ਪਰਮੇਸ਼ੁਰ ਦੀ ਵਡਿਆਈ ਕਰਨ ਵਾਲਾ ਚੰਗਾ ਚਾਲ-ਚਲਣ ਬਣਾਈ ਰੱਖੋ
1 ਅਸੀਂ ਜਿੱਥੇ ਕਿਤੇ ਵੀ ਹੋਈਏ ਸਾਡਾ ਚਾਲ-ਚਲਣ, ਪਹਿਰਾਵਾ ਅਤੇ ਹਾਰ-ਸ਼ਿੰਗਾਰ ਤੋਂ ਸਾਡੇ ਬਾਰੇ ਅਤੇ ਜਿਸ ਪਰਮੇਸ਼ੁਰ ਦੀ ਅਸੀਂ ਭਗਤੀ ਕਰਦੇ ਹਾਂ ਉਸ ਬਾਰੇ ਗਵਾਹੀ ਮਿਲਣੀ ਚਾਹੀਦੀ ਹੈ। ਇਹ ਪਰਮੇਸ਼ੁਰ ਦੇ ਲੋਕਾਂ ਦੇ ਵੱਡੇ-ਵੱਡੇ ਇਕੱਠਾਂ ਵਿਚ ਜ਼ਿਆਦਾ ਦਿਖਾਈ ਦਿੰਦਾ ਹੈ ਜਿੱਥੇ ਕਾਫ਼ੀ ਸਾਰੇ ਲੋਕ ਸਾਨੂੰ ਦੇਖ ਰਹੇ ਹੁੰਦੇ ਹਨ। ਜਦੋਂ ਅਸੀਂ ਆਪਣਾ ਚਾਲ-ਚਲਣ ਵਧੀਆ ਰੱਖਦੇ ਹਾਂ ਤਾਂ ਯਹੋਵਾਹ ਦੇ ਨਾਂ ਦੀ ਮਹਿਮਾ ਹੁੰਦੀ ਹੈ। (1 ਪਤ. 2:12) ਪਰ, ਕੁਝ ਹੀ ਭੈਣਾਂ-ਭਰਾਵਾਂ ਵੱਲੋਂ ਦਿਖਾਇਆ ਬੁਰਾ ਵਤੀਰਾ ਅਤੇ ਬੇਸਮਝੀ ਵਾਲੇ ਕੰਮ ਪਰਮੇਸ਼ੁਰ ਤੇ ਉਸ ਦੇ ਲੋਕਾਂ ਦੇ ਨਾਂ ਦੀ ਬਦਨਾਮੀ ਕਰ ਸਕਦੇ ਹਨ। (ਉਪ. 9:18ਅ) ਸਾਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਬਾਹਰਲੇ ਲੋਕ ਸਾਡੀ ਚਾਲ-ਢਾਲ ਤੋਂ ਸਾਡੇ ਸੰਗਠਨ ਅਤੇ ਸਾਡੇ ਪਰਮੇਸ਼ੁਰ ਜਿਸ ਦੀ ਅਸੀਂ ਭਗਤੀ ਕਰਦੇ ਹਾਂ, ਬਾਰੇ ਅੰਦਾਜ਼ਾ ਲਾ ਲੈਂਦੇ ਹਨ। ਇਸ ਲਈ ਸਾਨੂੰ ਪੂਰੀ ਤਰ੍ਹਾਂ ਸਚੇਤ ਰਹਿਣਾ ਚਾਹੀਦਾ ਹੈ ਕਿ ਅਸੀਂ ‘ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰ ਰਹੇ ਹਾਂ।’—1 ਕੁਰਿੰ. 10:31.
2 ਹੋਟਲਾਂ ਵਿਚ ਵਧੀਆ ਚਾਲ-ਚਲਣ: ਕਈ ਵਾਰ ਦੇਖਿਆ ਗਿਆ ਹੈ ਕਿ ਹੋਟਲਾਂ ਦੇ ਕਰਮਚਾਰੀ ਯਹੋਵਾਹ ਦੇ ਗਵਾਹਾਂ ਦੀ ਸਲੀਕੇਦਾਰੀ, ਅਦਬ ਅਤੇ ਸਫ਼ਾਈ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਇਕ ਮੈਨੇਜਰ ਨੇ ਯਹੋਵਾਹ ਦੇ ਗਵਾਹਾਂ ਦੇ ਪਰਿਵਾਰਾਂ ਬਾਰੇ ਇਹ ਕਿਹਾ: “ਯਹੋਵਾਹ ਦੇ ਗਵਾਹਾਂ ਦੇ ਬੀਬੇ ਬੱਚਿਆਂ ਵਰਗੇ ਬੱਚੇ ਮੈਂ ਕਦੇ ਕਿਤੇ ਨਹੀਂ ਦੇਖੇ! ਉਹ ਬੜੇ ਸਲੀਕੇਦਾਰ ਕੱਪੜੇ ਪਾਉਂਦੇ ਹਨ, ਉਹ ਬੜੇ ਮਿੱਠੇ ਸੁਭਾਅ ਤੇ ਅਦਬ ਨਾਲ ਪੇਸ਼ ਆਉਂਦੇ ਹਨ, ਉਨ੍ਹਾਂ ਦਾ ਰਹਿਣ-ਬਹਿਣ ਦਾ ਢੰਗ ਬਹੁਤ ਹੀ ਵਧੀਆ ਹੈ। ਉਨ੍ਹਾਂ ਨੇ ਕਦੇ ਵੀ ਸਾਡੇ ਲਈ ਕੋਈ ਮੁਸ਼ਕਲ ਖੜ੍ਹੀ ਨਹੀਂ ਕੀਤੀ। ਤੁਹਾਡੇ ਬੱਚਿਆਂ ਕਰਕੇ ਤੁਸੀਂ ਸੱਚੀ ਤਾਰੀਫ਼ ਦੇ ਕਾਬਲ ਹੋ। ਸਾਨੂੰ ਬੜੀ ਖ਼ੁਸ਼ੀ ਹੈ ਕਿ ਤੁਹਾਡੇ ਬੱਚੇ ਸਾਡੇ ਹੋਟਲ ਵਿਚ ਰਹਿ ਰਹੇ ਹਨ।” ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਹਨ ਕਿਉਂਕਿ ਉਹ ਯਹੋਵਾਹ ਦੇ ਲੋਕਾਂ ਵਿਚ ਪਾਏ ਜਾਂਦੇ ਪਿਆਰ ਅਤੇ ਆਦਰ-ਮਾਣ ਨੂੰ ਦੇਖ ਸਕਦੇ ਹਨ।
3 ਪਰ, ਕੁਝ ਹੋਟਲ ਵਾਲਿਆਂ ਦੀਆਂ ਟਿੱਪਣੀਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕੁਝ ਭੈਣ-ਭਰਾ ਆਪਣੇ ਚਾਲ-ਚਲਣ ਪ੍ਰਤੀ ਲਾਪਰਵਾਹ ਹਨ ਜਾਂ ਹੋਟਲਾਂ ਦੀਆਂ ਸੁਖ-ਸਹੂਲਤਾਂ ਦਾ ਗ਼ਲਤ ਇਸਤੇਮਾਲ ਕਰਦੇ ਹਨ। ਇਸ ਵਜ੍ਹਾ ਕਰਕੇ ਕਈ ਮੁਸ਼ਕਲਾਂ ਖੜ੍ਹੀਆਂ ਹੋਈਆਂ ਹਨ ਤੇ ਲੋਕਾਂ ਨੇ ਗਵਾਹਾਂ ਦੀ ਨੁਕਤਾਚੀਨੀ ਕੀਤੀ ਹੈ। ਪਰ, ਇੱਦਾਂ ਨਹੀਂ ਹੋਣਾ ਚਾਹੀਦਾ। ਕਈ ਮੈਨੇਜਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਸਾਡੇ ਬੱਚੇ ਅਤੇ ਕਿਸ਼ੋਰ ਬੜਾ ਤੂਫ਼ਾਨ ਮਚਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹੋਟਲ ਵਿਚ ਤੈਰਾਕੀ ਕਰਦੇ ਸਮੇਂ ਜਾਂ ਦੂਜੀਆਂ ਮਨ-ਪਰਚਾਵੇ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਦੇ ਮਾਪੇ ਉਨ੍ਹਾਂ ਤੇ ਨਜ਼ਰ ਨਹੀਂ ਰੱਖਦੇ।
4 ਕਈ ਹੋਟਲਾਂ ਦੇ ਕੁਝ ਨਿਯਮ ਹੁੰਦੇ ਹਨ ਤੇ ਉਹ ਇਹ ਉਮੀਦ ਕਰਦੇ ਹਨ ਕਿ ਹੋਟਲ ਵਿਚ ਰਹਿਣ ਵਾਲੇ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਨ। ਕੁਝ ਭਰਾਵਾਂ ਨੇ ਉੱਚੀ ਆਵਾਜ਼ ਕਰਨ ਅਤੇ ਕਮਰਿਆਂ ਵਿਚ ਖਾਣਾ ਪਕਾਉਣ ਨਾਲ ਅਜਿਹੇ ਨਿਯਮ ਤੋੜੇ ਹਨ। ਹੋਟਲ ਮੈਨੇਜਰਾਂ ਨੇ ਕਿਹਾ ਹੈ ਕਿ ਜਿੱਥੇ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਉੱਥੇ ਅਕਸਰ ਖਾਣਾ ਪਕਾਉਣ ਨਾਲ ਉਨ੍ਹਾਂ ਦੇ ਹੋਟਲਾਂ ਦੀ ਦੁਰਵਰਤੋਂ ਕੀਤੀ ਗਈ ਹੈ। ਇਸ ਨਾਲ ਨਾਂ ਸਿਰਫ਼ ਉਨ੍ਹਾਂ ਦੇ ਕਮਰੇ ਖ਼ਰਾਬ ਹੋਏ ਹਨ ਸਗੋਂ ਕਮਰਿਆਂ ਵਿੱਚੋਂ ਖਾਣੇ ਦੀ ਗੰਧ ਨਾ ਜਾਣ ਕਰਕੇ ਉਨ੍ਹਾਂ ਨੂੰ ਕਈ-ਕਈ ਦਿਨਾਂ ਜਾਂ ਹਫ਼ਤਿਆਂ ਤਕ ਕਿਰਾਏ ਤੇ ਨਹੀਂ ਦਿੱਤਾ ਜਾ ਸਕਿਆ। ਇਸ ਲਈ, ਜਦ ਤਕ ਖਾਣਾ ਪਕਾਉਣ ਦੀ ਸਾਫ਼-ਸਾਫ਼ ਇਜਾਜ਼ਤ ਨਾ ਹੋਵੇ ਤਦ ਤਕ ਕਮਰੇ ਵਿਚ ਖਾਣਾ ਹਰਗਿਜ਼ ਨਹੀਂ ਪਕਾਉਣਾ ਚਾਹੀਦਾ।
5 ਸਾਨੂੰ ਚਾਹੀਦਾ ਹੈ ਕਿ ਅਸੀਂ ਹੋਟਲ ਵਾਲਿਆਂ ਨੂੰ ਪੂਰਾ-ਪੂਰਾ ਸਹਿਯੋਗ ਦੇਈਏ। ਯਕੀਨਨ ਅਸੀਂ ਕਿਤੇ ਵੀ ਯਹੋਵਾਹ ਦੇ ਲੋਕ ਹੋਣ ਵਜੋਂ ਆਪਣਾ ਨਾਂ ਖ਼ਰਾਬ ਨਹੀਂ ਕਰਨਾ ਚਾਹੁੰਦੇ। ਮਸੀਹੀਆਂ ਵਜੋਂ ਸਾਨੂੰ ਹਰ ਸਮੇਂ ਹਰ ਕੰਮ ਵਿਚ ਈਮਾਨਦਾਰੀ ਰੱਖਣੀ ਚਾਹੀਦੀ ਹੈ। ਸਾਨੂੰ ਹੋਟਲ ਦੀਆਂ ਚਾਦਰਾਂ ਜਾਂ “ਨਿਸ਼ਾਨੀਆਂ” ਵਜੋਂ ਕੁਝ ਨਹੀਂ ਲੈ ਕੇ ਆਉਣਾ ਚਾਹੀਦਾ ਕਿਉਂਕਿ ਇਹ ਚੋਰੀ ਹੈ। ਸਾਨੂੰ ਬੁਕਿੰਗ ਕਰਨ ਵੇਲੇ ਜਾਂ ਚੈਕਿੰਗ ਵੇਲੇ ਇਹ ਦੱਸਣ ਵਿਚ ਵੀ ਇਮਾਨਦਾਰ ਹੋਣਾ ਚਾਹੀਦਾ ਹੈ ਕਿ ਇਕ ਕਮਰੇ ਵਿਚ ਕਿੰਨੇ ਲੋਕ ਰਹਿਣਗੇ ਜਾਂ ਰਹਿ ਰਹੇ ਹਨ।
6 ਸੰਮੇਲਨ ਵਿਚ ਚੰਗਾ ਸ਼ਿਸ਼ਟਾਚਾਰ: ਚਾਹੇ ਸੰਮੇਲਨ ਕਿਸੇ ਵੀ ਥਾਂ ਤੇ ਹੋ ਰਿਹਾ ਹੋਵੇ ਇਸ ਥਾਂ ਨੂੰ ਸੰਮੇਲਨ ਦੌਰਾਨ ਇਕ ਵੱਡਾ ਕਿੰਗਡਮ ਹਾਲ ਸਮਝਿਆ ਜਾਣਾ ਚਾਹੀਦਾ ਹੈ। ਜਿੱਦਾਂ ਅਸੀਂ ਕਿੰਗਡਮ ਹਾਲ ਵਿਚ ਸੁਚੱਜਾ ਪਹਿਰਾਵਾ ਤੇ ਹਾਰ-ਸ਼ਿੰਗਾਰ ਕਰਦੇ ਹਾਂ, ਸੰਮੇਲਨ ਵਿਚ ਵੀ ਸਾਨੂੰ ਇਸੇ ਤਰ੍ਹਾਂ ਢੰਗ ਸਿਰ ਤਿਆਰ ਹੋ ਕੇ ਜਾਣਾ ਚਾਹੀਦਾ ਹੈ। ਸੈਸ਼ਨ ਦੇ ਦੌਰਾਨ ਅਤੇ ਬਾਅਦ ਵਿਚ ਭੈਣ-ਭਰਾਵਾਂ ਨੂੰ ਅਸ਼ਲੀਲ, ਭੜਕੀਲੇ ਤੇ ਬੇਢੰਗੇ ਕੱਪੜੇ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਤੋਂ ਸੰਸਾਰ ਦੀ ਆਤਮਾ ਦਿਸਦੀ ਹੋਵੇ ਤੇ ਜਿਨ੍ਹਾਂ ਨਾਲ ਅਸੀਂ ਸੰਸਾਰ ਦੇ ਲੋਕਾਂ ਵਰਗੇ ਹੀ ਦਿਸੀਏ। ਭੈਣਾਂ ਨੂੰ ਖ਼ਾਸ ਤੌਰ ਤੇ ਆਪਣੀਆਂ ਸਕਰਟਾਂ ਦੇ ਸਟਾਈਲ ਅਤੇ ਲੰਬਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਕੱਪੜੇ ਚੰਗੇ ਸ਼ਾਲੀਨ ਹੋਣੇ ਚਾਹੀਦੇ ਹਨ। (1 ਤਿਮੋ. 2:9, 10) ਅਸੀਂ ਚਾਹੇ ਸੰਮੇਲਨ ਵਿਚ ਹੋਈਏ, ਹੋਟਲ ਵਿਚ ਹੋਈਏ, ਕਿਸੇ ਰੈਸਤੋਰਾਂ ਵਿਚ ਖਾਣਾ ਖਾਂਦੇ ਹੋਈਏ ਜਾਂ ਖ਼ਰੀਦਦਾਰੀ ਕਰਦੇ ਹੋਈਏ, ਸਾਨੂੰ ਹਰ ਵਕਤ ਇਹ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ ਤੇ ਅਸੀਂ ਕਿਸੇ ਨੂੰ ਵੀ ਠੋਕਰ ਨਹੀਂ ਖੁਆਉਣਾ ਚਾਹੁੰਦੇ।—2 ਕੁਰਿੰ. 6:3.
7 ਸੰਮੇਲਨ ਵਿਚ ਬਪਤਿਸਮਾ ਸ਼ਨੀਵਾਰ ਸਵੇਰੇ ਹੋਵੇਗਾ। ਸਾਨੂੰ ਇਸ ਮੌਕੇ ਤੇ ਕਿੱਦਾਂ ਦਾ ਰਵੱਈਆ ਦਿਖਾਉਣਾ ਚਾਹੀਦਾ ਹੈ, ਇਸ ਬਾਰੇ 1 ਅਪ੍ਰੈਲ 1995 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ਾ 30 ਉੱਤੇ ਦੱਸਿਆ ਗਿਆ ਹੈ। ਇਸ ਵਿਚ ਦੱਸਿਆ ਹੈ ਕਿ “ਸਾਨੂੰ ਬਪਤਿਸਮੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਸਮਾਂ ਹੱਦੋਂ ਵੱਧ ਭਾਵਨਾਵਾਂ ਵਿਚ ਵਹਿ ਜਾਣ ਦਾ ਨਹੀਂ ਹੁੰਦਾ, ਨਾ ਹੀ ਪਾਰਟੀਆਂ ਕਰਨ ਦਾ ਜਾਂ ਖ਼ੁਸ਼ੀਆਂ ਮਨਾਉਣ ਲਈ ਖ਼ਰੂਦ ਪਾਉਣ ਦਾ ਹੁੰਦਾ ਹੈ। ਪਰ, ਇਹ ਨਿਰਾਸ਼ ਹੋਣ ਜਾਂ ਸੋਗ ਮਨਾਉਣ ਦਾ ਵੀ ਸਮਾਂ ਨਹੀਂ ਹੁੰਦਾ।” ਬਪਤਿਸਮਾ ਲੈਣ ਵਾਲਿਆਂ ਨੂੰ ਚਾਹੇ ਉਹ ਭੈਣ ਹੋਵੇ ਜਾਂ ਭਰਾ, ਬਪਤਿਸਮੇ ਵੇਲੇ ਛੋਟੇ-ਛੋਟੇ ਜਾਂ ਪਾਰਦਰਸ਼ੀ ਕੱਪੜੇ ਨਹੀਂ ਪਾਉਣੇ ਚਾਹੀਦੇ। ਇਸ ਲਈ ਸਾਰਿਆਂ ਨੂੰ ਮਸੀਹੀ ਬਪਤਿਸਮੇ ਪ੍ਰਤੀ ਗੰਭੀਰਤਾ ਅਤੇ ਖ਼ੁਸ਼ੀ ਦਿਖਾਉਣੀ ਚਾਹੀਦੀ ਹੈ।
8 ਪਤਰਸ ਨੇ ਯਾਦ ਦਿਵਾਇਆ ਕਿ ਸਾਨੂੰ “ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ।” (2 ਪਤ. 3:11) ਆਓ ਆਪਾਂ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਜ਼ਿਲ੍ਹਾ ਸੰਮੇਲਨ ਵਿਚ ਆਪਣੀ ਕਹਿਣੀ ਅਤੇ ਕਥਨੀ ਨਾਲ ਨੇਕ ਦਿਲ ਲੋਕਾਂ ਦੀ ਆਪਣੇ ਮਹਾਨ ਪਰਮੇਸ਼ੁਰ ਨੂੰ ਜਾਣਨ ਅਤੇ ਭਗਤੀ ਕਰਨ ਵਿਚ ਮਦਦ ਕਰੀਏ ਜੋ ਪੂਰਾ ਆਦਰ ਅਤੇ ਮਹਿਮਾ ਲੈਣ ਦੇ ਯੋਗ ਹੈ।—1 ਕੁਰਿੰ. 14:24, 25.