਰਦੀ ਹੈ ਕਿ ਯਿਰਮਿਯਾਹ ਯਹੋਵਾਹ ਨੂੰ ਕਹਿੰਦਾ ਹੈ: “ਮੈਨੂੰ ਯਾਦ ਰੱਖ ਕੇ ਮੇਰੇ ਉੱਤੇ ਝੁੱਕ ਜਾਵੀਂ।”
b ਹੋਰ ਤਰਜਮੇ ਕਹਿੰਦੇ ਹਨ, ‘ਨਿਮਰਤਾ ਦਾ ਸੰਬੰਧ ਬੁੱਧ ਨਾਲ ਹੈ,’ ਅਤੇ ‘ਨਰਮਾਈ ਜੋ ਗਿਆਨ ਤੋਂ ਉਤਪੰਨ ਹੁੰਦੀ ਹੈ।’
c ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਧੀਰਜ ਨੂੰ ਹੰਕਾਰ ਦਾ ਉਲਟ ਕਿਹਾ ਗਿਆ ਹੈ। (ਉਪਦੇਸ਼ਕ ਦੀ ਪੋਥੀ 7:8) ਯਹੋਵਾਹ ਦਾ ਧੀਰਜ ਉਸ ਦੀ ਨਿਮਰਤਾ ਦਾ ਇਕ ਹੋਰ ਸਬੂਤ ਹੈ।—2 ਪਤਰਸ 3:9.
-
-
ਯਿਸੂ ਨੇ ਪਰਮੇਸ਼ੁਰ ਦੀ ਬੁੱਧ ਪ੍ਰਗਟ ਕੀਤੀਯਹੋਵਾਹ ਦੇ ਨੇੜੇ ਰਹੋ
-
-
ਇੱਕ੍ਹੀਵਾਂ ਅਧਿਆਇ
ਯਿਸੂ ਨੇ ਪਰਮੇਸ਼ੁਰ ਦੀ ਬੁੱਧ ਪ੍ਰਗਟ ਕੀਤੀ
1-3. ਯਿਸੂ ਦੇ ਪੁਰਾਣੇ ਗੁਆਂਢੀਆਂ ਨੇ ਉਸ ਦੀ ਸਿੱਖਿਆ ਕਿਉਂ ਨਹੀਂ ਕਬੂਲ ਕੀਤੀ ਸੀ ਅਤੇ ਉਨ੍ਹਾਂ ਨੇ ਉਸ ਬਾਰੇ ਕੀ ਨਹੀਂ ਜਾਣਿਆ ਸੀ?
ਯਿਸੂ ਨਾਸਰਤ ਦੇ ਲੋਕਾਂ ਸਾਮ੍ਹਣੇ ਸਭਾ-ਘਰ ਵਿਚ ਖੜ੍ਹਾ ਹੋ ਕੇ ਭਾਸ਼ਣ ਦੇ ਰਿਹਾ ਸੀ। ਉਨ੍ਹਾਂ ਲਈ ਉਹ ਕੋਈ ਅਜਨਬੀ ਨਹੀਂ ਸੀ। ਉਹ ਉਨ੍ਹਾਂ ਦੇ ਸ਼ਹਿਰ ਵਿਚ ਹੀ ਵੱਡਾ ਹੋਇਆ ਸੀ ਜਿੱਥੇ ਉਸ ਨੇ ਕਈਆਂ ਸਾਲਾਂ ਤੋਂ ਤਰਖਾਣਾ ਕੰਮ ਕੀਤਾ ਸੀ। ਸ਼ਾਇਦ ਯਿਸੂ ਨੇ ਉਨ੍ਹਾਂ ਵਿੱਚੋਂ ਕਈਆਂ ਦੇ ਘਰਾਂ ਵਿਚ ਲੱਕੜੀ ਦਾ ਕੰਮ ਕੀਤਾ ਸੀ ਜਾਂ ਹੋ ਸਕਦਾ ਹੈ ਕਿ ਉਹ ਉਸ ਦੇ ਹੱਥਾਂ ਦੇ ਬਣੇ ਸੰਦਾਂ ਨਾਲ ਖੇਤੀਬਾੜੀ ਕਰਦੇ ਸਨ।a ਉਸ ਦੀ ਗੱਲ ਸੁਣ ਕੇ ਲੋਕ ਹੱਕੇ-ਬੱਕੇ ਰਹਿ ਗਏ। ਪਰ ਕੀ ਉਨ੍ਹਾਂ ਨੇ ਉਸ ਦੀ ਸਿੱਖਿਆ ਨੂੰ ਕਬੂਲ ਕੀਤਾ ਸੀ?
2 ਉਸ ਦੇ ਸੁਣਨ ਵਾਲੇ ਹੈਰਾਨ ਹੋ ਕੇ ਪੁੱਛਣ ਲੱਗੇ: ‘ਇਸ ਮਨੁੱਖ ਨੂੰ ਇਹ ਬੁੱਧ ਕਿੱਥੋਂ ਮਿਲੀ ਹੈ?’ ਪਰ ਉਹ ਇਹ ਵੀ ਕਹਿ ਰਹੇ ਸਨ: “ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤ੍ਰ।” (ਮੱਤੀ 13:54-58; ਮਰਕੁਸ 6:1-3) ਅਫ਼ਸੋਸ ਦੀ ਗੱਲ ਹੈ ਕਿ ਜੋ ਲੋਕ ਪਹਿਲਾਂ ਯਿਸੂ ਦੇ ਗੁਆਂਢੀ ਹੁੰਦੇ ਸਨ, ਉਨ੍ਹਾਂ ਨੇ ਸੋਚਿਆ, ‘ਇਹ ਤਰਖਾਣ ਤਾਂ ਸਾਡੇ ਵਰਗਾ ਮਾਮੂਲੀ ਜਿਹਾ ਬੰਦਾ ਹੈ।’ ਭਾਵੇਂ ਉਹ ਬੜੀ ਅਕਲ ਨਾਲ ਗੱਲ ਕਰ ਰਿਹਾ ਸੀ, ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਇਹ ਨਹੀਂ ਜਾਣਿਆ ਕਿ ਉਹ ਆਪਣੀ ਹੀ ਬੁੱਧ ਨਾਲ ਗੱਲ ਨਹੀਂ ਕਰ ਰਿਹਾ ਸੀ।
3 ਤਾਂ ਫਿਰ ਯਿਸੂ ਨੂੰ ਇਹ ਬੁੱਧ ਕਿੱਥੋਂ ਮਿਲੀ ਸੀ? ਉਸ ਨੇ ਕਿਹਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਯੂਹੰਨਾ 7:16) ਪੌਲੁਸ ਰਸੂਲ ਨੇ ਦੱਸਿਆ ਸੀ ਕਿ ਯਿਸੂ ‘ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਬੁੱਧ ਬਣਾਇਆ ਗਿਆ ਹੈ।’ (1 ਕੁਰਿੰਥੀਆਂ 1:30) ਯਹੋਵਾਹ ਦੀ ਬੁੱਧ ਉਸ ਦੇ ਪੁੱਤਰ ਯਿਸੂ ਦੇ ਜ਼ਰੀਏ ਪ੍ਰਗਟ ਕੀਤੀ ਗਈ ਸੀ। ਇਹ ਗੱਲ ਇੰਨੀ ਸੱਚੀ ਸੀ ਕਿ ਯਿਸੂ ਕਹਿ ਸਕਿਆ: “ਮੈਂ ਅਰ ਪਿਤਾ ਇੱਕੋ ਹਾਂ।” (ਯੂਹੰਨਾ 10:30) ਆਓ ਆਪਾਂ ਤਿੰਨ ਗੱਲਾਂ ਵੱਲ ਦੇਖੀਏ ਜਿਨ੍ਹਾਂ ਦੇ ਜ਼ਰੀਏ ਯਿਸੂ ਨੇ ਪਰਮੇਸ਼ੁਰ ਦੀ ਬੁੱਧ ਪ੍ਰਗਟ ਕੀਤੀ ਸੀ।
ਉਸ ਦੀ ਸਿੱਖਿਆ
4. (ੳ) ਯਿਸੂ ਦੇ ਸੰਦੇਸ਼ ਦਾ ਵਿਸ਼ਾ ਕੀ ਸੀ ਅਤੇ ਇਹ ਇੰਨਾ ਜ਼ਰੂਰੀ ਕਿਉਂ ਸੀ? (ਅ) ਯਿਸੂ ਦੀ ਸਲਾਹ ਹਮੇਸ਼ਾ ਚੰਗੀ ਅਤੇ ਉਸ ਦੇ ਸੁਣਨ ਵਾਲਿਆਂ ਦੀ ਭਲਾਈ ਲਈ ਕਿਉਂ ਹੁੰਦੀ ਸੀ?
4 ਸਭ ਤੋਂ ਪਹਿਲਾਂ ਆਪਾਂ ਯਿਸੂ ਦੀ ਸਿੱਖਿਆ ਉੱਤੇ ਗੌਰ ਕਰਾਂਗੇ। ਉਸ ਦੇ ਸੰਦੇਸ਼ ਦਾ ਵਿਸ਼ਾ “ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ” ਸੀ। (ਲੂਕਾ 4:43) ਇਹ ਸੰਦੇਸ਼ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਸਿਰਫ਼ ਇਸ ਰਾਜ ਦੇ ਜ਼ਰੀਏ ਹੀ ਸਾਬਤ ਹੋਣਾ ਸੀ ਕਿ ਯਹੋਵਾਹ ਬਿਲਕੁਲ ਸਹੀ ਤਰੀਕੇ ਨਾਲ ਰਾਜ ਕਰਦਾ ਹੈ ਅਤੇ ਇਸ ਦੇ ਜ਼ਰੀਏ ਹੀ ਇਨਸਾਨਜਾਤ ਨੂੰ ਹਮੇਸ਼ਾ ਦੀਆਂ ਬਰਕਤਾਂ ਮਿਲਣੀਆਂ ਸਨ। ਯਿਸੂ ਨੇ ਆਪਣੀ ਸਿੱਖਿਆ ਵਿਚ ਇਹ ਸਲਾਹ ਵੀ ਦਿੱਤੀ ਸੀ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਕਿਵੇਂ ਜੀਉਣੀ ਚਾਹੀਦੀ ਹੈ। ਉਸ ਨੇ ਆਪਣੇ ਆਪ ਨੂੰ “ਅਦਭੁੱਤ ਸਲਾਹਕਾਰ” ਵੀ ਸਾਬਤ ਕੀਤਾ। (ਯਸਾਯਾਹ 9:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਦੀ ਸਲਾਹ ਅਦਭੁੱਤ ਸੀ ਕਿਉਂਕਿ ਉਸ ਕੋਲ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਮਰਜ਼ੀ ਦਾ ਚੋਖਾ ਗਿਆਨ ਸੀ। ਉਹ ਇਨਸਾਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਨ੍ਹਾਂ ਨਾਲ ਗੂੜ੍ਹਾ ਪਿਆਰ ਕਰਦਾ ਸੀ। ਇਸ ਲਈ ਉਹ ਹਮੇਸ਼ਾ ਚੰਗੀ ਸਲਾਹ ਦਿੰਦਾ ਸੀ ਜੋ ਉਸ ਦੇ ਸੁਣਨ ਵਾਲਿਆਂ ਦੀ ਭਲਾਈ ਲਈ ਹੁੰਦੀ ਸੀ। ਯਿਸੂ “ਸਦੀਪਕ ਜੀਉਣ ਦੀਆਂ ਗੱਲਾਂ” ਦੱਸਦਾ ਸੀ। ਜੀ ਹਾਂ, ਜੇ ਉਸ ਦੀ ਸਲਾਹ ਲਾਗੂ ਕੀਤੀ ਜਾਵੇ, ਤਾਂ ਇਸ ਤੋਂ ਮੁਕਤੀ ਮਿਲੇਗੀ।—ਯੂਹੰਨਾ 6:68.
5. ਯਿਸੂ ਦੇ ਪਹਾੜੀ ਉਪਦੇਸ਼ ਵਿਚ ਕਿਹੜੇ ਕੁਝ ਵਿਸ਼ਿਆਂ ਤੇ ਗੱਲ ਕੀਤੀ ਗਈ ਸੀ?
5 ਪਹਾੜੀ ਉਪਦੇਸ਼ ਦੀ ਸਿੱਖਿਆ ਵਿਚ ਅਸੀਂ ਯਿਸੂ ਦੀ ਬੇਮਿਸਾਲ ਬੁੱਧ ਦੇਖ ਸਕਦੇ ਹਾਂ। ਇਹ ਉਪਦੇਸ਼ ਮੱਤੀ 5:3–7:27 ਵਿਚ ਲਿਖਿਆ ਗਿਆ ਹੈ ਅਤੇ ਸੰਭਵ ਹੈ ਕਿ ਇਸ ਨੂੰ ਦੇਣ ਵਾਸਤੇ ਸਿਰਫ਼ 20 ਮਿੰਟ ਲੱਗੇ ਹੋਣਗੇ। ਪਰ ਇਸ ਦੀ ਸਲਾਹ ਸਦੀਵੀ ਹੈ ਅਤੇ ਅੱਜ ਵੀ ਉੱਨੀ ਹੀ ਫ਼ਾਇਦੇਮੰਦ ਹੈ ਜਿੰਨੀ ਉਹ ਪਹਿਲੀ ਸਦੀ ਵਿਚ ਸੀ। ਯਿਸੂ ਨੇ ਕਈਆਂ ਵਿਸ਼ਿਆਂ ਤੇ ਗੱਲ ਕੀਤੀ ਸੀ: ਅਸੀਂ ਦੂਸਰਿਆਂ ਨਾਲ ਕਿਸ ਤਰ੍ਹਾਂ ਬਣਾਈ ਰੱਖ ਸਕਦੇ ਹਾਂ (ਮੱਤੀ 5:23-26, 38-42; 7:1-5, 12), ਅਸੀਂ ਨੈਤਿਕ ਤੌਰ ਤੇ ਸ਼ੁੱਧ ਕਿਵੇਂ ਰਹਿ ਸਕਦੇ ਹਾਂ (ਮੱਤੀ 5:27-32), ਸਾਡੀ ਜ਼ਿੰਦਗੀ ਮਕਸਦ-ਭਰੀ ਕਿਸ ਤਰ੍ਹਾਂ ਬਣ ਸਕਦੀ ਹੈ (ਮੱਤੀ 6:19-24; 7:24-27)। ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਬੁੱਧੀਮਤਾ ਦਾ ਮਤਲਬ ਸਿਰਫ਼ ਦੱਸਿਆ ਹੀ ਨਹੀਂ ਸੀ, ਪਰ ਉਸ ਨੇ ਉਨ੍ਹਾਂ ਨੂੰ ਸਬੂਤ ਦੇ ਕੇ ਅਤੇ ਉਨ੍ਹਾਂ ਨਾਲ ਤਰਕ ਕਰ ਕੇ ਉਨ੍ਹਾਂ ਨੂੰ ਇਸ ਦਾ ਮਤਲਬ ਸਮਝਾਇਆ ਵੀ ਸੀ।
6-8. (ੳ) ਯਿਸੂ ਨੇ ਚਿੰਤਾ ਨਾ ਕਰਨ ਦੇ ਕਿਹੜੇ ਜ਼ੋਰਦਾਰ ਕਾਰਨ ਦਿੱਤੇ ਸਨ? (ਅ) ਯਿਸੂ ਦੀ ਸਲਾਹ ਵਿਚ ਪਰਮੇਸ਼ੁਰੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ?
6 ਜ਼ਰਾ ਮੱਤੀ ਦੇ 6ਵੇਂ ਅਧਿਆਇ ਉੱਤੇ ਗੌਰ ਕਰੋ ਜਿਸ ਵਿਚ ਯਿਸੂ ਨੇ ਇਹ ਵਧੀਆ ਸਲਾਹ ਦਿੱਤੀ ਸੀ ਕਿ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਉਸ ਨੇ ਕਿਹਾ: “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ।” (25ਵੀਂ ਆਇਤ) ਰੋਟੀ-ਕੱਪੜੇ ਜ਼ਰੂਰੀ ਚੀਜ਼ਾਂ ਹਨ ਅਤੇ ਇਨ੍ਹਾਂ ਦੀ ਚਿੰਤਾ ਕਰਨੀ ਸੁਭਾਵਕ ਹੈ। ਪਰ ਯਿਸੂ ਸਾਨੂੰ ਕਹਿੰਦਾ ਹੈ ਕਿ ਤੁਸੀਂ ਅਜਿਹੀਆਂ ਚੀਜ਼ਾਂ ਦੀ “ਚਿੰਤਾ ਨਾ ਕਰੋ।”b ਉਸ ਨੇ ਇਹ ਸਲਾਹ ਕਿਉਂ ਦਿੱਤੀ ਸੀ?
7 ਅੱਗੇ ਪੜ੍ਹ ਕੇ ਦੇਖੋ ਕਿ ਯਿਸੂ ਨੇ ਇਹ ਗੱਲ ਕਿਸ ਤਰ੍ਹਾਂ ਸਮਝਾਈ ਸੀ। ਜਦ ਯਹੋਵਾਹ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਤਾਂ ਕੀ ਉਹ ਸਾਨੂੰ ਜ਼ਿੰਦਾ ਰਹਿਣ ਲਈ ਰੋਟੀ ਅਤੇ ਤਨ ਢੱਕਣ ਵਾਸਤੇ ਕੱਪੜੇ ਨਹੀਂ ਦੇ ਸਕਦਾ? (25ਵੀਂ ਆਇਤ) ਜਦ ਪਰਮੇਸ਼ੁਰ ਪੰਛੀਆਂ ਨੂੰ ਕੁਝ ਖਾਣ ਨੂੰ ਦਿੰਦਾ ਹੈ ਅਤੇ ਫੁੱਲਾਂ ਨੂੰ ਸਜਾਉਂਦਾ ਹੈ, ਤਾਂ ਕੀ ਉਹ ਆਪਣੇ ਇਨਸਾਨੀ ਭਗਤਾਂ ਦੀ ਇਸ ਤੋਂ ਕਿਤੇ ਵੱਧ ਦੇਖ-ਭਾਲ ਨਹੀਂ ਕਰੇਗਾ? (26ਵੀਂ, 28-30 ਆਇਤਾਂ) ਸੋਚਿਆ ਜਾਏ, ਤਾਂ ਬੇਹੱਦ ਚਿੰਤਾ ਕਰਨੀ ਫਜ਼ੂਲ ਹੈ। ਇਸ ਦੇ ਨਾਲ ਸਾਡੀ ਉਮਰ ਇਕ ਪਲ ਵੀ ਨਹੀਂ ਵੱਧ ਸਕਦੀ।c (27ਵੀਂ ਆਇਤ) ਤਾਂ ਫਿਰ ਅਸੀਂ ਚਿੰਤਾ ਕਰਨ ਤੋਂ ਕਿਸ ਤਰ੍ਹਾਂ ਹਟ ਸਕਦੇ ਹਾਂ? ਯਿਸੂ ਨੇ ਇਹ ਸਲਾਹ ਦਿੱਤੀ: ਪਰਮੇਸ਼ੁਰ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓ। ਜੋ ਇਸ ਤਰ੍ਹਾਂ ਕਰਨਗੇ, ਉਨ੍ਹਾਂ ਦਾ ਸਵਰਗੀ ਪਿਤਾ ਉਨ੍ਹਾਂ ਦੀਆਂ ਬਾਕੀ ਜ਼ਰੂਰਤਾਂ ਵੀ ਪੂਰੀਆਂ ਕਰੇਗਾ। (33ਵੀਂ ਆਇਤ) ਅਖ਼ੀਰ ਵਿਚ ਯਿਸੂ ਨੇ ਸਭ ਤੋਂ ਵਧੀਆ ਸੁਝਾਅ ਦਿੱਤਾ—ਸਿਰਫ਼ ਅੱਜ ਬਾਰੇ ਸੋਚੋ। ਕੱਲ੍ਹ ਦੀ ਚਿੰਤਾ ਅੱਜ ਕਰਨ ਦਾ ਕੀ ਫ਼ਾਇਦਾ? (34ਵੀਂ ਆਇਤ) ਹੋਰ ਇਹ ਕਿ ਉਸ ਗੱਲ ਦਾ ਫ਼ਿਕਰ ਕਰਨ ਦਾ ਕੀ ਫ਼ਾਇਦਾ ਜੋ ਸ਼ਾਇਦ ਕਦੇ ਵਾਪਰੇ ਹੀ ਨਾ? ਇਸ ਤਣਾਅ-ਭਰੇ ਸੰਸਾਰ ਵਿਚ ਅਜਿਹੀ ਸਲਾਹ ਲਾਗੂ ਕਰਨ ਨਾਲ ਅਸੀਂ ਕੁਝ ਹੱਦ ਤਕ ਗਮ ਤੋਂ ਬਿਨਾਂ ਜੀ ਸਕਦੇ ਹਾਂ।
8 ਸੋ ਯਿਸੂ ਦੀ ਸਲਾਹ ਅੱਜ ਵੀ ਉੱਨੀ ਹੀ ਫ਼ਾਇਦੇਮੰਦ ਹੈ ਜਿੰਨੀ ਉਹ ਦੋ ਹਜ਼ਾਰ ਸਾਲ ਪਹਿਲਾਂ ਸੀ। ਕੀ ਇਹ ਪਰਮੇਸ਼ੁਰੀ ਬੁੱਧ ਦਾ ਸਬੂਤ ਨਹੀਂ ਹੈ? ਇਨਸਾਨੀ ਸਲਾਹਕਾਰਾਂ ਦੇ ਵਧੀਆ ਤੋਂ ਵਧੀਆ ਖ਼ਿਆਲ ਵੀ ਸਮੇਂ ਦੇ ਬੀਤਣ ਨਾਲ ਠੀਕ ਕਰਨੇ ਜਾਂ ਬਦਲਣੇ ਪੈਂਦੇ ਹਨ। ਪਰ ਯਿਸੂ ਦੀਆਂ ਸਿੱਖਿਆਵਾਂ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਖਰੀਆਂ ਅਤੇ ਫ਼ਾਇਦੇਮੰਦ ਹਨ। ਇਸ ਤੋਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਅਦਭੁੱਤ ਸਲਾਹਕਾਰ ਨੇ “ਪਰਮੇਸ਼ੁਰ ਦੀਆਂ ਗੱਲਾਂ” ਦੱਸੀਆਂ ਸਨ।—ਯੂਹੰਨਾ 3:34.
ਉਸ ਦਾ ਸਿੱਖਿਆ ਦੇਣ ਦਾ ਢੰਗ
9. ਕੁਝ ਸਿਪਾਹੀਆਂ ਨੇ ਯਿਸੂ ਦੀ ਸਿੱਖਿਆ ਬਾਰੇ ਕੀ ਕਿਹਾ ਸੀ ਅਤੇ ਉਹ ਵਧਾ-ਚੜ੍ਹਾ ਕੇ ਗੱਲ ਕਿਉਂ ਨਹੀਂ ਕਰ ਰਹੇ ਸਨ?
9 ਦੂਜੀ ਗੱਲ ਯਿਸੂ ਦਾ ਸਿਖਾਉਣ ਦਾ ਢੰਗ ਹੈ। ਇਸ ਤੋਂ ਵੀ ਅਸੀਂ ਪਰਮੇਸ਼ੁਰ ਦੀ ਬੁੱਧ ਦੇਖ ਸਕਦੇ ਹਾਂ। ਇਕ ਵਾਰ ਕੁਝ ਸਿਪਾਹੀ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਭੇਜੇ ਗਏ ਸਨ। ਉਨ੍ਹਾਂ ਨੇ ਖਾਲੀ ਹੱਥ ਵਾਪਸ ਆ ਕੇ ਕਿਹਾ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ।” (ਯੂਹੰਨਾ 7:45, 46) ਉਹ ਵਧਾ-ਚੜ੍ਹਾ ਕੇ ਗੱਲ ਨਹੀਂ ਕਰ ਰਹੇ ਸਨ। ਯਿਸੂ “ਉੱਤੋਂ ਦਾ” ਯਾਨੀ ਸਵਰਗੋਂ ਸੀ ਅਤੇ ਧਰਤੀ ਉੱਤੇ ਉਸ ਵਰਗਾ ਕਦੇ ਕੋਈ ਇਨਸਾਨ ਨਹੀਂ ਸੀ। ਉਸ ਕੋਲ ਇੰਨਾ ਗਿਆਨ ਤੇ ਤਜਰਬਾ ਸੀ ਕਿ ਉਹ ਲੋਕਾਂ ਨੂੰ ਵਧੀਆ ਤਰੀਕੇ ਨਾਲ ਸਿੱਖਿਆ ਦੇ ਸਕਦਾ ਸੀ। (ਯੂਹੰਨਾ 8:23) ਸੱਚ-ਮੁੱਚ ਜਿਸ ਤਰ੍ਹਾਂ ਉਹ ਲੋਕਾਂ ਨੂੰ ਸਿਖਾ ਸਕਦਾ ਸੀ, ਉਸ ਤਰ੍ਹਾਂ ਹੋਰ ਕੋਈ ਮਨੁੱਖ ਨਹੀਂ ਸਿਖਾ ਸਕਦਾ ਸੀ। ਇਸ ਬੁੱਧੀਮਾਨ ਗੁਰੂ ਦੇ ਸਿੱਖਿਆ ਦੇਣ ਦੇ ਦੋ ਤਰੀਕਿਆਂ ਉੱਤੇ ਗੌਰ ਕਰੋ।
“ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ”
10, 11. (ੳ) ਯਿਸੂ ਦੇ ਦ੍ਰਿਸ਼ਟਾਂਤ ਵਰਤਣ ਦੇ ਤਰੀਕੇ ਤੋਂ ਅਸੀਂ ਦੰਗ ਕਿਉਂ ਰਹਿ ਜਾਂਦੇ ਹਾਂ? (ਅ) ਯਿਸੂ ਦੀ ਕਿਹੜੀ ਛੋਟੀ ਕਹਾਣੀ ਦਿਖਾਉਂਦੀ ਹੈ ਕਿ ਉਸ ਦੀ ਸਿੱਖਿਆ ਅਸਰਦਾਰ ਸੀ?
10 ਦ੍ਰਿਸ਼ਟਾਂਤਾਂ ਦੀ ਚੰਗੀ ਵਰਤੋਂ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ‘ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸਾਰੀਆਂ ਗੱਲਾਂ ਸੁਣਾਈਆਂ ਅਤੇ ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ।” (ਮੱਤੀ 13:34) ਅਸੀਂ ਯਿਸੂ ਦੀ ਇਸ ਬੇਮਿਸਾਲ ਯੋਗਤਾ ਤੋਂ ਦੰਗ ਰਹਿ ਜਾਂਦੇ ਹਾਂ ਕਿ ਉਸ ਨੇ ਰੋਜ਼ਾਨਾ ਜ਼ਿੰਦਗੀ ਦੀਆਂ ਗੱਲਾਂ ਦੇ ਜ਼ਰੀਏ ਡੂੰਘੀਆਂ ਸੱਚਾਈਆਂ ਸਿਖਾਈਆਂ। ਉਸ ਦੇ ਸਰੋਤਿਆਂ ਨੇ ਜੋ ਚੀਜ਼ਾਂ ਕਈ ਵਾਰ ਦੇਖੀਆਂ ਸਨ, ਯਿਸੂ ਉਨ੍ਹਾਂ ਬਾਰੇ ਗੱਲ ਕਰਦਾ ਸੀ ਜਿਵੇਂ ਕਿ ਕਿਸਾਨ ਬੀ ਬੀਜਦੇ, ਤੀਵੀਆਂ ਰੋਟੀ ਪਕਾਉਂਦੀਆਂ, ਬੱਚੇ ਗਲੀਆਂ ਵਿਚ ਖੇਡਦੇ, ਮਛਿਆਰੇ ਜਾਲ ਖਿੱਚਦੇ, ਚਰਵਾਹੇ ਗੁਆਚੀਆਂ ਭੇਡਾਂ ਲੱਭਦੇ। ਜਦ ਜਾਣੀਆਂ-ਪਛਾਣੀਆਂ ਚੀਜ਼ਾਂ ਦੇ ਜ਼ਰੀਏ ਮਹੱਤਵਪੂਰਣ ਸੱਚਾਈਆਂ ਸਮਝਾਈਆਂ ਜਾਂਦੀਆਂ ਹਨ, ਤਾਂ ਇਹ ਦਿਲ-ਦਿਮਾਗ਼ ਵਿਚ ਚੰਗੀ ਤਰ੍ਹਾਂ ਤੇ ਜਲਦੀ ਬੈਠ ਜਾਂਦੀਆਂ ਹਨ।—ਮੱਤੀ 11:16-19; 13:3-8, 33, 47-50; 18:12-14.
11 ਕਿਸੇ ਔਖੀ ਗੱਲ ਨੂੰ ਕਹਾਣੀ ਰਾਹੀਂ ਸਮਝਾਉਣ ਨਾਲ ਉਹ ਜਲਦੀ ਸਮਝ ਆ ਜਾਂਦੀ ਹੈ ਅਤੇ ਯਾਦ ਰੱਖੀ ਜਾ ਸਕਦੀ ਹੈ। ਇਸੇ ਲਈ ਯਿਸੂ ਨੇ ਅਕਸਰ ਛੋਟੀਆਂ-ਛੋਟੀਆਂ ਕਹਾਣੀਆਂ ਸੁਣਾ ਕੇ ਰੂਹਾਨੀ ਜਾਂ ਨੈਤਿਕ ਸੱਚਾਈਆਂ ਸਿਖਾਈਆਂ ਸਨ। ਇਨ੍ਹਾਂ ਕਹਾਣੀਆਂ ਨੇ ਯਿਸੂ ਦੀਆਂ ਸਿੱਖਿਆਵਾਂ ਨੂੰ ਜੀਉਂਦਾ ਰੱਖਿਆ ਹੈ। ਕਈਆਂ ਕਹਾਣੀਆਂ ਵਿਚ ਯਿਸੂ ਨੇ ਆਪਣੇ ਪਿਤਾ ਬਾਰੇ ਇਸ ਤਰ੍ਹਾਂ ਗੱਲ ਕੀਤੀ ਕਿ ਅਸੀਂ ਉਨ੍ਹਾਂ ਕਹਾਣੀਆਂ ਨੂੰ ਜਲਦੀ ਭੁੱਲ ਨਹੀਂ ਸਕਦੇ। ਮਿਸਾਲ ਲਈ ਉਜਾੜੂ ਪੁੱਤਰ ਦੀ ਕਹਾਣੀ ਦੇ ਸਬਕ ਨੂੰ ਕੌਣ ਨਹੀਂ ਸਮਝ ਸਕਦਾ? ਜਦ ਕੋਈ ਕੁਰਾਹੇ ਪਿਆ ਇਨਸਾਨ ਦਿਲੋਂ ਤੋਬਾ ਕਰਦਾ ਹੈ, ਤਾਂ ਯਹੋਵਾਹ ਉਸ ਤੇ ਤਰਸ ਖਾਂਦਾ ਹੈ ਅਤੇ ਉਸ ਨੂੰ ਫਿਰ ਤੋਂ ਪਿਆਰ ਨਾਲ ਗਲੇ ਲਾਉਂਦਾ ਹੈ।—ਲੂਕਾ 15:11-32.
12. (ੳ) ਯਿਸੂ ਨੇ ਆਪਣੀ ਸਿੱਖਿਆ ਵਿਚ ਸਵਾਲ ਕਿਸ ਤਰ੍ਹਾਂ ਵਰਤੇ ਸਨ? (ਅ) ਯਿਸੂ ਨੇ ਉਸ ਦੇ ਅਧਿਕਾਰ ਤੇ ਸ਼ੱਕ ਕਰਨ ਵਾਲਿਆਂ ਦੇ ਮੂੰਹ ਕਿਸ ਤਰ੍ਹਾਂ ਬੰਦ ਕਰ ਦਿੱਤੇ ਸਨ?
12 ਸਵਾਲਾਂ ਦੀ ਵਧੀਆ ਵਰਤੋਂ। ਯਿਸੂ ਇਸ ਤਰ੍ਹਾਂ ਸਵਾਲ ਪੁੱਛਦਾ ਹੁੰਦਾ ਸੀ ਕਿ ਉਸ ਦੇ ਸੁਣਨ ਵਾਲੇ ਆਪ ਸਿੱਟੇ ਕੱਢ ਕੇ ਅਤੇ ਆਪਣੇ ਦਿਲ ਦੀ ਜਾਂਚ ਕਰ ਕੇ ਫ਼ੈਸਲੇ ਕਰ ਸਕਦੇ ਸਨ। (ਮੱਤੀ 12:24-30; 17:24-27; 22:41-46) ਜਦ ਧਾਰਮਿਕ ਆਗੂਆਂ ਨੇ ਸ਼ੱਕ ਪੈਦਾ ਕੀਤਾ ਕਿ ਯਿਸੂ ਨੂੰ ਅਧਿਕਾਰ ਕਿੱਥੋਂ ਮਿਲਿਆ ਸੀ, ਤਾਂ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਯੂਹੰਨਾ ਦਾ ਬਪਤਿਸਮਾ ਸੁਰਗ ਵੱਲੋਂ ਸੀ ਯਾ ਮਨੁੱਖਾਂ ਵੱਲੋਂ?” ਇਹ ਸਵਾਲ ਸੁਣ ਕੇ ਉਨ੍ਹਾਂ ਦੇ ਚਿਹਰਿਆਂ ਦਾ ਰੰਗ ਉੱਡ ਗਿਆ ਅਤੇ ਉਹ ਆਪਸ ਵਿਚ ਕਹਿਣ ਲੱਗੇ: ‘ਜੇ ਕਹੀਏ, “ਸੁਰਗ ਵੱਲੋਂ” ਤਾਂ ਉਹ ਸਾਨੂੰ ਆਖੂ, ਫੇਰ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ? ਅਰ ਜੇ ਕਹੀਏ, “ਮਨੁੱਖਾਂ ਵੱਲੋਂ” ਤਾਂ ਲੋਕਾਂ ਦਾ ਡਰ ਹੈ ਕਿਉਂ ਜੋ ਸੱਭੇ ਮੰਨਦੇ ਹਨ ਕਿ ਯੂਹੰਨਾ ਸੱਚ ਮੁੱਚ ਨਬੀ ਹੈ।’ ਆਖ਼ਰ ਉਨ੍ਹਾਂ ਨੇ ਕਿਹਾ: “ਅਸੀਂ ਨਹੀਂ ਜਾਣਦੇ।” (ਮਰਕੁਸ 11:27-33; ਮੱਤੀ 21:23-27) ਇਕ ਸਾਦੇ ਜਿਹੇ ਸਵਾਲ ਨਾਲ ਯਿਸੂ ਨੇ ਉਨ੍ਹਾਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਉਨ੍ਹਾਂ ਦੇ ਦਿਲ ਦਾ ਖੋਟ ਜ਼ਾਹਰ ਕਰ ਦਿੱਤਾ।
13-15. ਨੇਕ ਸਾਮਰੀ ਦੀ ਕਹਾਣੀ ਤੋਂ ਯਿਸੂ ਦੀ ਬੁੱਧ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ?
13 ਕਦੀ-ਕਦੀ ਯਿਸੂ ਦ੍ਰਿਸ਼ਟਾਂਤ ਸੁਣਾਉਂਦੇ ਹੋਏ ਸਵਾਲ ਵੀ ਪੁੱਛਦਾ ਸੀ ਤਾਂਕਿ ਸੁਣਨ ਵਾਲੇ ਗੱਲਬਾਤ ਬਾਰੇ ਚੰਗੀ ਤਰ੍ਹਾਂ ਸੋਚ ਸਕਣ। ਇਕ ਵਾਰ ਯਹੂਦੀਆਂ ਦੇ ਇਕ ਵਕੀਲ ਨੇ ਯਿਸੂ ਨੂੰ ਪੁੱਛਿਆ ਕਿ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਵਾਸਤੇ ਉਸ ਨੂੰ ਕੀ ਕਰਨਾ ਚਾਹੀਦਾ ਸੀ। ਯਿਸੂ ਨੇ ਉਸ ਨੂੰ ਮੂਸਾ ਦੀ ਬਿਵਸਥਾ ਯਾਦ ਕਰਾਈ ਜਿਸ ਵਿਚ ਲਿਖਿਆ ਹੈ ਕਿ ਪਰਮੇਸ਼ੁਰ ਅਤੇ ਗੁਆਂਢੀ ਨਾਲ ਪਿਆਰ ਕਰ। ਉਸ ਵਕੀਲ ਨੇ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਵਾਸਤੇ ਅੱਗੇ ਪੁੱਛਿਆ: “ਫੇਰ ਕੌਣ ਹੈ ਮੇਰਾ ਗੁਆਂਢੀ?” ਯਿਸੂ ਨੇ ਇਕ ਕਹਾਣੀ ਸੁਣਾ ਕੇ ਉਸ ਨੂੰ ਜਵਾਬ ਦਿੱਤਾ। ਇਕ ਯਹੂਦੀ ਆਦਮੀ ਇਕੱਲਾ ਜਾ ਰਿਹਾ ਸੀ ਜਦ ਉਹ ਡਾਕੂਆਂ ਦੇ ਹੱਥਾਂ ਵਿਚ ਪੈ ਗਿਆ। ਉਨ੍ਹਾਂ ਨੇ ਉਸ ਨੂੰ ਕੁੱਟਿਆ-ਮਾਰਿਆ ਤੇ ਅਧਮੋਇਆ ਛੱਡ ਦਿੱਤਾ। ਇਸ ਤੋਂ ਬਾਅਦ ਦੋ ਯਹੂਦੀ ਆਏ, ਪਹਿਲਾਂ ਇਕ ਜਾਜਕ ਤੇ ਫਿਰ ਇਕ ਲੇਵੀ। ਦੋਵੇਂ ਲਾਂਭੇ ਹੋ ਕੇ ਲੰਘ ਗਏ। ਫਿਰ ਇਕ ਸਾਮਰੀ ਉੱਥੇ ਆ ਪਹੁੰਚਿਆ। ਉਸ ਨੇ ਤਰਸ ਖਾ ਕੇ ਉਸ ਦੇ ਜ਼ਖ਼ਮਾਂ ਦੀ ਮਲ੍ਹਮ-ਪੱਟੀ ਕੀਤੀ ਅਤੇ ਧਿਆਨ ਨਾਲ ਉਸ ਨੂੰ ਇਕ ਮੁਸਾਫ਼ਰਖ਼ਾਨੇ ਵਿਚ ਲੈ ਗਿਆ। ਕਹਾਣੀ ਨੂੰ ਖ਼ਤਮ ਕਰ ਕੇ ਯਿਸੂ ਨੇ ਵਕੀਲ ਨੂੰ ਪੁੱਛਿਆ: “ਸੋ ਉਸ ਮਨੁੱਖ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਉਨ੍ਹਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਲੂਮ ਹੁੰਦਾ ਹੈ?” ਉਸ ਨੂੰ ਜਵਾਬ ਵਿਚ ਕਹਿਣਾ ਹੀ ਪਿਆ: “ਜਿਹ ਨੇ ਉਸ ਉੱਤੇ ਦਯਾ ਕੀਤੀ।”—ਲੂਕਾ 10:25-37.
14 ਇਸ ਕਹਾਣੀ ਤੋਂ ਯਿਸੂ ਦੀ ਬੁੱਧ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ? ਯਿਸੂ ਦੇ ਜ਼ਮਾਨੇ ਵਿਚ ਯਹੂਦੀ ਲੋਕ ਸਿਰਫ਼ ਉਨ੍ਹਾਂ ਲੋਕਾਂ ਨੂੰ ਆਪਣੇ “ਗੁਆਂਢੀ” ਸਮਝਦੇ ਸਨ ਜੋ ਉਨ੍ਹਾਂ ਦੀਆਂ ਰੀਤਾਂ ਅਨੁਸਾਰ ਚੱਲਦੇ ਸਨ। ਉਹ ਸਾਮਰੀਆਂ ਨੂੰ ਤਾਂ ਆਪਣੇ ਗੁਆਂਢੀ ਬਿਲਕੁਲ ਨਹੀਂ ਮੰਨਦੇ ਸਨ। (ਯੂਹੰਨਾ 4:9) ਜੇਕਰ ਯਿਸੂ ਨੇ ਇਸ ਕਹਾਣੀ ਵਿਚ ਇਹ ਕਿਹਾ ਹੁੰਦਾ ਕਿ ਇਕ ਸਾਮਰੀ ਬੰਦਾ ਡਾਕੂਆਂ ਦੇ ਹੱਥ ਵਿਚ ਪੈ ਗਿਆ ਸੀ ਤੇ ਇਕ ਯਹੂਦੀ ਨੇ ਉਸ ਦੀ ਮਦਦ ਕੀਤੀ ਸੀ, ਤਾਂ ਇਸ ਨਾਲ ਪੱਖਪਾਤ ਦੀ ਭਾਵਨਾ ਦੂਰ ਨਹੀਂ ਕੀਤੀ ਜਾਣੀ ਸੀ। ਇਸ ਲਈ ਯਿਸੂ ਨੇ ਅਕਲਮੰਦੀ ਨਾਲ ਕਹਾਣੀ ਇਸ ਤਰ੍ਹਾਂ ਦੱਸੀ ਕਿ ਸਾਮਰੀ ਬੰਦੇ ਨੇ ਯਹੂਦੀ ਬੰਦੇ ਦੀ ਪਿਆਰ ਨਾਲ ਦੇਖ-ਭਾਲ ਕੀਤੀ ਸੀ। ਕਹਾਣੀ ਦੇ ਅਖ਼ੀਰ ਵਿਚ ਪੁੱਛੇ ਗਏ ਯਿਸੂ ਦੇ ਸਵਾਲ ਉੱਤੇ ਵੀ ਗੌਰ ਕਰੋ। ਵਕੀਲ ਨੇ ਮਾਨੋ ਪੁੱਛਿਆ ਸੀ: ‘ਮੇਰਾ ਗੁਆਂਢੀ ਕੌਣ ਹੈ ਜਿਸ ਨਾਲ ਮੈਨੂੰ ਪਿਆਰ ਕਰਨਾ ਚਾਹੀਦਾ ਹੈ?’ ਪਰ ਯਿਸੂ ਨੇ ਉਸ ਨੂੰ ਪੁੱਛਿਆ: “ਉਨ੍ਹਾਂ ਤੇਹਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਮਲੂਮ ਹੁੰਦਾ ਹੈ?” ਯਿਸੂ ਨੇ ਉਸ ਅਧਮੋਏ ਬੰਦੇ ਵੱਲ ਧਿਆਨ ਨਹੀਂ ਖਿੱਚਿਆ ਜਿਸ ਨਾਲ ਭਲਾਈ ਕੀਤੀ ਗਈ ਸੀ, ਸਗੋਂ ਸਾਮਰੀ ਵੱਲ ਜਿਸ ਨੇ ਭਲਾਈ ਕੀਤੀ ਸੀ। ਅਸਲੀ ਗੁਆਂਢੀ ਉਹ ਹੈ ਜੋ ਪਿਆਰ ਨਾਲ ਭਲਾਈ ਕਰਨ ਵਿਚ ਪਹਿਲ ਕਰਦਾ ਹੈ, ਚਾਹੇ ਦੂਸਰੇ ਦੀ ਜਾਤ ਜੋ ਮਰਜ਼ੀ ਹੋਵੇ। ਯਿਸੂ ਨੇ ਕਿੰਨੇ ਵਧੀਆ ਢੰਗ ਨਾਲ ਇਹ ਗੱਲ ਸਮਝਾਈ!
15 ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਦੇ “ਸਿਖਿਆਵਾਂ ਦੇਣ ਦੇ ਢੰਗ” ਤੇ ਲੋਕ ਹੈਰਾਨ ਹੋ ਕੇ ਉਸ ਵੱਲ ਕਿਉਂ ਖਿੱਚੇ ਜਾਂਦੇ ਸਨ। (ਮੱਤੀ 7:28, 29, ਨਵਾਂ ਅਨੁਵਾਦ) ਮਿਸਾਲ ਲਈ ਇਕ ਵਾਰ ਇਕ “ਵੱਡੀ ਭੀੜ” ਤਿੰਨ ਦਿਨ ਉਸ ਦੇ ਨਾਲ ਰਹੀ, ਭਾਵੇਂ ਕਿ ਉਨ੍ਹਾਂ ਕੋਲ ਖਾਣ ਨੂੰ ਕੁਝ ਨਹੀਂ ਸੀ!—ਮਰਕੁਸ 8:1, 2.
ਉਸ ਦੇ ਜੀਉਣ ਦਾ ਤਰੀਕਾ
16. ਯਿਸੂ ਦੀ ਜ਼ਿੰਦਗੀ ਤੋਂ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਸੀ?
16 ਤੀਜੀ ਗੱਲ ਇਹ ਹੈ ਕਿ ਯਿਸੂ ਨੇ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰੀ, ਉਸ ਤੋਂ ਵੀ ਯਹੋਵਾਹ ਦੀ ਬੁੱਧ ਜ਼ਾਹਰ ਹੁੰਦੀ ਹੈ। ਬੁੱਧ ਫ਼ਾਇਦੇਮੰਦ ਹੈ; ਉਹ ਕੰਮ ਆਉਂਦੀ ਹੈ। ਯਿਸੂ ਦੇ ਚੇਲੇ ਯਾਕੂਬ ਨੇ ਪੁੱਛਿਆ ਕਿ “ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ?” ਫਿਰ ਉਸ ਨੇ ਆਪਣੇ ਸਵਾਲ ਦਾ ਆਪ ਹੀ ਜਵਾਬ ਦਿੱਤਾ: “ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ।” (ਯਾਕੂਬ 3:13) ਯਿਸੂ ਦੀ ਸ਼ੁੱਭ ਚਾਲ ਤੋਂ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਮਿਲਦਾ ਸੀ। ਆਓ ਆਪਾਂ ਦੇਖੀਏ ਕਿ ਉਸ ਨੇ ਅਕਲ ਨਾਲ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ ਸੀ ਅਤੇ ਉਹ ਦੂਸਰਿਆਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ।
17. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਿਸੂ ਦੀ ਜ਼ਿੰਦਗੀ ਪੂਰੀ ਤਰ੍ਹਾਂ ਸੰਤੁਲਿਤ ਸੀ?
17 ਸੰਤੁਲਨ ਰੱਖਣ ਵਾਸਤੇ ਅਕਲ ਵਰਤਣ ਦੀ ਲੋੜ ਪੈਂਦੀ ਹੈ। ਕੀ ਤੁਸੀਂ ਨੋਟ ਕੀਤਾ ਹੈ ਕਿ ਜੋ ਲੋਕ ਅਕਲ ਨਹੀਂ ਵਰਤਦੇ, ਉਹ ਅਕਸਰ ਆਪਣੀਆਂ ਹੱਦਾਂ ਪਾਰ ਕਰ ਜਾਂਦੇ ਹਨ? ਯਿਸੂ ਪਰਮੇਸ਼ੁਰ ਦੀ ਬੁੱਧ ਪ੍ਰਗਟ ਕਰਦਾ ਸੀ ਅਤੇ ਇਸ ਲਈ ਉਹ ਮੁਕੰਮਲ ਤੌਰ ਤੇ ਸੰਤੁਲਿਤ ਸੀ। ਉਹ ਪਰਮੇਸ਼ੁਰ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦਾ ਸੀ। ਇਸ ਲਈ ਉਹ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਜੋਸ਼ ਨਾਲ ਕਰਦਾ ਸੀ। ਉਸ ਨੇ ਕਿਹਾ: “ਮੈਂ ਇਸੇ ਲਈ ਆਇਆਂ ਹਾਂ।” (ਮਰਕੁਸ 1:38, ਨਵਾਂ ਅਨੁਵਾਦ) ਉਹ ਨਵੀਂਆਂ ਤੋਂ ਨਵੀਂਆਂ ਚੀਜ਼ਾਂ ਇਕੱਠੀਆਂ ਕਰਨ ਵਿਚ ਨਹੀਂ ਲੱਗਾ ਹੋਇਆ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਉਸ ਕੋਲ ਬਹੁਤਾ ਕੁਝ ਨਹੀਂ ਸੀ। (ਮੱਤੀ 8:20) ਪਰ ਉਹ ਵੈਰਾਗੀ ਜਾਂ ਸੰਨਿਆਸੀ ਵੀ ਨਹੀਂ ਸੀ। ਉਸ ਦਾ ਪਿਤਾ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਹੈ ਅਤੇ ਉਹ ਉਸ ਵਾਂਗ ਖ਼ੁਸ਼ ਰਹਿੰਦਾ ਸੀ। (1 ਤਿਮੋਥਿਉਸ 1:11; 6:15) ਜਦੋਂ ਦੂਸਰੇ ਖ਼ੁਸ਼ੀਆਂ ਮਨਾਉਂਦੇ ਸਨ, ਤਾਂ ਯਿਸੂ ਬੁਰਾ ਨਹੀਂ ਸਮਝਦਾ ਸੀ ਸਗੋਂ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੁੰਦਾ ਸੀ। ਇਕ ਵਾਰ ਯਿਸੂ ਵਿਆਹ ਤੇ ਗਿਆ ਸੀ। ਅਜਿਹੇ ਸਮੇਂ ਆਮ ਤੌਰ ਤੇ ਨੱਚਣ, ਗਾਉਣ ਅਤੇ ਖ਼ੁਸ਼ੀਆਂ ਮਨਾਉਣ ਵਾਲੇ ਮੌਕੇ ਹੁੰਦੇ ਹਨ। ਜ਼ਾਹਰ ਹੈ ਕਿ ਯਿਸੂ ਇਸ ਰੌਣਕ-ਭਰੇ ਮੌਕੇ ਤੇ ਰੰਗ ਵਿਚ ਭੰਗ ਪਾਉਣ ਨਹੀਂ ਗਿਆ ਸੀ। ਜਦੋਂ ਦਾਖ-ਰਸ ਖ਼ਤਮ ਹੋ ਗਈ, ਉਸ ਨੇ ਪਾਣੀ ਨੂੰ ਵਧੀਆ ਮੈ ਵਿਚ ਬਦਲ ਦਿੱਤਾ, ਜੋ “ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ।” (ਜ਼ਬੂਰਾਂ ਦੀ ਪੋਥੀ 104:15; ਯੂਹੰਨਾ 2:1-11) ਜਦੋਂ ਲੋਕ ਯਿਸੂ ਨੂੰ ਰੋਟੀ ਲਈ ਬੁਲਾਉਂਦੇ ਸਨ, ਤਾਂ ਉਹ ਖ਼ੁਸ਼ੀ ਨਾਲ ਜਾ ਕੇ ਇਨ੍ਹਾਂ ਸਮਿਆਂ ਨੂੰ ਅਕਸਰ ਸਿਖਾਉਣ ਲਈ ਵਰਤਦਾ ਸੀ।—ਲੂਕਾ 10:38-42; 14:1-6.
18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਦੂਸਰਿਆਂ ਨੂੰ ਸਹੀ-ਸਹੀ ਪਛਾਣਿਆ ਸੀ?
18 ਕਿਹਾ ਜਾ ਸਕਦਾ ਹੈ ਕਿ ਯਿਸੂ ਨੇ ਦੂਸਰਿਆਂ ਨੂੰ ਸਹੀ-ਸਹੀ ਪਛਾਣਿਆ ਸੀ। ਉਹ ਇਨਸਾਨਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਸ ਲਈ ਉਹ ਆਪਣੇ ਚੇਲਿਆਂ ਨੂੰ ਸਮਝ ਸਕਦਾ ਸੀ। ਉਹ ਜਾਣਦਾ ਸੀ ਕਿ ਅਪੂਰਣ ਹੋਣ ਕਰਕੇ ਉਨ੍ਹਾਂ ਤੋਂ ਗ਼ਲਤੀਆਂ ਹੋ ਜਾਂਦੀਆਂ ਸਨ। ਪਰ ਫਿਰ ਵੀ ਉਸ ਨੇ ਉਨ੍ਹਾਂ ਦੇ ਸਦਗੁਣ ਪਛਾਣੇ ਸਨ। ਉਸ ਨੇ ਦੇਖ ਲਿਆ ਸੀ ਕਿ ਉਹ ਆਦਮੀ ਅੱਗੇ ਜਾ ਕੇ ਕੀ ਕਰ ਸਕਣਗੇ। ਉਹ ਜਾਣਦਾ ਸੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਸ ਵੱਲ ਖਿੱਚਿਆ ਸੀ। (ਯੂਹੰਨਾ 6:44) ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਯਿਸੂ ਨੇ ਉਨ੍ਹਾਂ ਨੂੰ ਰਾਜ ਦੇ ਪ੍ਰਚਾਰ ਦੇ ਕੰਮ ਦੀ ਭਾਰੀ ਜ਼ਿੰਮੇਵਾਰੀ ਸੌਂਪ ਕੇ ਉਨ੍ਹਾਂ ਉੱਤੇ ਆਪਣਾ ਭਰੋਸਾ ਜ਼ਾਹਰ ਕੀਤਾ। ਉਸ ਨੂੰ ਉਨ੍ਹਾਂ ਉੱਤੇ ਪੂਰਾ ਯਕੀਨ ਸੀ ਕਿ ਉਹ ਇਹ ਕੰਮ ਪੂਰਾ ਕਰ ਸਕਣਗੇ। (ਮੱਤੀ 28:19, 20) ਰਸੂਲਾਂ ਦੇ ਕਰਤੱਬ ਦੀ ਪੋਥੀ ਤੋਂ ਸਬੂਤ ਮਿਲਦਾ ਹੈ ਕਿ ਉਨ੍ਹਾਂ ਨੇ ਵਫ਼ਾਦਾਰੀ ਨਾਲ ਇਹ ਕੰਮ ਕੀਤਾ ਸੀ। (ਰਸੂਲਾਂ ਦੇ ਕਰਤੱਬ 2:41, 42; 4:33; 5:27-32) ਤਾਂ ਫਿਰ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਿਸੂ ਨੇ ਉਨ੍ਹਾਂ ਉੱਤੇ ਭਰੋਸਾ ਰੱਖ ਕੇ ਕੋਈ ਗ਼ਲਤੀ ਨਹੀਂ ਕੀਤੀ।
19. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ “ਕੋਮਲ ਅਤੇ ਮਨ ਦਾ ਗ਼ਰੀਬ” ਸੀ?
19 ਇਸ ਕਿਤਾਬ ਦੇ ਪਿੱਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਬਾਈਬਲ ਵਿਚ ਨਿਮਰਤਾ ਅਤੇ ਨਰਮਾਈ ਦਾ ਸੰਬੰਧ ਬੁੱਧ ਨਾਲ ਜੋੜਿਆ ਜਾਂਦਾ ਹੈ। ਨਿਮਰਤਾ ਪ੍ਰਗਟ ਕਰਨ ਵਿਚ ਯਹੋਵਾਹ ਸਭ ਤੋਂ ਵਧੀਆ ਮਿਸਾਲ ਕਾਇਮ ਕਰਦਾ ਹੈ। ਕੀ ਇਹ ਗੁਣ ਯਿਸੂ ਵਿਚ ਵੀ ਹੈ? ਇਹ ਜਾਣ ਕੇ ਸਾਡਾ ਦਿਲ ਖ਼ੁਸ਼ ਹੁੰਦਾ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨਾਲ ਪੇਸ਼ ਆਉਂਦੇ ਹੋਏ ਨਿਮਰਤਾ ਵਰਤੀ ਸੀ। ਇਕ ਮੁਕੰਮਲ ਇਨਸਾਨ ਹੋਣ ਦੇ ਨਾਤੇ ਉਹ ਉਨ੍ਹਾਂ ਤੋਂ ਉੱਤਮ ਸੀ। ਪਰ ਉਸ ਨੇ ਆਪਣੇ ਚੇਲਿਆਂ ਨੂੰ ਨੀਵੇਂ ਨਹੀਂ ਸਮਝਿਆ ਸੀ। ਉਸ ਨੇ ਉਨ੍ਹਾਂ ਨੂੰ ਕਦੇ ਘਟੀਆ ਜਾਂ ਨਾਲਾਇਕ ਮਹਿਸੂਸ ਨਹੀਂ ਕਰਵਾਇਆ ਸੀ। ਇਸ ਤੋਂ ਉਲਟ, ਉਹ ਉਨ੍ਹਾਂ ਦੀਆਂ ਕਮੀਆਂ ਤੇ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਉਂਦਾ ਸੀ। (ਮਰਕੁਸ 14:34-38; ਯੂਹੰਨਾ 16:12) ਕੀ ਇਹ ਚੰਗੀ ਗੱਲ ਨਹੀਂ ਹੈ ਕਿ ਬੱਚੇ ਵੀ ਬਿਨਾਂ ਡਰੇ ਯਿਸੂ ਕੋਲ ਆਉਂਦੇ ਸਨ? ਜੀ ਹਾਂ, ਉਹ ਯਿਸੂ ਵੱਲ ਖਿੱਚੇ ਜਾਂਦੇ ਸਨ ਕਿਉਂਕਿ ਉਹ “ਕੋਮਲ ਅਤੇ ਮਨ ਦਾ ਗ਼ਰੀਬ” ਸੀ।—ਮੱਤੀ 11:29; ਮਰਕੁਸ 10:13-16.
20. ਯਿਸੂ ਨੇ ਇਕ ਗ਼ੈਰ-ਯਹੂਦਣ ਨਾਲ ਪੇਸ਼ ਆਉਂਦੇ ਹੋਏ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਆਪਣੀ ਗੱਲ ਤੇ ਅੜਿਆ ਨਹੀਂ ਰਹਿੰਦਾ ਸੀ, ਪਰ ਦੂਸਰਿਆਂ ਦੀ ਗੱਲ ਮੰਨ ਲੈਂਦਾ ਸੀ?
20 ਯਿਸੂ ਨੇ ਇਕ ਹੋਰ ਜ਼ਰੂਰੀ ਤਰੀਕੇ ਨਾਲ ਵੀ ਨਿਮਰਤਾ ਦਿਖਾਈ ਸੀ। ਜਦ ਵੀ ਉਸ ਨੂੰ ਦੂਸਰਿਆਂ ਉੱਤੇ ਦਇਆ ਕਰਨ ਦਾ ਮੌਕਾ ਮਿਲਦਾ ਸੀ, ਤਾਂ ਉਹ ਆਪਣੀ ਗੱਲ ਤੇ ਅੜਿਆ ਨਹੀਂ ਰਹਿੰਦਾ ਸੀ ਪਰ ਦੂਸਰਿਆਂ ਦੀ ਗੱਲ ਮੰਨ ਲੈਂਦਾ ਸੀ। ਉਸ ਘਟਨਾ ਬਾਰੇ ਸੋਚੋ ਜਦੋਂ ਇਕ ਗ਼ੈਰ-ਯਹੂਦਣ ਨੇ ਯਿਸੂ ਸਾਮ੍ਹਣੇ ਤਰਲੇ ਕੀਤੇ ਕਿ ਉਹ ਉਸ ਦੀ ਧੀ ਨੂੰ ਰਾਜ਼ੀ ਕਰ ਦੇਵੇ, ਜਿਸ ਤੇ ਬਦਰੂਹ ਦੀ ਛਾਇਆ ਸੀ। ਤਿੰਨ ਅਲੱਗ ਤਰੀਕਿਆਂ ਨਾਲ ਯਿਸੂ ਨੇ ਉਸ ਔਰਤ ਦੀ ਮਦਦ ਕਰਨ ਤੋਂ ਇਨਕਾਰ ਕੀਤਾ। ਪਹਿਲਾਂ ਤਾਂ ਉਸ ਨੇ ਉਸ ਨੂੰ ਜਵਾਬ ਹੀ ਨਹੀਂ ਦਿੱਤਾ, ਫਿਰ ਉਸ ਨੇ ਸਾਫ਼-ਸਾਫ਼ ਨਾ ਕਹਿ ਦਿੱਤੀ ਕਿ ਉਹ ਯਹੂਦੀਆਂ ਕੋਲ ਭੇਜਿਆ ਗਿਆ ਸੀ ਗ਼ੈਰ-ਯਹੂਦੀਆਂ ਕੋਲ ਨਹੀਂ। ਅਖ਼ੀਰ ਵਿਚ ਉਸ ਨੇ ਪਿਆਰ ਨਾਲ ਇਨਕਾਰ ਕਰਨ ਲਈ ਉਸ ਨੂੰ ਦ੍ਰਿਸ਼ਟਾਂਤ ਦਿੱਤਾ। ਪਰ ਉਸ ਤੀਵੀਂ ਨੇ ਹਾਰ ਨਹੀਂ ਮੰਨੀ ਅਤੇ ਉਸ ਨੇ ਪੱਕੀ ਨਿਹਚਾ ਦਾ ਸਬੂਤ ਦਿੱਤਾ। ਇਸ ਅਨੋਖੀ ਹਾਲਤ ਵਿਚ ਯਿਸੂ ਨੇ ਕੀ ਕੀਤਾ ਸੀ? ਉਸ ਨੇ ਉਹੀ ਕੰਮ ਕੀਤਾ ਜੋ ਉਸ ਨੇ ਕਿਹਾ ਸੀ ਕਿ ਉਹ ਨਹੀਂ ਕਰੇਗਾ। ਉਸ ਨੇ ਉਸ ਦੀ ਧੀ ਨੂੰ ਚੰਗਾ ਕਰ ਦਿੱਤਾ। (ਮੱਤੀ 15:21-28) ਯਿਸੂ ਕਿੰਨਾ ਨਿਮਰ ਇਨਸਾਨ ਸੀ! ਪਰ ਯਾਦ ਰੱਖੋ ਕਿ ਨਿਮਰਤਾ ਸਿਰਫ਼ ਪਰਮੇਸ਼ੁਰੀ ਬੁੱਧ ਨਾਲ ਹੀ ਪੈਦਾ ਹੁੰਦੀ ਹੈ।
21. ਯਿਸੂ ਦੀ ਸ਼ਖ਼ਸੀਅਤ ਅਤੇ ਉਸ ਦੇ ਬੋਲਣ ਤੇ ਕੰਮ ਕਰਨ ਦੇ ਤਰੀਕਿਆਂ ਦੀ ਸਾਨੂੰ ਨਕਲ ਕਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
21 ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਬਾਈਬਲ ਵਿਚ ਦੁਨੀਆਂ ਦੇ ਸਭ ਤੋਂ ਬੁੱਧੀਮਾਨ ਆਦਮੀ ਦੀ ਕਹਿਣੀ ਅਤੇ ਕਰਨੀ ਬਾਰੇ ਦੱਸਿਆ ਗਿਆ ਹੈ! ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਐਨ ਆਪਣੇ ਪਿਤਾ ਵਰਗਾ ਸੀ। ਯਿਸੂ ਦੀ ਸ਼ਖ਼ਸੀਅਤ ਅਤੇ ਉਸ ਦੇ ਬੋਲਣ ਤੇ ਕੰਮ ਕਰਨ ਦੇ ਤਰੀਕਿਆਂ ਦੀ ਨਕਲ ਕਰ ਕੇ ਅਸੀਂ ਪਰਮੇਸ਼ੁਰ ਦੀ ਬੁੱਧ ਪੈਦਾ ਕਰ ਸਕਦੇ ਹਾਂ। ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਬੁੱਧ ਕਿਸ ਤਰ੍ਹਾਂ ਵਰਤ ਸਕਦੇ ਹਾਂ।
a ਬਾਈਬਲ ਦੇ ਜ਼ਮਾਨੇ ਵਿਚ ਤਰਖਾਣ ਘਰ, ਮੇਜ਼-ਕੁਰਸੀਆਂ ਆਦਿ ਅਤੇ ਖੇਤੀ ਦੇ ਸੰਦ ਬਣਾਉਂਦੇ ਹੁੰਦੇ ਸਨ। ਦੂਜੀ ਸਦੀ ਦੇ ਧਰਮ-ਸ਼ਾਸਤਰੀ ਜਸਟਿਨ ਮਾਰਟਰ ਨੇ ਯਿਸੂ ਬਾਰੇ ਲਿਖਿਆ ਸੀ: “ਉਹ ਇਨਸਾਨਾਂ ਵਿਚ ਰਹਿੰਦੇ ਹੋਏ ਤਰਖਾਣਾ ਕੰਮ ਕਰਦਾ ਸੀ ਅਤੇ ਹਲ਼ ਤੇ ਜੂਲੇ ਬਣਾਉਂਦਾ ਸੀ।”
b ਜਿਸ ਯੂਨਾਨੀ ਕ੍ਰਿਆ ਦਾ ਤਰਜਮਾ “ਚਿੰਤਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਧਿਆਨ ਹਟਾਉਣਾ।” ਮੱਤੀ 6:25 ਵਿਚ ਇਸ ਦਾ ਅਰਥ ਹੈ ਕਿਸੇ ਗੱਲ ਦਾ ਇੰਨਾ ਫ਼ਿਕਰ ਕਰਨਾ ਕਿ ਕਿਸੇ ਕੰਮ ਵਿਚ ਧਿਆਨ ਹੀ ਨਹੀਂ ਲੱਗਦਾ ਜਾਂ ਜ਼ਿੰਦਗੀ ਦੀ ਖ਼ੁਸ਼ੀ ਹੀ ਉੱਡ ਜਾਂਦੀ ਹੈ।
c ਡਾਕਟਰੀ ਰਿਸਰਚ ਨੇ ਦਿਖਾਇਆ ਹੈ ਕਿ ਬਹੁਤ ਜ਼ਿਆਦਾ ਫ਼ਿਕਰ ਕਰਨ ਕਰਕੇ ਅਤੇ ਬਹੁਤ ਸਾਰੇ ਤਣਾਅ ਕਰਕੇ ਇਨਸਾਨ ਨੂੰ ਦਿਲ ਦਾ ਦੌਰਾ ਪੈਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਬੀਮਾਰੀਆਂ ਦਾ ਵੀ ਖ਼ਤਰਾ ਹੈ ਜੋ ਮੌਤ ਨੂੰ ਸੱਦਾ ਦਿੰਦੀਆਂ ਹਨ।
-
-
ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?ਯਹੋਵਾਹ ਦੇ ਨੇੜੇ ਰਹੋ
-
-
ਬਾਈਵਾਂ ਅਧਿਆਇ
ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?
1-3. (ੳ) ਦੋ ਤੀਵੀਆਂ ਦੇ ਕੇਸ ਵਿਚ ਸੁਲੇਮਾਨ ਨੇ ਬੁੱਧ ਦਾ ਸਬੂਤ ਕਿਸ ਤਰ੍ਹਾਂ ਦਿੱਤਾ ਸੀ? (ਅ) ਯਹੋਵਾਹ ਨੇ ਸਾਨੂੰ ਕੀ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸ ਬਾਰੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
ਕੇਸ ਬੜਾ ਮੁਸ਼ਕਲ ਸੀ। ਦੋ ਤੀਵੀਆਂ ਇਕ ਬੱਚੇ ਨੂੰ ਲੈ ਕੇ ਲੜ ਰਹੀਆਂ ਸਨ। ਦੋਵੇਂ ਤੀਵੀਆਂ ਇੱਕੋ ਘਰ ਵਿਚ ਰਹਿੰਦੀਆਂ ਸਨ। ਪਹਿਲਾਂ ਇਕ ਤੀਵੀਂ ਦੇ ਮੁੰਡਾ ਜੰਮਿਆ ਤੇ ਕੁਝ ਦਿਨ ਬਾਅਦ ਦੂਸਰੀ ਤੀਵੀਂ ਦੇ ਵੀ ਮੁੰਡਾ ਜੰਮਿਆ ਸੀ। ਫਿਰ ਇਕ ਦਾ ਮੁੰਡਾ ਮਰ ਗਿਆ ਅਤੇ ਹੁਣ ਦੋਵੇਂ ਤੀਵੀਆਂ ਇਹ ਕਹਿ ਕੇ ਲੜ ਰਹੀਆਂ ਸਨ ਕਿ ‘ਜ਼ਿੰਦਾ ਬੱਚਾ ਮੇਰਾ ਹੈ।’a ਹੋਰ ਕੋਈ ਚਸ਼ਮਦੀਦ ਗਵਾਹ ਨਾ ਹੋਣ ਕਰਕੇ ਕਿਸੇ ਨੂੰ ਸੱਚਾਈ ਪਤਾ ਨਹੀਂ ਸੀ। ਸ਼ਾਇਦ ਪਹਿਲਾਂ ਇਸ ਕੇਸ ਦੀ ਸੁਣਵਾਈ ਕਿਸੇ ਛੋਟੀ ਕਚਹਿਰੀ ਵਿਚ ਹੋ ਚੁੱਕੀ ਸੀ। ਅਖ਼ੀਰ ਵਿਚ ਕੇਸ ਇਸਰਾਏਲ ਦੇ ਰਾਜੇ, ਸੁਲੇਮਾਨ ਦੇ ਸਾਮ੍ਹਣੇ ਆਇਆ। ਕੀ ਉਹ ਸੱਚ ਜ਼ਾਹਰ ਕਰ ਸਕਿਆ ਸੀ?
2 ਦੋਹਾਂ ਤੀਵੀਆਂ ਦੇ ਝਗੜੇ ਨੂੰ ਸੁਣਨ ਤੋਂ ਬਾਅਦ ਸੁਲੇਮਾਨ ਨੇ ਇਕ ਤਲਵਾਰ ਮੰਗਵਾਈ। ਫਿਰ ਉਸ ਨੇ ਹੁਕਮ ਦਿੱਤਾ ਕਿ ਬੱਚੇ ਦੇ ਦੋ ਹਿੱਸੇ ਕਰ ਕੇ ਅੱਧਾ-ਅੱਧਾ ਦੋਹਾਂ ਤੀਵੀਆਂ ਨੂੰ ਦੇ ਦਿੱਤਾ ਜਾਵੇ। ਅਸਲੀ ਮਾਂ ਨੇ ਝੱਟ ਰਾਜੇ ਮੋਹਰੇ ਬੇਨਤੀ ਕੀਤੀ ਕਿ ਉਸ ਦਾ ਪਿਆਰਾ ਬੱਚਾ ਦੂਜੀ ਤੀਵੀਂ ਨੂੰ ਦੇ ਦਿੱਤਾ ਜਾਵੇ। ਪਰ ਦੂਸਰੀ ਤੀਵੀਂ ਨੇ ਅੜ ਕੇ ਕਿਹਾ ਕਿ ਬੱਚੇ ਦੇ ਦੋ ਟੁਕੜੇ ਕਰ ਦਿੱਤੇ ਜਾਣ। ਇਸ ਤੋਂ ਸੁਲੇਮਾਨ ਸੱਚਾਈ ਜਾਣ ਗਿਆ ਸੀ। ਉਹ ਮਾਂ ਦੀ ਮਮਤਾ ਨੂੰ ਜਾਣਦਾ ਸੀ ਕਿ ਉਹ ਆਪਣੇ ਢਿੱਡੋਂ ਜੰਮੇ ਬੱਚੇ ਨੂੰ ਐਵੇਂ ਮਰਨ ਨਹੀਂ ਦੇਵੇਗੀ। ਇਸ ਜਾਣਕਾਰੀ ਨਾਲ ਉਸ ਨੇ ਝਗੜੇ ਦਾ ਫ਼ੈਸਲਾ ਕੀਤਾ। ਜ਼ਰਾ ਉਸ ਮਾਂ ਦੀ ਖ਼ੁਸ਼ੀ ਬਾਰੇ ਸੋਚੋ ਜਦ ਸੁਲੇਮਾਨ ਨੇ ਉਸ ਨੂੰ ਬੱਚਾ ਦੇ ਕੇ ਕਿਹਾ: “ਏਸ ਦੀ ਮਾਤਾ ਏਹੋ ਹੀ ਹੈ।”—1 ਰਾਜਿਆਂ 3:16-27.
3 ਸੁਲੇਮਾਨ ਦੀ ਬੇਮਿਸਾਲ ਬੁੱਧ ਬਾਰੇ ਤੁਹਾਡਾ ਕੀ ਖ਼ਿਆਲ ਹੈ? ਜਦ ਲੋਕਾਂ ਨੇ ਸੁਣਿਆ ਕਿ ਸੁਲੇਮਾਨ ਨੇ ਇਸ ਕੇਸ ਦਾ ਫ਼ੈਸਲਾ ਕਿਸ ਤਰ੍ਹਾਂ ਕੀਤਾ ਸੀ, ਤਾਂ ਉਹ ਭੈਭੀਤ ਤੇ ਹੈਰਾਨ ਹੋਏ, “ਕਿਉਂ ਜੋ ਉਨ੍ਹਾਂ ਨੇ ਡਿੱਠਾ ਕਿ ਪਰਮੇਸ਼ੁਰ ਦੀ ਬੁੱਧ . . . ਉਸ ਦੇ ਵਿੱਚ ਹੈ।” ਜੀ ਹਾਂ, ਯਹੋਵਾਹ ਨੇ ਸੁਲੇਮਾਨ ਨੂੰ “ਬੁੱਧਵਾਨ ਅਤੇ ਸਮਝ ਵਾਲਾ ਮਨ ਦਿੱਤਾ” ਸੀ। (1 ਰਾਜਿਆਂ 3:12, 28) ਪਰ ਸਾਡੇ ਬਾਰੇ ਕੀ? ਕੀ ਸਾਨੂੰ ਵੀ ਪਰਮੇਸ਼ੁਰ ਤੋਂ ਬੁੱਧ ਮਿਲ ਸਕਦੀ ਹੈ? ਜੀ ਹਾਂ, ਕਿਉਂਕਿ ਸੁਲੇਮਾਨ ਨੇ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਲਿਖਿਆ ਸੀ: “ਬੁੱਧ ਯਹੋਵਾਹ ਹੀ ਦਿੰਦਾ ਹੈ।” (ਕਹਾਉਤਾਂ 2:6) ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਦਿਲੋਂ ਭਾਲਣ ਵਾਲਿਆਂ ਨੂੰ ਬੁੱਧ ਯਾਨੀ ਗਿਆਨ, ਸਮਝ ਅਤੇ ਸੂਝ ਵਰਤਣ ਦੀ ਯੋਗਤਾ ਦਿੰਦਾ ਹੈ। ਸਾਨੂੰ ਪਰਮੇਸ਼ੁਰ ਦੀ ਬੁੱਧ ਕਿਸ ਤਰ੍ਹਾਂ ਭਾਲਣੀ ਚਾਹੀਦੀ ਹੈ? ਅਸੀਂ ਇਸ ਨੂੰ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਵਰਤ ਸਕਦੇ ਹਾਂ?
ਬੁੱਧ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾਂਦੀ ਹੈ
4-7. ਬੁੱਧ ਪ੍ਰਾਪਤ ਕਰਨ ਦੀਆਂ ਚਾਰ ਮੰਗਾਂ ਕੀ ਹਨ?
4 ਕੀ ਸਾਨੂੰ ਪਰਮੇਸ਼ੁਰ ਦੀ ਬੁੱਧ ਪ੍ਰਾਪਤ ਕਰਨ ਵਾਸਤੇ ਬਹੁਤ ਹੀ ਅਕਲਮੰਦ ਅਤੇ ਪੜ੍ਹੇ-ਲਿਖੇ ਹੋਣ ਦੀ ਲੋੜ ਹੈ? ਬਿਲਕੁਲ ਨਹੀਂ। ਯਹੋਵਾਹ ਸਾਡੇ ਪਿਛੋਕੜ ਅਤੇ ਪੜ੍ਹਾਈ-ਲਿਖਾਈ ਵੱਲ ਧਿਆਨ ਦੇਣ ਤੋਂ ਬਿਨਾਂ ਸਾਨੂੰ ਆਪਣੀ ਬੁੱਧ ਦੇਣ ਲਈ ਤਿਆਰ ਹੈ। (1 ਕੁਰਿੰਥੀਆਂ 1:26-29) ਪਰ ਇਸ ਵਿਚ ਪਹਿਲ ਸਾਨੂੰ ਕਰਨੀ ਪਵੇਗੀ ਕਿਉਂਕਿ ਬਾਈਬਲ ਵਿਚ ਲਿਖਿਆ ਹੈ: ‘ਬੁੱਧ ਨੂੰ ਪ੍ਰਾਪਤ ਕਰੋ।’ (ਕਹਾਉਤਾਂ 4:7) ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ?
5 ਪਹਿਲਾਂ, ਸਾਨੂੰ ਰੱਬ ਤੋਂ ਡਰਨਾ ਚਾਹੀਦਾ ਹੈ। ਕਹਾਉਤਾਂ 9:10 ਵਿਚ ਲਿਖਿਆ ਹੈ: “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ।” ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਬੁੱਧ ਦੀ ਬੁਨਿਆਦ ਪਰਮੇਸ਼ੁਰ ਦਾ ਭੈ ਹੈ? ਯਾਦ ਕਰੋ ਕਿ ਗਿਆਨ ਨੂੰ ਚੰਗੀ ਤਰ੍ਹਾਂ ਵਰਤਣ ਨੂੰ ਬੁੱਧ ਕਿਹਾ ਜਾਂਦਾ ਹੈ। ਪਰਮੇਸ਼ੁਰ ਦਾ ਭੈ ਖਾਣ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਬਾਰੇ ਸੋਚ ਕੇ ਡਰਦੇ ਰਹੀਏ ਜਾਂ ਲੁੱਕਦੇ ਫਿਰੀਏ, ਪਰ ਇਸ ਦਾ ਮਤਲਬ ਇਹ ਹੈ ਕਿ ਅਸੀਂ ਉਸ ਦੇ ਸਾਮ੍ਹਣੇ ਆਦਰ-ਸਤਿਕਾਰ, ਭਰੋਸੇ ਤੇ ਸ਼ਰਧਾ ਨਾਲ ਸਿਰ ਝੁਕਾਈਏ। ਪਰਮੇਸ਼ੁਰ ਤੋਂ ਡਰਨਾ ਸਾਡੇ ਲਈ ਫ਼ਾਇਦੇਮੰਦ ਹੈ ਅਤੇ ਇਸ ਤੋਂ ਸਾਨੂੰ ਚੰਗੇ ਕੰਮ ਕਰਨ ਲਈ ਪ੍ਰੇਰਣਾ ਮਿਲਦੀ ਹੈ। ਜੀ ਹਾਂ, ਇਸ ਭੈ ਦੇ ਕਾਰਨ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਦੀ ਮਰਜ਼ੀ ਦੇ ਮੁਤਾਬਕ ਜੀਵਾਂਗੇ। ਜ਼ਿੰਦਗੀ ਜੀਉਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੈ ਕਿਉਂਕਿ ਯਹੋਵਾਹ ਦੇ ਮਿਆਰ ਸਭ ਦੀ ਭਲਾਈ ਲਈ ਹਨ।
6 ਬੁੱਧ ਪ੍ਰਾਪਤ ਕਰਨ ਲਈ ਦੂਜੀ ਗੱਲ ਇਹ ਹੈ ਕਿ ਸਾਨੂੰ ਨਿਮਰ ਤੇ ਦੀਨ ਬਣਨਾ ਚਾਹੀਦਾ ਹੈ। ਨਿਮਰ ਤੇ ਦੀਨ ਹੋਣ ਤੋਂ ਬਿਨਾਂ ਪਰਮੇਸ਼ੁਰ ਦੀ ਬੁੱਧ ਮਿਲ ਹੀ ਨਹੀਂ ਸਕਦੀ। (ਕਹਾਉਤਾਂ 11:2) ਇਸ ਤਰ੍ਹਾਂ ਕਿਉਂ ਹੈ? ਜੇ ਅਸੀਂ ਨਿਮਰ ਤੇ ਦੀਨ ਹਾਂ ਯਾਨੀ ਸਾਡੇ ਵਿਚ ਹੰਕਾਰ ਨਹੀਂ ਹੈ, ਤਾਂ ਅਸੀਂ ਇਹ ਗੱਲ ਮੰਨਣ ਲਈ ਤਿਆਰ ਹੋਵਾਂਗੇ ਕਿ ਸਾਨੂੰ ਸਾਰਾ ਕੁਝ ਨਹੀਂ ਪਤਾ ਅਤੇ ਕਿ ਅਸੀਂ ਵਾਰ-ਵਾਰ ਗ਼ਲਤੀਆਂ ਕਰਦੇ ਹਾਂ। ਇਸ ਦੇ ਨਾਲ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਯਹੋਵਾਹ ਹਰ ਮਾਮਲੇ ਬਾਰੇ ਕਿਸ ਤਰ੍ਹਾਂ ਸੋਚਦਾ ਹੈ। ਯਹੋਵਾਹ “ਹੰਕਾਰੀਆਂ ਦਾ ਸਾਹਮਣਾ ਕਰਦਾ” ਹੈ, ਪਰ ਹਲੀਮਾਂ ਨੂੰ ਉਹ ਖ਼ੁਸ਼ੀ ਨਾਲ ਬੁੱਧ ਦਿੰਦਾ ਹੈ।—ਯਾਕੂਬ 4:6.
ਪਰਮੇਸ਼ੁਰ ਦੀ ਬੁੱਧ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਜਤਨ ਕਰਨ ਦੀ ਲੋੜ ਹੈ
7 ਤੀਜੀ ਜ਼ਰੂਰੀ ਗੱਲ ਹੈ ਬਾਈਬਲ ਦੀ ਸਟੱਡੀ। ਯਹੋਵਾਹ ਦੀ ਬੁੱਧ ਉਸ ਦੇ ਬਚਨ ਵਿਚ ਪ੍ਰਗਟ ਕੀਤੀ ਗਈ ਹੈ। ਉਸ ਬੁੱਧ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਜਤਨ ਕਰਨ ਦੀ ਲੋੜ ਹੈ। (ਕਹਾਉਤਾਂ 2:1-5) ਪ੍ਰਾਰਥਨਾ ਕਰਨੀ ਚੌਥੀ ਜ਼ਰੂਰੀ ਗੱਲ ਹੈ। ਜੇ ਅਸੀਂ ਪਰਮੇਸ਼ੁਰ ਕੋਲੋਂ ਦਿਲੋਂ ਬੁੱਧ ਮੰਗੀਏ, ਤਾਂ ਉਹ ਖੁੱਲ੍ਹੇ ਦਿਲ ਨਾਲ ਸਾਨੂੰ ਦੇਵੇਗਾ। (ਯਾਕੂਬ 1:5) ਜੇ ਅਸੀਂ ਉਸ ਦੀ ਆਤਮਾ ਦੀ ਮਦਦ ਮੰਗੀਏ, ਤਾਂ ਉਹ ਸਾਡੀ ਦੁਆ ਜ਼ਰੂਰ ਸੁਣੇਗਾ। ਉਸ ਦੀ ਆਤਮਾ ਦੀ ਮਦਦ ਨਾਲ ਅਸੀਂ ਬਾਈਬਲ ਵਿਚ ਬੁੱਧ ਦੇ ਖ਼ਜ਼ਾਨੇ ਲੱਭ ਸਕਦੇ ਹਾਂ ਜਿਨ੍ਹਾਂ ਨਾਲ ਅਸੀਂ ਆਪਣੇ ਮਸਲੇ ਹੱਲ ਕਰ ਸਕਦੇ ਹਾਂ, ਖ਼ਤਰਿਆਂ ਤੋਂ ਦੂਰ ਰਹਿ ਸਕਦੇ ਹਾਂ ਅਤੇ ਅਕਲਮੰਦੀ ਨਾਲ ਫ਼ੈਸਲੇ ਕਰ ਸਕਦੇ ਹਾਂ।—ਲੂਕਾ 11:13.
8. ਜੇ ਅਸੀਂ ਕਿਸੇ ਹੱਦ ਤਕ ਪਰਮੇਸ਼ੁਰ ਦੀ ਬੁੱਧ ਪ੍ਰਾਪਤ ਕਰ ਲਈ ਹੈ, ਤਾਂ ਇਹ ਸਾਡੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਜ਼ਾਹਰ ਹੋਵੇਗੀ?
8 ਇਸ ਕਿਤਾਬ ਦੇ 17ਵੇਂ ਅਧਿਆਇ ਵਿਚ ਅਸੀਂ ਸਿੱਖਿਆ ਸੀ ਕਿ ਬੁੱਧ ਫ਼ਾਇਦੇਮੰਦ ਹੈ। ਇਸ ਲਈ ਜੇ ਅਸੀਂ ਕਿਸੇ ਹੱਦ ਤਕ ਬੁੱਧ ਪ੍ਰਾਪਤ ਕਰ ਲਈ ਹੈ, ਤਾਂ ਇਹ ਸਾਡੇ ਚਾਲ-ਚਲਣ ਤੋਂ ਜ਼ਾਹਰ ਹੋ ਜਾਵੇਗਾ। ਯਿਸੂ ਦੇ ਚੇਲੇ ਯਾਕੂਬ ਨੇ ਇਹ ਲਿਖਦੇ ਹੋਏ ਸਮਝਾਇਆ ਸੀ ਕਿ ਬੁੱਧ ਕੀ ਹੈ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।” (ਯਾਕੂਬ 3:17) ਹੁਣ ਅਸੀਂ ਪਰਮੇਸ਼ੁਰ ਦੀ ਬੁੱਧ ਦੇ ਇਨ੍ਹਾਂ ਵੱਖੋ-ਵੱਖਰੇ ਪਹਿਲੂਆਂ ਉੱਤੇ ਚਰਚਾ ਕਰਾਂਗੇ। ਇਨ੍ਹਾਂ ਤੇ ਗੌਰ ਕਰਦੇ ਹੋਏ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਕੀ ਮੇਰੀ ਜ਼ਿੰਦਗੀ ਤੋਂ ਸਬੂਤ ਮਿਲਦਾ ਹੈ ਕਿ ਮੇਰੇ ਵਿਚ ਉੱਪਰਲੀ ਬੁੱਧ ਹੈ?’
ਬੁੱਧ ‘ਪਵਿੱਤਰ ਤੇ ਮਿਲਣਸਾਰ’ ਹੈ
9. ਪਵਿੱਤਰ ਹੋਣ ਦਾ ਕੀ ਮਤਲਬ ਹੈ ਅਤੇ ਇਹ ਗੱਲ ਠੀਕ ਕਿਉਂ ਹੈ ਕਿ ਬੁੱਧ ਦੇ ਗੁਣਾਂ ਦੀ ਲਿਸਟ ਵਿਚ ਪਵਿੱਤਰਤਾ ਦਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ?
9 ਬੁੱਧ “ਪਹਿਲਾਂ ਪਵਿੱਤਰ” ਹੈ। ਪਵਿੱਤਰ ਹੋਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸ਼ੁੱਧ ਅਤੇ ਬੇਦਾਗ਼ ਹੋਣ ਦਾ ਸਿਰਫ਼ ਦਿਖਾਵਾ ਕਰੀਏ। ਸਾਨੂੰ ਦਿਲੋਂ ਖਰੇ ਹੋਣਾ ਚਾਹੀਦਾ ਹੈ। ਬਾਈਬਲ ਵਿਚ ਬੁੱਧ ਦਾ ਸੰਬੰਧ ਦਿਲ ਤੇ ਦਿਮਾਗ਼ ਨਾਲ ਜੋੜਿਆ ਗਿਆ ਹੈ। ਪਰ ਪਰਮੇਸ਼ੁਰ ਦੀ ਬੁੱਧ ਅਜਿਹੇ ਦਿਲ ਵਿਚ ਨਹੀਂ ਆ ਸਕਦੀ ਜੋ ਬੁਰੇ ਖ਼ਿਆਲਾਂ ਅਤੇ ਬੁਰੀਆਂ ਇੱਛਾਵਾਂ ਨਾਲ ਭਰਿਆ ਹੋਇਆ ਹੈ। (ਕਹਾਉਤਾਂ 2:10; ਮੱਤੀ 15:19, 20) ਜੇ ਅਸੀਂ ਆਪਣੇ ਦਿਲ ਨੂੰ ਉਸ ਹੱਦ ਤਕ ਸਾਫ਼ ਰੱਖਾਂਗੇ ਜਿਸ ਹੱਦ ਤਕ ਇਕ ਅਪੂਰਣ ਇਨਸਾਨ ਰੱਖ ਸਕਦਾ ਹੈ, ਤਾਂ ਅਸੀਂ ‘ਬੁਰਿਆਈ ਤੋਂ ਹਟਾਂਗੇ ਅਤੇ ਭਲਿਆਈ ਕਰਾਂਗੇ।’ (ਜ਼ਬੂਰਾਂ ਦੀ ਪੋਥੀ 37:27; ਕਹਾਉਤਾਂ 3:7) ਇਹ ਗੱਲ ਠੀਕ ਕਿਉਂ ਹੈ ਕਿ ਬੁੱਧ ਦੇ ਗੁਣਾਂ ਦੀ ਲਿਸਟ ਵਿਚ ਪਵਿੱਤਰਤਾ ਦਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ? ਕਿਉਂਕਿ ਜੇ ਅਸੀਂ ਨੈਤਿਕ ਅਤੇ ਰੂਹਾਨੀ ਤੌਰ ਤੇ ਸਾਫ਼ ਨਹੀਂ ਹਾਂ, ਤਾਂ ਅਸੀਂ ਉੱਪਰਲੀ ਬੁੱਧ ਦੇ ਬਾਕੀ ਗੁਣਾਂ ਦਾ ਸਬੂਤ ਨਹੀਂ ਦੇ ਸਕਦੇ।
10, 11. (ੳ) ਸ਼ਾਂਤੀ ਬਣਾਈ ਰੱਖਣੀ ਕਿਉਂ ਜ਼ਰੂਰੀ ਹੈ? (ਅ) ਜੇ ਤੁਹਾਨੂੰ ਲੱਗੇ ਕਿ ਕੋਈ ਭੈਣ-ਭਰਾ ਤੁਹਾਡੇ ਨਾਲ ਨਾਰਾਜ਼ ਹੈ, ਤਾਂ ਸੁਲ੍ਹਾ ਕਰਨ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ? (ਫੁਟਨੋਟ ਦੇਖੋ।)
10 ਬੁੱਧ “ਫੇਰ ਮਿਲਣਸਾਰ” ਹੈ। ਉੱਪਰਲੀ ਬੁੱਧ ਸਾਨੂੰ ਸ਼ਾਂਤੀ-ਪਸੰਦ ਇਨਸਾਨ ਬਣਾਉਂਦੀ ਹੈ, ਜੋ ਕਿ ਆਤਮਾ ਦਾ ਇਕ ਫਲ ਹੈ। (ਗਲਾਤੀਆਂ 5:22) ਅਸੀਂ “ਮਿਲਾਪ ਦੇ ਬੰਧ” ਨੂੰ ਤੋੜਨਾ ਨਹੀਂ ਚਾਹੁੰਦੇ ਕਿਉਂਕਿ ਇਸ ਨਾਲ ਯਹੋਵਾਹ ਦੇ ਲੋਕਾਂ ਦੀ ਏਕਤਾ ਬਣੀ ਰਹਿੰਦੀ ਹੈ। (ਅਫ਼ਸੀਆਂ 4:3) ਅਸੀਂ ਆਪਣੀ ਪੂਰੀ ਵਾਹ ਲਾਉਂਦੇ ਹਾਂ ਕਿ ਸਾਡੀ ਆਪਸ ਵਿਚ ਬਣੀ ਰਹੇ। ਇਹ ਇੰਨਾ ਜ਼ਰੂਰੀ ਕਿਉਂ ਹੈ? ਬਾਈਬਲ ਦੱਸਦੀ ਹੈ: “ਮਿਲੇ ਰਹੋ ਅਤੇ ਪਰਮੇਸ਼ੁਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ।” (2 ਕੁਰਿੰਥੀਆਂ 13:11) ਸੋ ਜੇ ਅਸੀਂ ਇਕ-ਦੂਜੇ ਨਾਲ ਬਣਾ ਕੇ ਰੱਖਾਂਗੇ, ਤਾਂ ਹੀ ਸ਼ਾਂਤੀ ਦਾ ਪਰਮੇਸ਼ੁਰ ਸਾਡੇ ਨਾਲ ਰਹੇਗਾ। ਯਹੋਵਾਹ ਨਾਲ ਸਾਡਾ ਰਿਸ਼ਤਾ ਸਿਰਫ਼ ਤਾਂ ਹੀ ਬਣਿਆ ਰਹੇਗਾ ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਠੀਕ ਤਰ੍ਹਾਂ ਪੇਸ਼ ਆਵਾਂਗੇ। ਅਸੀਂ ਸ਼ਾਂਤੀ-ਪਸੰਦ ਇਨਸਾਨ ਕਿਸ ਤਰ੍ਹਾਂ ਬਣ ਸਕਦੇ ਹਾਂ? ਕੁਝ ਉਦਾਹਰਣਾਂ ਉੱਤੇ ਗੌਰ ਕਰੋ।
11 ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਲੱਗੇ ਕਿ ਕਲੀਸਿਯਾ ਵਿਚ ਤੁਹਾਡੇ ਨਾਲ ਕੋਈ ਨਾਰਾਜ਼ ਹੈ? ਯਿਸੂ ਨੇ ਕਿਹਾ: “ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।” (ਮੱਤੀ 5:23, 24) ਤੁਸੀਂ ਨਾਰਾਜ਼ ਹੋਏ ਭੈਣ-ਭਰਾ ਕੋਲ ਜਾਣ ਵਿਚ ਪਹਿਲ ਕਰ ਕੇ ਇਹ ਸਲਾਹ ਲਾਗੂ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਦਾ ਟੀਚਾ ਕੀ ਹੋਣਾ ਚਾਹੀਦਾ ਹੈ? ਉਸ ਨਾਲ “ਮੇਲ” ਜਾਂ ਸੁਲ੍ਹਾ ਕਰਨੀ।b ਆਪਣੇ ਟੀਚੇ ਵਿਚ ਕਾਮਯਾਬ ਹੋਣ ਵਾਸਤੇ ਤੁਹਾਨੂੰ ਸ਼ਾਇਦ ਮੰਨਣਾ ਪਵੇ ਕਿ ਤੁਹਾਡੇ ਕਰਕੇ ਦੂਸਰੇ ਦਾ ਦਿਲ ਦੁਖਿਆ ਹੈ। ਜੇਕਰ ਤੁਸੀਂ ਸੱਚ-ਮੁੱਚ ਸੁਲ੍ਹਾ ਕਰਨ ਦੇ ਖ਼ਿਆਲ ਨਾਲ ਜਾਂਦੇ ਹੋ, ਤਾਂ ਹੋ ਸਕਦਾ ਹੈ ਕੇ ਮਾਫ਼ੀ ਮੰਗਣ ਅਤੇ ਦੇਣ ਨਾਲ ਹਰ ਗ਼ਲਤਫ਼ਹਿਮੀ ਜਾਂ ਭੁਲੇਖਾ ਦੂਰ ਹੋ ਜਾਵੇਗਾ। ਜਦ ਤੁਸੀਂ ਸੁਲ੍ਹਾ ਕਰਨ ਵਿਚ ਪਹਿਲ ਕਰਦੇ ਹੋ, ਤਾਂ ਤੁਸੀਂ ਸਬੂਤ ਦਿੰਦੇ ਹੋ ਕਿ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ।
ਬੁੱਧ “ਸ਼ੀਲ ਸੁਭਾਉ, ਹਠ ਤੋਂ ਰਹਿਤ” ਹੈ
12, 13. (ੳ) ਯਾਕੂਬ 3:17 ਵਿਚ “ਸ਼ੀਲ ਸੁਭਾਉ” ਦਾ ਕੀ ਮਤਲਬ ਹੈ? (ਅ) ਅਸੀਂ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਸਬੂਤ ਦੇ ਸਕਦੇ ਹਾਂ ਕਿ ਅਸੀਂ ਸ਼ੀਲ ਸੁਭਾਅ ਵਾਲੇ ਇਨਸਾਨ ਹਾਂ?
12 ਬੁੱਧ “ਸ਼ੀਲ ਸੁਭਾਉ” ਹੈ। ਸ਼ੀਲ ਸੁਭਾਅ ਵਾਲੇ ਇਨਸਾਨ ਬਣਨ ਦਾ ਕੀ ਮਤਲਬ ਹੈ? ਬਾਈਬਲ ਦੇ ਵਿਦਵਾਨਾਂ ਅਨੁਸਾਰ ਯਾਕੂਬ 3:17 ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸ਼ੀਲ ਸੁਭਾਉ” ਕੀਤਾ ਗਿਆ ਹੈ, ਉਸ ਦਾ ਅਨੁਵਾਦ ਕਰਨਾ ਬਹੁਤ ਮੁਸ਼ਕਲ ਹੈ। ਕਈਆਂ ਅਨੁਵਾਦਕਾਂ ਨੇ ਕਿਹਾ ਹੈ ਕਿ ਅਜਿਹਾ ਇਨਸਾਨ ‘ਸਾਊ,’ ‘ਧੀਰਜਵਾਨ’ ਅਤੇ ‘ਦੂਸਰਿਆਂ ਦਾ ਧਿਆਨ ਰੱਖਣ ਵਾਲਾ’ ਹੁੰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਇਸ ਸ਼ਬਦ ਦਾ ਮਤਲਬ ‘ਦੂਸਰਿਆਂ ਦੀ ਗੱਲ ਸੁਣਨ ਲਈ ਤਿਆਰ ਹੋਣਾ’ ਹੈ। ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਸਬੂਤ ਦੇ ਸਕਦੇ ਹਾਂ ਕਿ ਇਸ ਗੱਲ ਵਿਚ ਸਾਡੇ ਵਿਚ ਉੱਪਰਲੀ ਬੁੱਧ ਹੈ?
13 ਫ਼ਿਲਿੱਪੀਆਂ 4:5 ਵਿਚ ਲਿਖਿਆ ਹੈ: “ਤੁਹਾਡੀ ਖਿਮਾ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ।” ਇਕ ਹੋਰ ਤਰਜਮਾ ਕਹਿੰਦਾ ਹੈ: “ਸਭ ਮਨੁੱਖ ਤੁਹਾਨੂੰ ਨਿਮਰ ਇਨਸਾਨ ਵਜੋਂ ਜਾਣਨ।” ਨੋਟ ਕਰੋ ਕਿ ਵੱਡੀ ਗੱਲ ਇਹ ਨਹੀਂ ਕਿ ਅਸੀਂ ਆਪਣੇ ਬਾਰੇ ਕੀ ਸੋਚਦੇ ਹਾਂ, ਪਰ ਇਹ ਕਿ ਦੂਸਰੇ ਸਾਡੇ ਬਾਰੇ ਕੀ ਸੋਚਦੇ ਹਨ। ਅਸੀਂ ਕਿਹੋ ਜਿਹੇ ਇਨਸਾਨ ਵਜੋਂ ਜਾਣੇ ਜਾਂਦੇ ਹਾਂ? ਸ਼ੀਲ ਸੁਭਾਅ ਜਾਂ ਦੂਸਰਿਆਂ ਦਾ ਧਿਆਨ ਰੱਖਣ ਵਾਲਾ ਇਨਸਾਨ ਲਕੀਰ ਦਾ ਫ਼ਕੀਰ ਨਹੀਂ ਬਣਦਾ। ਉਹ ਹਮੇਸ਼ਾ ਆਪਣੀ ਹੀ ਮਰਜ਼ੀ ਕਰਨ ਤੇ ਅੜਿਆ ਨਹੀਂ ਰਹਿੰਦਾ। ਇਸ ਦੀ ਬਜਾਇ ਉਹ ਦੂਸਰਿਆਂ ਦੀ ਗੱਲ ਸੁਣਨ ਲਈ ਤਿਆਰ ਰਹਿੰਦਾ ਹੈ ਅਤੇ ਜਦ ਹੋ ਸਕੇ ਉਨ੍ਹਾਂ ਦੀ ਮਰਜ਼ੀ ਨੂੰ ਪਹਿਲ ਦਿੰਦਾ ਹੈ। ਉਹ ਦੂਸਰਿਆਂ ਨਾਲ ਰੁੱਖੇਪਣ ਤੇ ਸਖ਼ਤੀ ਨਾਲ ਪੇਸ਼ ਆਉਣ ਦੀ ਬਜਾਇ ਕੋਮਲਤਾ ਨਾਲ ਪੇਸ਼ ਆਉਂਦਾ ਹੈ। ਭਾਵੇਂ ਕਿ ਇਹ ਗੱਲਾਂ ਸਾਰੇ ਮਸੀਹੀਆਂ ਲਈ ਲਾਜ਼ਮੀ ਹਨ, ਪਰ ਜੋ ਕਲੀਸਿਯਾ ਵਿਚ ਬਜ਼ੁਰਗਾਂ ਵਜੋਂ ਸੇਵਾ ਕਰਦੇ ਹਨ, ਉਨ੍ਹਾਂ ਲਈ ਇਸ ਤਰ੍ਹਾਂ ਦੇ ਬਣਨਾ ਖ਼ਾਸ ਕਰਕੇ ਜ਼ਰੂਰੀ ਹੈ। ਜੋ ਬਜ਼ੁਰਗ ਦੂਸਰਿਆਂ ਦੀ ਪਰਵਾਹ ਕਰਦੇ ਹਨ, ਉਨ੍ਹਾਂ ਨਾਲ ਭੈਣ-ਭਰਾ ਆਸਾਨੀ ਨਾਲ ਗੱਲ ਕਰ ਸਕਦੇ ਹਨ। (1 ਥੱਸਲੁਨੀਕੀਆਂ 2:7, 8) ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਕੋਮਲ, ਧੀਰਜਵਾਨ ਅਤੇ ਪਰਵਾਹ ਕਰਨ ਵਾਲੇ ਇਨਸਾਨ ਵਜੋਂ ਜਾਣਿਆ ਜਾਂਦਾ ਹਾਂ?’
14. ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ “ਹਠ ਤੋਂ ਰਹਿਤ” ਹਾਂ?
14 ਬੁੱਧ “ਹਠ ਤੋਂ ਰਹਿਤ” ਹੈ। ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਹਠ ਤੋਂ ਰਹਿਤ” ਕੀਤਾ ਗਿਆ ਹੈ, ਉਹ ਬਾਈਬਲ ਦੇ ਯੂਨਾਨੀ ਹਿੱਸੇ ਵਿਚ ਹੋਰ ਕਿਤੇ ਨਹੀਂ ਪਾਇਆ ਜਾਂਦਾ। ਬਾਈਬਲ ਦੇ ਇਕ ਵਿਦਵਾਨ ਮੁਤਾਬਕ ਇਹ ਸ਼ਬਦ ‘ਅਕਸਰ ਫ਼ੌਜੀ ਡਿਸਿਪਲਨ ਲਈ ਵਰਤਿਆ ਜਾਂਦਾ ਹੈ।’ ਇਸ ਦਾ ਮਤਲਬ ਹੈ “ਝੱਟ ਗੱਲ ਮੰਨ ਲੈਣੀ” ਅਤੇ “ਅਧੀਨ ਰਹਿਣਾ।” ਜੋ ਇਨਸਾਨ ਉੱਪਰਲੀ ਬੁੱਧ ਵਰਤਦਾ ਹੈ, ਉਹ ਬਾਈਬਲ ਵਿਚ ਲਿਖੀ ਗਈ ਗੱਲ ਸਵੀਕਾਰ ਕਰਨ ਲਈ ਝੱਟ ਤਿਆਰ ਹੋ ਜਾਂਦਾ ਹੈ। ਉਹ ਅਜਿਹੇ ਹੱਠੀ ਇਨਸਾਨ ਵਰਗਾ ਨਹੀਂ ਹੈ ਜੋ ਇਕ ਵਾਰ ਆਪਣਾ ਮਨ ਬਣਾ ਲੈਂਦਾ ਹੈ, ਤਾਂ ਫਿਰ ਗ਼ਲਤ ਸਾਬਤ ਕੀਤੇ ਜਾਣ ਦੇ ਬਾਵਜੂਦ ਵੀ ਆਪਣਾ ਮਨ ਨਹੀਂ ਬਦਲਦਾ। ਇਸ ਦੀ ਬਜਾਇ ਜਦ ਉਸ ਨੂੰ ਬਾਈਬਲ ਵਿੱਚੋਂ ਸਾਫ਼-ਸਾਫ਼ ਦਿਖਾਇਆ ਜਾਂਦਾ ਹੈ ਕਿ ਉਸ ਨੇ ਗ਼ਲਤ ਫ਼ੈਸਲਾ ਕੀਤਾ ਹੈ ਜਾਂ ਉਸ ਨੇ ਗੱਲ ਠੀਕ ਨਹੀਂ ਸਮਝੀ, ਤਾਂ ਉਹ ਜਲਦੀ ਦੇਣੀ ਬਦਲਣ ਲਈ ਤਿਆਰ ਹੁੰਦਾ ਹੈ। ਕੀ ਤੁਸੀਂ ਇਹੋ ਜਿਹੇ ਇਨਸਾਨ ਵਜੋਂ ਜਾਣੇ ਜਾਂਦੇ ਹੋ?
ਬੁੱਧ “ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ” ਹੈ
15. ਦਇਆ ਕੀ ਹੈ ਅਤੇ ਇਹ ਠੀਕ ਕਿਉਂ ਹੈ ਕਿ ਯਾਕੂਬ 3:17 ਵਿਚ “ਦਯਾ” ਅਤੇ “ਚੰਗਿਆਂ ਫਲਾਂ” ਦੀ ਇੱਕੋ ਸਮੇਂ ਗੱਲ ਕੀਤੀ ਗਈ ਹੈ?
15 ਬੁੱਧ “ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ” ਹੈ।c ਦਇਆ ਉੱਪਰਲੀ ਬੁੱਧ ਦਾ ਇਕ ਜ਼ਰੂਰੀ ਹਿੱਸਾ ਹੈ ਕਿਉਂਕਿ ਅਜਿਹੀ ਬੁੱਧ ‘ਦਯਾ ਨਾਲ ਭਰਪੂਰ’ ਹੈ। ਨੋਟ ਕਰੋ ਕਿ “ਦਯਾ” ਅਤੇ “ਚੰਗਿਆਂ ਫਲਾਂ” ਦੀ ਇੱਕੋ ਸਮੇਂ ਗੱਲ ਕੀਤੀ ਗਈ ਹੈ। ਇਹ ਠੀਕ ਹੈ ਕਿਉਂਕਿ ਬਾਈਬਲ ਵਿਚ ਦਇਆ ਕਰਨ ਦਾ ਮਤਲਬ ਅਕਸਰ ਕਿਸੇ ਤੇ ਤਰਸ ਖਾ ਕੇ ਉਸ ਦਾ ਭਲਾ ਕਰਨਾ ਹੁੰਦਾ ਹੈ। ਇਕ ਪੁਸਤਕ ਦਇਆ ਦਾ ਮਤਲਬ ਇਸ ਤਰ੍ਹਾਂ ਸਮਝਾਉਂਦੀ ਹੈ: “ਕਿਸੇ ਦੀ ਮਾੜੀ ਹਾਲਤ ਤੇ ਦੁਖੀ ਹੋਣਾ ਅਤੇ ਉਸ ਦੀ ਮਦਦ ਕਰਨ ਲਈ ਕੁਝ ਕਰਨਾ।” ਇਸ ਲਈ ਪਰਮੇਸ਼ੁਰ ਦੀ ਬੁੱਧ ਇਨਸਾਨ ਨੂੰ ਬੇਦਰਦ ਤੇ ਰੁੱਖਾ ਨਹੀਂ ਬਣਾਉਂਦੀ। ਇਸ ਦੀ ਬਜਾਇ ਜਿਸ ਇਨਸਾਨ ਵਿਚ ਇਹ ਗੁਣ ਹੈ, ਉਹ ਹਮਦਰਦ ਬਣਦਾ ਹੈ ਅਤੇ ਦੂਸਰਿਆਂ ਦੀ ਪਰਵਾਹ ਕਰਨੀ ਸਿੱਖਦਾ ਹੈ। ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਦਇਆ ਨਾਲ ਭਰਪੂਰ ਹਾਂ?
16, 17. (ੳ) ਪਰਮੇਸ਼ੁਰ ਨਾਲ ਪਿਆਰ ਕਰਨ ਤੋਂ ਇਲਾਵਾ ਹੋਰ ਕਿਸ ਕਾਰਨ ਕਰਕੇ ਅਸੀਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ ਅਤੇ ਕਿਉਂ? (ਅ) ਅਸੀਂ ਇਸ ਗੱਲ ਦਾ ਸਬੂਤ ਕਿਸ ਤਰ੍ਹਾਂ ਦੇ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਦਇਆ ਨਾਲ ਭਰਪੂਰ ਹੈ?
16 ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਕੇ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਦਇਆ ਨਾਲ ਭਰਪੂਰ ਹਾਂ। ਅਸੀਂ ਇਹ ਕੰਮ ਕਿਉਂ ਕਰਦੇ ਹਾਂ? ਪਹਿਲਾ ਕਾਰਨ ਹੈ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ। ਪਰ ਅਸੀਂ ਦੂਸਰਿਆਂ ਤੇ ਦਇਆ ਕਰ ਕੇ ਜਾਂ ਉਨ੍ਹਾਂ ਤੇ ਤਰਸ ਖਾਣ ਕਰਕੇ ਵੀ ਇਹ ਕੰਮ ਕਰਦੇ ਹਾਂ। (ਮੱਤੀ 22:37-39) ਕਈ ਲੋਕ ਅੱਜ ‘ਬਿਨਾਂ ਚਰਵਾਹੇ ਦੇ ਭੇਡਾਂ ਦੀ ਤਰ੍ਹਾਂ ਹਨ। ਉਹ ਦੁੱਖੀ ਅਤੇ ਬੇਸਹਾਰਾ ਹਨ।’ (ਮੱਤੀ 9:36, ਨਵਾਂ ਅਨੁਵਾਦ) ਝੂਠੇ ਧਾਰਮਿਕ ਚਰਵਾਹਿਆਂ ਨੇ ਉਨ੍ਹਾਂ ਨੂੰ ਭੁਲਾ ਦਿੱਤਾ ਹੈ ਅਤੇ ਰੂਹਾਨੀ ਤੌਰ ਤੇ ਅੰਨ੍ਹੇ ਕਰ ਦਿੱਤਾ ਹੈ। ਇਸ ਕਰਕੇ ਉਹ ਪਰਮੇਸ਼ੁਰ ਦੇ ਬਚਨ ਦੀ ਚੰਗੀ ਸਿੱਖਿਆ ਨੂੰ ਨਹੀਂ ਜਾਣਦੇ ਅਤੇ ਇਹ ਵੀ ਨਹੀਂ ਜਾਣਦੇ ਕਿ ਪਰਮੇਸ਼ੁਰ ਦੇ ਰਾਜ ਨੇ ਹੁਣ ਬੜੀ ਜਲਦੀ ਇਸ ਧਰਤੀ ਤੇ ਕਿਹੋ ਜਿਹੀਆਂ ਬਰਕਤਾਂ ਲਿਆਉਣੀਆਂ ਹਨ। ਜਦ ਅਸੀਂ ਆਪਣੇ ਆਂਢ-ਗੁਆਂਢ ਦੇ ਲੋਕਾਂ ਦੀ ਰੂਹਾਨੀ ਹਾਲਤ ਬਾਰੇ ਸੋਚਦੇ ਹਾਂ, ਤਾਂ ਸਾਨੂੰ ਉਨ੍ਹਾਂ ਤੇ ਤਰਸ ਆਉਂਦਾ ਹੈ ਅਤੇ ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਪਿਆਰ-ਭਰੇ ਮਕਸਦ ਬਾਰੇ ਸਭ ਕੁਝ ਦੱਸਣਾ ਚਾਹੁੰਦੇ ਹਾਂ।
ਜਦ ਅਸੀਂ ਕਿਸੇ ਤੇ ਦਇਆ ਕਰਦੇ ਜਾਂ ਤਰਸ ਖਾਂਦੇ ਹਾਂ, ਤਾਂ ਅਸੀਂ ਸਬੂਤ ਦਿੰਦੇ ਹਾਂ ਕਿ ਸਾਡੇ ਵਿਚ ‘ਉੱਪਰਲੀ ਬੁੱਧ’ ਹੈ
17 ਅਸੀਂ ਹੋਰ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਦਇਆ ਨਾਲ ਭਰਪੂਰ ਹਾਂ? ਯਿਸੂ ਦੁਆਰਾ ਦਿੱਤੇ ਗਏ ਨੇਕ ਸਾਮਰੀ ਦੇ ਦ੍ਰਿਸ਼ਟਾਂਤ ਬਾਰੇ ਜ਼ਰਾ ਸੋਚੋ। ਉਸ ਸਾਮਰੀ ਨੂੰ ਰਾਹ ਵਿਚ ਇਕ ਮੁਸਾਫ਼ਰ ਲੱਭਾ ਜਿਸ ਨੂੰ ਚੋਰਾਂ ਨੇ ਲੁੱਟਿਆ ਤੇ ਮਾਰਿਆ-ਕੁੱਟਿਆ ਸੀ। ਸਾਮਰੀ ਬੰਦੇ ਨੇ ਉਸ ਮੁਸਾਫ਼ਰ ਉੱਤੇ ‘ਦਯਾ ਕਰ ਕੇ’ ਉਸ ਦੇ ਜ਼ਖ਼ਮਾਂ ਤੇ ਮਲ੍ਹਮ-ਪੱਟੀ ਕੀਤੀ ਅਤੇ ਉਸ ਦੀ ਦੇਖ-ਭਾਲ ਕੀਤੀ। (ਲੂਕਾ 10:29-37) ਇਸ ਦ੍ਰਿਸ਼ਟਾਂਤ ਤੋਂ ਪਤਾ ਚੱਲਦਾ ਕਿ ਦਇਆ ਕਰਨ ਦਾ ਮਤਲਬ ਹੈ ਲੋੜਵੰਦ ਲੋਕਾਂ ਦੀ ਮਦਦ ਕਰਨੀ। ਬਾਈਬਲ ਸਾਨੂੰ ਕਹਿੰਦੀ ਹੈ ਕਿ ‘ਸਭਨਾਂ ਨਾਲ ਭਲਾ ਕਰੋ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।’ (ਗਲਾਤੀਆਂ 6:10) ਆਓ ਆਪਾਂ ਦੇਖੀਏ ਕਿ ਇਸ ਵਿਚ ਅਸੀਂ ਕੀ ਕਰ ਸਕਦੇ ਹਾਂ। ਕਲੀਸਿਯਾ ਵਿਚ ਕਿਸੇ ਸਿਆਣੇ ਭੈਣ-ਭਰਾ ਨੂੰ ਮੀਟਿੰਗ ਵਿਚ ਆਉਣ-ਜਾਣ ਲਈ ਮਦਦ ਦੀ ਜ਼ਰੂਰਤ ਹੋ ਸਕਦੀ ਹੈ। ਕਿਸੇ ਵਿਧਵਾ ਭੈਣ ਦੇ ਘਰ ਵਿਚ ਕਿਸੇ ਚੀਜ਼ ਦੀ ਮੁਰੰਮਤ ਕਰਨ ਦੀ ਲੋੜ ਹੋ ਸਕਦੀ ਹੈ। (ਯਾਕੂਬ 1:27) ਕਿਸੇ ਉਦਾਸ ਬੈਠੇ ਤੇ ਹੌਸਲਾ ਹਾਰ ਚੁੱਕੇ ਭੈਣ-ਭਰਾ ਨੂੰ “ਚੰਗਾ ਬਚਨ” ਸੁਣਨ ਨਾਲ ਦਿਲਾਸੇ ਦੀ ਲੋੜ ਹੋ ਸਕਦੀ ਹੈ। (ਕਹਾਉਤਾਂ 12:25) ਜਦ ਅਸੀਂ ਇਸ ਤਰ੍ਹਾਂ ਦਇਆ ਕਰਦੇ ਹਾਂ, ਤਾਂ ਅਸੀਂ ਸਬੂਤ ਦਿੰਦੇ ਹਾਂ ਕਿ ਸਾਡੇ ਵਿਚ ਉੱਪਰਲੀ ਬੁੱਧ ਹੈ।
ਬੁੱਧ “ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ” ਹੈ
18. ਜੇ ਅਸੀਂ ਇਸ ਉੱਪਰਲੀ ਬੁੱਧ ਦੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਆਪਣੇ ਦਿਲਾਂ ਵਿੱਚੋਂ ਕੀ ਕੱਢਣ ਦੀ ਕੋਸ਼ਿਸ਼ ਕਰਾਂਗੇ ਅਤੇ ਕਿਉਂ?
18 ਬੁੱਧ “ਦੁਆਇਤ ਭਾਵ ਤੋਂ ਰਹਿਤ” ਹੈ। ਪਰਮੇਸ਼ੁਰ ਦੀ ਬੁੱਧ ਵਰਤਣ ਵਾਲਾ ਇਨਸਾਨ ਜਾਤ-ਪਾਤ ਅਤੇ ਕੌਮੀ ਮਾਣ ਤੋਂ ਦੂਰ ਰਹਿੰਦਾ ਹੈ। ਜੇ ਅਸੀਂ ਇਸ ਬੁੱਧ ਦੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਆਪਣੇ ਦਿਲਾਂ ਵਿੱਚੋਂ ਹਰ ਕਿਸਮ ਦਾ ਪੱਖਪਾਤ ਕੱਢਣ ਦੀ ਕੋਸ਼ਿਸ਼ ਕਰਾਂਗੇ। (ਯਾਕੂਬ 2:9) ਕਿਸੇ ਦੇ ਜ਼ਿਆਦਾ ਪੜ੍ਹੇ-ਲਿਖੇ ਹੋਣ ਕਰਕੇ, ਉਸ ਦੀ ਅਮੀਰੀ ਜਾਂ ਕਲੀਸਿਯਾ ਵਿਚ ਜ਼ਿਆਦਾ ਜ਼ਿੰਮੇਵਾਰੀ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਦੂਸਰਿਆਂ ਤੋਂ ਜ਼ਿਆਦਾ ਪਸੰਦ ਨਹੀਂ ਕਰਾਂਗੇ। ਨਾ ਹੀ ਅਸੀਂ ਆਪਣੇ ਕਿਸੇ ਭੈਣ-ਭਾਈ ਨਾਲ ਨਫ਼ਰਤ ਕਰਾਂਗੇ, ਭਾਵੇਂ ਉਹ ਦੁਨੀਆਂ ਦੀਆਂ ਨਜ਼ਰਾਂ ਵਿਚ ਕਿੰਨੀ ਹੀ ਨੀਵੀਂ ਜਾਤ ਜਾਂ ਪਦਵੀ ਦਾ ਕਿਉਂ ਨਾ ਹੋਵੇ। ਜੇ ਯਹੋਵਾਹ ਨੇ ਇਸ ਭੈਣ-ਭਾਈ ਨੂੰ ਆਪਣੇ ਪਿਆਰ ਦੇ ਲਾਇਕ ਸਮਝਿਆ ਹੈ, ਤਾਂ ਸਾਨੂੰ ਵੀ ਉਸ ਨੂੰ ਆਪਣੇ ਪਿਆਰ ਦੇ ਲਾਇਕ ਸਮਝਣਾ ਚਾਹੀਦਾ ਹੈ।
19, 20. (ੳ) ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਕਪਟੀ ਜਾਂ ਪਖੰਡੀ” ਕੀਤਾ ਗਿਆ ਹੈ, ਉਸ ਦਾ ਕੀ ਮਤਲਬ ਹੋ ਸਕਦਾ ਹੈ? (ਅ) ਅਸੀਂ ਭੈਣ-ਭਰਾਵਾਂ ਨਾਲ “ਨਿਸ਼ਕਪਟ ਪ੍ਰੇਮ” ਕਿਸ ਤਰ੍ਹਾਂ ਕਰ ਸਕਦੇ ਹਾਂ ਅਤੇ ਇਹ ਜ਼ਰੂਰੀ ਕਿਉਂ ਹੈ?
19 ਬੁੱਧ “ਨਿਸ਼ਕਪਟ” ਹੈ। ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਕਪਟੀ ਜਾਂ ਪਖੰਡੀ” ਕੀਤਾ ਗਿਆ ਹੈ ਉਹ “ਰੋਲ ਅਦਾ ਕਰ ਰਹੇ ਐਕਟਰ” ਲਈ ਵੀ ਵਰਤਿਆ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ ਯੂਨਾਨੀ ਤੇ ਰੋਮੀ ਐਕਟਰ ਰੋਲ ਅਦਾ ਕਰਦੇ ਹੋਏ ਆਪਣੇ ਮੂੰਹਾਂ ਤੇ ਨਕਾਬ ਜਾਂ ਬਣਾਵਟੀ ਚਿਹਰੇ ਪਹਿਨਿਆ ਕਰਦੇ ਸਨ। ਇਸ ਲਈ ਜੋ ਯੂਨਾਨੀ ਸ਼ਬਦ “ਕਪਟੀ ਜਾਂ ਪਖੰਡੀ” ਲਈ ਵਰਤਿਆ ਗਿਆ ਸੀ, ਉਹ ਸ਼ਬਦ ਦਿਖਾਵਾ ਕਰਨ ਲਈ ਵੀ ਵਰਤਿਆ ਜਾਣ ਲੱਗ ਪਿਆ ਸੀ। ਪਰਮੇਸ਼ੁਰ ਦੀ ਬੁੱਧ ਦੇ ਇਸ ਪਹਿਲੂ ਨੂੰ ਸਿਰਫ਼ ਇਸ ਗੱਲ ਤੇ ਹੀ ਨਹੀਂ ਅਸਰ ਪਾਉਣਾ ਚਾਹੀਦਾ ਕਿ ਅਸੀਂ ਆਪਣੇ ਸੰਗੀ ਮਸੀਹੀਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹਾਂ, ਪਰ ਇਸ ਗੱਲ ਤੇ ਵੀ ਕਿ ਅਸੀਂ ਆਪਣੇ ਦਿਲ ਵਿਚ ਉਨ੍ਹਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ।
20 ਪਤਰਸ ਰਸੂਲ ਨੇ ਕਿਹਾ ਸੀ ਕਿ ਜੇ ਅਸੀਂ “ਸਤ ਦੇ ਅਧੀਨ” ਹੋਏ ਹਾਂ, ਤਾਂ ਅਸੀਂ ਇਕ-ਦੂਜੇ ਨਾਲ ‘ਭਰੱਪਣ ਦਾ ਨਿਸ਼ਕਪਟ ਪ੍ਰੇਮ’ ਕਰਾਂਗੇ। (1 ਪਤਰਸ 1:22) ਜੀ ਹਾਂ, ਆਪਣੇ ਭੈਣ-ਭਰਾਵਾਂ ਲਈ ਸਾਡਾ ਪਿਆਰ ਇਕ ਦਿਖਾਵਾ ਨਹੀਂ ਹੋਣਾ ਚਾਹੀਦਾ। ਅਸੀਂ ਆਪਣੇ ਮੂੰਹਾਂ ਤੇ ਪਿਆਰ ਦਾ ਨਕਾਬ ਪਹਿਨ ਕੇ ਦੂਸਰਿਆਂ ਨੂੰ ਧੋਖਾ ਨਹੀਂ ਦੇਵਾਂਗੇ। ਇਸ ਦੀ ਬਜਾਇ ਸਾਨੂੰ ਦਿਲੋਂ ਸੱਚਾ ਪਿਆਰ ਕਰਨਾ ਚਾਹੀਦਾ ਹੈ। ਜੇ ਸਾਡਾ ਪਿਆਰ ਸੱਚਾ ਹੈ, ਤਾਂ ਸਾਡੇ ਭੈਣ-ਭਰਾ ਸਾਡੇ ਉੱਤੇ ਵਿਸ਼ਵਾਸ ਕਰ ਸਕਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਜਿਸ ਤਰ੍ਹਾਂ ਅਸੀਂ ਬਾਹਰੋਂ ਨਜ਼ਰ ਆਉਂਦੇ ਹਾਂ, ਅਸੀਂ ਦਿਲੋਂ ਵੀ ਇਸੇ ਤਰ੍ਹਾਂ ਦੇ ਹਾਂ। ਅਜਿਹੀ ਨਿਸ਼ਕਪਟਤਾ ਮਸੀਹੀਆਂ ਵਿਚ ਪਿਆਰ ਵਧਾਉਂਦੀ ਹੈ ਅਤੇ ਕਲੀਸਿਯਾ ਵਿਚ ਭਰੋਸੇਯੋਗ ਮਾਹੌਲ ਪੈਦਾ ਕਰਦੀ ਹੈ।
‘ਬੁੱਧੀ ਨੂੰ ਸਾਂਭ ਕੇ ਰੱਖ’
21, 22. (ੳ) ਸੁਲੇਮਾਨ ਬੁੱਧ ਨੂੰ ਸਾਂਭ ਕੇ ਰੱਖਣ ਵਿਚ ਅਸਫ਼ਲ ਕਿਉਂ ਹੋਇਆ ਸੀ? (ਅ) ਅਸੀਂ ਬੁੱਧ ਨੂੰ ਸਾਂਭ ਕੇ ਕਿਸ ਤਰ੍ਹਾਂ ਰੱਖ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਦੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ?
21 ਉੱਪਰਲੀ ਬੁੱਧ ਪਰਮੇਸ਼ੁਰ ਤੋਂ ਇਕ ਤੋਹਫ਼ਾ ਹੈ ਅਤੇ ਸਾਨੂੰ ਇਸ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਸੁਲੇਮਾਨ ਨੇ ਕਿਹਾ: ‘ਮੇਰੇ ਪੁੱਤਰ ਤੂੰ ਬੁੱਧੀ ਤੇ ਸੂਝ ਨੂੰ ਸਾਂਭ ਕੇ ਰੱਖ।’ (ਕਹਾਉਤਾਂ 3:21, ਨਵਾਂ ਅਨੁਵਾਦ) ਅਫ਼ਸੋਸ ਦੀ ਗੱਲ ਹੈ ਕਿ ਸੁਲੇਮਾਨ ਨੇ ਆਪ ਬੁੱਧ ਨੂੰ ਸਾਂਭ ਕੇ ਨਹੀਂ ਰੱਖਿਆ ਸੀ। ਜਦ ਤਕ ਉਹ ਆਗਿਆਕਾਰ ਰਿਹਾ, ਤਦ ਤਕ ਉਹ ਬੁੱਧੀਮਾਨ ਵੀ ਰਿਹਾ। ਪਰ ਉਸ ਦੇ ਬੁਢਾਪੇ ਵਿਚ ਉਸ ਦੀਆਂ ਬਹੁਤ ਸਾਰੀਆਂ ਵਿਦੇਸ਼ੀ ਪਤਨੀਆਂ ਨੇ ਉਸ ਦੇ ਮਨ ਨੂੰ ਯਹੋਵਾਹ ਦੀ ਸ਼ੁੱਧ ਉਪਾਸਨਾ ਤੋਂ ਦੂਰ ਕਰ ਦਿੱਤਾ। (1 ਰਾਜਿਆਂ 11:1-8) ਸੁਲੇਮਾਨ ਦੀ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਦਿਮਾਗ਼ ਨੂੰ ਗਿਆਨ ਨਾਲ ਭਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਜੇ ਅਸੀਂ ਉਸ ਨੂੰ ਸਹੀ ਕੰਮ ਕਰਨ ਲਈ ਨਾ ਵਰਤੀਏ।
22 ਅਸੀਂ ਬੁੱਧ ਨੂੰ ਸਾਂਭ ਕੇ ਕਿਸ ਤਰ੍ਹਾਂ ਰੱਖ ਸਕਦੇ ਹਾਂ? ਸਾਨੂੰ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਗਏ ਬਾਈਬਲ ਬਾਰੇ ਪ੍ਰਕਾਸ਼ਨ ਪੜ੍ਹਨੇ ਚਾਹੀਦੇ ਹਨ। (ਮੱਤੀ 24:45) ਪਰ ਇਸ ਤੋਂ ਵੱਧ ਸਾਨੂੰ ਸਿੱਖੀਆਂ ਗਈਆਂ ਗੱਲਾਂ ਤੇ ਅਮਲ ਕਰਨ ਦੀ ਲੋੜ ਹੈ। ਸਾਡੇ ਕੋਲ ਪਰਮੇਸ਼ੁਰ ਦੀ ਬੁੱਧ ਵਰਤਣ ਦੇ ਬਹੁਤ ਕਾਰਨ ਹਨ। ਇਸ ਨਾਲ ਅਸੀਂ ਹੁਣ ਸੁਖੀ ਜ਼ਿੰਦਗੀ ਜੀ ਸਕਦੇ ਹਾਂ ਅਤੇ ਅਸੀਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ “ਅਸਲ ਜੀਵਨ” ਦੀ ਉਮੀਦ ਵੀ ਰੱਖ ਸਕਦੇ ਹਾਂ। (1 ਤਿਮੋਥਿਉਸ 6:19) ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਪਰਲੀ ਬੁੱਧ ਪੈਦਾ ਕਰ ਕੇ ਅਸੀਂ ਯਹੋਵਾਹ ਪਰਮੇਸ਼ੁਰ ਵੱਲ ਖਿੱਚੇ ਜਾਂਦੇ ਹਾਂ ਕਿਉਂਕਿ ਉਹੀ ਬੁੱਧ ਦਿੰਦਾ ਹੈ।
a ਪਹਿਲਾ ਰਾਜਿਆਂ 3:16 ਦੇ ਮੁਤਾਬਕ ਇਹ ਦੋਵੇਂ ਤੀਵੀਆਂ ਵੇਸਵਾਵਾਂ ਸਨ। ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਐਨਸਾਈਕਲੋਪੀਡੀਆ ਇਨਸਾਈਟ ਔਨ ਦ ਸਕ੍ਰਿਪਚਰਸ ਵਿਚ ਕਿਹਾ ਗਿਆ ਹੈ: “ਇਹ ਔਰਤਾਂ ਸ਼ਾਇਦ ਬਜ਼ਾਰੂ ਵੇਸਵਾਵਾਂ ਨਹੀਂ ਸਨ, ਪਰ ਇਹ ਸ਼ਾਇਦ ਵਿਭਚਾਰਨਾਂ ਸਨ। ਇਹ ਨਹੀਂ ਪਤਾ ਕਿ ਇਹ ਤੀਵੀਆਂ ਯਹੂਦਣਾਂ ਸਨ ਜਾਂ ਵਿਦੇਸ਼ਣਾਂ।”
b ‘ਮੇਲ ਕਰੋ’ ਸ਼ਬਦਾਂ ਦਾ ਤਰਜਮਾ ਯੂਨਾਨੀ ਦੀ ਉਸ ਕ੍ਰਿਆ ਤੋਂ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ, ‘ਤਬਦੀਲੀ ਕਰ ਕੇ ਸੁਲ੍ਹਾ-ਸਫ਼ਾਈ ਕਰਨੀ।’ ਸੋ ਤੁਹਾਡਾ ਇਹ ਟੀਚਾ ਹੋਣਾ ਚਾਹੀਦਾ ਹੈ ਕਿ ਤੁਸੀਂ ਨਾਰਾਜ਼ ਹੋਏ ਭੈਣ-ਭਰਾ ਦੇ ਦਿਲ ਵਿਚ ਤਬਦੀਲੀ ਲਿਆਵੋ। ਜੇ ਹੋ ਸਕੇ, ਤਾਂ ਉਸ ਦੇ ਦਿਲ ਵਿੱਚੋਂ ਖਾਰ ਤੇ ਬਦਨੀਤੀ ਕਢਾ ਕੇ ਉਸ ਨੂੰ ਮਨਾ ਲਓ।—ਰੋਮੀਆਂ 12:18.
c ਇਕ ਹੋਰ ਤਰਜਮੇ ਵਿਚ ਇਨ੍ਹਾਂ ਸ਼ਬਦਾ ਦਾ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ: ਬੁੱਧ “ਦਇਆ ਨਾਲ ਭਰੀ ਹੋਈ, ਅਤੇ ਭਲਾਈ ਦੇ ਫ਼ਲਾਂ ਨਾਲ ਲੱਦੀ ਹੋਈ” ਹੈ।—ਪਵਿੱਤਰ ਬਾਈਬਲ ਨਵਾਂ ਅਨੁਵਾਦ।
-