“ਪਰਮੇਸ਼ੁਰ ਦੇ ਬਚਨ ਬਾਰੇ ਜਾਣੋ” ਪੁਸਤਿਕਾ ਵਰਤ ਕੇ ਗੱਲਬਾਤ ਸ਼ੁਰੂ ਕਰੋ
1. ਪ੍ਰਚਾਰ ਲਈ ਸਾਨੂੰ ਕਿਹੜਾ ਨਵਾਂ ਪ੍ਰਕਾਸ਼ਨ ਮਿਲਿਆ ਹੈ?
1 ਨਿਊ ਵਰਲਡ ਟ੍ਰਾਂਸਲੇਸ਼ਨ ਦੇ ਨਵੇਂ ਐਡੀਸ਼ਨ ਦੇ ਸ਼ੁਰੂ ਵਿਚ ਇਕ ਭਾਗ ਹੈ, “ਪਰਮੇਸ਼ੁਰ ਦੇ ਬਚਨ ਬਾਰੇ ਜਾਣੋ।” ਇਸ ਭਾਗ ਵਿਚਲੀ ਜਾਣਕਾਰੀ ਨੂੰ ਇਕ ਪੁਸਤਿਕਾ ਦੇ ਰੂਪ ਵਿਚ ਛਾਪਿਆ ਗਿਆ ਸੀ ਜੋ 2014 ਦੇ ਵੱਡੇ ਸੰਮੇਲਨ ‘ਪਰਮੇਸ਼ੁਰ ਦੇ ਰਾਜ ਨੂੰ ਹਮੇਸ਼ਾ ਪਹਿਲ ਦਿਓ!’ ਵਿਚ ਰਿਲੀਜ਼ ਕੀਤੀ ਗਈ ਸੀ। ਪ੍ਰਚਾਰ ਦੀ ਪੇਸ਼ਕਾਰੀ ਤਿਆਰ ਕਰਦੇ ਸਮੇਂ ਅਸੀਂ ਇਹ ਪੁਸਤਿਕਾ ਕਿਵੇਂ ਵਰਤ ਸਕਦੇ ਹਾਂ? ਰੀਜ਼ਨਿੰਗ ਕਿਤਾਬ ਵਾਂਗ ਇਸ ਭਾਗ ਵਿਚ ਵੀ ਬਾਈਬਲ ਦੇ ਅਲੱਗ-ਅਲੱਗ ਵਿਸ਼ਿਆਂ ਥੱਲੇ ਆਇਤਾਂ ਦਿੱਤੀਆਂ ਗਈਆਂ ਹਨ। ਇਸ ਲਈ ਗੱਲਬਾਤ ਸ਼ੁਰੂ ਕਰਨ ਲਈ ਇਹ ਪੁਸਤਿਕਾ ਬਹੁਤ ਅਸਰਦਾਰ ਹੋ ਸਕਦੀ ਹੈ।
2. ਅਸੀਂ ਪ੍ਰਚਾਰ ਵਿਚ “ਪਰਮੇਸ਼ੁਰ ਦੇ ਬਚਨ ਬਾਰੇ ਜਾਣੋ” ਪੁਸਤਿਕਾ ਕਿਵੇਂ ਵਰਤ ਸਕਦੇ ਹਾਂ?
2 ਤੁਸੀਂ ਸ਼ਾਇਦ 8ਵਾਂ ਸਵਾਲ ਵਰਤ ਕੇ ਕਹਿ ਸਕਦੇ ਹੋ: “ਅਸੀਂ ਲੋਕਾਂ ਨਾਲ ਕੁਝ ਮਿੰਟਾਂ ਲਈ ਗੱਲ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ‘ਕੀ ਇਨਸਾਨ ਦੇ ਦੁੱਖਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਹੈ?’ [ਕੁਝ ਇਲਾਕਿਆਂ ਵਿਚ ਘਰ-ਮਾਲਕ ਨੂੰ ਪੁਸਤਿਕਾ ਵਿੱਚੋਂ ਸਵਾਲ ਦਿਖਾਉਣਾ ਜ਼ਿਆਦਾ ਅਸਰਕਾਰੀ ਹੈ।] ਤੁਸੀਂ ਇਸ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ।] ਬਾਈਬਲ ਇਸ ਸਵਾਲ ਦਾ ਤਸੱਲੀਬਖ਼ਸ਼ ਜਵਾਬ ਦਿੰਦੀ ਹੈ।” ਬਾਈਬਲ ਵਿੱਚੋਂ ਇਕ-ਦੋ ਹਵਾਲੇ ਪੜ੍ਹ ਕੇ ਚਰਚਾ ਕਰੋ। ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਇਸ ਪੁਸਤਿਕਾ ਦੇ ਸ਼ੁਰੂ ਵਿਚ ਦਿੱਤੇ 20 ਸਵਾਲ ਦਿਖਾਓ ਅਤੇ ਉਸ ਨੂੰ ਇਕ ਸਵਾਲ ਚੁਣਨ ਲਈ ਕਹੋ ਜਿਸ ʼਤੇ ਤੁਸੀਂ ਅਗਲੀ ਵਾਰ ਚਰਚਾ ਕਰੋਗੇ। ਤੁਸੀਂ ਬਾਈਬਲ ਸਟੱਡੀ ਲਈ ਵਰਤਿਆ ਜਾਂਦਾ ਕੋਈ ਪ੍ਰਕਾਸ਼ਨ ਵੀ ਉਸ ਨੂੰ ਦੇ ਸਕਦੇ ਹੋ ਜਿਸ ਵਿਚ ਉਸ ਵਿਸ਼ੇ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਹੋਵੇ।
3. ਬਾਈਬਲ ਉੱਤੇ ਵਿਸ਼ਵਾਸ ਨਾ ਕਰਨ ਵਾਲੇ ਲੋਕਾਂ ਨਾਲ ਗੱਲ ਸ਼ੁਰੂ ਕਰਨ ਲਈ ਅਸੀਂ “ਪਰਮੇਸ਼ੁਰ ਦੇ ਬਚਨ ਬਾਰੇ ਜਾਣੋ” ਪੁਸਤਿਕਾ ਕਿਵੇਂ ਵਰਤ ਸਕਦੇ ਹਾਂ?
3 ਸਵਾਲ 4 ਅਤੇ 13-17 ਸ਼ਾਇਦ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਖ਼ਾਸ ਕਰਕੇ ਮਦਦਗਾਰ ਸਾਬਤ ਹੋਣਗੇ ਜਿੱਥੇ ਹੋਰ ਧਰਮਾਂ ਦੇ ਲੋਕ ਰਹਿੰਦੇ ਹਨ। ਮਿਸਾਲ ਲਈ, ਤੁਸੀਂ ਸ਼ਾਇਦ ਸਵਾਲ 17 ਥੱਲੇ ਦਿੱਤੀ ਜਾਣਕਾਰੀ ਵਰਤਦੇ ਹੋਏ ਕਹਿ ਸਕਦੇ ਹੋ: “ਅਸੀਂ ਅੱਜ ਪਰਿਵਾਰਾਂ ਨਾਲ ਗੱਲ ਕਰ ਰਹੇ ਹਾਂ। ਕੀ ਤੁਹਾਨੂੰ ਲੱਗਦਾ ਕਿ ਅੱਜ ਪਰਿਵਾਰਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ? [ਜਵਾਬ ਲਈ ਸਮਾਂ ਦਿਓ।] ਬਹੁਤ ਸਾਰੇ ਪਤੀ-ਪਤਨੀਆਂ ਨੂੰ ਇਨ੍ਹਾਂ ਸ਼ਬਦਾਂ ਤੋਂ ਫ਼ਾਇਦਾ ਹੋਇਆ ਹੈ: “ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।” [ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਇਹ ਸ਼ਬਦ ਅਫ਼ਸੀਆਂ 5:33 ਤੋਂ ਹਨ। ਜੇ ਤੁਸੀਂ ਇਕ ਤੀਵੀਂ ਨਾਲ ਗੱਲ ਕਰ ਰਹੇ ਹੋ, ਤਾਂ ਅਫ਼ਸੀਆਂ 5:28 ਨੂੰ ਪੜ੍ਹਨ ਦੀ ਬਜਾਇ ਉਸ ਨੂੰ ਮੂੰਹ-ਜ਼ਬਾਨੀ ਦੱਸੋ।] ਕੀ ਤੁਹਾਨੂੰ ਲੱਗਦਾ ਕਿ ਇਹ ਸਲਾਹ ਮੰਨਣ ਨਾਲ ਵਿਆਹ ਦਾ ਬੰਧਨ ਮਜ਼ਬੂਤ ਹੋ ਸਕਦਾ ਹੈ?”
4. ਬਾਈਬਲ ਉੱਤੇ ਵਿਸ਼ਵਾਸ ਨਾ ਕਰਨ ਵਾਲੇ ਵਿਅਕਤੀ ਨਾਲ ਗੱਲਬਾਤ ਦੇ ਅਖ਼ੀਰ ʼਤੇ ਤੁਸੀਂ ਉਸ ਨੂੰ ਕੀ ਦੇ ਸਕਦੇ ਹੋ?
4 ਗੱਲਬਾਤ ਦੇ ਅਖ਼ੀਰ ʼਤੇ ਵਿਅਕਤੀ ਨੂੰ ਪੁੱਛੋ ਕਿ ਤੁਸੀਂ ਦੁਬਾਰਾ ਉਸ ਨੂੰ ਕਦੋਂ ਮਿਲ ਸਕਦੇ ਹੋ ਤਾਂਕਿ ਤੁਸੀਂ ਚਰਚਾ ਜਾਰੀ ਰੱਖ ਸਕੋ। ਤੁਸੀਂ ਜਿਸ ਸਵਾਲ ʼਤੇ ਚਰਚਾ ਕੀਤੀ ਸੀ ਉਸ ਥੱਲੇ ਦਿੱਤੇ ਹਵਾਲਿਆਂ ਵਿੱਚੋਂ ਕਿਸੇ ਇਕ ਹਵਾਲੇ ʼਤੇ ਗੱਲਬਾਤ ਕਰਨ ਬਾਰੇ ਸੋਚ ਸਕਦੇ ਹੋ। ਸਹੀ ਮੌਕਾ ਦੇਖ ਕੇ ਘਰ-ਮਾਲਕ ਨੂੰ ਦੱਸੋ ਕਿ ਤੁਸੀਂ ਜਿਨ੍ਹਾਂ ਵਧੀਆ ਗੱਲਾਂ ʼਤੇ ਉਸ ਨਾਲ ਚਰਚਾ ਕੀਤੀ ਹੈ, ਉਹ ਬਾਈਬਲ ਵਿੱਚੋਂ ਹਨ। ਆਪਣੀ ਪਿਛਲੀ ਗੱਲਬਾਤ ਅਤੇ ਘਰ-ਮਾਲਕ ਦੀ ਬਾਈਬਲ ਬਾਰੇ ਰਾਇ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਪ੍ਰਕਾਸ਼ਨ ਦਿਓ ਜੋ ਉਸ ਨੂੰ ਵਧੀਆ ਲੱਗੇਗਾ।—ਸਾਡੀ ਰਾਜ ਸੇਵਕਾਈ, ਦਸੰਬਰ 2013 ਦਾ ਅੰਤਰ-ਪੱਤਰ ਦੇਖੋ।