ਹਰ ਭਾਸ਼ਾ ਅਤੇ ਧਰਮ ਦੇ ਲੋਕਾਂ ਨੂੰ ਗਵਾਹੀ ਦੇਣਾ
1 ਪਹਿਲੀ ਸਦੀ ਵਿਚ ਮਸੀਹੀਆਂ ਨੇ ਦੂਸਰੀਆਂ ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਤੇ ਵਿਭਿੰਨ ਧਰਮਾਂ ਦੇ ਪੈਰੋਕਾਰਾਂ ਨੂੰ ਜੋਸ਼ੀਲੀ ਗਵਾਹੀ ਦਿੱਤੀ। ਸਿੱਟੇ ਵਜੋਂ, “ਸਾਲ 100 ਤਕ ਸੰਭਵ ਤੌਰ ਤੇ ਭੂਮੱਧ-ਸਾਗਰ ਦੇ ਕੰਢੇ ਤੇ ਸਥਿਤ ਹਰ ਸੂਬੇ ਵਿਚ ਮਸੀਹੀ ਸਮਾਜ ਸੀ।”—ਮੱਧਕਾਲ ਦਾ ਇਤਿਹਾਸ (ਅੰਗ੍ਰੇਜ਼ੀ)।
2 ਇੱਥੇ ਭਾਰਤ ਵਿਚ ਲੋਕ ਬਹੁਤ ਸਾਰੀਆਂ ਭਾਸ਼ਾਵਾਂ ਬੋਲਦੇ ਹਨ। ਆਮ ਤੌਰ ਤੇ, ਇੱਕੋ ਭਾਸ਼ਾ ਬੋਲਣ ਵਾਲੇ ਲੋਕ ਇੱਕੋ ਰਾਜ ਵਿਚ ਇਕੱਠੇ ਰਹਿੰਦੇ ਹਨ। ਫਿਰ ਵੀ, ਭਾਰਤ ਦੇ ਬਹੁਤ ਸਾਰੇ ਸ਼ਹਿਰ ਅਤੇ ਕਸਬੇ ਹੁਣ ਸਰਬਦੇਸ਼ੀ ਬਣ ਗਏ ਹਨ—ਉੱਥੇ ਵਿਭਿੰਨ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ। ਭਾਸ਼ਾਵਾਂ ਦੀ ਇਸ ਵਿਭਿੰਨਤਾ ਕਰਕੇ, ਕਦੇ-ਕਦੇ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਅਜਿਹੇ ਲੋਕਾਂ ਨਾਲ ਕਿਵੇਂ ਗੱਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਕਿਵੇਂ ਗਵਾਹੀ ਦਿੱਤੀ ਜਾਵੇ। ਅਸਲ ਵਿਚ, ਸ਼ਾਇਦ ਸਾਡੇ ਆਪਣੇ ਇਲਾਕੇ ਵਿਚ ਹੀ ਇਕ ਮਿਸ਼ਨਰੀ ਖੇਤਰ ਹੋਵੇ। ਅਸੀਂ ਹਰ ਭਾਸ਼ਾ ਅਤੇ ਧਰਮ ਦੇ ‘ਲੋਕਾਂ ਦੇ ਅੱਗੇ ਪਰਚਾਰ ਕਰਨ ਅਤੇ ਸਾਖੀ ਦੇਣ’ ਦੇ ਯਿਸੂ ਦੇ ਹੁਕਮ ਦੀ ਕਿਵੇਂ ਪਾਲਣਾ ਕਰ ਸਕਦੇ ਹਾਂ?—ਰਸੂ. 10:42.
ਵੱਖਰੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਗਵਾਹੀ ਦੇਣਾ
3 ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਲੋਕ ਜ਼ਿਆਦਾ ਤੇਜ਼ੀ ਨਾਲ ਸਿੱਖਦੇ ਹਨ ਅਤੇ ਜ਼ਿਆਦਾ ਸਮਝ ਪ੍ਰਾਪਤ ਕਰਦੇ ਹਨ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਮਾਤ-ਭਾਸ਼ਾ ਵਿਚ ਸਿਖਾਇਆ ਜਾਂਦਾ ਹੈ। “ਸੱਭੋ ਕੁਝ ਇੰਜੀਲ ਦੇ ਨਮਿੱਤ” ਅਤੇ ਹੋਰਨਾਂ ਨਾਲ ਇਸ ਨੂੰ ‘ਸਾਂਝਾ’ ਕਰਨ ਲਈ, ਸੰਸਾਰ ਭਰ ਵਿਚ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਦੂਸਰੀ ਭਾਸ਼ਾ ਸਿੱਖੀ ਹੈ। (1 ਕੁਰਿੰ. 9:23) ਇਕ ਅੰਗ੍ਰੇਜ਼ੀ-ਭਾਸ਼ੀ ਦੇਸ਼ ਵਿਚ, ਭਾਵੇਂ ਕਿ ਇਕ ਅੰਗ੍ਰੇਜ਼ੀ-ਭਾਸ਼ੀ ਭੈਣ ਸਾਲਾਂ ਤੋਂ ਇਕ ਚੀਨੀ-ਭਾਸ਼ੀ ਔਰਤ ਨੂੰ ਰਸਾਲੇ ਦਿੰਦੀ ਰਹੀ ਸੀ, ਪਰ ਇਹ ਔਰਤ ਉਦੋਂ ਤਕ ਬਾਈਬਲ ਅਧਿਐਨ ਦੀ ਪੇਸ਼ਕਸ਼ ਨੂੰ ਠੁਕਰਾਉਂਦੀ ਰਹੀ, ਜਦ ਤਕ ਕਿ ਇਕ ਦੂਸਰੀ ਭੈਣ ਜੋ ਚੀਨੀ ਭਾਸ਼ਾ ਸਿੱਖ ਰਹੀ ਸੀ, ਨੇ ਉਸ ਨੂੰ ਚੀਨੀ ਭਾਸ਼ਾ ਵਿਚ ਇਕ ਪੁਸਤਕ ਪੇਸ਼ ਨਾ ਕੀਤੀ। ਉਸ ਨੇ ਖ਼ੁਸ਼ੀ ਨਾਲ ਇਸ ਨੂੰ ਅਧਿਐਨ ਸਮੇਤ ਸਵੀਕਾਰ ਕੀਤਾ। ਫ਼ਰਕ ਸਿਰਫ਼ ਇਹ ਸੀ ਕਿ ਦੂਸਰੀ ਭੈਣ ਨੇ ਉਸ ਔਰਤ ਦੀ ਭਾਸ਼ਾ ਵਿਚ ਕੁਝ ਸ਼ਬਦ ਬੋਲਣ ਦੀ ਕੋਸ਼ਿਸ਼ ਕੀਤੀ ਸੀ।—ਤੁਲਨਾ ਕਰੋ ਰਸੂਲਾਂ ਦੇ ਕਰਤੱਬ 22:2.
4 ਜੇ ਤੁਸੀਂ ਆਪਣੇ ਇਲਾਕੇ ਵਿਚ ਆਮ ਤੌਰ ਤੇ ਬੋਲੀ ਜਾਂਦੀ ਭਾਸ਼ਾ ਤੋਂ ਇਲਾਵਾ ਕੋਈ ਦੂਸਰੀ ਭਾਸ਼ਾ ਜਾਣਦੇ ਹੋ, ਤਾਂ ਤੁਸੀਂ ਸ਼ਾਇਦ ਆਪਣੇ ਖੇਤਰ ਵਿਚ ਖ਼ਾਸ ਤੌਰ ਤੇ ਉਨ੍ਹਾਂ ਲੋਕਾਂ ਵੱਲ ਧਿਆਨ ਦੇ ਸਕੋਗੇ ਜੋ ਇਹ ਦੂਸਰੀ ਭਾਸ਼ਾ ਬੋਲਦੇ ਹਨ। (ਮੱਤੀ 9:37, 38) ਮਿਸਾਲ ਵਜੋਂ, ਸੰਯੁਕਤ ਰਾਜ ਅਮਰੀਕਾ ਵਿਚ ਇਕ ਭਰਾ ਨੇ ਸੱਚਾਈ ਵਿਚ ਆਉਣ ਤੋਂ ਪਹਿਲਾਂ ਵੀਅਤਨਾਮੀ ਭਾਸ਼ਾ ਸਿੱਖੀ ਸੀ, ਅਤੇ ਹੁਣ ਉਹ ਵੀਅਤਨਾਮੀ-ਭਾਸ਼ੀ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਵਿਚ ਵੱਡਾ ਆਨੰਦ ਪ੍ਰਾਪਤ ਕਰਦਾ ਹੈ। ਇਸ ਭਾਸ਼ਾ ਦੇ ਗਿਆਨ ਨੂੰ ਗਵਾਹੀ ਕਾਰਜ ਵਿਚ ਹੋਰ ਜ਼ਿਆਦਾ ਵਰਤਣ ਲਈ, ਉਹ ਆਪਣੇ ਪਰਿਵਾਰ ਸਮੇਤ ਦੇਸ਼ ਦੇ ਉਸ ਹਿੱਸੇ ਵਿਚ ਜਾ ਕੇ ਰਹਿਣ ਲੱਗਾ ਜਿੱਥੇ ਵੀਅਤਨਾਮੀ ਖੇਤਰ ਵਿਚ ਜ਼ਿਆਦਾ ਲੋੜ ਸੀ। ਜਦੋਂ ਤੋਂ ਉਹ ਉੱਥੇ ਗਿਆ ਹੈ, ਉਹ ਵੀਅਤਨਾਮ ਤੋਂ ਆਏ ਬਹੁਤ ਸਾਰੇ ਲੋਕਾਂ ਨਾਲ ਬਾਈਬਲ ਅਧਿਐਨ ਕਰਨ ਵਿਚ ਚੰਗੀ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ।
5 ਇਕ ਪਾਇਨੀਅਰ ਭੈਣ ਆਪਣੇ ਖੇਤਰ ਵਿਚ ਕਈ ਬੋਲੇ ਲੋਕਾਂ ਨੂੰ ਮਿਲੀ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਅਜਿਹੇ ਵਿਅਕਤੀ ਨੂੰ ਭਾਲਣ ਵਿਚ ਉਸ ਦੀ ਮਦਦ ਕਰੇ ਜੋ ਉਸ ਨੂੰ ਸੈਨਤ-ਭਾਸ਼ਾ ਸਿਖਾ ਸਕੇ ਤਾਂਕਿ ਉਹ ਬੋਲਿਆਂ ਨੂੰ ਸੱਚਾਈ ਸਿਖਾ ਸਕੇ। ਇਕ ਦਿਨ ਜਦੋਂ ਉਹ ਆਪਣੇ ਇਲਾਕੇ ਦੀ ਸੁਪਰ-ਮਾਰਕਿਟ ਵਿਚ ਖ਼ਰੀਦਾਰੀ ਕਰ ਰਹੀ ਸੀ, ਤਾਂ ਇਕ ਜਵਾਨ ਬੋਲੀ ਔਰਤ ਨੇ ਕੋਈ ਚੀਜ਼ ਲੱਭਣ ਲਈ ਇਕ ਕਾਗਜ਼ ਉੱਤੇ ਲਿਖ ਕੇ ਉਸ ਤੋਂ ਮਦਦ ਮੰਗੀ। ਉਸ ਨੂੰ ਚੀਜ਼ ਲੱਭਣ ਵਿਚ ਮਦਦ ਦੇਣ ਮਗਰੋਂ, ਇਸ ਪਾਇਨੀਅਰ ਨੇ ਕਾਗਜ਼ ਉੱਤੇ ਲਿਖ ਕੇ ਦੱਸਿਆ ਕਿ ਉਹ ਸੈਨਤ-ਭਾਸ਼ਾ ਸਿੱਖਣ ਦੀ ਇੱਛੁਕ ਹੈ ਤਾਂਕਿ ਉਹ ਉਸ ਇਲਾਕੇ ਦੇ ਬੋਲਿਆਂ ਦੀ ਮਦਦ ਕਰ ਸਕੇ। ਫਿਰ ਉਸ ਬੋਲੀ ਔਰਤ ਨੇ ਲਿਖ ਕੇ ਪੁੱਛਿਆ, “ਤੁਸੀਂ ਬੋਲਿਆਂ ਦੀ ਮਦਦ ਕਿਉਂ ਕਰਨੀ ਚਾਹੁੰਦੇ ਹੋ?” ਭੈਣ ਨੇ ਜਵਾਬ ਲਿਖਿਆ: “ਮੈਂ ਇਕ ਯਹੋਵਾਹ ਦੀ ਗਵਾਹ ਹਾਂ, ਅਤੇ ਮੈਂ ਬਾਈਬਲ ਸਮਝਣ ਵਿਚ ਬੋਲਿਆਂ ਦੀ ਮਦਦ ਕਰਨੀ ਚਾਹੁੰਦੀ ਹਾਂ। ਜੇ ਤੁਸੀਂ ਮੈਨੂੰ ਸੈਨਤ-ਭਾਸ਼ਾ ਸਿਖਾਓਗੇ, ਤਾਂ ਤੁਹਾਨੂੰ ਬਾਈਬਲ ਸਿਖਾ ਕੇ ਮੈਨੂੰ ਖ਼ੁਸ਼ੀ ਹੋਵੇਗੀ।” ਭੈਣ ਕਹਿੰਦੀ ਹੈ: “ਤੁਸੀਂ ਮੇਰੀ ਖ਼ੁਸ਼ੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਜਦੋਂ ਉਸ ਨੇ ਕਿਹਾ ‘ਠੀਕ ਹੈ।’” ਭੈਣ ਛੇ ਹਫ਼ਤਿਆਂ ਤਕ ਹਰ ਸ਼ਾਮ ਉਸ ਔਰਤ ਦੇ ਘਰ ਜਾਂਦੀ ਰਹੀ। ਉਸ ਨੇ ਸੈਨਤ-ਭਾਸ਼ਾ ਸਿੱਖ ਲਈ, ਅਤੇ ਬੋਲੀ ਔਰਤ ਨੇ ਸੱਚਾਈ ਸਿੱਖ ਕੇ ਬਪਤਿਸਮਾ ਲੈ ਲਿਆ! ਇਹ ਗੱਲ 30 ਸਾਲ ਪਹਿਲਾਂ ਦੀ ਹੈ, ਅਤੇ ਇਹ ਪਾਇਨੀਅਰ ਭੈਣ ਅਜੇ ਵੀ ਬੋਲਿਆਂ ਨੂੰ ਗਵਾਹੀ ਦਿੰਦੀ ਹੈ।
6 ਜੇਕਰ ਤੁਹਾਡੇ ਸਥਾਨਕ ਖੇਤਰ ਵਿਚ ਪੂਰੀ ਤਰ੍ਹਾਂ ਨਾਲ ਪ੍ਰਚਾਰ-ਕੰਮ ਕੀਤਾ ਜਾ ਚੁੱਕਾ ਹੈ ਅਤੇ ਤੁਸੀਂ ਅਜਿਹੇ ਇਲਾਕੇ ਦੀ ਭਾਸ਼ਾ ਚੰਗੀ ਤਰ੍ਹਾਂ ਨਾਲ ਬੋਲ ਸਕਦੇ ਹੋ ਜਿੱਥੇ ਗਵਾਹ ਘੱਟ ਹਨ, ਅਤੇ ਜੇਕਰ ਤੁਸੀਂ ਉਸ ਖੇਤਰ ਵਿਚ ਜਾਣ ਦੇ ਇੱਛੁਕ ਹੋ ਅਤੇ ਆਪਣੀ ਇੱਛਾ ਨਾਲ ਉੱਥੇ ਜਾਣ ਦੇ ਯੋਗ ਹੋ, ਤਾਂ ਕਿਉਂ ਨਾ ਇਸ ਮਾਮਲੇ ਬਾਰੇ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨਾਲ ਗੱਲ ਕਰੋ? ਜੇ ਤੁਸੀਂ ਆਪਣੇ ਆਪ ਨੂੰ ਯੋਗ ਸਮਝਦੇ ਹੋ, ਤਾਂ ਤੁਸੀਂ ਸੰਸਥਾ ਨੂੰ ਲਿਖ ਸਕਦੇ ਹੋ, ਪਰੰਤੂ ਇਸ ਨਾਲ ਬਜ਼ੁਰਗਾਂ ਦੀ ਵੀ ਚਿੱਠੀ ਹੋਣੀ ਚਾਹੀਦੀ ਹੈ, ਜਿਸ ਵਿਚ ਉਹ ਤੁਹਾਡੀ ਯੋਗਤਾ ਅਤੇ ਭਾਸ਼ਾ ਸੰਬੰਧੀ ਨਿਪੁੰਨਤਾ ਬਾਰੇ ਆਪਣੀ ਰਾਇ ਦੇਣਗੇ।—ਦੇਖੋ ਅਗਸਤ 15, 1988, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 21-3.
7 ਮੁਹੱਈਆ ਕੀਤੇ ਗਏ ਔਜ਼ਾਰਾਂ ਨੂੰ ਵਰਤਣਾ: ਸਾਡਾ ਸਾਹਿੱਤ ਕਈ ਭਾਸ਼ਾਵਾਂ ਵਿਚ ਉਪਲਬਧ ਹੈ। ਆਪਣੇ ਖੇਤਰ ਵਿਚ ਬੋਲੀਆਂ ਜਾਂਦੀਆਂ ਸਾਰੀਆਂ ਭਾਸ਼ਾਵਾਂ ਵਿਚ ਟ੍ਰੈਕਟ ਜਾਂ ਮੰਗ ਵੱਡੀ ਪੁਸਤਿਕਾ, ਜਾਂ ਹੋਰ ਕੋਈ ਵੱਡੀ ਪੁਸਤਿਕਾ ਆਪਣੇ ਨਾਲ ਰੱਖਣੀ ਲਾਹੇਵੰਦ ਹੋਵੇਗੀ। ਜੇ ਇਹ ਸਪੱਸ਼ਟ ਹੈ ਕਿ ਸਥਾਨਕ ਭਾਸ਼ਾ ਕਿਸੇ ਵਿਅਕਤੀ ਦੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਉਸ ਨੂੰ ਪੁੱਛੋ ਕਿ ਉਹ ਕਿਹੜੀ ਭਾਸ਼ਾ ਪੜ੍ਹਨੀ ਪਸੰਦ ਕਰਦਾ ਹੈ। ਫਿਰ ਜੇ ਸੰਭਵ ਹੋਵੇ ਤਾਂ ਉਸ ਨੂੰ ਉਸੇ ਭਾਸ਼ਾ ਵਿਚ ਸਾਹਿੱਤ ਪੇਸ਼ ਕਰੋ।
8 ਹਾਲਾਂਕਿ ਤੁਸੀਂ ਆਪਣੇ ਗਵਾਹੀ ਕਾਰਜ ਵਿਚ ਮਿਲੇ ਕਿਸੇ ਵਿਅਕਤੀ ਦੀ ਭਾਸ਼ਾ ਨਹੀਂ ਬੋਲਦੇ ਹੋ, ਫਿਰ ਵੀ ਤੁਸੀਂ ਸ਼ਾਇਦ ਉਸ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹੋ। ਕਿਵੇਂ? ਸਾਰੀਆਂ ਕੌਮਾਂ ਲਈ ਖ਼ੁਸ਼ ਖ਼ਬਰੀ (Good News for All Nations) ਪੁਸਤਿਕਾ ਇਸਤੇਮਾਲ ਕਰ ਕੇ। ਇਸ ਵਿਚ 59 ਭਾਸ਼ਾਵਾਂ ਵਿਚ ਸੰਖੇਪ ਸੰਦੇਸ਼ ਛਾਪਿਆ ਗਿਆ ਹੈ। ਜਿਵੇਂ ਕਿ ਇਸ ਪੁਸਤਿਕਾ ਦੇ ਸਫ਼ਾ 2 ਉੱਤੇ ਦਿੱਤੀ ਗਈ ਹਿਦਾਇਤ ਸਮਝਾਉਂਦੀ ਹੈ, ਘਰ-ਸੁਆਮੀ ਦੀ ਭਾਸ਼ਾ ਦਾ ਪਤਾ ਲਗਾਉਣ ਮਗਰੋਂ, ਉਸ ਨੂੰ ਪੁਸਤਿਕਾ ਵਿਚ ਸਹੀ ਸਫ਼ੇ ਉੱਤੇ ਛਪੀ ਜਾਣਕਾਰੀ ਪੜ੍ਹਨ ਲਈ ਦਿਓ। ਜਦੋਂ ਉਹ ਪੜ੍ਹ ਲਵੇ, ਤਾਂ ਉਸ ਦੀ ਭਾਸ਼ਾ ਵਿਚ ਕੋਈ ਪ੍ਰਕਾਸ਼ਨ ਉਸ ਨੂੰ ਦਿਖਾਓ। ਜੇ ਤੁਹਾਡੇ ਕੋਲ ਇਹ ਨਹੀਂ ਹੈ, ਤਾਂ ਉਸ ਨੂੰ ਕੋਈ ਵੀ ਭਾਸ਼ਾ ਵਿਚ ਪ੍ਰਕਾਸ਼ਨ ਦਿਖਾਓ। ਸੰਕੇਤ ਕਰੋ ਕਿ ਤੁਸੀਂ ਉਸ ਦੀ ਭਾਸ਼ਾ ਵਿਚ ਇਕ ਕਾਪੀ ਲਿਆਉਣ ਦੀ ਕੋਸ਼ਿਸ਼ ਕਰੋਗੇ। ਉਸ ਦਾ ਨਾਂ ਪੁੱਛੋ, ਅਤੇ ਇਸ ਨੂੰ ਉਸ ਦੇ ਪਤੇ ਸਮੇਤ ਲਿਖ ਲਓ। ਸ਼ਾਇਦ ਤੁਸੀਂ ਇਹ ਜਾਣਕਾਰੀ ਆਪਣੀ ਕਲੀਸਿਯਾ ਵਿਚ ਉਸ ਭਰਾ ਜਾਂ ਭੈਣ ਨੂੰ ਦੇ ਸਕਦੇ ਹੋ ਜੋ ਉਹ ਭਾਸ਼ਾ ਬੋਲਦਾ ਹੈ। ਜੇ ਉਹ ਭਾਸ਼ਾ ਬੋਲਣ ਵਾਲਾ ਕੋਈ ਭਰਾ ਜਾਂ ਭੈਣ ਪੁਨਰ-ਮੁਲਾਕਾਤ ਕਰਨ ਲਈ ਉਪਲਬਧ ਨਹੀਂ ਹੈ, ਤਾਂ ਤੁਸੀਂ ਸ਼ਾਇਦ ਇਹ ਚੁਣੌਤੀ ਸਵੀਕਾਰ ਕਰ ਸਕਦੇ ਹੋ, ਸ਼ਾਇਦ ਆਪਣੀ ਭਾਸ਼ਾ ਵਿਚ ਪ੍ਰਕਾਸ਼ਨ ਨੂੰ ਨਾਲ-ਨਾਲ ਵਰਤਦੇ ਹੋਏ ਉਸ ਵਿਅਕਤੀ ਨਾਲ ਅਧਿਐਨ ਵੀ ਕਰ ਸਕਦੇ ਹੋ।—1 ਕੁਰਿੰ. 9:19-23.
ਗ਼ੈਰ-ਮਸੀਹੀ ਧਰਮਾਂ ਦੇ ਲੋਕਾਂ ਨੂੰ ਗਵਾਹੀ ਦੇਣਾ
9 ਇਕ ਵਿਅਕਤੀ ਦੇ ਧਾਰਮਿਕ ਪਿਛੋਕੜ ਬਾਰੇ ਕੁਝ ਗਿਆਨ ਹੋਣਾ, ਪਰਮੇਸ਼ੁਰ ਦੇ ਰਾਜ ਬਾਰੇ ਪ੍ਰਭਾਵਕਾਰੀ ਗਵਾਹੀ ਦੇਣ ਵਿਚ ਸਾਡੀ ਮਦਦ ਕਰੇਗਾ। ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਪੁਸਤਕ ਸਾਨੂੰ ਸੰਸਾਰ ਦੇ ਮੁੱਖ ਧਰਮਾਂ ਬਾਰੇ ਜਾਣਕਾਰੀ ਦਿੰਦੀ ਹੈ ਤਾਂਕਿ ਸਾਨੂੰ ਲੋਕਾਂ ਦੇ ਵਿਸ਼ਵਾਸਾਂ ਬਾਰੇ ਇੰਨੀ ਸਮਝ ਹੋਵੇ ਕਿ ਅਸੀਂ ਉਨ੍ਹਾਂ ਨੂੰ ਸੱਚਾਈ ਦਾ ਗਿਆਨ ਹਾਸਲ ਕਰਨ ਵਿਚ ਮਦਦ ਦੇ ਸਕੀਏ।
10 ਇਸ ਅੰਤਰ-ਪੱਤਰ ਦੇ ਆਖ਼ਰੀ ਸਫ਼ੇ ਉੱਤੇ ਦਿੱਤੀ ਗਈ ਡੱਬੀ ਵਿਚ ਉਨ੍ਹਾਂ ਕੁਝ ਪ੍ਰਕਾਸ਼ਨਾਂ ਦੀ ਸੂਚੀ ਹੈ ਜੋ ਯਹੋਵਾਹ ਦੇ ਸੰਗਠਨ ਨੇ ਗ਼ੈਰ-ਮਸੀਹੀ ਲੋਕਾਂ ਨੂੰ ਗਵਾਹੀ ਦੇਣ ਵਿਚ ਵਰਤਣ ਲਈ ਮੁਹੱਈਆ ਕੀਤੇ ਹਨ। ਇਨ੍ਹਾਂ ਪ੍ਰਕਾਸ਼ਨਾਂ ਨੂੰ ਪੜ੍ਹਨ ਦੁਆਰਾ ਅਸੀਂ ਸਮਝਦੇ ਹਾਂ ਕਿ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਕਿਵੇਂ ਗੱਲ ਸ਼ੁਰੂ ਕਰਨੀ ਹੈ। ਇਕ ਸਹਾਈ ਔਜ਼ਾਰ ਵਜੋਂ, ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਨੂੰ ਨਾ ਭੁੱਲੋ। ਇਸ ਪੁਸਤਕ ਦੇ ਸਫ਼ੇ 21-4 ਉੱਤੇ ਵਿਵਹਾਰਕ ਸੁਝਾਅ ਦਿੱਤੇ ਗਏ ਹਨ ਕਿ ਬੋਧੀਆਂ, ਹਿੰਦੂਆਂ, ਯਹੂਦੀਆਂ, ਅਤੇ ਮੁਸਲਮਾਨਾਂ ਨਾਲ ਕਿਵੇਂ ਗੱਲ ਕਰਨੀ ਹੈ।
11 ਸੋਚ-ਸਮਝ ਕੇ ਗੱਲ ਕਰਨਾ: ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਖ਼ਾਸ ਧਰਮ ਦੇ ਸਭ ਲੋਕਾਂ ਨੂੰ ਇੱਕੋ ਜਿਹਾ ਨਾ ਸਮਝੀਏ, ਇਹ ਸੋਚਦੇ ਹੋਏ ਕਿ ਉਨ੍ਹਾਂ ਸਾਰਿਆਂ ਦੇ ਨਿੱਜੀ ਵਿਸ਼ਵਾਸ ਇੱਕੋ ਜਿਹੇ ਹਨ। ਇਸ ਦੀ ਬਜਾਇ, ਉਸ ਵਿਅਕਤੀ ਦੇ ਸੋਚਣ ਦੇ ਤਰੀਕੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ। (ਰਸੂ. 10:24-35) ਇਕ ਮੁਸਲਮਾਨ ਹੋਣ ਕਰਕੇ, ਸਲੀਮੁਨ ਇਸ ਵਿਸ਼ਵਾਸ ਨਾਲ ਵੱਡਾ ਹੋਇਆ ਸੀ ਕਿ ਕੁਰਾਨ ਖ਼ੁਦਾ ਦਾ ਕਲਾਮ ਹੈ। ਪਰ ਉਹ ਕਦੇ ਵੀ ਇਸ ਇਸਲਾਮੀ ਸਿੱਖਿਆ ਨੂੰ ਪੂਰੀ ਤਰ੍ਹਾਂ ਅਪਣਾ ਨਾ ਸਕਿਆ ਕਿ ਇਕ ਰਹਿਮ-ਦਿਲ ਖ਼ੁਦਾ ਲੋਕਾਂ ਨੂੰ ਜਲਦੇ ਜਹੰਨਮ ਵਿਚ ਤੜਫ਼ਾਏਗਾ। ਇਕ ਦਿਨ, ਯਹੋਵਾਹ ਦੇ ਗਵਾਹਾਂ ਨੇ ਉਸ ਨੂੰ ਇਕ ਸਭਾ ਲਈ ਸੱਦਾ ਦਿੱਤਾ। ਉਸ ਨੇ ਸੱਚਾਈ ਨੂੰ ਤੁਰੰਤ ਪਛਾਣ ਲਿਆ, ਅਤੇ ਉਹ ਹੁਣ ਮਸੀਹੀ ਕਲੀਸਿਯਾ ਵਿਚ ਬਜ਼ੁਰਗ ਵਜੋਂ ਖ਼ੁਸ਼ੀ ਨਾਲ ਸੇਵਾ ਕਰਦਾ ਹੈ।
12 ਗ਼ੈਰ-ਮਸੀਹੀ ਧਰਮਾਂ ਦੇ ਲੋਕਾਂ ਨੂੰ ਗਵਾਹੀ ਦਿੰਦੇ ਸਮੇਂ, ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਸਾਡੇ ਆਰੰਭਕ ਸ਼ਬਦਾਂ ਕਾਰਨ ਅਸੀਂ ਉਨ੍ਹਾਂ ਨਾਲ ਖ਼ੁਸ਼ ਖ਼ਬਰੀ ਬਾਰੇ ਗੱਲ ਕਰਨ ਦਾ ਮੌਕਾ ਨਾ ਗੁਆ ਦੇਈਏ। (ਰਸੂ. 24:16) ਕੁਝ ਧਰਮਾਂ ਦੇ ਪੈਰੋਕਾਰ ‘ਧਰਮ-ਪਰਿਵਰਤਨ’ ਕਰਾਉਣ ਦੇ ਕਿਸੇ ਵੀ ਜਤਨ ਤੋਂ ਚਿੜ ਜਾਂਦੇ ਹਨ। ਇਸ ਲਈ ਅਜਿਹੇ ਮੁੱਦੇ ਲੱਭਣ ਲਈ ਚੌਕਸ ਰਹੋ ਜੋ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਪੂਰਣ ਸੱਚਾਈ ਵੱਲ ਆਕਰਸ਼ਿਤ ਕਰਨ ਲਈ ਇਕ ਸਾਂਝੇ ਆਧਾਰ ਵਜੋਂ ਕੰਮ ਕਰਨਗੇ। ਭੇਡ-ਸਮਾਨ ਲੋਕ ਇਕ ਸਨੇਹੀ ਪਰਿਚੈ ਅਤੇ ਸੱਚਾਈ ਦੀ ਸਪੱਸ਼ਟ ਪੇਸ਼ਕਾਰੀ ਵੱਲ ਚੰਗਾ ਪ੍ਰਤਿਕਰਮ ਦਿਖਾਉਣਗੇ।
13 ਆਪਣੇ ਸ਼ਬਦਾਂ ਦੀ ਚੋਣ ਉੱਤੇ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ, ਤਾਂਕਿ ਅਸੀਂ ਫ਼ਜ਼ੂਲ ਵਿਚ ਲੋਕਾਂ ਨੂੰ ਆਪਣੇ ਸੰਦੇਸ਼ ਤੋਂ ਦੂਰ ਨਾ ਕਰ ਦੇਈਏ। ਮਿਸਾਲ ਲਈ, ਜੇ ਤੁਸੀਂ ਤੁਰੰਤ ਇਕ ਮਸੀਹੀ ਵਜੋਂ ਆਪਣੀ ਪਛਾਣ ਕਰਾਉਂਦੇ ਹੋ, ਤਾਂ ਤੁਹਾਡਾ ਸਰੋਤਾ ਸ਼ਾਇਦ ਸੋਚੇ ਕਿ ਤੁਸੀਂ ਈਸਾਈ-ਜਗਤ ਦੇ ਗਿਰਜੇ ਵੱਲੋਂ ਆਏ ਹੋ, ਜੋ ਅੜਿੱਕਾ ਖੜ੍ਹਾ ਕਰ ਸਕਦਾ ਹੈ। ਬਾਈਬਲ ਨੂੰ “ਸ਼ਾਸਤਰ” ਜਾਂ “ਪਵਿੱਤਰ ਲਿਖਤਾਂ” ਕਹਿਣਾ ਵੀ ਲਾਹੇਵੰਦ ਹੋ ਸਕਦਾ ਹੈ।—ਮੱਤੀ 21:42, ਨਿ ਵ; 2 ਤਿਮੋ. 3:15.
14 ਬੋਧੀਆਂ ਨੂੰ ਗਵਾਹੀ ਦੇਣਾ: (ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ ਵਿਚ ਅਧਿਆਇ 6 ਦੇਖੋ।) ਹਰੇਕ ਬੋਧੀ ਦੇ ਵਿਸ਼ਵਾਸ ਦੂਸਰੇ ਬੋਧੀ ਨਾਲੋਂ ਵੱਖਰੇ ਹੁੰਦੇ ਹਨ। ਇਕ ਵਿਅਕਤਿੱਤਵ ਵਾਲੇ ਸ੍ਰਿਸ਼ਟੀਕਰਤਾ ਦੀ ਹੋਂਦ ਦੀ ਹਿਮਾਇਤ ਕਰਨ ਦੀ ਬਜਾਇ, ਬੁੱਧ ਧਰਮ ਛੇਵੀਂ ਸਦੀ ਸਾ.ਯੁ.ਪੂ. ਦੇ ਗੌਤਮ ਬੁੱਧ ਨੂੰ ਧਾਰਮਿਕ ਆਦਰਸ਼ ਮੰਨਦਾ ਹੈ। ਜਦੋਂ ਗੌਤਮ ਨੇ ਪਹਿਲੀ ਵਾਰ ਇਕ ਬੀਮਾਰ ਆਦਮੀ, ਇਕ ਬੁੱਢਾ ਆਦਮੀ, ਅਤੇ ਇਕ ਮਰਿਆ ਆਦਮੀ ਦੇਖਿਆ, ਤਾਂ ਉਹ ਜੀਵਨ ਦੇ ਅਰਥ ਬਾਰੇ ਸੋਚ ਕੇ ਦੁਖੀ ਹੋਇਆ। ‘ਕੀ ਮਨੁੱਖ ਕੇਵਲ ਦੁੱਖ ਭੋਗਣ, ਬੁੱਢੇ ਹੋਣ, ਅਤੇ ਮਰਨ ਲਈ ਜੰਮੇ ਹਨ?’ ਉਸ ਨੇ ਸੋਚਿਆ। ਨਿਰਸੰਦੇਹ, ਅਸੀਂ ਉਨ੍ਹਾਂ ਸੁਹਿਰਦ ਬੋਧੀਆਂ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇ ਸਕਦੇ ਹਾਂ ਜੋ ਜਵਾਬ ਜਾਣਨਾ ਚਾਹੁੰਦੇ ਹਨ।
15 ਬੋਧੀਆਂ ਨਾਲ ਗੱਲ ਕਰਦੇ ਸਮੇਂ, ਸਰਬੋਤਮ ਪਵਿੱਤਰ-ਸ਼ਾਸਤਰ, ਬਾਈਬਲ, ਵਿਚ ਦਿੱਤੇ ਗਏ ਆਸ਼ਾਵਾਦੀ ਸੰਦੇਸ਼ ਅਤੇ ਸਪੱਸ਼ਟ ਸੱਚਾਈ ਨੂੰ ਹੀ ਪੇਸ਼ ਕਰੋ। ਜ਼ਿਆਦਾਤਰ ਲੋਕਾਂ ਵਾਂਗ, ਬੋਧੀ ਵੀ ਸ਼ਾਂਤੀ, ਨੈਤਿਕਤਾ, ਅਤੇ ਪਰਿਵਾਰਕ ਜੀਵਨ ਵਿਚ ਗਹਿਰੀ ਰੁਚੀ ਰੱਖਦੇ ਹਨ, ਅਤੇ ਉਹ ਅਕਸਰ ਇਨ੍ਹਾਂ ਵਿਸ਼ਿਆਂ ਉੱਤੇ ਚਰਚਾ ਕਰਨੀ ਪਸੰਦ ਕਰਦੇ ਹਨ। ਇਸ ਤਰ੍ਹਾਂ ਤੁਸੀਂ ਗੱਲ ਨੂੰ ਰਾਜ ਵੱਲ ਮੋੜ ਸਕਦੇ ਹੋ ਕਿ ਇਹੋ ਮਨੁੱਖਜਾਤੀ ਦੀਆਂ ਸਮੱਸਿਆਵਾਂ ਦਾ ਅਸਲੀ ਹੱਲ ਹੈ। ਜਦੋਂ ਇਕ ਭੈਣ ਨੇ ਕਰਿਆਨੇ ਦੀ ਦੁਕਾਨ ਵਿਚ ਇਕ ਚੀਨੀ ਆਦਮੀ ਨੂੰ ਦੇਖਿਆ, ਤਾਂ ਉਸ ਨੇ ਉਸ ਨੂੰ ਉਸ ਦੀ ਭਾਸ਼ਾ ਵਿਚ ਇਕ ਟ੍ਰੈਕਟ ਦਿੱਤਾ ਅਤੇ ਬਾਈਬਲ ਅਧਿਐਨ ਪੇਸ਼ ਕੀਤਾ। ਆਦਮੀ ਨੇ ਕਿਹਾ: “ਕੀ ਤੁਹਾਡਾ ਮਤਲਬ ਹੈ ਪਵਿੱਤਰ ਬਾਈਬਲ? ਮੈਂ ਤਾਂ ਜੀਵਨ ਭਰ ਇਸੇ ਦੀ ਭਾਲ ਕਰਦਾ ਰਿਹਾ ਹਾਂ!” ਉਸ ਨੇ ਉਸੇ ਹਫ਼ਤੇ ਅਧਿਐਨ ਕਰਨਾ ਸ਼ੁਰੂ ਕੀਤਾ, ਅਤੇ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋਣ ਲੱਗਾ।
16 ਦਸ ਤੋਂ ਵੱਧ ਸਾਲਾਂ ਤੋਂ, ਇਕ ਹੋਰ ਪਾਇਨੀਅਰ ਭੈਣ ਚੀਨੀ ਵਿਦਿਆਰਥੀਆਂ ਨੂੰ ਸੱਚਾਈ ਸਿਖਾ ਰਹੀ ਹੈ। ਜਦੋਂ ਉਹ ਅੱਠ ਅਪਾਰਟਮੈਂਟ ਵਾਲੀ ਇਮਾਰਤ, ਜਿਸ ਵਿਚ ਇਹ ਵਿਦਿਆਰਥੀ ਰਹਿੰਦੇ ਸਨ, ਵਿਚ ਪ੍ਰਚਾਰ-ਕਾਰਜ ਕਰ ਰਹੀ ਸੀ, ਤਾਂ ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਦੀ ਮਦਦ ਮੰਗੀ ਕਿ ਉਹ ਹਰੇਕ ਅਪਾਰਟਮੈਂਟ ਵਿਚ ਅਧਿਐਨ ਸ਼ੁਰੂ ਕਰ ਸਕੇ। ਦੋ ਹਫ਼ਤਿਆਂ ਵਿਚ, ਉਹ ਹਰੇਕ ਅਪਾਰਟਮੈਂਟ ਵਿਚ ਘੱਟੋ-ਘੱਟ ਇਕ ਵਿਦਿਆਰਥੀ ਨਾਲ ਅਧਿਐਨ ਕਰ ਰਹੀ ਸੀ। ਉਸ ਦੀ ਇਕ ਪ੍ਰਭਾਵਕਾਰੀ ਪ੍ਰਸਤਾਵਨਾ ਇਹ ਕਹਿਣਾ ਹੈ ਕਿ ਉਸ ਨੇ ਵਿਦਿਆਰਥੀਆਂ ਵਿਚ ਇਕ ਸਾਂਝੀ ਰੁਚੀ ਦੇਖੀ ਹੈ—ਉਹ ਸਭ ਸ਼ਾਂਤੀ ਅਤੇ ਖ਼ੁਸ਼ੀ ਚਾਹੁੰਦੇ ਹਨ। ਫਿਰ ਉਹ ਪੁੱਛਦੀ ਹੈ ਕਿ ਕੀ ਉਨ੍ਹਾਂ ਦੀ ਵੀ ਇਹੋ ਰੁਚੀ ਹੈ। ਉਹ ਹਮੇਸ਼ਾ ਹਾਂ ਵਿਚ ਜਵਾਬ ਦਿੰਦੇ ਹਨ। ਫਿਰ ਉਹ ਉਨ੍ਹਾਂ ਦਾ ਧਿਆਨ ਸਥਾਈ ਸ਼ਾਂਤੀ ਅਤੇ ਖ਼ੁਸ਼ੀ—ਇਹ ਕਿਵੇਂ ਮਿਲਣਗੀਆਂ (ਅੰਗ੍ਰੇਜ਼ੀ) ਵੱਡੀ ਪੁਸਤਿਕਾ ਵੱਲ ਖਿੱਚਦੀ ਹੈ, ਜੋ ਕਿ ਚੀਨੀ ਲੋਕਾਂ ਲਈ ਤਿਆਰ ਕੀਤੀ ਗਈ ਹੈ। ਸਿਰਫ਼ ਪੰਜ ਅਧਿਐਨ ਬੈਠਕਾਂ ਮਗਰੋਂ, ਇਕ ਵਿਦਿਆਰਥੀ ਨੇ ਉਸ ਨੂੰ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸੱਚਾਈ ਦੀ ਭਾਲ ਕਰ ਰਿਹਾ ਸੀ ਅਤੇ ਹੁਣ ਉਸ ਨੂੰ ਇਹ ਮਿਲ ਗਈ ਹੈ।
17 ਹਿੰਦੂਆਂ ਨੂੰ ਗਵਾਹੀ ਦੇਣਾ: (ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ ਵਿਚ ਅਧਿਆਇ 5 ਦੇਖੋ।) ਜਿਵੇਂ ਕਿ ਸਾਡੇ ਵਿੱਚੋਂ ਜ਼ਿਆਦਾਤਰ ਭੈਣ-ਭਰਾ ਜਾਣਦੇ ਹਨ, ਹਿੰਦੂ ਧਰਮ ਵਿਚ ਕੋਈ ਇਕ ਨਿਸ਼ਚਿਤ ਧਰਮ-ਸਿਧਾਂਤ ਨਹੀਂ ਹੈ। ਇਸ ਦਾ ਫ਼ਲਸਫ਼ਾ ਬਹੁਤ ਗੁੰਝਲਦਾਰ ਹੈ। ਹਿੰਦੂ ਆਪਣੇ ਮੁੱਖ ਦੇਵਤੇ ਬ੍ਰਹਮਾ ਨੂੰ ਇਕ ਤ੍ਰਿਏਕ (ਸ੍ਰਿਸ਼ਟੀਕਰਤਾ ਬ੍ਰਹਮਾ, ਪਾਲਣਹਾਰ ਵਿਸ਼ਨੂੰ, ਅਤੇ ਨਾਸ਼ਕ ਸ਼ਿਵ) ਮੰਨਦੇ ਹਨ। ਅਮਰ ਆਤਮਾ ਵਿਚ ਵਿਸ਼ਵਾਸ ਉਨ੍ਹਾਂ ਦੀ ਪੁਨਰ-ਜਨਮ ਦੀ ਸਿੱਖਿਆ ਲਈ ਅਤਿ-ਜ਼ਰੂਰੀ ਹੈ, ਜਿਸ ਕਾਰਨ ਅਕਸਰ ਹਿੰਦੂ ਲੋਕ ਜੀਵਨ ਨੂੰ ਤਕਦੀਰ ਦੀ ਖੇਡ ਸਮਝਦੇ ਹਨ। (ਤਰਕ ਕਰਨਾ ਪੁਸਤਕ, ਸਫ਼ਾ 317-21, ਅਤੇ ਪਹਿਰਾਬੁਰਜ (ਅੰਗ੍ਰੇਜ਼ੀ), ਮਈ 15, 1997, ਸਫ਼ੇ 3-8 ਦੇਖੋ।) ਹਿੰਦੂ ਧਰਮ ਸਹਿਣਸ਼ੀਲਤਾ ਸਿਖਾਉਂਦਾ ਹੈ, ਕਿ ਸਾਰੇ ਧਰਮ ਇੱਕੋ ਸੱਚਾਈ ਵੱਲ ਲੈ ਜਾਂਦੇ ਹਨ।
18 ਹਿੰਦੂ ਫ਼ਲਸਫ਼ੇ ਉੱਤੇ ਲੰਬੀ ਬਹਿਸ ਕਰਨ ਦੀ ਬਜਾਇ, ਇਕ ਹਿੰਦੂ ਨੂੰ ਗਵਾਹੀ ਦੇਣ ਦਾ ਵਧੀਆ ਤਰੀਕਾ ਹੈ ਉਸ ਨੂੰ ਧਰਤੀ ਉੱਤੇ ਮਨੁੱਖੀ ਸੰਪੂਰਣਤਾ ਵਿਚ ਹਮੇਸ਼ਾ ਲਈ ਜੀਉਣ ਦੀ ਬਾਈਬਲ-ਆਧਾਰਿਤ ਉਮੀਦ ਬਾਰੇ ਸਮਝਾਉਣਾ, ਨਾਲੇ ਉਨ੍ਹਾਂ ਮਹੱਤਵਪੂਰਣ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਦੇਣਾ ਜੋ ਸਾਰੀ ਮਨੁੱਖਜਾਤੀ ਨੂੰ ਪਰੇਸ਼ਾਨ ਕਰ ਰਹੇ ਹਨ।
19 ਯਹੂਦੀਆਂ ਨੂੰ ਗਵਾਹੀ ਦੇਣਾ: (ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ ਵਿਚ ਅਧਿਆਇ 9 ਦੇਖੋ।) ਦੂਸਰੇ ਗ਼ੈਰ-ਮਸੀਹੀ ਧਰਮਾਂ ਤੋਂ ਭਿੰਨ, ਯਹੂਦੀ ਧਰਮ ਦੀਆਂ ਜੜ੍ਹਾਂ ਇਤਿਹਾਸ ਵਿਚ ਹਨ, ਨਾ ਕਿ ਮਿਥਿਹਾਸ ਵਿਚ। ਪ੍ਰੇਰਿਤ ਇਬਰਾਨੀ ਸ਼ਾਸਤਰ ਦੁਆਰਾ, ਮਨੁੱਖਜਾਤੀ ਦੀ ਸੱਚੇ ਪਰਮੇਸ਼ੁਰ ਲਈ ਖੋਜ ਵਿਚ ਇਕ ਜ਼ਰੂਰੀ ਜੋੜ ਮਿਲਦਾ ਹੈ। ਪਰੰਤੂ, ਪਰਮੇਸ਼ੁਰ ਦੇ ਬਚਨ ਦੇ ਉਲਟ, ਮਾਨਵ ਦੀ ਅਮਰ ਆਤਮਾ ਵਿਚ ਵਿਸ਼ਵਾਸ, ਆਧੁਨਿਕ ਯਹੂਦੀ ਧਰਮ ਦੀ ਇਕ ਮੂਲ ਸਿੱਖਿਆ ਹੈ। ਗੱਲ-ਬਾਤ ਦਾ ਇਕ ਸਾਂਝਾ ਆਧਾਰ ਕਾਇਮ ਕਰਨ ਲਈ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਅਬਰਾਹਾਮ ਦੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਾਂ ਅਤੇ ਕਿ ਅਸੀਂ ਅੱਜ ਦੇ ਸੰਸਾਰ ਵਿਚ ਸਮਾਨ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ।
20 ਜੇ ਤੁਹਾਨੂੰ ਇਕ ਯਹੂਦੀ ਮਿਲਦਾ ਹੈ ਜੋ ਪਰਮੇਸ਼ੁਰ ਨੂੰ ਨਹੀਂ ਮੰਨਦਾ ਹੈ, ਤਾਂ ਤੁਸੀਂ ਉਸ ਨੂੰ ਪੁੱਛ ਸਕਦੇ ਹੋ ਕਿ ਕੀ ਉਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਮਹਿਸੂਸ ਕਰਦਾ ਆਇਆ ਹੈ। ਉਸ ਦਾ ਜਵਾਬ ਸ਼ਾਇਦ ਇਹ ਪਤਾ ਲਗਾਉਣ ਵਿਚ ਤੁਹਾਡੀ ਮਦਦ ਕਰੇ ਕਿ ਉਸ ਨਾਲ ਕਿਸ ਮੁੱਦੇ ਤੇ ਗੱਲ ਕਰਨੀ ਵਧੀਆ ਹੋਵੇਗੀ। ਮਿਸਾਲ ਵਜੋਂ, ਉਸ ਨੂੰ ਸ਼ਾਇਦ ਇਸ ਸਵਾਲ ਦਾ ਕਦੇ ਤਸੱਲੀਬਖ਼ਸ਼ ਜਵਾਬ ਨਾ ਮਿਲਿਆ ਹੋਵੇ ਕਿ ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ। ਸੁਹਿਰਦ ਯਹੂਦੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਕਿ ਉਹ ਮਸੀਹਾ ਵਜੋਂ ਯਿਸੂ ਦੀ ਸ਼ਨਾਖਤ ਦੀ ਦੁਬਾਰਾ ਜਾਂਚ ਕਰਨ, ਉਸ ਰੂਪ ਵਿਚ ਜਿਸ ਰੂਪ ਵਿਚ ਯੂਨਾਨੀ ਸ਼ਾਸਤਰ ਦੇ ਯਹੂਦੀ ਲਿਖਾਰੀ ਯਿਸੂ ਨੂੰ ਪੇਸ਼ ਕਰਦੇ ਹਨ, ਨਾ ਕਿ ਜਿਸ ਗ਼ਲਤ ਤਰੀਕੇ ਨਾਲ ਈਸਾਈ-ਜਗਤ ਉਸ ਨੂੰ ਪੇਸ਼ ਕਰਦਾ ਹੈ।
21 ਮੁਸਲਮਾਨਾਂ ਨੂੰ ਗਵਾਹੀ ਦੇਣਾ: (ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ ਵਿਚ ਅਧਿਆਇ 12 ਦੇਖੋ।) ਮੁਸਲਮਾਨ, ਅਰਥਾਤ ਇਸਲਾਮ ਦੇ ਪੈਰੋਕਾਰ, ਅੱਲਾ ਨੂੰ ਆਪਣਾ ਇੱਕੋ-ਇਕ ਖ਼ੁਦਾ ਮੰਨਦੇ ਹਨ ਅਤੇ ਮੁਹੰਮਦ (570-632 ਸਾ.ਯੁ.) ਨੂੰ ਉਸ ਦਾ ਆਖ਼ਰੀ ਅਤੇ ਸਭ ਤੋਂ ਅਹਿਮ ਨਬੀ ਮੰਨਦੇ ਹਨ। ਕਿਉਂਕਿ ਮੁਸਲਮਾਨ ਇਹ ਨਹੀਂ ਮੰਨਦੇ ਕਿ ਖ਼ੁਦਾ ਦਾ ਇਕ ਬੇਟਾ ਸੀ, ਉਹ ਯਿਸੂ ਮਸੀਹ ਨੂੰ ਪਰਮੇਸ਼ੁਰ ਦਾ ਅਦਨਾ ਨਬੀ ਮੰਨਦੇ ਹਨ, ਅਤੇ ਇਸ ਤੋਂ ਜ਼ਿਆਦਾ ਕੁਝ ਨਹੀਂ। ਕੁਰਾਨ, ਜੋ ਕਿ 1,400 ਤੋਂ ਘੱਟ ਸਾਲ ਪੁਰਾਣਾ ਹੈ, ਇਬਰਾਨੀ ਅਤੇ ਯੂਨਾਨੀ ਸ਼ਾਸਤਰ ਦੋਵਾਂ ਦਾ ਹਵਾਲਾ ਦਿੰਦਾ ਹੈ। ਇਸਲਾਮ ਅਤੇ ਕੈਥੋਲਿਕ ਧਰਮ ਵਿਚ ਵੱਡੀਆਂ ਸਮਾਨਤਾਵਾਂ ਹਨ। ਦੋਵੇਂ ਧਰਮ ਮਨੁੱਖੀ ਆਤਮਾ ਦੀ ਅਮਰਤਾ, ਅਸਥਾਈ ਤਸੀਹੇ ਦੀ ਸਥਿਤੀ, ਅਤੇ ਭੱਖਦੇ ਨਰਕ ਦੀ ਹੋਂਦ ਬਾਰੇ ਸਿਖਾਉਂਦੇ ਹਨ।
22 ਗੱਲ-ਬਾਤ ਦਾ ਇਕ ਸਪੱਸ਼ਟ ਸਾਂਝਾ ਆਧਾਰ ਸਾਡਾ ਇਹ ਵਿਸ਼ਵਾਸ ਹੈ ਕਿ ਇੱਕੋ-ਇਕ ਸੱਚਾ ਪਰਮੇਸ਼ੁਰ ਹੈ ਅਤੇ ਕਿ ਬਾਈਬਲ ਉਸ ਵੱਲੋਂ ਪ੍ਰੇਰਿਤ ਹੈ। ਕੁਰਾਨ ਨੂੰ ਧਿਆਨ ਨਾਲ ਪੜ੍ਹਨ ਵਾਲੇ ਇਕ ਵਿਅਕਤੀ ਨੇ ਜ਼ਰੂਰ ਪੜ੍ਹਿਆ ਹੋਵੇਗਾ ਕਿ ਤੌਰਾਤ, ਜ਼ਬੂਰ, ਅਤੇ ਇੰਜੀਲ ਖ਼ੁਦਾ ਦਾ ਕਲਾਮ ਹੈ ਅਤੇ ਇਨ੍ਹਾਂ ਨੂੰ ਇਹੋ ਸਮਝ ਕੇ ਮੰਨਣਾ ਚਾਹੀਦਾ ਹੈ। ਇਸ ਲਈ, ਤੁਸੀਂ ਉਸ ਵਿਅਕਤੀ ਨਾਲ ਇਨ੍ਹਾਂ ਦਾ ਅਧਿਐਨ ਕਰਨ ਦੀ ਪੇਸ਼ਕਸ਼ ਕਰ ਸਕਦੇ ਹੋ।
23 ਇਹ ਪੇਸ਼ਕਾਰੀ ਸ਼ਾਇਦ ਇਕ ਮੁਸਲਮਾਨ ਲਈ ਪ੍ਰਭਾਵਕਾਰੀ ਹੋਵੇ: “ਮੈਂ ਇਸ ਪੁਸਤਕ ਵਿਚ ਤੁਹਾਡੇ ਧਰਮ ਦੀਆਂ ਕੁਝ ਸਿੱਖਿਆਵਾਂ ਬਾਰੇ ਪੜ੍ਹਿਆ ਹੈ। [ਤਰਕ ਕਰਨਾ ਪੁਸਤਕ ਵਿਚ ਸਫ਼ਾ 24 ਖੋਲ੍ਹੋ।] ਇਹ ਕਹਿੰਦੀ ਹੈ ਕਿ ਤੁਸੀਂ ਮੰਨਦੇ ਹੋ ਕਿ ਯਿਸੂ ਨਬੀ ਸੀ ਪਰ ਕਿ ਮੁਹੰਮਦ ਆਖ਼ਰੀ ਅਤੇ ਸਭ ਤੋਂ ਮਹੱਤਵਪੂਰਣ ਨਬੀ ਸੀ। ਕੀ ਤੁਸੀਂ ਮੂਸਾ ਨੂੰ ਇਕ ਸੱਚਾ ਨਬੀ ਮੰਨਦੇ ਹੋ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਮੂਸਾ ਨੇ ਪਰਮੇਸ਼ੁਰ ਤੋਂ ਉਸ ਦੇ ਨਿੱਜੀ ਨਾਂ ਬਾਰੇ ਕੀ ਸਿੱਖਿਆ ਸੀ?” ਫਿਰ ਕੂਚ 6:2, 3 ਪੜ੍ਹੋ। ਪੁਨਰ-ਮੁਲਾਕਾਤ ਤੇ, ਤੁਸੀਂ ਪੁਸਤਿਕਾ ਖ਼ੁਦਾ ਪ੍ਰਤੀ ਸੱਚੀ ਅਧੀਨਗੀ ਦਾ ਸਮਾਂ (ਅੰਗ੍ਰੇਜ਼ੀ) ਵਿਚ ਸਫ਼ਾ 13 ਉੱਤੇ ਉਪ-ਸਿਰਲੇਖ “ਇਕ ਖ਼ੁਦਾ, ਇਕ ਮਜ਼ਹਬ” ਉੱਤੇ ਚਰਚਾ ਕਰ ਸਕਦੇ ਹੋ।
24 ਅੱਜ, ਬਹੁਤ ਸਾਰੇ ਲੋਕ ਯਸਾਯਾਹ 55:6 ਦੇ ਸ਼ਬਦਾਂ ਦੇ ਅਨੁਸਾਰ ਕੰਮ ਕਰ ਰਹੇ ਹਨ, ਜੋ ਕਹਿੰਦਾ ਹੈ: “ਯਹੋਵਾਹ ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ।” ਇਹ ਸਾਰੇ ਨੇਕਦਿਲ ਇਨਸਾਨਾਂ ਉੱਤੇ ਲਾਗੂ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਭਾਸ਼ਾ ਜਾਂ ਧਾਰਮਿਕ ਪਿਛੋਕੜ ਦੇ ਕਿਉਂ ਨਾ ਹੋਣ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਜਤਨਾਂ ਨੂੰ ਬਰਕਤਾਂ ਦੇਵੇਗਾ ਜਿਉਂ-ਜਿਉਂ ਅਸੀਂ ਜਾ ਕੇ “ਸਾਰੀਆਂ ਕੌਮਾਂ ਨੂੰ ਚੇਲੇ” ਬਣਾਉਂਦੇ ਹਾਂ।—ਮੱਤੀ 28:19.
[ਸਫ਼ੇ 6 ਉੱਤੇ ਡੱਬੀ]
ਗ਼ੈਰ-ਮਸੀਹੀ ਲੋਕਾਂ ਲਈ ਤਿਆਰ ਕੀਤਾ ਗਿਆ ਸਾਹਿੱਤ
ਹਿੰਦੂ
ਈਸ਼ਵਰੀ ਸੱਚਾਈ ਦਾ ਰਾਹ ਜੋ ਮੁਕਤੀ ਵਲ ਲੈ ਜਾਂਦਾ ਹੈ (ਪੁਸਤਿਕਾ)
ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ? (ਵੱਡੀ ਪੁਸਤਿਕਾ)
ਕੁਰਕਸ਼ੇਤਰ ਤੋਂ ਹਰਮਗਿੱਦੋਨ ਤਕ—ਅਤੇ ਤੁਹਾਡਾ ਬਚਾਉ (ਪੁਸਤਿਕਾ)
ਮੌਤ ਉੱਤੇ ਜਿੱਤ—ਕੀ ਤੁਹਾਡੇ ਲਈ ਇਹ ਸੰਭਵ ਹੈ? (ਪੁਸਤਿਕਾ)
ਚੀਨੀ
ਸਥਾਈ ਸ਼ਾਂਤੀ ਅਤੇ ਖ਼ੁਸ਼ੀ—ਇਹ ਕਿਵੇਂ ਮਿਲਣਗੀਆਂ (ਵੱਡੀ ਪੁਸਤਿਕਾ)
ਬੋਧੀ
ਪਿਤਾ ਦੀ ਭਾਲ ਵਿਚ (ਪੁਸਤਿਕਾ)
“ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ” (ਵੱਡੀ ਪੁਸਤਿਕਾ)
ਮੁਸਲਮਾਨ
ਖ਼ੁਦਾ ਪ੍ਰਤੀ ਸੱਚੀ ਅਧੀਨਗੀ ਦਾ ਸਮਾਂ (ਪੁਸਤਿਕਾ)
ਫਿਰਦੌਸ ਨੂੰ ਜਾਣ ਦਾ ਰਾਹ ਕਿਵੇਂ ਭਾਲੀਏ (ਟ੍ਰੈਕਟ)
ਯਹੂਦੀ
ਕੀ ਕਦੇ ਵੀ ਯੁੱਧ-ਰਹਿਤ ਸੰਸਾਰ ਹੋਵੇਗਾ? (ਵੱਡੀ ਪੁਸਤਿਕਾ)