ਆਪਣੇ ਸਾਹਿੱਤ ਦਾ ਅਕਲਮੰਦੀ ਨਾਲ ਇਸਤੇਮਾਲ ਕਰੋ
1 ਸਾਡੇ ਰਸਾਲਿਆਂ ਦੀ ਵਿਵਸਥਿਤ ਤਰੀਕੇ ਨਾਲ ਵੰਡਾਈ ਉਦੋਂ ਸ਼ੁਰੂ ਹੋਈ ਜਦੋਂ 1 ਜੁਲਾਈ 1879 ਨੂੰ ਪਹਿਰਾਬੁਰਜ ਰਸਾਲੇ ਦਾ ਪਹਿਲਾ ਲੇਖ ਛਪਿਆ ਜਿਸ ਦੀਆਂ 6,000 ਕਾਪੀਆਂ ਵੰਡੀਆਂ ਗਈਆਂ। ਉਦੋਂ ਤੋਂ ਹੀ, ਬਹੁਤ ਸਾਰਾ ਵੱਖੋ-ਵੱਖਰਾ ਸਾਹਿੱਤ ਛਾਪਿਆ ਅਤੇ ਕਾਫ਼ੀ ਮਾਤਰਾ ਵਿਚ ਵੰਡਿਆ ਗਿਆ ਹੈ।
ਸਾਹਿੱਤ ਦੇਣ ਦਾ ਸਰਲ ਇੰਤਜ਼ਾਮ
2 ਨਵੰਬਰ 1999 ਦੇ ਅੱਧ ਵਿਚ ਦੱਸਿਆ ਗਿਆ ਸੀ ਕਿ ਰਸਾਲੇ ਤੇ ਦੂਸਰਾ ਹੋਰ ਸਾਹਿੱਤ ਪ੍ਰਕਾਸ਼ਕਾਂ ਅਤੇ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਬਿਨਾਂ ਕੋਈ ਕੀਮਤ ਮੰਗੇ ਦਿੱਤਾ ਜਾਵੇਗਾ। ਇਸ ਦਾ ਮਤਲਬ ਕਿ ਜਦੋਂ ਅਸੀਂ ਲੋਕਾਂ ਨੂੰ ਸਾਹਿੱਤ ਦੇਵਾਂਗੇ, ਤਾਂ ਅਸੀਂ ਉਨ੍ਹਾਂ ਕੋਲੋਂ ਕੋਈ ਖ਼ਾਸ ਰਕਮ ਨਹੀਂ ਮੰਗਾਂਗੇ ਅਤੇ ਨਾ ਹੀ ਉਨ੍ਹਾਂ ਨੂੰ ਇਹ ਸੁਝਾਅ ਦੇਵਾਂਗੇ ਕਿ ਉਨ੍ਹਾਂ ਨੂੰ ਕੋਈ ਚੰਦਾ ਦੇਣਾ ਚਾਹੀਦਾ ਹੈ। ਸਾਹਿੱਤ ਦਿੰਦੇ ਸਮੇਂ ਜੇਕਰ ਕੋਈ ਵਿਅਕਤੀ ਖ਼ੁਸ਼ ਖ਼ਬਰੀ ਨੂੰ ਛਾਪਣ ਲਈ ਸਾਡੇ ਵਿਸ਼ਵ-ਵਿਆਪੀ ਕੰਮ ਦੀ ਸਹਾਇਤਾ ਲਈ ਆਪਣੀ ਇੱਛਾ ਨਾਲ ਚੰਦਾ ਦਿੰਦਾ ਹੈ, ਤਾਂ ਇਸ ਨੂੰ ਸਵੀਕਾਰ ਕੀਤਾ ਜਾਵੇਗਾ। ਸਾਨੂੰ ਵਿਸ਼ਵਾਸ ਹੈ ਕਿ ਯਹੋਵਾਹ ਇਸ ਪ੍ਰਬੰਧ ਉੱਤੇ ਬਰਕਤ ਦੇਵੇਗਾ।—ਮੱਤੀ 6:33 ਦੀ ਤੁਲਨਾ ਕਰੋ।
ਸੇਵਕਾਈ ਵਿਚਲੀਆਂ ਵੱਖ-ਵੱਖ ਸਥਿਤੀਆਂ ਦਾ ਸਾਮ੍ਹਣਾ ਕਰਨਾ
3 ਅਸੀਂ ਲੋਕਾਂ ਦੀ ਦਿਲਚਸਪੀ ਨੂੰ ਜਗਾਉਣ ਲਈ ਲਗਾਤਾਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਾਂਗੇ। ਜੇਕਰ ਕੋਈ ਵਿਅਕਤੀ ਦਿਲਚਸਪੀ ਨਹੀਂ ਦਿਖਾਉਂਦਾ ਹੈ, ਤਾਂ ਉਸ ਨੂੰ ਸਾਹਿੱਤ ਪੇਸ਼ ਕਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਆਪਣਾ ਕੋਈ ਵੀ ਸਾਹਿੱਤ ਉਨ੍ਹਾਂ ਲੋਕਾਂ ਨੂੰ ਦੇ ਕੇ ਬਰਬਾਦ ਨਹੀਂ ਕਰਨਾ ਚਾਹੁੰਦੇ ਜਿਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ ਹੈ। ਦੂਜੇ ਪਾਸੇ, ਜੇਕਰ ਘਰ-ਸੁਆਮੀ ਦਿਲਚਸਪੀ ਦਿਖਾਉਂਦਾ ਹੈ ਅਤੇ ਸਾਹਿੱਤ ਪੜ੍ਹਨ ਲਈ ਰਾਜ਼ੀ ਹੋ ਜਾਂਦਾ ਹੈ, ਤਾਂ ਉੱਥੇ ਸਾਹਿੱਤ ਦਿੱਤਾ ਜਾ ਸਕਦਾ ਹੈ। ਅਸੀਂ ਆਪਣੇ ਸਾਹਿੱਤ ਦਾ ਅਕਲਮੰਦੀ ਨਾਲ ਇਸਤੇਮਾਲ ਕਰਨਾ ਚਾਹੁੰਦੇ ਹਾਂ।
4 ਹੇਠਾਂ ਕੁਝ ਗੱਲਾਂ ਦਿੱਤੀਆਂ ਗਈਆਂ ਹਨ ਜੋ ਤੁਸੀਂ ਸਾਹਿੱਤ ਦਿਖਾਉਣ ਤੋਂ ਬਾਅਦ ਕਹਿ ਸਕਦੇ ਹੋ: “ਜੇਕਰ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ, ਤਾਂ ਇਹ ਪ੍ਰਕਾਸ਼ਨ ਤੁਹਾਨੂੰ ਦੇ ਕੇ ਮੈਨੂੰ ਖ਼ੁਸ਼ੀ ਹੋਵੇਗੀ।” ਸ਼ਾਇਦ ਘਰ-ਸੁਆਮੀ ਪੁੱਛੇਗਾ: “ਇਸ ਦੀ ਕੀਮਤ ਕਿੰਨੀ ਹੈ?” ਤੁਸੀਂ ਜਵਾਬ ਦੇ ਸਕਦੇ ਹੋ: “ਅਸੀਂ ਇਹ ਕੰਮ ਪੈਸਾ ਕਮਾਉਣ ਲਈ ਨਹੀਂ ਕਰਦੇ। ਅਸੀਂ ਇਹ ਸਾਹਿੱਤ ਵੇਚਦੇ ਨਹੀਂ ਹਾਂ। ਅਸੀਂ ਤੁਹਾਡੇ ਗੁਆਂਢ ਵਿਚ ਜਿਹੜਾ ਕੰਮ ਅੱਜ ਕਰ ਰਹੇ ਹਾਂ, ਇਹ ਕੰਮ ਪੂਰੀ ਦੁਨੀਆਂ ਵਿਚ 233 ਦੇਸ਼ਾਂ ਵਿਚ ਸਵੈ-ਇੱਛਾ ਨਾਲ ਕੀਤਾ ਜਾ ਰਿਹਾ ਹੈ ਤਾਂਕਿ ਲੋਕਾਂ ਨੂੰ ਸਦੀਪਕ ਜੀਵਨ ਦਾ ਰਾਹ ਸਿਖਾਉਣ ਵਿਚ ਮਦਦ ਕੀਤੀ ਜਾ ਸਕੇ। ਜੇਕਰ ਤੁਸੀਂ ਇਸ ਕੰਮ ਲਈ ਚੰਦਾ ਦੇਣਾ ਚਾਹੁੰਦੇ ਹੋ, ਤਾਂ ਮੈਂ ਇਸ ਨੂੰ ਖ਼ੁਸ਼ੀ ਨਾਲ ਸਵੀਕਾਰ ਕਰਾਂਗਾ।”
5 ਜਦੋਂ ਤੁਸੀਂ ਰਸਾਲੇ ਦਿੰਦੇ ਹੋ, ਤਾਂ ਤੁਸੀਂ ਕਿਸੇ ਖ਼ਾਸ ਲੇਖ ਬਾਰੇ ਸਵਾਲ ਉਠਾ ਕੇ ਕਹਿ ਸਕਦੇ ਹੋ: “ਮੈਂ ਤੁਹਾਡਾ ਧਿਆਨ ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਵੱਲ ਦਿਵਾਉਣਾ ਚਾਹੁੰਦਾ ਹਾਂ। ਜੇਕਰ ਤੁਸੀਂ ਇਨ੍ਹਾਂ ਦੋਹਾਂ ਰਸਾਲਿਆਂ ਨੂੰ ਪੜ੍ਹਨਾ ਪਸੰਦ ਕਰੋਗੇ, ਤਾਂ ਇਹ ਤੁਹਾਨੂੰ ਦੇ ਕੇ ਮੈਨੂੰ ਬੜੀ ਖ਼ੁਸ਼ੀ ਹੋਵੇਗੀ।” ਜੇਕਰ ਵਿਅਕਤੀ ਰਸਾਲੇ ਲੈ ਲੈਂਦਾ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਮੇਰੇ ਖ਼ਿਆਲ ਵਿਚ ਇਸ ਵਿਸ਼ੇ ਵਿੱਚੋਂ ਤੁਹਾਨੂੰ ਸੱਚ-ਮੁੱਚ ਵਧੀਆ ਜਾਣਕਾਰੀ ਮਿਲੇਗੀ। ਇਸ ਬਾਰੇ ਤੁਹਾਡੇ ਨਾਲ ਗੱਲ-ਬਾਤ ਕਰ ਕੇ ਮੈਨੂੰ ਬੜੀ ਖ਼ੁਸ਼ੀ ਹੋਈ। ਦਰਅਸਲ, ਇਸ ਬਾਰੇ ਤੁਹਾਡਾ ਨਜ਼ਰੀਆ ਜਾਣਨ ਲਈ ਮੈਂ ਅਗਲੇ ਹਫ਼ਤੇ ਆਵਾਂਗਾ। ਤੁਸੀਂ ਦੇਖੋਗੇ ਕਿ ਇਹ ਪਹਿਰਾਬੁਰਜ 132 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ ਅਤੇ ਪੂਰੀ ਦੁਨੀਆਂ ਵਿਚ ਇਸ ਦੀਆਂ 2,20,00,000 ਕਾਪੀਆਂ ਵੰਡੀਆਂ ਜਾਂਦੀਆਂ ਹਨ। ਇਹ ਸਾਰਾ ਕੰਮ ਆਪਣੀ ਇੱਛਾ ਨਾਲ ਦਿੱਤੇ ਗਏ ਚੰਦਿਆਂ ਦੁਆਰਾ ਚਲਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਸਿੱਖਿਆ ਦੇ ਕੰਮ ਲਈ ਕੁਝ ਦੇਣਾ ਚਾਹੁੰਦੇ ਹੋ, ਤਾਂ ਅਸੀਂ ਇਸ ਨੂੰ ਖ਼ੁਸ਼ੀ ਨਾਲ ਸਵੀਕਾਰ ਕਰਾਂਗੇ।”
6 ਕੁਝ ਮੌਕਿਆਂ ਤੇ ਸਾਡੇ ਵਿਸ਼ਵ-ਵਿਆਪੀ ਕੰਮ ਲਈ ਦਿੱਤੇ ਜਾਂਦੇ ਚੰਦੇ ਬਾਰੇ ਚਰਚਾ ਕਰਨੀ ਔਖੀ ਲੱਗ ਸਕਦੀ ਹੈ। ਉਦਾਹਰਣ ਲਈ, ਇਕ ਦਿਲਚਸਪੀ ਰੱਖਣ ਵਾਲਾ ਘਰ-ਸੁਆਮੀ ਪੁੱਛ ਸਕਦਾ ਹੈ: “ਕੀ ਤੁਸੀਂ ਇਹ ਮੁਫ਼ਤ ਦਿੰਦੇ ਹੋ?” ਤੁਸੀਂ ਕਹਿ ਸਕਦੇ ਹੋ: “ਜੇਕਰ ਤੁਸੀਂ ਇਸ ਪ੍ਰਕਾਸ਼ਨ ਨੂੰ ਪੜ੍ਹਨਾ ਚਾਹੁੰਦੇ ਹੋ ਅਤੇ ਲੈਣਾ ਚਾਹੁੰਦੇ ਹੋ, ਤਾਂ ਜੀ ਹਾਂ ਇਹ ਤੁਹਾਡਾ ਹੈ। ਅਸੀਂ ਜਿਹੜੀ ਗੱਲ-ਬਾਤ ਕੀਤੀ ਹੈ ਇਸ ਬਾਰੇ ਹੋਰ ਚਰਚਾ ਕਰਨ ਲਈ ਮੈਂ ਤੁਹਾਡੇ ਕੋਲ ਅਗਲੇ ਹਫ਼ਤੇ ਆਉਣਾ ਚਾਹੁੰਦਾ ਹਾਂ ਅਤੇ ਤੁਹਾਨੂੰ ਸਾਡੇ ਵਿਸ਼ਵ-ਵਿਆਪੀ ਕੰਮ ਬਾਰੇ ਹੋਰ ਜ਼ਿਆਦਾ ਦਸਾਂਗਾ।” ਅਗਲੀਆਂ ਮੁਲਾਕਾਤਾਂ ਵਿਚ ਤੁਸੀਂ ਘਰ-ਸੁਆਮੀ ਨੂੰ ਦੱਸ ਸਕਦੇ ਹੋ ਕਿ ਸਾਡੇ ਕੰਮ ਦਾ ਖ਼ਰਚਾ ਕਿਵੇਂ ਚਲਾਇਆ ਜਾਂਦਾ ਹੈ।
7 ਜਾਂ ਹੋ ਸਕਦਾ ਹੈ ਕਿ ਘਰ-ਸੁਆਮੀ ਫ਼ੌਰਨ ਸਾਹਿੱਤ ਸਵੀਕਾਰ ਕਰ ਲਵੇ ਅਤੇ ਜਵਾਬ ਵਿਚ ਕਹੇ, “ਥੈਂਕਯੂ।” ਤੁਸੀਂ ਮੁਸਕਰਾ ਕੇ ਕਹਿ ਸਕਦੇ ਹੋ: “ਮੈਨੂੰ ਪਤਾ ਹੈ ਕਿ ਤੁਸੀਂ ਇਸ ਨੂੰ ਪੜ੍ਹ ਕੇ ਆਨੰਦ ਉਠਾਓਗੇ। ਕਿਉਂਕਿ ਅਸੀਂ ਆਪਣੇ ਕੰਮ ਨੂੰ ਵਿਸ਼ਵ-ਵਿਆਪੀ ਤੌਰ ਤੇ ਚਲਾਉਂਦੇ ਹਾਂ, ਇਸ ਲਈ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਸ ਦਾ ਖ਼ਰਚਾ ਕਿਵੇਂ ਚਲਾਇਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੇ ਸਾਡੇ ਪ੍ਰਕਾਸ਼ਨ ਲਏ ਹਨ ਉਨ੍ਹਾਂ ਵਿੱਚੋਂ ਕਈਆਂ ਨੇ ਇਸ ਬਾਰੇ ਆਪਣੀ ਕਦਰਦਾਨੀ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਵੰਡਾਈ ਦੇ ਕੰਮ ਲਈ ਆਪਣੀ ਇੱਛਾ ਨਾਲ ਛੋਟਾ ਜਿਹਾ ਚੰਦਾ ਦਿੱਤਾ ਹੈ। ਜੇਕਰ ਲੋਕ ਚੰਦਾ ਦਿੰਦੇ ਹਨ, ਤਾਂ ਅਸੀਂ ਇਸ ਨੂੰ ਸਵੀਕਾਰ ਕਰ ਕੇ ਖ਼ੁਸ਼ ਹੁੰਦੇ ਹਾਂ।”
ਕੀ ਸੱਚੀ ਦਿਲਚਸਪੀ ਪਾਈ ਜਾਂਦੀ ਹੈ?
8 ਇਹ ਸਪੱਸ਼ਟ ਹੈ ਕਿ ਸਾਡਾ ਮਕਸਦ ਲੋਕਾਂ ਨੂੰ ਅੰਨ੍ਹੇਵਾਹ ਸਾਹਿੱਤ ਦੇਣਾ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਸਾਹਿੱਤ ਆਪਣਾ ਮਕਸਦ ਪੂਰਾ ਕਰੇ, ਯਾਨੀ ਯਹੋਵਾਹ ਦੇ ਵਧੀਆ ਮਕਸਦਾਂ ਨੂੰ ਹੋਰ ਜ਼ਿਆਦਾ ਜਾਣਨ ਵਿਚ ਨੇਕਦਿਲ ਲੋਕਾਂ ਦੀ ਮਦਦ ਕਰੇ। ਉਨ੍ਹਾਂ ਵਿਅਕਤੀਆਂ ਨੂੰ ਸਾਹਿੱਤ ਦੇਣਾ ਫਜ਼ੂਲ ਹੋਵੇਗਾ ਜਿਨ੍ਹਾਂ ਨੂੰ ਅਧਿਆਤਮਿਕ ਚੀਜ਼ਾਂ ਦੀ ਕਦਰ ਨਹੀਂ ਹੈ। (ਇਬ. 12:16) ਸਹੀ ਬੰਦਿਆਂ ਨੂੰ ਸਾਹਿੱਤ ਦੇਣਾ ਤੁਹਾਡੀ ਇਸ ਯੋਗਤਾ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਸੱਚੀ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਪਛਾਣ ਸਕਦੇ ਹੋ ਜਾਂ ਨਹੀਂ। ਅਜਿਹੀ ਦਿਲਚਸਪੀ ਕਿਵੇਂ ਦਿਖਾਈ ਜਾ ਸਕਦੀ ਹੈ? ਜੇਕਰ ਵਿਅਕਤੀ ਪਿਆਰ ਨਾਲ ਤੇ ਇੱਛਾ ਨਾਲ ਖ਼ੁਦ ਗੱਲ-ਬਾਤ ਕਰਦਾ ਹੈ, ਤਾਂ ਇਹ ਇਕ ਚੰਗਾ ਸੰਕੇਤ ਹੈ। ਅਤੇ ਜੇਕਰ ਚਰਚਾ ਕਰਦੇ ਸਮੇਂ ਵਿਅਕਤੀ ਧਿਆਨ ਨਾਲ ਸੁਣਦਾ ਹੈ, ਸਵਾਲਾਂ ਦਾ ਜਵਾਬ ਦਿੰਦਾ ਹੈ ਅਤੇ ਆਪਣੀ ਰਾਇ ਦਿੰਦਾ ਹੈ ਤਾਂ ਇਹ ਦਿਖਾਉਂਦਾ ਹੈ ਕਿ ਉਸ ਨੂੰ ਦਿਲਚਸਪੀ ਹੈ। ਜੇਕਰ ਉਹ ਤੁਹਾਡੇ ਨਾਲ ਪਿਆਰ ਤੇ ਸਤਿਕਾਰ ਨਾਲ ਗੱਲ ਕਰਦਾ ਹੈ, ਤਾਂ ਇਹ ਦਿਖਾਉਂਦਾ ਹੈ ਕਿ ਉਸ ਦਾ ਸੁਭਾਅ ਚੰਗਾ ਹੈ। ਜਦੋਂ ਤੁਸੀਂ ਬਾਈਬਲ ਨੂੰ ਪੜ੍ਹਦੇ ਹੋ ਤੇ ਉਹ ਧਿਆਨ ਨਾਲ ਸੁਣਦਾ ਹੈ ਤੇ ਇਹ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਹ ਪਰਮੇਸ਼ੁਰ ਦੇ ਬਚਨ ਦਾ ਆਦਰ ਕਰਦਾ ਹੈ। ਅਕਸਰ, ਸਾਹਿੱਤ ਦੇਣ ਵੇਲੇ ਇਹ ਪੁੱਛਣਾ ਚੰਗਾ ਹੋਵੇਗਾ ਕਿ ਉਹ ਸੱਚ-ਮੁੱਚ ਇਸ ਨੂੰ ਪੜ੍ਹੇਗਾ ਜਾਂ ਨਹੀਂ। ਨਾਲੇ ਤੁਸੀਂ ਉਸ ਨੂੰ ਦੱਸ ਸਕਦੇ ਹੋ ਕਿ ਤੁਸੀਂ ਗੱਲ-ਬਾਤ ਨੂੰ ਜਾਰੀ ਰੱਖਣ ਲਈ ਦੁਬਾਰਾ ਉਸ ਨੂੰ ਮਿਲਣ ਆਓਗੇ। ਜੇਕਰ ਉਸ ਨੂੰ ਤੁਹਾਡਾ ਆਉਣਾ ਚੰਗਾ ਲੱਗਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਦਿਲਚਸਪੀ ਹੈ। ਜਦੋਂ ਤੁਸੀਂ ਸੱਚੀ ਦਿਲਚਸਪੀ ਦੇ ਅਜਿਹੇ ਸਬੂਤ ਦੇਖਦੇ ਹੋ, ਤਾਂ ਹੋ ਸਕਦਾ ਹੈ ਕਿ ਵਿਅਕਤੀ ਦਿੱਤੇ ਗਏ ਸਾਹਿੱਤ ਦੀ ਵਧੀਆ ਵਰਤੋਂ ਕਰੇਗਾ।
9 ਸਾਡੇ ਪ੍ਰਚਾਰ ਕੰਮ ਦੇ ਤਰੀਕੇ ਵਿਚ ਕੀਤੀ ਗਈ ਇਹ ਤਬਦੀਲੀ ਸਬੂਤ ਦਿੰਦੀ ਹੈ ਕਿ “ਅਸੀਂ ਤਾਂ ਬਾਹਲਿਆਂ ਦੀ ਨਿਆਈਂ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਉਟ ਨਹੀਂ ਕਰਦੇ” ਹਾਂ। (2 ਕੁਰਿੰ. 2:17) ਇਸ ਤੋਂ ਇਹ ਵੀ ਸਬੂਤ ਮਿਲਦਾ ਹੈ ਕਿ ਅਸੀਂ ਜਗਤ ਤੋਂ ਵੱਖਰੇ ਹਾਂ।—ਯੂਹੰ. 17:14.
10 ਜਿਉਂ-ਜਿਉਂ ਵੱਡੀ ਬਾਬੁਲ ਦਾ ਵਿਨਾਸ਼ ਨੇੜੇ ਆਉਂਦਾ ਜਾਂਦਾ ਹੈ, ਤਿਉਂ-ਤਿਉਂ ਸਾਰੇ ਧਰਮਾਂ ਉੱਤੇ ਦਬਾਅ ਵਧਦਾ ਜਾ ਰਿਹਾ ਹੈ। ਪਰ ਸਾਡੀ ਮੁੱਖ ਚਿੰਤਾ ਇਹ ਹੈ ਕਿ ਵਿਸ਼ਵ-ਵਿਆਪੀ ਰਾਜ ਪ੍ਰਚਾਰ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਅੱਗੇ ਵਧਦਾ ਰਹੇ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਮੁਕਤੀ ਮਿਲੇ।—ਮੱਤੀ 24:14; ਰੋਮੀ. 10:13, 14.