“ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ”
1 ‘ਤੁਹਾਡੇ ਮੈਂਬਰਾਂ ਨੂੰ ਮਿਲ ਕੇ ਬੜੀ ਖ਼ੁਸ਼ੀ ਹੁੰਦੀ ਹੈ। ਉਹ ਬਹੁਤ ਹੀ ਅਦਬ ਅਤੇ ਆਦਰ-ਮਾਣ ਨਾਲ ਪੇਸ਼ ਆਉਂਦੇ ਹਨ।’ ਇਹ ਟਿੱਪਣੀ ਸੰਯੁਕਤ ਰਾਜ ਅਮਰੀਕਾ ਦੇ ਇਕ ਸ਼ਹਿਰ ਵਿਚ ਹੋਏ ਜ਼ਿਲ੍ਹਾ ਸੰਮੇਲਨ ਦੌਰਾਨ ਉੱਥੇ ਦੇ ਮੁਲਾਕਾਤੀ ਮਹਿਕਮੇ ਨੇ ਕੀਤੀ। ਇਸ ਤਰ੍ਹਾਂ ਦੇ ਸ਼ਲਾਘਾ ਭਰੇ ਸ਼ਬਦ ਸਾਨੂੰ ਲੋਕਾਂ ਸਾਮ੍ਹਣੇ ਚੰਗਾ ਚਾਲ-ਚਲਣ ਬਣਾਈ ਰੱਖਣ ਲਈ ਉਤਸ਼ਾਹਿਤ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਸਾਰੇ ਭੈਣ-ਭਰਾ ‘ਸਾਰੇ ਕੰਮ ਪ੍ਰੇਮ ਨਾਲ’ ਕਰਦੇ ਹਾਂ। (1 ਕੁਰਿੰ. 16:14) ਪਰ ਇਸ ਦੇ ਨਾਲ-ਨਾਲ ਜੇਕਰ ਕੁਝ ਮੁਸ਼ਕਲਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਪਰਮੇਸ਼ੁਰ ਦੇ ਲੋਕਾਂ ਦੇ ਨਾਂ ਦੀ ਬਦਨਾਮੀ ਹੋ ਸਕਦੀ ਹੈ।
2 ਕਮਰਿਆਂ ਦੀ ਬੁਕਿੰਗ ਦੀ ਮੁਸ਼ਕਲ: ਸੰਮੇਲਨ ਵਾਲੇ ਹਰ ਸ਼ਹਿਰ ਵਿਚ ਹੋਟਲਾਂ ਵਾਲਿਆਂ ਨਾਲ ਕਮਰਿਆਂ ਦੀ ਬੁਕਿੰਗ ਬਾਰੇ ਗੱਲਬਾਤ ਕਰਨ ਲਈ ਇਕ ਨਿਵਾਸ ਵਿਭਾਗ ਬਣਾਇਆ ਗਿਆ ਹੈ ਤਾਂਕਿ ਸਾਰਿਆਂ ਨੂੰ ਵਾਜਬ ਰੇਟ ਤੇ ਰਹਿਣ ਲਈ ਕਮਰੇ ਮਿਲ ਸਕਣ। ਸਾਡੇ ਭਰਾ ਇਹ ਇੰਤਜ਼ਾਮ ਕਰਨ ਲਈ ਕਾਫ਼ੀ ਸਮਾਂ ਲਾਉਂਦੇ ਅਤੇ ਕਾਫ਼ੀ ਜਤਨ ਕਰਦੇ ਹਨ। ਪਿਛਲੇ ਸਮੇਂ ਵਿਚ ਦੂਜੇ ਕਈ ਧਰਮਾਂ ਦੇ ਲੋਕਾਂ ਨਾਲ ਪੇਸ਼ ਆਈਆਂ ਮੁਸ਼ਕਲਾਂ ਕਰਕੇ ਪਹਿਲਾਂ-ਪਹਿਲਾਂ ਕੁਝ ਹੋਟਲਾਂ ਦੇ ਮੈਨੇਜਰਾਂ ਨੇ ਘੱਟ ਰੇਟ ਤੇ ਕਮਰੇ ਦੇਣ ਤੋਂ ਨਾ-ਨੁੱਕਰ ਕੀਤੀ। ਪਰ, ਜਦੋਂ ਸਾਡੇ ਨਿਵਾਸ ਵਿਭਾਗ ਨੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਕਿ ਸਾਡੇ ਲੋਕ ਉਨ੍ਹਾਂ ਨੂੰ ਪੂਰਾ-ਪੂਰਾ ਸਹਿਯੋਗ ਦੇਣਗੇ ਤਾਂ ਬਹੁਤ ਸਾਰੇ ਹੋਟਲ ਵਾਲੇ ਖ਼ੁਸ਼ੀ-ਖ਼ੁਸ਼ੀ ਕਮਰੇ ਦੇਣ ਨੂੰ ਤਿਆਰ ਹੋ ਗਏ।
3 ਪਿਛਲੇ ਸਾਲ ਕਈ ਹੋਟਲ ਵਾਲਿਆਂ ਨੇ ਸ਼ਿਕਾਇਤ ਕੀਤੀ ਕਿ ਅਚਾਨਕ ਬਹੁਤ ਸਾਰੇ ਸਾਡੇ ਭੈਣ-ਭਰਾਵਾਂ ਨੇ ਐਨ ਮੌਕੇ ਤੇ ਬੁਕਿੰਗ ਰੱਦ ਕਰ ਦਿੱਤੀ। ਇੱਦਾਂ ਕਿਉਂ ਹੋਇਆ? ਕੁਝ ਭਰਾਵਾਂ ਨੇ ਦੋ-ਦੋ ਹੋਟਲਾਂ ਵਿਚ ਬੁਕਿੰਗ ਕੀਤੀ ਸੀ, ਪਰ ਜਿਹੜੇ ਹੋਟਲ ਵਿਚ ਉਨ੍ਹਾਂ ਨੇ ਪਹਿਲਾਂ ਬੁਕਿੰਗ ਕੀਤੀ ਸੀ, ਉੱਥੇ ਉਹ ਜਮ੍ਹਾ ਰਕਮ ਨਾ ਭੇਜ ਸਕੇ ਜਾਂ ਹੋਟਲ ਵਾਲਿਆਂ ਨੂੰ ਇਹ ਇਤਲਾਹ ਨਾ ਦੇ ਸਕੇ ਕਿ ਕਿਸੇ ਦੂਸਰੇ ਹੋਟਲ ਵਿਚ ਕਮਰਾ ਮਿਲਣ ਕਰਕੇ ਉਹ ਉੱਥੇ ਦੀ ਬੁਕਿੰਗ ਰੱਦ ਕਰ ਰਹੇ ਹਨ। ਇਸ ਤੋਂ ਇਲਾਵਾ, ਕੁਝ ਭਰਾਵਾਂ ਨੇ ਇਹ ਸੋਚ ਕੇ ਕਿ ਉਨ੍ਹਾਂ ਦੇ ਨਾਲ ਸਫ਼ਰ ਕਰਨ ਵਾਲਿਆਂ ਦੀ ਮਦਦ ਹੋ ਜਾਵੇਗੀ, ਇੱਕੋ ਹੋਟਲ ਵਿਚ ਇਕ ਤੋਂ ਵੱਧ ਕਮਰੇ ਬੁੱਕ ਕੀਤੇ। ਪਰ ਉੱਥੇ ਪਹੁੰਚ ਕੇ ਉਨ੍ਹਾਂ ਨੇ ਸਿਰਫ਼ ਇਕ ਹੀ ਕਮਰਾ ਲਿਆ ਅਤੇ ਬਾਕੀ ਕਮਰਿਆਂ ਦੀ ਬੁਕਿੰਗ ਰੱਦ ਕਰ ਦਿੱਤੀ। ਇਨ੍ਹਾਂ ਹੋਟਲ ਵਾਲਿਆਂ ਨੇ ਕਿਹਾ ਕਿ ਵਾਚਟਾਵਰ ਦੇ ਲੋਕਾਂ ਨੇ ਪਹਿਲਾਂ ਇੱਦਾਂ ਕਦੇ ਨਹੀਂ ਕੀਤਾ ਸੀ।
4 ਇਸ ਨਾਲ ਹੋਟਲ ਵਾਲਿਆਂ ਨੂੰ ਅਤੇ ਸੰਮੇਲਨ ਦਾ ਪ੍ਰਬੰਧ ਕਰਨ ਵਾਲਿਆਂ ਨੂੰ ਬੜੀ ਮੁਸ਼ਕਲ ਪੇਸ਼ ਆਉਂਦੀ ਹੈ। ਹੋਟਲ ਵਾਲੇ ਕੁਝ ਕਮਰੇ ਸਾਡੇ ਭੈਣ-ਭਰਾਵਾਂ ਲਈ ਰੱਖਦੇ ਹਨ ਅਤੇ ਉਹ ਸੋਚਦੇ ਹਨ ਕਿ ਉਨ੍ਹਾਂ ਦੇ ਇੰਨੇ ਕਮਰੇ ਬੁੱਕ ਹੋ ਚੁੱਕੇ ਹਨ। ਪਰ, ਐਨ ਸੰਮੇਲਨ ਦੇ ਸਮੇਂ ਤੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਬੁੱਕ ਕੀਤੇ ਕਮਰਿਆਂ ਵਿੱਚੋਂ ਕੁਝ ਕਮਰੇ ਖਾਲੀ ਹਨ। ਜੇ ਇਹ ਮੁਸ਼ਕਲ ਇਸੇ ਤਰ੍ਹਾਂ ਬਰਕਰਾਰ ਰਹੀ, ਤਾਂ ਭਵਿੱਖ ਵਿਚ ਬੁਕਿੰਗ ਕਰਨ ਲੱਗਿਆਂ ਇਨ੍ਹਾਂ ਹੋਟਲਾਂ ਵਾਲਿਆਂ ਨਾਲ ਬਹਿਸ ਹੋ ਸਕਦੀ ਹੈ। ਇਸ ਤੋਂ ਬਚਣ ਲਈ ਜਿੰਨੇ ਕਮਰੇ ਲੋੜੀਂਦੇ ਹਨ ਸਿਰਫ਼ ਉੱਨੇ ਕਮਰਿਆਂ ਦੀ ਹੀ ਬੁਕਿੰਗ ਕਰਨੀ ਹੋਵੇਗੀ।
5 ਕੁਝ ਹੋਟਲ ਜਿਹੜੇ ਮੁਫ਼ਤ ਨਾਸ਼ਤਾ ਦਿੰਦੇ ਹਨ, ਉਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਕਿ ਸਾਡੇ ਭਰਾਵਾਂ ਨੇ ਇਸ ਇੰਤਜ਼ਾਮ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਭੈਣ-ਭਰਾ ਹੋਟਲ ਵਿਚ ਨਾਸ਼ਤਾ ਕਰਨ ਤੋਂ ਬਾਅਦ ਵੀ ਆਪਣੇ ਨਾਲ ਢੇਰ ਸਾਰਾ ਖਾਣਾ ਆਪਣੇ ਨਾਲ ਲੈ ਜਾਂਦੇ ਹਨ। ਜਦੋਂ ਇਕ ਹੋਟਲ ਆਪਣੇ ਵੱਲੋਂ ਮਹਿਮਾਨਾਂ ਨੂੰ ਸਵੇਰ ਦਾ ਨਾਸ਼ਤਾ ਦਿੰਦਾ ਹੈ, ਤਾਂ ਇਹ ਸਿਰਫ਼ ਉਨ੍ਹਾਂ ਲਈ ਹੁੰਦਾ ਹੈ ਜੋ ਉਸ ਹੋਟਲ ਵਿਚ ਰਹਿ ਰਹੇ ਹੁੰਦੇ ਹਨ। ਇਸ ਖਾਣੇ ਨੂੰ ਬਾਅਦ ਵਿਚ ਖਾਣ ਲਈ ਲੈ ਕੇ ਨਹੀਂ ਜਾਣਾ ਚਾਹੀਦਾ ਜਾਂ ਸੰਮੇਲਨ ਵਿਚ ਆਪਣੇ ਦੋਸਤਾਂ-ਮਿੱਤਰਾਂ ਨਾਲ ਖਾਣ ਲਈ ਨਹੀਂ ਲੈ ਕੇ ਜਾਣਾ ਚਾਹੀਦਾ। ਜੇ ਅਸੀਂ ਇਸ ਇੰਤਜ਼ਾਮ ਦਾ ਨਾਜਾਇਜ਼ ਫ਼ਾਇਦਾ ਉਠਾਵਾਂਗੇ ਤਾਂ ਹੋਟਲ ਨਾਸ਼ਤਾ ਦੇਣਾ ਬੰਦ ਕਰ ਸਕਦੇ ਹਨ, ਕਮਰਿਆਂ ਦਾ ਕਿਰਾਇਆ ਜ਼ਿਆਦਾ ਮੰਗ ਸਕਦੇ ਹਨ ਜਾਂ ਫੇਰ ਭਵਿੱਖ ਵਿਚ ਸਾਡੇ ਨਾਲ ਬੁਕਿੰਗ ਸੰਬੰਧੀ ਗੱਲਬਾਤ ਕਰਨ ਤੋਂ ਇਨਕਾਰ ਕਰ ਸਕਦੇ ਹਨ।
6 ਸਭਨਾਂ ਨਾਲ ਭਲਾ ਕਰੋ: ਕਿਉਂਕਿ ਅਸੀਂ ਯਹੋਵਾਹ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਾਂ, ਇਸ ਲਈ ਅਸੀਂ ਦੂਜਿਆਂ ਸਾਮ੍ਹਣੇ ਅਦਬ ਅਤੇ ਚੰਗੇ ਚਾਲ-ਚਲਣ ਦੀ ਮਿਸਾਲ ਰੱਖਦੇ ਹਾਂ। (ਮੱਤੀ 22:37-39; ਯਾਕੂ. 3:13) ਬਾਈਬਲ ਸਾਨੂੰ ਜ਼ੋਰ ਦੇ ਕੇ ਕਹਿੰਦੀ ਹੈ ਕਿ ਅਸੀਂ ਸਾਰਿਆਂ ਦਾ ਖ਼ਿਆਲ ਕਰੀਏ ਤੇ ਪਿਆਰ ਦਿਖਾਈਏ। (ਗਲ. 6:10) ਇਹ ਅਸੂਲ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਅਸੀਂ ਹੋਟਲ ਵਿਚ ਠਹਿਰਦੇ ਹਾਂ। ਜੇ ਅਸੀਂ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦੇ ਤੇ ਸਹਿਯੋਗ ਨਹੀਂ ਦਿੰਦੇ ਤਾਂ ਸਾਡੇ ਨਾਂ ਤੇ ਧੱਬਾ ਲੱਗ ਸਕਦਾ ਹੈ, ਘੱਟ ਰੇਟ ਤੇ ਕਮਰੇ ਮਿਲਣੇ ਬੰਦ ਹੋ ਸਕਦੇ ਹਨ ਅਤੇ ਭਰਾਵਾਂ ਵਿਚ ਨਾਰਾਜ਼ਗੀ ਪੈਦਾ ਹੋ ਸਕਦੀ ਹੈ। ਜੇ ਹੋਟਲ ਵਾਲੇ ਚਿੜ ਕੇ ਅੱਗੋਂ ਤੋਂ ਘੱਟ ਰੇਟ ਤੇ ਕਮਰੇ ਦੇਣਾ ਬੰਦ ਕਰ ਦਿੰਦੇ ਹਨ, ਤਾਂ ਉਸ ਸ਼ਹਿਰ ਵਿਚ ਸੰਮੇਲਨ ਵਿਚ ਹਾਜ਼ਰ ਹੋਣ ਵਾਲਿਆਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ, ਖ਼ਾਸ ਤੌਰ ਤੇ ਉਨ੍ਹਾਂ ਨੂੰ ਜਿਹੜੇ ਜ਼ਿਆਦਾ ਰੇਟ ਵਾਲੇ ਕਮਰਿਆਂ ਦਾ ਖ਼ਰਚਾ ਨਹੀਂ ਚੁੱਕ ਸਕਦੇ।
7 ਜਦੋਂ ਕੋਈ ਵਧੀਆ ਕਮਰਾ ਪਹਿਲਾਂ ਬੁੱਕ ਕਰ ਕੇ ਬਾਅਦ ਵਿਚ ਐਨ ਮੌਕੇ ਤੇ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਇਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਜਦੋਂ ਕੋਈ ਦੂਸਰਾ ਭਰਾ ਇਸ ਕਮਰੇ ਦੀ ਬੁਕਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਨਹੀਂ ਮਿਲਦਾ। ਇਸ ਕਰਕੇ ਹੋ ਸਕਦਾ ਹੈ ਕਿ ਉਸ ਭਰਾ ਨੂੰ ਕਿਤੇ ਦੂਰ ਕਮਰਾ ਲੈਣਾ ਪਵੇ ਜਾਂ ਉਸ ਨੂੰ ਘਟੀਆ ਦਰਜੇ ਦੇ ਕਮਰੇ ਵਿਚ ਰਹਿਣਾ ਪਵੇ। ਕੀ ਇੱਦਾਂ ਕਰਨਾ ਪ੍ਰੇਮ ਦਿਖਾਉਣਾ ਜਾਂ ਖ਼ਿਆਲ ਕਰਨਾ ਹੈ? ਕਿੰਨਾ ਚੰਗਾ ਹੋਵੇ ਕਿ ਅਸੀਂ ਪਿਆਰ ਦਿਖਾਈਏ ਅਤੇ ਉਹ ਕਰੀਏ ਜੋ ਦੂਜਿਆਂ ਦੇ ਭਲੇ ਲਈ ਹੋਵੇ ਤੇ ਅਸੀਂ ਆਪਣਾ ਫ਼ਾਇਦਾ ਨਹੀਂ ਸਗੋਂ ਦੂਜਿਆਂ ਦਾ ਫ਼ਾਇਦਾ ਧਿਆਨ ਵਿਚ ਰੱਖੀਏ!—ਮੱਤੀ 7:12; ਯੂਹੰ. 13:34, 35.
8 ਅਸੀਂ “ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਸੰਮੇਲਨ ਵਿਚ ਹਾਜ਼ਰ ਹੋਣ ਲਈ ਬਹੁਤ ਉਤਾਵਲੇ ਹਾਂ। ਕੀ ਤੁਸੀਂ ਹੋਟਲ ਬੁੱਕ ਕਰਨ, ਸਫ਼ਰ ਕਰਨ ਅਤੇ ਬਾਕੀ ਸਾਰੇ ਬੰਦੋਬਸਤ ਕਰ ਲਏ ਹਨ? ਆਓ ਆਪਾਂ ਸਾਰੇ ਹੋਟਲਾਂ ਅਤੇ ਸੰਮੇਲਨ ਵਾਲੇ ਸ਼ਹਿਰਾਂ ਵਿਚ ਆਪਣੇ ਚੰਗੇ ਚਾਲ-ਚਲਣ ਤੋਂ ਆਪਣੇ ਦਿਲਾਂ ਵਿਚਲੀ ਸੱਚਾਈ ਅਤੇ ਆਪਣੇ ਸ੍ਰਿਸ਼ਟੀਕਰਤਾ ਲਈ ਆਪਣੇ ਪਿਆਰ ਨੂੰ ਦਿਖਾਈਏ।