“ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ”
1 ਮਸੀਹੀ ਜ਼ਿੰਦਗੀ ਜੀਉਣ ਦਾ ਮਤਲਬ ਹੈ ਕਿ ਅਸੀਂ ‘ਸਭਨਾਂ ਲਈ ਸਦਾ ਭਲਿਆਈ ਦੇ ਪਿੱਛੇ ਲੱਗੇ ਰਹੀਏ।’ (1 ਥੱਸ. 5:15) ਸਾਨੂੰ ਜ਼ਿਲ੍ਹਾ ਸੰਮੇਲਨਾਂ ਵਿਚ ਦੂਸਰਿਆਂ ਨਾਲ ਭਲਿਆਈ ਕਰਨ ਦੇ ਕਈ ਮੌਕੇ ਮਿਲਣਗੇ। ਪਿਛਲੇ ਸਾਲਾਂ ਨਾਲੋਂ ਇਸ ਸਾਲ ਜ਼ਿਆਦਾ ਲੋਕਾਂ ਦਾ ਧਿਆਨ ਸਾਡੇ ਵੱਲ ਖਿੱਚਿਆ ਜਾਵੇਗਾ। ਖ਼ਾਸਕਰ ਚਿੰਨਈ, ਕੋਚੀ ਅਤੇ ਮੁੰਬਈ ਵਿਚ ਪੰਜ ਤੋਂ ਦਸ ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਲੋਕ ਇਨ੍ਹਾਂ ਸੰਮੇਲਨਾਂ ਬਾਰੇ ਜੋ ਕੁਝ ਸੁਣਨਗੇ ਜਾਂ ਦੇਖਣਗੇ, ਇਸ ਦੇ ਆਧਾਰ ਉੱਤੇ ਉਹ ਸਾਡੇ ਬਾਰੇ ਰਾਇ ਕਾਇਮ ਕਰਨਗੇ। ਸਾਡੇ ਲਈ ਇਹ ਵਧੀਆ ਮੌਕਾ ਹੈ ਕਿ ਅਸੀਂ ਯਹੋਵਾਹ ਦੇ ਗਵਾਹਾਂ ਦੀ ਨੇਕਨਾਮੀ ਨੂੰ ਬਣਾਈ ਰੱਖੀਏ। ਸਾਡੀ ਇੱਛਾ ਹੈ ਕਿ ਜਿਹੜੇ ਵੀ ਲੋਕਾਂ ਦਾ ਸਾਡੇ ਨਾਲ ਵਾਸਤਾ ਪਵੇਗਾ, ਉਹ ਇਹ ਦੇਖ ਸਕਣਗੇ ਕਿ ਬਾਈਬਲ ਦੀ ਸਿੱਖਿਆ ਉੱਤੇ ਚੱਲਣ ਕਰਕੇ ਅਸੀਂ ਦੂਸਰਿਆਂ ਨਾਲੋਂ ਵੱਖਰੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਸੁੱਘੜਤਾ, ਸਾਫ਼-ਸਫ਼ਾਈ ਅਤੇ ਸਲੀਕੇਦਾਰੀ ਦੀ ਤਾਰੀਫ਼ ਕਰਨ। ਅਸੀਂ ਉਨ੍ਹਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਵਿਚ ਸੱਚ-ਮੁੱਚ ਭਰਾਵਾਂ ਵਰਗਾ ਨਿਰਸੁਆਰਥ ਪਿਆਰ ਹੈ ਅਤੇ ਅਸੀਂ ‘ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰਦੇ ਹਾਂ।’ (ਫ਼ਿਲਿ. 2:4) ਆਓ ਆਪਾਂ ਦੇਖੀਏ ਕਿ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਸੰਮੇਲਨਾਂ ਵਿਚ ਦੂਜਿਆਂ ਨਾਲ ਭਲਿਆਈ ਕਰ ਸਕਦੇ ਹਾਂ।
2 ਕੀ ਤੁਸੀਂ ਆਪਣੇ ਰਹਿਣ ਦਾ ਇੰਤਜ਼ਾਮ ਕਰ ਲਿਆ ਹੈ? (1) ਜੇ ਅਸੀਂ ਜਲਦੀ ਬੁਕਿੰਗ ਕਰਾਉਂਦੇ ਹਾਂ, ਤਾਂ ਇਸ ਨਾਲ ਭਰਾਵਾਂ ਲਈ ਸੌਖਾ ਹੋਵੇਗਾ ਕਿ ਉਹ ਸਾਡੇ ਲਈ ਘੱਟ ਕਿਰਾਏ ਤੇ ਹੋਟਲ ਅਤੇ ਡਾਰਮੈਟਰੀਆਂ ਲੈ ਸਕਣ। ਜਦੋਂ ਉਹ ਸਾਡੇ ਲਈ ਕਮਰਾ ਬੁੱਕ ਕਰਦੇ ਹਨ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਹੋਰ ਕਿਧਰੇ ਵਧੀਆ ਕਮਰਾ ਲੱਭ ਕੇ ਇਹ ਬੁਕਿੰਗ ਕੈਂਸਲ ਨਾ ਕਰੀਏ। ਸਾਡੀ “ਹਾਂ ਦੀ ਹਾਂ” ਹੋਣੀ ਚਾਹੀਦੀ ਹੈ। (ਮੱਤੀ 5:37) (2) ਕਮਰਾ ਬੁੱਕ ਕਰਨ ਲਈ ਉਚਿਤ ਪੇਸ਼ਗੀ ਰਕਮ ਭੇਜਣੀ ਜ਼ਰੂਰੀ ਹੈ। (3) ਭਾਵੇਂ ਹੋਟਲ ਦੇ ਕਰਮਚਾਰੀ ਆਪਣੇ ਕੰਮ ਵਿਚ ਢਿੱਲ-ਮੱਠ ਕਰਨ, ਫਿਰ ਵੀ ਸਾਨੂੰ ਉਨ੍ਹਾਂ ਨਾਲ ਧੀਰਜ ਅਤੇ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ। (4) ਭਾਵੇਂ ਹੋਟਲ ਦੇ ਕਰਮਚਾਰੀ ਤੁਹਾਡਾ ਕਮਰਾ ਸਾਫ਼ ਕਰਨਗੇ, ਪਰ ਤੁਸੀਂ ਵੀ ਆਪਣੇ ਕਮਰੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ, ਤਾਂਕਿ ਲੋਕ ਦੇਖ ਸਕਣ ਕਿ ਸਫ਼ਾਈ ਸੰਬੰਧੀ ਯਹੋਵਾਹ ਦੇ ਮਿਆਰ ਕਿੰਨੇ ਉੱਚੇ ਹਨ। (5) ਹੋਟਲ ਦੇ ਸਾਰੇ ਨਿਯਮਾਂ ਦੀ ਪਾਲਣਾ ਕਰੋ। (6) ਰਿਵਾਜ ਅਨੁਸਾਰ, ਵੇਟਰਾਂ ਅਤੇ ਸਫ਼ਾਈ ਕਰਨ ਵਾਲਿਆਂ ਨੂੰ ਟਿੱਪ ਦਿਓ।
3 ਬੱਚਿਆਂ ਨੂੰ ਭਲਿਆਈ ਕਰਨੀ ਸਿਖਾਓ: ਲੋਕਾਂ ਦਾ ਧਿਆਨ ਸਾਡੇ ਬੱਚਿਆਂ ਵੱਲ ਜ਼ਰੂਰ ਜਾਵੇਗਾ। ਅਕਸਰ ਸਾਡੇ ਬੱਚਿਆਂ ਦੇ ਚੰਗੇ ਚਾਲ-ਚਲਣ ਕਰਕੇ ਲੋਕ ਬਹੁਤ ਪ੍ਰਭਾਵਿਤ ਹੁੰਦੇ ਹਨ। ਮਾਪਿਓ, ਸੰਮੇਲਨ ਵਿਚ ਜਾਣ ਤੋਂ ਪਹਿਲਾਂ ਕੁਝ ਸਮਾਂ ਕੱਢ ਕੇ ਆਪਣੇ ਬੱਚਿਆਂ ਨਾਲ ਚਰਚਾ ਕਰੋ ਕਿ ਉਨ੍ਹਾਂ ਨੂੰ ਹਰ ਸਮੇਂ ਅਤੇ ਹਰ ਥਾਂ ਤੇ ਕਿਸ ਤਰ੍ਹਾਂ ਦਾ ਮਸੀਹੀ ਚਾਲ-ਚਲਣ ਦਿਖਾਉਣਾ ਚਾਹੀਦਾ ਹੈ। (ਅਫ਼. 6:4) ਮਿਸਾਲ ਲਈ, ਉਨ੍ਹਾਂ ਨੂੰ ਦੱਸੋ ਕਿ ਸੱਚਾ ਮਸੀਹੀ ਪਿਆਰ “ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ।” (1 ਕੁਰਿੰ. 13:5) ਮਾਪੇ ਆਪਣੀ ਸਿੱਖਿਆ ਨੂੰ ਹੋਰ ਜ਼ਿਆਦਾ ਅਸਰਦਾਰ ਬਣਾਉਣ ਲਈ ਆਪ ਚੰਗੀ ਮਿਸਾਲ ਕਾਇਮ ਕਰ ਸਕਦੇ ਹਨ। ਬੱਚਿਓ, ਤੁਸੀਂ ਆਪਣੇ ਮਾਤਾ-ਪਿਤਾ ਦੇ ਆਗਿਆਕਾਰ ਰਹਿ ਕੇ, ਹੋਟਲ ਦੀਆਂ ਚੀਜ਼ਾਂ ਦੀ ਸਹੀ ਵਰਤੋਂ ਕਰ ਕੇ ਅਤੇ ਦੂਸਰਿਆਂ ਪ੍ਰਤੀ ਆਦਰ ਦਿਖਾ ਕੇ ਭਲਿਆਈ ਕਰ ਸਕਦੇ ਹੋ। (ਕੁਲੁ. 3:20) ਜਦੋਂ ਅਸੀਂ ਸਾਰੇ ਮਿਲ ਕੇ ਦੂਸਰਿਆਂ ਨਾਲ ਭਲਿਆਈ ਕਰਦੇ ਹਾਂ, ਤਾਂ ਅਸੀਂ ‘ਆਪਣੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਦੇ’ ਹਾਂ।—ਤੀਤੁ. 2:10.
4 ਸਾਡੇ ਚੰਗੇ ਚਾਲ-ਚਲਣ ਦਾ ਆਮ ਲੋਕਾਂ ਉੱਤੇ ਹੀ ਚੰਗਾ ਅਸਰ ਨਹੀਂ ਪਵੇਗਾ, ਸਗੋਂ ਇਸ ਨਾਲ ਸਾਡੀ ਆਲੋਚਨਾ ਕਰਨ ਵਾਲਿਆਂ ਦੇ ਸਾਡੇ ਬਾਰੇ ਗ਼ਲਤ ਵਿਚਾਰ ਵੀ ਬਦਲ ਸਕਦੇ ਹਨ। ਸੰਮੇਲਨ ਵਿਚ ਅਤੇ ਸੰਮੇਲਨ ਵਾਲੇ ਸ਼ਹਿਰ ਵਿਚ ਅਸੀਂ ਹਰ ਵੇਲੇ—ਸੜਕ ਤੇ ਤੁਰਦੇ, ਹੋਟਲ ਵਿਚ ਖਾਂਦੇ, ਕਮਰੇ ਵਿਚ ਆਰਾਮ ਕਰਦੇ ਜਾਂ ਗ਼ੈਰ-ਰਸਮੀ ਗਵਾਹੀ ਦਿੰਦੇ ਸਮੇਂ—ਆਪਣੀ ਬੋਲੀ ਅਤੇ ਚਾਲ-ਚਲਣ ਦੁਆਰਾ ਸਾਬਤ ਕਰਾਂਗੇ ਕਿ ਅਸੀਂ ਦੂਸਰਿਆਂ ਨਾਲ ਭਲਿਆਈ ਕਰਨੀ ਚਾਹੁੰਦੇ ਹਾਂ।
[ਸਫ਼ੇ 4 ਉੱਤੇ ਡੱਬੀ]
ਕਿਰਪਾ ਕਰ ਕੇ ਚੇਤੇ ਰੱਖੋ:
■ ਹੋਟਲ ਦੇ ਸਾਰੇ ਕਰਮਚਾਰੀਆਂ ਨਾਲ ਧੀਰਜ ਅਤੇ ਆਦਰ ਨਾਲ ਪੇਸ਼ ਆਓ।
■ ਹੋਟਲ ਜਾਂ ਡਾਰਮੈਟਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੁਆਰਾ ਦੂਸਰਿਆਂ ਦਾ ਭਲਾ ਕਰੋ।
■ ਕਮਰਿਆਂ ਨੂੰ ਸਾਫ਼-ਸੁਥਰਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।
■ ਆਪਣੇ ਬੱਚਿਆਂ ਉੱਤੇ ਨਜ਼ਰ ਰੱਖੋ।