ਅੰਤ ਨੂੰ ਨੇੜੇ ਆਉਂਦਿਆਂ ਦੇਖ ਕੇ ਸੁਰਤ ਵਾਲੇ ਹੋਵੋ
1 ਬਾਈਬਲ ਵਾਰ-ਵਾਰ ਕਹਿੰਦੀ ਹੈ ਕਿ ਯਹੋਵਾਹ ਦਾ ਦਿਨ “ਚੋਰ” ਵਾਂਗ ਆਵੇਗਾ। ਕਹਿਣ ਦਾ ਮਤਲਬ ਹੈ ਕਿ ਇਹ ਦਿਨ ਅਚਾਨਕ, ਤੇਜ਼ੀ ਨਾਲ ਚੁੱਪ-ਚਪੀਤੇ ਆਵੇਗਾ। (1 ਥੱਸ. 5:2; ਮੱਤੀ 24:43; 2 ਪਤ. 3:10; ਪਰ. 3:3; 16:15) “ਇਸ ਲਈ,” ਯਿਸੂ ਨੇ ਕਿਹਾ, “ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।” (ਮੱਤੀ 24:44) ਅੰਤ ਨੂੰ ਨੇੜੇ ਆਉਂਦਿਆਂ ਦੇਖ ਕੇ ਅਸੀਂ ਅਧਿਆਤਮਿਕ ਤੌਰ ਤੇ ਕਿਵੇਂ ਸਚੇਤ ਰਹਿ ਸਕਦੇ ਹਾਂ? ਬਾਈਬਲ ਸਲਾਹ ਦਿੰਦੀ ਹੈ: “ਸੁਰਤ ਵਾਲੇ ਹੋਵੋ।”—1 ਪਤ. 4:7.
2 ਸੁਰਤ ਵਾਲੇ ਹੋਣ ਦਾ ਮਤਲਬ ਹੈ ਕਿ ਅਸੀਂ ਯਹੋਵਾਹ ਵਰਗਾ ਨਜ਼ਰੀਆ ਰੱਖੀਏ। (ਅਫ਼. 5:17) ਇਹ ਨਜ਼ਰੀਆ ਇਸ ਦੁਨੀਆਂ ਵਿਚ ਆਪਣੇ ਆਪ ਨੂੰ “ਪਰਦੇਸੀ ਅਤੇ ਮੁਸਾਫ਼ਰ” ਸਮਝਣ ਵਿਚ ਸਾਡੀ ਮਦਦ ਕਰਦਾ ਹੈ। (1 ਪਤ. 2:11) ਇਹ ਸਾਨੂੰ ਚੰਗੀਆਂ ਯਾਨੀ ਜ਼ਰੂਰੀ ਗੱਲਾਂ ਨੂੰ ਸਮਝਣ, ਇਨ੍ਹਾਂ ਨੂੰ ਪਹਿਲ ਦੇਣ ਅਤੇ ਚੰਗੇ ਫ਼ੈਸਲੇ ਕਰਨ ਦੇ ਕਾਬਲ ਬਣਾਉਂਦਾ ਹੈ।—ਫ਼ਿਲਿ. 1:10.
3 ਅਧਿਆਤਮਿਕ ਟੀਚੇ ਰੱਖੋ: ਅਧਿਆਤਮਿਕ ਟੀਚੇ ਰੱਖਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਨਾਲ ਸਾਨੂੰ ਸੁਰਤ ਵਾਲੇ ਹੋਣ ਵਿਚ ਮਦਦ ਮਿਲਦੀ ਹੈ। ਕੀ ਤੁਸੀਂ ਅਧਿਆਤਮਿਕ ਟੀਚੇ ਰੱਖੇ ਹਨ ਜਿਨ੍ਹਾਂ ਨੂੰ ਤੁਸੀਂ ਹੁਣ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨ, ਸਾਰੀਆਂ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਦਾ ਹਰ ਅੰਕ ਪੜ੍ਹਨ ਜਾਂ ਸੇਵਕਾਈ ਵਿਚ ਜ਼ਿਆਦਾ ਘੰਟੇ ਬਿਤਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜੇ ਤੁਸੀਂ ਆਪਣੇ ਲਈ ਢੁਕਵੇਂ ਟੀਚੇ ਰੱਖਦੇ ਹੋ, ਉਨ੍ਹਾਂ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹੋ ਅਤੇ ਆਪਣੇ ਜਤਨਾਂ ਉੱਤੇ ਯਹੋਵਾਹ ਦੀ ਬਰਕਤ ਮੰਗਦੇ ਹੋ, ਤਾਂ ਤੁਸੀਂ ਬਹੁਤ ਹੀ ਵਧੀਆ ਨਤੀਜੇ ਹਾਸਲ ਕਰੋਗੇ।
4 ਇਕ ਬਜ਼ੁਰਗ ਨੇ ਇਕ ਨੌਜਵਾਨ ਜੋੜੇ ਕੋਲੋਂ ਉਨ੍ਹਾਂ ਦੇ ਅਧਿਆਤਮਿਕ ਟੀਚਿਆਂ ਬਾਰੇ ਪੁੱਛਿਆ। ਬਜ਼ੁਰਗ ਦੇ ਸਵਾਲ ਨੇ ਉਨ੍ਹਾਂ ਨੂੰ ਅਹਿਸਾਸ ਕਰਾਇਆ ਕਿ ਜੇ ਉਹ ਸਾਦੀ ਜ਼ਿੰਦਗੀ ਜੀਉਣ ਅਤੇ ਭਾਰੀ ਕਰਜ਼ਾ ਲਾਹ ਦੇਣ, ਤਾਂ ਉਹ ਪਾਇਨੀਅਰੀ ਕਰ ਸਕਦੇ ਹਨ। ਉਨ੍ਹਾਂ ਨੇ ਇਸ ਤਰ੍ਹਾਂ ਕਰਨ ਦਾ ਟੀਚਾ ਰੱਖਿਆ। ਉਨ੍ਹਾਂ ਨੇ ਮਿਹਨਤ ਕਰ ਕੇ ਆਪਣਾ ਕਰਜ਼ਾ ਲਾਹ ਦਿੱਤਾ ਅਤੇ ਬੇਲੋੜੇ ਕੰਮਾਂ ਨੂੰ ਘਟਾ ਦਿੱਤਾ ਜੋ ਉਨ੍ਹਾਂ ਦਾ ਸਮਾਂ ਅਤੇ ਤਾਕਤ ਬਰਬਾਦ ਕਰਦੇ ਸਨ। ਠੀਕ ਇਕ ਸਾਲ ਬਾਅਦ ਉਨ੍ਹਾਂ ਨੇ ਆਪਣਾ ਟੀਚਾ ਪੂਰਾ ਕਰ ਲਿਆ। ਨਤੀਜਾ ਕੀ ਨਿਕਲਿਆ? ਪਤੀ ਕਹਿੰਦਾ ਹੈ: “ਜੇ ਅਸੀਂ ਇਹ ਟੀਚਾ ਨਾ ਰੱਖਿਆ ਹੁੰਦਾ, ਤਾਂ ਅੱਜ ਅਸੀਂ ਇਸ ਮੁਕਾਮ ਤੇ ਨਾ ਪਹੁੰਚਦੇ। ਹੁਣ ਅਸੀਂ ਬਹੁਤ ਖ਼ੁਸ਼ ਹਾਂ। ਸਾਡੀ ਜ਼ਿੰਦਗੀ ਪਹਿਲਾਂ ਨਾਲੋਂ ਸੁਖੀ ਅਤੇ ਬਿਹਤਰ ਹੈ। ਹੁਣ ਸਾਡੀ ਜ਼ਿੰਦਗੀ ਵਿਚ ਅਸਲੀ ਅਰਥ ਤੇ ਮਕਸਦ ਹੈ।”
5 ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ, ਆਓ ਆਪਾਂ ਸੁਰਤ ਵਾਲੇ ਹੋ ਕੇ ਅਧਿਆਤਮਿਕ ਤੌਰ ਤੇ ਸਚੇਤ ਰਹੀਏ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਉੱਤੇ ਧਿਆਨ ਲਾਈਏ।—ਤੀਤੁ. 2:11-13.