ਪ੍ਰਚਾਰ ਦੇ ਸਮੇਂ ਦਾ ਵਧੀਆ ਇਸਤੇਮਾਲ ਕਰੋ
1 ਅਜੇ ਬਹੁਤ ਸਾਰਾ ਪ੍ਰਚਾਰ ਦਾ ਕੰਮ ਕਰਨ ਵਾਲਾ ਪਿਆ ਹੈ, ਪਰ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ। (ਯੂਹੰ. 4:35; 1 ਕੁਰਿੰ. 7:29) ਪਹਿਲਾਂ ਤੋਂ ਚੰਗੀ ਤਿਆਰੀ ਕਰ ਕੇ ਅਸੀਂ ਪ੍ਰਚਾਰ ਵਿਚ ਆਪਣੇ ਸਮੇਂ ਨੂੰ ਪੂਰੀ ਤਰ੍ਹਾਂ ਵਰਤ ਸਕਦੇ ਹਾਂ।
2 ਤਿਆਰੀ ਕਰੋ: ਖੇਤਰ ਸੇਵਾ ਲਈ ਰੱਖੀ ਮੀਟਿੰਗ ਵਿਚ ਜਾਣ ਤੋਂ ਪਹਿਲਾਂ ਦੇਖ ਲਓ ਕਿ ਤੁਹਾਡੇ ਕੋਲ ਵੰਡਣ ਲਈ ਸਾਹਿੱਤ ਹੈ ਅਤੇ ਤੁਸੀਂ ਇਸ ਸਾਹਿੱਤ ਨੂੰ ਕਿਵੇਂ ਪੇਸ਼ ਕਰੋਗੇ। ਸਭਾ ਤੋਂ ਬਾਅਦ ਤੁਰੰਤ ਪ੍ਰਚਾਰ ਕਰਨ ਚਲੇ ਜਾਓ। ਇਸ ਤਰ੍ਹਾਂ ਤੁਸੀਂ ਤੇ ਤੁਹਾਡੇ ਨਾਲ ਦੇ ਹੋਰ ਪਬਲੀਸ਼ਰ ਆਪਣੇ ਸਮੇਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਵਰਤ ਸਕੋਗੇ।
3 ਜੇ ਤੁਸੀਂ ਖੇਤਰ ਸੇਵਾ ਲਈ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰੋਗੇ, ਤਾਂ ਮੀਟਿੰਗ ਸਮੇਂ ਸਿਰ ਸ਼ੁਰੂ ਕਰੋ। ਮੀਟਿੰਗ ਛੋਟੀ ਰੱਖੋ, 10-15 ਮਿੰਟ ਤੋਂ ਲੰਬੀ ਨਹੀਂ। ਗਰੁੱਪ ਨੂੰ ਘੱਲਣ ਤੋਂ ਪਹਿਲਾਂ ਸਾਰਿਆਂ ਨੂੰ ਦੱਸ ਦਿਓ ਕਿ ਕੌਣ ਕਿਹਦੇ ਨਾਲ ਕਿੱਥੇ ਪ੍ਰਚਾਰ ਕਰੇਗਾ।
4 ਪ੍ਰਚਾਰ ਕਰਦੇ ਸਮੇਂ: ਮੀਟਿੰਗ ਖ਼ਤਮ ਹੋਣ ਤੋਂ ਬਾਅਦ ਉੱਥੇ ਹੀ ਨਾ ਬੈਠੇ ਰਹੋ, ਸਗੋਂ ਤੁਰੰਤ ਆਪਣੇ ਇਲਾਕੇ ਵਿਚ ਚਲੇ ਜਾਓ। ਜੇ ਤੁਸੀਂ ਜਲਦੀ ਪ੍ਰਚਾਰ ਖ਼ਤਮ ਕਰਨਾ ਹੈ, ਤਾਂ ਤੁਸੀਂ ਆਪਣੇ ਪਾਰਟਨਰ ਨੂੰ ਪਹਿਲਾਂ ਹੀ ਦੱਸ ਦਿਓ ਤਾਂਕਿ ਉਹ ਕਿਸੇ ਹੋਰ ਪਬਲੀਸ਼ਰ ਨਾਲ ਪ੍ਰਚਾਰ ਕਰਨਾ ਜਾਰੀ ਰੱਖ ਸਕੇ। ਜੇਕਰ ਤੁਸੀਂ ਪ੍ਰਚਾਰ ਖ਼ਤਮ ਕਰਨ ਤੋਂ ਬਾਅਦ ਦੂਸਰਿਆਂ ਨਾਲ ਘਰ ਜਾਣ ਦਾ ਬੰਦੋਬਸਤ ਕੀਤਾ ਹੈ, ਤਾਂ ਆਖ਼ਰੀ ਘਰ ਵਿਚ ਪ੍ਰਚਾਰ ਕਰਦੇ ਵੇਲੇ ਸਮੇਂ ਦਾ ਧਿਆਨ ਰੱਖੋ। ਦੂਸਰਿਆਂ ਨੂੰ ਦੇਰੀ ਨਾ ਹੋਵੇ, ਇਸ ਲਈ ਤੁਹਾਨੂੰ ਸ਼ਾਇਦ ਬਹਿਸ ਕਰ ਰਹੇ ਵਿਅਕਤੀ ਨਾਲ ਸਮਝਦਾਰੀ ਨਾਲ ਗੱਲ ਖ਼ਤਮ ਕਰਨੀ ਪਵੇ ਜਾਂ ਫਿਰ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰਨਾ ਪਵੇ।—ਮੱਤੀ 10:11.
5 ਜੇ ਪਬਲੀਸ਼ਰ ਇਕ ਇਲਾਕੇ ਵਿਚ ਸਾਰੀਆਂ ਪੁਨਰ-ਮੁਲਾਕਾਤਾਂ ਕਰ ਕੇ ਅਗਲੇ ਇਲਾਕੇ ਨੂੰ ਜਾਣ, ਤਾਂ ਇਸ ਨਾਲ ਵਾਰ-ਵਾਰ ਅੱਗੇ-ਪਿੱਛੇ ਜਾਣ ਵਿਚ ਸਮਾਂ ਬਰਬਾਦ ਨਹੀਂ ਹੋਵੇਗਾ। ਹੋ ਸਕੇ, ਤਾਂ ਪਹਿਲਾਂ ਹੀ ਫ਼ੋਨ ਤੇ ਪੁੱਛ ਲਓ ਕਿ ਵਿਅਕਤੀ ਘਰ ਹੋਵੇਗਾ ਜਾਂ ਨਹੀਂ। (ਕਹਾ. 21:5) ਜੇ ਤੁਹਾਨੂੰ ਲੱਗਦਾ ਹੈ ਕਿ ਉਸ ਵਿਅਕਤੀ ਨਾਲ ਤੁਹਾਡੀ ਲੰਬੀ ਗੱਲਬਾਤ ਚੱਲੇਗੀ, ਤਾਂ ਤੁਹਾਨੂੰ ਉਸ ਪਬਲੀਸ਼ਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜਿਸ ਨਾਲ ਤੁਸੀਂ ਆਪਣੀ ਅਗਲੀ ਪੁਨਰ-ਮੁਲਾਕਾਤ ਜਾਂ ਸਟੱਡੀ ਤੇ ਜਾਣ ਦਾ ਪ੍ਰੋਗ੍ਰਾਮ ਬਣਾਇਆ ਹੈ। ਉਸ ਦਾ ਸਮਾਂ ਬਰਬਾਦ ਨਾ ਹੋਵੇ, ਇਸ ਲਈ ਤੁਸੀਂ ਉਸ ਨੂੰ ਨੇੜੇ-ਤੇੜੇ ਕੋਈ ਪੁਨਰ-ਮੁਲਾਕਾਤ ਕਰਨ ਜਾਂ ਪ੍ਰਚਾਰ ਕਰਨ ਲਈ ਕਹਿ ਸਕਦੇ ਹੋ।
6 ਸਾਡੇ ਸਮੇਂ ਵਿਚ ਅਧਿਆਤਮਿਕ ਵਾਢੀ ਵੱਡੇ ਪੱਧਰ ਤੇ ਹੋ ਰਹੀ ਹੈ। (ਮੱਤੀ 9:37, 38) ਜਲਦੀ ਹੀ ਇਹ ਕੰਮ ਖ਼ਤਮ ਹੋ ਜਾਵੇਗਾ। ਇਸ ਲਈ ਆਓ ਆਪਾਂ ਪ੍ਰਚਾਰ ਕਰਦਿਆਂ ਆਪਣੇ ਸਮੇਂ ਨੂੰ ਵਧੀਆ ਤਰੀਕੇ ਨਾਲ ਵਰਤੀਏ।