ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਤਪੱਸਿਆ ਬੁੱਧ ਦੀ ਕੁੰਜੀ ਹੈ?
“ਸੰਨਿਆਸੀਆਂ ਨੇ ਲੋਹੇ ਦੀਆਂ ਹੱਥਕੜੀਆਂ, ਜ਼ੰਜੀਰਾਂ, ਕੰਡੇਦਾਰ ਕਮਰਬੰਦ, ਅਤੇ ਕਿੱਲਦਾਰ ਕਾਲਰ ਪਹਿਨੇ . . . ਦੂਜੇ ਕੰਡਿਆਂ ਅਤੇ ਬਿੱਛੂ ਬੂਟੀਆਂ ਉੱਤੇ ਰਿੜ੍ਹੇ, ਜਾਣ-ਬੁੱਝ ਕੇ ਕੀੜਿਆਂ ਤੋਂ ਆਪਣੇ-ਆਪ ਨੂੰ ਡੰਗ ਮਰਵਾਏ, ਆਪਣੇ ਆਪ ਨੂੰ ਅੱਗ ਨਾਲ ਸਾੜਿਆ ਅਤੇ ਆਪਣੇ ਜ਼ਖ਼ਮਾਂ ਨੂੰ ਇੰਨਾ ਵਿਗਾੜ ਦਿੱਤਾ ਕਿ ਉਨ੍ਹਾਂ ਵਿਚ ਬੁਰੀ ਤਰ੍ਹਾਂ ਪਾਕ ਭਰ ਗਈ। ਅਲਪ ਆਹਾਰ ਆਮ ਗੱਲ ਸੀ, ਪਰ ਕਈਆਂ ਨੇ ਸਿਰਫ਼ ਖ਼ਰਾਬ ਜਾਂ ਫਿਰ ਹੋਰ ਤਰ੍ਹਾਂ ਦੇ ਘਟੀਆ ਖਾਣੇ ਖਾ ਕੇ ਇਸ ਤੋਂ ਵੀ ਵੱਧ ਕੀਤਾ।”—ਸੰਤ (ਅੰਗ੍ਰੇਜ਼ੀ), ਈਡਿਥ ਸਾਈਮਨ ਦੁਆਰਾ।
ਇਹ ਲੋਕ ਤਪੱਸਵੀ ਸਨ। ਉਨ੍ਹਾਂ ਨੇ ਆਪਣੇ ਨਾਲ ਇੰਨਾ ਬੁਰਾ ਵਰਤਾਉ ਕਿਉਂ ਕੀਤਾ? ਪੁਸਤਕ ਸੰਸਾਰ ਦੀ ਖ਼ਾਤਰ—ਬੋਧੀ ਅਤੇ ਈਸਾਈ ਮੱਠਵਾਸ ਦੀ ਪ੍ਰੇਰਣਾ (ਅੰਗ੍ਰੇਜ਼ੀ) ਵਿਚ, ਲੇਖਕ ਇਹ ਸਮਝਾਉਂਦੇ ਹਨ ਕਿ “ਘਟੋ-ਘੱਟ ਸੁਕਰਾਤ ਦੇ ਸਮੇਂ (ਪੰਜਵੀਂ ਸਦੀ ਸਾ.ਯੁ.ਪੂ.) ਤੋਂ, ਇਹ ਵਿਆਪਕ ਤੌਰ ਤੇ ਸਮਝਿਆ ਗਿਆ ਸੀ ਕਿ ਇਕ ਅਜਿਹਾ ਜੀਵਨ ਜੋ ਸਿਰਫ਼ ਜ਼ਰੂਰਤਾਂ ਨੂੰ ਗ੍ਰਹਿਣ ਕਰ ਕੇ ਕਾਮੁਕ ਅਤੇ ਭੌਤਿਕ ਆਨੰਦ ਤੋਂ ਮੁਕਤ ਸੀ, ਅਸਲੀ ਬੁੱਧ ਲਈ ਇਕ ਪੂਰਵ-ਸ਼ਰਤ ਸੀ।” ਤਪੱਸਵੀ ਸੋਚਦੇ ਸਨ ਕਿ ਸਰੀਰ ਦਾ ਦਮਨ ਕਰਨਾ ਉਨ੍ਹਾਂ ਦੀ ਅਧਿਆਤਮਿਕ ਚੇਤਨਾ ਨੂੰ ਵਧਾ ਕੇ ਸੱਚੀ ਗਿਆਨ-ਪ੍ਰਾਪਤੀ ਵੱਲ ਲੈ ਜਾਵੇਗਾ।
ਤਪੱਸਿਆ ਨੂੰ ਸਹੀ-ਸਹੀ ਪਰਿਭਾਸ਼ਿਤ ਕਰਨਾ ਔਖਾ ਹੈ। ਕੁਝ ਲੋਕਾਂ ਲਈ, ਇਸ ਦਾ ਅਰਥ ਕੇਵਲ ਆਤਮ-ਅਨੁਸ਼ਾਸਨ ਜਾਂ ਆਤਮ-ਤਿਆਗ ਹੈ। ਮੁਢਲੇ ਮਸੀਹੀ ਅਜਿਹੇ ਸਦਗੁਣਾਂ ਦੀ ਕਦਰ ਕਰਦੇ ਸਨ। (ਗਲਾਤੀਆਂ 5:22, 23; ਕੁਲੁੱਸੀਆਂ 3:5) ਯਿਸੂ ਮਸੀਹ ਨੇ ਖ਼ੁਦ ਇਕ ਸਾਦੇ ਜੀਵਨ ਦੀ ਸਲਾਹ ਦਿੱਤੀ ਜੋ ਭੌਤਿਕਵਾਦੀ ਜੀਵਨ-ਢੰਗ ਦੁਆਰਾ ਲਿਆਈਆਂ ਗਈਆਂ ਚਿੰਤਾਵਾਂ ਤੋਂ ਆਜ਼ਾਦ ਹੋਵੇ। (ਮੱਤੀ 6:19-33) ਲੇਕਿਨ, ਆਮ ਤੌਰ ਤੇ ਤਪੱਸਿਆ ਦਾ ਸੰਬੰਧ ਜ਼ਿਆਦਾ ਸਖ਼ਤ ਅਤੇ ਅਕਸਰ ਇੰਤਹਾਈ ਕਾਰਜਾਂ ਨਾਲ ਜੋੜਿਆ ਜਾਂਦਾ ਹੈ, ਜਿਵੇਂ ਉੱਪਰ ਵਰਣਨ ਕੀਤੇ ਗਏ ਹਨ। ਕੀ ਤਪੱਸਿਆ ਦੇ ਇਹ ਅਭਿਆਸ, ਖ਼ਾਸ ਕਰਕੇ ਇੰਤਹਾਈ ਰੂਪਾਂ ਵਿਚ, ਸੱਚ-ਮੁੱਚ ਬੁੱਧ ਦੀ ਕੁੰਜੀ ਹਨ?
ਝੂਠੀਆਂ ਧਾਰਣਾਵਾਂ ਉੱਤੇ ਆਧਾਰਿਤ
ਉਨ੍ਹਾਂ ਫ਼ਲਸਫ਼ਿਆਂ ਵਿਚ, ਜਿਨ੍ਹਾਂ ਨੇ ਤਪੱਸਿਆ ਨੂੰ ਉਤਪੰਨ ਕੀਤਾ ਹੈ, ਇਹ ਵਿਚਾਰ ਵੀ ਸ਼ਾਮਲ ਹੈ ਕਿ ਭੌਤਿਕ ਚੀਜ਼ਾਂ ਅਤੇ ਸਰੀਰਕ ਆਨੰਦ ਆਪਣੇ ਆਪ ਵਿਚ ਬੁਰੇ ਹਨ ਅਤੇ ਇਸ ਕਰਕੇ ਅਧਿਆਤਮਿਕ ਪ੍ਰਗਤੀ ਵਿਚ ਰੁਕਾਵਟ ਪਾਉਂਦੇ ਹਨ। ਤਪੱਸਿਆ ਦਾ ਰਾਹ ਖੋਲ੍ਹਣ ਵਾਲੀ ਇਕ ਹੋਰ ਧਾਰਣਾ ਵਿਆਪਕ ਤੌਰ ਤੇ ਸਵੀਕਾਰਿਆ ਗਿਆ ਇਹ ਵਿਸ਼ਵਾਸ ਹੈ ਕਿ ਮਾਨਵ, ਸਰੀਰ ਅਤੇ ਪ੍ਰਾਣ ਦਾ ਬਣਿਆ ਹੋਇਆ ਹੈ। ਤਪੱਸਵੀ ਇਹ ਵਿਸ਼ਵਾਸ ਕਰਦੇ ਹਨ ਕਿ ਭੌਤਿਕ ਸਰੀਰ ਪ੍ਰਾਣ ਦਾ ਕੈਦਖ਼ਾਨਾ ਹੈ ਅਤੇ ਕਿ ਮਾਸ ਉਸ ਦਾ ਵੈਰੀ ਹੈ।
ਬਾਈਬਲ ਕੀ ਕਹਿੰਦੀ ਹੈ? ਸ਼ਾਸਤਰ ਦਿਖਾਉਂਦਾ ਹੈ ਕਿ ਜਦੋਂ ਪਰਮੇਸ਼ੁਰ ਨੇ ਧਰਤੀ ਦੀ ਆਪਣੀ ਸ੍ਰਿਸ਼ਟੀ ਪੂਰੀ ਕੀਤੀ, ਤਾਂ ਉਸ ਨੇ ਐਲਾਨ ਕੀਤਾ ਕਿ ਸਭ ਕੁਝ ਜੋ ਉਸ ਨੇ ਬਣਾਇਆ ਸੀ—ਉਸ ਦੀ ਸਾਰੀ ਸਰੀਰਕ, ਭੌਤਿਕ ਸ੍ਰਿਸ਼ਟੀ—‘ਬਹੁਤ ਹੀ ਚੰਗੀ’ ਸੀ। (ਉਤਪਤ 1:31) ਪਰਮੇਸ਼ੁਰ ਦਾ ਇਰਾਦਾ ਸੀ ਕਿ ਅਦਨ ਦੇ ਬਾਗ਼ ਵਿਚ ਪੁਰਸ਼ ਅਤੇ ਇਸਤਰੀ ਭੌਤਿਕ ਚੀਜ਼ਾਂ ਦਾ ਆਨੰਦ ਮਾਣਨ। ਅਦਨ ਦੇ ਨਾਂ ਦਾ ਅਰਥ ਹੀ “ਪ੍ਰਸੰਨਤਾ” ਜਾਂ “ਆਨੰਦ” ਹੈ। (ਉਤਪਤ 2:8, 9) ਆਦਮ ਅਤੇ ਹੱਵਾਹ ਪਾਪ ਕਰਨ ਤੋਂ ਪਹਿਲਾਂ ਸੰਪੂਰਣ ਸਨ ਅਤੇ ਆਪਣੇ ਸ੍ਰਿਸ਼ਟੀਕਰਤਾ ਦੇ ਨਾਲ ਇਕ ਚੰਗੇ ਰਿਸ਼ਤੇ ਦਾ ਆਨੰਦ ਮਾਣਦੇ ਸਨ। ਪਾਪ ਕਰਨ ਦੇ ਸਮੇਂ ਤੋਂ, ਅਪੂਰਣਤਾ ਪਰਮੇਸ਼ੁਰ ਅਤੇ ਮਾਨਵ ਦੇ ਵਿਚਕਾਰ ਇਕ ਦੀਵਾਰ ਬਣ ਗਈ। ਫਿਰ ਵੀ, ਜਦੋਂ ਜਾਇਜ਼ ਮਾਨਵੀ ਇੱਛਾਵਾਂ ਨੂੰ ਸੰਤੁਸ਼ਟ ਕਰਨਾ ਜਾਂ ਪਰਮੇਸ਼ੁਰ-ਦਿੱਤ ਸਰੀਰਕ ਆਨੰਦ ਮਾਣਨਾ ਪਰਮੇਸ਼ੁਰ ਦੇ ਨੈਤਿਕ ਨਿਯਮਾਂ ਦੇ ਅਨੁਸਾਰ ਕੀਤਾ ਜਾਂਦਾ ਹੈ, ਇਹ ਪਰਮੇਸ਼ੁਰ ਅਤੇ ਉਸ ਦੇ ਉਪਾਸਕਾਂ ਦੇ ਦਰਮਿਆਨ ਸੰਚਾਰ ਦੀ ਦੀਵਾਰ ਕਦੇ ਨਹੀਂ ਬਣ ਸਕਦਾ ਹੈ!—ਜ਼ਬੂਰ 145:16.
ਇਸ ਤੋਂ ਇਲਾਵਾ, ਬਾਈਬਲ ਸਾਫ਼-ਸਾਫ਼ ਸਿਖਾਉਂਦੀ ਹੈ ਕਿ ਮਾਨਵ, ਜੋ ਮਿੱਟੀ ਤੋਂ ਰਚਿਆ ਅਤੇ ਮਾਸ ਦਾ ਬਣਿਆ ਹੈ, ਇਕ ਪ੍ਰਾਣੀ ਹੈ। ਸ਼ਾਸਤਰ ਨਾ ਇਸ ਵਿਚਾਰ ਨੂੰ ਸਮਰਥਨ ਦਿੰਦਾ ਹੈ ਕਿ ਪ੍ਰਾਣ ਸਰੀਰਕ ਦੇਹ ਵਿਚ ਬੱਝੀ ਹੋਈ ਕਿਸੇ ਪ੍ਰਕਾਰ ਦੀ ਅਭੌਤਿਕ ਅਤੇ ਅਮਰ ਹਸਤੀ ਹੈ ਅਤੇ ਨਾ ਹੀ ਇਸ ਧਾਰਣਾ ਨੂੰ ਕਿ ਕਿਸੇ-ਨਾ-ਕਿਸੇ ਤਰੀਕੇ ਨਾਲ ਸਰੀਰ ਸਾਨੂੰ ਪਰਮੇਸ਼ੁਰ ਦੇ ਨਾਲ ਇਕ ਨਜ਼ਦੀਕੀ ਰਿਸ਼ਤਾ ਰੱਖਣ ਤੋਂ ਰੋਕਦਾ ਹੈ।—ਉਤਪਤ 2:7.
ਇਹ ਸਾਫ਼ ਹੈ ਕਿ ਤਪੱਸਿਆ ਦੀ ਧਾਰਣਾ ਪਰਮੇਸ਼ੁਰ ਨਾਲ ਮਾਨਵ ਦੇ ਰਿਸ਼ਤੇ ਦੀ ਇਕ ਗ਼ਲਤ ਤਸਵੀਰ ਪੇਸ਼ ਕਰਦੀ ਹੈ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ ਕੁਝ ਅਖਾਉਤੀ ਮਸੀਹੀ ਬੁਨਿਆਦੀ ਬਾਈਬਲ ਸੱਚਾਈਆਂ ਨਾਲੋਂ ਧੋਖੇ-ਭਰੇ ਮਾਨਵੀ ਫ਼ਲਸਫ਼ਿਆਂ ਨੂੰ ਪਹਿਲ ਦੇਣਗੇ। (1 ਤਿਮੋਥਿਉਸ 4:1-5) ਇਹ ਰਾਇ ਰੱਖਣ ਵਾਲੇ ਕੁਝ ਵਿਅਕਤੀਆਂ ਬਾਰੇ, ਇਕ ਧਾਰਮਿਕ ਇਤਿਹਾਸਕ ਕਹਿੰਦਾ ਹੈ: “ਇਹ ਵਿਸ਼ਵਾਸ ਕਿ ਭੌਤਿਕ ਤੱਤ ਦੁਸ਼ਟ ਸੀ . . . ਅਤੇ ਕਿ ਮਨੁੱਖਾਂ ਦੇ ਪ੍ਰਾਣ ਨੂੰ ਭੌਤਿਕ ਤੱਤ ਦੇ ਝਮੇਲੇ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ, ਨੇ ਮਾਸ ਖਾਣ, ਲਿੰਗੀ ਸੰਬੰਧ ਅਤੇ ਹੋਰ ਚੀਜ਼ਾਂ ਨੂੰ ਵਰਜਣ ਵਾਲੀ ਇਕ ਸਖ਼ਤ ਤਪੱਸਿਆ ਨੂੰ ਪੈਦਾ ਕੀਤਾ, ਜੋ ਸਿਰਫ਼ ਉਨ੍ਹਾਂ ਸ੍ਰੇਸ਼ਟ ‘ਸੰਪੂਰਣ ਜਨ’ ਜਾਂ ਪਰਫੇਕਟੀ ਲੋਕਾਂ ਦੁਆਰਾ ਅਪਣਾਈ ਜਾ ਸਕਦੀ ਸੀ ਜਿਨ੍ਹਾਂ ਨੂੰ ਖ਼ਾਸ ਦੀਖਿਆ ਦਿੱਤੀ ਗਈ ਸੀ।” ਸੋਚਣੀ ਦੇ ਇਸ ਢੰਗ ਦਾ ਕੋਈ ਬਾਈਬਲੀ ਸਮਰਥਨ ਨਹੀਂ ਹੈ ਅਤੇ ਇਹ ਮੁਢਲੇ ਮਸੀਹੀਆਂ ਦਾ ਵਿਸ਼ਵਾਸ ਨਹੀਂ ਸੀ।—ਕਹਾਉਤਾਂ 5:15-19; 1 ਕੁਰਿੰਥੀਆਂ 7:4, 5; ਇਬਰਾਨੀਆਂ 13:4.
ਤਪੱਸਿਆ ਦੀ ਕੋਈ ਲੋੜ ਨਹੀਂ
ਯਿਸੂ ਅਤੇ ਉਸ ਦੇ ਚੇਲੇ ਤਪੱਸਵੀ ਨਹੀਂ ਸਨ। ਉਨ੍ਹਾਂ ਨੇ ਕਈ ਅਜ਼ਮਾਇਸ਼ਾਂ ਅਤੇ ਕਸ਼ਟ ਸਹੇ, ਪਰੰਤੂ ਉਨ੍ਹਾਂ ਨੇ ਇਹ ਕਸ਼ਟ ਕਦੇ ਖ਼ੁਦ ਨਹੀਂ ਲਿਆਂਦੇ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਾਵਧਾਨ ਹੋਣ ਦੀ ਚੇਤਾਵਨੀ ਦਿੱਤੀ ਕਿ ਧੋਖੇ-ਭਰੇ ਮਾਨਵੀ ਫ਼ਲਸਫ਼ੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਤੋਂ ਵਰਗਲਾ ਕੇ ਉਨ੍ਹਾਂ ਨੂੰ ਬੇਤੁਕੇ, ਇੰਤਹਾਈ ਅਭਿਆਸਾਂ ਵਿਚ ਨਾ ਲੈ ਜਾਣ। ਪੌਲੁਸ ਨੇ ਵਿਸ਼ੇਸ਼ ਤੌਰ ਤੇ “ਦੇਹੀ ਦੀ ਤਪੱਸਿਆ” ਦਾ ਜ਼ਿਕਰ ਕੀਤਾ। ਉਸ ਨੇ ਕਿਹਾ: “ਏਹ ਗੱਲਾਂ ਮਨ ਮਤੇ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਬੁੱਧ ਦੀਆਂ ਭਾਸਦੀਆਂ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਓਹ ਕਿਸੇ ਕੰਮ ਦੀਆਂ ਨਹੀਂ।” (ਕੁਲੁੱਸੀਆਂ 2:8, 23) ਤਪੱਸਿਆ ਕਿਸੇ ਖ਼ਾਸ ਪਵਿੱਤਰਤਾਈ ਜਾਂ ਅਸਲੀ ਗਿਆਨ-ਪ੍ਰਾਪਤੀ ਵੱਲ ਨਹੀਂ ਲੈ ਜਾਂਦੀ।
ਇਹ ਸੱਚ ਹੈ ਕਿ ਮਸੀਹੀ ਆਗਿਆਕਾਰਤਾ ਦੇ ਮਾਰਗ ਦਾ ਮਤਲਬ ਸਖ਼ਤ ਮਿਹਨਤ ਅਤੇ ਆਤਮ-ਅਨੁਸ਼ਾਸਨ ਹੈ। (ਲੂਕਾ 13:24; 1 ਕੁਰਿੰਥੀਆਂ 9:27) ਪਰਮੇਸ਼ੁਰ ਦੇ ਬਚਨ ਦੇ ਗਿਆਨ ਨੂੰ ਹਾਸਲ ਕਰਨ ਲਈ ਸਾਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ। (ਕਹਾਉਤਾਂ 2:1-6) ਨਾਲੇ, ਬਾਈਬਲ ਵਿਚ “ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੋਗ ਬਿਲਾਸਾਂ” ਦੇ ਦਾਸ ਹੋਣ ਅਤੇ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹੋਣ ਦੇ ਵਿਰੁੱਧ ਸਖ਼ਤ ਤਾੜਨਾ ਹੈ। (ਤੀਤੁਸ 3:3; 2 ਤਿਮੋਥਿਉਸ 3:4, 5) ਲੇਕਿਨ, ਇਹ ਸ਼ਾਸਤਰ-ਸੰਬੰਧੀ ਪਾਠ ਤਪੱਸਿਆ ਦੀ ਪੁਸ਼ਟੀ ਨਹੀਂ ਕਰਦੇ। ਸੰਪੂਰਣ ਮਨੁੱਖ, ਯਿਸੂ ਮਸੀਹ ਨੇ ਸੁਖਾਵੇਂ ਅਵਸਰਾਂ ਦਾ ਆਨੰਦ ਮਾਣਿਆ ਜਿਨ੍ਹਾਂ ਵਿਚ ਭੋਜਨ, ਪਾਣੀ-ਧਾਣੀ, ਸੰਗੀਤ, ਅਤੇ ਨਾਚ ਸ਼ਾਮਲ ਸਨ।—ਲੂਕਾ 5:29; ਯੂਹੰਨਾ 2:1-10.
ਸੱਚੀ ਬੁੱਧ ਤਰਕਸੰਗਤ ਹੁੰਦੀ ਹੈ, ਨਾ ਕਿ ਇੰਤਹਾਈ। (ਯਾਕੂਬ 3:17) ਯਹੋਵਾਹ ਪਰਮੇਸ਼ੁਰ ਨੇ ਸਾਡੀਆਂ ਸਰੀਰਕ ਦੇਹਾਂ ਨੂੰ ਜੀਵਨ ਵਿਚ ਕਈ ਮਜ਼ਿਆਂ ਦਾ ਆਨੰਦ ਮਾਣਨ ਦੀ ਯੋਗਤਾ ਨਾਲ ਬਣਾਇਆ। ਉਹ ਸਾਡੀ ਖ਼ੁਸ਼ੀ ਚਾਹੁੰਦਾ ਹੈ। ਉਸ ਦਾ ਬਚਨ ਸਾਨੂੰ ਦੱਸਦਾ ਹੈ: “ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”—ਉਪਦੇਸ਼ਕ ਦੀ ਪੋਥੀ 3:12, 13.
[ਸਫ਼ੇ 28 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਗੁਫ਼ਾ ਵਿਚ ਸੰਤ ਜਰੋਮ/The Complete Woodcuts of Albrecht Dürer/Dover Publications, Inc.