ਕੀ ਸੁਪਨੇ ਭਵਿੱਖ ਦੀ ਪੂਰਵ-ਸੂਚਨਾ ਦੇ ਸਕਦੇ ਹਨ?
ਪ੍ਰਾਚੀਨ ਸਮਿਆਂ ਤੋਂ ਹੀ ਮਨੁੱਖਜਾਤੀ ਦੀ ਸੁਪਨਿਆਂ ਵਿਚ ਗਹਿਰੀ ਰੁਚੀ ਰਹੀ ਹੈ। ਮਿਸਰੀਆਂ ਨੇ ਸੁਪਨਿਆਂ ਦੀ ਵਿਆਖਿਆ ਦੇ ਲਈ ਵਿਸਤ੍ਰਿਤ ਪੁਸਤਕਾਂ ਤਿਆਰ ਕੀਤੀਆਂ, ਅਤੇ ਬਾਬਲੀਆਂ ਦੇ ਆਪਣੇ ਸੁਪਨਿਆਂ ਦੇ ਵਿਆਖਿਆਕਾਰ ਹੁੰਦੇ ਸਨ। ਯੂਨਾਨੀਆਂ ਦੇ ਵਿਚ ਬੀਮਾਰ ਲੋਕਾਂ ਨੂੰ ਆਪਣੇ ਸੁਪਨਿਆਂ ਵਿਚ ਸਿਹਤ ਸੰਬੰਧੀ ਹਿਦਾਇਤਾਂ ਹਾਸਲ ਕਰਨ ਦੇ ਲਈ ਅਸਕਲੀਪਿਅਸ ਦੇ ਮੰਦਰਾਂ ਵਿਚ ਸੁਲਾਉਣ ਦਾ ਰਿਵਾਜ ਸੀ। ਸਾਡੇ ਸਾਧਾਰਣ ਯੁਗ ਦੀ ਦੂਜੀ ਸਦੀ ਵਿਚ, ਆਰਟੇਮੀਡੋਰਸ ਨੇ ਇਕ ਪੁਸਤਕ ਦੀ ਰਚਨਾ ਕੀਤੀ ਜਿਸ ਵਿਚ ਉਸ ਨੇ ਸੁਪਨਿਆਂ ਦੇ ਪ੍ਰਤੀਕਾਂ ਦੀਆਂ ਵਿਆਖਿਆਵਾਂ ਦਿੱਤੀਆਂ ਸਨ। ਉਸ ਸਮੇਂ ਤੋਂ ਰਚੀਆਂ ਗਈਆਂ ਇਸ ਪ੍ਰਕਾਰ ਦੀਆਂ ਅਨੇਕ ਪੁਸਤਕਾਂ ਉਸ ਦੀ ਪੁਸਤਕ ਉੱਤੇ ਆਧਾਰਿਤ ਕੀਤੀਆਂ ਗਈਆਂ ਹਨ। ਇਸ ਸਮੇਂ ਤਕ, ਸੁਪਨਿਆਂ ਦੀ ਵਿਆਖਿਆ ਕਰਨ ਦੇ ਜਤਨ ਕੀਤੇ ਜਾਂਦੇ ਹਨ, ਲੇਕਨ ਕੀ ਇਹ ਅਸਲ ਵਿਚ ਭਵਿੱਖਤ ਘਟਨਾਵਾਂ ਵਿਚ ਅੰਤਰਦ੍ਰਿਸ਼ਟੀ ਮੁਹੱਈਆ ਕਰਦੇ ਹਨ?
ਇਨ੍ਹਾਂ ਵਿਚ ਭਵਿੱਖਵਾਦੀ ਮਹੱਤਤਾ ਹੋਣ ਦੇ ਲਈ, ਇਨ੍ਹਾਂ ਨੂੰ ਇਕ ਉੱਚਤਰ ਸ਼ਕਤੀ ਦੁਆਰਾ ਪ੍ਰਭਾਵਿਤ ਹੋਣਾ ਪਵੇਗਾ। ਬਾਈਬਲ ਵਿਚ ਅਸੀਂ ਅਨੇਕ ਉਦਾਹਰਣ ਦੇਖਦੇ ਹਾਂ ਜਿਨ੍ਹਾਂ ਵਿਚ ਪਰਮੇਸ਼ੁਰ ਨੇ ਠੀਕ ਇਹੋ ਹੀ ਸ਼ਕਤੀ ਪ੍ਰਦਾਨ ਕੀਤੀ। ਉਸ ਨੇ ਆਪਣੇ ਸੇਵਕਾਂ ਨੂੰ, ਨਾਲ ਹੀ ਕੁਝ ਅਜਿਹੇ ਵਿਅਕਤੀਆਂ ਨੂੰ ਜੋ ਉਸ ਦੀ ਉਪਾਸਨਾ ਨਹੀਂ ਕਰਦੇ ਸਨ, ਭਵਿੱਖ-ਸੂਚਕ ਸੁਪਨੇ ਵਿਖਾਏ। ਅਸਲ ਵਿਚ, ਅੱਯੂਬ 33:14-16 ਕਹਿੰਦਾ ਹੈ: “ਪਰਮੇਸ਼ੁਰ . . . ਬੋਲਦਾ ਹੈ . . . ਸੁਫ਼ਨੇ ਵਿੱਚ ਰਾਤ ਦੀ ਦਰਿਸ਼ਟੀ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ, ਅਤੇ ਜਦ ਓਹ ਆਪਣਿਆਂ ਬਿਸਤਰਿਆਂ ਉੱਤੇ ਸੌਂਦੇ ਹਨ, ਤਦ ਉਹ ਮਨੁੱਖਾਂ ਦੇ ਕੰਨ ਖੋਲ੍ਹਦਾ ਹੈ।”
ਪਰਮੇਸ਼ੁਰ ਨੇ ਯੂਸੁਫ਼ ਦੇ ਦਿਨਾਂ ਵਿਚ, ਜੋ ਸਾਧਾਰਣ ਯੁਗ ਤੋਂ 1,700 ਤੋਂ ਵੱਧ ਵਰ੍ਹਿਆਂ ਪਹਿਲਾਂ ਜੀਵਿਤ ਸੀ, ਮਿਸਰੀ ਫ਼ਿਰਊਨ ਦੇ ਮਾਮਲੇ ਵਿਚ ਇਹ ਕੀਤਾ ਸੀ। ਫ਼ਿਰਊਨ ਦਾ ਸੁਪਨਾ ਉਤਪਤ 41:1-7 ਵਿਚ ਪਾਇਆ ਜਾਂਦਾ ਹੈ, ਅਤੇ ਆਇਤਾਂ 25 ਤੋਂ 32 ਵਿਚ, ਯੂਸੁਫ਼ ਇਸ ਦੀ ਵਿਆਖਿਆ ਸੱਤ ਸਾਲ ਦੀ ਪੂਰਵ-ਸੂਚਨਾ ਵਜੋਂ ਕਰਦਾ ਹੈ, ਜਦੋਂ ‘ਸਾਰੇ ਮਿਸਰ ਦੇਸ ਵਿੱਚ ਵੱਡਾ ਸੁਕਾਲ’ ਹੋਵੇਗਾ, ਜਿਸ ਉਪਰੰਤ ਕਾਲ ਦੇ ਸੱਤ ਸਾਲ ਪੈਣਗੇ। ਯੂਸੁਫ਼ ਨੇ ਫ਼ਿਰਊਨ ਨੂੰ ਸਮਝਾਇਆ: “ਪਰਮੇਸ਼ੁਰ ਜੋ ਕੁਝ ਕਰਨ ਨੂੰ ਹੈ ਸੋ ਉਸ ਫ਼ਿਰਊਨ ਨੂੰ ਵਿਖਾਲਿਆ ਹੈ।” (ਉਤਪਤ 41:28) ਉਹ ਸੁਪਨਾ ਉਸ ਗੱਲ ਬਾਰੇ ਭਵਿੱਖ-ਸੂਚਕ ਸੀ ਜੋ ਅਸਲ ਵਿਚ ਵਾਪਰਿਆ।
ਬਾਬਲ ਦੇ ਇਕ ਉੱਘੇ ਰਾਜੇ ਨੂੰ ਵੀ ਇਕ ਸਮਾਨ ਅਨੁਭਵ ਹਾਸਲ ਹੋਇਆ। ਨਬੂਕਦਨੱਸਰ ਨੇ ਇਕ ਸੁਪਨਾ ਵੇਖਿਆ ਜਿਸ ਨੇ ਉਸ ਨੂੰ ਬਹੁਤ ਹੀ ਪਰੇਸ਼ਾਨ ਕੀਤਾ, ਲੇਕਨ ਉਸ ਨੂੰ ਉਹ ਸੁਪਨਾ ਯਾਦ ਨਹੀਂ ਸੀ। ਇਸ ਲਈ ਉਸ ਨੇ ਆਪਣੇ ਜਾਦੂਗਰਾਂ ਨੂੰ ਉਸ ਨੂੰ ਉਹ ਸੁਪਨਾ ਅਤੇ ਉਸ ਦੀ ਵਿਆਖਿਆ ਦੱਸਣ ਦੇ ਲਈ ਸੱਦਿਆ। ਇਹ ਇਕ ਅਜਿਹੀ ਮੰਗ ਸੀ ਜੋ ਉਨ੍ਹਾਂ ਲਈ ਪੂਰੀ ਕਰਨੀ ਨਾਮੁਮਕਿਨ ਸੀ।—ਦਾਨੀਏਲ 2:1-11.
ਕਿਉਂ ਜੋ ਪਰਮੇਸ਼ੁਰ ਨੇ ਇਹ ਸੁਪਨਾ ਰਾਜੇ ਨੂੰ ਵਿਖਾਇਆ ਸੀ, ਉਸ ਨੇ ਨਬੀ ਦਾਨੀਏਲ ਨੂੰ ਇਹ ਸੁਪਨਾ ਅਤੇ ਇਸ ਦੀ ਵਿਆਖਿਆ ਪ੍ਰਗਟ ਕਰਨ ਦੀ ਸਮਰਥਾ ਦਿੱਤੀ। ਦਾਨੀਏਲ 2:19 ਕਹਿੰਦਾ ਹੈ: “ਰਾਤ ਨੂੰ ਦਰਸ਼ਣ ਵਿੱਚ ਦਾਨੀਏਲ ਉੱਤੇ ਉਹ ਭੇਤ ਖੁੱਲ੍ਹ ਗਿਆ।” ਦਾਨੀਏਲ ਨੇ ਇਸ ਸੁਪਨੇ ਦਾ ਸਿਹਰਾ ਪਰਮੇਸ਼ੁਰ ਦੇ ਸਿਰ ਦਿੱਤਾ: “ਉਹ ਭੇਤ ਜੋ ਮਹਾਰਾਜ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤ੍ਰੀ ਨਾ ਅਗੰਮ ਜਾਣੀ ਮਹਾਰਾਜ ਨੂੰ ਦੱਸ ਸੱਕਦੇ ਹਨ। ਪਰ ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਹ ਨੇ ਮਹਾਰਾਜ ਨਬੂਕਦਨੱਸਰ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ।”—ਦਾਨੀਏਲ 2:27, 28.
ਕਦੇ-ਕਦੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਸੁਪਨਿਆਂ ਦੇ ਰਾਹੀਂ ਹਿਦਾਇਤਾਂ ਦਿੱਤੀਆਂ, ਅਤੇ ਹੋਰ ਮੌਕਿਆਂ ਤੇ ਉਸ ਨੇ ਈਸ਼ਵਰੀ ਪ੍ਰਵਾਨਗੀ ਦਾ ਯਕੀਨ ਦਿਲਾਇਆ ਜਾਂ ਉਨ੍ਹਾਂ ਨੂੰ ਇਹ ਸਮਝਣ ਵਿਚ ਮਦਦ ਦਿੱਤੀ ਕਿ ਉਹ ਉਨ੍ਹਾਂ ਦੀ ਕਿਵੇਂ ਸਹਾਇਤਾ ਕਰ ਰਿਹਾ ਸੀ। ਯਾਕੂਬ ਦੇ ਮਾਮਲੇ ਵਿਚ, ਪਰਮੇਸ਼ੁਰ ਨੇ ਇਕ ਸੁਪਨੇ ਦੇ ਰਾਹੀਂ ਆਪਣੀ ਪ੍ਰਵਾਨਗੀ ਜ਼ਾਹਰ ਕੀਤੀ।—ਉਤਪਤ 48:3, 4.
ਜਦੋਂ ਯਿਸੂ ਦੇ ਪਾਲਕ ਪਿਤਾ, ਯੂਸੁਫ਼, ਨੂੰ ਪਤਾ ਲੱਗਾ ਕਿ ਮਰਿਯਮ ਗਰਭਵਤੀ ਸੀ, ਤਾਂ ਉਸ ਨੇ ਉਸ ਨੂੰ ਤਲਾਕ ਦੇਣ ਦਾ ਨਿਰਣਾ ਕੀਤਾ। ਤਦ ਉਸ ਨੂੰ ਇਕ ਸੁਪਨੇ ਵਿਚ ਇਸ ਤਰ੍ਹਾਂ ਨਾ ਕਰਨ ਦੀਆਂ ਹਿਦਾਇਤਾਂ ਮਿਲੀਆਂ। ਮੱਤੀ 1:20 ਕਹਿੰਦਾ ਹੈ: “ਜਾਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੁ ਦੇ ਇੱਕ ਦੂਤ ਨੇ ਸੁਫਨੇ ਵਿੱਚ ਉਹ ਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤ੍ਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤ੍ਰ ਆਤਮਾ ਤੋਂ ਹੈ।” ਬਾਅਦ ਵਿਚ ਉਸ ਨੂੰ ਸੁਪਨੇ ਵਿਚ ਇਕ ਚੇਤਾਵਨੀ ਮਿਲੀ: “ਪ੍ਰਭੁ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਦਰਸ਼ਣ ਦੇ ਕੇ ਆਖਿਆ, ਉੱਠ! ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇਸ ਨੂੰ ਭੱਜ ਜਾਹ।”—ਮੱਤੀ 2:13.
ਸੁਪਨੇ ਜੋ ਪਰਮੇਸ਼ੁਰ ਵੱਲੋਂ ਨਹੀਂ ਹਨ
ਇਹ ਤੱਥ ਕਿ ਸੁਪਨੇ ਦੀ ਵਿਆਖਿਆ ਕਰਨਾ ਉਨ੍ਹਾਂ ਲੋਕਾਂ ਵਿਚ ਆਮ ਸੀ ਜੋ ਪਰਮੇਸ਼ੁਰ ਦੇ ਲੋਕ ਨਹੀਂ ਸਨ, ਸੂਚਿਤ ਕਰਦਾ ਹੈ ਕਿ ਆਮ ਤੌਰ ਤੇ ਸੁਪਨੇ ਭਵਿੱਖ ਦੇ ਭਰੋਸੇਯੋਗ ਸੂਚਕ ਵਜੋਂ ਵਿਚਾਰੇ ਨਹੀਂ ਜਾ ਸਕਦੇ ਹਨ। ਪਰਮੇਸ਼ੁਰ ਦੇ ਨਬੀ ਯਿਰਮਿਯਾਹ ਦੇ ਦਿਨਾਂ ਵਿਚ, ਝੂਠੇ ਨਬੀ ਕਹਿ ਰਹੇ ਸਨ: “ਮੈਂ ਸੁਫਨਾ ਵੇਖਿਆ ਹੈ, ਮੈਂ ਸੁਫਨਾ ਵੇਖਿਆ ਹੈ!” (ਯਿਰਮਿਯਾਹ 23:25) ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਇਹ ਸੋਚਣ ਦੇ ਲਈ ਗੁਮਰਾਹ ਕਰਨਾ ਸੀ ਕਿ ਪਰਮੇਸ਼ੁਰ ਉਨ੍ਹਾਂ ਦੇ ਦੁਆਰਾ ਗੱਲਾਂ ਕਰ ਰਿਹਾ ਸੀ। ਇਨ੍ਹਾਂ ਸੁਪਨਦਰਸ਼ੀਆਂ ਦੇ ਬਾਰੇ, ਯਿਰਮਿਯਾਹ ਇਹ ਆਖਣ ਦੇ ਲਈ ਪ੍ਰੇਰਿਤ ਹੋਇਆ: “ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਕਿ ਤੁਹਾਡੇ ਨਬੀ ਜਿਹੜੇ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਫ਼ਾਲ ਪਾਉਣ ਵਾਲੇ ਤੁਹਾਨੂੰ ਕੁਰਾਹੇ ਨਾ ਪਾਉਣ ਅਤੇ ਆਪਣੇ ਸੁਫਨੇ ਜਿਹੜੇ ਤੁਸੀਂ ਵੇਖਦੇ ਹੋ ਨਾ ਮੰਨੋ। ਕਿਉਂ ਜੋ ਓਹ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ . . . ਯਹੋਵਾਹ ਦਾ ਵਾਕ ਹੈ।”—ਯਿਰਮਿਯਾਹ 29:8, 9.
ਕਿਉਂ ਜੋ ਇਹ ਝੂਠੇ ਨਬੀ “ਫ਼ਾਲ ਪਾਉਣ ਵਾਲੇ” ਸਨ, ਉਨ੍ਹਾਂ ਦੇ ਸੁਪਨੇ ਦੁਸ਼ਟ ਆਤਮਿਕ ਸ਼ਕਤੀਆਂ ਦੁਆਰਾ ਲੋਕਾਂ ਨੂੰ ਗੁਮਰਾਹ ਕਰ ਦੇਣ ਦੇ ਮਕਸਦ ਨਾਲ ਪ੍ਰਭਾਵਿਤ ਹੋ ਸਕਦੇ ਸਨ। ਇਹੋ ਗੱਲ ਦਾ ਸੰਕੇਤ ਜ਼ਕਰਯਾਹ 10:2 ਵਿਚ ਕਹੀ ਗਈ ਗੱਲ ਤੋਂ ਮਿਲਦਾ ਹੈ: “ਤਰਾਫੀਮ ਤਾਂ ਫੋਕੀਆਂ ਗੱਲਾਂ ਕਰਦੇ ਹਨ, ਪੁੱਛ ਦੇਣ ਵਾਲੇ ਝੂਠ ਵੇਖਦੇ ਹਨ, ਸੁਫਨੇ ਵਾਲੇ ਵਿਅਰਥ ਗੱਲਾਂ ਕਰਦੇ ਹਨ।”
ਇਬਲੀਸ ਉਹ ਮਹਾਂ ਧੋਖੇਬਾਜ਼ ਹੈ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਧਾਰਮਿਕ ਆਗੂਆਂ ਨੂੰ ਇਹ ਝੂਠਾ ਦਾਅਵਾ ਕਰਨ ਦੇ ਲਈ ਇਸਤੇਮਾਲ ਕੀਤਾ ਹੈ ਕਿ ਪਰਮੇਸ਼ੁਰ ਨੇ ਦਰਸ਼ਣਾਂ ਅਤੇ ਸੁਪਨਿਆਂ ਦੇ ਦੁਆਰਾ ਉਨ੍ਹਾਂ ਦੇ ਨਾਲ ਗੱਲਾਂ ਕੀਤੀਆਂ ਹਨ, ਠੀਕ ਜਿਵੇਂ ਯਿਰਮਿਯਾਹ ਅਤੇ ਜ਼ਕਰਯਾਹ ਦੇ ਦਿਨਾਂ ਵਿਚ ਝੂਠੇ ਨਬੀਆਂ ਨੇ ਕੀਤਾ ਸੀ। ਅਜਿਹਿਆਂ ਦੇ ਸੰਬੰਧ ਵਿਚ, ਪ੍ਰੇਰਿਤ ਬਾਈਬਲ ਲਿਖਾਰੀ ਯਹੂਦਾਹ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਲਿਖਿਆ: “ਕਈ ਮਨੁੱਖ ਚੋਰੀਂ ਆ ਵੜੇ ਹਨ ਜਿਹੜੇ ਇਸ ਸਜ਼ਾ ਲਈ ਪਰਾਚੀਨ ਕਾਲ ਵਿੱਚ ਅਗੇਤਰੇ ਲਿਖੇ ਗਏ ਸਨ, ਸ਼ਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੁ ਹੈ ਇਨਕਾਰ ਕਰਦੇ ਹਨ।” ਉਸ ਨੇ ਕਿਹਾ ਕਿ ਇਹ ਮਨੁੱਖ, ਇਕ ਤਰ੍ਹਾਂ ਨਾਲ, “ਸੁਫ਼ਨਿਆਂ ਵਿੱਚ” ਲੱਗੇ ਹੋਏ ਸਨ।—ਯਹੂਦਾਹ 4, 8.
ਦਾਅਵਿਆਂ ਨੂੰ ਪਰਖੋ
ਇਕ ਵਿਅਕਤੀ ਸ਼ਾਇਦ ਦਾਅਵਾ ਕਰੇ ਕਿ ਪਰਮੇਸ਼ੁਰ ਨੇ ਇਕ ਸੁਪਨੇ ਵਿਚ ਉਸ ਨਾਲ ਗੱਲਾਂ ਕੀਤੀਆਂ ਜਾਂ ਕਿ ਭਵਿੱਖਤ ਘਟਨਾਵਾਂ ਬਾਰੇ ਉਸ ਦੇ ਸੁਪਨੇ ਸੱਚ ਸਾਬਤ ਹੋਏ ਹਨ, ਫਿਰ ਵੀ ਉਸ ਉੱਤੇ ਵਿਸ਼ਵਾਸ ਕਰਨ ਅਤੇ ਅੰਨ੍ਹੇਵਾਹ ਉਸ ਮਗਰ ਲੱਗਣ ਦਾ ਇਹ ਚੋਖਾ ਕਾਰਨ ਨਹੀਂ ਹੈ। ਬਿਵਸਥਾ ਸਾਰ 13:1-3, 5 ਵਿਚ ਪਾਈਆਂ ਜਾਂਦੀਆਂ ਇਸਰਾਏਲੀਆਂ ਨੂੰ ਲਿਖੀਆਂ ਗਈਆਂ ਹਿਦਾਇਤਾਂ ਉੱਤੇ ਧਿਆਨ ਦਿਓ: “ਜੇ ਤੁਹਾਡੇ ਵਿੱਚ ਕੋਈ ਨਬੀ ਅਥਵਾ ਸੁਫ਼ਨਾ ਵੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਅਥਵਾ ਅਚਰਜ ਕੰਮ ਵਿਖਾਵੇ। ਅਤੇ ਉਹ ਨਿਸ਼ਾਨ ਅਥਵਾ ਅਚਰਜ ਕੰਮ ਪੂਰਾ ਹੋ ਜਾਵੇ ਜਿਹ ਦੇ ਵਿਖੇ ਉਹ ਤੁਹਾਡੇ ਨਾਲ ਬੋਲਿਆ ਕਿ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ ਜਿਨ੍ਹਾਂ ਨੂੰ ਤੁਸਾਂ ਨਹੀਂ ਜਾਤਾ ਸੀ ਅਤੇ ਓਹਨਾਂ ਦੀ ਪੂਜਾ ਕਰੀਏ। ਤਾਂ ਤੁਸੀਂ ਉਸ ਨਬੀ ਅਥਵਾ ਸੁਫ਼ਨਾ ਵੇਖਣ ਵਾਲੇ ਦੀਆਂ ਗੱਲਾਂ ਨੂੰ ਨਾ ਸੁਣਿਓ . . . ਅਤੇ ਉਹ ਨਬੀ ਅਥਵਾ ਸੁਫ਼ਨਿਆਂ ਦੇ ਵੇਖਣ ਵਾਲਾ ਮਾਰ ਦਿੱਤਾ ਜਾਵੇ।” ਪਰਮੇਸ਼ੁਰ ਨੇ ਆਪਣੀ ਪਰਜਾ ਦੀ ਖਰਿਆਈ ਦੀ ਪਰਖ ਵਜੋਂ ਅਜਿਹਿਆਂ ਨੂੰ ਝੂਠੀਆਂ ਗੱਲਾਂ ਬੋਲਣ ਦੀ ਇਜਾਜ਼ਤ ਦਿੱਤੀ।
ਕਰਾਮਾਤੀ ਸੁਪਨਦਰਸ਼ੀਆਂ ਦੇ ਦਾਅਵਿਆਂ ਉੱਤੇ ਅੰਨ੍ਹੇਵਾਹ ਵਿਸ਼ਵਾਸ ਕਰਨ ਦੀ ਬਜਾਇ, ਸਾਡੇ ਲਈ ਬੁੱਧੀਮਤਾ ਦਾ ਰਾਹ ਇਹ ਹੈ ਕਿ ਅਸੀਂ ਉਨ੍ਹਾਂ ਦਿਆਂ ਦਾਅਵਿਆਂ ਦੀ ਪਰਖ ਕਰੀਏ ਤਾਂ ਜੋ ਉਸ ਅਦਿੱਖ ਮਹਾਂ ਧੋਖੇਬਾਜ਼ ਦੁਆਰਾ ਭਰਮਾਏ ਜਾਣ ਤੋਂ ਬਚ ਸਕੀਏ, ਜੋ “ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9) ਪਰੰਤੂ ਉਨ੍ਹਾਂ ਦੀ ਯਕੀਨੀ ਤੌਰ ਤੇ ਕਿਵੇਂ ਪਰਖ ਕੀਤੀ ਜਾ ਸਕਦੀ ਹੈ?
ਪਰਮੇਸ਼ੁਰ ਦਾ ਲਿਖਤੀ ਬਚਨ ਸਾਨੂੰ ਸੱਚਾਈ ਵੱਲ ਲੈ ਜਾਣ ਵਾਲਾ ਈਸ਼ਵਰੀ ਰੂਪ ਵਿਚ ਦਿੱਤਾ ਗਿਆ ਸਾਡਾ ਮਾਰਗ-ਦਰਸ਼ਕ ਹੈ। ਇਸ ਸੰਬੰਧੀ, ਯਿਸੂ ਮਸੀਹ ਨੇ ਕਿਹਾ: “ਤੇਰਾ ਬਚਨ ਸਚਿਆਈ ਹੈ।” (ਯੂਹੰਨਾ 17:17) ਇਸ ਲਈ ਸਾਨੂੰ 1 ਯੂਹੰਨਾ 4:1 ਵਿਚ ਸਾਵਧਾਨ ਕੀਤਾ ਜਾਂਦਾ ਹੈ: “ਹੇ ਪਿਆਰਿਓ, ਹਰੇਕ ਆਤਮਾ ਦੀ ਪਰਤੀਤ ਨਾ ਕਰ ਲਓ ਸਗੋਂ ਆਤਮਿਆਂ ਨੂੰ ਪਰਖੋ ਭਈ ਓਹ ਪਰਮੇਸ਼ੁਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਹਲੇ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ।” ਬਾਈਬਲ ਦੇ ਨਾਲ ਧਿਆਨਪੂਰਵਕ ਤੁਲਨਾ ਕਰਨ ਤੇ, ਉਨ੍ਹਾਂ ਦੇ ਦਾਅਵੇ, ਫ਼ਲਸਫ਼ੇ, ਅਤੇ ਕਾਰਜ ਇਸ ਨਾਲ ਟਕਰਾਉਣਗੇ। ਪਰਮੇਸ਼ੁਰ ਦਾ ਬਚਨ ਇਸ ਚੀਜ਼ ਦੀ ਪ੍ਰਮਾਣ-ਪੁਸਤਕ ਹੈ ਕਿ ਸੱਚਾਈ ਠੀਕ ਕੀ ਹੈ।
ਕੀ ਉਹ ਸੁਪਨਦਰਸ਼ੀ ਜੋ ਵਿਸ਼ੇਸ਼ ਗਿਆਨ ਹੋਣ ਦਾ ਦਾਅਵਾ ਕਰਦਾ ਹੈ ਅਸਲ ਵਿਚ ਫਾਲ ਜਾਂ ਦੂਜੇ ਪ੍ਰੇਤਵਾਦੀ ਅਭਿਆਸਾਂ ਨੂੰ ਵਰਤ ਰਿਹਾ ਹੈ? ਜੇਕਰ ਹਾਂ, ਤਾਂ ਪਰਮੇਸ਼ੁਰ ਦਾ ਬਚਨ ਉਸ ਦੀ ਨਿਖੇਦੀ ਕਰਦਾ ਹੈ। “ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ . . . ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ, ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ।”—ਬਿਵਸਥਾ ਸਾਰ 18:10-12.
ਜੇਕਰ ਉਹ ਆਪਣੇ ਵਿਚ ਇਕ ਪ੍ਰਾਣ ਹੋਣ ਦਾ ਦਾਅਵਾ ਕਰਦਾ ਹੈ, ਜੋ ਕਦੇ ਨਹੀਂ ਮਰਦਾ ਹੈ, ਤਾਂ ਉਹ ਪਰਮੇਸ਼ੁਰ ਦੇ ਬਚਨ ਦਾ ਖੰਡਨ ਕਰ ਰਿਹਾ ਹੈ ਜੋ ਸਪੱਸ਼ਟ ਤੌਰ ਤੇ ਆਖਦਾ ਹੈ: “ਜਿਹੜਾ ਪ੍ਰਾਣ ਪਾਪ ਕਰਦਾ ਹੈ—ਉਹੀ ਮਰੇਗਾ।” (ਹਿਜ਼ਕੀਏਲ 18:4, ਨਿ ਵ) ਕੀ ਉਹ ਖ਼ੁਦ ਨੂੰ ਉੱਚਾ ਕਰ ਰਿਹਾ ਹੈ ਅਤੇ ਪੈਰੋਕਾਰਾਂ ਨੂੰ ਆਪਣੇ ਪਿੱਛੇ ਖਿੱਚ ਰਿਹਾ ਹੈ? ਮੱਤੀ 23:12 ਖ਼ਬਰਦਾਰ ਕਰਦਾ ਹੈ: “ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨੀਵਾਂ ਕੀਤਾ ਜਾਵੇਗਾ।” ਅਤੇ ਰਸੂਲਾਂ ਦੇ ਕਰਤੱਬ 20:30 ਮਸੀਹੀਆਂ ਨੂੰ ਚੇਤਾਵਨੀ ਦਿੰਦਾ ਹੈ: “ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।”
ਕੀ ਉਹ ਹਿੰਸਾਤਮਕ ਕਾਰਵਾਈਆਂ ਦੀ ਹਿਮਾਇਤ ਕਰਦਾ ਹੈ? ਯਾਕੂਬ 3:17, 18 ਉਸ ਨੂੰ ਨਿੰਦਦਾ ਹੈ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ। ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ।” ਕੀ ਉਹ ਸੰਸਾਰ ਵਿਚ ਸਿਆਸੀ ਸੱਤਾ ਜਾਂ ਪ੍ਰਭਾਵ ਨੂੰ ਭਾਲਦਾ ਹੈ? ਪਰਮੇਸ਼ੁਰ ਦਾ ਬਚਨ ਇਹ ਕਹਿੰਦੇ ਹੋਏ, ਦ੍ਰਿੜ੍ਹਤਾ ਨਾਲ ਉਸ ਦੀ ਨਿੰਦਿਆ ਕਰਦਾ ਹੈ: “ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” ਇਸ ਤਰ੍ਹਾਂ ਬਾਈਬਲ ਉਸ ਨੂੰ ਬੇਨਕਾਬ ਕਰਦੀ ਹੈ ਜੋ ਝੂਠਾ ਹੈ।—ਯਾਕੂਬ 4:4.
ਜੇਕਰ ਇਕ ਵਿਅਕਤੀ ਨੂੰ ਪਰਿਵਾਰ ਦੇ ਇਕ ਸਦੱਸ ਜਾਂ ਇਕ ਮਿੱਤਰ ਦੀ ਮੌਤ ਦੇ ਬਾਰੇ ਸੁਪਨਾ ਆਉਂਦਾ ਹੈ, ਤਾਂ ਇਹ ਸ਼ਾਇਦ ਇਸ ਕਾਰਨ ਹੈ ਕਿ ਉਹ ਇਸ ਵਿਅਕਤੀ ਦੇ ਬਾਰੇ ਚਿੰਤਿਤ ਰਿਹਾ ਹੈ। ਇਹ ਗੱਲ ਕਿ ਉਹ ਵਿਅਕਤੀ ਠੀਕ ਸੁਪਨਾ ਆਉਣ ਦੀ ਹੀ ਰਾਤ ਨੂੰ ਮਰਿਆ, ਆਪਣੇ ਆਪ ਵਿਚ ਸਾਬਤ ਨਹੀਂ ਕਰਦੀ ਹੈ ਕਿ ਉਹ ਸੁਪਨਾ ਭਵਿੱਖ-ਸੂਚਕ ਸੀ। ਸੱਚ ਹੁੰਦੇ ਜਾਪਦੇ ਹਰੇਕ ਸੁਪਨੇ ਦੇ ਲਈ, ਸੈਂਕੜੇ ਸੁਪਨੇ ਹਨ ਜੋ ਸੱਚ ਨਹੀਂ ਹੁੰਦੇ ਹਨ।
ਹਾਲਾਂਕਿ ਪਰਮੇਸ਼ੁਰ ਨੇ ਅਤੀਤ ਵਿਚ, ਜਦੋਂ ਉਸ ਦਾ ਲਿਖਤੀ ਬਚਨ ਤਿਆਰ ਕੀਤਾ ਜਾ ਰਿਹਾ ਸੀ, ਭਵਿੱਖ-ਸੂਚਕ ਘਟਨਾਵਾਂ ਨੂੰ ਪ੍ਰਗਟ ਕਰਨ ਅਤੇ ਹਿਦਾਇਤਾਂ ਦੇਣ ਦੇ ਲਈ ਸੁਪਨਿਆਂ ਦੀ ਵਰਤੋਂ ਕੀਤੀ ਸੀ, ਅੱਜ ਉਸ ਨੂੰ ਇੰਜ ਕਰਨ ਦੀ ਲੋੜ ਨਹੀਂ ਹੈ। ਉਸ ਲਿਖਤੀ ਬਚਨ ਵਿਚ ਪਰਮੇਸ਼ੁਰ ਵੱਲੋਂ ਉਹ ਸਭ ਹਿਦਾਇਤਾਂ ਸ਼ਾਮਲ ਹਨ ਜਿਨ੍ਹਾਂ ਦੀ ਇਸ ਸਮੇਂ ਵਿਚ ਮਨੁੱਖਜਾਤੀ ਨੂੰ ਲੋੜ ਹੈ, ਅਤੇ ਇਸ ਦੀਆਂ ਭਵਿੱਖਬਾਣੀਆਂ ਭਵਿੱਖ ਵਿਚ ਦੇ ਇਕ ਹਜ਼ਾਰ ਤੋਂ ਵੱਧ ਵਰ੍ਹਿਆਂ ਦੀਆਂ ਘਟਨਾਵਾਂ ਨਾਲ ਸੰਬੰਧ ਰੱਖਦੀਆਂ ਹਨ। (2 ਤਿਮੋਥਿਉਸ 3:16, 17) ਇਸ ਲਈ ਅਸੀਂ ਯਕੀਨੀ ਹੋ ਸਕਦੇ ਹਾਂ ਕਿ ਸਾਡੇ ਸੁਪਨੇ ਪਰਮੇਸ਼ੁਰ ਵੱਲੋਂ ਭਵਿੱਖਤ ਘਟਨਾਵਾਂ ਦੇ ਸੰਕੇਤ ਨਹੀਂ ਹਨ ਬਲਕਿ ਸਾਡੀ ਮਾਨਸਿਕ ਕਲਿਆਣ ਨੂੰ ਬਰਕਰਾਰ ਰੱਖਣ ਦੇ ਲਈ ਦਿਮਾਗ਼ ਦੀਆਂ ਲੋੜੀਂਦੀਆਂ ਪ੍ਰਕ੍ਰਿਆਵਾਂ ਹਨ। (w96 10/1)
[ਸਫ਼ੇ 7 ਉੱਤੇ ਤਸਵੀਰ]
ਜਿਵੇਂ ਕਿ ਫ਼ਿਰਊਨ ਦੇ ਸੁਪਨੇ ਨੇ ਦਿਖਾਇਆ ਕਿ ਕੀ ਹੋਣ ਵਾਲਾ ਸੀ, ਉਵੇਂ ਹੀ ਪਰਮੇਸ਼ੁਰ ਦਾ ਬਚਨ ਸਾਡੇ ਭਵਿੱਖ ਉਤੇ ਰੌਸ਼ਨੀ ਪਾਉਦਾ ਹੈ