ਬਾਈਬਲ ਉੱਤੇ ਜ਼ਿਆਦਾ ਜ਼ੋਰ!
1. ਸ਼ੁਰੂ ਵਿਚ ਪਹਿਰਾਬੁਰਜ ਕਿਨ੍ਹਾਂ ਲਈ ਛਪਦਾ ਸੀ ਤੇ ਦ ਗੋਲਡਨ ਏਜ ਕਿਨ੍ਹਾਂ ਲਈ?
1 ਦ ਗੋਲਡਨ ਏਜ (ਸੁਨਹਿਰਾ ਯੁੱਗ) ਰਸਾਲੇ ਦਾ ਪਹਿਲਾਂ ਅੰਕ 1 ਅਕਤੂਬਰ 1919 ਵਿਚ ਛਪਿਆ ਸੀ। ਪ੍ਰਚਾਰ ਦੇ ਕੰਮ ਵਿਚ ਇਹ ਬਹੁਤ ਵਧੀਆ ਜ਼ਰੀਆ ਰਿਹਾ। ਕਿਉਂ? ਕਿਉਂਕਿ ਇਹ ਰਸਾਲਾ ਖ਼ਾਸਕਰ ਆਮ ਜਨਤਾ ਲਈ ਤਿਆਰ ਕੀਤਾ ਗਿਆ ਸੀ। ਪਹਿਰਾਬੁਰਜ ਰਸਾਲੇ ਬਾਰੇ ਕਈ ਸਾਲਾਂ ਤਕ ਮੰਨਿਆ ਜਾਂਦਾ ਰਿਹਾ ਕਿ ਇਹ ਖ਼ਾਸਕਰ “ਛੋਟੇ ਝੁੰਡ” ਲਈ ਛਪਦਾ ਸੀ। (ਲੂਕਾ 12:32) ਰਾਜ ਦੇ ਪ੍ਰਚਾਰਕਾਂ ਨੇ ਨਵੇਂ ਰਸਾਲੇ ਦ ਗੋਲਡਨ ਏਜ ਨੂੰ ਵੰਡਣ ਵਿਚ ਇੰਨਾ ਜੋਸ਼ ਦਿਖਾਇਆ ਕਿ ਕਈ ਸਾਲਾਂ ਤਕ ਇਸ ਰਸਾਲੇ ਦੀ ਵੰਡਾਈ ਪਹਿਰਾਬੁਰਜ ਰਸਾਲੇ ਤੋਂ ਕਈ ਗੁਣਾ ਜ਼ਿਆਦਾ ਰਹੀ।
2. ਅੱਜ ਦ ਗੋਲਡਨ ਏਜ ਦਾ ਕੀ ਨਾਂ ਹੈ ਅਤੇ ਸ਼ੁਰੂ ਤੋਂ ਇਸ ਦਾ ਕੀ ਮਕਸਦ ਰਿਹਾ ਹੈ?
2 ਦ ਗੋਲਡਨ ਏਜ ਰਸਾਲਾ ਲੋਕਾਂ ਨੂੰ ਇਹ ਦਿਖਾਉਣ ਲਈ ਛਾਪਿਆ ਜਾਂਦਾ ਸੀ ਕਿ ਮਨੁੱਖਜਾਤੀ ਦੀਆਂ ਸਮੱਸਿਆਵਾਂ ਦਾ ਅਸਲੀ ਹੱਲ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਹੈ ਜੋ ਮਨੁੱਖਜਾਤੀ ਲਈ ਸੁਨਹਿਰਾ ਯੁੱਗ ਲਿਆਵੇਗਾ। ਬਾਅਦ ਦੇ ਸਾਲਾਂ ਵਿਚ ਸਮੇਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਦ ਗੋਲਡਨ ਏਜ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ। ਸਾਲ 1937 ਵਿਚ ਇਸ ਦਾ ਨਾਂ ਬਦਲ ਕੇ ਕੌਨਸੋਲੇਸ਼ਨ (ਦਿਲਾਸਾ) ਰੱਖ ਦਿੱਤਾ ਗਿਆ। ਫਿਰ 1946 ਵਿਚ ਇਹ ਨਾਂ ਬਦਲ ਕੇ ਅਵੇਕ! (ਜਾਗਰੂਕ ਬਣੋ!) ਰੱਖ ਦਿੱਤਾ ਗਿਆ ਜਿਸ ਨਾਂ ਤੋਂ ਇਹ ਅੱਜ ਵੀ ਜਾਣਿਆ ਜਾਂਦਾ ਹੈ।
3. ਜਾਗਰੂਕ ਬਣੋ! ਕਿਸ ਭਵਿੱਖਬਾਣੀ ਦੀ ਪੂਰਤੀ ਵਿਚ ਪ੍ਰਭਾਵਸ਼ਾਲੀ ਜ਼ਰੀਆ ਰਿਹਾ ਹੈ?
3 ਸ਼ੁਰੂ ਤੋਂ ਹੀ ਇਸ ਰਸਾਲੇ ਨੇ ਗਵਾਹੀ ਦੇਣ ਵਿਚ ਕਾਫ਼ੀ ਯੋਗਦਾਨ ਪਾਇਆ ਹੈ ਜੋ 1919 ਤੋਂ ਜ਼ੋਰ-ਸ਼ੋਰ ਨਾਲ ਦਿੱਤੀ ਜਾ ਰਹੀ ਹੈ। (ਮੱਤੀ 24:14) ਫਿਰ ਵੀ ਸਾਡੇ ਸਮਿਆਂ ਨੂੰ ਧਿਆਨ ਵਿਚ ਰੱਖਦਿਆਂ ਲੱਗਦਾ ਹੈ ਕਿ ਜਾਗਰੂਕ ਬਣੋ! ਵਿਚ ਹੋਰ ਤਬਦੀਲੀਆਂ ਕਰਨੀਆਂ ਚੰਗੀ ਗੱਲ ਹੋਵੇਗੀ।
4. (ੳ) “ਯਹੋਵਾਹ ਦੇ ਕ੍ਰੋਧ ਦੇ ਦਿਨ” ਵਿਚ ਲੁਕਣ ਲਈ ਇਕ ਵਿਅਕਤੀ ਨੂੰ ਕੀ ਕਰਨ ਦੀ ਲੋੜ ਹੈ? (ਅ) ਪਰਕਾਸ਼ ਦੀ ਪੋਥੀ 14:6, 7 ਅਨੁਸਾਰ ‘ਅਕਾਸ਼ ਵਿੱਚ ਉੱਡ ਰਿਹਾ ਦੂਤ’ ਸਾਰਿਆਂ ਨੂੰ ਕੀ ਕਰਨ ਦਾ ਸੱਦਾ ਦਿੰਦਾ ਹੈ?
4 ਲੱਖਾਂ ਹੀ ਲੋਕ ਜਾਗਰੂਕ ਬਣੋ! ਰਸਾਲੇ ਨੂੰ ਖ਼ੁਸ਼ੀ ਨਾਲ ਪੜ੍ਹਦੇ ਹਨ ਕਿਉਂਕਿ ਇਸ ਵਿਚ ਵੱਖੋ-ਵੱਖਰੇ ਵਿਸ਼ਿਆਂ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਇਸੇ ਕਰਕੇ ਹਰ ਸਾਲ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਹੋਣ ਵਾਲੇ ਬਹੁਤ ਸਾਰੇ ਲੋਕ ਬਾਕਾਇਦਾ ਜਾਗਰੂਕ ਬਣੋ! ਪੜ੍ਹਦੇ ਹਨ। ਪਰ ਫਿਰ ਵੀ ਜੇ ਕੋਈ “ਯਹੋਵਾਹ ਦੇ ਕ੍ਰੋਧ ਦੇ ਦਿਨ” ਵਿਚ ਲੁਕਣਾ ਚਾਹੁੰਦਾ ਹੈ, ਤਾਂ ਉਸ ਨੂੰ ਬਾਕਾਇਦਾ ਸਾਡੇ ਪ੍ਰਕਾਸ਼ਨ ਪੜ੍ਹਨ ਤੋਂ ਜ਼ਿਆਦਾ ਕੁਝ ਕਰਨ ਲਈ ਮਦਦ ਦੀ ਲੋੜ ਪਵੇਗੀ।—ਸਫ਼. 2:3; ਪਰ. 14:6, 7.
5. (ੳ) ਜਨਵਰੀ 2006 ਤੋਂ ਜਾਗਰੂਕ ਬਣੋ! ਵਿਚ ਕਿਸ ਗੱਲ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ? (ਅ) ਬਹੁਤ ਸਾਰੇ ਲੋਕ ਸ਼ਾਇਦ ਕੀ ਕਰਨ ਲਈ ਪ੍ਰੇਰਿਤ ਹੋਣਗੇ ਅਤੇ ਇਸ ਨਾਲ ਕਿਹੜੀ ਭਵਿੱਖਬਾਣੀ ਪੂਰੀ ਹੋਵੇਗੀ?
5 ਇਸ ਲੋੜ ਨੂੰ ਮੱਦੇ-ਨਜ਼ਰ ਰੱਖਦੇ ਹੋਏ ਜਨਵਰੀ 2006 ਤੋਂ ਜਾਗਰੂਕ ਬਣੋ! ਰਸਾਲੇ ਵਿਚ ਪਰਮੇਸ਼ੁਰ ਦੇ ਰਾਜ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ। ਇਹ ਪਾਠਕਾਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰੇਗਾ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਬਾਈਬਲ ਦੀ ਸਲਾਹ ਲੈਣ। ਨਾਲੇ ਇਹ ਮੌਜੂਦਾ ਘਟਨਾਵਾਂ ਦੇ ਸੰਬੰਧ ਵਿਚ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਜ਼ਿਆਦਾ ਜ਼ੋਰ ਦੇਵੇਗਾ। ਇਸ ਤਰ੍ਹਾਂ ਪਾਠਕਾਂ ਨੂੰ ਵਾਪਰ ਰਹੀਆਂ ਘਟਨਾਵਾਂ ਦੀ ਬਿਹਤਰ ਸਮਝ ਹਾਸਲ ਹੋਵੇਗੀ ਤੇ ਸ਼ਾਇਦ ਉਹ ਪੜ੍ਹੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਯਹੋਵਾਹ ਬਾਰੇ ਹੋਰ ਜ਼ਿਆਦਾ ਸਿੱਖਣ ਲਈ ਪ੍ਰੇਰਿਤ ਹੋਣ।—ਜ਼ਕ. 8:23.
6, 7. (ੳ) ਜਾਗਰੂਕ ਬਣੋ! 1 ਥੱਸਲੁਨੀਕੀਆਂ 2:13 ਤੇ ਚੱਲਣ ਵਿਚ ਕਈਆਂ ਦੀ ਕਿਵੇਂ ਮਦਦ ਕਰੇਗਾ? (ਅ) ਜਾਗਰੂਕ ਬਣੋ! ਮਹੀਨੇ ਵਿਚ ਕਿੰਨੀ ਵਾਰ ਛਪਿਆ ਕਰੇਗਾ ਅਤੇ ਇਸ ਤਬਦੀਲੀ ਨਾਲ ਕਿੰਨੀਆਂ ਭਾਸ਼ਾਵਾਂ ਪ੍ਰਭਾਵਿਤ ਹੋਣਗੀਆਂ?
6 ਜਾਗਰੂਕ ਬਣੋ! ਵਿਚ ਆਮ ਲੋਕਾਂ ਦੀ ਦਿਲਚਸਪੀ ਦੇ ਵਿਸ਼ੇ ਛਪਦੇ ਰਹਿਣਗੇ। ਪਰ ਬਾਈਬਲ ਉੱਤੇ ਪਹਿਲਾਂ ਨਾਲੋਂ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ। (1 ਥੱਸ. 2:13) ਕਿਉਂਕਿ ਪਹਿਰਾਬੁਰਜ ਬਾਈਬਲ ਦੀ ਜਾਣਕਾਰੀ ਨਾਲ ਭਰਿਆ ਹੁੰਦਾ ਹੈ ਅਤੇ ਜਾਗਰੂਕ ਬਣੋ! ਵਿਚ ਵੀ ਬਾਈਬਲ ਦੀ ਜਾਣਕਾਰੀ ਦਿੱਤੀ ਜਾਵੇਗੀ, ਇਸ ਲਈ ਜਾਗਰੂਕ ਬਣੋ! ਰਸਾਲਾ ਮਹੀਨੇ ਵਿਚ ਦੋ ਵਾਰ ਛਾਪਿਆ ਜਾਣਾ ਜ਼ਰੂਰੀ ਨਹੀਂ ਲੱਗਦਾ। ਇਸ ਕਰਕੇ ਜਨਵਰੀ 2006 ਦੇ ਅੰਕ ਤੋਂ ਜਾਗਰੂਕ ਬਣੋ! ਮਹੀਨੇ ਵਿਚ ਇਕ ਵਾਰ ਛਪਿਆ ਕਰੇਗਾ। ਇਸ ਨਾਲ ਰਸਾਲੇ ਦੀ ਤਿਆਰੀ, ਅਨੁਵਾਦ ਕਰਨ ਅਤੇ ਅਲੱਗ-ਅਲੱਗ ਥਾਵਾਂ ਤੇ ਭੇਜਣ ਵਿਚ ਘੱਟ ਸਮਾਂ ਲੱਗੇਗਾ।
7 ਇਹ ਤਬਦੀਲੀ 40 ਫੀ ਸਦੀ ਭਾਸ਼ਾਵਾਂ ਨੂੰ ਪ੍ਰਭਾਵਿਤ ਕਰੇਗੀ ਜਿਨ੍ਹਾਂ ਵਿਚ ਜਾਗਰੂਕ ਬਣੋ! ਮਹੀਨੇ ਵਿਚ ਦੋ ਵਾਰ ਛਪਦਾ ਹੈ। ਜ਼ਿਆਦਾਤਰ ਭਾਸ਼ਾਵਾਂ ਵਿਚ ਇਹ ਰਸਾਲਾ ਪਹਿਲਾਂ ਹੀ ਮਾਸਿਕ ਜਾਂ ਤਿੰਨ ਮਹੀਨਿਆਂ ਵਿਚ ਇਕ ਵਾਰ ਛਪਦਾ ਹੈ। ਪਹਿਰਾਬੁਰਜ ਰਸਾਲੇ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ।
8. ਪ੍ਰਕਾਸ਼ਕ ਜਾਗਰੂਕ ਬਣੋ! ਨੂੰ ਪਹਿਰਾਬੁਰਜ ਰਸਾਲੇ ਨਾਲ ਕਿਵੇਂ ਵੰਡ ਸਕਦੇ ਹਨ?
8 ਪ੍ਰਕਾਸ਼ਕ ਹਰ ਮਹੀਨੇ ਜਾਗਰੂਕ ਬਣੋ! ਰਸਾਲੇ ਨਾਲ ਉਸ ਮਹੀਨੇ ਦਾ ਕੋਈ ਵੀ ਪਹਿਰਾਬੁਰਜ ਰਸਾਲਾ ਪੇਸ਼ ਕਰ ਸਕਦੇ ਹਨ। ਸਾਰੇ ਪ੍ਰਕਾਸ਼ਕ ਮਹੀਨੇ ਦੌਰਾਨ ਲੋਕਾਂ ਨੂੰ ਉਸੇ ਮਹੀਨੇ ਦਾ ਇੱਕੋ ਅੰਕ ਦੇ ਸਕਣਗੇ ਤੇ ਉਨ੍ਹਾਂ ਨੂੰ ਮਹੀਨੇ ਦੇ ਅੱਧ ਵਿਚ ਆਪਣੀ ਪੇਸ਼ਕਾਰੀ ਨਹੀਂ ਬਦਲਣੀ ਪਵੇਗੀ ਜਿੱਦਾਂ ਹੁਣ ਬਦਲਣੀ ਪੈਂਦੀ ਹੈ।
9. ਜਾਗਰੂਕ ਬਣੋ! ਕੀ ਭੂਮਿਕਾ ਨਿਭਾਉਂਦਾ ਰਹੇਗਾ?
9 ਸਾਲ 1919 ਵਿਚ ਪਹਿਲੇ ਅੰਕ ਤੋਂ ਹੀ ਦ ਗੋਲਡਨ ਏਜ, ਕੌਨਸੋਲੇਸ਼ਨ ਅਤੇ ਹੁਣ ਜਾਗਰੂਕ ਬਣੋ! ਨਾਂ ਨਾਲ ਜਾਣੇ ਜਾਂਦੇ ਰਸਾਲੇ ਨੇ ਪ੍ਰਚਾਰ ਦੇ ਕੰਮ ਵਿਚ ਵੱਡਾ ਹਿੱਸਾ ਪਾਇਆ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ ਇਸ ਰਸਾਲੇ ਦੀ ਵੰਡਾਈ ਤੇ ਬਰਕਤ ਪਾਉਂਦਾ ਰਹੇ ਅਤੇ ਮਨੁੱਖਜਾਤੀ ਲਈ ਇੱਕੋ-ਇਕ ਉਮੀਦ ਪਰਮੇਸ਼ੁਰ ਦੇ ਰਾਜ ਬਾਰੇ ਜਾਣਨ ਵਿਚ ‘ਹਰੇਕ ਕੌਮ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ’ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰੇ।—ਪਰ. 7:9.