ਲੇਵੀਆਂ
27 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜੇ ਕੋਈ ਆਦਮੀ ਖ਼ਾਸ ਸੁੱਖਣਾ ਸੁੱਖਦਾ ਹੈ+ ਕਿ ਉਹ ਇਕ ਇਨਸਾਨ ਦੀ ਤੈਅ ਕੀਤੀ ਗਈ ਕੀਮਤ ਯਹੋਵਾਹ ਨੂੰ ਚੜ੍ਹਾਵੇਗਾ, 3 ਤਾਂ 20 ਤੋਂ 60 ਸਾਲ ਦੀ ਉਮਰ ਦੇ ਆਦਮੀ ਦੀ ਤੈਅ ਕੀਮਤ ਪਵਿੱਤਰ ਸਥਾਨ ਦੇ ਸ਼ੇਕੇਲ* ਦੇ ਤੋਲ ਮੁਤਾਬਕ 50 ਸ਼ੇਕੇਲ* ਚਾਂਦੀ ਹੋਵੇਗੀ। 4 ਪਰ ਇਸੇ ਉਮਰ ਦੀ ਔਰਤ ਦੀ ਤੈਅ ਕੀਮਤ 30 ਸ਼ੇਕੇਲ ਹੋਵੇਗੀ। 5 ਅਤੇ 5 ਤੋਂ 20 ਸਾਲ ਦੇ ਮੁੰਡੇ ਦੀ ਤੈਅ ਕੀਮਤ 20 ਸ਼ੇਕੇਲ ਅਤੇ ਕੁੜੀ ਦੀ ਕੀਮਤ 10 ਸ਼ੇਕੇਲ ਹੋਵੇਗੀ। 6 ਅਤੇ ਇਕ ਮਹੀਨੇ ਤੋਂ ਪੰਜ ਸਾਲ ਦੇ ਮੁੰਡੇ ਦੀ ਤੈਅ ਕੀਮਤ ਪੰਜ ਸ਼ੇਕੇਲ ਚਾਂਦੀ ਅਤੇ ਕੁੜੀ ਦੀ ਕੀਮਤ ਤਿੰਨ ਸ਼ੇਕੇਲ ਚਾਂਦੀ ਹੋਵੇਗੀ।
7 “‘ਅਤੇ 60 ਸਾਲ ਅਤੇ ਇਸ ਤੋਂ ਵੱਡੀ ਉਮਰ ਦੇ ਆਦਮੀ ਦੀ ਤੈਅ ਕੀਮਤ 15 ਸ਼ੇਕੇਲ ਅਤੇ ਔਰਤ ਦੀ ਕੀਮਤ 10 ਸ਼ੇਕੇਲ ਹੋਵੇਗੀ। 8 ਪਰ ਜੇ ਉਹ ਇੰਨਾ ਗ਼ਰੀਬ ਹੈ ਕਿ ਉਹ ਤੈਅ ਕੀਮਤ ਨਹੀਂ ਦੇ ਸਕਦਾ,+ ਤਾਂ ਉਹ ਪੁਜਾਰੀ ਸਾਮ੍ਹਣੇ ਖੜ੍ਹਾ ਹੋਵੇ ਅਤੇ ਪੁਜਾਰੀ ਉਸ ਦੀ ਕੀਮਤ ਤੈਅ ਕਰੇਗਾ। ਸੁੱਖਣਾ ਸੁੱਖਣ ਵਾਲਾ ਜਿੰਨਾ ਦੇ ਸਕਦਾ ਹੈ, ਉਸ ਅਨੁਸਾਰ ਪੁਜਾਰੀ ਕੀਮਤ ਤੈਅ ਕਰੇਗਾ।+
9 “‘ਜੇ ਕੋਈ ਆਦਮੀ ਅਜਿਹਾ ਜਾਨਵਰ ਚੜ੍ਹਾਉਣ ਦੀ ਸੁੱਖਣਾ ਸੁੱਖਦਾ ਹੈ ਜੋ ਯਹੋਵਾਹ ਨੂੰ ਚੜ੍ਹਾਏ ਜਾਣ ਦੇ ਯੋਗ ਹੈ, ਤਾਂ ਉਹ ਜੋ ਵੀ ਜਾਨਵਰ ਯਹੋਵਾਹ ਨੂੰ ਦੇਵੇਗਾ, ਉਹ ਪਵਿੱਤਰ ਹੋ ਜਾਵੇਗਾ। 10 ਉਹ ਉਸ ਜਾਨਵਰ ਦੇ ਬਦਲੇ ਹੋਰ ਜਾਨਵਰ ਨਹੀਂ ਦੇ ਸਕਦਾ ਭਾਵੇਂ ਚੰਗਾ ਹੋਵੇ ਜਾਂ ਮਾੜਾ। ਪਰ ਜੇ ਉਹ ਇਕ ਜਾਨਵਰ ਦੇ ਬਦਲੇ ਹੋਰ ਜਾਨਵਰ ਦਿੰਦਾ ਹੈ, ਤਾਂ ਪਹਿਲਾਂ ਵਾਲਾ ਜਾਨਵਰ ਅਤੇ ਉਸ ਦੇ ਬਦਲੇ ਦਿੱਤਾ ਜਾਣ ਵਾਲਾ ਜਾਨਵਰ ਦੋਵੇਂ ਪਵਿੱਤਰ ਹੋ ਜਾਣਗੇ। 11 ਜੇ ਉਹ ਕੋਈ ਅਸ਼ੁੱਧ ਜਾਨਵਰ+ ਦੇਣਾ ਚਾਹੁੰਦਾ ਹੈ ਜੋ ਯਹੋਵਾਹ ਨੂੰ ਭੇਟ ਚੜ੍ਹਾਏ ਜਾਣ ਦੇ ਯੋਗ ਨਹੀਂ ਹੈ, ਤਾਂ ਉਹ ਜਾਨਵਰ ਨੂੰ ਲਿਜਾ ਕੇ ਪੁਜਾਰੀ ਦੇ ਸਾਮ੍ਹਣੇ ਖੜ੍ਹਾ ਕਰੇ। 12 ਪੁਜਾਰੀ ਦੇਖੇਗਾ ਕਿ ਉਹ ਜਾਨਵਰ ਚੰਗਾ ਹੈ ਜਾਂ ਮਾੜਾ ਅਤੇ ਫਿਰ ਉਸ ਅਨੁਸਾਰ ਜਾਨਵਰ ਦੀ ਕੀਮਤ ਤੈਅ ਕਰੇਗਾ। ਪੁਜਾਰੀ ਦੁਆਰਾ ਤੈਅ ਕੀਤੀ ਕੀਮਤ ਬਦਲੀ ਨਹੀਂ ਜਾ ਸਕਦੀ। 13 ਪਰ ਜੇ ਉਹ ਆਦਮੀ ਕਦੀ ਉਸ ਜਾਨਵਰ ਨੂੰ ਵਾਪਸ ਖ਼ਰੀਦਣਾ ਚਾਹੁੰਦਾ ਹੈ, ਤਾਂ ਉਸ ਨੂੰ ਜਾਨਵਰ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਣਾ ਪਵੇਗਾ।+
14 “‘ਜੇ ਕੋਈ ਆਦਮੀ ਆਪਣਾ ਘਰ ਯਹੋਵਾਹ ਨੂੰ ਦੇਣ ਲਈ ਪਵਿੱਤਰ ਕਰਦਾ ਹੈ, ਤਾਂ ਪੁਜਾਰੀ ਘਰ ਦੀ ਕੀਮਤ ਤੈਅ ਕਰੇਗਾ, ਚਾਹੇ ਘਰ ਦੀ ਹਾਲਤ ਚੰਗੀ ਹੈ ਜਾਂ ਮਾੜੀ। ਪੁਜਾਰੀ ਜੋ ਵੀ ਕੀਮਤ ਤੈਅ ਕਰੇਗਾ, ਉਹੀ ਘਰ ਦੀ ਕੀਮਤ ਹੋਵੇਗੀ।+ 15 ਪਰ ਘਰ ਨੂੰ ਪਵਿੱਤਰ ਕਰਨ ਤੋਂ ਬਾਅਦ ਜੇ ਉਹ ਆਦਮੀ ਆਪਣਾ ਘਰ ਵਾਪਸ ਖ਼ਰੀਦਣਾ ਚਾਹੁੰਦਾ ਹੈ, ਤਾਂ ਉਸ ਨੂੰ ਘਰ ਦੀ ਤੈਅ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਣਾ ਪਵੇਗਾ ਅਤੇ ਘਰ ਉਸ ਦਾ ਹੋ ਜਾਵੇਗਾ।
16 “‘ਜੇ ਕੋਈ ਆਦਮੀ ਆਪਣੇ ਖੇਤ ਦਾ ਕੁਝ ਹਿੱਸਾ ਯਹੋਵਾਹ ਨੂੰ ਦੇਣ ਲਈ ਪਵਿੱਤਰ ਕਰਦਾ ਹੈ, ਤਾਂ ਉਸ ਹਿੱਸੇ ਵਿਚ ਕਿੰਨਾ ਬੀ ਬੀਜਿਆ ਜਾ ਸਕਦਾ ਹੈ, ਉਸ ਮੁਤਾਬਕ ਉਸ ਹਿੱਸੇ ਦੀ ਕੀਮਤ ਤੈਅ ਕੀਤੀ ਜਾਵੇਗੀ: ਇਕ ਹੋਮਰ* ਜੌਂ ਦੀ ਕੀਮਤ 50 ਸ਼ੇਕੇਲ ਚਾਂਦੀ ਹੋਵੇਗੀ। 17 ਜੇ ਉਹ ਆਜ਼ਾਦੀ ਦੇ ਸਾਲ+ ਤੋਂ ਆਪਣਾ ਖੇਤ ਪਵਿੱਤਰ ਕਰਦਾ ਹੈ, ਤਾਂ ਇਸ ਦੀ ਤੈਅ ਕੀਮਤ ਬਦਲੀ ਨਹੀਂ ਜਾ ਸਕਦੀ। 18 ਜੇ ਉਹ ਆਜ਼ਾਦੀ ਦੇ ਸਾਲ ਤੋਂ ਬਾਅਦ ਖੇਤ ਪਵਿੱਤਰ ਕਰਦਾ ਹੈ, ਤਾਂ ਪੁਜਾਰੀ ਦੇਖੇ ਕਿ ਅਗਲਾ ਆਜ਼ਾਦੀ ਦਾ ਸਾਲ ਆਉਣ ਤਕ ਕਿੰਨੇ ਸਾਲ ਰਹਿੰਦੇ ਹਨ ਅਤੇ ਫਿਰ ਉਹ ਉਸ ਅਨੁਸਾਰ ਖੇਤ ਦੀ ਕੀਮਤ ਦਾ ਹਿਸਾਬ ਲਾਵੇ ਅਤੇ ਫਿਰ ਇਸ ਕੀਮਤ ਨੂੰ ਤੈਅ ਕੀਤੀ ਗਈ ਕੀਮਤ ਵਿੱਚੋਂ ਘਟਾਵੇ।+ 19 ਪਰ ਖੇਤ ਨੂੰ ਪਵਿੱਤਰ ਕਰਨ ਤੋਂ ਬਾਅਦ ਜੇ ਉਹ ਆਦਮੀ ਕਦੀ ਖੇਤ ਵਾਪਸ ਖ਼ਰੀਦਣਾ ਚਾਹੁੰਦਾ ਹੈ, ਤਾਂ ਉਸ ਨੂੰ ਖੇਤ ਦੀ ਤੈਅ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਣਾ ਪਵੇਗਾ ਅਤੇ ਖੇਤ ਉਸ ਦਾ ਹੋ ਜਾਵੇਗਾ। 20 ਜੇ ਉਹ ਆਦਮੀ ਖੇਤ ਵਾਪਸ ਨਹੀਂ ਖ਼ਰੀਦਦਾ ਅਤੇ ਖੇਤ ਕਿਸੇ ਹੋਰ ਆਦਮੀ ਨੂੰ ਵੇਚ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਦੁਬਾਰਾ ਨਹੀਂ ਖ਼ਰੀਦਿਆ ਜਾ ਸਕਦਾ। 21 ਆਜ਼ਾਦੀ ਦੇ ਸਾਲ ਵਿਚ ਉਹ ਖੇਤ ਯਹੋਵਾਹ ਦਾ ਹੋ ਜਾਵੇਗਾ; ਉਹ ਪਵਿੱਤਰ ਅਤੇ ਉਸ ਨੂੰ ਅਰਪਿਤ ਕੀਤੀ ਹੋਈ ਚੀਜ਼ ਹੋ ਜਾਵੇਗਾ। ਉਹ ਖੇਤ ਪੁਜਾਰੀਆਂ ਦੀ ਜਾਇਦਾਦ ਬਣ ਜਾਵੇਗਾ।+
22 “‘ਜੇ ਕੋਈ ਆਦਮੀ ਅਜਿਹਾ ਖੇਤ ਯਹੋਵਾਹ ਨੂੰ ਦੇਣ ਲਈ ਪਵਿੱਤਰ ਕਰਦਾ ਹੈ ਜੋ ਉਸ ਨੇ ਖ਼ਰੀਦਿਆ ਹੈ, ਪਰ ਉਸ ਦੀ ਜੱਦੀ ਜ਼ਮੀਨ ਦਾ ਹਿੱਸਾ ਨਹੀਂ ਹੈ,+ 23 ਤਾਂ ਪੁਜਾਰੀ ਹਿਸਾਬ ਲਾਵੇਗਾ ਕਿ ਆਜ਼ਾਦੀ ਦਾ ਸਾਲ ਆਉਣ ਤਕ ਕਿੰਨੇ ਸਾਲ ਰਹਿੰਦੇ ਹਨ ਅਤੇ ਫਿਰ ਉਸ ਅਨੁਸਾਰ ਖੇਤ ਦੀ ਕੀਮਤ ਤੈਅ ਕਰੇਗਾ। ਉਹ ਆਦਮੀ ਉਸੇ ਦਿਨ ਕੀਮਤ ਅਦਾ ਕਰੇਗਾ।+ ਉਹ ਪੈਸਾ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੋਵੇਗਾ। 24 ਆਜ਼ਾਦੀ ਦੇ ਸਾਲ ਵਿਚ ਖੇਤ ਅਸਲੀ ਮਾਲਕ ਨੂੰ ਵਾਪਸ ਮਿਲ ਜਾਵੇਗਾ ਜਿਸ ਤੋਂ ਖ਼ਰੀਦਿਆ ਗਿਆ ਸੀ।+
25 “‘ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ ਹੀ ਹਰ ਕੀਮਤ ਤੈਅ ਕੀਤੀ ਜਾਵੇ। ਇਕ ਸ਼ੇਕੇਲ 20 ਗੀਰਾਹ* ਦੇ ਬਰਾਬਰ ਹੋਣਾ ਚਾਹੀਦਾ ਹੈ।
26 “‘ਪਰ ਜਾਨਵਰਾਂ ਦਾ ਕੋਈ ਵੀ ਜੇਠਾ ਯਹੋਵਾਹ ਨੂੰ ਦੇਣ ਲਈ ਪਵਿੱਤਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਠਾ ਹੋਣ ਕਰਕੇ ਇਹ ਜਨਮ ਤੋਂ ਹੀ ਉਸ ਦਾ ਹੁੰਦਾ ਹੈ।+ ਚਾਹੇ ਉਹ ਬਲਦ ਦਾ ਜੇਠਾ ਹੋਵੇ ਜਾਂ ਭੇਡ ਦਾ, ਉਹ ਪਹਿਲਾਂ ਹੀ ਯਹੋਵਾਹ ਦਾ ਹੈ।+ 27 ਪਰ ਅਸ਼ੁੱਧ ਜਾਨਵਰ ਦੇ ਜੇਠੇ ਨੂੰ ਛੁਡਾਇਆ ਜਾ ਸਕਦਾ ਹੈ। ਜੇ ਕੋਈ ਉਸ ਨੂੰ ਛੁਡਾਉਂਦਾ ਹੈ, ਤਾਂ ਉਹ ਉਸ ਦੀ ਤੈਅ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਵੇ।+ ਪਰ ਜੇ ਉਹ ਜਾਨਵਰ ਨੂੰ ਵਾਪਸ ਨਹੀਂ ਖ਼ਰੀਦਦਾ, ਤਾਂ ਜਾਨਵਰ ਨੂੰ ਤੈਅ ਕੀਮਤ ਮੁਤਾਬਕ ਵੇਚਿਆ ਜਾਵੇਗਾ।
28 “‘ਜੇ ਕੋਈ ਆਦਮੀ ਬਿਨਾਂ ਕਿਸੇ ਸ਼ਰਤ ਦੇ ਯਹੋਵਾਹ ਨੂੰ ਕੁਝ ਅਰਪਿਤ* ਕਰਦਾ ਹੈ, ਚਾਹੇ ਉਹ ਕੋਈ ਇਨਸਾਨ ਹੋਵੇ ਜਾਂ ਜਾਨਵਰ ਜਾਂ ਖੇਤ, ਤਾਂ ਉਹ ਵੇਚਿਆ ਜਾਂ ਵਾਪਸ ਖ਼ਰੀਦਿਆ ਨਹੀਂ ਜਾ ਸਕਦਾ। ਅਰਪਿਤ ਕੀਤੀ ਗਈ ਹਰ ਚੀਜ਼ ਯਹੋਵਾਹ ਲਈ ਅੱਤ ਪਵਿੱਤਰ ਹੈ।+ 29 ਇਸ ਤੋਂ ਇਲਾਵਾ ਜਿਸ ਅਪਰਾਧੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਸ ਨੂੰ ਰਿਹਾਈ ਦੀ ਕੀਮਤ ਦੇ ਕੇ ਛੁਡਾਇਆ ਨਹੀਂ ਜਾ ਸਕਦਾ।+ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+
30 “‘ਜ਼ਮੀਨ ਦੀ ਪੈਦਾਵਾਰ ਦਾ ਦਸਵਾਂ ਹਿੱਸਾ+ ਯਹੋਵਾਹ ਦਾ ਹੈ, ਚਾਹੇ ਫ਼ਸਲ ਦਾ ਹੋਵੇ ਜਾਂ ਦਰਖ਼ਤਾਂ ਦੇ ਫਲਾਂ ਦਾ। ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ। 31 ਜੇ ਕੋਈ ਆਦਮੀ ਉਸ ਦਸਵੇਂ ਹਿੱਸੇ ਨੂੰ ਵਾਪਸ ਖ਼ਰੀਦਣਾ ਚਾਹੁੰਦਾ ਹੈ, ਤਾਂ ਉਹ ਉਸ ਚੀਜ਼ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਦੇਵੇ। 32 ਗਾਂਵਾਂ-ਬਲਦਾਂ ਜਾਂ ਭੇਡਾਂ-ਬੱਕਰੀਆਂ ਦਾ ਦਸਵਾਂ ਹਿੱਸਾ ਪਰਮੇਸ਼ੁਰ ਨੂੰ ਦਿੱਤਾ ਜਾਵੇ। ਉਨ੍ਹਾਂ ਦੀ ਗਿਣਤੀ ਕਰਨ ਵੇਲੇ ਚਰਵਾਹੇ ਦੇ ਡੰਡੇ ਥੱਲਿਓਂ ਲੰਘਣ ਵਾਲਾ ਹਰ ਦਸਵਾਂ ਜਾਨਵਰ ਯਹੋਵਾਹ ਨੂੰ ਦੇਣ ਲਈ ਪਵਿੱਤਰ ਹੋਵੇਗਾ। 33 ਉਹ ਇਹ ਨਾ ਜਾਂਚੇ ਕਿ ਜਾਨਵਰ ਚੰਗਾ ਹੈ ਜਾਂ ਮਾੜਾ ਅਤੇ ਨਾ ਹੀ ਉਸ ਦੇ ਬਦਲੇ ਕੋਈ ਹੋਰ ਜਾਨਵਰ ਦੇਵੇ। ਪਰ ਜੇ ਉਹ ਜਾਨਵਰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਹਿਲਾਂ ਵਾਲਾ ਜਾਨਵਰ ਅਤੇ ਉਸ ਦੇ ਬਦਲੇ ਦਿੱਤਾ ਜਾਣ ਵਾਲਾ ਜਾਨਵਰ ਦੋਵੇਂ ਪਵਿੱਤਰ ਹੋ ਜਾਣਗੇ।+ ਉਹ ਵਾਪਸ ਨਹੀਂ ਖ਼ਰੀਦੇ ਜਾ ਸਕਦੇ।’”
34 ਯਹੋਵਾਹ ਨੇ ਇਹ ਸਾਰੇ ਹੁਕਮ ਸੀਨਈ ਪਹਾੜ ਉੱਤੇ ਮੂਸਾ ਨੂੰ ਇਜ਼ਰਾਈਲੀਆਂ ਵਾਸਤੇ ਦਿੱਤੇ ਸਨ।+