ਪ੍ਰਚਾਰ ਕਰਨ ਦੀ ਆਪਣੀ ਕਾਬਲੀਅਤ ਨੂੰ ਨਿਖਾਰਦੇ ਰਹੋ
1. ਪਹਿਲੀ ਸਦੀ ਦੀਆਂ ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਪ੍ਰਚਾਰ ਕਰਨ ਦੀ ਆਪਣੀ ਕਾਬਲੀਅਤ ਨੂੰ ਨਿਖਾਰਦੇ ਰਹਿਣਾ ਚਾਹੀਦਾ ਹੈ?
1 ਮਸੀਹੀਆਂ ਨੂੰ ਪ੍ਰਚਾਰ ਕਰਨ ਦੀ ਆਪਣੀ ਕਾਬਲੀਅਤ ਨੂੰ ਨਿਖਾਰਦੇ ਰਹਿਣਾ ਚਾਹੀਦਾ ਹੈ। ਇਸੇ ਕਰਕੇ ਯਿਸੂ ਆਪਣੇ ਚੇਲਿਆਂ ਨੂੰ ਲਗਾਤਾਰ ਪ੍ਰਚਾਰ ਦੀ ਟ੍ਰੇਨਿੰਗ ਦਿੰਦਾ ਰਿਹਾ। (ਲੂਕਾ 9:1-5; 10:1-11) ਇਹੀ ਵਜ੍ਹਾ ਸੀ ਕਿ ਅਕੂਲਾ ਅਤੇ ਪ੍ਰਿਸਕਿੱਲਾ ਅਪੁੱਲੋਸ ਨੂੰ ਆਪਣੇ ਨਾਲ ਲੈ ਗਏ ਅਤੇ “ਉਸ ਨੂੰ ਪਰਮੇਸ਼ੁਰ ਦੇ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਸਮਝਾਇਆ।” (ਰਸੂ. 18:24-26) ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੌਲੁਸ ਨੇ ਤਜਰਬੇਕਾਰ ਪ੍ਰਚਾਰਕ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀ ਸਿੱਖਿਆ ਦੇਣ ਦੀ ਕਲਾ ਵੱਲ ਧਿਆਨ ਦਿੰਦਾ ਰਹੇ ਤਾਂ ਜੋ ‘ਸਾਰੇ ਜਣੇ ਉਸ ਦੀ ਤਰੱਕੀ ਸਾਫ਼-ਸਾਫ਼ ਦੇਖ ਸਕਣ।’ (1 ਤਿਮੋ. 4:13-15) ਭਾਵੇਂ ਅਸੀਂ ਲੰਬੇ ਸਮੇਂ ਤੋਂ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਦੇ ਤੌਰ ਤੇ ਪ੍ਰਭੂ ਯਿਸੂ ਦੀ ਸੇਵਾ ਕਰ ਰਹੇ ਹੋਈਏ, ਪਰ ਸਾਨੂੰ ਸਾਰਿਆਂ ਨੂੰ ਆਪਣੀ ਪ੍ਰਚਾਰ ਕਰਨ ਦੀ ਕਾਬਲੀਅਤ ਨੂੰ ਨਿਖਾਰਦੇ ਰਹਿਣ ਦੀ ਲੋੜ ਹੈ।
2. ਅਸੀਂ ਦੂਜਿਆਂ ਤੋਂ ਕਿਵੇਂ ਸਿੱਖ ਸਕਦੇ ਹਾਂ?
2 ਦੂਜਿਆਂ ਤੋਂ ਸਿੱਖੋ: ਪ੍ਰਚਾਰ ਕਰਨ ਦੀ ਆਪਣੀ ਕਾਬਲੀਅਤ ਨੂੰ ਨਿਖਾਰਨ ਦਾ ਇਕ ਤਰੀਕਾ ਹੈ ਦੂਜਿਆਂ ਤੋਂ ਸਿੱਖਣਾ। (ਕਹਾ. 27:17) ਇਸ ਲਈ, ਧਿਆਨ ਨਾਲ ਸੁਣੋ ਜਦ ਤੁਹਾਡਾ ਸਾਥੀ ਕਿਸੇ ਨਾਲ ਗੱਲ ਕਰਦਾ ਹੈ। ਜਿਸ ਗੱਲ ਵਿਚ ਤੁਹਾਨੂੰ ਸੁਧਾਰ ਕਰਨ ਦੀ ਲੋੜ ਹੈ ਉਸ ਬਾਰੇ ਤਜਰਬੇਕਾਰ ਪ੍ਰਚਾਰਕਾਂ ਕੋਲੋਂ ਸੁਝਾਅ ਪੁੱਛੋ ਅਤੇ ਉਨ੍ਹਾਂ ਦੀ ਸਲਾਹ ਧਿਆਨ ਨਾਲ ਸੁਣੋ। (ਕਹਾ. 1:5) ਕੀ ਤੁਹਾਨੂੰ ਰਿਟਰਨ ਵਿਜ਼ਿਟਾਂ ਕਰਨੀਆਂ, ਬਾਈਬਲ ਸਟੱਡੀਆਂ ਸ਼ੁਰੂ ਕਰਨੀਆਂ ਜਾਂ ਪ੍ਰਚਾਰ ਦੇ ਹੋਰ ਤਰੀਕੇ ਅਜ਼ਮਾਉਣੇ ਔਖੇ ਲੱਗਦੇ ਹਨ? ਤੁਸੀਂ ਆਪ ਜਾ ਕੇ ਆਪਣੇ ਗਰੁੱਪ ਓਵਰਸੀਅਰ ਜਾਂ ਤਜਰਬੇਕਾਰ ਪ੍ਰਚਾਰਕ ਨਾਲ ਗੱਲ ਕਰੋ ਕਿ ਉਹ ਤੁਹਾਨੂੰ ਟ੍ਰੇਨਿੰਗ ਦੇਵੇ। ਇਹ ਵੀ ਯਾਦ ਰੱਖੋ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਸਾਡੀਆਂ ਯੋਗਤਾਵਾਂ ਨੂੰ ਹੋਰ ਨਿਖਾਰ ਸਕਦੀ ਹੈ। ਇਸ ਲਈ ਉਸ ਨੂੰ ਪਵਿੱਤਰ ਸ਼ਕਤੀ ਲਈ ਲਗਾਤਾਰ ਪ੍ਰਾਰਥਨਾ ਕਰੋ।—ਲੂਕਾ 11:13.
3. ਜੇ ਕੋਈ ਤੁਹਾਨੂੰ ਬਿਨਾਂ ਮੰਗੇ ਕੋਈ ਸਲਾਹ ਦਿੰਦਾ ਹੈ, ਤਾਂ ਤੁਹਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
3 ਜੇ ਕੋਈ ਤੁਹਾਨੂੰ ਬਿਨਾਂ ਮੰਗੇ ਕੋਈ ਸਲਾਹ ਦਿੰਦਾ ਹੈ, ਤਾਂ ਖਿਝੋ ਨਾ। (ਉਪ. 7:9) ਅਪੁੱਲੋਸ ਵਾਂਗ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਦਿਖਾਉਂਦੇ ਹੋਏ ਸਲਾਹ ਕਬੂਲ ਕਰੋ। ਇਸ ਤਰ੍ਹਾਂ ਕਰ ਕੇ ਤੁਸੀਂ ਦਿਖਾਓਗੇ ਕਿ ਤੁਸੀਂ ਸਮਝਦਾਰ ਹੋ।—ਕਹਾ. 12:15.
4. ਪ੍ਰਚਾਰਕਾਂ ਵਜੋਂ ਆਪਣੀ ਕਾਬਲੀਅਤ ਨੂੰ ਨਿਖਾਰਦੇ ਰਹਿਣ ਦਾ ਯਿਸੂ ਨੇ ਕਿਹੜਾ ਜ਼ਬਰਦਸਤ ਕਾਰਨ ਦਿੱਤਾ ਸੀ?
4 ਕਾਬਲੀਅਤ ਨਿਖਾਰਨ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ: ਇਕ ਮਿਸਾਲ ਵਰਤ ਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਦੀ ਕਾਬਲੀਅਤ ਨਿਖਾਰਨ ਦੀ ਹੱਲਾਸ਼ੇਰੀ ਦਿੱਤੀ ਸੀ। ਉਸ ਨੇ ਆਪਣੀ ਤੁਲਨਾ ਅੰਗੂਰੀ ਵੇਲ ਨਾਲ ਅਤੇ ਆਪਣੇ ਚੁਣੇ ਹੋਏ ਚੇਲਿਆਂ ਦੀ ਟਾਹਣੀਆਂ ਨਾਲ ਕੀਤੀ ਸੀ। ਉਸ ਨੇ ਕਿਹਾ ਕਿ ਉਸ ਦਾ ਪਿਤਾ ਫਲ ਦੇਣ ਵਾਲੀ ਹਰ ਟਾਹਣੀ ਨੂੰ ਛਾਂਗ ਕੇ ਸਾਫ਼ ਕਰਦਾ ਹੈ “ਤਾਂਕਿ ਇਸ ਨੂੰ ਹੋਰ ਫਲ ਲੱਗੇ।” (ਯੂਹੰ. 15:2) ਜਿਵੇਂ ਅੰਗੂਰੀ ਬਾਗ਼ ਦਾ ਮਾਲਕ ਚਾਹੁੰਦਾ ਹੈ ਕਿ ਉਸ ਦੀਆਂ ਅੰਗੂਰੀ ਵੇਲਾਂ ਦੀਆਂ ਟਾਹਣੀਆਂ ਹੋਰ ਫਲ ਪੈਦਾ ਕਰਨ, ਉਸੇ ਤਰ੍ਹਾਂ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ‘ਬੁੱਲ੍ਹਾਂ ਦਾ ਫਲ ਚੜ੍ਹਾਉਣ’ ਦੀ ਕਾਬਲੀਅਤ ਨੂੰ ਨਿਖਾਰਦੇ ਰਹੀਏ। (ਇਬ. 13:15) ਇਸ ਦਾ ਨਤੀਜਾ ਕੀ ਹੋਵੇਗਾ? ਯਿਸੂ ਇਸ ਦਾ ਜਵਾਬ ਦਿੰਦਾ ਹੈ: “ਮੇਰੇ ਪਿਤਾ ਦੀ ਮਹਿਮਾ ਇਸ ਵਿਚ ਹੈ ਕਿ ਤੁਸੀਂ ਫਲ ਦਿੰਦੇ ਰਹੋ।”—ਯੂਹੰ. 15:8.