ਪਾਠਕਾਂ ਵੱਲੋਂ ਸਵਾਲ
ਯਹੋਵਾਹ ਦੇ ਕੁਝ ਗਵਾਹਾਂ ਨੂੰ ਕਿਸੇ ਧਾਰਮਿਕ ਜਗ੍ਹਾ ਤੇ ਨੌਕਰੀ ਪੇਸ਼ ਕੀਤੀ ਗਈ ਹੈ। ਅਜਿਹੇ ਕੰਮ ਬਾਰੇ ਬਾਈਬਲ ਦਾ ਕੀ ਨਜ਼ਰੀਆ ਹੈ?
ਇਸ ਸਮੱਸਿਆ ਦਾ ਸਾਮ੍ਹਣਾ ਸ਼ਾਇਦ ਉਨ੍ਹਾਂ ਮਸੀਹੀਆਂ ਨੂੰ ਕਰਨਾ ਪਵੇ ਜੋ ਸੱਚੇ ਦਿੱਲੋਂ 1 ਤਿਮੋਥਿਉਸ 5:8 ਨੂੰ ਲਾਗੂ ਕਰਨਾ ਚਾਹੁੰਦੇ ਹਨ। ਇਹ ਹਵਾਲਾ ਆਪਣੇ ਪਰਿਵਾਰ ਦੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੰਦਾ ਹੈ। ਜਦ ਕਿ ਮਸੀਹੀਆਂ ਨੂੰ ਇਹ ਸਲਾਹ ਜ਼ਰੂਰ ਲਾਗੂ ਕਰਨੀ ਚਾਹੀਦੀ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਹ ਕੋਈ ਵੀ ਨੌਕਰੀ ਜਾਂ ਹਰ ਤਰ੍ਹਾਂ ਦਾ ਕੰਮ ਸਵੀਕਾਰ ਕਰ ਸਕਦੇ ਹਨ, ਭਾਵੇਂ ਉਸ ਵਿਚ ਜੋ ਮਰਜ਼ੀ ਸ਼ਾਮਲ ਹੋਵੇ। ਮਸੀਹੀ ਲੋਕ ਪਰਮੇਸ਼ੁਰ ਦੀ ਇੱਛਾ ਦੀਆਂ ਹੋਰ ਗੱਲਾਂ ਦੀ ਕਦਰ ਕਰਨ ਦੀ ਜ਼ਰੂਰਤ ਨੂੰ ਵੀ ਸਮਝਦੇ ਹਨ। ਮਿਸਾਲ ਲਈ, ਇਕ ਮਨੁੱਖ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨਾ ਚਾਹੁੰਦਾ ਹੈ, ਅਨੈਤਿਕਤਾ ਜਾਂ ਕਤਲ ਬਾਰੇ ਬਾਈਬਲ ਦੀ ਸਲਾਹ ਦੀ ਉਲੰਘਣਾ ਨਹੀਂ ਕਰੇਗਾ। (ਉਤਪਤ 39:4-9; ਯਸਾਯਾਹ 2:4; ਯੂਹੰਨਾ 17:14, 16 ਦੀ ਤੁਲਨਾ ਕਰੋ।) ਇਹ ਵੀ ਬਹੁਤ ਜ਼ਰੂਰੀ ਹੈ ਕਿ ਮਸੀਹੀ ਵੱਡੀ ਬਾਬੁਲ, ਯਾਨੀ ਕਿ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਵਿੱਚੋਂ ਨਿਕਲਣ ਦੇ ਹੁਕਮ ਅਨੁਸਾਰ ਚੱਲਣ।—ਪਰਕਾਸ਼ ਦੀ ਪੋਥੀ 18:4, 5.
ਦੁਨੀਆਂ ਭਰ ਵਿਚ, ਪਰਮੇਸ਼ੁਰ ਦਿਆਂ ਸੇਵਕਾਂ ਨੂੰ ਨੌਕਰੀ ਦੇ ਸੰਬੰਧ ਵਿਚ ਤਰ੍ਹਾਂ-ਤਰ੍ਹਾਂ ਦਿਆਂ ਮਾਮਲਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸਾਰੀਆਂ ਸੰਭਾਵਨਾਵਾਂ ਦੀ ਸੂਚੀ ਬਣਾਉਣ ਦੀ ਕੋਸ਼ਿਸ਼ ਕਰਨੀ ਅਤੇ ਪੱਕੇ ਅਸੂਲ ਕਾਇਮ ਕਰਨੇ ਨਾ ਸਿਰਫ਼ ਫਜ਼ੂਲ ਦੀ ਗੱਲ ਹੋਵੇਗੀ ਪਰ ਇਹ ਸਾਡੇ ਅਧਿਕਾਰ ਤੋਂ ਬਾਹਰ ਵੀ ਹੈ। (2 ਕੁਰਿੰਥੀਆਂ 1:24) ਪਰ, ਆਓ ਆਪਾਂ ਕੁਝ ਗੱਲਾਂ ਦਾ ਜ਼ਿਕਰ ਕਰੀਏ ਜਿਨ੍ਹਾਂ ਉੱਤੇ ਮਸੀਹੀਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਜਦੋਂ ਉਹ ਨੌਕਰੀ ਬਾਰੇ ਨਿੱਜੀ ਫ਼ੈਸਲੇ ਕਰਦੇ ਹਨ। ਇਹ ਗੱਲਾਂ ਸੰਖੇਪ ਵਿਚ 15 ਜੁਲਾਈ, 1982 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਇਕ ਲੇਖ ਵਿਚ ਪੇਸ਼ ਕੀਤੀਆਂ ਗਈਆਂ ਸਨ। ਇਸ ਲੇਖ ਵਿਚ ਪਰਮੇਸ਼ੁਰ ਤੋਂ ਮਿਲੀ ਸਾਡੀ ਜ਼ਮੀਰ ਤੋਂ ਲਾਭ ਉਠਾਉਣ ਬਾਰੇ ਗੱਲ ਕੀਤੀ ਗਈ ਸੀ। ਇਸ ਵਿਚ ਇਕ ਡੱਬੀ ਨੇ ਦੋ ਮੁੱਖ ਸਵਾਲ ਪੁੱਛੇ ਅਤੇ ਫਿਰ ਹੋਰ ਸਹਾਇਕ ਗੱਲਾਂ ਦੀ ਸੂਚੀ ਦਿੱਤੀ ਸੀ।
ਪਹਿਲਾ ਮੁੱਖ ਸਵਾਲ ਇਹ ਹੈ: ਕੀ ਇਹ ਨੌਕਰੀ ਜਾਂ ਕੰਮ ਬਾਈਬਲ ਵਿਚ ਮਨ੍ਹਾ ਕੀਤਾ ਗਿਆ ਹੈ? ਇਸ ਉੱਤੇ ਟਿੱਪਣੀ ਕਰਦੇ ਹੋਏ, ਪਹਿਰਾਬੁਰਜ ਨੇ ਕਿਹਾ ਕਿ ਬਾਈਬਲ ਚੋਰੀ, ਖ਼ੂਨ ਦੀ ਕੁਵਰਤੋਂ, ਅਤੇ ਮੂਰਤੀ-ਪੂਜਾ ਨੂੰ ਮਨ੍ਹਾ ਕਰਦੀ ਹੈ। ਕਿਸੇ ਮਸੀਹੀ ਨੂੰ ਅਜਿਹੀ ਕੋਈ ਵੀ ਨੌਕਰੀ ਨਹੀਂ ਕਰਨੀ ਚਾਹੀਦੀ ਜੋ ਉਨ੍ਹਾਂ ਚੀਜ਼ਾਂ ਦਾ ਸਮਰਥਨ ਕਰਦੀ ਹੋਵੇ ਜਿਨ੍ਹਾਂ ਨੂੰ ਪਰਮੇਸ਼ੁਰ ਮਨ੍ਹਾ ਕਰਦਾ ਹੈ, ਜਿਵੇਂ ਕਿ ਉੱਪਰ ਲਿਖੀਆਂ ਗਈਆਂ ਚੀਜ਼ਾਂ।
ਦੂਜਾ ਸਵਾਲ ਇਹ ਹੈ: ਕੀ ਇਹ ਨੌਕਰੀ ਕਰਨ ਨਾਲ ਇਕ ਵਿਅਕਤੀ ਮਨ੍ਹਾ ਕੀਤੇ ਗਏ ਕੰਮ ਦਾ ਹਿੱਸੇਦਾਰ ਬਣੇਗਾ? ਇਹ ਸਪੱਸ਼ਟ ਹੈ ਕਿ ਜਿਹੜਾ ਵਿਅਕਤੀ ਜੂਆ ਖੇਡਣ ਦੇ ਅੱਡੇ ਵਿਚ, ਗਰਭਪਾਤ ਦੀ ਕਲਿਨਿਕ ਵਿਚ, ਜਾਂ ਵੇਸਵਾ-ਗਮਨ ਦੀ ਜਗ੍ਹਾ ਤੇ ਨੌਕਰੀ ਕਰਦਾ ਹੈ, ਉਹ ਕਿਸੇ ਬਾਈਬਲ-ਵਿਰੋਧੀ ਕੰਮ ਦਾ ਹਿੱਸੇਦਾਰ ਹੋਵੇਗਾ। ਭਾਵੇਂ ਕਿ ਉੱਥੇ ਉਸ ਦੇ ਰੋਜ਼ ਦੇ ਕੰਮ ਵਿਚ ਸਿਰਫ਼ ਝਾੜੂ ਫੇਰਨਾ ਜਾਂ ਟੈਲੀਫ਼ੋਨ ਤੇ ਗੱਲਬਾਤ ਕਰਨੀ ਹੋਵੇ, ਤਾਂ ਵੀ ਉਹ ਅਜਿਹੇ ਕੰਮ ਵਿਚ ਹਿੱਸਾ ਲੈ ਰਿਹਾ ਹੋਵੇਗਾ ਜੋ ਪਰਮੇਸ਼ੁਰ ਦਾ ਬਚਨ ਮਨ੍ਹਾ ਕਰਦਾ ਹੈ।
ਨੌਕਰੀ ਬਾਰੇ ਫ਼ੈਸਲਿਆਂ ਦਾ ਸਾਮ੍ਹਣਾ ਕਰਨ ਵਾਲਿਆਂ ਕਈਆਂ ਮਸੀਹੀਆਂ ਨੇ ਪਾਇਆ ਹੈ ਕਿ ਸਿਰਫ਼ ਇਨ੍ਹਾਂ ਦੋਹਾਂ ਸਵਾਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਨਿੱਜੀ ਫ਼ੈਸਲਾ ਕਰਨ ਵਿਚ ਉਨ੍ਹਾਂ ਦੀ ਮਦਦ ਹੋਈ ਹੈ।
ਉਦਾਹਰਣ ਲਈ, ਇਨ੍ਹਾਂ ਦੋਹਾਂ ਸਵਾਲਾਂ ਤੋਂ, ਇਕ ਵਿਅਕਤੀ ਦੇਖ ਸਕਦਾ ਹੈ ਕਿ ਇਕ ਸੱਚਾ ਉਪਾਸਕ ਕਿਸੇ ਝੂਠੇ ਧਾਰਮਿਕ ਸੰਗਠਨ ਦਾ ਪੱਕਾ ਨੌਕਰ ਕਿਉਂ ਨਹੀਂ ਬਣ ਸਕਦਾ, ਯਾਨੀ ਕਿ ਇਕ ਚਰਚ, ਮੰਦਰ, ਜਾਂ ਗੁਰਦੁਆਰੇ ਲਈ ਜਾਂ ਉਸ ਵਿਚ ਕੰਮ ਕਿਉਂ ਨਹੀਂ ਕਰ ਸਕਦਾ। ਪਰਕਾਸ਼ ਦੀ ਪੋਥੀ 18:4 ਵਿਚ ਇਹ ਹੁਕਮ ਪਾਇਆ ਜਾਂਦਾ ਹੈ: “ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ।” ਜੇ ਇਕ ਵਿਅਕਤੀ ਝੂਠੀ ਉਪਾਸਨਾ ਸਿਖਾਉਣ ਵਾਲੇ ਕਿਸੇ ਮਜ਼ਹਬ ਦਾ ਪੱਕਾ ਨੌਕਰ ਹੋਵੇ ਤਾਂ ਉਹ ਵੱਡੀ ਬਾਬੁਲ ਦਿਆਂ ਕੰਮਾਂ ਅਤੇ ਪਾਪਾਂ ਦਾ ਭਾਗੀ ਹੋਵੇਗਾ। ਭਾਵੇਂ ਨੌਕਰੀ ਸਿਰਫ਼ ਮਾਲੀ ਦਾ ਕੰਮ ਕਰਨਾ, ਸਫ਼ਾਈ ਕਰਨੀ, ਮੁਰੰਮਤ ਕਰਨੀ, ਜਾਂ ਹਿਸਾਬ-ਕਿਤਾਬ ਰੱਖਣਾ ਹੋਵੇ, ਉਹ ਦਾ ਕੰਮ ਉਸ ਉਪਾਸਨਾ ਦਾ ਸਮਰਥਨ ਕਰੇਗਾ ਜੋ ਸੱਚੇ ਧਰਮ ਦੇ ਖ਼ਿਲਾਫ਼ ਹੈ। ਇਸ ਤੋਂ ਇਲਾਵਾ, ਜਿਹੜੇ ਲੋਕ ਇਸ ਨੌਕਰ ਨੂੰ ਚਰਚ, ਮੰਦਰ, ਜਾਂ ਗੁਰਦੁਆਰੇ ਨੂੰ ਸੋਹਣਾ ਬਣਾਉਂਦੇ ਹੋਏ, ਉਸ ਦੀ ਮੁਰੰਮਤ ਕਰਦੇ ਹੋਏ, ਜਾਂ ਉਸ ਦੇ ਧਾਰਮਿਕ ਕੰਮਾਂ ਨੂੰ ਕਰਦੇ ਹੋਏ ਦੇਖਦੇ ਹਨ, ਉਹ ਉਸ ਨੂੰ ਉਸੇ ਧਰਮ ਨਾਲ ਜੋੜਨਗੇ।
ਪਰ, ਉਸ ਬਾਰੇ ਕੀ ਜੋ ਚਰਚ ਜਾਂ ਧਾਰਮਿਕ ਸੰਗਠਨ ਦਾ ਇਕ ਪੱਕਾ ਨੌਕਰ ਨਹੀਂ ਹੈ? ਸ਼ਾਇਦ ਉਸ ਨੂੰ ਸਿਰਫ਼ ਚਰਚ ਦੇ ਥੱਲੇ ਕਿਸੇ ਪਾਣੀ ਦੇ ਫਟੇ ਹੋਏ ਪਾਈਪ ਦੀ ਮੁਰੰਮਤ ਕਰਨ ਲਈ ਜਲਦੀ ਵਿਚ ਸੱਦਿਆ ਗਿਆ ਹੋਵੇ। ਕੀ ਇਹ ਉਸ ਮਾਮਲੇ ਤੋਂ ਵੱਖਰਾ ਨਹੀਂ ਹੈ ਜੇ ਉਸ ਨੂੰ ਚਰਚ ਦੀ ਛੱਤ ਪਾਉਣ ਲਈ ਜਾਂ ਇੰਸੁਲੇਟ ਕਰਨ ਦੀ ਕੀਮਤ ਦੱਸਣ ਲਈ ਸੱਦਿਆ ਜਾਵੇ?
ਇਸ ਤੋਂ ਇਲਾਵਾ ਕਈ ਹੋਰ ਵੱਖੋ-ਵੱਖਰੀਆਂ ਸਥਿਤੀਆਂ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਸ ਲਈ ਆਓ ਆਪਾਂ ਪੰਜ ਹੋਰ ਗੱਲਾਂ ਉੱਤੇ ਵਿਚਾਰ ਕਰੀਏ ਜੋ ਪਹਿਰਾਬੁਰਜ ਵਿਚ ਪੇਸ਼ ਕੀਤੀਆਂ ਗਈਆਂ ਸਨ:
1. ਕੀ ਇਹ ਨੌਕਰੀ ਸਿਰਫ਼ ਇਕ ਲੋਕ ਸੇਵਾ ਹੈ ਜੋ ਬਾਈਬਲ ਅਨੁਸਾਰ ਇਤਰਾਜ਼ਯੋਗ ਨਹੀਂ? ਡਾਕੀਏ ਦੀ ਮਿਸਾਲ ਲੈ ਲਓ। ਜੇਕਰ ਉਸ ਇਲਾਕੇ ਵਿਚ ਜਿੱਥੇ ਉਹ ਡਾਕ ਵੰਡਦਾ ਹੈ ਕੋਈ ਚਰਚ ਜਾਂ ਗਰਭਪਾਤ ਦੀ ਕਲਿਨਿਕ ਹੋਵੇ ਤਾਂ ਉੱਥੇ ਡਾਕ ਲੈ ਜਾਣ ਦਾ ਇਹ ਮਤਲਬ ਨਹੀਂ ਕਿ ਉਹ ਮਨ੍ਹਾ ਕੀਤੇ ਗਏ ਕੰਮ ਨੂੰ ਅੱਗੇ ਵਧਾ ਰਿਹਾ ਹੈ। ਪਰਮੇਸ਼ੁਰ ਵੱਲੋਂ ਧੁੱਪ ਸਾਰੀਆਂ ਇਮਾਰਤਾਂ ਦੀਆਂ ਖਿੜਕੀਆਂ ਰਾਹੀਂ ਆਉਂਦੀ ਹੈ, ਚਾਹੇ ਉਹ ਚਰਚ ਜਾਂ ਅਜਿਹੀ ਕੋਈ ਕਲਿਨਿਕ ਵੀ ਹੋਵੇ। (ਰਸੂਲਾਂ ਦੇ ਕਰਤੱਬ 14:16, 17) ਇਕ ਮਸੀਹੀ, ਜੋ ਡਾਕੀਆ ਹੈ, ਇਹ ਸਿੱਟਾ ਕੱਢ ਸਕਦਾ ਹੈ ਕਿ ਉਹ ਦਿਨੋ ਦਿਨ ਸਾਰਿਆਂ ਲਈ ਇਕ ਲੋਕ ਸੇਵਾ ਕਰ ਰਿਹਾ ਹੈ। ਇਹ ਉਸ ਮਸੀਹੀ ਬਾਰੇ ਵੀ ਕਿਹਾ ਜਾ ਸਕਦਾ ਹੈ ਜੋ ਸੰਕਟ ਵਿਚ ਕੋਈ ਕੰਮ ਕਰਨ ਲਈ ਸੱਦਿਆ ਜਾਂਦਾ ਹੈ, ਜਿਵੇਂ ਕਿ ਇਕ ਪਲੰਬਰ ਜੋ ਚਰਚ ਵਿਚ ਵਗ ਰਹੇ ਪਾਣੀ ਨੂੰ ਰੋਕਣ ਲਈ ਜਾਂ ਉਹ ਐਂਬੂਲੈਂਸ ਸੇਵਾਦਾਰ ਜੋ ਪੂਜਾ-ਪਾਠ ਦੌਰਾਨ ਗੁਰਦੁਆਰੇ ਜਾਂ ਚਰਚ ਵਿਚ ਕਿਸੇ ਬੇਹੋਸ਼ ਵਿਅਕਤੀ ਦਾ ਇਲਾਜ ਕਰਨ ਲਈ ਸੱਦਿਆ ਜਾਂਦਾ ਹੈ। ਉਹ ਇਸ ਨੂੰ ਮਨੁੱਖਾਂ ਦੀ ਮਦਦ ਕਰਨ ਦਾ ਮੌਕਾ ਸਮਝ ਸਕਦਾ ਹੈ।
2. ਕੀਤੇ ਜਾ ਰਹੇ ਕੰਮ ਦੇ ਸੰਬੰਧ ਵਿਚ ਵਿਅਕਤੀ ਦਾ ਕਿੰਨਾ ਕੁ ਇਖ਼ਤਿਆਰ ਹੈ? ਇਕ ਮਸੀਹੀ ਦੁਕਾਨਦਾਰ ਮੂਰਤੀਆਂ, ਤਵੀਤ, ਸਿਗਰਟਾਂ, ਜਾਂ ਖ਼ੂਨ ਨਾਲ ਬਣੀ ਕੋਈ ਖਾਣ ਵਾਲੀ ਚੀਜ਼ ਮੰਗਵਾ ਕੇ ਵੇਚਣ ਲਈ ਸਹਿਮਤ ਨਹੀਂ ਹੋਵੇਗਾ। ਦੁਕਾਨਦਾਰ ਵਜੋਂ ਉਸ ਦਾ ਵੱਸ ਚੱਲਦਾ ਹੈ। ਲੋਕ ਸ਼ਾਇਦ ਉਸ ਉੱਤੇ ਸਿਗਰਟਾਂ ਜਾਂ ਮੂਰਤੀਆਂ ਵੇਚਣ ਲਈ ਜ਼ੋਰ ਪਾਉਣ ਤਾਂਕਿ ਉਹ ਨਫ਼ਾ ਕਮਾ ਸਕੇ, ਪਰ ਉਹ ਆਪਣੇ ਬਾਈਬਲੀ ਵਿਸ਼ਵਾਸਾਂ ਦੇ ਅਨੁਸਾਰ ਕੰਮ ਕਰੇਗਾ। ਦੂਜੇ ਪਾਸੇ, ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲੀ ਵੱਡੀ ਦੁਕਾਨ ਵਿਚ ਨੌਕਰੀ ਕਰ ਰਹੇ ਇਕ ਮਸੀਹੀ ਨੂੰ ਸ਼ਾਇਦ ਗਾਹਕਾਂ ਤੋਂ ਪੈਸੇ ਲੈਣ, ਫ਼ਰਸ਼ ਪੋਲਿਸ਼ ਕਰਨ, ਜਾਂ ਹਿਸਾਬ-ਕਿਤਾਬ ਕਰਨ ਲਈ ਕਿਹਾ ਜਾਵੇ। ਇਸ ਵਿਚ ਉਸ ਦਾ ਕੋਈ ਵੱਸ ਨਹੀਂ ਚੱਲਦਾ ਕਿ ਦੁਕਾਨ ਵਿਚ ਕਿਹੜੀਆਂ ਚੀਜ਼ਾਂ ਮੰਗਵਾਈਆਂ ਅਤੇ ਵੇਚੀਆਂ ਜਾਂਦੀਆਂ ਹਨ, ਭਾਵੇਂ ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਇਤਰਾਜ਼ਯੋਗ ਵੀ ਹੋਣ, ਜਿਵੇਂ ਕਿ ਸਿਗਰਟਾਂ ਜਾਂ ਧਾਰਮਿਕ ਤਿਉਹਾਰਾਂ ਲਈ ਚੀਜ਼ਾਂ।a (ਲੂਕਾ 7:8; 17:7, 8 ਦੀ ਤੁਲਨਾ ਕਰੋ।) ਇਹ ਅਗਲੀ ਗੱਲ ਨਾਲ ਸੰਬੰਧ ਰੱਖਦਾ ਹੈ।
3. ਵਿਅਕਤੀ ਕਿਸ ਹੱਦ ਤਕ ਕੰਮ ਵਿਚ ਹਿੱਸਾ ਲੈਂਦਾ ਹੈ? ਆਓ ਆਪਾਂ ਦੁਕਾਨ ਦੀ ਮਿਸਾਲ ਵੱਲ ਮੁੜੀਏ। ਇਹ ਸੰਭਵ ਹੈ ਕਿ ਜਿਸ ਵਿਅਕਤੀ ਨੂੰ ਗਾਹਕਾਂ ਤੋਂ ਪੈਸੇ ਲੈਣ ਲਈ ਜਾਂ ਸ਼ੈਲਫ਼ਾਂ ਉੱਤੇ ਸਾਮਾਨ ਟਿਕਾਉਣ ਲਈ ਕਿਹਾ ਗਿਆ ਹੈ, ਉਸ ਦਾ ਸਿਰਫ਼ ਕਦੀ-ਕਦਾਈਂ ਸਿਗਰਟਾਂ ਜਾਂ ਧਾਰਮਿਕ ਚੀਜ਼ਾਂ ਨਾਲ ਵਾਹ ਪੈਂਦਾ ਹੈ; ਇਹ ਉਸ ਦੀ ਨੌਕਰੀ ਦਾ ਇਕ ਛੋਟਾ ਜਿਹਾ ਹਿੱਸਾ ਹੈ। ਪਰ, ਇਹ ਦੂਜੇ ਵਿਅਕਤੀ ਦੇ ਕੰਮ ਤੋਂ ਕਿੰਨਾ ਉਲਟ ਹੈ ਜੋ ਉਸੇ ਦੁਕਾਨ ਵਿਚ ਤਮਾਖੂ ਵੇਚਣ ਵਾਲੇ ਕਾਊਂਟਰ ਤੇ ਕੰਮ ਕਰਦਾ ਹੈ! ਉਸ ਦਾ ਸਾਰਾ ਕੰਮ, ਲਗਾਤਾਰ ਅਜਿਹੀ ਚੀਜ਼ ਨਾਲ ਹੁੰਦਾ ਹੈ ਜੋ ਮਸੀਹੀ ਵਿਸ਼ਵਾਸਾਂ ਦੇ ਖ਼ਿਲਾਫ਼ ਹੈ। (2 ਕੁਰਿੰਥੀਆਂ 7:1) ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਨੌਕਰੀ ਸੰਬੰਧੀ ਸਵਾਲਾਂ ਬਾਰੇ ਫ਼ੈਸਲੇ ਕਰਨ ਲਈ, ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾਣਾ ਚਾਹੀਦਾ ਹੈ ਕਿ ਕੰਮ ਵਿਚ ਕਿਸ ਹੱਦ ਤਕ ਹਿੱਸਾ ਲਿਆ ਜਾਵੇਗਾ।
4. ਤਨਖ਼ਾਹ ਕੌਣ ਦੇਵੇਗਾ ਜਾਂ ਕੰਮ ਕਿੱਥੇ ਕੀਤਾ ਜਾਵੇਗਾ? ਦੋ ਸਥਿਤੀਆਂ ਉੱਤੇ ਵਿਚਾਰ ਕਰੋ। ਲੋਕਾਂ ਨੂੰ ਖ਼ੁਸ਼ ਕਰਨ ਲਈ ਅਤੇ ਨੇਕਨਾਮੀ ਖੱਟਣ ਲਈ, ਗਰਭਪਾਤ ਦੀ ਕਲਿਨਿਕ ਦੇ ਮਾਲਕ ਫ਼ੈਸਲਾ ਕਰਦੇ ਹਨ ਕਿ ਉਹ ਇਕ ਮਨੁੱਖ ਨੂੰ ਗੁਆਂਢ ਵਿਚ ਸੜਕਾਂ ਸਾਫ਼ ਕਰਨ ਲਈ ਤਨਖ਼ਾਹ ਦੇਣਗੇ। ਉਸ ਮਨੁੱਖ ਦੀ ਤਨਖ਼ਾਹ ਗਰਭਪਾਤ ਦੀ ਕਲਿਨਿਕ ਤੋਂ ਆਉਂਦੀ ਹੈ, ਪਰ ਉਹ ਉੱਥੇ ਕੰਮ ਨਹੀਂ ਕਰਦਾ, ਅਤੇ ਸਾਰਾ ਦਿਨ ਕੋਈ ਵੀ ਉਸ ਨੂੰ ਕਲਿਨਿਕ ਦੇ ਅੰਦਰ ਨਹੀਂ ਦੇਖਦਾ। ਇਸ ਦੀ ਬਜਾਇ, ਉਹ ਉਸ ਨੂੰ ਇਕ ਅਜਿਹੀ ਲੋਕ ਸੇਵਾ ਕਰਦੇ ਹੋਏ ਦੇਖਦੇ ਹਨ ਜੋ ਬਾਈਬਲ ਦੇ ਖ਼ਿਲਾਫ਼ ਨਹੀਂ ਹੈ, ਭਾਵੇਂ ਉਸ ਨੂੰ ਤਨਖ਼ਾਹ ਕੋਈ ਵੀ ਦੇ ਰਿਹਾ ਹੋਵੇ। ਹੁਣ ਇਕ ਵੱਖਰੀ ਮਿਸਾਲ ਦੇਖੀਏ। ਇਕ ਦੇਸ਼ ਵਿਚ ਜਿੱਥੇ ਵੇਸਵਾ-ਗਮਨ ਨੂੰ ਕਾਨੂੰਨੀ ਬਣਾਇਆ ਗਿਆ ਹੈ, ਪਬਲਿਕ ਸਿਹਤ ਸੇਵਾ ਵਿਭਾਗ ਇਕ ਨਰਸ ਨੂੰ ਕੋਠਿਆਂ ਵਿਚ ਜਾ ਕੇ ਕੰਮ ਕਰਨ ਲਈ ਤਨਖ਼ਾਹ ਦਿੰਦੀ ਹੈ। ਉਹ ਨਰਸ ਉਨ੍ਹਾਂ ਔਰਤਾਂ ਦੀ ਸਿਹਤ ਦੀ ਦੇਖ-ਭਾਲ ਕਰਦੀ ਹੈ ਤਾਂਕਿ ਲਿੰਗੀ ਤੌਰ ਤੇ ਸੰਚਾਰਿਤ ਰੋਗਾਂ ਦਾ ਫੈਲਾਅ ਘਟਾਇਆ ਜਾ ਸਕੇ। ਭਾਵੇਂ ਕਿ ਉਸ ਨੂੰ ਪਬਲਿਕ ਸਿਹਤ ਸੇਵਾ ਵਿਭਾਗ ਤੋਂ ਤਨਖ਼ਾਹ ਮਿਲਦੀ ਹੈ, ਉਸ ਦਾ ਸਾਰਾ ਕੰਮ ਵੇਸਵਾ-ਗਮਨ ਦੇ ਕੋਠਿਆਂ ਵਿਚ ਕੀਤਾ ਜਾਂਦਾ ਹੈ, ਅਤੇ ਇਹ ਕੰਮ ਇਸ ਅਨੈਤਿਕਤਾ ਨੂੰ ਜ਼ਿਆਦਾ ਸੁਰੱਖਿਅਤ, ਅਤੇ ਸਵੀਕਾਰਯੋਗ ਬਣਾਉਂਦਾ ਹੈ। ਇਨ੍ਹਾਂ ਉਦਾਹਰਣਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਨੂੰ ਇਸ ਉੱਤੇ ਕਿਉਂ ਵਿਚਾਰ ਕਰਨਾ ਚਾਹੀਦਾ ਹੈ ਕਿ ਤਨਖ਼ਾਹ ਕੌਣ ਦੇਵੇਗਾ ਅਤੇ ਕੰਮ ਕਿੱਥੇ ਕੀਤਾ ਜਾਵੇਗਾ।
5. ਕੰਮ ਕਰਨ ਦਾ ਕੀ ਅਸਰ ਹੈ; ਕੀ ਇਹ ਕਿਸੇ ਵਿਅਕਤੀ ਦੀ ਜ਼ਮੀਰ ਨੂੰ ਨੁਕਸਾਨ ਪਹੁੰਚਾਵੇਗਾ ਜਾਂ ਦੂਸਰਿਆਂ ਨੂੰ ਠੋਕਰ ਖੁਆਵੇਗਾ? ਸਾਨੂੰ ਆਪਣੀ ਅਤੇ ਦੂਸਰਿਆਂ ਦੀ ਜ਼ਮੀਰ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਭਾਵੇਂ ਕਿ ਕੋਈ ਕੰਮ (ਉਸ ਦੀ ਜਗ੍ਹਾ ਅਤੇ ਤਨਖ਼ਾਹ ਦੇ ਸ੍ਰੋਤ ਸਮੇਤ) ਬਹੁਤਿਆਂ ਮਸੀਹੀਆਂ ਨੂੰ ਠੀਕ ਲੱਗਦਾ ਹੋਵੇ, ਇਕ ਵਿਅਕਤੀ ਸ਼ਾਇਦ ਮਹਿਸੂਸ ਕਰੇ ਕਿ ਇਹ ਉਸ ਦੇ ਆਪਣੇ ਅੰਤਹਕਰਣ ਨੂੰ ਦੁਖੀ ਕਰੇਗਾ। ਪੌਲੁਸ ਰਸੂਲ ਨੇ ਇਕ ਚੰਗੀ ਮਿਸਾਲ ਕਾਇਮ ਕੀਤੀ। ਉਸ ਨੇ ਕਿਹਾ: “ਸਾਨੂੰ ਨਿਹਚਾ ਹੈ ਭਈ ਸਾਡਾ ਅੰਤਹਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਸਾਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜੋ ਸਾਡੀ ਜ਼ਮੀਰ ਨੂੰ ਪਰੇਸ਼ਾਨ ਕਰੇ; ਲੇਕਿਨ, ਸਾਨੂੰ ਉਨ੍ਹਾਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਦੀਆਂ ਜ਼ਮੀਰਾਂ ਸਾਡੇ ਨਾਲੋਂ ਭਿੰਨ ਹਨ। ਦੂਜੇ ਪਾਸੇ, ਇਕ ਮਸੀਹੀ ਸ਼ਾਇਦ ਦੇਖੇ ਕਿ ਭਾਵੇਂ ਕੋਈ ਕੰਮ ਬਾਈਬਲ ਦੇ ਖ਼ਿਲਾਫ਼ ਨਹੀਂ ਹੈ, ਉਹ ਜਾਣਦਾ ਹੈ ਕਿ ਕਲੀਸਿਯਾ ਅਤੇ ਗੁਆਂਢ ਵਿਚ ਕਈਆਂ ਲੋਕਾਂ ਦੀ ਨਜ਼ਰ ਵਿਚ ਇਹ ਠੀਕ ਨਹੀਂ ਹੋਵੇਗਾ। ਪੌਲੁਸ ਨੇ ਇਨ੍ਹਾਂ ਸ਼ਬਦਾਂ ਵਿਚ ਸਹੀ ਰਵੱਈਆ ਪ੍ਰਗਟ ਕੀਤਾ: “ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖੁਆਉਂਦੇ ਭਈ ਕਿਤੇ ਇਸ ਸੇਵਕਾਈ ਉੱਤੇ ਹਰਫ਼ ਨਾ ਆਵੇ। ਪਰ ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ।”—2 ਕੁਰਿੰਥੀਆਂ 6:3, 4.
ਹੁਣ ਆਓ ਆਪਾਂ ਚਰਚ, ਮੰਦਰ ਜਾਂ ਗੁਰਦੁਆਰੇ ਦੀ ਇਮਾਰਤ ਉੱਤੇ ਕੰਮ ਕਰਨ ਦੇ ਮੁੱਖ ਸਵਾਲ ਵੱਲ ਮੁੜੀਏ, ਜਿਵੇਂ ਕਿ ਨਵੀਆਂ ਤਾਕੀਆਂ ਲਾਉਣੀਆਂ, ਨਵੀਂ ਫ਼ਰਸ਼ ਵਿਛਾਉਣੀ, ਜਾਂ ਕੋਈ ਬਿਜਲੀ ਦਾ ਕੰਮ ਕਰਨਾ। ਇਸ ਵਿਚ ਸ਼ਾਇਦ ਉਪਰਲੇ ਨੁਕਤੇ ਕਿਵੇਂ ਸ਼ਾਮਲ ਹੋਣ?
ਇਖ਼ਤਿਆਰ ਬਾਰੇ ਨੁਕਤਾ ਯਾਦ ਕਰੋ। ਕੀ ਮਸੀਹੀ ਮਾਲਕ ਜਾਂ ਮੈਨੇਜਰ ਹੈ ਜੋ ਚਰਚ, ਮੰਦਰ ਜਾਂ ਗੁਰਦੁਆਰੇ ਵਿਚ ਅਜਿਹੇ ਕੰਮ ਕਰਨ ਬਾਰੇ ਫ਼ੈਸਲਾ ਕਰ ਸਕਦਾ ਹੈ? ਕੀ ਅਜਿਹਾ ਇਖ਼ਤਿਆਰ ਰੱਖਣ ਵਾਲਾ ਇਕ ਮਸੀਹੀ, ਕੰਮ ਕਰਨ ਦੀ ਕੀਮਤ ਦੇ ਕੇ ਜਾ ਠੇਕਾ ਲੈ ਕੇ ਕਿਸੇ ਮਹਜ਼ਬ ਦੀ ਝੂਠੀ ਉਪਾਸਨਾ ਨੂੰ ਅੱਗੇ ਵਧਾਉਣ ਲਈ ਮਦਦ ਕਰਨ ਵਿਚ ਵੱਡੀ ਬਾਬੁਲ ਦਾ ਭਾਗੀ ਹੋਣਾ ਚਾਹੇਗਾ? ਕੀ ਇਹ ਆਪਣੀ ਦੁਕਾਨ ਵਿਚ ਸਿਗਰਟਾਂ ਜਾਂ ਮੂਰਤੀਆਂ ਵੇਚਣ ਦੇ ਫ਼ੈਸਲੇ ਦੇ ਬਰਾਬਰ ਨਹੀਂ ਹੋਵੇਗਾ?—2 ਕੁਰਿੰਥੀਆਂ 6:14-16.
ਜੇ ਮਸੀਹੀ ਨੌਕਰ ਹੈ ਅਤੇ ਉਹ ਫ਼ੈਸਲੇ ਨਹੀਂ ਕਰ ਸਕਦਾ ਕਿ ਕਿਹੜੇ ਕੰਮ ਸਵੀਕਾਰ ਕੀਤੇ ਜਾਂਦੇ ਹਨ, ਤਾਂ ਹੋਰ ਗੱਲਾਂ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਕੰਮ ਕਿੱਥੇ ਕੀਤਾ ਜਾਵੇਗਾ ਅਤੇ ਕੰਮ ਕਰਨ ਵਿਚ ਤੁਸੀਂ ਕਿਸ ਹੱਦ ਤਕ ਸ਼ਾਮਲ ਹੋਵੋਗੇ। ਕੀ ਨੌਕਰ ਨੂੰ ਸਿਰਫ਼ ਕਿਸੇ ਮੌਕੇ ਤੇ ਨਵੀਆਂ ਕੁਰਸੀਆਂ ਪਹੁੰਚਾਉਣ ਜਾਂ ਟਿਕਾਉਣ ਲਈ ਕਿਹਾ ਗਿਆ ਹੈ? ਜਾਂ ਕੀ ਲੋਕ ਸੇਵਾ ਕਰਨੀ ਸ਼ਾਮਲ ਹੈ, ਜਿਵੇਂ ਕਿ ਇਕ ਫਾਇਰਮੈਨ ਦਾ ਕੰਮ ਜੋ ਚਰਚ ਵਿਚ ਅੱਗ ਫੈਲਣ ਤੋਂ ਪਹਿਲਾਂ ਉਸ ਨੂੰ ਬੁਝਾਉਂਦਾ ਹੈ? ਕਈ ਲੋਕ ਇਸ ਕੰਮ ਨੂੰ ਉਸ ਕਾਰੋਬਾਰ ਦੇ ਨੌਕਰ ਤੋਂ ਵੱਖਰੇ ਨਜ਼ਰੀਏ ਨਾਲ ਦੇਖਣਗੇ ਜਿਹੜਾ ਬਹੁਤ ਚਿਰ ਲਈ ਚਰਚ, ਮੰਦਰ, ਜਾਂ ਗੁਰਦੁਆਰੇ ਨੂੰ ਰੰਗ ਫੇਰਦਾ ਜਾਂ ਉਸ ਨੂੰ ਸੁੰਦਰ ਬਣਾਉਣ ਲਈ ਹਮੇਸ਼ਾ ਬਾਗ਼ਬਾਨੀ ਕਰਦਾ ਹੈ। ਅਜਿਹਾ ਪੱਕਾ ਜਾਂ ਲੰਮੇ ਸਮੇਂ ਲਈ ਕੰਮ ਲੋਕਾਂ ਦੇ ਮਨਾਂ ਵਿਚ ਇਸ ਗੱਲ ਦੀ ਸੰਭਾਵਨਾ ਵਧਾਵੇਗਾ ਕਿ ਮਸੀਹੀ ਅਜਿਹੇ ਧਰਮ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਉਹ ਮੰਨਦਾ ਨਹੀਂ ਅਤੇ ਇਸ ਕਰਕੇ ਸ਼ਾਇਦ ਕੁਝ ਲੋਕ ਠੋਕਰ ਖਾਣ।—ਮੱਤੀ 13:41; 18:6, 7.
ਨੌਕਰੀ ਕਰਨ ਬਾਰੇ ਅਸੀਂ ਕਈ ਜ਼ਰੂਰੀ ਗੱਲਾਂ ਪੇਸ਼ ਕੀਤੀਆਂ ਹਨ। ਇਹ ਝੂਠੇ ਧਰਮ ਦੇ ਸੰਬੰਧ ਵਿਚ ਇਕ ਖ਼ਾਸ ਸਵਾਲ ਦੇ ਜਵਾਬ ਵਿਚ ਪੇਸ਼ ਕੀਤੀਆਂ ਗਈਆਂ ਸਨ। ਲੇਕਿਨ, ਇਨ੍ਹਾਂ ਗੱਲਾਂ ਉੱਤੇ ਹੋਰ ਤਰ੍ਹਾਂ ਦੀਆਂ ਨੌਕਰੀਆਂ ਦੇ ਸੰਬੰਧ ਵਿਚ ਵੀ ਵਿਚਾਰ ਕੀਤਾ ਜਾ ਸਕਦਾ ਹੈ। ਹਰ ਮਾਮਲੇ ਵਿਚ, ਪ੍ਰਾਰਥਨਾ ਨਾਲ ਸੋਚ-ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਅਤੇ ਹਰ ਨੌਕਰੀ ਦੇ ਖ਼ਾਸ ਅਤੇ ਸ਼ਾਇਦ ਅਨੋਖੇ ਪਹਿਲੂਆਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਸ ਲੇਖ ਵਿਚ ਪੇਸ਼ ਕੀਤੀਆਂ ਗਈਆਂ ਗੱਲਾਂ ਨੇ ਪਹਿਲਾਂ ਹੀ ਕਈਆਂ ਈਮਾਨਦਾਰ ਮਸੀਹੀਆਂ ਨੂੰ ਆਪਣੀ ਜ਼ਮੀਰ ਦੇ ਅਨੁਸਾਰ ਫ਼ੈਸਲੇ ਕਰਨ ਵਿਚ ਮਦਦ ਦਿੱਤੀ ਹੈ। ਅਜਿਹੇ ਫ਼ੈਸਲੇ ਦਿਖਾਉਂਦੇ ਹਨ ਕਿ ਉਹ ਯਹੋਵਾਹ ਅੱਗੇ ਸਿੱਧੀ ਤਰ੍ਹਾਂ ਅਤੇ ਨੇਕ ਚਾਲ ਚੱਲਣ ਦੀ ਇੱਛਾ ਰੱਖਦੇ ਹਨ।—ਕਹਾਉਤਾਂ 3:5, 6; ਯਸਾਯਾਹ 2:3; ਇਬਰਾਨੀਆਂ 12:12-14.
[ਫੁਟਨੋਟ]
a ਹਸਪਤਾਲ ਵਿਚ ਕੰਮ ਕਰ ਰਹੇ ਮਸੀਹੀਆਂ ਨੂੰ ਇਖ਼ਤਿਆਰ ਦੀ ਇਸ ਗੱਲ ਉੱਤੇ ਵਿਚਾਰ ਕਰਨਾ ਪਿਆ ਹੈ। ਡਾਕਟਰ ਕੋਲ ਮਰੀਜ਼ ਲਈ ਦਵਾਈਆਂ ਮੰਗਵਾਉਣ ਜਾਂ ਉਸ ਦਾ ਇਲਾਜ ਕਰਨ ਦਾ ਇਖ਼ਤਿਆਰ ਹੋ ਸਕਦਾ ਹੈ। ਪਰ ਜੇ ਇਕ ਮਰੀਜ਼ ਖ਼ੂਨ ਲੈਣ ਜਾਂ ਗਰਭਪਾਤ ਕਰਾਉਣ ਲਈ ਰਾਜ਼ੀ ਹੈ, ਤਾਂ ਇਕ ਮਸੀਹੀ ਡਾਕਟਰ ਇਹ ਜਾਣਦੇ ਹੋਏ ਕਿ ਅਜਿਹੇ ਮਾਮਲਿਆਂ ਬਾਰੇ ਬਾਈਬਲ ਕੀ ਕਹਿੰਦੀ ਹੈ, ਖ਼ੂਨ ਦੇਣ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ ਜਾਂ ਗਰਭਪਾਤ ਕਿਵੇਂ ਕਰ ਸਕਦਾ ਹੈ? ਇਸ ਦੀ ਤੁਲਨਾ ਵਿਚ, ਹਸਪਤਾਲ ਵਿਚ ਨੌਕਰੀ ਕਰ ਰਹੀ ਇਕ ਨਰਸ ਕੋਲ ਸ਼ਾਇਦ ਅਜਿਹਾ ਇਖ਼ਤਿਆਰ ਨਾ ਹੋਵੇ। ਜਿਉਂ-ਜਿਉਂ ਉਹ ਰੋਜ਼ ਦੇ ਕੰਮ ਕਰਦੀ ਹੈ, ਇਕ ਡਾਕਟਰ ਸ਼ਾਇਦ ਉਸ ਨੂੰ ਕਿਸੇ ਗੱਲ ਲਈ ਖ਼ੂਨ ਦਾ ਟੈੱਸਟ ਕਰਨ ਲਈ ਕਹੇ ਜਾਂ ਕਿਸੇ ਮਰੀਜ਼ ਦੀ ਦੇਖ-ਭਾਲ ਕਰਨ ਲਈ ਕਹੇ ਜੋ ਗਰਭਪਾਤ ਕਰਾਉਣ ਲਈ ਆਈ ਹੈ। 2 ਰਾਜਿਆਂ 5:17-19 ਵਿਚ ਦਰਜ ਮਿਸਾਲ ਦੇ ਅਨੁਸਾਰ, ਉਹ ਨਰਸ ਸ਼ਾਇਦ ਇਹ ਸਿੱਟਾ ਕੱਢੇ ਕਿ ਉਹ ਮਰੀਜ਼ ਲਈ ਅਜਿਹੀ ਮਾਨਵੀ ਸੇਵਾ ਕਰ ਸਕਦੀ ਹੈ, ਕਿਉਂਕਿ ਉਸ ਕੋਲ ਖ਼ੂਨ ਦੇਣ ਦਾ ਜਾਂ ਗਰਭਪਾਤ ਕਰਨ ਦਾ ਇਖ਼ਤਿਆਰ ਨਹੀਂ ਹੈ। ਫਿਰ ਵੀ, ਉਸ ਨੂੰ ਆਪਣੀ ਜ਼ਮੀਰ ਬਾਰੇ ਸੋਚਣਾ ਪਵੇਗਾ, ਤਾਂਕਿ ਉਹ ‘ਪੂਰੀ ਨੇਕਨੀਅਤੀ ਨਾਲ ਪਰਮੇਸ਼ੁਰ ਦੇ ਅੱਗੇ ਚੱਲ ਸਕੇ।’—ਰਸੂਲਾਂ ਦੇ ਕਰਤੱਬ 23:1.